You’re viewing a text-only version of this website that uses less data. View the main version of the website including all images and videos.
ਜਦੋਂ ਹਿੰਦੂਆਂ, ਮੁਸਲਮਾਨਾਂ ਤੇ ਪਾਰਸੀਆਂ ਦੀਆਂ ਟੀਮਾਂ ਮੈਦਾਨ ’ਤੇ ਭਿੜਦੀਆਂ ਸਨ ਤੇ ਗਾਂਧੀ ਨੇ ਕੀਤਾ ਸੀ ਸਖ਼ਤ ਵਿਰੋਧ
- ਲੇਖਕ, ਜਸਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਵਿੱਚ ਕ੍ਰਿਕਟ ਲਈ ਜੋਸ਼ ਤੇ ਜਨੂੰਨ ਦੀ ਗੱਲ ਤਾਂ ਜੱਗ ਜ਼ਾਹਿਰ ਹੈ ਪਰ ਮੁਲਕ ਵਿੱਚ ਕ੍ਰਿਕਟ ਦਾ ਇਤਿਹਾਸ ਵੀ ਕਾਫੀ ਦਿਲਚਸਪ ਹੈ।
ਭਾਰਤ ਜਿੱਥੇ ਕੌਮੀ ਖੇਡ ਹਾਕੀ ਹੈ, ਉੱਥੇ ਕ੍ਰਿਕਟ ਦੀਆਂ ਜੜ੍ਹਾਂ ਵੀ ਕਾਫੀ ਡੂੰਘੀਆਂ ਹਨ। ਇਸ ਖੇਡ ਦੇ ਪਿਛੋਕੜ ਵਿੱਚ ਅਜਿਹੀਆਂ ਕਈ ਕਹਾਣੀਆਂ ਹਨ, ਜੋ ਇਤਿਹਾਸ ਦੀਆਂ ਕਈ ਪਰਤਾਂ ਨੂੰ ਸਮਝਣ ਵਿੱਚ ਮਦਦ ਕਰ ਸਕਦੀਆਂ ਹਨ।
ਕ੍ਰਿਕਟ ਦੇ ਇਤਿਹਾਸ ਦਾ ਇੱਕ ਇਹ ਵੀ ਪਹਿਲੂ ਹੈ ਕਿ ਭਾਰਤ ਵਿੱਚ ਅਜਿਹੇ ਕ੍ਰਿਕਟ ਦੇ ਮੁਕਾਬਲੇ ਵੀ ਹੁੰਦੇ ਸਨ, ਜਿਸ ਵਿੱਚ ਟੀਮਾਂ ਸੂਬਿਆਂ ਜਾਂ ਇਲਾਕਿਆਂ ਦੇ ਨਾਮ ਉੱਤੇ ਨਹੀਂ ਸਗੋਂ ਧਰਮਾਂ ਦੇ ਆਧਾਰ ਉੱਤੇ ਬਣਦੀਆਂ ਸਨ।
ਹਿੰਦੂਆਂ ਦੀ ਟੀਮ ਦਾ ਮੁਕਾਬਲਾ ਮੁਸਲਮਾਨਾਂ ਨਾਲ, ਮੁਸਲਮਾਨਾਂ ਦੀ ਟੀਮ ਦਾ ਪਾਰਸੀਆਂ ਨਾਲ ਤੇ ਹਿੰਦੂਆਂ ਦੀ ਟੀਮ ਦਾ ਪਾਰਸੀਆਂ ਨਾਲ ਮੁਕਾਬਲਾ ਹੁੰਦਾ ਸੀ।
ਕਈ ਸਾਲ ਇਹ ਮੁਕਾਬਲੇ ਚੱਲੇ। ਦਰਸ਼ਕਾਂ ਦੀ ਵੱਡੀ ਭੀੜ ਇਸ ਨੂੰ ਵੇਖਣ ਆਉਂਦੀ ਸੀ। ਤਤਕਾਲੀ ਮੀਡੀਆ ਵੀ ਇਨ੍ਹਾਂ ਮੁਕਾਬਲਿਆਂ ਨੂੰ ਆਪਣੀਆਂ ਅਖ਼ਬਾਰਾਂ ਵਿੱਚ ਚੰਗੀ ਥਾਂ ਦਿੰਦਾ ਸੀ।
ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ‘ਦਿ ਬੌਂਬੇ ਪੇਂਟੈਂਗੁਲਰ’ ਦੇ ਨਾਮ ਨਾਲ ਮਸ਼ਹੂਰ ਹੋਏ ਇੱਕ ਟੂਰਨਾਮੈਂਟ ਬਾਰੇ ਦੱਸਾਂਗੇ। ਇਸ ਵਿੱਚ ਅਸੀਂ ਦੱਸਾਂਗੇ ਕਿ ਟੂਰਨਾਮੈਂਟ ਦੀ ਸ਼ੁਰੂਆਤ ਕਿਵੇਂ ਹੋਈ, ਇਸ ਨਾਲ ਜੁੜੇ ਵਿਵਾਦ ਕੀ ਰਹੇ ਤੇ ਫਿਰ ਇਸ ਟੂਰਨਾਮੈਂਟ ਨੇ ਕਿਵੇਂ ਆਪਣੇ ਆਖ਼ਰੀ ਸਾਹ ਲਏ।
ਭਾਰਤ ’ਚ ਕ੍ਰਿਕਟ ਦੀ ਸ਼ੁਰੂਆਤ
ਭਾਰਤ ਵਿੱਚ ਕ੍ਰਿਕਟ ਖੇਡਣ ਦੇ ਸ਼ੁਰੂਆਤੀ ਹਵਾਲੇ 18ਵੀਂ ਸਦੀ ਦੇ ਤੀਜੇ ਦਹਾਕੇ ਦੀ ਸ਼ੁਰੂਆਤ ਵੇਲੇ ਤੋਂ ਮਿਲਦੇ ਹਨ।
ਬੀਸੀਸੀਆਈ ਦੀ ਅਧਿਕਾਰਤ ਵੈਬਸਾਈਟ ਅਨੁਸਾਰ ਮੌਜੂਦਾ ਗੁਜਰਾਤ ਦੇ ਕੱਛ ਵਿੱਚ ਬਰਤਾਨਵੀਂ ਜਹਾਜ਼ ਨੇ ਲੰਗੜ (ਐਂਕਰ) ਲਾਏ ਸੀ।
ਉਸ ਵੇਲੇ ਦੇ ਸੇਲਰਾਂ ਦੇ ਲਿਖਿਤ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਉਹ ਹੋਰ ਕਸਰਤਾਂ ਦੇ ਨਾਲ-ਨਾਲ ਵਕਤ ਬਿਤਾਉਣ ਲਈ ਕ੍ਰਿਕਟ ਖੇਡਦੇ ਸਨ।
ਇਸ ਤੋਂ ਬਾਅਦ ਹੌਲੀ-ਹੌਲੀ ਕ੍ਰਿਕਟ ਭਾਰਤ ਵਿੱਚ ਭਾਵੇਂ ਛੋਟੇ ਰੂਪ ਵਿੱਚ ਹੀ ਸਹੀ ਪਰ ਖੇਡਿਆ ਜਾਣ ਲੱਗਿਆ। ਸਾਲ 1792 ਵਿੱਚ ਕਲਕੱਤਾ ਕ੍ਰਿਕਟ ਕਲੱਬ ਦੀ ਸ਼ੁਰੂਆਤ ਹੋਈ। ਇਹ ਕਲੱਬ ਐੱਮਸੀਸੀ ਦੇ ਕਲੱਬ ਤੋਂ ਬਾਅਦ ਦੁਨੀਆਂ ਦਾ ਸਭ ਤੋਂ ਪੁਰਾਣਾ ਕ੍ਰਿਕਟ ਕਲੱਬ ਹੈ।
ਉਸ ਵੇਲੇ ਭਾਰਤ ਵਿੱਚ ਪਾਰਸੀ ਭਾਈਚਾਰਾ ਸੀ, ਜਿਸ ਨੇ ਸਭ ਤੋਂ ਪਹਿਲਾਂ ਕ੍ਰਿਕਟ ਨੂੰ ਅਪਣਾਇਆ ਸੀ। ਸਾਲ 1848 ਵਿੱਚ ਪਾਰਸੀ ਭਾਈਚਾਰੇ ਨੇ ਓਰੀਐਂਟਲ ਕ੍ਰਿਕਟ ਕਲੱਬ ਸ਼ੁਰੂ ਕੀਤਾ। ਇਸ ਮਗਰੋਂ ਪਾਰਸੀ ਭਾਈਚਾਰੇ ਨੇ ਕਈ ਹੋਰ ਕ੍ਰਿਕਟ ਕਲੱਬ ਵੀ ਖੋਲ੍ਹੇ।
ਪਾਰਸੀ ਭਾਈਚਾਰੇ ਦੀ ਵਿੱਤੀ ਮਜ਼ਬੂਤੀ ਹੀ ਸੀ, ਜਿਸ ਕਾਰਨ ਉਹ ਬ੍ਰਿਟੇਨ ਤੱਕ ਆਪਣੀ ਟੀਮ ਨੂੰ ਭੇਜ ਸਕੇ ਸਨ।
