ਕਿਸਾਨਾਂ ਨੇ ਕੁਰੂਕਸ਼ੇਤਰ ਨੇੜੇ ਹਾਈਵੇਅ ’ਤੇ ਧਰਨਾ ਖ਼ਤਮ ਕੀਤਾ, ਸਰਕਾਰ ਨੇ ਇਹ ਮੰਗਾਂ ਮੰਨੀਆਂ

ਤਸਵੀਰ ਸਰੋਤ, ani
- ਲੇਖਕ, ਕਮਲ ਸੈਣੀ
- ਰੋਲ, ਬੀਬੀਸੀ ਪੰਜਾਬੀ ਲਈ
ਕੁਰੂਕਸ਼ੇਤਰ ਦੇ ਪਿਪਲੀ ਚੌਕ ਵਿੱਚ ਕਿਸਾਨਾਂ ਨੇ ਕੌਮੀ ਸ਼ਾਹਰਾਹ ਦਿੱਲੀ-ਅੰਮ੍ਰਿਤਸਰ ਉੱਤੇ ਜਾਰੀ ਧਰਨੇ ਨੂੰ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ।
ਕਿਸਾਨਾਂ ਨੇ ਆਪਣਾ ਧਰਨਾ ਖ਼ਤਮ ਕਰਨ ਦਾ ਐਲਾਨ ਪ੍ਰਸ਼ਾਸਨ ਨਾਲ ਹੋਈ ਗੱਲਬਾਤ ਮਗਰੋਂ ਕੀਤਾ ਹੈ।
ਕਿਸਾਨਾਂ ਦੇ ਇਸ ਧਰਨੇ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਸੀ। ਇਸ ਤੋਂ ਇਲਾਵਾ ਕਿਸਾਨਾਂ ਨੇ ਪਿਪਲੀ ਚੌਕ ਵਿੱਚ ਵੀ ਜਾਮ ਲਗਾ ਦਿੱਤਾ ਸੀ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕਿਸਾਨਾਂ ਨਾਲ ਹੋਈ ਮੀਟਿੰਗ ਵਿੱਚ ਸਾਰੀਆਂ ਗੱਲਾਂ ਉੱਤੇ ਸਹਿਮਤੀ ਬਣ ਗਈ ਹੈ।
ਕੁਰੂਕਸ਼ੇਤਰ ਦੇ ਡੀਸੀ ਸ਼ਾਂਤਨੁ ਸ਼ਰਮਾ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਹਮੇਸ਼ਾ ਤੋਂ ਹੀ ਕਿਸਾਨਾਂ ਦੇ ਨਾਲ ਖੜ੍ਹੀ ਹੈ। ਮੁੱਖ ਮੰਤਰੀ ਸੂਰਜਮੁਖੀ ਦੀ ਫ਼ਸਲ ਉੱਤੇ ਐੱਮਐੱਸਪੀ ਵਧਾਉਣ ਲਈ ਰਾਜ਼ੀ ਹੋ ਗਏ ਹਨ।
ਇਸ ਤੋਂ ਕੁਝ ਦੇਰ ਬਾਅਦ ਕੁਰੂਕਸ਼ੇਤਰ ਦੇ ਐੱਸਪੀ ਸੁਰਿੰਦਰ ਸਿੰਘ ਭੋਰੀਆ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਪ੍ਰਦਰਸ਼ਨ ਖ਼ਤਮ ਕਰਨ ਦੀ ਅਪੀਲ ਕੀਤੀ ਗਈ ਹੈ।
ਇਸ ਤੋਂ ਬਾਅਦ ਹੀ ਕਿਸਾਨ ਜਥੇਬੰਦੀਆਂ ਨੇ ਪ੍ਰਦਰਸ਼ਨ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ।

ਤਸਵੀਰ ਸਰੋਤ, Kamal Saini/bbc
ਇਹ ਕਿਸਾਨ ਲੰਘੀ 8 ਜੂਨ ਨੂੰ ਕਿਸਾਨ ਸੂਰਜਮੁਖੀ ਦੀ ਫ਼ਸਲ ਐੱਮਐੱਸਪੀ 'ਤੇ ਖਰੀਦੇ ਜਾਣ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਸੂਰਜਮੁਖੀ ਦੀ ਖਰੀਦ 6,400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੀਤੀ ਜਾਵੇ।
8 ਜੂਨ ਨੂੰ ਇਸ ਧਰਨੇ ਨੂੰ ਖ਼ਤਮ ਕਰਨ ਲਈ ਪੁਲਿਸ ਨੇ ਲਾਠੀਚਾਰਜ ਵੀ ਕੀਤਾ ਸੀ।
ਕੀ ਹੋਇਆ ਸਮਝੌਤਾ?

