You’re viewing a text-only version of this website that uses less data. View the main version of the website including all images and videos.
ਤਲਵਾਰ ਨਿਗਲਣ ਦਾ ਭਾਰਤੀ ਕਰਤਬ ਜਿਸ ਨਾਲ ਮੈਡੀਕਲ ਜਗਤ ਦੀ ਇਹ ਬਹੁਤ ਵੱਡੀ ਖੋਜ ਹੋਈ
- ਲੇਖਕ, ਵਕਾਰ ਮੁਸਤਫਾ
- ਰੋਲ, ਪੱਤਰਕਾਰ ਅਤੇ ਖੋਜਕਾਰ
ਤਲਵਾਰ ਗਲੇ ਦੇ ਅੰਦਰ ਗਾਇਬ ਹੋ ਜਾਂਦੀ ਸੀ ਅਤੇ ਕੁਝ ਪਲਾਂ ਬਾਅਦ ਚਮਤਕਾਰੀ ਢੰਗ ਨਾਲ ਬਾਹਰ ਆ ਜਾਂਦੀ ਸੀ।
19ਵੀਂ ਸਦੀ ਦੀ ਉਸ ਸੁਹਾਵਣੀ ਸ਼ਾਮ ਨੂੰ, ਜਦੋਂ ਡਾ: ਅਡੋਲਫ ਕੁਸਮੌਲ ਜਰਮਨੀ ਦੇ ਸ਼ਹਿਰ ਹਾਈਡਲਬਰਗ ਦੀਆਂ ਗਲੀਆਂ ਵਿੱਚੋਂ ਲੰਘਦੇ ਹੋਏ ਭੀੜ ਦੇ ਸ਼ੋਰ-ਸ਼ਰਾਬੇ ਨਾਲ ਖਿੱਚੇ ਜਾ ਰਹੇ ਸਨ, ਇਹ ਇੱਕ ਹੈਰਾਨ ਕਰਨ ਵਾਲਾ ਨਜ਼ਾਰਾ ਸੀ।
ਰੌਬਰਟ ਯੰਗਸਨ 'ਦਿ ਮੈਡੀਕਲ ਮੈਵਰਿਕਸ' ਵਿਚ ਲਿਖਦੇ ਹਨ ਕਿ "ਤਲਵਾਰ ਨਿਗਲਣ ਦੇ ਤਮਾਸ਼ੇ ਤੋਂ ਪ੍ਰਭਾਵਿਤ ਹੋਏ, ਕੁਸਮੌਲ ਨੇ ਸੋਚਿਆ ਕਿ ਕੀ ਮਨੁੱਖੀ ਸਰੀਰ ਦੇ ਅੰਦਰ ਦੇਖਣ ਲਈ ਇਸੇ ਤਰ੍ਹਾਂ ਦੀ ਤਰਕੀਬੀ ਵਰਤੀ ਜਾ ਸਕਦੀ ਹੈ।"
ਤਲਵਾਰ ਨਿਗਲਣਾ ਇੱਕ ਪ੍ਰਾਚੀਨ ਹੁਨਰ ਹੈ ਅਤੇ ਬੈਰੀ ਡੇਲੋਂਗ ਅਤੇ ਹੈਰੋਲਡ ਐੱਸ. ਪੇਨ ਦੀ ਖੋਜ ਦਰਸਾਉਂਦੀ ਹੈ ਕਿ ਇਸ ਕਲਾ ਦੀ ਸ਼ੁਰੂਆਤ ਭਾਰਤ ਵਿੱਚ ਲਗਭਗ 2,000 ਈਸਾ ਪੂਰਵ ਵਿੱਚ ਹੋਈ ਸੀ।
ਭਾਰਤ ਤੋਂ ਬ੍ਰਿਟੇਨ ਪਹੁੰਚਿਆ ਹੁਨਰ
