You’re viewing a text-only version of this website that uses less data. View the main version of the website including all images and videos.
ਵਿਲੀਅਮ ਹੇਵਾਤ ਮੈਕਲੋਡ: ਸਿੱਖ ਇਤਿਹਾਸ ਦਾ ਵਿਦੇਸ਼ੀ ਇਤਿਹਾਸਕਾਰ, ਪਰ ਕੀ ਹੈ ਉਨ੍ਹਾਂ ਬਾਰੇ ਵਿਵਾਦ
- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
ਵਿਲੀਅਮ ਹੇਵਾਤ ਮੈਕਲੋਡ ਵਿਦੇਸ਼ੀ ਮੂਲ ਦੇ ਸਿੱਖ ਇਤਿਹਾਸਕਾਰ ਹੋਏ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਸਿੱਖ ਧਰਮ ਦੇ ਅਧਿਐਨ ਅਤੇ ਇਸ ਬਾਰੇ ਕਿਤਾਬਾਂ ਲਿਖਣ ਲੇਖੇ ਲਾਇਆ।
ਮੈਕਲੋਡ ਨੇ ਸਿੱਖ ਧਰਮ ਬਾਰੇ 15 ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਦੀਆਂ ਸਿੱਖ ਧਰਮ ਅਤੇ ਇਤਿਹਾਸ ਬਾਰੇ ਲਿਖੀਆਂ ਕਿਤਾਬਾਂ ਦੀ ਲੜੀ ਨੇ ਕੌਮਾਂਤਰੀ ਪੱਧਰ ਦੀ ਚਰਚਾ ਛੇੜੀ। ਹਾਲਾਂਕਿ, ਉਨ੍ਹਾਂ ਦੀਆਂ ਕਿਤਾਬਾਂ ਉੱਤੇ ਕਾਫ਼ੀ ਵਿਵਾਦ ਵੀ ਹੁੰਦੇ ਰਹੇ।
ਨਿਊਜੀਲੈਂਡ ਦੇ ਕਿਸਾਨ ਪਰਿਵਾਰ ਵਿੱਚ ਜਨਮੇ ਮੈਕਲੋਡ ਦੇ ਪਿਤਾ ਭੇਡ ਪਾਲਕ ਸਨ। ਉਨ੍ਹਾਂ ਦਾ ਜੱਦੀ ਘਰ ਨਿਊਜ਼ੀਲੈਂਡ ਦੇ ਫੀਲਡਿੰਗ ਨਾਂ ਦੇ ਉੱਤਰੀ ਟਾਪੂ ਵਿੱਚ ਸੀ।
ਉਨ੍ਹਾਂ ਦੀ ਸ਼ੁਰੂਆਤੀ ਪੜ੍ਹਾਈ ਨੈਲਸਨ ਕਾਲਜ ਵਿੱਚ ਹੋਈ ਅਤੇ ਫਿਰ ਉਹ ਉੱਚ ਪੜ੍ਹਾਈ ਲਈ ਯੂਨੀਵਰਸਿਟੀ ਆਫ਼ ਓਟਾਗੋ, ਡੁਨੇਡਿਨ ਵਿੱਚ ਗਏ। ਜਿੱਥੋਂ ਉਨ੍ਹਾਂ ਇਤਿਹਾਸ ਵਿੱਚ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ।
ਮੈਕਲੋਡ ਦੀ ਪੰਜਾਬ ਆਮਦ ਅਤੇ ਸਿੱਖ ਧਰਮ ਵਿੱਚ ਰੁਚੀ
