ਕੀ ਕੋਰੋਨਾਵਾਇਰਸ ਦੀ ਵੈਕਸੀਨ ਲਗਾ ਚੁੱਕੇ ਲੋਕ ਵਾਇਰਸ ਦੇ ਨਵੇਂ ਰੂਪ ਤੋਂ ਸੁਰੱਖਿਅਤ ਹਨ, ਜਾਂ ਕੋਈ ਨਵੀਂ ਵੈਕਸੀਨ ਬਣਾਉਣ ਦੀ ਲੋੜ ਹੈ

ਤਸਵੀਰ ਸਰੋਤ, Getty Images
- ਲੇਖਕ, ਭਾਗਿਆਸ਼੍ਰੀ ਰਾਊਤ
- ਰੋਲ, ਬੀਬੀਸੀ ਪੱਤਰਕਾਰ
ਪੂਰੇ ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਜਾਰੀ ਅੰਕੜਿਆਂ ਮੁਤਾਬਕ ਸੋਮਵਾਰ ਤੱਕ ਦੇਸ਼ ਵਿੱਚ ਕੋਰੋਨਾ ਲਾਗ ਦੇ 3961 ਸਰਗਰਮ ਮਾਮਲੇ ਹਨ।
ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਦੇ ਨਿਦੇਸ਼ਕ ਡਾਕਟਰ ਰਾਜੀਵ ਬਹਿਲ ਨੇ ਇਸੇ ਹਫ਼ਤੇ ਕਿਹਾ ਸੀ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਚਾਰ ਵੇਰੀਐਂਟ ਮਿਲੇ ਹਨ।
ਦੇਸ਼ ਵਿੱਚ ਕੋਰੋਨਾ ਦੀ ਤਿੰਨ ਲਹਿਰਾਂ ਪਹਿਲੇ ਵੀ ਆ ਚੁੱਕੀਆਂ ਹਨ। ਇਸ ਦੌਰਾਨ ਬਿਮਾਰੀ ਦੀ ਗੰਭੀਰਤਾ ਇੰਨੀ ਵੱਧ ਰਹੀ ਹੈ ਕਿ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋਈ ਸੀ।
ਇਸ ਤੋਂ ਬਾਅਦ ਸਰਕਾਰ ਨੇ ਵਿਆਪਕ ਪੈਮਾਨੇ ʼਤੇ ਟੀਕਾਕਨ ਮੁਹਿੰਮ ਚਲਾਈ ਅਤੇ ਵੱਡੀ ਆਬਾਦੀ ਨੂੰ ਟੀਕਾ ਲਗਾਇਆ ਗਿਆ।
ਸਵਾਲ ਇਹ ਉੱਠ ਰਿਹਾ ਹੈ ਕਿ ਕੀ 2022 ਤੱਕ ਲਗਾਏ ਗਏ ਕੋਵਿਡ ਟੀਕੇ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਵਿਰੁੱਧ ਕਾਰਗਰ ਹੋਣਗੇ। ਕੀ ਨਵੇਂ ਰੂਪ ਕਾਰਨ ਕੋਰੋਨਾ ਦੀ ਨਵੀਂ ਲਹਿਰ ਦੀ ਸੰਭਾਵਨਾ ਹੈ?
ਆਓ ਇਸ ਬਾਰੇ ਜਾਣੀਏ। ਪਰ ਇਸ ਤੋਂ ਪਹਿਲਾਂ, ਇਹ ਜਾਣਨਾ ਚੰਗਾ ਹੋਵੇਗਾ ਕਿ ਕੋਰੋਨਾ ਦਾ ਨਵਾਂ ਰੂਪ ਕੀ ਹੈ। ਇਹ ਸਮਝਣਾ ਵੀ ਜ਼ਰੂਰੀ ਹੈ ਕਿ ਇਸ ਦੇ ਲੱਛਣ ਕੀ ਹਨ।

ਤਸਵੀਰ ਸਰੋਤ, Getty Images
ਕੋਰੋਨਾ ਦਾ ਨਵਾਂ ਜੇਐੱਨ.1 ਵੇਰੀਐਂਟ ਕੀ ਹੈ?