19ਵੀਂ ਸਦੀ ਦੀ ਸ਼ੁਰੂਆਤ ਦੀ ਇੱਕ ਰਸਾਲੇ ਦੇ ਅਨੁਸਾਰ, ਜਦੋਂ ਇਹ ਕਲਾ ਪਹਿਲੀ ਵਾਰ ਬ੍ਰਿਟੇਨ ਪਹੁੰਚੀ, ਤਾਂ ਭਾਰਤ ਤੋਂ ਤਲਵਾਰ ਨਿਗਲਣ ਦੇ ਹੁਨਰ ਨੂੰ ਅਦੁੱਤੀ ਮੰਨਿਆ ਜਾਂਦਾ ਸੀ।
ਸੰਨ 1813 ਵਿੱਚ 'ਤਲਵਾਰ ਨੂੰ ਨਿਗਲਣ' ਦਾ ਉਸ ਸਮੇਂ ਦੇ ਲੰਡਨ ਵਿੱਚ ਭਾਰਤੀ ਕਰਤਬਬਾਜ਼ਾਂ ਵੱਲੋਂ ਕੀਤੇ ਗਏ ਇਕ ਨਵੇਂ ਅਤੇ ਹੈਰਾਨੀਜਨਕ ਕਾਰਨਾਮੇ ਵਜੋਂ ਪ੍ਰਚਾਰ ਕੀਤਾ ਗਿਆ ਸੀ।
ਇਸ ਕਲਾ ਦੇ ਮੁਜ਼ਾਹਰਾਕਾਰੀਆਂ ਨੇ ਕਦੇ-ਕਦਾਈਂ ਯੂਰਪ ਅਤੇ ਅਮਰੀਕਾ ਦਾ ਦੌਰਾ ਕੀਤਾ ਅਤੇ 'ਦਿ ਟਾਈਮਜ਼' ਵਿੱਚ ਇਨ੍ਹਾਂ ਮੁਜ਼ਾਹਰਿਆਂ ਬਾਰੇ ਲਿਖਿਆ ਗਿਆ ਹੈ ਕਿ 'ਤਲਵਾਰ ਨਿਗਲਣ ਦੇ ਨਿਵੇਕਲੇਪਣ ਨੇ ਲੋਕਾਂ ਦਾ ਧਿਆਨ ਕਿਸੇ ਹੋਰ ਚੀਜ਼ ਤੋਂ ਲਾਂਭੇ ਕਰਕੇ ਆਪਣੇ ਵੱਲ ਖਿੱਚ ਲਿਆ ਹੈੈ। ਭਾਰਤੀ ਜਾਦੂਗਰਾਂ ਨੇ ਤਲਵਾਰ ਨਿਗਲ ਕੇ ਸ਼ਹਿਰ ਨੂੰ ਹੈਰਾਨ ਕਰ ਦਿੱਤਾ ਹੈ।'
19ਵੀਂ ਸਦੀ ਦੇ ਅੰਤ ਤੱਕ ਤਲਵਾਰ ਨਿਗਲਣ ਦਾ ਇਹ ਹੁਨਰ ਯੂਰਪ ਸਮੇਤ ਪੂਰੀ ਦੁਨੀਆ ਵਿੱਚ ਫੈਲ ਗਿਆ ਸੀ।
ਆਇਰਨ ਹੈਨਰੀ ਦਾ ਯੋਗਦਾਨ
ਲੌਂਗ ਅਤੇ ਪੇਨ ਨੇ ਲਿਖਿਆ ਹੈ ਕਿ "ਡਾ. ਅਡੋਲਫ ਕੁਸਮੌਲ ਨੇ ਤਲਵਾਰ ਨਿਗਲਣ ਵਾਲੇ 'ਆਇਰਨ ਹੈਨਰੀ' ਦੀ ਮਦਦ ਨਾਲ ਇੱਕ ਅਜਿਹਾ ਯੰਤਰ ਵਿਕਸਿਤ ਕੀਤਾ ਜੋ ਰੋਗ ਦੀ ਜਾਂਚ ਲਈ ਖੁਰਾਕ ਨਲੀ ਰਾਹੀਂ ਸਰੀਰ ਵਿੱਚ ਡੂੰਘਾ ਪਾਇਆ ਜਾ ਸਕਦਾ ਸੀ।"
