ਆਈਐੱਸ ਦੇ ਮੁਖੀ ਬਗਦਾਦੀ ਦੀ ਪਤਨੀ ਉਸ ਦੇ ਕੱਪੜਿਆਂ ਦੀ ਤਲਾਸ਼ੀ ਕਿਉਂ ਲੈਂਦੀ ਸੀ

ਇਰਾਕ ਦੀ ਜੇਲ੍ਹ ਅੰਦਰੋਂ ਹੋਈ ਇੱਕ ਖਾਸ ਗੱਲਬਾਤ ਵਿੱਚ, ਇਸਲਾਮਿਕ ਸਟੇਟ ਗਰੁੱਪ ਦੇ ਮਰਹੂਮ ਆਗੂ ਅਬੂ ਬਕਰ ਅਲ-ਬਗਦਾਦੀ ਦੀ ਵਿਧਵਾ ਨੇ ਆਪਣੀ ਜ਼ਿੰਦਗੀ ਦੇ ਕੁਝ ਪਹਿਲੂ ਸਾਂਝੇ ਕੀਤੇ ਹਨ।
ਉਮ ਹੁਦੈਫਾ, ਅਬੂ ਬਕਰ ਅਲ-ਬਗਦਾਦੀ ਦੀ ਪਹਿਲੀ ਪਤਨੀ ਸੀ।
ਉਮ ਹੁਦੈਫਾ ਦਾ ਅਬੂ ਨਾਲ ਨਿਕਾਹ ਉਦੋਂ ਹੋਇਆ ਜਦੋਂ ਉਹ ਸੀਰੀਆ ਅਤੇ ਇਰਾਕ ਦੇ ਵੱਡੇ ਖੇਤਰ ਵਿੱਚ ਆਈਐੱਸ ਦੇ ਬੇਰਹਿਮ ਸ਼ਾਸਨ ਦਾ ਲੀਡਰ ਸੀ। ਹੁਣ ਉਮ ਹੁਦੈਫਾ ਨੂੰ ਇਰਾਕ ਦੀ ਇੱਕ ਜੇਲ੍ਹ ਵਿੱਚ ਰੱਖਿਆ ਗਿਆ ਹੈ ਅਤੇ ਅੱਤਵਾਦ ਸਬੰਧੀ ਜੁਰਮਾਂ ਲਈ ਉਸ ਦੀ ਭੂਮਿਕਾ ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ।
ਸਾਲ 2014 ਦੀਆਂ ਗਰਮੀਆਂ ਵਿੱਚ, ਉਮ ਹੁਦੈਫਾ ਆਪਣੇ ਪਤੀ ਨਾਲ ਆਈਐੱਸ ਦੀ ਡੂੰਘੀ ਪਕੜ ਵਾਲੇ ਰੱਕਾ ਵਿੱਚ ਰਹਿ ਰਹੇ ਸਨ।
ਕੱਟੜਵਾਦੀ ਜੇਹਾਦੀ ਲੀਡਰ ਵਜੋਂ ਅਬੂ ਬਕਰ ਅਲ ਬਗਦਾਦੀ ਅਕਸਰ ਹੋਰ ਥਾਂਵਾਂ ਉੱਤੇ ਰਹਿੰਦੇ ਸੀ। ਇਸ ਦੌਰਾਨ ਉਨ੍ਹਾਂ ਨੇ ਇੱਕ ਵਾਰ ਘਰ ਤੋਂ ਆਪਣੇ ਦੋ ਪੁੱਤਰਾਂ ਨੂੰ ਲਿਆਉਣ ਲਈ ਇੱਕ ਗਾਰਡ ਨੂੰ ਭੇਜਿਆ ਸੀ।
ਉਮ ਹੁਦੈਫੀ ਦੱਸਦੇ ਹਨ, “ਉਸ ਨੇ ਮੈਨੂੰ ਦੱਸਿਆ ਸੀ ਕਿ ਮੁੰਡਿਆਂ ਨੂੰ ਤੈਰਾਕੀ ਸਿਖਾਉਣ ਲਈ ਲਿਜਾ ਰਹੇ ਹਨ। ”
ਉਨ੍ਹਾਂ ਦੇ ਘਰ ਇੱਕ ਟੈਲੀਵਿਜ਼ਨ ਸੀ, ਜਿਸ ਨੂੰ ਉਮ ਚੋਰੀਓਂ ਦੇਖਿਆ ਕਰਦੇ ਸਨ। ਉਹ ਕਹਿੰਦੇ ਹਨ, “ਜਦੋਂ ਉਹ ਘਰ ਨਹੀਂ ਹੁੰਦਾ ਸੀ, ਉਦੋਂ ਮੈਂ ਟੀਵੀ ਚਲਾਉਂਦੀ ਸੀ।”
ਅਬੂ ਨੂੰ ਲੱਗਦਾ ਸੀ ਕਿ ਉਹ ਟੀਵੀ ਕੰਮ ਨਹੀਂ ਕਰਦਾ। ਉਮ ਦਾ ਕਹਿਣਾ ਹੈ ਕਿ ਉਹ ਦਾ ਦੁਨੀਆ ਨਾਲ਼ੋਂ ਟੁੱਟ ਗਏ ਸਨ ਅਤੇ ਬਗਦਾਦੀ ਨੇ ਉਨ੍ਹਾਂ ਨੂੰ 2007 ਤੋਂ ਨਾ ਟੀਵੀ ਦੇਖਣ ਦਿੱਤਾ ਅਤੇ ਨਾ ਮੋਬਾਈਲ ਫ਼ੋਨ ਜਿਹੀ ਤਕਨੀਕ ਵਰਤਣ ਦਿੱਤੀ।
ਉਹ ਦੱਸਦੇ ਹਨ ਕਿ ਜਿਸ ਦਿਨ ਗਾਰਡ ਉਨ੍ਹਾਂ ਦੇ ਬੇਟਿਆਂ ਨੂੰ ਘਰੋਂ ਲੈ ਕੇ ਗਿਆ, ਉਸ ਦੇ ਕੁਝ ਦਿਨ ਬਾਅਦ ਉਸ ਨੇ ਟੀਵੀ ਚਲਾਇਆ ਤਾਂ ਉਸ ਨੂੰ ਬੇਹਦ ਹੈਰਾਨੀਜਨਕ ਖ਼ਬਰ ਮਿਲੀ। ਉਨ੍ਹਾਂ ਨੇ ਆਪਣੇ ਪਤੀ ਨੂੰ ਉੱਤਰੀ ਇਰਾਕ ਦੇ ਮੌਸੂਲ ਸ਼ਹਿਰ ਦੀ ਅੱਲ ਨੂਰੀ ਮਸਜਿਦ ਵਿੱਚ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਦੇਖਿਆ।
ਉਦੋਂ ਬਗਦਾਦੀ ਨੇ ਪਹਿਲੀ ਵਾਰ ਆਪਣੇ-ਆਪ ਨੂੰ ਸਵੈ-ਘੋਸ਼ਿਤ ਇਸਲਾਮੀ ਖ਼ਲੀਫ਼ਾ ਦੇ ਮੁਖੀ ਵਜੋਂ ਪੇਸ਼ ਕੀਤਾ। ਉਦੋਂ ਬਗਦਾਦੀ ਦੇ ਲੜਾਕਿਆਂ ਵੱਲੋਂ ਉਸ ਖੇਤਰ ਉੱਤੇ ਕਬਜ਼ਾ ਕੀਤੇ ਜਾਣ ਨੂੰ ਕੁਝ ਹਫ਼ਤੇ ਹੀ ਬੀਤੇ ਸਨ।