ਫਿਲਹਾਲ, ਸਿੰਗਾਪੁਰ ਅਤੇ ਹਾਂਗਕਾਂਗ ਵਿੱਚ ਕੋਰੋਨਾ ਲਾਗ ਦੇ ਮਾਮਲੇ ਵੱਧ ਰਹੇ ਹਨ।
ਇਕਨਾਮਿਕ ਟਾਈਮਜ਼ ਨੇ ਦੱਸਿਆ ਹੈ ਕਿ ਸਿੰਗਾਪੁਰ ਵਿੱਚ ਹੁਣ ਤੱਕ ਜਿਨ੍ਹਾਂ ਨਮੂਨਿਆਂ ਦੇ ਜੀਨੋਮ ਨੂੰ ਸੀਕਵੈਂਸ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਜੇਐੱਨ.1 ਵੇਰੀਐਂਟ ਦੇ ਪਾਏ ਗਏ ਹਨ।
ਪਰ ਇਹ ਜੇਐੱਨ.1 ਵੇਰੀਐਂਟ ਨਵਾਂ ਨਹੀਂ ਹੈ। ਇਹ ਓਮੀਕਰੋਨ ਦਾ ਇੱਕ ਸਬ-ਵੇਰੀਐਂਟ ਹੈ ਜੋ ਪਿਛਲੇ ਕੁਝ ਸਾਲਾਂ ਵਿੱਚ ਖੋਜਿਆ ਗਿਆ ਹੈ।
ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਡਾ. ਸੰਜੇ ਰਾਏ, ਕੋਵੈਕਸਿਨ (ਕੋਵਿਡ ਟੀਕਾ) ਦੇ ਤਿੰਨਾਂ ਪੜਾਵਾਂ ਵਿੱਚ ਮੁੱਖ ਖੋਜਕਾਰ ਸਨ।
ਬੀਬੀਸੀ ਪੱਤਰਕਾਰ ਚੰਦਨ ਜਜਵਾੜੇ ਨੇ ਉਨ੍ਹਾਂ ਤੋਂ ਕੋਵਿਡ-19 ਦੇ ਜੇਐੱਨ.1 ਵੇਰੀਐਂਟ ਬਾਰੇ ਪੁੱਛਿਆ।
ਜਵਾਬ ਵਿੱਚ, ਡਾ. ਸੰਜੇ ਰਾਏ ਨੇ ਕਿਹਾ, "ਜੇਐੱਨ.1 ਕੋਰੋਨਾ ਦੇ ਓਮੀਕ੍ਰੋਨ ਵਾਇਰਸ ਦਾ ਇੱਕ ਸਬ-ਵੇਰੀਐਂਟ ਹੈ। ਇਸ ਦੀ ਖੋਜ ਇੱਕ ਸਾਲ ਤੋਂ ਵੱਧ ਸਮਾਂ ਪਹਿਲਾਂ ਹੋਈ ਹੈ। ਇਹ ਕੋਈ ਨਵਾਂ ਵੇਰੀਐਂਟ ਨਹੀਂ ਹੈ। ਸਾਡੇ ਕੋਲ ਇਸ ਬਾਰੇ ਪੂਰੀ ਜਾਣਕਾਰੀ ਹੈ ਕਿ ਇਹ ਗੰਭੀਰ ਹੋ ਸਕਦਾ ਹੈ ਜਾਂ ਨਹੀਂ।"

ਡਾ. ਸੰਜੇ ਰਾਏ ਨੇ ਕਿਹਾ, " ਜੇਐੱਨ.1 ਵੇਰੀਐਂਟ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਹੁਣ ਜੋ ਪਤਾ ਲੱਗਾ ਹੈ, ਉਸ ਅਨੁਸਾਰ ਇਹ ਆਮ ਜ਼ੁਕਾਮ ਜਿੰਨਾ ਹਲਕਾ ਜਾਂ ਉਸ ਤੋਂ ਵੀ ਹਲਕਾ ਵੀ ਹੋ ਸਕਦਾ ਹੈ।"
