ਸੂਲੀ ’ਤੇ ਚੜ੍ਹਾਉਣ ਦੀ ਸਜ਼ਾ ਕਿੱਥੇ ਤੇ ਕਿਵੇਂ ਸ਼ੁਰੂ ਹੋਈ

ਕ੍ਰੌਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੂਲੀ ਉੱਤੇ ਲਟਕਾਏ ਜਾਣ ਵਾਲਿਆਂ ਦਾ ਸ਼ਰੀਰ ਸਾਹ ਘੁਟਣ, ਖ਼ੂਨ ਅਤੇ ਪਾਣੀ ਦੀ ਕਮੀ ਹੋਣ ਅਤੇ ਅੰਗਾਂ ਦੇ ਵਾਰੋ-ਵਾਰੀ ਕੰਮ ਕਰਨਾ ਬੰਦ ਕਰਨ ਨਾਲ ਹੁੰਦੀ ਸੀ
    • ਲੇਖਕ, ਮਾਰਗਰੀਟਾ ਰੋਡ੍ਰਿਗਜ਼
    • ਰੋਲ, ਬੀਬੀਸੀ ਨਿਊਜ਼ ਮੁੰਡੋ

ਸੂਲੀ ਉੱਤੇ ਚੜ੍ਹਾ ਕੇ ਮਾਰੇ ਜਾਣ ਵਾਲਿਆਂ ਵਿੱਚ ਈਸਾ ਮਸੀਹ ਯਾਨੀ ਯੀਸ਼ੁ ਸਭ ਤੋਂ ਚਰਚਿਤ ਲੋਕਾਂ ਵਿੱਚ ਰਹੇ। ਪਰ ਮੌਤ ਦੀ ਸਜ਼ਾ ਦੇਣ ਦਾ ਇਹ ਭਿਆਨਕ ਤਰੀਕਾ ਉਨ੍ਹਾਂ ਦੇ ਜਨਮ ਤੋਂ ਵੀ ਕਈ ਸਦੀਆਂ ਪਹਿਲਾਂ ਤੋਂ ਪ੍ਰਚਲਿਤ ਸੀ।

ਦੱਖਣੀ ਅਫ਼ਰੀਕਾ ਦੀ ਯੂਨੀਵਰਸਿਟੀ ਆਫ਼ ਫ੍ਰੀ ਸਟੇਟ ਦੇ ਰਿਸਰਚ ਫ਼ੈਲੋ ਅਤੇ ਲੇਖਕ ਲੁਇਸ ਸਿਲਿਯਰਸ ਅਨੁਸਾਰ, ‘‘ਪ੍ਰਾਚੀਨ ਕਾਲ ਵਿੱਚ ਕਿਸੇ ਨੂੰ ਮੌਤ ਦੀ ਸਜ਼ਾ ਦੇਣ ਦੇ ਤਿੰਨ ਸਭ ਤੋਂ ਬੇਰਹਿਮ ਤਰੀਕਿਆਂ ਵਿੱਚ ਸੂਲੀ ਉੱਤੇ ਚੜ੍ਹਾਉਣਾ ਸਭ ਤੋਂ ਖ਼ਰਾਬ ਮੰਨਿਆ ਜਾਂਦਾ ਸੀ।’’

ਉਨ੍ਹਾਂ ਮੁਤਾਬਕ, ਸਾੜ ਕੇ ਮਾਰਨਾ ਅਤੇ ਸਿਰ ਵੱਢਣਾ ਮੌਤ ਦੀ ਸਜ਼ਾ ਦੇ ਦੋ ਹੋਰ ਤਰੀਕੇ ਸਨ।

ਸਪੇਨ ਦੀ ਨਵਾਰਾ ਯੂਨੀਵਰਸਿਟੀ ਦੇ ਧਰਮ ਸ਼ਾਸਤਰ ਦੇ ਅਸੋਸੀਏਟ ਪ੍ਰੋਫ਼ੈਸਰ ਡਿਏਗੋ ਪੇਰੇਜ਼ ਗੋਂਡਾਰ ਕਹਿੰਦੇ ਹਨ, ‘‘ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਪੂਰਣ ਬੇਰਹਿਮੀ ਅਤੇ ਤਮਾਸ਼ੇ ਦਾ ਇਹ ਮਿਲਿਆ-ਜੁਲਿਆ ਤਰੀਕਾ ਸੀ।’’

