ਅਲਟਰਾਸਾਊਂਡ ਨਾਲ ਕੈਂਸਰ ਦਾ ਬਿਨ੍ਹਾਂ ਅਪਰੇਸ਼ਨ ਇਲਾਜ ਇੰਝ ਸੰਭਵ ਹੋ ਰਿਹਾ ਹੈ, ਇਹ ਕੈਂਸਰ ਨੂੰ ਕਿਵੇਂ ਸਾੜਦਾ ਹੈ?

ਤਸਵੀਰ ਸਰੋਤ, Getty Images
- ਲੇਖਕ, ਜੈਮੀ ਡੂਚਾਰਮ
- ਰੋਲ, ਬੀਬੀਸੀ ਪੱਤਰਕਾਰ
ਅਲਟਰਾਸਾਊਂਡ ਲੰਬੇ ਸਮੇਂ ਤੋਂ ਡਾਕਟਰਾਂ ਦੀ ਸਰੀਰ ਦੇ ਅੰਦਰ ਦੇਖਣ ਵਿੱਚ ਮਦਦ ਕਰ ਰਿਹਾ ਹੈ, ਲੇਕਿਨ ਹਾਲ ਹੀ ਵਿੱਚ ਇਸ ਦੀਆਂ ਤਰੰਗਾਂ ਦੀ ਵਰਤੋਂ ਕੈਂਸਰ ਦੇ ਇਲਾਜ ਵਿੱਚ ਕੀਤੀ ਜਾਣ ਲੱਗੀ ਹੈ।
ਜ਼ੇਨ ਸ਼ੂ ਨੇ ਜੇ ਕੁਝ ਦਹਾਕੇ ਪਹਿਲਾਂ ਆਪਣੇ ਲੈਬ ਦੇ ਸਾਥੀਆਂ ਨੂੰ ਨਰਾਜ਼ ਨਾ ਕੀਤਾ ਹੁੰਦਾ ਤਾਂ, ਕਦੇ ਵੀ ਜਿਗਰ ਦੇ ਕੈਂਸਰ ਦੇ ਇਤਿਹਾਸਕ ਇਲਾਜ ਦੀ ਖੋਜ ਨਾ ਹੋਈ ਹੁੰਦੀ।
ਸਾਲ 2000 ਦੇ ਦਹਾਕੇ ਦੌਰਾਨ ਜ਼ੇਨ ਸ਼ੂ ਮਿਸ਼ੀਗਨ ਯੂਨੀਵਰਸਿਟੀ ਵਿੱਚ ਬਾਇਓਮੈਡੀਕਲ ਇੰਜੀਨੀਅਰਿੰਗ ਵਿੱਚ ਪੀਐੱਚਡੀ ਕਰ ਰਹੇ ਸਨ।
ਉਹ ਕਿਸੇ ਅਜਿਹੀ ਵਿਧੀ ਦੀ ਖੋਜ ਕਰ ਰਹੇ ਸਨ, ਜਿਸ ਰਾਹੀਂ ਡਾਕਟਰ ਬਿਨ੍ਹਾਂ ਅਪਰੇਸ਼ਨ ਦੇ ਬੀਮਾਰ ਤੰਤੂਆਂ ਨੂੰ ਹਟਾ ਸਕਣ। ਉਨ੍ਹਾਂ ਨੂੰ ਉੱਚ-ਆਵਰਿਤੀ ਧੁਨੀ ਤੰਰਗਾਂ (ਅਲਟਰਾਸਾਊਂਡ) ਦੀ ਵਰਤੋਂ ਕਰਨ ਦਾ ਖਿਆਲ ਆਇਆ। ਉਨ੍ਹਾਂ ਨੇ ਆਪਣੇ ਸਿਧਾਂਤ ਦੀ ਸੂਰ ਦੇ ਦਿਲ ਉੱਤੇ ਜਾਂਚ ਕਰਨੀ ਸ਼ੁਰੂ ਕੀਤੀ।
ਅਲਟਰਾਸਾਊਂਡ ਨੂੰ ਮਨੁੱਖੀ ਕੰਨ ਨਹੀਂ ਸੁਣ ਸਕਦੇ ਪਰ ਸ਼ੂ ਜਿਸ ਐਂਪਲੀਫਾਇਰ ਦੀ ਵਰਤੋਂ ਕਰ ਰਹੇ ਸਨ, ਉਸ ਕਾਰਨ ਲੈਬ ਵਿੱਚ ਉਨ੍ਹਾਂ ਦੇ ਸਾਥੀ ਜੋ ਹੋਰ ਕੰਮ ਕਰ ਰਹੇ ਸਨ, ਉਨ੍ਹਾਂ ਨੇ ਤੰਗ ਹੋ ਕੇ (ਇਸ ਸ਼ੋਰ ਬਾਰੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ।
ਅਲਟਰਾਸਾਊਂਡ ਕਿਵੇਂ ਕੰਮ ਕਰਦਾ ਹੈ?