ਪਰ ਕੀ ਇਹ ਨਵਾਂ ਵੇਰੀਐਂਟ ਖ਼ਤਰਨਾਕ ਹੋ ਸਕਦਾ ਹੈ? ਇਸ ਲਈ ਕੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ? ਅਸੀਂ ਇਸ ਮਾਮਲੇ 'ਤੇ ਮਾਹਰਾਂ ਦੀ ਰਾਏ ਲਈ ਹੈ।
ਨਾਗਪੁਰ ਸਰਕਾਰੀ ਮੈਡੀਕਲ ਕਾਲਜ ਦੇ ਮੈਡੀਕਲ ਸੁਪਰਡੈਂਟ ਡਾ. ਅਵਿਨਾਸ਼ ਗਾਵੰਡੇ, ਕੋਰੋਨਾ ਮਹਾਂਮਾਰੀ ਦੌਰਾਨ ਮਹਾਰਾਸ਼ਟਰ ਸਰਕਾਰ ਦੁਆਰਾ ਬਣਾਈ ਗਈ ਟਾਸਕ ਫੋਰਸ ਦਾ ਹਿੱਸਾ ਸਨ।
ਡਾ. ਗਾਵੰਡੇ ਕਹਿੰਦੇ ਹਨ, "ਇਹ ਵੇਰੀਐਂਟ ਓਮੀਕਰੋਨ ਨਾਲੋਂ ਹਲਕਾ ਹੈ। ਹਾਲਾਂਕਿ, ਇਹ ਤੇਜ਼ੀ ਨਾਲ ਫੈਲਦਾ ਹੈ। ਜੇਕਰ ਕੋਈ ਵਿਅਕਤੀ ਸੰਕਰਮਿਤ ਹੁੰਦਾ ਹੈ, ਤਾਂ ਉਹ ਇਸ ਵੇਰੀਐਂਟ ਨਾਲ ਬਹੁਤ ਸਾਰੇ ਲੋਕਾਂ ਨੂੰ ਤੇਜ਼ੀ ਨਾਲ ਸੰਕਰਮਿਤ ਕਰ ਸਕਦਾ ਹੈ। ਹਾਲਾਂਕਿ, ਸਥਿਤੀ ਇੰਨੀ ਗੰਭੀਰ ਨਹੀਂ ਹੈ। ਇਸ ਲਈ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ।"
ਉਨ੍ਹਾਂ ਇਹ ਵੀ ਕਿਹਾ ਕਿ ਛੋਟੇ ਬੱਚੇ, ਬਜ਼ੁਰਗ ਅਤੇ ਪਹਿਲਾਂ ਹੀ ਕਈ ਸਿਹਤ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈ।
ਉਹ ਕਹਿੰਦੇ ਹਨ ਕਿ ਜੋ ਲੋਕ ਕੋਰੋਨਾ ਦੇ ਇਸ ਵੇਰੀਐਂਟ ਨਾਲ ਸੰਕਰਮਿਤ ਹਨ, ਉਨ੍ਹਾਂ ਨੂੰ ਦੂਜੇ ਲੋਕਾਂ ਤੋਂ ਦੂਰੀ ਬਣਾਈ ਰੱਖਣੀ ਚਾਹੀਦੀ ਹੈ ਅਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਇਨਫੈਕਸ਼ਨ ਤੁਹਾਡੇ ਤੋਂ ਕਿਸੇ ਹੋਰ ਨੂੰ ਨਾ ਫੈਲੇ।
ਕੀ ਪਿਛਲਾ ਟੀਕਾਕਰਨ ਕਾਰਗਰ ਹੋਵੇਗਾ?