ਅਲ-ਬਗਦਾਦੀ ਦੀ ਲੰਬੇ ਸਮੇਂ ਬਾਅਦ ਪਹਿਲੀ ਵਾਰ ਸਾਹਮਣੇ ਆਉਣ ਦੀ ਫੁਟੇਜ ਦੁਨੀਆਂ ਭਰ ਵਿੱਚ ਦੇਖੀ ਗਈ। ਉਸ ਦੌਰਾਨ ਬਗਦਾਦੀ ਦੇ ਲੰਬੀ ਦਾਹੜੀ ਸੀ ਅਤੇ ਕਾਲਾ ਚੋਲਾ ਪਾਇਆ ਹੋਈਆ ਸੀ ਉਹ ਮੁਸਲਮਾਨਾਂ ਤੋਂ ਵਫ਼ਾਦਾਰੀ ਦੀ ਮੰਗ ਕਰ ਰਹੇ ਸਨ। ਇਹ ਇਰਾਕ ਅਤੇ ਸੀਰੀਆ ਵਿੱਚ ਆਈਐੱਸ ਦੇ ਕਬਜ਼ੇ ਨੂੰ ਚਿੰਨ੍ਹਤ ਕਰਨ ਵਾਲਾ ਮੌਕਾ ਸੀ।
ਉਮ ਹੁਦੈਫਾ ਦਾ ਕਹਿਣਾ ਹੈ ਕਿ ਉਹ ਇਹ ਜਾਣ ਕੇ ਹੈਰਾਨ ਰਹਿ ਗਏ ਉਨ੍ਹਾਂ ਦੇ ਬੇਟੇ ਤੈਰਾਕੀ ਸਿੱਖਣ ਜਾਣ ਦੀ ਬਜਾਏ ਉਸ ਦੇ ਪਤੀ ਨਾਲ ਮੌਸੂਲ ਵਿੱਚ ਸਨ।
ਉਹ ਇਰਾਕ ਦੀ ਰਾਜਧਾਨੀ ਬਗਦਾਦ ਦੀ ਇੱਕ ਕੈਦੀਆਂ ਨਾਲ ਭਰੀ ਜੇਲ੍ਹ ਬਾਰੇ ਦੱਸਦੇ ਹਨ, ਜਿੱਥੇ ਉਨ੍ਹਾਂ ਨੂੰ ਰੱਖਿਆ ਗਿਆ ਹੈ ਅਤੇ ਆਈਐੱਸ ਵਿੱਚ ਉਨ੍ਹਾਂ ਦੀ ਭੂਮਿਕਾ ਅਤੇ ਸੰਗਠਨ ਦੇ ਜੁਰਮਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਉੱਥੇ ਕਾਫ਼ੀ ਰੌਲਾ ਸੀ ਕਿਉਂਕਿ ਨਸ਼ੇ, ਦੇਹ ਵਪਾਰ ਜਿਹੇ ਜੁਰਮਾਂ ਵਾਲੇ ਕੈਦੀਆਂ ਨੂੰ ਆਲੇ-ਦੁਆਲੇ ਘੁੰਮਾਇਆ ਜਾ ਰਿਹਾ ਸੀ ਅਤੇ ਬਾਹਰੋਂ ਭੋਜਨ ਪਹੁੰਚ ਰਿਹਾ ਸੀ।

ਤਸਵੀਰ ਸਰੋਤ, AFP
ਅਸੀਂ ਲਾਈਬ੍ਰੇਰੀ ਵਿੱਚ ਇੱਕ ਸ਼ਾਂਤ ਥਾਂ ਲੱਭੀ ਅਤੇ ਕਰੀਬ ਦੋ ਘੰਟੇ ਗੱਲ-ਬਾਤ ਕੀਤੀ। ਸਾਡੀ ਗੱਲਬਾਤ ਦੌਰਾਨ ਉਮ ਹੁਦੈਫਾ ਨੇ ਆਪਣੇ-ਆਪ ਨੂੰ ਇੱਕ ਪੀੜਤ ਵਜੋਂ ਪੇਸ਼ ਕੀਤਾ। ਜਿਸ ਨੇ ਆਪਣੇ ਪਤੀ ਤੋਂ ਬਚ ਕੇ ਭੱਜ ਨਿਕਲਣ ਦੀ ਕੋਸ਼ਿਸ਼ ਕੀਤੀ। ਉਹ ਆਈਐੱਸ ਦੀਆਂ ਬੇਰਹਿਮ ਕਾਰਵਾਈਆਂ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰਦੇ ਹਨ।
ਇਹ ਉਸ ਵਰਨਣ ਤੋਂ ਬਿਲਕੁਲ ਉਲਟ ਹੈ, ਜੋ ਆਈਐੱਸ ਮੈਂਬਰਾਂ ਵੱਲੋਂ ਅਗਵਾ ਅਤੇ ਰੇਪ ਕੀਤੇ ਯਜ਼ੀਦੀਆਂ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਗਏ ਕੇਸ ਵਿੱਚ ਕੀਤਾ ਗਿਆ ਸੀ। ਉਨ੍ਹਾਂ ਨੇ ਉਮ ਉੱਤੇ ਔਰਤਾਂ ਨੂੰ ਅਗਵਾ ਕਰਕੇ ਉਨ੍ਹਾਂ ਤੋਂ ਜਿਨਸੀ ਗੁਲਾਮੀ ਕਰਵਾਉਣ ਵਿੱਚ ਮਿਲੀਭੁਗਤ ਦਾ ਇਲਜ਼ਾਮ ਲਾਇਆ ਸੀ।
ਉਮ ਹੁਦੈਫਾ ਨੇ ਪੂਰੀ ਗੱਲਬਾਤ ਦੌਰਾਨ ਇੱਕ ਵਾਰ ਵੀ ਆਪਣਾ ਸਿਰ ਉਤਾਂਹ ਨਹੀਂ ਚੁੱਕਿਆ। ਉਨ੍ਹਾਂ ਦੇ ਸਿਆਹ ਲਿਬਾਸ ਵਿੱਚੋਂ ਚਿਹਰੇ ਦਾ ਕੁਝ ਹਿੱਸਾ ਹੀ ਦਿਸਦਾ ਸੀ।
ਉਮਾ ਹੁਦੈਫਾ ਦਾ ਜਨਮ ਇਰਾਕ ਦੇ ਇੱਕ ਰੂੜੀਵਾਦੀ ਪਰਿਵਾਰ ਵਿੱਚ 1976 ਵਿੱਚ ਹੋਇਆ ਸੀ। ਉਮ ਦਾ ਵਿਆਹ ਇਬਰਾਹਿਮ ਅਵਾਦ ਅੱਲ-ਬਾਦਰੀ ਨਾਲ ਹੋਇਆ, ਜਿਸ ਨੂੰ 1999 ਵਿੱਚ ਅਬੂ ਬਕਰ ਅਲ ਬਗਦਾਦੀ ਵਜੋਂ ਜਾਣਿਆ ਗਿਆ।