ਤਸਵੀਰ ਸਰੋਤ, Getty Images
ਕਈ ਲੋਕਾਂ ਲਈ 'ਅਲਟਰਾਸਾਊਂਡ' ਸ਼ਬਦ ਗਰਭ ਅਵਸਥਾ ਦੌਰਾਨ ਕੀਤੀ ਜਾਂਦੀ ਸੋਨੋਗਰਾਮ ਦੀਆਂ ਯਾਦਾਂ ਤਾਜ਼ਾ ਕਰਦਾ ਹੈ। ਸੋਨੋਗਰਾਮ ਵਰਗੀਆਂ ਡਾਕਟਰੀ ਤਸਵੀਰਾਂ ਤਿਆਰ ਕਰਨ ਲਈ ਹੱਥ ਵਿੱਚ ਫੜ ਕੇ ਚਲਾਇਆ ਜਾਣ ਵਾਲਾ ਟਰਾਂਸਡਿਊਸਰ ਉਪਕਰਣ ਸਰੀਰ ਵਿੱਚ ਉੱਚ-ਆਵਰਿਤੀ ਵਾਲੀਆਂ ਅਵਾਜ਼ੀ ਤਰੰਗਾਂ ਸਰੀਰ ਵਿੱਚ ਭੇਜਦਾ ਹੈ।
ਇਹ ਅੰਦਰਲੇ ਟਿਸ਼ੂਆਂ ਤੋਂ ਟਕਰਾ ਕੇ ਵਾਪਸ ਆ ਜਾਂਦੀਆਂ ਹਨ। ਉਪਕਰਣ ਵਿੱਚ ਲੱਗਿਆ ਇੱਕ ਸੰਵੇਦਕ ਟਕਰਾ ਕੇ ਆਈਆਂ ਤਰੰਗਾਂ ਨੂੰ ਫੜ ਲੈਂਦਾ ਹੈ ਅਤੇ ਉਨ੍ਹਾਂ ਦੀ ਸਰਗਰਮੀ ਨੂੰ ਬਿਜਲਈ ਸੰਕੇਤਾਂ ਵਿੱਚ ਬਦਲ ਦਿੰਦਾ ਹੈ। ਜਿਨ੍ਹਾਂ ਤੋਂ ਫਿਰ ਚਮੜੀ ਦੇ ਹੇਠਲੀ ਸਰਗਰਮੀ ਦੀ ਤਸਵੀਰ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ।
ਕੈਂਸਰ ਦੇ ਇਲਾਜ ਵਿੱਚ ਅਲਟਰਾਸਾਊਂਡ ਦੀਆਂ ਤਰੰਗਾਂ ਨੂੰ ਰਸੌਲੀ ਦੇ ਇੱਕ ਛੋਟੇ ਹਿੱਸੇ ਉੱਪਰ, ਉਸ ਨੂੰ ਨਸ਼ਟ ਕਰਨ ਲਈ ਕੇਂਦਰਿਤ ਕੀਤਾ ਜਾਂਦਾ ਹੈ।
ਜਿਗਰ ਦੇ ਕੈਂਸਰ ਦੇ ਇਲਾਜ ਲਈ, ਹਿਸਟੋਟ੍ਰਿਪਸੀ ਉਪਕਰਣ ਅਲਟਰਾਸਾਊਂਡ ਤਰੰਗਾਂ ਨੂੰ ਕਰੀਬ 2x4 ਮਿਲੀ-ਮੀਟਰ ਦੇ ਘੇਰੇ ਅੰਦਰ ਕੇਂਦਰਿਤ ਕਰਦਾ ਹੈ।
ਸ਼ੂ ਮੁਤਾਬਕ,"ਤੁਹਾਡੇ ਰੰਗ ਭਰਨ ਵਾਲੇ ਪੈੱਨ ਦੇ ਨੋਕ ਜਿੰਨੀ ਥਾਂ ਉੱਤੇ"। ਫਿਰ ਇੱਕ ਰੋਬੋਟਿਕ ਭੁਜਾ ਟਰਾਂਸਡਿਊਸਰ ਨੂੰ ਰਸੌਲੀ ਦੇ ਸਹੀ ਖੇਤਰ ਉੱਤੇ ਕੇਂਦਰਿਤ ਕਰਦੀ ਹੈ।"
ਉੱਚ-ਆਵਰਿਤੀ ਦੀਆਂ ਅਵਾਜ਼ੀ ਤਰੰਗਾਂ ਤੇਜ਼ ਝਟਕਿਆਂ ਦੇ ਰੂਪ ਵਿੱਚ ਦਿੱਤੀਆਂ ਜਾਂਦੀਆਂ ਹਨ। ਇਹ ਝਟਕੇ ਜਾਂ ਜਿਨ੍ਹਾਂ ਨੂੰ ਧੜਕਣਾਂ ਵੀ ਕਿਹਾ ਜਾਂਦਾ ਹੈ ਬਹੁਤ ਹੀ ਮਹੀਨ ਬੁਲਬਲੇ (ਮਾਈਕ੍ਰੋ ਬਬਲਜ਼) ਬਣਾਉਂਦੀਆਂ ਹਨ ਜੋ ਸਕਿੰਟ ਦੇ ਕੁਝ ਹਿੱਸਿਆਂ ਦੇ ਅੰਦਰ ਹੀ ਫੁੱਲ ਅਤੇ ਪਿਚਕ ਜਾਂਦੇ ਹਨ। ਇਸ ਪ੍ਰਕਿਰਿਆ ਦੌਰਾਨ ਰਸੌਲੀ ਦੇ ਤੰਤੂ ਵੱਖ ਹੋ ਜਾਂਦੇ ਹਨ। ਇਸ ਤੋਂ ਬਾਅਦ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਇਸ ਕੂੜੇ ਨੂੰ ਸਾਫ਼ ਕਰ ਦਿੰਦੀ ਹੈ।