ਐਲੀਜ਼ਾ ਬਰਮਨ ਲਿਖਦੇ ਹਨ ਕਿ ਡਾ: ਕੁਸਮੌਲ ਨੇ ਪੇਟ ਦੇ ਉਪਰਲੇ ਹਿੱਸੇ ਦੀ ਪਹਿਲੀ ਜਾਂਚ, ਜਾਂ ਡਾਕਟਰੀ ਭਾਸ਼ਾ ਵਿੱਚ ਐਂਡੋਸਕੋਪੀ, 1868 ਵਿਚ 'ਆਇਰਨ ਹੈਨਰੀ' ਉੱਤੇ ਕੀਤਾ ਸੀ।
ਉਹ ਲਿਖਦੇ ਹਨ, “ਕੁਸਮੌਲ ਇੱਕ ਟਿਊਮਰ ਤੋਂ ਪੀੜਤ ਮਰੀਜ਼ ਦੀ ਖੁਰਾਕ ਨਲੀ ਵਿੱਚ ਬਹੁਤ ਦੂਰ ਤੱਕ ਨਾ ਦੇਖ ਕੇ ਨਿਰਾਸ਼ ਸਨ। ਆਇਰਨ ਹੈਨਰੀ ਨੇ 47 ਸੈਂਟੀਮੀਟਰ ਲੰਬੀ ਟਿਊਬ ਨੂੰ ਨਿਗਲ ਲਿਆ, ਜਿਸ ਰਾਹੀਂ ਕੁਸਮੌਲ ਨੇ ਸ਼ੀਸ਼ੇ ਅਤੇ ਤੇਲ ਦੇ ਲੈਂਪ ਦੀ ਮਦਦ ਨਾਲ ਤਲਵਾਰ ਨਿਗਲਣ ਵਾਲੇ ਦੇ ਪੇਟ ਵਿੱਚ ਸਾਰੀ ਖੁਰਾਕ ਨਲੀ ਦਾ ਮੁਆਇਨਾ ਕੀਤਾ।
ਤਲਵਾਰ ਨਿਗਲਣਾ ਇੱਕ ਖ਼ਤਰਨਾਕ ਕਾਰਨਾਮਾ ਹੈ ਜਿਸ ਨਾਲ ਮੌਤ ਵੀ ਹੋ ਸਕਦੀ ਹੈ। ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਤਲਵਾਰ ਨਿਗਲਣ ਵਾਲੇ ਮਰਦਾਂ ਅਤੇ ਔਰਤਾਂ 'ਤੇ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਉਨ੍ਹਾਂ ਦੀਆਂ ਆਂਦਰਾਂ ਵਿੱਚ ਖੂਨ ਵਹਿਣ ਅਤੇ ਖੁਰਾਕ ਨਲੀ ਵਿੱਚ ਗੰਭੀਰ ਜ਼ਖਮਾਂਂ ਦੇ ਮਾਮਲੇ ਸਨ।
ਐਲਬਰਟ ਹੌਪਕਿਨਜ਼ ਲਿਖਦੇ ਹਨ ਕਿ 1897 ਵਿੱਚ, ਸਟੀਵਨਜ਼ ਨਾਮ ਦੇ ਇੱਕ ਸਕਾਟਿਸ਼ ਡਾਕਟਰ ਨੇ ਇੱਕ ਤਲਵਾਰ ਨਿਗਲਣ ਵਾਲੇ ਆਦਮੀ ਦੇ ਨਾਲ ਕਈ ਤਜ਼ਰਬੇ ਕੀਤੇ।
'ਇਲੈਕਟਰੋਕਾਰਡੀਓਗਰਾਮ' ਸ਼ਬਦ ਭਾਵੇਂ ਸਿਰਫ਼ ਡਾਕਟਰ ਹੀ ਜਾਣਦੇ ਹੋਣ ਪਰ ਇਸ ਦੇ ਛੋਟੇ ਨਾਂ 'ਈਸੀਜੀ' ਤੋਂ ਬਹੁਤ ਸਾਰੇ ਲੋਕ ਜਾਣੂ ਹਨ। ਦਿਲ ਦੀ ਗਤੀਵਿਧੀ ਨੂੰ ਮਾਪਣ ਲਈ ਕੀਤੇ ਗਏ ਟੈਸਟ ਨੂੰ ਇਲੈਕਟ੍ਰੋਕਾਰਡੀਓਗ੍ਰਾਫੀ (ECG) ਕਿਹਾ ਜਾਂਦਾ ਹੈ।