ਨਿਊਜੀਲੈਂਡ ਦੀ ਯੂਨੀਵਰਸਿਟੀ ਆਫ਼ ਓਟਾਗੋ ਦੇ ਇਤਿਹਾਸਕਾਰ ਟੋਨੀ ਬੈਲਨਟਾਇਨ ਨੇ ਆਪਣੇ ਇੱਕ ਲੇਖ ਵਿੱਚ ਮੈਕੋਲਡ ਦੀ ਨਿੱਜੀ ਜ਼ਿੰਦਗੀ ਬਾਰੇ ਲਿਖਿਆ ਹੈ।
ਟੋਨੀ ਲਿਖਦੇ ਹਨ, ''ਓਟਾਗੋ ਵਿੱਚ ਮੈਕਲੋਡ ਦੀ ਮਾਰਗਰੇਟ ਵਾਇਲੀ ਨਾਲ ਮੁਲਕਾਤ ਹੋਈ ਅਤੇ ਮਈ 1955 ਵਿੱਚ ਇਹ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਸੇ ਸਮੇਂ ਦੌਰਾਨ ਮੈਕਲੋਡ ਨੇ ਧਰਮ ਸਾਸ਼ਤਰਾਂ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਸੀ।''
ਟੋਨੀ ਅੱਗੇ ਲਿਖਦੇ ਹਨ, ''1958 ਵਿੱਚ ਮੈਕਲੋਡ ਆਪਣੀ ਪਤਨੀ ਅਤੇ ਪੁੱਤਰ ਰੋਰੀ ਨਾਲ ਨਿਊਜ਼ੀਲੈਂਡ ਪ੍ਰੈਸਬੀਟੇਰੀਅਨ ਚਰਚ ਦੇ ਮਿਸ਼ਨ ਵਿੱਚ ਸ਼ਾਮਲ ਹੋ ਗਏ ਅਤੇ ਭਾਰਤੀ ਪੰਜਾਬ ਦੇ ਖਰੜ ਕਸਬੇ ਵਿੱਚ ਆ ਗਏ।''
ਇਹ ਕਸਬਾ ਪੰਜਾਬ ਤੇ ਹਰਿਆਣਾ ਦੀ ਮੌਜੂਦਾ ਸਾਂਝੀ ਰਾਜਧਾਨੀ ਚੰਡੀਗੜ੍ਹ ਤੋਂ ਕਰੀਬ 15 ਕਿਲੋਮੀਟਰ ਦੀ ਵਿੱਥ ਉੱਤੇ ਪੱਛਮ ਵੱਲ ਹੈ।
ਖਰੜ ਵਿੱਚ ਕ੍ਰਿਸ਼ਚਨ ਬੁਆਏਜ਼ ਸੈਕੰਡਰੀ ਸਕੂਲ ਵਿੱਚ ਉਹ ਅੰਗਰੇਜੀ ਪੜ੍ਹਾਉਣ ਲੱਗੇ ਅਤੇ ਨਾਲ ਹੀ ਪੰਜਾਬੀ ਅਤੇ ਹਿੰਦੀ ਸਿੱਖਣ ਲੱਗੇ। ਪਰ ਭਾਸ਼ਾ ਦੇ ਅਧਿਆਪਕ ਵਜੋਂ ਸਿਖਲਾਈ ਦੀ ਘਾਟ ਅਤੇ ਉਨ੍ਹਾਂ ਦੇ ਨਿਊਜ਼ੀਲੈਂਡ ਦੀ ਅੰਗਰੇਜ਼ੀ ਵਾਲੇ ਲਹਿਜੇ ਨੇ ਉਨ੍ਹਾਂ ਲਈ ਇਹ ਕੰਮ ਕਾਫੀ ਔਖਾ ਬਣਾ ਦਿੱਤਾ।
ਇਸ ਸਮੱਸਿਆ ਤੋਂ ਬਚਣ ਲਈ ਉਨ੍ਹਾਂ ਪੰਜਾਬ, ਖ਼ਾਸਕਰ ਸਿੱਖਾਂ ਉੱਤੇ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ।
