ਪਿਸ਼ਾਬ ਦਾ ਰੰਗ ਲਾਲ, ਪੀਲਾ, ਗੁਲਾਬੀ ਜਾਂ ਹਰਾ ਹੋਣਾ ਤੁਹਾਡੀ ਸਿਹਤ ਬਾਰੇ ਕੀ ਦੱਸਦਾ ਹੈ? ਤੁਹਾਨੂੰ ਕਦੋਂ ਚਿੰਤਤ ਹੋਣਾ ਚਾਹੀਦਾ ਹੈ?

    • ਲੇਖਕ, ਡੈਨ ਬਾਮਗਾਈਟ
    • ਰੋਲ, ਦਿ ਕਨਵਰਸੇਸ਼ਨ

ਲਾਲ, ਪੀਲਾ, ਗੁਲਾਬੀ ਅਤੇ ਹਰਾ। ਤੁਹਾਡੇ ਪਿਸ਼ਾਬ ਦਾ ਰੰਗ ਇੰਦਰਧਨੁਸ਼ ਜਿਹਾ ਵੀ ਹੋ ਸਕਦਾ ਹੈ। ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਇਹ ਬੈਂਗਣੀ, ਜਾਮਣੀ, ਨਾਰੰਗੀ ਜਾਂ ਫਿਰ ਨੀਲੇ ਰੰਗ ਦਾ ਵੀ ਹੋ ਸਕਦਾ ਹੈ।

ਇੰਨਾ ਹੀ ਨਹੀਂ ਇਸ ਤੋਂ ਇਲਾਵਾ ਤੁਹਾਡਾ ਪਿਸ਼ਾਬ ਕੁਝ ਅਜਿਹੇ ਰੰਗਾਂ ਦਾ ਵੀ ਹੋ ਸਕਦਾ ਹੈ ਜੋ ਆਮਤੌਰ ਉੱਤੇ ਨਹੀਂ ਹੁੰਦਾ।

ਪਿਸ਼ਾਬ ਜਾਂ ਯੂਰੀਨ ਦੇ ਰਾਹੀਂ ਸਾਡਾ ਸਰੀਰ ਗੰਦਗੀ ਜਾਂ ਕਚਰੇ ਨੂੰ ਬਾਹਰ ਕੱਢਦਾ ਹੈ।

ਇਸ ਵਿੱਚ ਸਰੀਰ ਵਿੱਚ ਪ੍ਰੋਟੀਨ, ਮਾਸਪੇਸ਼ੀਆਂ ਅਤੇ ਲਾਲ ਸੈੱਲਾਂ ਦੇ ਟੁੱਟਣ ਜਾਂ ਨਸ਼ਟ ਹੋਣ ਦੀ ਪ੍ਰਕਿਰਿਆ ਕਾਰਨ ਬਣਦਾ ਨਾਈਟ੍ਰੋਜਨਸ ਕਚਰਾ ਵੀ ਸ਼ਾਮਲ ਹੁੰਦਾ ਹੈ।

ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਹਨ ਜੋ ਪਿਸ਼ਾਬ ਰਾਹੀਂ ਸਰੀਰ ਤੋਂ ਬਾਹਰ ਆਉਂਦੀਆਂ ਹਨ ਜਿਵੇਂ ਵਿਟਾਮਿਨ ਅਤੇ ਦਵਾਈਆਂ।

ਪਰ ਅਜਿਹੀਆਂ ਬਹੁਤ ਚੀਜ਼ਾਂ ਹਨ ਜੋ ਪਿਸ਼ਾਬ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਅਤੇ ਜਦੋਂ ਅਸੀਂ ਡਾਕਟਰ ਕੋਲ ਜਾਂਦੇ ਹਾਂ ਤਾਂ ਇੱਕ ਸਵਾਲ ਉਹ ਅਕਸਰ ਪੁੱਛਦੇ ਹਨ ਕਿ "ਤੁਹਾਡੇ ਪਿਸ਼ਾਬ ਦਾ ਰੰਗ ਕੀ ਹੈ?"

ਇਸ ਸਵਾਲ ਦਾ ਜਵਾਬ ਡਾਕਟਰ ਨੂੰ ਮਰੀਜ਼ ਦੀ ਬਿਮਾਰੀ ਅਤੇ ਹੋਰ ਇਲਾਜ ਨੂੰ ਸਮਝਣ ਵਿਚ ਮਦਦ ਕਰਦਾ ਹੈ।

ਜੇਕਰ ਪਿਸ਼ਾਬ ਦਾ ਰੰਗ ਲਾਲ ਹੈ ਤਾਂ...