ਇਬਰਾਹਿਮ ਨੇ ਯੁਨੀਵਰਸਿਟੀ ਆਫ ਬਗਦਾਦ ਤੋਂ ਸ਼ਰੀਅਤ ਕਾਨੂੰਨ ਦੀ ਪੜ੍ਹਾਈ ਕੀਤੀ ਸੀ। ਉਮਾ ਮੁਤਾਬਕ ਉਹ ਉਸ ਵੇਲੇ ਉਹ ਧਾਰਮਿਕ ਸੀ ਪਰ ਕੱਟੜਵਾਦੀ ਨਹੀਂ ਸੀ, ਰੂੜੀਵਾਦੀ ਸੀ ਪਰ ਖੁੱਲ੍ਹੇ ਵਿਚਾਰਾਂ ਵਾਲਾ।
ਫਿਰ 2004 ਵਿੱਚ, ਇਰਾਕ ਉੱਤੇ ਅਮਰੀਕਾ ਦੀ ਅਗਵਾਈ ਵਾਲੇ ਹਮਲੇ ਤੋਂ ਸਾਲ ਬਾਅਦ ਅਮਰੀਕੀ ਫੌਜਾਂ ਨੇ ਅਲ ਬਗਦਾਦੀ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਤਕਰੀਬਨ ਇੱਕ ਸਾਲ ਲਈ ਉਸ ਨੂੰ ਅਤੇ ਕਈ ਹੋਰ ਆਦਮੀਆਂ ਨੂੰ ਕੈਂਪ ਬੱਕਾ ਦੇ ਡਿਟੈਂਸ਼ਨ ਕੇਂਦਰ ਵਿੱਚ ਰੱਖਿਆ। ਇਹ ਸਾਰੇ ਅੱਗੇ ਜਾ ਕੇ ਆਈਐੱਸ ਅਤੇ ਹੋਰ ਜਿਹਾਦੀ ਗਰੁੱਪਾਂ ਦੇ ਸੀਨੀਅਰ ਲੀਡਰ ਬਣੇ।
ਮਨੋਵਿਗਿਆਨਕ ਸਮੱਸਿਆਵਾਂ
ਉਮਾ ਹੁਦੈਫਾ ਦਾ ਦਾਅਵਾ ਹੈ ਕਿ ਰਿਹਾਈ ਦੇ ਕੁਝ ਸਾਲਾਂ ਅੰਦਰ ਉਹ ਬਦਲ ਗਿਆ। ਉਸ ਨੇ ਕਿਹਾ, “ਉਸ ਨੂੰ ਜਲਦੀ ਗ਼ੁੱਸਾ ਆਉਣ ਲੱਗ ਪਿਆ।”
ਅਲ-ਬਗਦਾਦੀ ਦੇ ਜਾਣਕਾਰ ਹੋਰ ਲੋਕ ਕਹਿੰਦੇ ਹਨ ਕਿ ਕੈਂਪ ਬੱਕਾ ਵਿੱਚ ਹਿਰਾਸਤ ਵਿੱਚ ਰੱਖੇ ਜਾਣ ਤੋਂ ਪਹਿਲਾਂ ਉਹ ਅਲ-ਕਾਇਦਾ ਨਾਲ ਜੁੜਿਆ ਹੋਇਆ ਸੀ, ਪਰ ਹੁਦੈਫਾ ਮੁਤਾਬਕ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਉਹ ਕੱਟੜਪੰਥੀ ਬਣਿਆ।
ਉਮ ਹੁਦੈਫਾ ਦੱਸਦੇ ਹਨ, “ਉਹ ਮਨੋਵਿਗਿਆਨਿਕ ਸਮੱਸਿਆਵਾਂ ਤੋਂ ਪੀੜਤ ਹੋਣ ਲੱਗਾ।” ਜਦੋਂ ਕਾਰਨ ਪੁੱਛਿਆ ਤਾਂ ਬਗਦਾਦੀ ਨੇ ਕਿਹਾ, “ਮੈਨੂੰ ਜਿਨ੍ਹਾਂ ਹਾਲਾਤ ਦਾ ਸਾਹਮਣਾ ਕਰਨਾ ਪਿਆ ਉਹ ਤੂੰ ਨਹੀਂ ਸਮਝੇਂਗੀ। ”

ਤਸਵੀਰ ਸਰੋਤ, Iraqi Intelligence Service
ਉਹ ਮੰਨਦੇ ਹਨ ਕਿ ਭਾਵੇਂ ਬਗਦਾਦੀ ਨੇ ਸਪੱਸ਼ਟ ਰੂਪ ਇਹ ਨਹੀਂ ਕਿਹਾ ਪਰ “ਹਿਰਾਸਤ ਦੌਰਾਨ ਉਸ ਨੂੰ ਜਿਨਸੀ ਤਸ਼ਦੱਦ ਦਾ ਸਾਹਮਣਾ ਕਰਨਾ ਪਿਆ।”
ਅਮਰੀਕੀ ਪ੍ਰਬੰਧ ਹੇਠ ਇਰਾਕ ਦੀ ਇੱਕ ਹੋਰ ਜੇਲ੍ਹ ਅਬੂ ਘਰੇਬ ਦੀ ਫੁਟੇਜ ਸਾਹਮਣੇ ਆਈ, ਜਿਨ੍ਹਾਂ ਤੋਂ ਜ਼ਾਹਿਰ ਹੋਇਆ ਕਿ ਕੈਦੀਆਂ ਨੂੰ ਜਿਨਸੀ ਹਰਕਤਾਂ ਦੀ ਨਕਲ ਕਰਨ ਅਤੇ ਇਤਰਾਜ਼ਯੋਗ ਮੁਦਰਾਵਾਂ ਬਣਾਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ।
ਅਸੀਂ ਉਮ ਹੁਦੈਫਾ ਦੇ ਇਲਜ਼ਾਮਾਂ ਨੂੰ ਅਮਰੀਕਾ ਦੇ ਰੱਖਿਆ ਵਿਭਾਗ ਸਾਹਮਣੇ ਰੱਖਿਆ, ਪਰ ਕੋਈ ਜਵਾਬੀ ਟਿੱਪਣੀ ਨਹੀਂ ਆਈ।
ਉਹ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪਤਾ ਕਰਨਾ ਸ਼ੁਰੂ ਕੀਤਾ ਕਿ ਕੀ ਉਹ ਕਿਸੇ ਮਿਲੀਟੈਂਟ ਗਰੁੱਪ ਨਾਲ ਸੰਬੰਧ ਰੱਖਦਾ ਹੈ?