ਟੋਨੀ ਲਿਖਦੇ ਹਨ, ''ਸਿੱਖ ਭਾਈਚਾਰੇ ਦੇ ਇਤਿਹਾਸ ਨੇ ਮੈਕਲੋਡ ਦੀਆਂ ਕਲਪਨਾਵਾਂ ਨੂੰ ਵਿਚਾਰਾਂ ਦੀ ਨਵੀਂ ਉਡਾਰੀ ਦਿੱਤੀ। ਇਹ ਰੁਚੀ ਹੋਰ ਵੀ ਤੇਜ਼ੀ ਨਾਲ ਵਿਕਸਤ ਹੋਣ ਲੱਗੀ, ਜਦੋਂ ਉਨ੍ਹਾਂ ਨੇ ਕੁਝ ਸਮਾਂ ਆਪਣੇ ਪੁੱਤਰਾਂ ਮਿਸ਼ੈਲ ਅਤੇ ਸ਼ਾਨਨ ਨਾਲ ਇੰਗਲੈਂਡ ਵਿੱਚ ਬਿਤਾਇਆ।"
"ਇੱਥੇ 1965 ਵਿੱਚ ਲੰਡਨ ਦੇ ਸਕੂਲ ਆਫ਼ ਓਰੀਐਂਟਲ ਐਂਡ ਅਫਰੀਕਨ ਸਟੱਡੀਜ਼ ਤੋਂ ਉਨ੍ਹਾਂ ਨੇ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ। ਇੱਥੇ ਹੀ ਉਨ੍ਹਾਂ ਨੇ ਅਰਧ ਪੰਜਾਬੀ ਮੂਲ ਦੀ ਕੁੜੀ ਰੁੱਥ ਨੂੰ ਗੋਦ ਵੀ ਲਿਆ।''
ਇਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਪੰਜਾਬ ਵਾਪਸ ਆ ਗਏ ਅਤੇ ਬਟਾਲਾ ਦੇ ਬੇਅਰਿੰਗ ਕਾਲਜ ਵਿੱਚ ਇਤਿਹਾਸ ਪੜ੍ਹਾਉਣ ਲੱਗੇ।
ਸਿੱਖ ਅਧਿਐਨ ਕਿਵੇਂ ਸ਼ੁਰੂ ਹੋਇਆ
ਏਸ਼ੀਆ ਡਾਊਨ ਅੰਡਰ ਨਾਂ ਦੇ ਨਿਊਜ਼ੀਲੈਂਡ ਦੇ ਟੀਵੀ ਪ੍ਰੋਗਰਾਮ ਨੂੰ ਦਿੱਤੇ ਇੰਟਰਵਿਊ ਵਿੱਚ ਮੈਕਲੋਡ ਨੇ ਆਪ ਦੱਸਿਆ ਸੀ, ''ਜਦੋਂ ਮੈਂ ਪੰਜਾਬ ਗਿਆ ਤਾਂ ਉੱਥੇ ਹਿੰਦੂ ਅਤੇ ਸਿੱਖ ਦੋ ਭਾਈਚਾਰੇ ਸਨ। ਜਿਨ੍ਹਾਂ ਵਿੱਚੋਂ ਮੈਨੂੰ ਸਿੱਖ ਕਾਫੀ ਰੋਚਕ ਲੱਗੇ ਅਤੇ ਮੈਂ ਉਨ੍ਹਾਂ ਨੂੰ ਸਟੱਡੀ ਕਰਨਾ ਸ਼ੁਰੂ ਕੀਤਾ।''
ਉਨ੍ਹਾਂ ਦੱਸਿਆ ਸੀ, ''ਮੈਂ ਆਪਣੇ ਆਪ ਨੂੰ ਇੱਕ ਚੰਗਾ ਪਾਰਸ਼ ਮਨਿਸਟਰ (ਇੱਕ ਇਲਾਕੇ ਦਾ ਇਸਾਈ ਪ੍ਰਚਾਰਕ) ਨਹੀਂ ਸਮਝਦਾ ਸੀ। ਪਰ ਉਦੋਂ ਮੈਨੂੰ ਭਾਰਤ ਆਉਣ ਦਾ ਮੌਕਾ ਮਿਲਿਆ, ਜਿੱਥੇ ਇੱਕ ਅਧਿਆਪਕ ਦੀ ਥਾਂ ਖਾਲੀ ਹੋਈ ਸੀ। ਮੈਨੂੰ ਇਹ ਮੌਕਾ ਚੰਗਾ ਲੱਗਿਆ ਅਤੇ ਮੈਂ ਭਾਰਤ ਆ ਗਿਆ।''
ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਭਾਰਤ ਜਾ ਕੇ ਇਸਾਈ ਭਾਈਚਾਰੇ ਵਿੱਚ ਰਹਿਣਗੇ, ਅੰਗਰੇਜ਼ੀ ਬੋਲਣਗੇ, ਉਹ ਆਪਣੇ ਨਿਊਜ਼ੀਲੈਂਡ ਦੇ ਤਜਰਬੇ ਨੂੰ ਭਾਰਤ ਵਿੱਚ ਅਮਲੀ ਰੂਪ ਦੇਣਗੇ। ਪਰ ਜਦੋਂ ਉਹ ਪੜ੍ਹਾਉਣ ਲੱਗੇ ਤਾਂ ਉਨ੍ਹਾਂ ਨੂੰ ਲਹਿਜੇ ਕਾਰਨ ਦਿੱਕਤ ਆਈ ਅਤੇ ਉਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਸਿੱਖਣੀ ਸ਼ੁਰੂ ਕਰ ਦਿੱਤੀ।
ਮੈਕਲੋਡ ਨੇ ਦੱਸਿਆ ਸੀ, ''ਮੈਂ ਇਤਿਹਾਸ ਦਾ ਵਿਦਿਆਰਥੀ ਸੀ ਅਤੇ ਕੁਦਰਤੀ ਹੈ ਕਿ ਇਸ ਕੰਮ ਵਿੱਚ ਮੇਰੀ ਰੁਚੀ ਜਾਗਣੀ ਹੀ ਸੀ। ਇਸ ਲਈ ਮੈਂ ਸਿੱਖਾਂ ਬਾਰੇ ਕੰਮ ਕਰਨਾ ਸ਼ੁਰੂ ਕਰ ਦਿੱਤਾ।''
ਮੈਕਲੋਡ ਦੀ ਰਚਨਾ ਤੇ ਵਿਵਾਦ
ਮੈਕਲੋਡ ਨੇ ਸਿੱਖ ਧਰਮ ਬਾਰੇ ਦਰਜਨ ਤੋਂ ਵੱਧ ਕਿਤਾਬਾਂ ਲਿਖੀਆਂ ਅਤੇ ਕੌਮਾਂਤਰੀ ਪੱਧਰ ਉੱਤੇ ਸਿੱਖ ਧਰਮ ਦੇ ਅਧਿਐਨਕਰਤਾ ਵਜੋਂ ਨਾਮਣਾ ਖੱਟਿਆ।
ਪਰ ਉਨ੍ਹਾਂ ਨੂੰ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਵਲੋਂ ਜ਼ਿਆਦਾ ਮਾਨਤਾ ਨਹੀਂ ਦਿੱਤੀ ਗਈ। ਸਿੱਖ ਧਰਮ ਦੇ ਕਈ ਵਿਦਵਾਨ ਮੈਕਲੋਰਡ ਦੀਆਂ ਰਚਨਾਵਾਂ ਨੂੰ ਸਿੱਖੀ ਸਕੰਲਪ ਦੀ ਭਾਵਨਾਂ ਨੂੰ ਤੋੜਨ ਮਰੋੜਨ ਵਾਲੀਆਂ ਦੱਸਦੇ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਧਾਰਮਿਕ ਅਧਿਐਨ ਵਿਭਾਗ ਦੇ ਸਾਬਕਾ ਮੁਖੀ ਡਾਕਟਰ ਸਰਬਜਿੰਦਰ ਸਿੰਘ ਕਹਿੰਦੇ ਹਨ, ''ਮੈਂ ਮੈਕਲੋਡ ਵਲੋਂ ਸਿੱਖ ਧਰਮ ਦੀ ਕੀਤੀ ਗਈ ਵਿਆਖਿਆ ਨਾਲ ਸਹਿਮਤ ਨਹੀ ਹਾਂ। ਉਸ ਦੀਆਂ ਰਚਨਾਵਾਂ ਵਿੱਚ ਗੁਰਬਾਣੀ ਦੀ ਸਪਿਰਟ ਮਨਫ਼ੀ ਹੈ।''
ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਡਾਕਟਰ ਸਰਬਜਿੰਦਰ ਸਿੰਘ ਨੇ ਕਿਹਾ, ''ਮੈਕਲੋਡ ਸਿੱਖ ਧਰਮ ਦੀ ਪਰਿਭਾਸ਼ਾ ਜਨਮ ਸਾਖੀਆਂ ਨੂੰ ਅਧਾਰ ਬਣਾ ਕੇ ਕਰਦੇ ਹਨ। ਜਦਕਿ ਸਿੱਖੀ ਸੰਕਲਪ ਦਾ ਮੂਲ ਅਧਾਰ ਗੁਰਬਾਣੀ ਹੈ, ਜਨਮ ਸਾਖੀਆ ਨਹੀਂ ਹਨ।''
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਕਾਰਤ ਵੈੱਬਪੋਰਟਲ ਮੁਤਾਬਕ ਗੁਰੂ ਸਾਹਿਬਾਨਾਂ ਦੇ ਆਦਰਸ਼ਕ ਵਿਅਕਤੀਆਂ ਅਤੇ ਹੋਰ ਭਗਤਾਂ ਦੇ ਜੀਵਨ ਚਰਿੱਤਰਾਂ ਤੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਸ਼ਰਧਾਵਾਨ ਵਾਰਤਕ ਲੇਖਕਾਂ ਨੇ ਪਰੰਪਰਾਗਤ ਜਨਮ ਸਾਖੀਆਂ ਦੀ ਸਿਰਜਨਾ ਕੀਤੀ ਹੈ।
ਇਹ ਗੁਰੂ ਸਾਹਿਬਾਨ ਜਾਂ ਭਗਤਾਂ ਦੀ ਰਚਨਾ ਨਹੀਂ ਹੈ। ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਗਿਆ ਹੈ, ਉਸ ਨੂੰ ਗੁਰਬਾਣੀ ਕਿਹਾ ਜਾਂਦਾ ਹੈ।
ਡਾਕਟਰ ਸਰਬਜਿੰਦਰ ਮੁਤਾਬਕ ਸਿੱਖ ਧਰਮ ਦੀ ਪਰਿਭਾਸ਼ਾ ਗੁਰਬਾਣੀ ਦੇ ਅਧਾਰ ਉੱਤੇ ਹੀ ਹੋ ਸਕਦੀ ਹੈ।
ਉਹ ਕਹਿੰਦੇ ਹਨ, ''ਮੈਕਲੋਡ, ਇਸਾਈ ਮਿਸ਼ਨਰੀ ਵੱਜੋਂ ਕੰਮ ਕਰਨ ਲਈ ਪੰਜਾਬ ਆਇਆ ਸੀ। ਅਕਾਦਮਿਕ ਮਾਹਰ ਹਮੇਸ਼ਾ ਤੱਥਾਂ ਦੀ ਗੱਲ ਕਰਦਾ ਹੈ, ਸਪਰਿਟ ਦੀ ਨਹੀਂ। ਇਸ ਲਈ ਮੈਕਲੋਡ ਜਦੋਂ ਸਿੱਖੀ ਦੀ ਵਿਆਖਿਆ ਕਰਦਾ ਹੈ ਤਾਂ ਉਸ ਦੀ ਭਾਵਨਾ ਮਿਸ਼ਨਰੀ ਵਾਲੀ ਹੀ ਹੈ।''
ਸਰਬਜਿੰਦਰ ਅੱਗੇ ਕਹਿੰਦੇ ਹਨ, ''ਮੈਂ ਧਰਮ ਅਧਿਐਨ ਦੇ ਵਿਦਿਆਰਥੀ ਵਜੋਂ ਗੱਲ ਕਰਾਂ ਤਾਂ ਕਹਿ ਸਕਦਾ ਹਾਂ ਕਿ ਦੂਜੇ ਧਰਮਾਂ ਦੀ ਰਚਨਾ ਉਨ੍ਹਾਂ ਦੇ ਧਾਰਮਿਕ ਵਿਦਵਾਨਾਂ ਨੇ ਕੀਤੀ ਹੈ, ਜਦਕਿ ਸਿੱਖੀ ਵਿੱਚ ਆਪ 'ਪੈਗੰਬਰ ਗੁਰੂ' ਨੇ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ ਹੈ।"