ਸਾਲ 1889-90 ਵਿੱਚ ਇੰਗਲੈਂਡ ਦੀ ਜੀ ਐੱਫ ਵਰਨਨ ਦੀ ਕਪਤਾਨੀ ਵਿੱਚ ਭਾਰਤ ਆਈ ਇੱਕ ਟੀਮ ਨੂੰ ਪਾਰਸੀ ਭਾਈਚਾਰੇ ਦੀ ਟੀਮ ਨੇ 4 ਵਿਕਟਾਂ ਨਾਲ ਹਰਾ ਦਿੱਤਾ ਸੀ। ਇਹ ਕਿਸੇ ਵੀ ਭਾਰਤੀ ਕ੍ਰਿਕਟ ਟੀਮ ਦੀ ਬਹੁਤ ਹੀ ਵੱਡੀ ਜਿੱਤ ਸੀ।
ਸੀਨੀਅਰ ਖੇਡ ਪੱਤਰਕਾਰ, ਇਤਿਹਾਸਕਾਰ ਤੇ ਸਚਿਨ ਤੇਂਦੁਲਕਰ ਦੀ ਆਤਮਕਥਾ, ‘ਪਲੇਈਂਗ ਇਟ ਮਾਈ ਵੇਅ’ ਦੇ ਸਹਿ ਲੇਖਕ ਬੋਰੀਆ ਮਜੂਮਦਾਰ ਨੇ ‘ਦਿ ਬੌਂਬੇ ਪੈਂਟੈਂਗੁਲਰ’ ਬਾਰੇ ਲੇਖ ਲਿਖਿਆ ਹੈ। ਇਸ ਨੂੰ ‘ਦਿ ਇੰਟਰਨੈਸ਼ਨਲ ਜਰਨਲ ਆਫ ਦਿ ਹਿਸਟਰੀ ਆਫ ਸਪੋਰਟਸ’ ਨੇ ਛਾਪਿਆ ਹੈ।
ਬੋਰੀਆ ਮਜੂਮਦਾਰ ਆਪਣੇ ਇਸ ਲੇਖ ਵਿੱਚ ਲਿਖਦੇ ਹਨ, “ਪਾਰਸੀਆਂ ਨੇ ਕਈ ਕ੍ਰਿਕਟ ਕਲੱਬ ਬਣਾ ਲਏ ਸਨ। ਬੌਂਬੇ ਵਿੱਚ ਹਿੰਦੂ ਭਾਈਚਾਰੇ ਦਾ ਵਪਾਰ ਵਿੱਚ ਪਾਰਸੀ ਭਾਈਚਾਰੇ ਨਾਲ ਮੁਕਾਬਲਾ ਰਹਿੰਦਾ ਸੀ। ਪਾਰਸੀ ਭਾਈਚਾਰੇ ਤੋਂ ਬਾਅਦ ਹਿੰਦੂਆਂ ਨੇ ਵੀ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ।”
“ਪਹਿਲਾ ਹਿੰਦੂ ਕ੍ਰਿਕਟ ਕਲੱਬ 1866 ਵਿੱਚ, ‘ਬੌਂਬੇ ਯੂਨੀਅਨ’ ਦੇ ਨਾਮ ਨਾਲ ਸਥਾਪਿਤ ਹੋਇਆ ਸੀ। ਪਾਰਸੀ ਭਾਈਚਾਰੇ ਦੇ ਕਲੱਬ, ਜਿੱਥੇ ਜ਼ਿਆਦਰ ਇਲਾਕੇ ਦੇ ਨਾਮ ਉੱਤੇ ਬਣਦੇ ਸਨ ਤਾਂ ਦੂਜੇ ਪਾਸੇ ਹਿੰਦੂਆਂ ਦੇ ਕਲੱਬ ਜਾਤੀ ਤੇ ਧਰਮ ਦੇ ਨਾਂ ਉੱਤੇ ਰੱਖੇ ਜਾਂਦੇ ਸਨ।”
1890ਵਿਆਂ ਵਿੱਚ ‘ਦਿ ਬੌਂਬੇ ਪੈਂਟੇਂਗੁਲਰ’ ਦੀ ਸ਼ੁਰੂਆਤ ਤੋਂ ਪਹਿਲਾਂ ਯੂਰਪੀ ਤੇ ਪਾਰਸੀ ਭਾਈਚਾਰੇ ਵਿਚਾਲੇ ਸਾਲਾਨਾ ਮੈਚ ਹੁੰਦੇ ਸੀ। 1907 ਵਿੱਚ ਇਹ ਮੁਕਬਾਲੇ ਤਿਕੋਣੇ ਬਣ ਗਏ ਤੇ ਇਸ ਵਿੱਚ ਹਿੰਦੂ ਭਾਈਚਾਰੇ ਦੀ ਟੀਮ ਵੀ ਸ਼ਾਮਿਲ ਹੋ ਗਈ।