ਉਹ ਕਹਿੰਦੇ ਹਨ, “ਜਦੋਂ ਉਹ ਘਰ ਆ ਕੇ ਨਹਾਉਣ ਜਾਂਦਾ ਜਾਂ ਸੌ ਜਾਂਦਾ ਤਾਂ ਮੈਂ ਉਸ ਦੇ ਕੱਪੜਿਆਂ ਦੀ ਤਲਾਸ਼ੀ ਲੈਂਦੀ ਸੀ।”
ਉਹ ਦੱਸਦੇ ਹਨ, “ਮੈਂ ਉਸ ਦੇ ਸਰੀਰ ਉੱਤੇ ਜ਼ਖ਼ਮ ਵੀ ਤਲਾਸ਼ਦੀ ਸੀ…ਮੈਂ ਉਲਝੀ ਹੋਈ ਸੀ।” ਲੇਕਿਨ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ।
“ਮੈਂ ਇੱਕ ਵਾਰ ਉਨ੍ਹਾਂ ਨੂੰ ਕਿਹਾ ਕਿ ‘ਤੁਸੀਂ ਗਲਤ ਰਸਤੇ ਪੈ ਗਏ ਹੋ’….ਇਸ ਨਾਲ ਉਹ ਬਹੁਤ ਭੜਕ ਗਏ ਸੀ।”
ਉਹ ਦੱਸਦੇ ਹਨ ਕਿ ਕਿਵੇਂ ਉਹ ਅਕਸਰ ਘਰ ਬਦਲਿਆ ਕਰਦੇ ਸੀ, ਝੂਠੇ ਪਛਾਣ ਪੱਤਰ ਸਨ ਅਤੇ ਉਸ ਦੇ ਪਤੀ ਨੇ ਦੂਜਾ ਨਿਕਾਹ ਕਰਵਾ ਲਿਆ ਸੀ।
ਉਮਾ ਹੁਦੈਫਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਲਾਕ ਮੰਗਿਆ ਪਰ ਬਗਦਾਦੀ ਕੋਲ ਤਲਾਕ ਬਦਲੇ ਬੱਚੇ ਛੱਡਣ ਦੀ ਸ਼ਰਤ ਰੱਖੀ ਜੋ ਕਿ ਉਮਾ ਨੂੰ ਮਨਜ਼ੂਰ ਨਹੀਂ ਸੀ। ਇਸ ਲਈ ਉਹ ਬਗਦਾਦੀ ਦੇ ਨਾਲ ਹੀ ਰਹੇ।
ਜਦੋਂ ਇਰਾਕ 2006 ਤੋਂ 2008 ਤੱਕ ਚੱਲੀ ਖੂਨੀ ਫਿਰਕੂ ਜੰਗ ਸ਼ੁਰੂ ਹੋਈ ਤਾਂ ਉਮਾ ਨੂੰ ਯਕੀਨ ਹੋ ਗਿਆ ਸੀ ਕਿ ਬਗਦਾਦੀ ਸੁੰਨੀ ਜਿਹਾਦੀ ਸੰਗਠਨ ਦਾ ਮੈਂਬਰ ਹੈ।
ਸਾਲ 2010 ਵਿੱਚ, ਉਹ ਇਸਲਾਮਿਕ ਸਟੇਟ ਆਫ ਇਰਾਕ ਦਾ ਲੀਡਰ ਬਣ ਗਏ। ਸਾਲ 2006 ਵਿੱਚ ਬਣਿਆ ਇਸਲਾਮਿਕ ਸਟੇਟ ਆਫ ਇਰਾਕ ਦੇ ਜਿਹਾਦੀ ਸੰਗਠਨਾਂ ਦਾ ਹਿੱਸਾ ਸੀ।

ਤਸਵੀਰ ਸਰੋਤ, AFP
ਉਮਾ ਹੁਦੈਫਾ ਕਹਿੰਦੇ ਹਨ, “ਅਸੀਂ ਜਨਵਰੀ 2012 ਵਿੱਚ ਸੀਰੀਆ ਦੇ ਪੇਂਡੂ ਇਲਾਕੇ ਇਦਲਿਬ ਵਿੱਚ ਰਹਿਣ ਚਲੇ ਗਏ। ਉੱਥੇ ਮੈਨੂੰ ਸਾਫ਼ ਹੋ ਗਿਆ ਕਿ ਉਹ ਆਗੂ ਹੈ।”
ਇਸਲਾਮਿਕ ਸਟੇਟ ਆਫ ਇਰਾਕ, ਉਨ੍ਹਾਂ ਸੰਗਠਨਾਂ ਵਿੱਚੋਂ ਸੀ, ਜੋ ਬਾਅਦ ਵਿੱਚ ਖ਼ਲੀਫਤ ਦਾ ਐਲਾਨ ਕਰਨ ਵਾਲਾ ਵੱਡਾ ਇਸਲਾਮਿਕ ਸਟੇਟ ਬਣਾਉਣ ਲਈ ਇਕੱਠੇ ਹੋਏ।
ਖਲੀਫਤ, ਸ਼ਰੀਅਤ ਕਾਨੂੰਨ ਨਾਲ ਚੱਲਣ ਵਾਲੇ ਇਸਲਾਮਿਕ ਰਾਜ ਨੂੰ ਕਿਹਾ ਜਾਂਦਾ ਹੈ।
ਉਹ ਦੱਸਦੇ ਹਨ ਕਿ ਉਦੋਂ ਤੋਂ ਬਗਦਾਦੀ ਨੇ ਅਫ਼ਗਾਨੀ ਲਿਬਾਸ ਪਾਉਣਾ, ਦਾਹੜੀ ਵਧਾਉਣਾ ਅਤੇ ਪਿਸਤੌਲ ਰੱਖਣਾ ਸ਼ੁਰੂ ਕਰ ਦਿੱਤਾ।
ਦੇਸ ਦੀ ਖਾਨਾਜੰਗੀ ਦੌਰਾਨ ਜਦੋਂ ਉੱਤਰੀ-ਪੱਛਮੀ ਸੀਰੀਆ ਵਿੱਚ ਸੁਰੱਖਿਆ ਖਤਰੇ ਵਿੱਚ ਪੈਣ ਲੱਗੀ ਤਾਂ ਉਹ ਰੱਕਾ ਸ਼ਹਿਰ ਵੱਲ ਚਲੇ ਗਏ ਜੋ ਕਿ ਬਾਅਦ ਵਿੱਚ ਆਈਐੱਸ ਰਾਜ ਦੀ ਰਾਜਧਾਨੀ ਵਜੋਂ ਦੇਖਿਆ ਜਾਣ ਲੱਗਿਆ। ਉਮ ਨੇ ਇੱਥੇ ਰਹਿਣ ਦੌਰਾਨ ਹੀ ਆਪਣੇ ਪਤੀ ਨੂੰ ਟੈਲੀਵਿਜ਼ਨ ਉੱਤੇ ਦੇਖਿਆ ਸੀ।