ਕੁਝ ਸਾਲ ਪਹਿਲਾਂ, ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਬਹੁਤ ਮੁਸੀਬਤ ਵਿੱਚ ਪਾ ਦਿੱਤਾ ਸੀ। ਇਸ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਗਈ ਸੀ। ਉਸ ਸਮੇਂ, ਭਾਰਤ ਵਿੱਚ ਇੱਕ ਵੱਡੇ ਪੱਧਰ 'ਤੇ ਟੀਕਾਕਰਨ ਮੁਹਿੰਮ ਚਲਾਈ ਗਈ ਸੀ।
ਲੋਕਾਂ ਨੂੰ ਸਭ ਤੋਂ ਜ਼ਿਆਦਾ ਕੋਵੈਕਸੀਨ ਅਤੇ ਕੋਵੀਸ਼ੀਲਡ ਵੈਕਸੀਨ ਲਗਾਈ ਗਈ ਸੀ। ਕੁਝ ਲੋਕਾਂ ਨੇ ਰੂਸੀ ਸਪੂਤਨੀਕ ਵੈਕਸੀਨ ਵੀ ਲਗਵਾਈ ਸੀ।
ਪਰ ਕੀ ਦੋ-ਤਿੰਨ ਸਾਲ ਪਹਿਲਾਂ ਲਈ ਗਈ ਵੈਕਸੀਨ ਮੌਜੂਦਾ ਵੇਰੀਐਂਟ ਦੇ ਖ਼ਿਲਾਫ਼ ਕਾਰਗਰ ਹੋਵੇਗੀ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਮਹਾਰਾਸ਼ਟਰ ਦੇ ਸਾਬਕਾ ਪ੍ਰਧਾਨ ਡਾ. ਅਵਿਨਾਸ਼ ਭੌਂਡਵੇ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਦੀਆਂ ਦੋ ਡੋਜ਼ਾਂ ਦੇ ਨਾਲ ਬੂਸਟਰ ਡੋਜ਼ ਲਈ ਹੈ, ਉਨ੍ਹਾਂ ਨੂੰ ਥੋੜ੍ਹਾ ਫਾਇਦਾ ਜ਼ਰੂਰ ਹੋਵੇਗਾ।
ਉਨ੍ਹਾਂ ਕਿਹਾ, "ਇਹ ਟੀਕੇ ਪਹਿਲਾਂ ਕੋਵਿਡ ਵਾਇਰਸ ਦੇ ਵਿਰੁੱਧ ਬਣਾਏ ਗਏ ਸਨ। ਉਹ ਟੀਕੇ ਅਸਲ ਵਾਇਰਸ ਦੇ ਵਿਰੁੱਧ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਨਹੀਂ ਸਨ।"
ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਕਿ ਟੀਕਾ ਲਗਵਾਉਣ ਤੋਂ ਬਾਅਦ ਤੁਹਾਨੂੰ ਕੋਰੋਨਾ ਦੀ ਲਾਗ ਨਹੀਂ ਲੱਗੇਗੀ। ਪਰ ਜੇਕਰ ਤੁਸੀਂ ਸੰਕਰਮਿਤ ਹੋ ਜਾਂਦੇ ਹੋ, ਤਾਂ ਲੱਛਣ ਮਾਮੂਲੀ ਹੋ ਸਕਦੇ ਹਨ।