1912 ਵਿੱਚ ਮੁਸਲਮਾਨ ਭਾਈਚਾਰੇ ਦੀ ਟੀਮ ਵੀ ਸ਼ਾਮਿਲ ਹੋ ਗਈ ਤੇ 1937 ਵਿੱਚ ‘ਰੈਸਟ’ ਦੇ ਨਾਂ ਨਾਲ ਟੀਮ ਬਣੀ, ਜਿਸ ਵਿੱਚ ਐਂਗਲੋ ਇੰਡੀਅਨ ਤੇ ਮਸੀਹ ਭਾਈਚਾਰੇ ਦੇ ਖਿਡਾਰੀ ਸਨ।
ਕੌਸ਼ਿਕ ਬੰਧੋਪਾਧਿਆਇ ਨੇ ਇੱਕ ਕਿਤਾਬ, ‘ਮਹਾਤਮਾ ਓਨ ਪਿੱਚ’ ਲਿਖੀ ਹੈ, ਜਿਸ ਵਿੱਚ ਉਨ੍ਹਾਂ ਨੇ ‘ਦਿ ਬੌਂਬੇ ਪੈਂਟੈਂਗੁਲਰ’ ਟੂਰਨਾਮੈਂਟ ਬਾਰੇ ਵਿਸਥਾਰ ਨਾਲ ਲਿਖਿਆ ਹੈ।
ਕੌਸ਼ਿਕ ਲਿਖਦੇ ਹਨ ਕਿ 1912 ਤੱਕ ਇਸ ਟੂਰਨਾਮੈਂਟ ਕਾਰਨ ਕਿਸੇ ਤਰੀਕੇ ਦੀ ਕੋਈ ਵੱਡੀ ਫਿਰਕੂ ਘਟਨਾ ਨਹੀਂ ਵਾਪਰੀ ਸੀ। ਅਜਿਹੇ ਟੂਰਨਾਮੈਂਟ ਮੁਲਕ ਦੇ ਦੂਜੇ ਹਿੱਸੇ ਜਿਵੇਂ ਸਿੰਧ, ਲਾਹੌਰ, ਦਿੱਲੀ ਤੇ ਸੈਂਟਰਲ ਪ੍ਰੋਵਿੰਸ ਵਿੱਚ ਹੋ ਰਹੇ ਸਨ।
ਕੌਸ਼ਿਕ ਲਿਖਦੇ ਹਨ ਕਿ ਉਸ ਵੇਲੇ ਤਾਂ ਵੱਖ-ਵੱਖ ਭਾਈਚਾਰਿਆਂ ਦੀ ਮੁਕਾਬਲੇ ਦੀ ਭਾਵਨਾ ਕਾਰਨ ਭਾਰਤ ਵਿੱਚ ਕ੍ਰਿਕਟ ਦਾ ਵਿਕਾਸ ਹੋ ਰਿਹਾ ਸੀ।
ਇਸ ਦੇ ਨਾਲ ਹੀ ਕੌਸ਼ਿਕ ਕਹਿੰਦੇ ਹਨ ਕਿ ਮੈਚ ਦੇਖਣ ਆਏ ਲੋਕਾਂ ਵਿੱਚ ਇਹ ਨਜ਼ਰ ਆਉਂਦਾ ਸੀ ਕਿ ਉਹ ਆਪਣੇ-ਆਪਣੇ ਭਾਈਚਾਰੇ ਲਈ ਮੈਦਾਨ ਵਿੱਚ ਆਉਂਦੇ ਸਨ।
1930ਵਿਆਂ ਦੇ ਸ਼ੁਰੂਆਤ ਤੱਕ ਇਸ ਟੂਰਨਾਮੈਂਟ ਵਿੱਚ ਖੇਡ ਭਾਵਨਾ ਬਰਕਰਾਰ ਨਜ਼ਰ ਆਉਂਦੀ ਸੀ।
ਕੌਸ਼ਿਕ ਲਿਖਦੇ ਹਨ, “1924 ਵਿੱਚ ਜਦੋਂ ਮੁਸਲਮਾਨਾਂ ਦੀ ਟੀਮ ਨੇ ਟੂਰਨਾਮੈਂਟ ਨੂੰ ਜਿੱਤਿਆ ਤਾਂ ਹਿੰਦੂਆਂ ਨੇ ਉਨ੍ਹਾਂ ਦੀ ਜਿੱਤ ਦੇ ਜਸ਼ਨ ਵਿੱਚ ਸ਼ਮੂਲੀਅਤ ਕੀਤੀ ਸੀ। ਮੁਹੰਮਦ ਅਲੀ ਜਿਨਾਹ ਨੇ ਵੀ ਇਸ ਚੰਗੀ ਖੇਡ ਭਾਵਨਾ ਦੀ ਤਾਰੀਫ਼ ਕੀਤੀ ਸੀ।”
ਭਾਈਚਾਰਿਆਂ ਦਾ ਮੁਕਾਬਲਾ ਫਿਰਕੂ ਕਿਵੇਂ ਬਣਿਆ
ਕੌਸ਼ਿਕ ਮਸ਼ਹੂਰ ਇਤਿਹਾਸਕਾਰ ਗਿਆਨੇਂਦਰ ਪਾਂਡੇ ਦੇ ਹਵਾਲੇ ਨਾਲ ਲਿਖਦੇ ਹਨ ਕਿ 1920ਵਿਆਂ ਤੋਂ ਪਹਿਲਾਂ ਤੱਕ ਭਾਰਤ ਨੂੰ ਵੱਖ-ਵੱਖ ਭਾਈਚਾਰਿਆਂ ਦੇ ਸਮੂਹ ਵਜੋਂ ਵੇਖਿਆ ਜਾਂਦਾ ਸੀ, ਜਿਸ ਦੇ ਢਾਂਚੇ ਵਿੱਚ ‘ਦਿ ਬੌਂਬੇ ਪੈਂਟੈਂਗੁਲਰ’ ਵਰਗੇ ਟੂਰਨਾਮੈਂਟ ਫਿੱਟ ਬੈਠਦੇ ਸਨ।