ਇਹ ਸਮੁੱਚੀ ਪ੍ਰਕਿਰਿਆ ਤੇਜ਼, ਬਿਨ੍ਹਾਂ ਜ਼ਹਿਰ ਤੋਂ ਅਤੇ ਬਿਨ੍ਹਾਂ ਚੀਰ ਰਹਿਤ ਤੋਂ ਹੈ। ਨਤੀਜੇ ਵਜੋਂ ਮਰੀਜ਼ ਕੁਝ ਹੀ ਦਿਨਾਂ ਵਿੱਚ ਘਰ ਵਾਪਸ ਜਾ ਸਕਦੇ ਹਨ। ਹਾਲਾਂਕਿ ਇਲਾਜ ਵਿੱਚ ਲੱਗਣ ਵਾਲਾ ਸਮਾਂ ਵੱਖੋ-ਵੱਖ ਹੋ ਸਕਦਾ ਹੈ, ਪਰ ਜ਼ਿਆਦਾਤਰ ਪ੍ਰਕਿਰਿਆਵਾਂ ਇੱਕ ਤੋਂ ਤਿੰਨ ਘੰਟੇ ਵਿੱਚ ਪੂਰੀ ਹੋ ਜਾਂਦੀਆਂ ਹਨ। ਰਸੌਲੀਆਂ ਅਕਸਰ ਇੱਕੋ ਵਾਰ ਵਿੱਚ ਨਸ਼ਟ ਹੋ ਜਾਂਦੀਆਂਹਨ। ਜਦਕਿ ਵੱਡੀਆਂ ਜਾਂ ਇੱਕ ਤੋਂ ਜ਼ਿਆਦਾ ਰਸੌਲੀਆਂ ਵਾਲੇ ਮਰੀਜ਼ਾਂ ਉੱਤੇ ਇਹ ਪ੍ਰਕਿਰਿਆ ਦੁਹਰਾਉਣ ਦੀ ਲੋੜ ਵੀ ਪੈ ਸਕਦੀ ਹੈ।

ਭਾਵੇਂ ਕਿ ਹਿਸਟੋਟ੍ਰਿਪਸੀ ਦੇ ਫਾਇਦੇ ਵਾਅਦਿਆਂ ਨਾਲ ਭਰਭੂਰ ਹਨ ਲੇਕਿਨ ਅਜੇ ਕੁਝ ਸਵਾਲਾਂ ਦੇ ਜਵਾਬ ਅਜੇ ਮਿਲਣੇ ਬਾਕੀ ਹਨ। ਅਜੇ ਅਜਿਹਾ ਕੋਈ ਦੀਰਘ ਕਾਲੀਨ ਡੇਟਾ ਉਪਲਬਧ ਨਹੀਂ ਹੈ ਜਿਸ ਤੋਂ ਮਰੀਜ਼ਾਂ ਵਿੱਚ ਕੈਂਸਰ ਦੇ ਮੁੜ ਉੱਠਣ ਦੀ ਪੁਸ਼ਟੀ ਹੋ ਸਕੇ। ਕੁਝ ਸਾਇੰਸਦਾਨਾਂ ਨੂੰ ਲਗਦਾ ਹੈ ਕਿ ਪ੍ਰਕਿਰਿਆ ਵਿੱਚ ਕਿਉਂਕਿ ਰਸੌਲੀਆਂ ਨੂੰ ਸਰੀਰ ਦੇ ਅੰਦਰ ਹੀ ਤੋੜ ਦਿੱਤਾ ਜਾਂਦਾ ਹੈ, ਜਿਸ ਕਾਰਨ ਉਹ ਸਰੀਰ ਦੇ ਹੋਰ ਹਿੱਸਿਆਂ ਵਿੱਚ ਵੀ ਪਹੁੰਚ ਸਕਦੇ ਹਨ।
ਹਾਲਾਂਕਿ ਜਾਨਵਰਾਂ ਉੱਤੇ ਕੀਤੇ ਗਏ ਪ੍ਰੀਖਣਾਂ ਵਿੱਚ ਅਜਿਹੇ ਕਿਸੇ ਡਰ ਦੀ ਪੁਸ਼ਟੀ ਅਜੇ ਤੱਕ ਨਹੀਂ ਹੋਈ ਹੈ।
ਖੋਜ ਦਰਸਾਉਂਦੀ ਹੈ ਕਿ ਹਿਸਟੋਟ੍ਰਿਪਸੀ ਹੋ ਸਕਦਾ ਹੈ ਕਿ ਸਾਰੇ ਕੈਂਸਰਾਂ ਲਈ ਕੰਮ ਨਾ ਵੀ ਕਰੇ।