ਕਈ ਮਾਮਲਿਆਂ ਵਿੱਚ ਤਾਂ ਪੀੜਤ ਦੀ ਮੌਤ ਕਿਸੇ ਚੁਰਾਹੇ ’ਤੇ ਸੂਲੀ ਉੱਤੇ ਚੜ੍ਹਣ ਦੇ ਕਈ ਦਿਨਾਂ ਬਾਅਦ ਹੁੰਦੀ ਸੀ। ਸੂਲੀ ਉੱਤੇ ਲਟਕਾਏ ਜਾਣ ਵਾਲਿਆਂ ਦਾ ਸ਼ਰੀਰ ਸਾਹ ਘੁਟਣ, ਖ਼ੂਨ ਅਤੇ ਪਾਣੀ ਦੀ ਕਮੀ ਹੋਣ ਅਤੇ ਅੰਗਾਂ ਦੇ ਵਾਰੋ-ਵਾਰੀ ਕੰਮ ਕਰਨਾ ਬੰਦ ਕਰਨ ਨਾਲ ਹੁੰਦੀ ਸੀ।

ਆਓ ਜਾਣਦੇ ਹਾਂ ਕਿ ਸੂਲੀ ਉੱਤੇ ਲਟਕਾਉਣ ਦੀ ਸਜ਼ਾ ਸਭ ਤੋਂ ਪਹਿਲਾਂ ਕਿੱਥੇ ਅਤੇ ਕਿਵੇਂ ਸ਼ੁਰੂ ਹੋਈ?

ਈਸਾ ਦੇ 500 ਸਾਲ ਪਹਿਲਾਂ ਸ਼ੁਰੂ ਹੋਈ ਇਹ ਸਜ਼ਾ

ਈਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾ. ਸਿਲਿਅਰਸ ਇਹ ਵੀ ਮੰਨਦੇ ਹਨ ਕਿ ਮੌਤ ਦੀ ਸਜ਼ਾ ਦੇਣ ਦੀ ਇਹ ਵਿਧੀ ਈਸਾ ਪੂਰਬ ਦੀ 6ਵੀਂ ਸਦੀ ਵਿੱਚ ਫ਼ਾਰਸੀ ਲੋਕਾਂ ਵਿਚਾਲੇ ਕਾਫ਼ੀ ਮਸ਼ਹੂਰ ਸੀ

ਡਾਕਟਰ ਸਿਲਿਯਰਸ ਦਾ ਮੰਨਣਾ ਹੈ ਕਿ ਸੂਲੀ ਉੱਤੇ ਚੜ੍ਹਾਉਣ ਦੀ ਸ਼ੁਰੂਆਤ ਸ਼ਾਇਦ ਅਸੀਰਿਯਾ ਅਤੇ ਬੇਬੀਲੋਨ ਵਿੱਚ ਹੋਈ ਸੀ। ਦੁਨੀਆਂ ਦੀ ਇਹ ਦੋ ਮਹਾਨ ਸੱਭਿਅਤਾਵਾਂ ਅੱਜ ਦੇ ਪੱਛਮ ਏਸ਼ੀਆ ਵਿੱਚ ਅੱਗੇ ਵਧੀਆਂ ਸਨ।

ਡਾ. ਸਿਲਿਅਰਸ ਇਹ ਵੀ ਮੰਨਦੇ ਹਨ ਕਿ ਮੌਤ ਦੀ ਸਜ਼ਾ ਦੇਣ ਦੀ ਇਹ ਵਿਧੀ ਈਸਾ ਪੂਰਬ ਦੀ 6ਵੀਂ ਸਦੀ ਵਿੱਚ ਫ਼ਾਰਸੀ ਲੋਕਾਂ ਵਿਚਾਲੇ ਕਾਫ਼ੀ ਮਸ਼ਹੂਰ ਸੀ।

ਉਧਰ ਪ੍ਰੋਫ਼ੈਸਰ ਪੇਰੇਜ਼ ਦੱਸਦੇ ਹਨ ਕਿ ਇਸ ਬਾਰੇ ਅਜੇ ਤੱਕ ਉਪਲਬਧ ਸਭ ਤੋਂ ਪੁਰਾਣੀ ਜਾਣਕਾਰੀ ਅਸੀਰਿਯਾਈ ਲੋਕਾਂ ਦੇ ਮਹਿਲਾਂ ਉੱਤੇ ਬਣਾਏ ਗਏ ਚਿੱਤਰਾਂ ਨਾਲ ਮਿਲਦੀ ਹੈ।

2003 ਵਿੱਚ ਡਾਕਟਰ ਸਿਲਿਯਰਸ ਨੇ ਸਾਊਥ ਅਫਰੀਕਨ ਮੈਡੀਕਲ ਜਰਨਲ ਵਿੱਚ ਇੱਕ ਲੇਖ ਛਾਪਿਆ। ਕਿਸੇ ਦੇ ਨਾਲ ਮਿਲ ਕੇ ਲਿਖਿਆ ਗਿਆ ਇਹ ਲੇਖ ਸੂਲੀ ਉੱਤੇ ਚੜ੍ਹਾਉਣ ਦੇ ਇਤਿਹਾਸ ਬਾਰੇ ਸੀ।