"ਇਸ ਲਈ ਸਿੱਖੀ ਦੀ ਪਰਿਭਾਸ਼ਾ ਉਸ ਤੋਂ ਬਾਹਰ ਜਾ ਕੇ ਨਹੀਂ ਹੋ ਸਕਦੀ। ਇਹੀ ਮੈਕਲੋਡ ਦੇ ਥੀਸਸ ਦੀ ਸਭ ਤੋਂ ਵੱਡੀ ਖਾਮੀ ਹੈ।''
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸਾਬਕਾ ਮੁਖੀ ਡਾਕਟਰ ਗੁਰਨਾਮ ਕੌਰ ਆਪਣੇ ਇੱਕ ਲੇਖ ਵਿੱਚ ਮੈਕਲੋਡ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਵਲੋਂ ਸਿੱਖ ਧਰਮ ਦੇ ਮੂਲ ਸਰੋਤ ਗੁਰਬਾਣੀ ਵਿੱਚ ਜਾਏ ਬਗ਼ੈਰ ਕੀਤੀ ਵਿਆਖਿਆ ਨੂੰ ਰੱਦ ਕਰਦੇ ਹਨ।
ਉਹ ਲਿਖਦੇ ਹਨ, ''ਮੈਕਲੋਡ ਸਕੂਲ ਆਫ਼ ਥਾਟ ਦੇ ਧਾਰਨੀ ਡਾਕਟਰ ਪਿਸ਼ੌਰਾ ਸਿੰਘ, ਲੂਇਸ ਫੈਂਚੀ, ਹਰਜੋਤ ਓਬਰਾਏ ਅਤੇ ਡੋਰਿਸ ਆਰ ਜੈਕੋਬਸ ਆਦਿ ਵਿਦਵਾਨ ਇਸ ਵਿਚਾਰ ਦੀ ਗੱਲ ਕਰਕੇ ਸਿੱਖੀ ਦੀ ਮੂਲ ਭਾਵਨਾ ਨੂੰ ਸੱਟ ਮਾਰਦੇ ਹਨ।''
ਮੈਕਲੋਡ ਬਾਰੇ ਹੋਰ ਵਿਚਾਰ
ਜਿੱਥੇ ਮੈਕਲੋਡ ਦੇ ਥੀਥਸ ਨਾਲ ਕਈ ਸਿੱਖ ਵਿਵਦਾਨ ਸਹਿਮਤ ਨਹੀਂ ਹਨ, ਉੱਥੇ ਹੀ ਡਾਕਟਰ ਹਰਪਾਲ ਸਿੰਘ ਪੰਨੂ ਉਨ੍ਹਾਂ ਨੂੰ ਮਿਹਨਤ ਅਤੇ ਭਾਵਨਾ ਵਾਲਾ ਇਤਿਹਾਸਕਾਰ ਮੰਨਦੇ ਹਨ।
ਡਾਕਟਰ ਹਰਪਾਲ ਸਿੰਘ ਪੰਨੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੇਵਾ ਮੁਕਤ ਪ੍ਰੋਫੈਸਰ ਹਨ ਅਤੇ ਸਿੱਖ ਸਟੱਡੀਜ਼ ਵਿੱਚ ਪੀਐੱਚਡੀ ਹਨ।
ਜਨਮ ਸਾਖੀਆਂ ਵਿੱਚ ਵਿਸ਼ੇਸ਼ ਮੁਹਾਰਤ ਰੱਖਣ ਵਾਲੇ ਡਾਕਟਰ ਪੰਨੂ ਕਹਿੰਦੇ ਹਨ, ''ਭਾਵੇਂ ਕਈ ਲੋਕ ਇਹ ਮੰਨਦੇ ਹਨ ਕਿ ਮੈਕਲੋਡ ਇਸਾਈ ਧਰਮ ਦਾ ਪ੍ਰਚਾਰਕ ਸੀ, ਪਰ ਮੈਂ ਸਮਝਦਾ ਹਾਂ ਕਿ ਉਸ ਦੀ ਮਿਹਨਤ ਵਿੱਚ ਕੋਈ ਕਮੀ ਨਹੀਂ ਸੀ।"