ਹੱਡੀਆਂ ਅਲਟਰਾਸਾਊਂਡ ਦੀਆਂ ਤਰੰਗਾਂ ਨੂੰ ਨਿਸ਼ਾਨੇ ਉੱਤੇ ਪਹੁੰਚਣ ਤੋਂ ਰੋਕ ਸਕਦੀਆਂ ਹਨ। ਇਸ ਕਾਰਨ ਕੁਝ ਹਿੱਸਿਆਂ ਦੀਆਂ ਰਸੌਲੀਆਂ ਇਨ੍ਹਾਂ ਦੀ ਪਹੁੰਚ ਤੋਂ ਦੂਰ ਬਾਹਰ ਰਹਿ ਸਕਦੀਆਂ ਹਨ। ਇਸ ਤੋਂ ਇਲਾਵਾ ਹਿਸਟੋਟ੍ਰਿਪਸੀ ਦੀ ਵਰਤੋਂ ਗੈਸ ਵਾਲੇ ਅੰਗਾਂ ਜਿਵੇਂ ਫੇਫੜਿਆਂ ਵਿੱਚ ਖ਼ਤਰਨਾਕ ਹੋ ਸਕਦੀ ਹੈ ਅਤੇ ਸਿਹਤਮੰਦ ਤੰਤੂਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਹਿਸਟੋ-ਸੋਨਿਕ ਫਿਲਹਾਲ ਗੁਰਦਿਆਂ ਅਤੇ ਪੈਂਕਰਿਆਜ਼ ਦੀਆਂ ਰਸੌਲੀਆਂ ਲਈ ਇਸਦੀ ਵਰਤੋਂ ਦਾ ਅਧਿਐਨ ਕਰ ਰਹੀ ਹੈ।
ਅਲਟਰਾਸਾਊਂਡ ਨਾਲ ਕੈਂਸਰ ਨੂੰ ਸਾੜਨਾ

ਤਸਵੀਰ ਸਰੋਤ, Getty Images
ਅਮਰੀਕਾ ਦੀ ਯੂਨੀਵਰਸਿਟੀ ਆਫ ਵਰਜੀਨੀਆ ਵਿੱਚ ਫੋਕਸਡ ਅਲਟਰਾਸਾਊਂਡ ਕੈਂਸਰ ਇਮੀਊਨੋਥੈਰਿਪੀ ਸੈਂਟਰ ਦੇ ਸਹਿ-ਨਿਰਦੇਸ਼ਕ ਰਿਚਰਡ ਪ੍ਰਾਈਸ ਦੱਸਦੇ ਹਨ, ਹਿਸਟੋਟ੍ਰਿਪਸੀ ਕੈਂਸਰ ਦੇ ਇਲਾਜ ਵਿੱਚ ਅਲਟਰਾਸਾਊਂਡ ਦੀ ਇਹ ਪਹਿਲੀ ਵਰਤੋਂ ਨਹੀਂ ਹੈ।
ਉੱਚ-ਤੀਬਰਤਾ ਵਾਲਾ ਕੇਂਦਰਿਤ ਅਲਟਰਾਸਾਊਂਡ (ਐੱਚਆਈਐੱਫਯੂ) ਇੱਕ ਪੁਰਾਣੀ ਅਤੇ ਸਥਾਪਿਤ ਤਕਨੀਕ ਹੈ। ਜੋ ਰਸੌਲੀਆਂ ਉੱਤੇ ਹਮਲੇ ਲਈ ਵੀ ਵਰਤੀ ਜਾ ਸਕਦੀ ਹੈ। ਕੇਂਦਰਿਤ ਅਲਟਰਾਸਾਊਂਡ ਰਸੌਲੀ ਉੱਤੇ ਲਾਈ ਜਾਂਦੀ ਹੈ, ਜਿਸ ਨਾਲ ਗਰਮੀ ਪੈਦਾ ਹੁੰਦੀ ਹੈ ਅਤੇ ਉਹ ਰਸੌਲੀ ਉੱਥੇ ਹੀ "ਪੱਕ" ਜਾਂਦੀ ਹੈ।
ਉਹ ਦੱਸਦੇ ਹਨ,"ਇੱਕ ਵੱਡਦਰਸ਼ੀ ਸ਼ੀਸ਼ਾ ਲਓ ਅਤੇ ਇਸ ਨੂੰ ਧੁੱਪ ਵਿੱਚ ਕਿਸੇ ਸੁੱਕੇ ਪੱਤੇ ਉੱਤੇ ਫੜੋ ਤਾਂ ਤੁਸੀਂ ਪੱਤੇ ਨੂੰ ਅੱਗ ਲਾ ਸਕਦੇ ਹੋ।" ਅਵਾਜ਼ ਦੀ ਊਰਜਾ ਦੀ ਵਰਤੋਂ ਕਰਕੇ ਐੱਚਆਈਐੱਫਯੂ ਵੀ ਕੈਂਸਰ ਦੇ ਤੰਤੂਆਂ ਦਾ ਇਹੀ ਹਾਲ ਕਰਦੀ ਹੈ।
ਕੈਂਸਰ ਦੇ ਇਲਾਜ ਵਿੱਚ ਐੱਚਆਈਐੱਫਯੂ ਨੂੰ ਪ੍ਰੋਸਟੇਟ ਕੈਂਸਰ ਦੇ ਚੀਰਾ ਰਹਿਤ ਇਲਾਜ ਵਜੋਂ ਜਾਣਿਆਂ ਜਾਂਦਾ ਹੈ, ਜਿੱਥੇ 2025 ਦੇ ਇੱਕ ਅਧਿਐਨ ਮੁਤਾਬਕ ਇਹ ਚੀਰੇ ਜਿੰਨੀ ਹੀ ਅਸਰਦਾਰ ਹੈ।