ਉਨ੍ਹਾਂ ਨੇ ਇਸ ਲੇਖ ਵਿੱਚ ਦੱਸਿਆ ਕਿ ਫ਼ਾਰਸੀ ਲੋਕ ਕ੍ਰੌਸ ਦੀ ਥਾਂ ਦਰਖ਼ਤਾਂ ਜਾਂ ਖੰਭਿਆਂ ਉੱਤੇ ਲੋਕਾਂ ਨੂੰ ਸੂਲੀ ਉੱਤੇ ਚੜ੍ਹਾਉਂਦੇ ਸਨ।

ਪ੍ਰੋਫ਼ੈਸਰ ਪੇਰੇਜ਼ ਮੁਤਾਬਕ, ‘‘ਦੋਸ਼ੀ ਵਿਅਕਤੀ ਦਾ ਮਖੌਲ ਉਡਾਉਣ ਦੇ ਨਾਲ ਮੌਤ ਦੀ ਬੇਰਹਿਮ ਸਜ਼ਾ ਦੇਣ ਲਈ ਇਸ ਤਰੀਕੇ ਦੀ ਵਰਤੋਂ ਹੁੰਦੀ ਸੀ। ਇਸ ਦੇ ਲਈ ਉਨ੍ਹਾਂ ਨੂੰ ਦਰਖ਼ਤ ਨਾਲ ਲਟਕਾ ਦਿੱਤਾ ਜਾਂਦਾ ਸੀ ਤਾਂ ਜੋ ਸਾਹ ਘੁਟਣ ਅਤੇ ਥਕਾਵਟ ਨਾਲ ਉਹ ਮਰ ਜਾਣ।’’

ਲਾਈਨ

ਇਹ ਵੀ ਪੜ੍ਹੋ:

ਲਾਈਨ

ਸੂਲੀ ਉੱਤੇ ਟੰਗਣ ਦੀ ਸਜ਼ਾ ਦਾ ਵਿਸਥਾਰ

ਸਿਕੰਦਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿਕੰਦਰ ਦੇ ਉੱਤਰਾਧਿਕਾਰੀਆਂ ਨੇ ਸਿਮਰ ਅਤੇ ਸੀਰੀਆ ਦੇ ਨਾਲ-ਨਾਲ ਫੋਨੀਸ਼ਿਯਾ ਵੱਲੋਂ ਸਥਾਪਿਤ ਉੱਤਰੀ ਅਫ਼ਰੀਕਾ ਦੇ ਮਹਾਨ ਸ਼ਹਿਰ ਕਾਰਥੇਜ ਦੇ ਲੋਕਾਂ ਨੂੰ ਸੂਲੀ ਉੱਤੇ ਲਟਕਾਉਣ ਦੀ ਸਜ਼ਾ ਦਿੱਤੀ

ਈਸਾ ਪੂਰਵ ਚੌਥੀ ਸਦੀ ਵਿੱਚ ਸਿਕੰਦਰ ਮਹਾਨ ਨੇ ਪੂਰਬੀ ਭੂਮੱਧ ਸਾਗਰ ਦੇ ਕੰਢੇ ਵਸੇ ਦੇਸ਼ਾਂ ਲਈ ਇਸ ਸਜ਼ਾ ਦੀ ਚੋਣ ਕੀਤੀ ਸੀ।

ਡਾਕਟਰ ਸਿਲਿਯਰਸ ਕਹਿੰਦੇ ਹਨ, ‘‘ਸਿਕੰਦਰ ਅਤੇ ਉਨ੍ਹਾਂ ਦੇ ਫੌਜੀਆਂ ਨੇ ਸੋਰ ਸ਼ਹਿਰ (ਅੱਜੇ ਲੇਬਨਾਨ ਵਿੱਚ) ਨੂੰ ਘੇਰ ਲਿਆ ਸੀ, ਜੋ ਭੇਦਿਆ ਨਹੀਂ ਜਾ ਸਕਦਾ ਸੀ। ਉਹ ਜਦੋਂ ਸ਼ਹਿਰ ਦੇ ਅੰਦਰ ਆਏ ਤਾਂ ਉਨ੍ਹਾਂ ਨੇ ਉੱਥੇ ਲਗਭਗ 2,000 ਨਾਗਰਿਕਾਂ ਨੂੰ ਸੂਲੀ ਉੱਤੇ ਟੰਗ ਦਿੱਤਾ।’’