"ਉਸ ਨੇ ਮੰਨਿਆ ਕਿ ਜਨਮ ਸਾਖੀਆਂ ਧਰਮ ਸ਼ਾਸਤਰ ਹਨ, ਇਹ ਨਿਰਾ ਇਤਿਹਾਸ ਨਹੀਂ ਹਨ।''
ਉਹ ਕਹਿੰਦੇ ਹਨ, ''ਮੈਂ ਸਮਝਦਾ ਹਾਂ ਕਿ ਮੈਕਲੋਡ ਨੇ ਸਿੱਖ ਧਰਮ ਉੱਤੇ ਚੰਗਾ ਕੰਮ ਕੀਤਾ ਹੈ, ਹਰ ਕੰਮ ਵਿੱਚ ਕੁਝ ਨਾ ਕੁਝ ਖ਼ਾਮੀਆਂ ਹੋਣੀਆਂ ਸੁਭਾਵਿਕ ਹਨ। ਪਰ ਉਸ ਨੇ ਨਿੱਠ ਕੇ ਮਿਹਨਤ ਕੀਤੀ।''
ਡਾਕਟਰ ਟੋਨੀ ਬੈਲੇਨਟਾਇਨ ਵੀ ਲਿਖਦੇ ਹਨ ਕਿ ਮੈਕਲੋਡ ਨੇ ਚਰਚ ਨਾਲੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ। ਉਸ ਨੂੰ ਲੱਗਦਾ ਸੀ ਕਿ ਉਹ ਧਾਰਮਿਕ ਨਹੀਂ ਹਨ, ਉਨ੍ਹਾਂ ਦਾ ਰੱਬ ਵਿੱਚ ਵਿਸ਼ਵਾਸ ਨਹੀਂ ਸੀ। ਪਰ ਇਸ ਦੇ ਬਾਵਜੂਦ ਕਈ ਸਿੱਖ ਵਿਦਵਾਨ ਉਨ੍ਹਾਂ ਨੂੰ ਇਸਾਈ ਮਿਸ਼ਨਰੀ ਕਹਿ ਕੇ ਹੀ ਭੰਡਦੇ ਰਹੇ।
ਮੈਕਲੋਡ ਦਾ ਆਖਰੀ ਸਮਾਂ ਕਿੱਥੇ ਬੀਤਿਆ
ਮੈਕਲੋਡ ਅਤੇ ਉਨ੍ਹਾਂ ਦੀ ਪਤਨੀ 1969 ਵਿੱਚ ਵਾਪਸ ਇੰਗਲੈਂਡ ਚਲੇ ਗਏ, ਉਨ੍ਹਾਂ ਨੇ ਇਸਾਈ ਚਰਚ ਨਾਲੋਂ ਆਪਣਾ ਨਾਤਾ ਤੋੜ ਲਿਆ ਸੀ। ਇੱਥੇ ਉਨ੍ਹਾਂ ਕੈਂਬ੍ਰਿਜ ਅਤੇ ਸੁਸੈਕਸ ਯੂਨੀਵਰਿਸਟੀਜ਼ ਵਿੱਚ 18 ਮਹੀਨੇ ਫੈਲੋਸ਼ਿਪ ਉੱਤੇ ਕੰਮ ਕੀਤਾ।
ਇਸ ਦੌਰਾਨ ਉਨ੍ਹਾਂ ਬਰਤਾਨਵੀਂ ਹਕੂਮਤ ਵਲੋਂ ਇੰਗਲੈਂਡ ਲਿਜਾਏ ਗਏ ਜਨਮ ਸਾਖੀਆਂ ਦੇ ਅਸਲ ਸਰੋਤਾਂ ਦਾ ਵੀ ਅਧਿਐਨ ਕੀਤਾ।
ਇਸ ਤੋਂ ਬਾਅਦ ਉਹ ਪਰਿਵਾਰ ਸਣੇ ਨਿਊਜ਼ੀਲੈਂਡ ਪਰਤ ਗਏ ਅਤੇ ਯੂਨੀਵਰਸਿਟੀ ਆਫ਼ ਓਟੈਗਾ ਵਿੱਚ ਇਤਿਹਾਸ ਦੇ ਪ੍ਰੋਫੈਸਰ ਬਣ ਗਏ। ਇੱਥੋਂ ਹੀ ਉਹ 1997 ਵਿੱਚ ਸੇਵਾਮੁਕਤ ਹੋਏ।