ਹਾਲਾਂਕਿ, ਜਿਨ੍ਹਾਂ ਲੋਕਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਅਤੇ ਬੂਸਟਰ ਖੁਰਾਕ ਲਈ ਹੈ, ਉਨ੍ਹਾਂ ਵਿੱਚ ਲੰਬੇ ਸਮੇਂ ਲਈ ਇਮਿਊਨਿਟੀ ਹੋ ਸਕਦੀ ਹੈ। ਪਰ ਜਿਨ੍ਹਾਂ ਨੇ ਸਿਰਫ ਇੱਕ ਜਾਂ ਦੋ ਖੁਰਾਕਾਂ ਲਈਆਂ ਹਨ, ਉਨ੍ਹਾਂ ਵਿੱਚ ਘੱਟ ਇਮਿਊਨਿਟੀ ਹੋ ਸਕਦੀ ਹੈ।

ਤਸਵੀਰ ਸਰੋਤ, Getty Images
ਡਾ. ਅਵਿਨਾਸ਼ ਭੌਂਡਵੇ ਨੇ ਕਿਹਾ, "ਕੋਰੋਨਾ ਟੀਕਾ ਜ਼ਰੂਰ ਲਾਭਦਾਇਕ ਹੋਵੇਗਾ ਪਰ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਫਾਇਦਾ ਹੋਵੇਗਾ ਜਿਨ੍ਹਾਂ ਨੂੰ ਦੋ ਖੁਰਾਕਾਂ ਅਤੇ ਇੱਕ ਬੂਸਟਰ ਖੁਰਾਕ ਮਿਲੀ ਹੈ।"
ਇਸ ਦੇ ਨਾਲ ਹੀ, ਡਾ. ਅਵਿਨਾਸ਼ ਗਵਾਂਡੇ ਕਹਿੰਦੇ ਹਨ ਕਿ ਪਹਿਲਾਂ ਵਾਲਾ ਟੀਕਾ ਮੌਜੂਦਾ ਵੇਰੀਐਂਟ 'ਤੇ ਕੰਮ ਨਹੀਂ ਕਰੇਗਾ।
ਉਨ੍ਹਾਂ ਦੇ ਅਨੁਸਾਰ, "ਹਰ ਸਾਲ ਕੋਰੋਨਾ ਵਿਰੁੱਧ ਟੀਕਾਕਰਨ ਕਰਵਾਉਣਾ ਲਾਭਦਾਇਕ ਹੋਵੇਗਾ। ਇਸ ਲਈ, ਹਰ ਸਾਲ ਨਵੇਂ ਟੀਕੇ ਵਿਕਸਤ ਕਰਨੇ ਪੈਣਗੇ, ਕਿਉਂਕਿ ਪੁਰਾਣੇ ਟੀਕੇ ਨਵੇਂ ਵੇਰੀਐਂਟ 'ਤੇ ਕੰਮ ਨਹੀਂ ਕਰਨਗੇ।"
ਉਨ੍ਹਾਂ ਕਿਹਾ, "ਜਿਵੇਂ ਇੱਕ ਸਾਲ ਪਹਿਲਾਂ ਦਿੱਤੀ ਗਈ ਇਨਫਲੂਐਂਜ਼ਾ ਵੈਕਸੀਨ ਅਗਲੇ ਸਾਲ ਕੋਈ ਕੰਮ ਨਹੀਂ ਆਉਂਦੀ ਅਤੇ ਇੱਕ ਨਵੀਂ ਵੈਕਸੀਨ ਵਿਕਸਤ ਕਰਨੀ ਪੈਂਦੀ ਹੈ, ਉਸੇ ਤਰ੍ਹਾਂ, ਜੇਕਰ ਅਸੀਂ ਕੋਰੋਨਾ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਨਾ ਚਾਹੁੰਦੇ ਹਾਂ, ਤਾਂ ਨਵੇਂ ਟੀਕੇ ਵਿਕਸਤ ਕਰਨੇ ਪੈਣਗੇ।"
ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ, "ਜੇਕਰ ਕੁਝ ਲੋਕਾਂ ਵਿੱਚ ਪੁਰਾਣੇ ਟੀਕਿਆਂ ਤੋਂ ਨਾਲ ਇਮਿਊਨਿਟੀ ਬਣੀ ਹੋਈ ਹੈ, ਤਾਂ ਇਹ ਮੌਜੂਦਾ ਵੇਰੀਐਂਟ ਨਾਲ ਲੜਨ ਵਿੱਚ ਮਦਦ ਕਰੇਗਾ।"
ਅਵਿਨਾਸ਼ ਭੌਂਡਵੇ ਕਹਿੰਦੇ ਹਨ ਕਿ ਨਵੀਂ ਵੈਕਸੀਨ ਬਣਾਉਣਾ ਸੰਭਵ ਨਹੀਂ ਜਾਪਦਾ ਕਿਉਂਕਿ ਖੋਜ ਮਹਿੰਗੀ ਹੈ।
ਡਾਕਟਰਾਂ ਦੇ ਅਨੁਸਾਰ, ਇਨਫਲੂਐਂਜ਼ਾ ਵਾਇਰਸ ਲਗਾਤਾਰ ਮਿਊਟੇਟ ਕਰਦਾ ਰਹਿੰਦਾ ਹੈ, ਇਸ ਲਈ ਹਰ ਸਾਲ ਇੱਕ ਨਵਾਂ ਟੀਕਾ ਜਾਰੀ ਕੀਤਾ ਜਾਂਦਾ ਹੈ।
ਅਵਿਨਾਸ਼ ਭੌਂਡਵੇ ਨੇ ਕਿਹਾ, "ਕੋਰੋਨਾ ਦੇ ਨਵੇਂ ਵੇਰੀਐਂਟ ਆਉਂਦੇ ਰਹਿਣਗੇ। ਇਸ ਲਈ, ਹਰ ਵਾਰ ਨਵਾਂ ਟੀਕਾ ਬਣਾਉਣਾ ਸੰਭਵ ਨਹੀਂ ਹੈ ਕਿਉਂਕਿ ਖੋਜ 'ਤੇ ਬਹੁਤ ਖਰਚਾ ਆਉਂਦਾ ਹੈ।"
ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸੱਚ ਹੈ ਕਿ ਹਰ ਸਾਲ ਜਦੋਂ ਵਾਇਰਸ ਦਾ ਕੋਈ ਵੇਰੀਐਂਟ ਸਾਹਮਣਾ ਆਉਂਦਾ ਹੈ, ਤਾਂ ਇਸ ਦੇ ਲਈ ਇੱਕ ਟੀਕਾ ਬਣਾਇਆ ਜਾਣਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਕੀ ਕੋਈ ਨਵੀਂ ਲਹਿਰ ਆ ਸਕਦੀ ਹੈ?
ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਦਾ ਨਵਾਂ ਵੇਰੀਐਂਟ ਤੇਜ਼ੀ ਨਾਲ ਫੈਲ ਰਿਹਾ ਹੈ। ਕਈ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਕੋਰੋਨਾ ਦੀ ਨਵੀਂ ਲਹਿਰ ਆ ਸਕਦੀ ਹੈ?