ਇਸ ਪ੍ਰਦਰਸ਼ਨ ਕਾਰਨ ਪੁਲਿਸ ਨੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਸਣੇ ਕੁਝ ਹੋਰ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਸੀ।
ਜਿਸ ਤੋਂ ਬਾਅਦ ਕਿਸਾਨਾਂ ਨੇ ਇਨ੍ਹਾਂ ਆਗੂਆਂ ਨੂੰ ਛੱਡਣ ਲਈ 48 ਘੰਟਿਆਂ ਦਾ ਸਮਾਂ ਦਿੱਤਾ ਸੀ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ 12 ਜੂਨ ਦੀ ਮਹਾਂਪੰਚਾਇਤ ਦਾ ਐਲਾਨ ਕੀਤਾ ਸੀ।
ਕੀ ਸਨ ਕਿਸਾਨਾਂ ਦੀਆਂ ਮੰਗਾਂ

ਤਸਵੀਰ ਸਰੋਤ, Getty Images
ਸਰਕਾਰ ਨੇ ਸੂਰਜਮੁਖੀ ਦੀ ਖਰੀਦ 'ਤੇ ਪਹਿਲਾਂ ਤੋਂ ਹੀ ਐੱਮਐੱਸਪੀ ਐਲਾਨੀ ਹੋਈ ਸੀ। ਇਸ ਮੁਤਾਬਕ, ਸੂਰਜਮੁਖੀ ਦੀ ਖਰੀਦ ਪ੍ਰਤੀ ਕੁਇੰਟਲ 6,400 ਰੁਪਏ ਦੇ ਹਿਸਾਬ ਨਾਲ ਕੀਤੀ ਜਾਣੀ ਸੀ।
ਤਾਂ ਹੁਣ ਸਵਾਲ ਉੱਠਦਾ ਹੈ ਕਿ ਕਿਸਾਨ ਫਿਰ ਕਿਉਂ ਪ੍ਰਦਰਸ਼ਨ ਕਰ ਰਹੇ ਸਨ।
ਦਰਅਸਲ, ਇਹ ਸਾਰਾ ਮਾਮਲਾ ਫ਼ਸਲ ਦੀ ਪ੍ਰਾਈਵੇਟ ਖਰੀਦ ਨਾਲ ਜੁੜਿਆ ਸੀ।
ਸਰਕਾਰ ਨੇ ਸੂਰਜਮੁਖੀ 'ਤੇ ਐੱਮਐੱਸਪੀ ਤਾਂ ਐਲਾਨੀ ਹੋਈ ਸੀ ਪਰ ਨਾਲ ਹੀ ਇਹ ਵੀ ਕਹਿ ਦਿੱਤਾ ਸੀ ਕਿ ਫ਼ਸਲ ਨੂੰ ਪ੍ਰਾਈਵੇਟ ਖਰੀਦੋ-ਵੇਚੋ।
ਕਿਸਾਨਾਂ ਦਾ ਕਹਿਣਾ ਹੈ ਕਿ ਸੂਰਜਮੁਖੀ ਦੀ ਨਿੱਜੀ ਖਰੀਦ 'ਤੇ ਉਨ੍ਹਾਂ ਨੂੰ ਉਹ ਮੁੱਲ ਹਾਸਲ ਨਹੀਂ ਹੁੰਦਾ ਜੋ ਸਰਕਾਰ ਨੇ ਐੱਮਐੱਸਪੀ ਤਹਿਤ ਐਲਾਨਿਆ ਹੋਇਆ ਹੈ।
ਚਢੂਨੀ ਸਮੇਤ ਹੋਰ ਕਿਸਾਨ ਆਗੂ ਹੋਏ ਸੀ ਗ੍ਰਿਫ਼ਤਾਰ

ਤਸਵੀਰ ਸਰੋਤ, Kamal Saini/BBC
8 ਜੂਨ ਦੇ ਪ੍ਰਦਰਸ਼ਨ ਦੌਰਾਨ ਹਰਿਆਣਾ ਤੋਂ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਅਤੇ ਹੋਰ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।
9 ਜੂਨ ਨੂੰ ਗੱਲ ਕਰਿਦਾਂ ਕਿਸਾਨ ਪੱਖ ਦੇ ਵਕੀਲ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਸੀ ਕਿ ਗੁਰਨਾਮ ਸਿੰਘ ਚਢੂਨੀ ਸਮੇਤ ਹੋਰ 9 ਕਿਸਾਨ ਆਗੂਆਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਬੜੀਆਂ ਗੰਭੀਰ ਧਾਰਾਵਾਂ ਲਗਾਈਆਂ ਗਈਆਂ। "ਤੁਸੀਂ ਦੇਖ ਸਕਦੇ ਹੋ ਕਿ ਸਾਰੇ ਕਿਸਾਨ ਬਿਲਕੁਲ ਨਿਹੱਥੇ ਸਨ ਅਤੇ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ। 307 ਲਗਾਉਣਾ ਨਹੀਂ ਬਣਦਾ ਸੀ।"
ਹਾਲਾਂਕਿ, ਕਿਸਾਨ ਆਗੂਆਂ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਆਪ ਜ਼ਮਾਨਤ ਨਹੀਂ ਲੈਣਗੇ।
ਹਿਰਾਸਤ ਵਿੱਚ ਲਏ ਜਾਣ ਦੌਰਾਨ ਚਢੂਨੀ ਨੇ ਕਿਹਾ, "ਸਾਥੀਓ, ਅਸੀਂ ਉਦੋਂ ਤੱਕ ਲੜਾਂਗੇ ਜਦੋਂ ਤੱਕ ਅਸੀਂ ਜਿੱਤ ਨਹੀਂ ਜਾਂਦੇ।"
ਉਨ੍ਹਾਂ ਕਿਹਾ, "ਮੇਰੀ ਸਾਰੇ ਦੇਸ਼ ਦੇ ਕਿਸਾਨਾਂ ਨੂੰ ਬੇਨਤੀ ਹੈ ਕਿ ਸਾਰੇ ਦੇਸ਼ ਦੇ ਕਿਸਾਨ ਇਸ ਮੁੱਦੇ 'ਤੇ ਇਕੱਠੇ ਹੋਣ ਅਤੇ ਸਾਡੀ ਲੜਾਈ ਜਾਰੀ ਰਹੇਗੀ।"