ਆਪਣੇ ਇਤਿਹਾਸ ਅਧਿਆਪਨ ਕਾਰਜ ਦੇ ਨਾਲ-ਨਾਲ ਉਹ ਦੇਸ਼ਾਂ-ਵਿਦੇਸ਼ਾਂ ਵਿੱਚ ਘੁੰਮਦੇ ਰਹੇ। ਸਿੱਖ ਇਤਿਹਾਸ ਲਿਖਦੇ ਰਹੇ ਤੇ ਆਪਣੇ ਕਾਰਜ ਬਾਰੇ ਲੋਕਾਂ ਨੂੰ ਲੈਕਚਰਾਂ ਰਾਹੀਂ ਜਾਣੂ ਕਰਵਾਉਂਦੇ ਰਹੇ।
ਉਨ੍ਹਾਂ ਨਿਊਜ਼ੀਲੈਡ ਅਤੇ ਆਸਟਰੇਲੀਆ ਵਿੱਚ ਪੰਜਾਬੀਆਂ ਦੇ ਪਰਵਾਸ ਦੇ ਇਤਿਹਾਸ ਨੂੰ ਵੀ ਕਲਮਬੱਧ ਕੀਤਾ।
ਆਖ਼ਰ 20 ਜੁਲਾਈ 2009 ਵਿੱਚ ਉਨ੍ਹਾਂ ਦੀ ਕੈਂਸਰ ਦੀ ਬਿਮਾਰੀ ਕਾਰਨ ਮੌਤ ਹੋ ਗਈ।
ਮੈਕਲੋਡ ਦੀਆਂ ਕਿਤਾਬਾਂ ਦੀ ਸੂਚੀ
ਮੈਕਲੋਡ ਨੇ ਸਿੱਖ ਧਰਮ ਬਾਰੇ ਜੋ 15 ਕਿਤਾਬਾਂ ਲਿਖੀਆਂ, ਉਨ੍ਹਾਂ ਵਿੱਚ ਗੁਰੂ ਨਾਨਕ ਐਂਡ ਸਿੱਖ ਰਿਲੀਜ਼ਨ, ਸਿੱਖਜ਼ ਐਂਡ ਸਿੱਖਇਜ਼ਮ, ਐਕਸਪਲੋਰਿੰਗ ਸਿੱਖਇਜ਼ਮ: ਆਸਪੈਕਟ ਆਫ਼ ਸਿੱਖਇਜ਼ਮ, ਟੈਕਸਚੂਅਲ ਸੋਰਸਿਜ਼ ਫ਼ਾਰ ਸਟੱਡੀ ਸਿੱਖਇਜ਼ਮ, ਦਿ ਸਿੱਖਸ: ਹਿਸਟਰੀ, ਰਿਲੀਜਨ ਐਂਡ ਸੁਸਾਇਟੀ ਸ਼ਾਮਲ ਹਨ।
ਮੈਕਲੋਡ ਦੀਆਂ ਹੋਰ ਕਿਤਾਬਾਂ ਵਿੱਚ ਸਿੱਖਸ ਆਫ਼ ਖਾਲਸਾ: ਹਿਸਟਰੀ ਆਫ਼ ਖਾਲਸਾ ਰਹਿਤ, ਐਵੋਲੂਇਸ਼ਨ ਆਫ਼ ਸਿੱਖ ਆਫ਼ ਦਿ ਸਿੱਖ ਕਮਿਊਨਿਟੀ, ਹੂ ਇਜ਼ ਸਿੱਖ: ਦਾ ਪ੍ਰੋਬਲਮ ਆਫ਼ ਸਿੱਖ਼ ਆਇਡੈਂਟਟੀ, ਚਉਪਾ ਸਿੰਘ ਰਹਿਤਨਾਮਾ ਅਤੇ ਦਿ ਵੇਅ ਆਫ਼ ਸਿੱਖ ਦਾ ਨਾਮ ਜਿਕਰਯੋਗ ਹਨ।
ਇਸ ਤੋਂ ਇਲਾਵਾ ਐਸੇ ਇੰਨ ਸਿੱਖ ਹਿਸਟਰੀ, ਟਰੈਡੀਸ਼ਨ ਐਂਡ ਸੁਸਾਇਟੀ, ਸਿਖਸ ਆਫ਼ ਦਾ ਪੰਜਾਬ, ਅਰਲੀ ਸਿੱਖ ਟਰੈਡੀਸ਼ਨ, ਏ ਸਟੱਡੀ ਆਫ਼ ਜਨਮਸਾਖੀਜ਼/ ਇੰਟਰਨੈਸ਼ਨਲ ਐਡੀਸ਼ਨ, ਹਿਸਟੋਰੀਕਲ ਡਿਕਸ਼ਨਰੀ ਆਫ਼ ਸਿੱਖਇਜ਼ਮ ਅਤੇ ਪਾਪੂਲਰ ਸਿੱਖ ਆਰਟ ਮੈਕਲੋਡ ਦੀਆਂ ਚਰਚਿਤ ਕਿਤਾਬਾਂ ਸ਼ਾਮਲ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