ਜੇਕਰ ਪਿਸ਼ਾਬ ਦਾ ਰੰਗ ਲਾਲ ਹੋਵੇ ਤਾਂ ਆਮ ਤੌਰ 'ਤੇ ਇਸਦਾ ਮਤਲਬ ਹੁੰਦਾ ਹੈ ਕਿ ਇਸ ਵਿੱਚ ਖੂਨ ਆ ਰਿਹਾ ਹੈ।

ਅਜਿਹਾ ਪਿਸ਼ਾਬ ਤੰਤਰ ਨਾਲ ਜੁੜੇ ਕਿਸੇ ਵੀ ਹਿੱਸੇ ਵਿੱਚ ਆਈ ਦਿੱਕਤ ਕਾਰਨ ਹੋ ਸਕਦਾ ਹੈ।

ਜੇਕਰ ਗੁਰਦਿਆਂ, ਬਲੈਡਰ ਅਤੇ ਪ੍ਰੋਸਟੇਟ ਅਤੇ ਪਿਸ਼ਾਬ ਨਾਲੀ ਨਾਲ ਜੁੜੀ ਕਿਸੇ ਵੀ ਨਲੀ ਵਿੱਚ ਖੂਨ ਵਗ਼ ਰਿਹਾ ਹੈ, ਤਾਂ ਪਿਸ਼ਾਬ ਲਾਲ ਹੋ ਸਕਦਾ ਹੈ।

ਪਿਸ਼ਾਬ ਰਾਹੀਂ ਨਿਕਲ ਰਿਹਾ ਖੂਨ ਕਿਹੋ ਜਿਹਾ ਦਿਖੇਗਾ ਇਹ ਕਈ ਗੱਲਾਂ ਉੱਤੇ ਨਿਰਭਰ ਕਰਦਾ ਹੈ।

ਜਿਵੇਂ ਕਿ ਇਸ ਦੀ ਮਾਤਰਾ ਕਿੰਨੀ ਹੈ, ਇਹ ਕਿੰਨਾ ਤਾਜ਼ਾ ਹੈ ਅਤੇ ਪਿਸ਼ਾਬ ਜਾਣ ਦੇ ਸਮੇਂ ਇਹ ਵੱਖ-ਵੱਖ ਸਮੇਂ ਵੱਖ-ਵੱਖ ਰੰਗ ਦਾ ਹੋ ਸਕਦਾ ਹੈ।

ਜੇਕਰ ਜ਼ਿਆਦਾ ਮਾਤਰਾ ਵਿੱਚ ਖੂਨ ਨਿਕਲਦਾ ਹੈ, ਤਾਂ ਸੰਭਵ ਹੈ ਕਿ ਪਿਸ਼ਾਬ ਦਾ ਰੰਗ ਇੰਨਾ ਗੂੜਾ ਹੋ ਸਕਦਾ ਹੈ ਕਿ ਇਹ ਲਾਲ ਵਾਈਨ ਵਰਗਾ ਲੱਗੇ।

ਖੂਨ ਵਹਿਣ ਦੇ ਕਈ ਕਾਰਨ ਹੋ ਸਕਦੇ ਹਨ - ਜਿਵੇਂ ਕਿ ਗੁਰਦੇ ਦੀ ਪੱਥਰੀ, ਕੈਂਸਰ, ਸਦਮਾ, ਜਾਂ ਪਿਸ਼ਾਬ ਨਾਲੀ ਵਿੱਚ ਕੋਈ ਲਾਗ।

ਬਹੁਤ ਜ਼ਿਆਦਾ ਚੁਕੰਦਰ ਖਾਣ ਨਾਲ ਵੀ ਪਿਸ਼ਾਬ ਦਾ ਰੰਗ ਲਾਲ ਹੋ ਸਕਦਾ ਹੈ।

ਪਿਸ਼ਾਬ ਦਾ ਰੰਗ ਸੰਤਰੀ ਅਤੇ ਪੀਲਾ ਕਦੋਂ ਹੁੰਦਾ ਹੈ

ਬੇਸ਼ੱਕ, ਅਸੀਂ ਜਾਣਦੇ ਹਾਂ ਕਿ ਆਮ ਹਾਲਤਾਂ ਵਿੱਚ ਸਾਡਾ ਪਿਸ਼ਾਬ ਪੀਲੇ ਰੰਗ ਦੇ ਸ਼ੇਡਸ ਵਿੱਚ ਆਉਂਦਾ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੰਨੀ ਚੰਗੀ ਤਰ੍ਹਾਂ ਪਾਣੀ ਪੀਂਦੇ ਹੋ।