1920ਵਿਆਂ ਵਿੱਚ ਭਾਰਤ ਬਾਰੇ ਇਹ ਨਜ਼ਰੀਆ ਬਦਲਣਾ ਸ਼ੁਰੂ ਹੋ ਗਿਆ ਸੀ। ਹੁਣ ਭਾਰਤ ਨੂੰ ਲੋਕਾਂ ਦੇ ਇੱਕ ਸਮੂਹ ਵਜੋਂ ਵੇਖਿਆ ਜਾ ਰਿਹਾ ਸੀ।
ਕੌਸ਼ਿਕ ਲਿਖਦੇ ਹਨ, “ਇਸ ਟੂਰਨਾਮੈਂਟ ਬਾਰੇ ਬਹਿਸ ਛਿੜ ਗਈ ਕਿ ਇੱਕ ਦੇਸ ਵਜੋਂ ਉਭਰਦੇ ਭਾਰਤ ਵਿੱਚ ਧਰਮ ਅਧਾਰਿਤ ਟੀਮਾਂ ਦੇ ਮੁਕਾਬਲਿਆਂ ਦੀ ਕੀ ਲੋੜ ਹੈ।”
“ਇਸ ਬਹਿਸ ਵਿੱਚ ਦੋ ਧੜੇ ਸਨ, ਜਿਨ੍ਹਾਂ ਵਿੱਚੋਂ ਇੱਕ ਕਹਿੰਦੇ ਸੀ ਕਿ ਇਹ ਮੁਕਾਬਲੇ ਭਾਈਚਾਰਿਆਂ ਨੂੰ ਕ੍ਰਿਕਟ ਜ਼ਰੀਏ ਨੇੜੇ ਲੈ ਕੇ ਆਉਣ ਦੀ ਇੱਕ ਕੋਸ਼ਿਸ਼ ਹੈ।”
“ਦੂਜਾ ਧੜਾ ਕਹਿੰਦਾ ਸੀ ਕਿ ਅਜਿਹੇ ਟੂਰਨਾਮੈਂਟ ਮਾੜੇ ਮੁਕਾਬਲੇ ਦੀ ਭਾਵਨਾ ਪੈਦਾ ਕਰ ਰਹੇ ਹਨ, ਜਿਨ੍ਹਾਂ ਨਾਲ ਭਾਈਚਾਰੇ ਇੱਕ ਦੂਜੇ ਤੋਂ ਦੂਰ ਜਾ ਰਹੇ ਹਨ।”
ਕੌਸ਼ਿਕ ਅਨੁਸਾਰ ਇਨ੍ਹਾਂ ਮੁਕਾਬਲਿਆਂ ਖ਼ਿਲਾਫ਼ 1928 ਵਿੱਚ ਬੀਸੀਸੀਆਈ ਦੀ ਸਥਾਪਨਾ ਤੋਂ ਬਾਅਦ ਅਵਾਜ਼ ਬੁਲੰਦ ਹੋਈ ਸੀ ਪਰ ਫਿਰ ਵੀ ਇਸ ਟੂਰਨਾਮੈਂਟ ਦੇ ਹੱਕ ਵਿੱਚ ਵੀ ਕਈ ਅਵਾਜ਼ਾਂ ਸਨ।
“1936 ਦੇ ਬੌਂਬੇ ਕੁਆਡਰੈਂਗੁਲਰ ਤੋਂ ਪਹਿਲਾਂ ਹਿੰਦੂ-ਮੁਸਲਮਾਨਾਂ ਵਿਚਾਲੇ ਦੰਗੇ ਹੋਏ ਸਨ। ਉਸ ਵੇਲੇ, ‘ਦਿ ਬੌਂਬੇ ਕ੍ਰੋਨਿਕਲ’ ਨੇ ਕਿਹਾ ਸੀ ਕਿ ਵਕਤ ਆ ਗਿਆ ਹੈ ਕਿ ਇਹ ਮੁਕਾਬਲਾ ਰੋਕਿਆ ਜਾਵੇ, ਨਹੀਂ ਤਾਂ ਇਹ ਭਾਈਚਾਰਿਆਂ ਵਿਚਾਲੇ ਹੋਰ ਕੁੜੱਤਣ ਵਿੱਚ ਵਾਧਾ ਕਰੇਗਾ।”
“1937 ਵਿੱਚ ਜਦੋਂ ‘ਰੈਸਟ ਸਾਈਡ’ ਨੂੰ ਟੂਰਨਾਮੈਂਟ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਸੀ ਤਾਂ ਜੇਸੀ ਮਾਇਤਰਾ ਤੇ ਜੇਐੱਮ ਗਾਂਗੁਲੀ ਵਰਗੀਆਂ ਵੱਡੀ ਹਸਤੀਆਂ ਨੇ, ਦੇਸ਼ ਦੇ ਹਿੱਤ ਲਈ ਇਸ ਟੂਰਨਾਮੈਂਟ ਨੂੰ ਬੰਦ ਕਰਨ ਦੀ ਗੁਜ਼ਾਰਿਸ਼ ਕੀਤੀ।”