ਇਸ ਦਾ ਤਜ਼ਰਬਾ ਵੀ 1906 ਵਿੱਚ ਇੱਕ ਤਲਵਾਰ ਨਿਗਲਣ ਵਾਲੇ ਉੱਤੇ ਹੀ ਕੀਤਾ ਗਿਆ ਸੀ ਜਦੋਂ ਜਰਮਨ ਡਾਕਟਰ ਐਮ. ਕ੍ਰੈਮਰ ਨੇ ਦਿਲ ਦੀ ਹਰਕਤ ਨੂੰ ਮਾਪਣ ਲਈ ਇਸਦੀ ਖੁਰਾਕ ਨਲੀ ਵਿੱਚ ਇੱਕ ਇਲੈਕਟ੍ਰੋਡ ਪਾਇਆ ਸੀ।
ਤਲਵਾਰ ਨਿਗਲਣ ਵਾਲਿਆਂ ਦੀ ਅਜੋਕੇ ਡਾਕਟਰੀ ਪ੍ਰਯੋਗਾਂ ਵਿੱਚ ਵੀ ਇੱਕ ਵੱਡੀ ਭੂਮਿਕਾ ਹੈ। ਲੇਕਿਨ ਇਹ ਇੱਕ ਬਹੁਤ ਹੀ ਖਤਰਨਾਕ ਹੁਨਰ ਹੈ ਅਤੇ ਇਸ ਨੂੰ ਆਪਣੇ ਆਪ ਕਰਨਾ ਜਾਨਲੇਵਾ ਹੋ ਸਕਦਾ ਹੈ।
ਜਨਵਰੀ 2006 ਵਿੱਚ, ਤਲਵਾਰ ਨਿਗਲਣ ਵਾਲੇ ਡੈਨ ਮੇਅਰ ਨੇ ਨੈਸ਼ਵਿਲ (ਟੈਨਸੀ) ਵਿੱਚ ਖੋਜਕਰਤਾਵਾਂ ਨਾਲ ਇਹ ਦੇਖਣ ਲਈ ਕੰਮ ਕੀਤਾ ਕਿ ਕੀ ਤਲਵਾਰ ਨਿਗਲਣ ਦੀਆਂ ਤਕਨੀਕਾਂ ਨੂੰ ਨਿਗਲਣ ਸੰਬੰਧੀ ਬਿਮਾਰੀਆਂ ਵਾਲੇ ਮਰੀਜ਼ਾਂ ਦੀ ਮਦਦ ਲਈ ਵਰਤਿਆ ਜਾ ਸਕਦਾ ਹੈ।
ਤਲਵਾਰ ਨਿਗਲਣ ਵਾਲਿਆਂ ਦਾ ਕੌਮਾਂਤਰੀ ਦਿਨ
ਸੰਨ 2007 ਵਿੱਚ, ਤਲਵਾਰ ਨਿਗਲਣ ਵਾਲੇ ਦਾਈ ਐਂਡਰਿਊਜ਼ ਨੇ ਜੌਹਨਸ ਹੌਪਕਿੰਸ ਯੂਨੀਵਰਸਿਟੀ ਵਿੱਚ ਡਾ. ਸ਼ੈਰੌਨ ਕੈਪਲਨ ਨਾਲ ਇਹ ਪਤਾ ਕਰਨ ਲਈ ਕੰਮ ਕੀਤਾ ਕਿ ਕੀ ਤਲਵਾਰ ਨਿਗਲਣ ਦੀ ਵਰਤੋਂ ਉਨ੍ਹਾਂ ਮਰੀਜ਼ਾਂ ਦੀ ਮਦਦ ਲਈ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੇ ਗਲ਼ੇ ਨੂੰ ਗੰਭੀਰ ਨੁਕਸਾਨ ਹੋਇਆ ਹੈ।