ਜਿਵੇਂ-ਜਿਵੇਂ ਪਾਣੀ ਦੀ ਕਮੀ ਹੋਵੇਗੀ, ਪਿਸ਼ਾਬ ਦਾ ਰੰਗ ਗਹਿਰਾ ਪੀਲਾ ਹੁੰਦਾ ਜਾਵੇਗਾ ਅਤੇ ਇਹ ਕਦੇ-ਕਦੇ ਨਾਰੰਗੀ ਰੰਗ ਦੇ ਨੇੜੇ ਪਹੁੰਚ ਜਾਵੇਗਾ।

ਜੇਕਰ ਤੁਸੀਂ ਲੋੜੀਂਦੀ ਮਾਤਰਾ ਵਿੱਚ ਤਰਲ ਪਦਾਰਥਾਂ ਦਾ ਸੇਵਨ ਕਰ ਰਹੇ ਹੋ ਤਾਂ ਪਿਸ਼ਾਬ ਦਾ ਰੰਗ ਪਤਲਾ ਅਤੇ ਹਲਕਾ ਪੀਲਾ ਹੋ ਜਾਵੇਗਾ।

ਪਿਸ਼ਾਬ ਵਿਚਲੀ ਜਿਹੜੀ ਚੀਜ਼ ਇਸ ਨੂੰ ਪੀਲਾ ਕਰ ਦਿੰਦੀ ਹੈ ਉਸਨੂੰ ਯੂਰੋਬਿਲਿਨ ਕਿਹਾ ਜਾਂਦਾ ਹੈ।

ਇਸ ਦੇ ਬਣਨ ਦੀ ਪ੍ਰਕਿਰਿਆ ਸਰੀਰ ਵਿਚਲੇ ਪੁਰਾਣਾ ਲਾਲ ਖੂਨ ਸੈੱਲਾਂ ਦੇ ਟੁੱਟਣ ਨਾਲ ਸ਼ੁਰੂ ਹੁੰਦੀ ਹੈ।

ਇਹ ਉਹ ਖੂਨ ਦੇ ਸੈੱਲ ਹਨ ਜੋ ਹੁਣ ਆਪਣੇ ਸਭ ਤੋਂ ਵਧੀਆ ਸਰੂਪ ’ਚ ਨਹੀਂ ਰਹੀਆਂ ਅਤੇ ਉਨ੍ਹਾਂ ਨੂੰ ਸਰੀਰ ਦੇ ਤੰਤਰ ਤੋਂ ਬਾਹਰ ਕੀਤਾ ਜਾਣਾ ਜ਼ਰੂਰੀ ਹੁੰਦਾ ਹੈ।

ਇਸ ਪ੍ਰਕਿਰਿਆ ਵਿਚ ਇਕ ਕੰਪਾਊਂਡ ਬਣਦਾ ਹੈ ਜਿਸ ਨੂੰ ਬਿਲੀਰੂਬਿਨ ਕਿਹਾ ਜਾਂਦਾ ਹੈ। ਇਹ ਕੁਝ ਹੱਦ ਤੱਕ ਪਿਸ਼ਾਬ ਰਾਹੀਂ ਅਤੇ ਕੁਝ ਹੱਦ ਤੱਕ ਅੰਤੜੀਆਂ ਰਾਹੀਂ ਸਰੀਰ ਤੋਂ ਬਾਹਰ ਨਿਕਲਦਾ ਹੈ।