ਜਦੋਂ ਮਰੀਜ਼ ਜਾਗਦੇ ਹਨ ਤਾਂ ਉਨ੍ਹਾਂ ਨੂੰ ਪਿਸ਼ਾਬ ਨਾਲ ਜੁੜੇ ਕੁਝ ਬੁਰੇ ਅਸਰ ਨਜ਼ਰ ਆ ਸਕਦੇ ਹਨ ਪਰ ਆਮ ਤੌਰ ਉੱਤੇ ਉਹ ਅਪਰੇਸ਼ਨ ਦੇ ਮੁਕਾਬਲੇ ਜਲਦੀ ਸਿਹਤਯਾਬ ਹੋ ਜਾਂਦੇ ਹਨ।
ਹਿਸਟੋਟ੍ਰਿਪਸੀ ਅਤੇ ਐੱਚਆਈਐੱਫਯੂ ਦੋਵੇਂ ਹੀ ਆਮ ਬੇਹੋਸ਼ੀ ਦੀ ਹਾਲਤ ਵਿੱਚ ਕੀਤੀਆਂ ਜਾਂਦੀਆਂ ਹਨ ਤਾਂ ਜੋ ਮਰੀਜ਼ ਕੋਈ ਹਿਲਜੁਲ ਨਾ ਕਰਨ। ਇਸ ਨਾਲ ਲਗਦੇ ਅੰਗਾਂ ਜਾਂ ਤੰਤੂਆਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਘਟ ਜਾਂਦਾ ਹੈ। ਲੇਕਿਨ ਇਸਟੋਟ੍ਰਪਸੀ ਐੱਚਆਈਐੱਫਯੂ ਵਾਂਗ ਤਾਪ ਪੈਦਾ ਨਹੀਂ ਕਰਦੀ ਜੋ ਨਾਲ ਲਗਦੇ ਅੰਗਾਂ ਨੂੰ ਨੁਕਸਾਨ ਪਹੁੰਚਾ ਸਕੇ।
ਸਾਰੇ ਕੈਂਸਰ ਐੱਚਆਈਐੱਫਯੂ ਨਾਲ ਠੀਕ ਨਹੀਂ ਕੀਤੇ ਜਾ ਸਕਦੇ। ਇੱਕ ਵਾਰ ਫਿਰ ਗੈਸ ਅਤੇ ਹੱਡੀ ਅਲਟਰਾਸਾਊਂਡ ਨੂੰ ਰਸੌਲੀਆਂ ਤੱਕ ਪਹੁੰਚਣ ਤੋਂ ਰੋਕ ਸਕਦੀ ਹੈ।
ਜਿਨ੍ਹਾਂ ਦਾ ਪ੍ਰੋਸਟੇਟ ਕੈਂਸਰ ਪੂਰੇ ਸਰੀਰ ਵਿੱਚ ਫੈਲ ਗਿਆ ਹੋਵੇ ਉਨ੍ਹਾਂ ਮਰੀਜ਼ਾਂ ਲਈ ਵੀ ਅਕਸਰ ਇਹ ਵਿਕਲਪ ਨਹੀਂ ਹੁੰਦਾ।
ਫਿਰ ਵੀ ਸਾਇੰਸਦਾਨ ਕਈ ਦੇਸਾਂ ਵਿੱਚ ਹੋਰ ਕਿਸਮ ਦੇ ਕੈਂਸਰਾਂ ਜਿਵੇਂ ਕਿ ਛਾਤੀ ਦੇ ਕੈਂਸਰ ਦੇ ਇਲਾਜ ਲਈ ਅਧਿਐਨ ਕਰ ਰਹੇ ਹਨ।
ਅਲਟਰਾਸਾਊਂਡ ਦੇ ਨਾਲ ਹੋਰ ਦਵਾਈਆਂ

ਤਸਵੀਰ ਸਰੋਤ, Getty Images
ਸਾਇੰਸਦਾਨਾਂ ਦਾ ਕਹਿਣਾ ਹੈ ਕਿ ਜੇ ਅਲਟਰਾਸਾਊਂਡ ਨੂੰ ਕੈਂਸਰ ਦੇ ਇਲਾਜ ਦੀਆਂ ਹੋਰ ਮੌਜੂਦਾ ਵਿਧੀਆਂ ਨਾਲ ਮਿਲਾ ਕੇ ਵਰਤਿਆ ਜਾਵੇ ਤਾਂ ਇਸਦੀ ਸ਼ਕਤੀ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ।