ਹਾਲਾਂਕਿ ਆਈਐੱਸ ਦਾ ਗਠਨ ਕਰਨ ਵਾਲੇ ਸੰਗਠਨਾਂ ਦੀਆਂ ਬੇਰਹਿਮੀਆਂ ਪਹਿਲਾਂ ਵੀ ਸੁਰਖੀਆਂ ਵਿੱਚ ਰਹਿੰਦੀਆਂ ਸਨ, ਪਰ 2014 ਅਤੇ 2015 ਵਿੱਚ ਇਹ ਅੱਤਿਆਚਾਰ ਹੋਰ ਵਿਆਪਕ ਅਤੇ ਭਿਆਨਕ ਹੋ ਗਏ।
ਸੰਯੁਕਤ ਰਾਸ਼ਟਰ ਦੀ ਇੱਕ ਜਾਂਚ ਟੀਮ ਨੇ ਰਿਪੋਰਟ ਕੀਤਾ ਕਿ ਉਨ੍ਹਾਂ ਨੂੰ ਆਈਐੱਸ ਵੱਲੋਂ ਇਰਾਕ ਦੇ ਯਜ਼ੀਦੀ ਘੱਟ ਗਿਣਤੀ ਭਾਈਚਾਰੇ ਦੀ ਨਸਲਕੁਸ਼ੀ ਦੇ ਸਬੂਤ ਮਿਲੇ ਹਨ। ਸੰਗਠਨ ਨੇ ਮਨੁੱਖਤਾ ਖ਼ਿਲਾਫ਼ ਜੁਰਮ ਕੀਤੇ ਹਨ ਜਿਨ੍ਹਾਂ ਵਿੱਚ ਕਤਲ, ਤਸ਼ਦੱਦ, ਅਗਵਾ ਅਤੇ ਗੁਲਾਮੀ ਸ਼ਾਮਲ ਹਨ।
'ਉਨ੍ਹਾਂ ਨੇ ਮਨੁੱਖਤਾ ਦੀਆਂ ਹੱਦਾਂ ਪਾਰ ਕੀਤੀਆਂ'
ਆਈਐੱਸ ਨੇ ਬੰਦੀਆਂ ਦਾ ਸਿਰ ਕਲਮ ਕੀਤੇ ਜਾਣ ਅਤੇ ਜੌਰਡੀਅਨ ਪਾਈਲਟ ਨੂੰ ਸਾੜਨ ਜਿਹੇ ਆਪਣੇ ਅੱਤਿਆਚਾਰ ਸੋਸ਼ਲ ਮੀਡੀਆ ਉੱਤੇ ਦਿਖਾਏ ਸਨ।
ਇੱਕ ਹੋਰ ਘਟਨਾ ਵਿੱਚ, ਉਨ੍ਹਾਂ ਨੇ ਬਗਦਾਦ ਦੇ ਉੱਤਰ ਵਿੱਚ ਸਪੀਚਰ ਆਰਮੀ ਬੇਸ ਤੋਂ ਆਪਣੇ ਘਰਾਂ ਨੂੰ ਪਰਤ ਰਹੇ ਕਰੀਬ 1700 ਸ਼ੀਆ ਟਰੇਨੀ ਇਰਾਕੀ ਸਿਪਾਹੀਆਂ ਦਾ ਕਤਲ ਕੀਤਾ ਸੀ।
ਕਈ ਔਰਤਾਂ ਜੋ ਆਈਐੱਸ ਨਾਲ ਰਹਿਣ ਲਈ ਗਈਆਂ, ਹੁਣ ਕਹਿੰਦੀਆਂ ਹਨ ਕਿ ਉਨ੍ਹਾਂ ਨੂੰ ਸਮਝ ਨਹੀਂ ਸੀ ਕਿ ਉਹ ਕਿੱਥੇ ਜਾ ਰਹੀਆਂ ਹਨ। ਮੈਂ ਉਮ ਨੂੰ ਵੀ ਇਸ ਸਮੇਂ ਬਾਰੇ ਪੁੱਛਿਆ। ਉਹ ਕਹਿੰਦੇ ਹਨ ਕਿ ਉਦੋਂ ਵੀ ਉਹ ਤਸਵੀਰਾਂ ਨਹੀਂ ਵੇਖ ਸਕਦੇ ਸਨ।
ਉਹ ਇਨ੍ਹਾਂ ਅੱਤਿਆਚਾਰਾਂ ਨੂੰ ਅਣਮਨੁੱਖੀ ਦੱਸਦਿਆਂ ਕਹਿੰਦੇ ਹਨ, “ਇਸ ਤਰ੍ਹਾਂ ਦਾ ਖੂਨ-ਖ਼ਰਾਬਾ ਕਰਨਾ ਬਹੁਤ ਭਿਆਨਕ ਹੈ ਅਤੇ ਇਸ ਲਿਹਾਜ਼ ਵਿੱਚ ਉਨ੍ਹਾਂ ਨੇ ਮਨੁੱਖਤਾ ਦੀਆਂ ਹੱਦਾਂ ਪਾਰ ਕੀਤੀਆਂ ਹਨ।”

ਤਸਵੀਰ ਸਰੋਤ, Getty Images
ਉਮ ਹੁਦੈਫਾ ਦੱਸਦੇ ਹਨ ਹੈ ਕਿ ਉਨ੍ਹਾਂ ਨੇ ਆਪਣੇ ਪਤੀ ਨੂੰ ਉਨ੍ਹਾਂ ਬੇਕਸੂਰ ਲੋਕਾਂ ਦੇ ਖੂਨ ਨਾਲ ਹੱਥ ਰੰਗੇ ਹੋਣ ਦੀ ਗੱਲ ਕਹੀ ਅਤੇ ਕਿਹਾ ਕਿ “ਇਸਲਾਮ ਮੁਤਾਬਕ ਹੋਰ ਵੀ ਕਈ ਤਰੀਕੇ ਹਨ, ਜਿਵੇਂ ਕਿ ਉਨ੍ਹਾਂ ਨੂੰ ਇਸਲਾਮ ਦਾ ਰਾਹ ਦਿਖਾਉਣਾ।”
ਬਗਦਾਦੀ ਕਿਸ ਤਰ੍ਹਾਂ ਆਪਣੇ ਲੈਪਟਾਪ ਜ਼ਰੀਏ ਆਈਐੱਸ ਦੇ ਲੀਡਰਾਂ ਨਾਲ ਰਾਬਤਾ ਕਰਦੇ ਸਨ। ਇਸ ਬਾਰੇ ਵੀ ਉਮ ਨੇ ਦੱਸਿਆ।
ਬਗਦਾਦੀ ਇੱਕ ਛੋਟੇ ਅਟੈਚੀ ਵਿੱਚ ਆਪਣਾ ਲੈਪਟਾਪ ਰੱਖਦੇ ਸਨ। ਉਮ ਕਹਿੰਦੇ ਹਨ, “ਮੈਂ ਕਈ ਵਾਰ ਲੈਪਟਾਪ ਖੋਲ੍ਹਣਾ ਚਾਹਿਆ ਤਾਂ ਕਿ ਜਾਣ ਸਕਾਂ ਕਿ ਕੀ ਹੋ ਰਿਹਾ ਹੈ। ਪਰ ਮੈਨੂੰ ਤਕਨੀਕ ਦਾ ਗਿਆਨ ਨਹੀਂ ਸੀ ਕਿ ਲੈਪਟਾਪ ਖੋਲ੍ਹਣ ਲਈ ਪਾਸਵਰਡ ਚਾਹੀਦਾ ਹੁੰਦਾ ਹੈ।”