ਸਾਡਾ ਜਿਗਰ ਇਸ ਬਿਲੀਰੂਬਿਨ ਦੀ ਵਰਤੋਂ (ਬਾਇਲ) ਇੱਕ ਕਿਸਮ ਦਾ ਪਿੱਤ ਪੈਦਾ ਕਰਨ ਲਈ ਕਰਦਾ ਹੈ।

ਇਹ ਬਾਇਲ ਸਰੀਰ ਵਿੱਚ ਚਰਬੀ ਦੇ ਪਾਚਨ ਅਤੇ ਸੜਨ ਲਈ ਮਹੱਤਵਪੂਰਨ ਹੈ।

ਇਸੇ ਬਾਇਲ ਦੇ ਕਾਰਨ ਹੀ ਮਲ ਨੂੰ ਆਪਣਾ ਭੂਰਾ ਰੰਗ ਮਿਲਦਾ ਹੈ।

ਜਦੋਂ ਪਿੱਤ ਅੰਤੜੀ ਤੱਕ ਨਹੀਂ ਪਹੁੰਚ ਸਕਦਾ ਬਿਲੀਰੂਬਿਨ ਵਾਪਸ ਖੂਨ ਦੀਆਂ ਨਾੜੀਆਂ ਵਿੱਚ ਜਾਂਦਾ ਹੈ ਅਤੇ ਪਿਸ਼ਾਬ ਰਾਹੀਂ ਬਾਹਰ ਨਿਕਲਦਾ ਹੈ।

ਪਿੱਤ ਦਾ ਅੰਤੜੀ ਤੱਕ ਨਾ ਪਹੁੰਚਣਾ ਪਿੱਤੇ ਦੀ ਪਥਰੀ ਜਾਂ ਕੈਂਸਰ ਦੇ ਕਾਰਨ ਵੀ ਹੋ ਸਕਦਾ ਹੈ।

ਇਸ ਕਾਰਨ ਇਸ ਦਾ ਰੰਗ ਗੂੜਾ – ਸੰਤਰੀ ਜਾਂ ਭੂਰਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਬਿਲੀਰੂਬਿਨ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਚਮੜੀ ਦਾ ਰੰਗ ਵੀ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ।

ਸਰੀਰ ਦੀ ਇਸ ਸਥਿਤੀ ਨੂੰ 'ਆਬਸਟ੍ਰਟਿਵ ਜੌਂਡਿਸ' ਯਾਨੀ ਇੱਕ ਕਿਸਮ ਦਾ ਪੀਲੀਆ ਕਿਹਾ ਜਾਂਦਾ ਹੈ।

ਐਂਟੀਬਾਇਓਟਿਕ ਰਿਫੈਮਪਿਸਿਨ ਸਣੇ ਕੁਝ ਦਵਾਈਆਂ ਵੀ ਪਿਸ਼ਾਬ ਨੂੰ ਸੰਤਰੀ ਕਰਨ ਦਾ ਕਾਰਨ ਬਣ ਸਕਦੀਆਂ ਹਨ।

ਪਿਸ਼ਾਬ ਦਾ ਹਰਾ ਤੇ ਨੀਲਾ ਹੋਣਾ

ਹਰੇ ਅਤੇ ਨੀਲੇ ਪਿਸ਼ਾਬ ਦੇ ਮਾਮਲੇ ਬਹੁਤ ਘੱਟ ਹੁੰਦੇ ਹਨ। ਜੇਕਰ ਤੁਹਾਨੂੰ ਆਪਣੇ ਪਿਸ਼ਾਬ ਦਾ ਰੰਗ ਹਰਾ ਜਾਂ ਨੀਲਾ ਦਿਖੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ।

ਜੇਕਰ ਟਾਇਲਟ ਪੋਟ 'ਤੇ ਰੱਖੀ ਕਿਸੇ ਚੀਜ਼ ਕਾਰਨ ਪਿਸ਼ਾਬ ਦਾ ਰੰਗ ਅਜਿਹਾ ਨਹੀਂ ਹੋ ਰਿਹਾ ਤਾਂ ਇਸ ਦੇ ਕੀ ਕਾਰਨ ਹੋ ਸਕਦੇ ਹਨ ਕਿ ਤੁਹਾਡਾ ਸਰੀਰ ਹਰਾ ਜਾਂ ਨੀਲਾ ਪਿਸ਼ਾਬ ਕਿਉਂ ਪੈਦਾ ਕਰ ਰਿਹਾ ਹੈ।