ਮਿਸਾਲ ਵਜੋਂ, ਤਾਜ਼ਾ ਖੋਜ ਮੁਤਾਬਕ ਖੂਨ ਵਿੱਚ ਮਹੀਨ ਬੁਲਬੁਲਿਆਂ ਦੇ ਟੀਕੇ ਲਾਉਣ ਅਤੇ ਉਨ੍ਹਾਂ ਨੂੰ ਅਲਟਰਾਸਾਊਂਡ ਦੀ ਮਦਦ ਨਾਲ ਉਤੇਜਿਤ ਕੀਤਾ ਜਾਵੇ ਤਾਂ ਖੂਨ-ਦਿਮਾਗ ਰੁਕਾਵਟ ਅਸਥਾਈ ਤੌਰ 'ਤੇ ਖੁੱਲ੍ਹ ਸਕਦੀ ਹੈ। ਇਹ ਰੁਕਾਵਟ ਆਮ ਤੌਰ ਉੱਤੇ ਖੂਨ ਵਿਚਲੇ ਜ਼ਹਿਰੀਲੇ ਤੱਤਾਂ ਨੂੰ ਦਿਮਾਗ ਤੱਕ ਪਹੁੰਚਣ ਅਤੇ ਉਸ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਾਉਂਦੀ ਹੈ।
ਲੇਕਿਨ ਕੈਂਸਰ ਦੇ ਇਲਾਜ ਦੌਰਾਨ ਇਸ ਰੁਕਾਵਟ ਨੂੰ ਖੋਲ੍ਹਣ ਨਾਲ ਦਵਾਈਆਂ ਉਨ੍ਹਾਂ ਰਸੌਲੀਆਂ ਤੱਕ ਪਹੁੰਚ ਸਕਦੀਆਂ ਹਨ, ਜਿਨ੍ਹਾਂ ਲਈ ਉਹ ਦਿੱਤੀਆਂ ਗਈਆਂ ਹਨ।
ਪ੍ਰਾਈਸ ਕਹਿੰਦੇ ਹਨ, "ਚੀਰਾ ਰਹਿਤ ਹੋਣਾ ਬਹੁਤ ਚੰਗਾ ਹੈ ਪਰ ਦਵਾਈ ਪਹੁੰਚਾਉਣ ਵਾਲਾ ਤੱਤ ਵਾਕਈ ਬੇਜੋੜ ਹੈ।"
ਦੀਪਾ ਸ਼ਰਮਾ ਸਨੀਬਰੂਕ ਹੈਲਥ ਸਾਇੰਸਜ਼ ਸੈਂਟਰ ਓਂਟਾਰੀਓ ਕੈਨੇਡਾ ਵਿੱਚ ਇੱਕ ਖੋਜ ਸਾਇੰਸਦਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲਾਭ ਦਿਮਾਗ ਦੇ ਕੈਂਸਰ ਨੂੰ ਨਹੀਂ ਰੋਕ ਸਕਦੇ।
ਉਨ੍ਹਾਂ ਨੇ ਅਲਟਰਾਸਾਊਂਡ ਅਤੇ ਮਹੀਨ ਬੁਲਬੁਲਿਆਂ ਦੇ ਮਿਸ਼ਰਣ ਦੀ ਕੈਂਸਰ ਦੀਆਂ ਵੱਖ-ਵੱਖ ਕਿਸਮਾਂ ਵਿੱਚ ਅਧਿਐਨ ਕੀਤਾ ਅਤੇ ਦੇਖਿਆ ਕਿ ਦਵਾਈ ਪਹੁੰਚਾਉਣ ਵਿੱਚ ਸਮੁੱਚੇ ਤੌਰ ਉੱਤੇ ਸੁਧਾਰ ਕਰ ਸਕਦਾ ਹੈ।
ਸ਼ਰਮਾ ਦੀ ਖੋਜ ਇਹ ਵੀ ਦਰਸਾਉਂਦੀ ਹੈ, "ਅਲਟਰਾਸਾਊਂਡ ਵਾਲੇ ਮਾਈਕ੍ਰੋਬਬਲ ਰਸੌਲੀਆਂ ਦੀਆਂ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾ ਕੇ ਵਿਕਰਣਾਂ ਦੇ ਪ੍ਰਭਾਵਾਂ ਨੂੰ ਵਧਾ ਸਕਦੇ ਹਨ, ਜਿਸ ਨਾਲ ਜ਼ਿਆਦਾ ਸੈੱਲ ਨਸ਼ਟ ਹੁੰਦੇ ਹਨ।"
ਉਹ ਕਹਿੰਦੇ ਹਨ ਕਿ ਸਿਧਾਂਤਕ ਰੂਪ ਵਿੱਚ ਡਾਕਟਰ ਇਹੀ ਅਸਰ ਹਾਸਲ ਕਰਨ ਲਈ ਘੱਟ ਮਾਤਰਾ ਦੀ ਵਰਤੋਂ ਕਰ ਸਕਦੇ ਹਨ ਜਿਸ ਦੇ ਨੁਕਸਾਨ ਵੀ ਘੱਟ ਹੋਣਗੇ।