ਸਿਕੰਦਰ ਦੇ ਉੱਤਰਾਧਿਕਾਰੀਆਂ ਨੇ ਸਿਮਰ ਅਤੇ ਸੀਰੀਆ ਦੇ ਨਾਲ-ਨਾਲ ਫੋਨੀਸ਼ਿਯਾ ਵੱਲੋਂ ਸਥਾਪਿਤ ਉੱਤਰੀ ਅਫ਼ਰੀਕਾ ਦੇ ਮਹਾਨ ਸ਼ਹਿਰ ਕਾਰਥੇਜ ਦੇ ਲੋਕਾਂ ਨੂੰ ਸੂਲੀ ਉੱਤੇ ਲਟਕਾਉਣ ਦੀ ਸਜ਼ਾ ਦਿੱਤੀ।

ਉਨ੍ਹਾਂ ਮੁਤਾਬਕ, ਪੂਨਿਕ ਦੀ ਲੜਾਈ (264-146 ਈਸਾ ਪੂਰਬ) ਦੌਰਾਨ, ਰੋਮ ਦੇ ਲੋਕਾਂ ਨੇ ਇਸ ਤਰੀਕੇ ਨੂੰ ਸਿੱਖਿਆ ਅਤੇ 500 ਸਾਲਾਂ ਤੱਕ ਇਸ ਨੂੰ ਪ੍ਰਚਲਿਤ ਰੱਖਿਆ।

ਉਹ ਕਹਿੰਦੇ ਹਨ, ‘‘ਰੋਮ ਦੇ ਦਿੱਗਜ ਜਿੱਥੇ ਵੀ ਗਏ, ਸੂਲੀ ਉੱਤੇ ਚੜ੍ਹਾਉਣ ਦੀ ਸਜ਼ਾ ਦਿੰਦੇ ਰਹੇ।’’

ਇਸ ਤੋਂ ਇਲਾਵਾ, ਸਜ਼ਾ ਦਾ ਇਹ ਤਰੀਕਾ ਉਨ੍ਹਾਂ ਥਾਂਵਾਂ ਉੱਤੇ ਵੀ ਪ੍ਰਚਲਿਤ ਹੋ ਗਿਆ ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਇਹ ਸਜ਼ਾ ਦਿੱਤੀ ਸੀ।

ਈਸਾ

ਤਸਵੀਰ ਸਰੋਤ, Getty Images

9ਵੀਂ ਈਸਵੀ ਵਿੱਚ ਜਰਮਨੀ ਦੇ ਜਨਰਲ ਆਰਮਿਨਿਯਸ ਨੇ ਟਯੁਟੋਬਰਗ ਫੌਰੇਸਟ ਦੀ ਲੜਾਈ ਵਿੱਚ ਆਪਣੀ ਜਿੱਤ ਤੋਂ ਬਾਅਦ ਰੋਮ ਦੇ ਫੌਜੀਆਂ ਨੂੰ ਸੂਲੀ ਉੱਤੇ ਚੜ੍ਹਾਉਣ ਦਾ ਹੁਕਮ ਦਿੱਤਾ।

60 ਈਸਵੀ ਵਿੱਚ ਇਕੇਨੀ ਨਾਮ ਦੀ ਬਰਤਾਨਵੀ ਜਨਜਾਤੀ ਦੀ ਰਾਣੀ ਬੌਦਿਕਾਕਾ ਨੇ ਹਮਲਾ ਕਰਨ ਵਾਸਤੇ ਰੋਮ ਦੇ ਲੋਕਾਂ ਖਿਲਾਫ਼ ਬਹੁਤ ਵੱਡੇ ਵਿਦਰੋਹ ਦੀ ਅਗਵਾਈ ਕੀਤੀ। ਉਨ੍ਹਾਂ ਨੇ ਰੋਮ ਦੇ ਕਈ ਸੇਨਾਪਤੀਆਂ ਨੂੰ ਸੂਲੀ ਉੱਤੇ ਚੜ੍ਹਾ ਦਿੱਤਾ।

ਪਵਿੱਤਰ ਭੂਮੀ

ਪ੍ਰਾਚੀਨ ਇਜ਼ਰਾਇਲ ਵਿੱਚ ਰੋਮ ਦੇ ਲੋਕਾਂ ਦੇ ਆਉਣ ਤੋਂ ਪਹਿਲਾਂ ਤੋਂ ਹੀ ਇਹ ਸਜ਼ਾ ਦਿੱਤੀ ਜਾ ਰਹੀ ਸੀ।