ਜੇਕਰ ਤੁਸੀਂ ਕੁਝ ਅਜਿਹਾ ਖਾਧਾ ਹੈ ਜਿਸ ਵਿੱਚ ਕੁਝ ਖਾਧ ਪਦਾਰਥਾਂ ਨੂੰ ਰੰਗਣ ਲਈ ਹਰੇ ਜਾਂ ਨੀਲੇ ਰੰਗ ਦੀ ਵਰਤੋਂ ਕੀਤੀ ਗਈ ਹੈ, ਤਾਂ ਪਿਸ਼ਾਬ ਦਾ ਰੰਗ ਹਰਾ ਜਾਂ ਨੀਲਾ ਹੋ ਸਕਦਾ ਹੈ।

ਪਰ ਅਜਿਹਾ ਤਾਂ ਹੀ ਹੋਵੇਗਾ ਜੇਕਰ ਇਨ੍ਹਾਂ ਦੀ ਜ਼ਿਆਦਾ ਮਾਤਰਾ ਵਿੱਚ ਖਪਤ ਕੀਤੀ ਜਾਵੇ।

ਐਨੇਸਥੈਟਿਕਸ (ਬੇਹੋਸ਼ ਕਰਨ ਵਾਲੀਆਂ ਦਵਾਈਆਂ), ਵਿਟਾਮਿਨਾਂ, ਐਂਟੀਹਿਸਟਾਮਾਈਨਜ਼ ਵਰਗੀਆਂ ਕੁਝ ਦਵਾਈਆਂ ਖਾਣ ਨਾਲ ਵੀ ਪਿਸ਼ਾਬ ਦਾ ਰੰਗ ਹਰਾ ਜਾਂ ਨੀਲਾ ਹੋ ਸਕਦਾ ਹੈ।

ਇੱਕ ਦਿਲਚਸਪ ਤੱਥ ਇਹ ਹੈ ਕਿ ਕੁਝ ਬੈਕਟੀਰੀਆ(ਜੀਵਾਣੂ) ਵੀ ਅਜਿਹੇ ਮਿਸ਼ਰਣ ਬਣਾਉਂਦੇ ਹਨ ਜੋ ਹਰੇ ਰੰਗ ਦੇ ਹੁੰਦੇ ਹਨ।

ਬੈਕਟੀਰੀਆ ਸੂਡੋਮੋਨਾਸ ਐਰੂਗਿਨੋਸਾ ਇੱਕ ਨੀਲੇ-ਹੀਰੇ ਰੰਗ ਦਾ ਪਾਇਓਸਾਈਨਿਨ ਤਰਲ ਪੈਦਾ ਕਰਦਾ ਹੈ।

ਪਿਸ਼ਾਬ ਦੀ ਲਾਗ ਇੱਕ ਦੁਰਲੱਭ ਸਥਿਤੀ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਵਿਅਕਤੀ ਨੂੰ ਪਿਸ਼ਾਬ ਕਰਦੇ ਸਮੇਂ ਜਲਣ ਅਤੇ ਦਰਦ ਤੋਂ ਲੰਘਣਾ ਪੈਂਦਾ ਹੈ।

ਪਿਸ਼ਾਬ ਜਾਮਣੀ ਰੰਗ ਦਾ ਕਦੋਂ ਹੁੰਦਾ ਹੈ

ਪਿਸ਼ਾਬ ਦਾ ਰੰਗ ਜਾਮਣੀ ਜਾਂ ਬੈਂਗਣੀ ਬਹੁਤ ਘੱਟ ਹੁੰਦਾ ਹੈ। ਇਸਦਾ ਇੱਕ ਸੰਭਵ ਕਾਰਨ ਪੋਰਫਾਇਰਿਆ ਹੈ।

ਇਹ ਇੱਕ ਜੈਨੇਟਿਕ ਬਿਮਾਰੀ ਹੈ ਜੋ ਚਮੜੀ ਅਤੇ ਨਾੜੀ ਤੰਤਰ ਨੂੰ ਪ੍ਰਭਾਵਿਤ ਕਰਦੀ ਹੈ।

ਇਸ ਦਾ ਦੂਜਾ ਕਾਰਨ ਪਰਪਲ ਯੂਰੀਨ ਬੈਗ ਸਿੰਡਰੋਮ ਨਾਂ ਦੀ ਦੁਰਲੱਭ ਬੀਮਾਰੀ ਹੈ ਜੋ ਪਿਸ਼ਾਬ ਦੀ ਲਾਗ ਕਾਰਨ ਹੁੰਦੀ ਹੈ।