ਅਲਟਰਾਸਾਊਂਡ ਇਮੀਊਨੋਥੈਰਿਪੀ ਦਾ ਵੀ ਇੱਕ ਚੰਗਾ ਸਾਥੀ ਹੋ ਸਕਦਾ ਹੈ। ਜਿਸ ਵਿੱਚ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਉਤੇਜਿਤ ਕੀਤਾ ਜਾਂਦਾ ਹੈ ਤਾਂ ਜੋ ਉਹ ਕੈਂਸਰ ਦੇ ਸਰੀਰ ਦੀ ਕੁਦਰਤੀ ਰੱਖਿਆ ਪ੍ਰਣਾਲੀ ਤੋਂ ਲੁਕੇ ਹੋਏ ਸੈੱਲਾਂ ਨੂੰ ਲੱਭ ਕੇ ਹਰਾ ਸਕੇ।
ਪ੍ਰਾਈਸ ਦੱਸਦੇ ਹਨ ਕਿ ਕੇਂਦਰਿਤ ਅਲਟਰਾਸਾਊਂਡ ਦੀ ਗਰਮੀ ਨਾਲ ਜਦੋਂ ਕੈਂਸਰ ਦੇ ਤੰਤੂ ਟੁੱਟਦੇ ਹਨ, ਤਾਂ (ਸਰੀਰ ਦੀ ਰੋਗਾਂ ਨਾਲ ਲੜਨ ਦੀ ਪ੍ਰਣਾਲੀ ਨੂੰ ਨਜ਼ਰ ਆਉਣ ਲਗਦੇ ਹਨ। ਨਤੀਜੇ ਵਜੋਂ, ਬੀਮਾਰੀਆਂ ਨਾਲ ਲੜਨ ਦੀ ਪ੍ਰਣਾਲੀ ਲਈ ਉਨ੍ਹਾਂ ਨੂੰ ਨਸ਼ਟ ਕਰਨਾ ਸੁਖਾਲਾ ਹੋ ਜਾਂਦਾ ਹੈ।
ਪ੍ਰਾਈਸ ਦਾ ਕਹਿਣਾ ਹੈ ਕਿ ਭਵਿੱਖੀ ਖੋਜ ਲਈ ਇੱਕ ਦਿਸ਼ਾ ਇਹ ਨਿਰਧਾਰਿਤ ਕਰਨਾ ਹੋ ਸਕਦੀ ਹੈ ਕਿ ਅਲਟਰਾਸਾਊਂਡ ਨੂੰ ਹੋਰ ਵਿਧੀਆਂ ਨਾਲ ਮਿਲਾਉਣਾ ਕੀ ਵਿਗੜੇ ਹੋਏ ਕੈਂਸਰ ਦੇ ਇਲਾਜ ਵਿੱਚ ਵੀ ਕਾਰਗਰ ਹੋਵੇਗਾ।
ਮੈਟਾਸਟੈਟਿਕ ਕੈਂਸਰ ਦਾ ਇਲਾਜ ਸਥਾਨਕ ਕੈਂਸਰ ਦੇ ਇਲਾਜ ਨਾਲੋਂ ਮੁਸ਼ਕਿਲ ਹੁੰਦਾ ਹੈ। ਜਦੋਂ ਕੈਂਸਰ ਸਾਰੇ ਸਰੀਰ ਵਿੱਚ ਫੈਲ ਜਾਂਦਾ ਹੈ ਤਾਂ ਸਿਰਫ ਕਿਸੇ ਇੱਕ ਰਸੌਲੀ ਨੂੰ ਹਟਾਉਣਾ ਕਾਫੀ ਨਹੀਂ ਰਹਿੰਦਾ।

ਤਸਵੀਰ ਸਰੋਤ, Getty Images
ਪ੍ਰਾਈਸ ਮੁਤਾਬਕ ਇਸ ਦੀ ਕੁੰਜੀ ਇਹ ਹੋ ਸਕਦੀ ਕਿ ਵਿਗਿਆਨੀ ਕਿਸੇ ਦਿਨ ਅਲਟਰਾਸਾਊਂਡ ਦੀ ਮਦਦ ਨਾਲ ਕਿਸੇ ਰਸੌਲੀ ਨੂੰ ਉਸਦੇ ਛੁਪਣ ਦੀ ਥਾਂ ਤੋਂ ਬਾਹਰ ਕੱਢ ਸਕਣ, ਜਿੱਥੋਂ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ( ਉਸ ਨਾਲ ਨਿਪਟ ਸਕੇ।
ਉਨ੍ਹਾਂ ਦਾ ਕਹਿਣਾ ਹੈ ਕਿ ਇਸਦੀ ਕਿਸੇ ਵੀ ਕਿਸਮ ਦੇ ਟਰਾਇਲਾਂ ਵਿੱਚ ਜਾਂਚ ਤਾਂ ਅਜੇ ਹੋਣੀ ਹੈ ਪਰ ਸਿਧਾਂਤਕ ਰੂਪ ਵਿੱਚ ਡਾਕਟਰ "ਕਿਸੇ ਇੱਕ ਰਸੌਲੀ ਦਾ ਇਲਾਜ ਕਰਕੇ 10,15, 20 ਰਸੌਲੀਆਂ ਦਾ ਇਲਾਜ ਕਰ ਸਕਦੇ ਹਨ।"