ਉਹ ਕਹਿੰਦੇ ਹਨ ਕਿ ਉਸ ਨੇ ਭੱਜ ਜਾਣ ਦੀ ਵੀ ਕੋਸ਼ਿਸ਼ ਕੀਤੀ ਪਰ ਨਾਕਿਆਂ ਉੱਤੇ ਖੜ੍ਹੇ ਆਦਮੀ ਲੰਘਣ ਨਹੀਂ ਦਿੰਦੇ ਸਨ ਅਤੇ ਵਾਪਸ ਘਰ ਭੇਜ ਦਿੰਦੇ ਸੀ।
ਆਪਣੇ ਪਤੀ ਬਾਰੇ ਉਹ ਇਹ ਵੀ ਕਹਿੰਦੇ ਹਨ ਹੈ ਕਿ ਜਿੰਨਾ ਉਨ੍ਹਾਂ ਨੂੰ ਪਤਾ ਹੈ, “ਉਸ ਨੇ ਕਿਸੇ ਲੜਾਈ ਜਾਂ ਜੰਗ ਵਿੱਚ ਹਿੱਸਾ ਨਹੀਂ ਲਿਆ।”
ਉਹ ਦੱਸਦੇ ਹਨ ਕਿ ਜਦੋਂ ਆਈਐੱਸ ਨੇ ਮੌਸੂਲ ਨੂੰ ਕਬਜ਼ੇ ਵਿੱਚ ਲਿਆ, ਉਸ ਵੇਲੇ ਉਸ ਦਾ ਪਤੀ ਰੱਕਾ ਵਿੱਚ ਸੀ ਅਤੇ ਬਾਅਦ ਵਿੱਚ ਭਾਸ਼ਣ ਦੇਣ ਲਈ ਮੌਸੂਲ ਗਿਆ ਸੀ।
ਇਸ ਤੋਂ ਤੁਰੰਤ ਬਾਅਦ, ਅਲ-ਬਗਦਾਦੀ ਨੇ ਆਪਣੀ 12 ਸਾਲਾ ਧੀ ਉਮਾਇਮਾ ਦਾ ਨਿਕਾਹ ਆਪਣੇ ਦੋਸਤ ਮਨਸੌਰ ਨਾਲ ਕਰਵਾ ਦਿੱਤਾ, ਜਿਸ ਉੱਤੇ ਉਹ ਪਰਿਵਾਰ ਦੀ ਦੇਖ-ਰੇਖ ਕਰਨ ਲਈ ਯਕੀਨ ਕਰਦੇ ਸਨ।
ਉਮ ਹੁਦੈਫਾ ਦੱਸਦੇ ਹਨ ਕਿ ਉਸ ਨੇ ਇਹ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਗਿਆ।
ਇਰਾਕ ਦੇ ਇੱਕ ਸੁਰੱਖਿਆ ਸੂਤਰ ਨੇ ਸਾਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅੱਠ ਸਾਲ ਦੀ ਉਮਰ ਵਿੱਚ ਉਮਾਇਮਾ ਦਾ ਸੀਰੀਅਨ ਆਈਐੱਸ ਦੇ ਇੱਕ ਬੁਲਾਰੇ ਨਾਲ ਵਿਆਹ ਹੋ ਚੁੱਕਿਆ ਸੀ। ਉਸ ਨੇ ਕਿਹਾ ਕਿ ਹਾਲਾਂਕਿ ਪਹਿਲਾ ਵਿਆਹ ਇਸ ਲਈ ਕਰਾਇਆ ਗਿਆ ਸੀ ਤਾਂ ਕਿ ਬਗਦਾਦੀ ਦੀ ਗੈਰ ਮੌਜੂਦਗੀ ਵਿੱਚ ਉਹ ਆਦਮੀ ਉਨ੍ਹਾਂ ਦੇ ਘਰ ਅੰਦਰ ਜਾ ਸਕੇ ਅਤੇ ਉਸ ਵਿਆਹ ਵਿੱਚ ਜਿਣਸੀ ਸਬੰਧ ਨਹੀਂ ਸਨ।

ਤਸਵੀਰ ਸਰੋਤ, Reuters
ਫਿਰ ਅਗਸਤ 2014 ਵਿੱਚ ਉਮ ਹੁਦੈਫਾ ਨੇ ਇੱਕ ਹੋਰ ਬੇਟੀ ਨਸੀਬਾ ਨੂੰ ਜਨਮ ਦਿੱਤਾ, ਜਿਸ ਦੇ ਦਿਲ ਵਿੱਚ ਜਨਮ ਤੋਂ ਹੀ ਨੁਕਸ ਸੀ। ਇਸੇ ਦੌਰਾਨ ਹੀ ਮਨਸੌਰ 9 ਤੋਂ 30 ਸਾਲ ਦੀ ਉਮਰ ਦੀਆਂ ਯਜ਼ੀਦੀ ਕੁੜੀਆਂ ਨੂੰ ਘਰ ਲੈ ਕੇ ਆਇਆ।
ਕੁਝ ਕੁ ਯਜ਼ੀਦੀ ਬੀਬੀਆਂ ਅਤੇ ਬੱਚਿਆਂ ਨੂੰ ਆਈਐੱਸ ਨੇ ਗੁਲਾਮ ਬਣਾਇਆ ਅਤੇ ਇਸ ਤੋਂ ਕਿਤੇ ਜ਼ਿਆਦਾ ਮਾਰ ਦਿੱਤੇ ਗਏ।
ਉਮ ਹੁਦੈਫਾ ਦਾ ਕਹਿਣਾ ਹੈ ਕਿ ਉਹ ਚੌਂਕ ਗਈ ਅਤੇ ਸ਼ਰਮਿੰਦਗੀ ਮਹਿਸੂਸ ਕੀਤੀ।
ਉਸ ਗਰੁੱਪ ਵਿੱਚ ਦੋ ਬੱਚੀਆਂ ਸਨ-ਸਮਰ ਅਤੇ ਜ਼ੇਨਾ(ਅਸਲੀ ਨਾਮ ਨਹੀਂ)। ਉਮ ਹੁਦੈਫਾ ਦਾ ਦਾਅਵਾ ਹੈ ਕਿ ਉਹ ਰੱਕਾ ਵਿਖੇ ਉਨ੍ਹਾਂ ਦੇ ਘਰ ਵਿੱਚ ਕੁਝ ਦਿਨ ਹੀ ਠਹਿਰੀਆਂ ਅਤੇ ਫਿਰ ਉਨ੍ਹਾਂ ਨੂੰ ਉੱਥੋਂ ਲੈ ਗਏ। ਫਿਰ ਉਨ੍ਹਾਂ ਦਾ ਪਰਿਵਾਰ ਮੌਸੂਲ ਆ ਗਿਆ ਅਤੇ ਸਮਰ ਫਿਰ ਉਨ੍ਹਾਂ ਨਾਲ ਦੋ ਮਹੀਨੇ ਤੱਕ ਰਹੀ।