ਡਾ. ਅਵਿਨਾਸ਼ ਗਾਵੰਡੇ ਨੇ ਕਿਹਾ ਕਿ ਇਸ ਵਾਰ ਨਵੀਂ ਲਹਿਰ ਦੀ ਸੰਭਾਵਨਾ ਘੱਟ ਹੈ। ਉਹ ਇਸ ਦੇ ਪਿੱਛੇ ਤਿੰਨ ਕਾਰਨ ਦੱਸਦੇ ਹਨ।
ਪਹਿਲਾ, ਸਾਡੇ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਟੀਕਾ ਲਗਾਇਆ ਡਾ ਚੁੱਕਿਆ ਹੈ। ਇਸ ਲਈ ਕੁਝ ਲੋਕਾਂ ਵਿੱਚ ਇਸ ਵੇਰੀਐਂਟ ਨਾਲ ਲੜਨ ਲਈ ਘੱਟੋ-ਘੱਟ ਕੁਝ ਇਮਿਊਨਿਟੀ ਤਾਂ ਹੈ।
ਦੂਜਾ, ਭਾਵੇਂ ਇਹ ਵੇਰੀਐਂਟ ਤੇਜ਼ੀ ਨਾਲ ਫੈਲ ਰਿਹਾ ਹੈ ਪਰ ਇਸ ਦੀ ਗੰਭੀਰਤਾ ਘੱਟ ਹੈ। ਭਾਵੇਂ ਇਹ ਬਹੁਤ ਸਾਰੇ ਲੋਕਾਂ ਨਾਲ ਹੈ ਪਰ ਇਹ ਜਲਦੀ ਠੀਕ ਹੋ ਜਾਵੇਗਾ, ਇਸ ਲਈ ਉਨ੍ਹਾਂ ਕਿਹਾ ਕਿ ਹਾਲਾਤ ਪਹਿਲਾਂ ਵਰਗੇ ਨਹੀਂ ਹੋਣਗੇ।
ਤੀਜਾ, ਭਾਵੇਂ ਕੋਈ ਵਿਅਕਤੀ ਇਸ ਵੇਰੀਐਂਟ ਨਾਲ ਸੰਕਰਮਿਤ ਹੈ, ਉਸ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਬਿਮਾਰੀ ਦੀ ਗੰਭੀਰਤਾ ਘੱਟ ਹੁੰਦੀ ਹੈ।
ਹਾਲਾਂਕਿ, ਇਸ ਵੇਰੀਐਂਟ ਨਾਲ ਸੰਕਰਮਿਤ ਹੋਣ ਤੋਂ ਬਾਅਦ, ਵਿਅਕਤੀ ਦਾ ਸਰੀਰ ਇਸ ਵੇਰੀਐਂਟ ਨਾਲ ਲੜਨ ਲਈ ਇਮਿਊਨਿਟੀ ਵਿਕਸਤ ਕਰ ਸਕਦਾ ਹੈ।
ਡਾ. ਅਵਿਨਾਸ਼ ਗਾਵੰਡੇ ਕਹਿੰਦੇ ਹਨ, "ਨਵਾਂ ਵੇਰੀਐਂਟ ਜੇਐੱਨ.1 ਓਮੀਕ੍ਰਨ ਦਾ ਉਪ-ਵੇਰੀਐਂਟ ਹੈ। ਹਾਲਾਂਕਿ ਇਸ ਦੇ ਲੱਛਣ ਹਲਕੇ ਹਨ, ਇਹ ਗੰਭੀਰ ਨਹੀਂ ਹੈ, ਇਸ ਲਈ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਗਿਣਤੀ ਵੀ ਘੱਟ ਦੇਖੀ ਜਾ ਰਹੀ ਹੈ।"
ਉਹ ਕਹਿੰਦੇ ਹਨ, "ਪਰ ਜੇਕਰ ਇਸ ਵੇਰੀਐਂਟ ਵਿੱਚ ਮਰੀਜ਼ਾਂ ਦੀ ਗਿਣਤੀ ਵਧਦੀ ਹੈ, ਤਾਂ ਵੀ ਅਜਿਹੀ ਸਥਿਤੀ ਪੈਦਾ ਨਹੀਂ ਹੋਵੇਗੀ ਕਿ ਜ਼ਿਆਦਾ ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਵੇ ਕਿਉਂਕਿ ਇਸਦੇ ਲੱਛਣ ਬਹੁਤ ਹਲਕੇ ਹਨ। "
"ਮੌਤ ਦਰ ਵੀ ਘੱਟ ਹੈ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਕੋਰੋਨਾ ਦੀ ਇੱਕ ਨਵੀਂ ਲਹਿਰ ਆਵੇਗੀ। ਪਰ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਹੋਰ ਬਿਮਾਰੀਆਂ ਹਨ, ਉਨ੍ਹਾਂ ਨੂੰ ਚਿੰਤਾ ਕਰਨ ਦੀ ਲੋੜ ਹੈ।"