ਇਹ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਕੈਥੀਟਰ (ਸਰੀਰ ਵਿੱਚੋਂ ਪਿਸ਼ਾਬ ਕੱਢਣ ਲਈ ਡਾਕਟਰੀ ਤੌਰ 'ਤੇ ਵਰਤਿਆ ਜਾਣ ਵਾਲਾ ਯੰਤਰ) ਨਾਲ ਪੇਸ਼ਾਬ ਨੂੰ ਜਾਮਣੀ ਕਰ ਦਿੰਦਾ ਹੈ।

ਜਾਮਨੀ ਜਾਂ ਗੁਲਾਬੀ

ਜਾਮਨੀ ਜਾਂ ਗੁਲਾਬੀ ਚੁਕੰਦਰ ਦਾ ਥੋੜ੍ਹਾ ਜਿਹਾ ਸੇਵਨ ਕਰਨ ਨਾਲ ਪਿਸ਼ਾਬ ਦਾ ਰੰਗ ਗੂੜ੍ਹੇ ਲਾਲ ਦੀ ਬਜਾਏ ਗੁਲਾਬੀ ਹੋ ਸਕਦਾ ਹੈ।

ਜਦੋਂ ਅਜਿਹਾ ਹੁੰਦਾ ਹੈ, ਤਾਂ ਪਿਸ਼ਾਬ ਦੇ ਡਾਕਟਰ ਇਸ ਦੀ ਤੁਲਨਾ ਰੋਜ਼ ਵਾਈਨ ਨਾਲ ਕਰਦੇ ਹਨ।

ਹੋਰ ਰੰਗ

ਪਿਸ਼ਾਬ ਦੇ ਕੁਝ ਹੋਰ ਰੰਗ ਵੀ ਹੋ ਸਕਦੇ ਹਨ ਜੋ ਸਤਰੰਗੀ ਪੀਂਘ(ਇੰਦਰਧਨੁਸ਼) ਦਾ ਹਿੱਸਾ ਨਹੀਂ ਹਨ।

ਜੇਕਰ ਪਿਸ਼ਾਬ ਭੁਰੇ ਜਾਂ ਕਾਲੇ ਰੰਗ ਦਾ ਹੋਵੇ ਤਾਂ ਡਾਕਟਰ ਇਸ ਦੀ ਤੁਲਨਾ ਕੋਕਾ-ਕੋਲਾ ਨਾਲ ਕਰ ਸਕਦਾ ਹੈ।

ਕਈ ਵਾਰ ਇਹ ਮਾਸਪੇਸ਼ੀਆਂ ਦੇ ਟੁੱਟਣ ਅਤੇ ਮਾਇਓਗਲੋਬਿਨ ਨਾਮ ਦੇ ਮਿਸ਼ਰਣ ਵਿੱਚ ਤਬਦੀਲ ਹੋਣ ਕਾਰਨ ਵੀ ਹੁੰਦਾ ਹੈ। ਅਜਿਹਾ ਇੱਕ ਗੰਭੀਰ ਬਿਮਾਰੀ ਕਾਰਨ ਵੀ ਹੋ ਸਕਦਾ ਹੈ ਜਿਸਨੂੰ ਰੈਬਡੋਮਯੋਲਿਸਿਸ ਕਿਹਾ ਜਾਂਦਾ ਹੈ।

ਇਸ ਦਾ ਕਾਰਨ ਬਹੁਤ ਜ਼ਿਆਦਾ ਮਿਹਨਤ ਜਾਂ ਕੁਝ ਦਵਾਈਆਂ ਦੀ ਵਰਤੋਂ ਕਰਨਾ ਹੋ ਸਕਦਾ ਹੈ।

ਇਹ ਬਿਲੀਰੂਬਿਨ ਤੋਂ ਵੀ ਆ ਸਕਦਾ ਹੈ। ਬਿਲੀਰੂਬਿਨ ਪਿਸ਼ਾਬ ਦਾ ਰੰਗ ਇੰਨਾ ਗੂੜਾ ਬਣਾਉਂਦਾ ਹੈ ਕਿ ਇਹ ਸੰਤਰੀ ਦੀ ਥਾਂ ਭੂਰਾ ਦਿਖਣ ਲੱਗਦਾ ਹੈ। ਪਰ ਅਜਿਹਾ ਖੂਨ ਦੇ ਕਾਰਨ ਵੀ ਹੋ ਸਕਦਾ ਹੈ।