ਛੇ ਬੱਚੇ ਹਾਲੇ ਵੀ ਲਾਪਤਾ
ਮੈਂ ਸਮਰ ਦੇ ਪਿਤਾ ਹਮੀਦ ਨੂੰ ਲੱਭਿਆ, ਜਿਸ ਨੇ ਰੋਂਦਿਆਂ ਉਹ ਪਲ ਯਾਦ ਕੀਤਾ ਜਦੋਂ ਉਸ ਨੂੰ ਲਿਜਾਇਆ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਦੋ ਪਤਨੀਆਂ ਸਨ ਅਤੇ ਉਹ ਆਪਣੇ 26 ਬੱਚਿਆਂ, ਦੋ ਭਰਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਸਿੰਜਾਰ ਦੇ ਖਾਨਸੌਰ ਤੋਂ ਅਗਵਾ ਹੋਏ ਸਨ। ਜਦਕਿ ਹਮੀਦ ਨੇੜਲੇ ਪਹਾੜਾਂ ਜ਼ਰੀਏ ਬਚ ਨਿਕਲਣ ਵਿੱਚ ਕਾਮਯਾਬ ਰਹੇ ਸਨ।
ਸਮਰ ਸਮੇਤ ਉਨ੍ਹਾਂ ਦੇ ਛੇ ਬੱਚੇ ਹਾਲੇ ਵੀ ਲਾਪਤਾ ਹਨ। ਕਈਆਂ ਨੂੰ ਫਿਰੌਤੀ ਦੇਣ ਤੋਂ ਬਾਅਦ ਵਾਪਸ ਭੇਜ ਦਿੱਤਾ ਗਿਆ ਸੀ ਅਤੇ ਕਈ ਖੇਤਰਾਂ ਵਿੱਚ ਢਿੱਲ ਹੋਣ ਬਾਅਦ ਪਰਤ ਆਏ ਸੀ।
ਦੂਸਰੀ ਲੜਕੀ ਜ਼ੇਨਾ ਉਨ੍ਹਾਂ ਦੀ ਭਤੀਜੀ ਹੈ ਅਤੇ ਉਸ ਦੇ ਉੱਤਰੀ ਸੀਰੀਆ ਵਿੱਚ ਫਸੀ ਹੋ ਸਕਦੀ ਹੈ। ਜ਼ੇਨਾ ਦੀ ਭੈਣ ਸੌਦ, ਉਮ ਹੁਦੈਫਾ ਨੂੰ ਨਹੀਂ ਮਿਲੀ ਪਰ ਉਸ ਨੂੰ ਵੀ ਗੁਲਾਮ ਬਣਾਇਆ ਗਿਆ, ਰੇਪ ਕੀਤਾ ਗਿਆ ਅਤੇ ਸੱਤ ਵਾਰ ਵੇਚਿਆ ਗਿਆ।

ਹਮੀਦ ਅਤੇ ਸੌਦ ਨੇ ਉਮ ਹੁਦੈਫਾ ਖ਼ਿਲਾਫ਼ ਯਜ਼ੀਦੀ ਕੁੜੀਆਂ ਨੂੰ ਅਗਵਾ ਕਰਨ ਅਤੇ ਗੁਲਾਮ ਬਣਾਉਣ ਵਿੱਚ ਸ਼ਾਮਲ ਹੋਣ ਦਾ ਕੇਸ ਕੀਤਾ ਹੈ। ਉਹ ਯਕੀਨ ਨਹੀਂ ਕਰਦੇ ਕਿ ਉਮ ਬੇਵੱਸ ਪੀੜਤ ਸੀ ਅਤੇ ਉਹ ਉਮ ਲਈ ਮੌਤ ਦੀ ਸਜ਼ਾ ਦੀ ਮੰਗ ਕਰ ਰਹੇ ਹਨ।
ਸੌਦ ਦਾ ਕਹਿਣਾ ਹੈ, “ਉਹ ਹਰ ਚੀਜ਼ ਲਈ ਜ਼ਿੰਮੇਵਾਰ ਸੀ। ਉਹ ਲੜਕੀਆਂ ਚੁਣਦੀ ਸੀ ਕਿ ਕੌਣ ਉਸ ਦੀ ਸੇਵਾ ਕਰੇਗੀ ਅਤੇ ਕੌਣ ਉਸ ਦੇ ਪਤੀ ਦੀ ਅਤੇ ਮੇਰੀ ਭੈਣ ਉਨ੍ਹਾਂ ਕੁੜੀਆਂ ਵਿੱਚੋਂ ਇੱਕ ਸੀ।”
ਉਹ ਘਰ ਪਰਤਣ ਵਾਲੀਆਂ ਹੋਰ ਪੀੜਤਾਂ ਦੇ ਬਿਆਨਾਂ ਦੇ ਅਧਾਰ ‘ਤੇ ਇਹ ਦਾਅਵਾ ਕਰਦੀ ਹੈ।
“ਉਹ ਅਪਰਾਧੀ ਅਬੂ ਬਕਰ ਅਲ ਬਗਦਾਦੀ ਦੀ ਪਤਨੀ ਅਤੇ ਉਸੇ ਦੀ ਤਰ੍ਹਾਂ ਹੀ ਇੱਕ ਅਪਰਾਧੀ ਹੈ।”
ਅਸੀਂ ਉਮ ਹੁਦੈਫਾ ਨੂੰ ਸਾਡੀ ਸੌਦ ਨਾਲ ਇੰਟਰਵਿਊ ਦੀ ਰਿਕਾਰਡਿੰਗ ਸੁਣਾਈ ਅਤੇ ਉਹ ਕਹਿੰਦੀ ਹੈ, “ਮੈਂ ਆਪਣੇ ਪਤੀ ਦੇ ਅਪਰਾਧੀ ਹੋਣ ਤੋਂ ਇਨਕਾਰ ਨਹੀਂ ਕਰਦੀ। ” ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਿ ਉਨ੍ਹਾਂ ਨਾਲ ਜੋ ਹੋਇਆ ਉਸ ਦਾ ਅਫ਼ਸੋਸ ਹੈ ਪਰ ਆਪਣੇ ‘ਤੇ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ।
ਉਮ ਹੁਦੈਫਾ ਮੁਤਾਬਕ ਬਾਅਦ ਜਨਵਰੀ 2015 ਵਿੱਚ ਉਹ ਕੁਝ ਸਮੇਂ ਲਈ ਅਗਵਾ ਕੀਤੇ ਗਏ, ਅਮਰੀਕੀ ਏਡ ਵਰਕਰ ਕਾਇਲਾ ਮੁਇਲਰ ਨੂੰ ਮਿਲੇ, ਜਿਸ ਨੂੰ 18 ਮਹੀਨੇ ਤੱਕ ਬੰਦੀ ਰੱਖਿਆ ਗਿਆ ਅਤੇ ਉੱਥੇ ਹੀ ਮੌਤ ਹੋ ਗਈ ਸੀ।