ਗਾਂਧੀ ਨੇ ਕਿਹੜਾ ਪੱਖ ਪੂਰਿਆ
ਦਸੰਬਰ 1940 ਤੱਕ ਆਉਂਦਿਆਂ ਹੋਇਆਂ, ਇਸ ਟੂਰਨਾਮੈਂਟ ਬਾਰੇ ਬਹਿਸ ਕਾਫੀ ਜ਼ਿਆਦਾ ਵਧ ਗਈ ਸੀ। ਉਸ ਵੇਲੇ ਹਿੰਦੂ ਜਿਮਖ਼ਾਨਾ ਦਾ ਇੱਕ ਵਫ਼ਦ ਗਾਂਧੀ ਤੋਂ ਸਲਾਹ ਲੈਣ ਪਹੁੰਚਿਆ ਸੀ।
‘ਦਿ ਕਲੈਕਟਿਵ ਵਰਕਸ ਆਫ ਮਹਾਤਮਾ ਗਾਂਧੀ’ ਦੇ 79ਵੇਂ ਵੌਲੀਅਮ ਵਿੱਚ ਉਨ੍ਹਾਂ ਦੇ ਵਿਚਾਰ ਛਾਪੇ ਗਏ ਹਨ।
ਗਾਂਧੀ ਨੇ ਯੂਰਪ ਵਿੱਚ ਜਾਰੀ ਦੂਜੀ ਵਿਸ਼ਵ ਜੰਗ ਅਤੇ ਭਾਰਤ ਵਿੱਚ ਕਈ ਆਗੂਆਂ ਨੂੰ ਜੇਲ੍ਹ ਵਿੱਚ ਭੇਜੇ ਜਾਣ ਕਾਰਨ ਇਨ੍ਹਾਂ ਮੈਚਾਂ ਨੂੰ ਰੋਕਣ ਲਈ ਕਿਹਾ।
ਇਸ ਦੇ ਨਾਲ ਹੀ ਗਾਂਧੀ ਨੇ ਇਸ ਟੂਰਨਾਮੈਂਟ ਦੇ ਫਿਰਕੂਪੁਣੇ ਉੱਤੇ ਵੀ ਆਪਣੇ ਵਿਚਾਰ ਰੱਖੇ।
ਉਨ੍ਹਾਂ ਕਿਹਾ, “ਮੈਂ ਬੌਂਬੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਆਪਣੇ ਖੇਡ ਦੇ ਤਰੀਕੇ ਬਦਲਣੇ ਚਾਹੀਦੇ ਹਨ ਤੇ ਇਹ ਫਿਰਕੂ ਮੈਚ ਖ਼ਤਮ ਕਰਨੇ ਚਾਹੀਦੇ ਹਨ।”
“ਮੈਨੂੰ ਕਾਲਜਾਂ ਵਿਚਾਲੇ ਮੈਚ ਖੇਡਣਾ ਤਾਂ ਸਮਝ ਆਉਂਦਾ ਹੈ ਪਰ ਇਹ ਸਮਝ ਨਹੀਂ ਆਉਂਦਾ ਕਿ ਹਿੰਦੂਆਂ, ਮੁਸਲਮਾਨਾਂ ਤੇ ਪਾਰਸੀਆਂ ਵਿਚਾਲੇ ਮੈਚ ਕਿਉਂ ਹੁੰਦੇ ਹਨ।”
“ਮੈਨੂੰ ਲੱਗਦਾ ਹੈ ਕਿ ਅਜਿਹੀ ਖੇਡ ਭਾਵਨਾ ਤੋਂ ਪਰੇ ਦੀ ਵੰਡ ਨੂੰ ਖੇਡ ਵਿੱਚ ਮਾੜਾ ਸਮਝਿਆ ਜਾਣਾ ਚਾਹੀਦਾ ਹੈ।”
ਗਾਂਧੀ ਦੇ ਬਿਆਨ ਦੀ ਇੱਕ ਫਿਰਕੇ ਨੇ ਤਾਰੀਫ਼ ਕੀਤੀ ਤਾਂ ਇੱਕ ਨੇ ਇਸ ਦੀ ਕਾਫੀ ਨਿਖੇਧੀ ਵੀ ਕੀਤੀ।
ਗਾਂਧੀ ਦੇ ਬਿਆਨ ਮਗਰੋਂ ਵੀ 1941 ਵਿੱਚ ਟੂਰਨਾਮੈਂਟ ਖੇਡਿਆ ਗਿਆ। 1942 ਨੂੰ ਛੱਡ ਕੇ 1946 ਤੱਕ ਇੱਕ ਟੂਰਨਾਮੈਂਟ ਜਾਰੀ ਰਿਹਾ।