ਪ੍ਰੋਫ਼ੈਸਰ ਪੇਰੇਜ਼ ਕਹਿੰਦੇ ਹਨ, ‘‘ਸਾਡੇ ਕੋਲ ਅਜਿਹੇ ਸਰੋਤ ਹਨ ਜੋ ਪਵਿੱਤਰ ਭੂਮੀ ਉੱਤੇ ਰੋਮ ਦੇ ਲੋਕਾਂ ਦੀ ਜਿੱਤ ਤੋਂ ਪਹਿਲਾਂ ਸੂਲੀ ਉੱਤੇ ਚੜ੍ਹਣ ਦੀ ਗੱਲ ਕਰਦੇ ਹਨ।’’

ਅਜਿਹੇ ਲੋਕਾਂ ਵਿੱਚੋਂ ਇੱਕ ਰੋਮਨ-ਯਹੂਦੀ ਇਤਿਹਾਸਕਾਰ, ਆਗੂ ਅਤੇ ਫੌਜੀ ਫਲੇਵਿਯਸ ਜੋਸੇਫ਼ਸ ਹਨ। ਉਨ੍ਹਾਂ ਦਾ ਜਨਮ ਪਹਿਲੀ ਸਦੀ ਵਿੱਚ ਯਰੂਸ਼ਲਮ ਵਿੱਚ ਹੋਇਆ ਸੀ।

ਅਲੈਕਜੈਂਡਰ ਜੈਨਿਯਸ (125 ਈਸਾ ਪੂਰਵ – 76 ਈਸਾ ਪੂਰਵ) ਦੇ ਸ਼ਾਸਨਕਾਲ ਦੇ ਬਿਓਰੇ ਵਿੱਚ ਉਨ੍ਹਾਂ ਨੇ 88 ਈਸਾ ਪੂਰਵ ਵਿੱਚ ਲਗਭਗ 800 ਲੋਕਾਂ ਨੂੰ ਸੂਲੀ ਉੱਤੇ ਚੜ੍ਹਾਏ ਜਾਣ ਦਾ ਜ਼ਿਕਰ ਕੀਤਾ ਹੈ।

ਇਤਿਹਾਸਕਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੋਮਨ-ਯਹੂਦੀ ਇਤਿਹਾਸਕਾਰ, ਆਗੂ ਅਤੇ ਫੌਜੀ ਫਲੇਵਿਯਸ ਜੋਸੇਫ਼ਸ

ਡਾਕਟਰ ਸਿਲਿਯਰਸ ਦੱਸਦੇ ਹਨ ਕਿ ਸੂਲੀ ਦੀ ਸਜ਼ਾ ਦੇਣ ਲਈ ਕਈ ਤਰ੍ਹਾਂ ਦੇ ਕ੍ਰੌਸ ਦਾ ਇਸਤੇਮਾਲ ਰੋਮ ਦੇ ਲੋਕਾਂ ਨੇ ਹੀ ਸ਼ੁਰੂ ਕੀਤਾ ਸੀ। ਅਜਿਹੇ ਕ੍ਰੌਸ ਵਿੱਚ ਇੱਕ ‘ਐਕਸֹ’ ਆਕਾਰ ਦਾ ਵੀ ਸੀ।

ਉਹ ਕਹਿੰਦੇ ਹਨ, ‘‘ਹਾਲਾਂਕਿ ਜ਼ਿਆਦਾਤਰ ਮਾਮਲਿਆਂ ਵਿੱਚ ਉਹ ਜਾਣੇ-ਪਛਾਣੇ ਲੈਟਿਨ ਕ੍ਰੌਸ ਜਾਂ ਟੀ-ਆਕਾਰ ਦੇ ਕ੍ਰੌਸ ਦੀ ਵਰਤੋਂ ਕਰਦੇ ਸਨ। ਇਹ ਕ੍ਰੌਸ ਉੱਚੇ ਹੋ ਸਕਦੇ ਸਨ, ਪਰ ਘੱਟ ਉੱਚੇ ਕ੍ਰੌਸ ਜ਼ਿਆਦਾ ਪ੍ਰਚਲਿਤ ਸਨ।’’

ਮੌਤ ਦੀ ਸਜ਼ਾ ਦਿੱਤੇ ਜਾਣ ਵਾਲੇ ਵਿਅਕਤੀ ਨੂੰ ਕ੍ਰੌਸ ਦੇ ਹਰੀਜੱਟਲ ਹਿੱਸੇ ਤੱਕ ਚੜ੍ਹਾਇਆ ਜਾਂਦਾ ਸੀ।