ਕਾਇਲਾ ਦੀ ਮੌਤ ਦੇ ਕਾਰਨ ਹਾਲੇ ਪੁਖ਼ਤਾ ਨਹੀਂ ਹਨ। ਉਸ ਵੇਲੇ ਆਈਐੱਸ ਨੇ ਦਾਅਵਾ ਕੀਤਾ ਸੀ ਕਿ ਉਹ ਜੌਰਡੀਅਨ ਹਵਾਈ ਹਮਲੇ ਵਿੱਚ ਮਾਰੀ ਗਈ ਪਰ ਯੂਐੱਸ ਨੇ ਹਮੇਸ਼ਾ ਇਸ ਨੂੰ ਨਕਾਰਿਆ ਹੈ ਅਤੇ ਇਰਾਕ ਦੇ ਇੱਕ ਸੁਰੱਖਿਆ ਸੂਤਰ ਨੇ ਹੁਣ ਸਾਨੂੰ ਦੱਸਿਆ ਕਿ ਉਸ ਨੂੰ ਆਈਐਸ ਨੇ ਕਤਲ ਕੀਤਾ ਸੀ।
ਛੋਟੇ ਬੱਚਿਆਂ ਲਈ ਜਾਨਣ ਲਈ ਗੁਹਾਰ

2019 ਵਿੱਚ ਅਮਰੀਕੀ ਫੌਜਾਂ ਨੇ ਉੱਤਰ-ਪੱਛਮੀ ਸੀਰੀਆ ਵਿੱਚ ਉੱਥੇ ਛਾਪਾ ਮਾਰਿਆ, ਜਿੱਥੇ ਅਲ ਬਗਦਾਦੀ ਆਪਣੇ ਕੁਝ ਪਰਿਵਾਰਕ ਮੈਂਬਰਾਂ ਨਾਲ ਲੁਕੇ ਹੋਏ ਸਨ। ਇੱਕ ਸੁਰੰਗ ਵਿੱਚ ਘੇਰਾ ਪੈਣ ਤੋਂ ਬਾਅਦ ਬਗਦਾਦੀ ਨੇ ਖੁਦ ਨੂੰ ਅਤੇ ਦੋ ਬੱਚਿਆਂ ਨੂੰ ਬੰਬ ਨਾਲ ਉਡਾ ਲਿਆ ਜਦਕਿ ਉਸ ਦੀਆਂ ਚਾਰ ਪਤਨੀਆਂ ਹਮਲੇ ਵਿੱਚ ਮਾਰੀਆਂ ਗਈਆਂ।
ਉਮ ਹੁਦੈਫਾ ਹਾਲਾਂਕਿ ਉਸ ਵੇਲੇ ਉੱਥੇ ਨਹੀਂ ਸੀ, ਅਤੇ ਜਾਅਲੀ ਪਛਾਣ ਹੇਠ ਤੁਰਕੀ ਵਿਚ ਰਹਿ ਰਹੇ ਸਨ, ਜਿੱਥੋਂ 2018 ਵਿੱਚ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸਾਲ ਫ਼ਰਵਰੀ ਵਿੱਚ ਇਰਾਕ ਵਾਪਸ ਭੇਜਿਆ ਗਿਆ ਜਿੱਥੇ ਉਮ ਕੈਦ ਵਿੱਚ ਹੈ ਅਤੇ ਆਈਐੱਸ ਵਿੱਚ ਉਮ ਦੀ ਭੂਮਿਕਾ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਉਮ ਦੀ ਵੱਡੀ ਬੇਟੀ ਉਮਾਇਮਾ ਵੀ ਨਾਲ ਹੀ ਜੇਲ੍ਹ ਵਿਚ ਹੈ, ਜਦਕਿ ਛੋਟੀ ਫਾਤਿਮਾ ਜੋ ਕਿ ਕਰੀਬ ਬਾਰਾਂ ਸਾਲ ਦੀ ਹੈ, ਯੂਥ ਡਿਟੈਂਨਸ਼ਨ ਸੈਂਟਰ ਵਿੱਚ ਹੈ। ਉਮ ਦਾ ਇੱਕ ਬੇਟਾ ਸੀਰੀਆ ਨੇੜੇ ਹੋਮਜ਼ ਵਿੱਚ ਰੂਸੀ ਹਵਾਈ ਹਮਲੇ ਦੌਰਾਨ ਮਾਰਿਆ ਗਿਆ ਸੀ ਅਤੇ ਦੂਜਾ ਸੁਰੰਗ ਵਿੱਚ ਆਪਣੇ ਪਿਤਾ ਨਾਲ ਮਰ ਗਿਆ ਸੀ। ਸਭ ਤੋਂ ਛੋਟਾ ਬੇਟਾ ਅਨਾਥ ਆਸ਼ਰਮ ਵਿੱਚ ਹੈ।
ਜਦੋਂ ਅਸੀਂ ਗੱਲਬਾਤ ਖਤਮ ਕੀਤੀ, ਉਸ ਨੇ ਆਪਣਾ ਸਿਰ ਉਤਾਂਹ ਚੁੱਕਿਆ ਅਤੇ ਮੈਨੂੰ ਉਸ ਦੇ ਪੂਰੇ ਚਿਹਰੇ ਦੀ ਹਲਕੀ ਝਲਕ ਮਿਲੀ ਪਰ ਹਾਵ-ਭਾਵ ਤੋਂ ਕੁਝ ਜ਼ਾਹਿਰ ਨਾ ਹੋਇਆ।
ਜਦੋਂ ਇੰਟੈਲੀਜੈਂਸ ਅਫ਼ਸਰ ਉਸ ਨੂੰ ਲੈ ਕੇ ਜਾ ਰਹੇ ਸੀ, ਉਹ ਆਪਣੇ ਛੋਟੇ ਬੱਚਿਆਂ ਬਾਰੇ ਹੋਰ ਜਾਣਕਾਰੀ ਦੇਣ ਦੀ ਗੁਹਾਰ ਲਗਾ ਰਹੀ ਸੀ। ਹੁਣ ਮੁੜ ਤੋਂ ਆਪਣੇ ਸੈੱਲ ਵਿਚ ਰਹਿੰਦਿਆਂ ,ਉਸ ਨੂੰ ਇੰਤਜ਼ਾਰ ਕਰਨਾ ਪਵੇਗਾ ਕਿ ਕੀ ਉਸ ਨੂੰ ਅਪਰਾਧਿਕ ਇਲਜ਼ਾਮਾਂ ਦਾ ਸਾਹਮਣਾ ਕਰਨਾ ਪਵੇਗਾ ਜਾਂ ਨਹੀਂ।