ਪ੍ਰਾਈਸ ਸੁਚੇਤ ਕਰਦੇ ਹਨ ਕਿ ਅਲਟਰਾਸਾਊਂਡ ਅਤੇ ਇਮਿਊਨੋਥੈਰਿਪੀ ਦੇ ਟਰਾਇਲ ਅਜੇ ਸ਼ੁਰੂਆਤੀ ਪੱਧਰਾਂ ਉੱਤੇ ਹਨ। ਇਸ ਦਾ ਅਰਥ ਹੈ ਕਿ ਇਹ ਵਿਧੀਆਂ ਇਕੱਠੇ ਰੂਪ ਵਿੱਚ ਕੀ, ਕਦੋਂ ਅਤੇ ਕਿਵੇਂ ਕਾਰਗਰ ਹਨ ਇਹ ਜਾਨਣ ਲਈ ਹੋਰ ਖੋਜ ਦੀ ਲੋੜ ਹੈ।
ਲੇਕਿਨ ਅਲਟਰਾਸਾਊਂਡ ਵਿਧੀਆਂ ਜੋ ਪਹਿਲਾਂ ਤੋਂ ਵਰਤੀਆਂ ਜਾ ਰਹੀਆਂ ਹਨ ਅਤੇ ਕੈਂਸਰ ਦੇ ਇਲਾਜ ਵਿੱਚ ਨਵੇਂ ਯੁੱਗ ਦਾ ਮੁੱਢ ਬੰਨ੍ਹ ਰਹੀਆਂ ਹਨ।
ਕੈਂਸਰ ਦੇ ਇਲਾਜ ਵਿੱਚ ਅਲਟਰਾਸਾਊਂਡ ਦੀਆਂ ਵਿਧੀਆਂ ਪਹਿਲਾਂ ਤੋਂ ਵਰਤੀਆਂ ਜਾ ਰਹੀਆਂ ਹਨ, ਉਹ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੀਆਂ ਹਨ।
ਜੋ ਕਿ ਸਰਜਰੀ, ਕੀਮੋਥੈਰੇਪੀ ਅਤੇ ਵਿਕਰਣਾਂ ਵਰਗੀਆਂ ਪ੍ਰਭਾਵਸ਼ਾਲੀ ਪਰ ਨੁਕਸਾਨ ਪਹੁੰਚਾਉਣ ਵਾਲੀਆਂ ਥੈਰੇਪੀਆਂ ਦੀ ਥਾਂ ਲੈਣ, ਜਾਂ ਇਸ ਨੂੰ ਬਿਹਤਰ ਬਣਾਉਣ ਦਾ ਟੀਚਾ ਰੱਖਦੀ ਹੈ। ਸ਼ੂ ਮੁਤਾਬਕ,"ਕੈਂਸਰ ਭਿਆਨਕ ਹੈ,"ਕੈਂਸਰ ਦਾ ਇਲਾਜ ਇਸ ਨੂੰ ਹੋਰ ਵੀ ਬਦਤਰ ਬਣਾ ਦਿੰਦਾ ਹੈ।"
ਸ਼ੂ ਕਹਿੰਦੇ ਹਨ,"ਅਲਟਰਾਸਾਊਂਡ ਕੈਂਸਰ ਦਾ "ਜਾਦੂਈ ਇਲਾਜ" ਨਹੀਂ ਹੈ, ਕਿਸੇ ਵੀ ਡਾਕਟਰੀ ਇਲਾਜ ਵਾਂਗ, ਇਸ ਦੀਆਂ ਵੀ ਕਮੀਆਂ ਅਤੇ ਘਾਟਾਂ ਹਨ।"
ਲੇਕਿਨ ਜਿਵੇਂ ਉਨ੍ਹਾਂ ਨੇ ਦਹਾਕਿਆਂ ਪਹਿਲਾਂ ਆਪਣੀ ਲੈਬ ਦੇ ਸਾਥੀਆਂ ਨੂੰ ਪ੍ਰੇਸ਼ਾਨ ਕਰਨ ਵਾਲੇ ਸ਼ੋਰ ਤੋਂ ਬਚਾਇਆ ਸੀ, ਉਸੇ ਤਰ੍ਹਾਂ ਸ਼ੀ ਨੂੰ ਉਮੀਦ ਹੈ ਕਿ ਉਨ੍ਹਾਂ ਦੀ (ਅਤੇ ਹੋਰ ਵਿਗਿਆਨੀਆਂ ਦੀਆਂ ਖੋਜਾਂ) ਆਉਣ ਵਾਲੇ ਸਾਲਾਂ ਵਿੱਚ ਮਰੀਜ਼ਾਂ ਨੂੰ ਗੈਰ-ਜ਼ਰੂਰੀ ਤਕਲੀਫ਼ ਤੋਂ ਬਚਾਉਣ ਵਿੱਚ ਮਦਦ ਕਰਨਗੀਆਂ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