‘‘ਜੇ ਵਿਅਕਤੀ ਨੰਗਾ ਨਹੀਂ ਹੁੰਦਾ ਸੀ ਤਾਂ ਉਨ੍ਹਾਂ ਦੇ ਕੱਪੜੇ ਉਤਾਰ ਦਿੱਤੇ ਜਾਂਦੇ ਸਨ ਅਤੇ ਉਨ੍ਹਾਂ ਨੂੰ ਪੇਟੀਬੁਲਮ ਦੇ ਨਾਲ ਹੱਥਾਂ ਨੂੰ ਫੈਲਾਅ ਕੇ ਢੂਈ ਦੇ ਪਾਸੇ ਲਿਟਾ ਦਿੱਤਾ ਜਾਂਦਾ ਸੀ।’’

ਉਸ ਤੋਂ ਬਾਅਦ ਉਨ੍ਹਾਂ ਦੇ ਹੱਥਾਂ ਨੂੰ ਬੀਮ ਨਾਲ ਬੰਨ੍ਹ ਦਿੱਤਾ ਜਾਂਦਾ ਸੀ ਜਾਂ ਉਸ ਦੇ ਗੁੱਟ ਵਿੱਚ ਕਿੱਲਾਂ ਠੋਕ ਦਿੱਤੀਆਂ ਜਾਂਦੀਆਂ ਸੀ।

ਪੀੜਤਾਂ ਦੇ ਹੱਥਾਂ ਦੀਆਂ ਹਥੇਲੀਆਂ ਵਿੱਚ ਆਮ ਤੌਰ ਉੱਤੇ ਕਿੱਲਾਂ ਨਹੀਂ ਠੋਕੀਆਂ ਜਾਂਦੀ ਸਨ ਕਿਉਂਕਿ ਸ਼ਰੀਰ ਦੇ ਭਾਰ ਕਾਰਨ ਕਿੱਲਾਂ ਚਮੜੀ ਨੂੰ ਫਾੜ ਸਕਦੀਆਂ ਸੀ। ਗੁੱਟ ਅਤੇ ਹਥਾਂ ਦੇ ਅਗਲੇ ਹਿੱਸੇ ਦੀਆਂ ਹੱਡੀਆਂ ਕਿੱਲਾਂ ’ਤੇ ਪਕੜ ਬਣਾ ਕੇ ਰੱਖਦੀਆਂ ਸੀ।

ਇਹ ਕਿੱਲਾਂ 18 ਸੈਂਟੀਮੀਟਰ ਤੱਕ ਲੰਬੀਆਂ ਅਤੇ ਇੱਕ ਸੈਂਟੀਮੀਟਰ ਮੋਟੀ ਹੁੰਦੀ ਸੀ।

ਸਜ਼ਾ ਪਾਉਣ ਵਾਲੇ ਵਿਅਕਤੀ ਨੂੰ ਕ੍ਰੌਸ ਦੇ ਹਰੀਜੱਟਲ ਹਿੱਸੇ ਨਾਲ ਲਗਾਉਣ ਲਈ ਉੱਤੇ ਚੁੱਕਿਆ ਜਾਂਦਾ ਸੀ ਅਤੇ ਵਰਟਿਕਲ ਹਿੱਸੇ ਉੱਤੇ ਟਿਕਾ ਦਿੱਤਾ ਜਾਂਦਾ ਸੀ। ਇਹ ਹਿੱਸਾ ਪਹਿਲਾਂ ਤੋਂ ਜ਼ਮੀਨ ਵਿੱਚ ਗੱਡਿਆ ਹੁੰਦਾ ਸੀ।

ਪੈਰਾਂ ਨੂੰ ਕ੍ਰੌਸ ਦੇ ਵਰਟਿਕਲ ਹਿੱਸੇ ਨਾਲ ਬੰਨ੍ਹਿਆਂ ਜਾਂਦਾ ਸੀ ਜਾਂ ਉਸ ਵਿੱਚ ਕਿੱਲ ਠੋਕ ਦਿੱਤੀ ਜਾਂਦੀ ਸੀ।

ਉਹ ਦਰਦ ਕਲਪਨਾ ਤੋਂ ਪਰੇ ਹੁੰਦਾ ਸੀ।

ਭਿਆਨਕ ਪੀੜ ਦੇ ਉਹ ਪਲ

ਈਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੂਲੀ ਉੱਤੇ ਲਟਕਾਏ ਗਏ ਕਈ ਲੋਕਾਂ ਦੀ ਮੌਤ ਕਈ ਦਿਨਾਂ ਬਾਅਦ ਹੁੰਦੀ ਸੀ