ਇਹ ਵੀ ਵੇਖਿਆ ਗਿਆ ਕਿ 1941 ਤੱਕ ਇਸ ਟੂਰਨਾਮੈਂਟ ਖਿਲਾਫ ਅਵਾਜ਼ਾਂ ਕਾਫੀ ਬੁਲੰਦ ਹੋ ਰਹੀਆਂ ਹਨ।
ਕੌਸ਼ਿਕ ਬੰਧੋਪਾਧਿਆਏ ਲਿਖਦੇ ਹਨ, “ਪਟਿਆਲਾ, ਨਵਾਨਗਰ ਤੇ ਵਿਜਿਆਨਗਰਮ ਵਰਗੀਆਂ ਰਿਆਸਤਾਂ ਨੇ ਇਸ ਟੂਰਨਾਮੈਂਟ ਖ਼ਿਲਾਫ਼ ਅਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਸੀ।”
“ਨਵਾਂ ਨਗਰ ਦੇ ਜਾਮ ਸਾਹਿਬ ਨੇ ਉਨ੍ਹਾਂ ਦੀ ਰਿਆਸਤ ਦੇ ਸਾਰੇ ਖਿਡਾਰੀਆਂ ਦੇ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਉੱਤੇ ਪਾਬੰਦੀ ਲਗਾ ਦਿੱਤੀ ਸੀ।”
“ਪਟਿਆਲਾ ਦੀ ਰਿਆਸਤ ਵੱਲੋਂ ਵੀ ਇਸ ਕਦਮ ਦਾ ਸਵਾਗਤ ਕੀਤਾ ਗਿਆ। ਪਟਿਆਲਾ ਰਿਆਸਤ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਕਿ ਉਨ੍ਹਾਂ ਦਾ ਕੋਈ ਵੀ ਖਿਡਾਰੀ ਫਿਰਕੂ ਅਧਾਰ ਉੱਤੇ ਖੇਡੇ ਜਾਂਦੇ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲਵੇਗਾ।”
ਕਿਵੇਂ ਹੋਇਆ ਇਸ ਟੂਰਨਾਮੈਂਟ ਦਾ ਅੰਤ
1943 ਤੋਂ 1945 ਤੱਕ ਇਹ ਟੂਰਨਾਮੈਂਟ ਆਪਣੇ ਪੂਰੇ ਰੰਗ ਵਿੱਚ ਖੇਡਿਆ ਗਿਆ ਸੀ। ਕੌਸ਼ਿਕ ਮੁਤਾਬਕ ਉਸ ਵੇਲੇ ਦੀ ਪ੍ਰੈੱਸ ਮੀਡੀਆ ਕਵਰੇਜ ਤੋਂ ਪਤਾ ਲਗਦਾ ਹੈ ਕਿ ਇਸ ਟੂਰਨਾਮੈਂਟ ਲਈ ਲੋਕਾਂ ਵਿੱਚ ਕਿੰਨਾ ਜੋਸ਼ ਸੀ।
ਕੌਸ਼ਿਕ ਅਨੁਸਾਰ, “ਆਖ਼ਰੀ ਪੈਂਟੇਂਗੁਲਰ ਟੂਰਨਾਮੈਂਟ ਫਰਵਰੀ 1946 ਨੂੰ ਖੇਡਿਆ ਗਿਆ ਸੀ। ਉਸ ਸਾਲ ਭਾਰਤ ਵਿੱਚ ਕਈ ਥਾਂਵਾਂ ਉੱਤੇ ਭਾਰੀ ਫਿਰਕੂ ਹਿੰਸਾ ਹੋਈ ਸੀ। ਅਜਿਹੇ ਹਾਲਾਤ ਵਿੱਚ ਕ੍ਰਿਕਟ ਖੇਡਣਾ ਨਾਮੁਮਕਿਨ ਲੱਗ ਰਿਹਾ ਸੀ।”
“ਵੱਖ-ਵੱਖ ਫਿਰਕਿਆਂ ਵਿੱਚ ਤਣਾਅ ਵਧਣ ਕਾਰਨ ਇਸ ਟੂਰਨਾਮੈਂਟ ਦੇ ਵੱਡੇ ਹਮਾਇਤੀ ਵੀ ਇਸ ਨੂੰ ਬੰਦ ਕਰਨ ਦੀ ਵਕਾਲਤ ਕਰ ਰਹੇ ਸਨ।”