ਗੁਰਦਿਆਂ ਦੀ ਸੋਜਿਸ਼ (ਇਸ ਨੂੰ ਗਲੋਮੇਰੁਲੋਨੇਫ੍ਰਾਈਟਿਸ ਕਿਹਾ ਜਾਂਦਾ ਹੈ) ਖੂਨ ਵਗ਼ਣ ਦਾ ਕਾਰਨ ਬਣ ਸਕਦੀ ਹੈ। ਜਿਸ ਕਾਰਨ ਪਿਸ਼ਾਬ ਨਾਲੀ ਦੇ ਰਾਹੀਂ ਅੱਗੇ ਵਧਦੇ ਹੋਏ ਪਿਸ਼ਾਬ ਲਾਲ ਤੋਂ ਭੂਰੇ ਰੰਗ ਵਿੱਚ ਬਦਲ ਜਾਂਦਾ ਹੈ।

ਰੰਗਹੀਣ ਪਿਸ਼ਾਬ ਵੀ ਹੁੰਦਾ ਹੈ। ਹਾਲਾਂਕਿ, ਪਿਸ਼ਾਬ ਦਾ ਰੰਗ ਗੂੜਾ ਪੀਲਾ ਨਹੀਂ ਹੋਣਾ ਚਾਹੀਦਾ ਹੈ। ਪਰ ਵੱਧ ਮਾਤਰਾ ਵਿੱਚ ਪਤਲਾ ਪਿਸ਼ਾਬ ਵੀ ਕਿਸੇ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਫਿਰ ਚਾਹੇ ਇਹ ਸ਼ੂਗਰ ਦੇ ਕਾਰਨ ਹੋਵੇ ਜਾਂ ਜ਼ਿਆਦਾ ਸ਼ਰਾਬ ਪੀਣ ਕਾਰਨ।

ਇਸ ਤੋਂ ਬੱਸ ਇਹ ਪਤਾ ਲੱਗਦਾ ਹੈ ਕਿ ਸਾਡਾ ਪਿਸ਼ਾਬ ਕਿੰਨੇ ਵੱਖ-ਵੱਖ ਰੰਗਾਂ ਦਾ ਹੋ ਸਕਦਾ ਹੈ। ਇਹ ਵੱਖ ਵੱਖ ਸਰੀਰਕ ਦਿੱਕਤਾਂ ਬਾਰੇ ਸੰਕੇਤ ਦੇ ਸਕਦਾ ਹੈ। ਇਹ ਕਿਸੇ ਵੀ ਤਰ੍ਹਾਂ ਹਰ ਸਮੱਸਿਆ ਦੀ ਸੂਚੀ ਨਹੀਂ ਹੈ।

ਪਰ ਪਿਸ਼ਾਬ ਦਾ ਰੰਗ ਬਦਲਣ ਦੇ ਕਾਰਨਾਂ ਨੂੰ ਸਮਝ ਕੇ, ਤੁਸੀਂ ਇਹ ਫੈਸਲਾ ਕਰ ਸਕਦੇ ਹੋ ਕਿ ਤੁਹਾਨੂੰ ਪਾਣੀ ਪੀਣ ਦੀ ਜ਼ਰੂਰਤ ਹੈ ਜਾਂ ਡਾਕਟਰ ਨੂੰ ਮਿਲਣ ਦੀ।

ਡੈਨ ਬੌਮਗਾਰਡਟ ਯੂਨੀਵਰਸਿਟੀ ਆਫ ਬ੍ਰਿਸਟਲ ਵਿੱਚ ਫਿਜ਼ੀਓਲੋਜੀ, ਫਾਰਮਾਕੋਲੋਜੀ ਅਤੇ ਨਿਊਰੋਸਾਇੰਸ ਦੇ ਪ੍ਰੋਫੈਸਰ ਹਨ। ਦ ਕੰਵਰਸੇਸ਼ਨ ਉੱਤੇ ਅੰਗਰੇਜ਼ੀ ਵਿੱਚ ਉਨ੍ਹਾਂ ਦਾ ਲੇਖ ਦਾ ਪੜ੍ਹਨ ਲਈ ਇੱਥੇ ਕਲਿੱਕ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)