ਪ੍ਰੋਫ਼ੈਸਰ ਪੇਰੇਜ਼ ਕਹਿੰਦੇ ਹਨ ਕਿ ਇਸ ਵਿੱਚ ਕਈ ਨਸਾਂ ਪ੍ਰਭਾਵਿਤ ਹੁੰਦੀਆਂ ਸਨ।

‘‘ਲੋਕਾਂ ਨੂੰ ਬੈਠਣ ਅਤੇ ਸਾਹ ਲੈਣ ਲਈ ਆਪਣੇ ਪੈਰਾਂ ਉੱਤੇ ਜ਼ੋਰ ਲਗਾਉਣਾ ਪੈਂਦਾ ਸੀ। ਅਜਿਹਾ ਕਰਨ ਵਿੱਚ ਬਹੁਤ ਖ਼ੂਨ ਵਹਿੰਦਾ ਸੀ, ਜ਼ਬਰਦਸਤ ਦਰਦ ਹੁੰਦਾ ਸੀ, ਪਰ ਜੇ ਵਿਅਕਤੀ ਨੇ ਅਜਿਹਾ ਨਹੀਂ ਕੀਤਾ ਤਾਂ ਸਾਹ ਘੁਟਣ ਨਾਲ ਉਸ ਦੀ ਮੌਤ ਹੋ ਜਾਂਦੀ।’’

ਕਈ ਮਾਮਲਿਆਂ ਵਿੱਚ ਇਹ ਹੌਲੀ ਮੌਤ ਹੁੰਦੀ ਸੀ ਜੋ ਸ਼ਰੀਰ ਦੇ ਕਈ ਅੰਗਾਂ ਦੇ ਫੇਲ੍ਹ ਹੋਣ ਕਾਰਨ ਹੁੰਦੀ ਸੀ।

ਡਾਕਟਰ ਸਿਲਿਯਰਸ ਦੱਸਦੇ ਹਨ ਕਿ ਪੀੜਤਾਂ ਦੀ ਮੌਤ ਕਈ ਮਿਲੇ-ਜੁਲੇ ਕਾਰਨਾਂ ਕਰਕੇ ਹੁੰਦੀ ਸੀ। ਸਾਹ ਘੁਟਣ ਜਾਂ ਭਾਰੀ ਮਾਤਰਾ ਵਿੱਚ ਖ਼ੂਨ ਤੇ ਪਾਣੀ ਦੇ ਵਹਿਣ, ਕਈ ਅੰਗਾਂ ਦੇ ਕੰਮ ਕਰਨਾ ਬੰਦ ਕਰ ਦੇਣ ਨਾਲ ਮੌਤਾਂ ਹੁੰਦੀਆਂ ਸੀ।

ਇਸ ਸਜ਼ਾ ਦੀ ਬੇਰਹਿਮੀ ਇਸ ਗੱਲ ਤੋਂ ਵੱਧ ਜਾਂਦੀ ਸੀ ਕਿ ਸੂਲੀ ਉੱਤੇ ਲਟਕਾਏ ਗਏ ਕਈ ਲੋਕਾਂ ਦੀ ਮੌਤ ਕਈ ਦਿਨਾਂ ਬਾਅਦ ਹੁੰਦੀ ਸੀ।

ਹਾਲਾਂਕਿ ਕੁਝ ਲੋਕ ਕੁਝ ਹੀ ਘੰਟੇ ਵਿੱਚ ਮਰ ਜਾਂਦੇ ਸੀ। ਬਾਈਬਲ ਵਿੱਚ ਯੀਸ਼ੂ ਬਾਰੇ ਕਿਹਾ ਜਾਂਦਾ ਹੈ ਕਿ ਉਹ ਛੇ ਘੰਟੇ ਤੱਕ ਜਿਉਂਦੇ ਰਹੇ।

ਪ੍ਰੋਫ਼ੈਸਰ ਪੇਰੇਜ਼ ਕਹਿੰਦੇ ਹਨ, ‘‘ਕੁਝ ਮਾਮਲਿਆਂ ਵਿੱਚ ਜਲਦੀ ਮਾਰਨ ਲਈ ਲੋਕਾਂ ਦੇ ਗੋਡਿਆਂ ਉੱਤੇ ਵਾਰ ਕਰਕੇ ਉਨ੍ਹਾਂ ਦੇ ਪੈਰ ਤੋੜ ਦਿੱਤੇ ਗਏ। ਅਜਿਹੇ ਵਿੱਚ ਸੂਲੀ ਉੱਤੇ ਲਟਕਿਆ ਇਨਸਾਨ ਆਪਣੇ ਪੈਰਾਂ ਦੀਆਂ ਮਾਸਪੇਸ਼ੀਆਂ ਦੀ ਵਰਤੋਂ ਕਰਕੇ ਸਾਹ ਲੈਣ ਲਈ ਖ਼ੁਦ ਨੂੰ ਉੱਤੇ ਨਹੀਂ ਚੁੱਕ ਸਕਦਾ ਸੀ। ਅਜਿਹੇ ਵਿੱਚ ਉਹ ਜਲਦੀ ਮਰ ਜਾਂਦਾ।’’