“ਤਤਕਾਲੀ ਬੀਸੀਸੀਆਈ ਦੇ ਪ੍ਰਧਾਨ ਐਂਥਨੀ ਡੇਅ ਮੈਲੋ ਨੇ ਉਸ ਵੇਲੇ ਕਿਹਾ ਸੀ ਕਿ ਇਹ ਟੂਰਨਾਮੈਂਟ ਦੇਸ਼ ਦੀ ਸ਼ਾਂਤੀ ਨੂੰ ਖ਼ਰਾਬ ਕਰ ਸਕਦਾ ਹੈ।”
ਬਾਅਦ ਵਿੱਚ ਇਸ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਸਫ਼ਲ ਨਹੀਂ ਹੋ ਸਕੀ।
ਇੱਕ ਪੱਖ ਇਹ ਵੀ
ਬੋਰੀਆ ਮਜੂਮਦਾਰ ਕਹਿੰਦੇ ਹਨ ਕਿ ਇਸ ਪੈਂਟੈਂਗੁਲਰ ਟੂਰਨਾਮੈਂਟ ਨੂੰ ਸ਼ੁਰੂਆਤ ਤੋਂ ਇਸ ਦੇ ਬੰਦ ਹੋਣ ਤੱਕ, ਸਿਆਸੀ ਤੇ ਆਰਥਿਕ ਤਸਵੀਰ ਰਾਹੀਂ ਸਮਝਣਾ ਜ਼ਰੂਰੀ ਹੈ।
ਉਹ ਕਹਿੰਦੇ ਹਨ, “ਜੇ ਅਸੀਂ ਇਸ ਟੂਰਨਾਮੈਂਟ ਦਾ ਅਧਿਐਨ ਕਰੀਏ ਤਾਂ ਸਾਨੂੰ ਇਹ ਸਮਝ ਆਉਂਦਾ ਹੈ ਕਿ ਇਸ ਟੂਰਨਾਮੈਂਟ ਨੂੰ ਬੰਦ ਕਰਵਾਉਣ ਲਈ, ਜੋ ਧਰਮ ਨਿਰਪੱਖਤਾ ਦੀ ਤਸਵੀਰ ਬਣਾਈ ਗਈ ਉਸ ਪਿੱਛੇ ਸਿਆਸੀ ਤੇ ਆਰਥਿਕ ਚੀਜ਼ਾਂ ਵੀ ਕੰਮ ਕਰ ਰਹੀਆਂ ਹਨ।”
“ਪੈਂਟੈਂਗੁਲਰ ਟੂਰਨਾਮੈਂਟ ਦੇ ਭਰੇ ਸਟੇਡੀਅਮਾਂ ਦੇ ਮੁਕਾਬਲੇ ਬੀਸੀਸੀਆਈ ਦੀ ਰਣਜੀ ਟਰਾਫੀ ਵਿੱਚ ਦਰਸ਼ਕਾਂ ਦੇ ਸਟੈਂਡ ਖਾਲੀ ਰਹਿੰਦੇ ਸਨ। ਇਸ ਦੇ ਕਾਰਨ ਬੋਰਡ ਤੇ ਪੈਂਟੈਂਗੁਲਰ ਦਾ ਵਿਰੋਧ ਕਰਨ ਵਾਲਿਆਂ ਨੂੰ ਤਕਲੀਫ਼ ਹੁੰਦੀ ਸੀ।”
“ਬੀਸੀਸੀਆਈ ਤੇ ਰਿਆਸਤਾਂ ਦੇ ਮੁਖੀਆਂ ਨੇ ਇਸ ਟੂਰਨਾਮੈਂਟ ਨੂੰ ਕੌਮੀ ਅੰਦੋਲਨ ਲਈ ਰੁਕਾਵਟ ਦੱਸ ਕੇ ਇਸ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ।”
“ਪਰ ਇਹ ਕੋਸ਼ਿਸ਼ ਕਿੰਨੀ ਸਫ਼ਲ ਹੋਈ, ਇਸ ਗੱਲ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 1946 ਵਿੱਚ ਪੈਂਟੈਂਗੁਲਰ ਟੂਰਨਾਮੈਂਟ ਖ਼ਤਮ ਹੋਣ ਮਗਰੋਂ ਵੀ ਰਣਜੀ ਟਰਾਫੀ ਲਈ ਕੋਈ ਖਾਸ ਉਤਸ਼ਾਹ ਲੋਕਾਂ ਵਿੱਚ ਨਹੀਂ ਵੇਖਿਆ ਗਿਆ।”