ਸਪੱਸ਼ਟ ਹੈ ਕਿ ਇਨ੍ਹਾਂ ਤਜ਼ਰਬਿਆਂ ਦਾ ਲਾਭ ਕਈ ਵਾਰ ਤਲਵਾਰ ਨਿਗਲਣ ਵਾਲਿਆਂ ਨੂੰ ਹੀ ਪਹੁੰਚਦਾ ਹੈ।
ਪੱਤਰਕਾਰ ਓਲੀਵੀਆ ਬੀ. ਵੈਕਸਮੈਨ ਨੇ ਯੇਲ ਵਿਖੇ ਕਲਾ ਦੇ ਇਤਿਹਾਸ 'ਤੇ ਲੈਕਚਰ ਦੇਣ ਵਾਲੇ ਅਤੇ ਤਲਵਾਰ ਨਿਗਲਣ ਵਾਲੇ ਟੌਡ ਰੌਬਿਨਸ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਐਂਡੋਸਕੋਪੀ ਉਨ੍ਹਾਂ ਲਈ ਕਿੰਨੀ ਸੌਖੀ ਰਹੀ ਹੈ।
ਉਹ ਕਹਿੰਦੇ ਹਨ, “ਮੈਨੂੰ ਐਂਡੋਸਕੋਪੀ ਕਰਵਾਉਣੀ ਪਈ। ਆਮ ਤੌਰ 'ਤੇ ਉਹ ਟਿਊਬ ਪਾਉਣ ਤੋਂ ਪਹਿਲਾਂ ਮਰੀਜ਼ ਨੂੰ ਬੇਹੋਸ਼ ਕਰ ਦਿੰਦੇ ਹਨ। ਮੈਂ ਕਿਉਂਕਿ ਤਲਵਾਰ ਨਿਗਲਣ ਵਾਲਾ ਸੀ, ਡਾਕਟਰ ਨੇ ਮੈਨੂੰ ਐਂਡੋਸਕੋਪ ਦਿੱਤਾ ਅਤੇ ਮੈਂ ਇਸਨੂੰ ਨਿਗਲ ਲਿਆ।”
ਪਰ ਇਹ ਕਿੱਤਾ ਹੁਣ ਖ਼ਤਮ ਹੋਣ ਜਾ ਰਿਹਾ ਹੈ।
ਤਲਵਾਰ ਨਿਗਲਣ ਵਾਲਿਆਂ ਦੀ ਇੰਟਰਨੈਸ਼ਨਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਹੁਣ ਸਿਰਫ ਕੁਝ ਦਰਜਨ ਪੇਸ਼ੇਵਰ ਬਚੇ ਹਨ।
ਹਰ ਸਾਲ ਫਰਵਰੀ ਦੇ ਆਖਰੀ ਸ਼ਨੀਵਾਰ ਨੂੰ, ਤਲਵਾਰ ਨਿਗਲਣ ਵਾਲੇ ਇਹ ਕਰਤਬ ਕਰਕੇ ਆਪਣਾ ਕੌਮਾਂਤਰੀ ਦਿਨ ਮਨਾਉਂਦੇ ਹਨ।
ਤਲਵਾਰ ਨਿਗਲਣ ਵਾਲਿਆਂ ਦੀ ਐਸੋਸੀਏਸ਼ਨ ਅਨੁਸਾਰ ਇਸ ਪੁਰਾਤਨ ਕਲਾ ਦਾ ਦਿਨ ਨੂੰ ਮਨਾਉਣ ਦਾ ਮਕਸਦ ‘ਵਿਗਿਆਨ ਅਤੇ ਦਵਾਈ ਦੇ ਖੇਤਰ ਵਿੱਚ ਤਲਵਾਰ ਨਿਗਲਣ ਵਾਲਿਆਂ ਦੇ ਯੋਗਦਾਨ ਬਾਰੇ ਜਾਗਰੂਕਤਾ ਪੈਦਾ ਕਰਨਾ’ ਹੈ।