ਬਾਈਬਲ ਮੁਤਾਬਕ, ਰੋਮ ਦੇ ਫੌਜੀਆਂ ਨੇ ਯੀਸ਼ੂ ਦੇ ਨੇੜੇ ਸੂਲੀ ਉੱਤੇ ਚੜ੍ਹਾਏ ਗਏ ਦੋ ਅਪਰਾਧੀਆਂ ਦੇ ਨਾਲ ਅਜਿਹਾ ਹੀ ਕੀਤਾ ਸੀ। ਹਾਲਾਂਕਿ ਉਨ੍ਹਾਂ ਦੇ ਮਾਮਲੇ ਵਿੱਚ ਅਜਿਹਾ ਨਹੀਂ ਕੀਤਾ ਗਿਆ ਸੀ ਕਿਉਂਕਿ ਉਹ ਪਹਿਲਾਂ ਹੀ ਮਰ ਗਏ ਸਨ।

ਖ਼ਾਤਮਾ

ਈਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੋਮਨ ਸਮਰਾਟ ਕੌਂਸਟੇਂਟਾਇਨ ਨੇ ਚੌਥੀ ਸਦੀ ਈਸਵੀ ਵਿੱਚ ਸੂਲੀ ਦੀ ਸਜ਼ਾ ਨੂੰ ਖ਼ਤਮ ਕਰ ਦਿੱਤਾ ਅਤੇ ਇਸਾਈ ਧਰਮ ਅਪਣਾ ਲਿਆ

ਰੋਮਨ ਸਮਰਾਟ ਕੌਂਸਟੇਂਟਾਇਨ ਨੇ ਚੌਥੀ ਸਦੀ ਈਸਵੀ ਵਿੱਚ ਸੂਲੀ ਦੀ ਸਜ਼ਾ ਨੂੰ ਖ਼ਤਮ ਕਰ ਦਿੱਤਾ ਅਤੇ ਇਸਾਈ ਧਰਮ ਅਪਣਾ ਲਿਆ। ਅਜਿਹਾ ਕਰਨ ਵਾਲੇ ਉਹ ਰੋਮ ਦੇ ਪਹਿਲੇ ਸਮਰਾਟ ਬਣ ਗਏ।

ਉਨ੍ਹਾਂ ਨੇ ਧਰਮ ਨੂੰ ਕਾਨੂੰਨ ਸਹਿਮਤੀ ਵਾਲਾ ਬਣਾਇਆ। ਉਨ੍ਹਾਂ ਦੇ ਪੈਰੋਕਾਰਾਂ ਨੂੰ ਉਹ ਵਿਸ਼ੇਸ਼ ਅਧਿਕਾਰ ਦਿੱਤੇ ਗਏ ਜੋ ਰਵਾਇਤੀ ਧਰਮਾਂ ਤੋਂ ਖੋਹੇ ਗਏ ਸਨ ਅਤੇ ਜਿਸ ਕਾਰਨ ਰੋਮ ਸਾਮਰਾਜ ਦਾ ਇਸਾਈਕਰਨ ਹੋ ਗਿਆ।

ਹਾਲਾਂਕਿ, ਹਾਲੇ ਵੀ ਦੁਨੀਆਂ ਵਿੱਚ ਕਈ ਥਾਂਵਾਂ ਉੱਤੇ ਇਹ ਸਜ਼ਾ ਦਿੱਤੀ ਜਾਂਦੀ ਹੈ।

1597 ਵਿੱਚ ਜਾਪਾਨ ਵਿੱਚ 26 ਇਸਾਈ ਮਿਸ਼ਨਰੀਆਂ ਨੂੰ ਸੂਲੀ ਉੱਤੇ ਚੜ੍ਹਾ ਦਿੱਤਾ ਗਿਆ ਸੀ।

ਆਪਣੇ ਬੇਰਹਿਮ ਅਤੀਤ ਦੇ ਬਾਵਜੂਦ ‘ਸੂਲੀ’ ਇਸਾਈਆਂ ਲਈ ‘ਪਿਆਰ ਦੀ ਖ਼ਾਤਿਰ ਬਲਿਦਾਨ ਦਾ ਪ੍ਰਤੀਕ’ ਬਣਿਆ ਹੋਇਆ ਹੈ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)