ਪੂਰਨ ਸੂਰਜ ਗ੍ਰਹਿਣ: ਭਾਰਤ ਵਿੱਚ ਕਦੋਂ ਨਜ਼ਰ ਆਵੇਗਾ ਅਗਲਾ ਸੂਰਜ ਗ੍ਰਹਿਣ

ਜਦੋਂ ਸੂਰਜ ਅਤੇ ਧਰਤੀ ਦਰਮਿਆਨ ਚੰਦਰਮਾ ਆ ਜਾਂਦਾ ਹੈ ਤਾਂ ਉਸ ਸਥਿਤੀ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ।

ਭਾਰਤ ’ਚ ਸੋਮਵਾਰ ਦੀ ਰਾਤ ਭਾਵ 8 ਅਪ੍ਰੈਲ ਨੂੰ ਜਦੋਂ ਸ਼ਾਇਦ ਤੁਸੀਂ ਸੌਂ ਰਹੇ ਸੀ, ਉਸ ਸਮੇਂ ਦੁਨੀਆ ਦੇ ਇੱਕ ਹਿੱਸੇ ’ਚ ਲੱਖਾਂ ਹੀ ਲੋਕ ਆਸਮਾਨ ਵੱਲ ਧੌਣ ਚੁੱਕ ਕੇ ਪੂਰਨ ਸੂਰਜ ਗ੍ਰਹਿਣ ਦਾ ਨਜ਼ਾਰਾ ਲੈ ਰਹੇ ਸਨ।

ਭਾਵੇਂ ਕਿ ਭਾਰਤ ’ਚ ਸੂਰਜ ਗ੍ਰਹਿਣ ਨਜ਼ਰ ਨਹੀਂ ਆਇਆ ਪਰ ਮੈਕਸਿਕੋ, ਅਮਰੀਕਾ ਅਤੇ ਕੈਨੇਡਾ ’ਚ ਲੱਖਾਂ ਹੀ ਲੋਕਾਂ ਨੇ ਇਸ ਦ੍ਰਿਸ਼ ਦਾ ਆਨੰਦ ਮਾਣਿਆ ਹੈ।

ਇਹ ਗ੍ਰਹਿਣ ਪੂਰੇ ਉੱਤਰੀ ਅਮਰੀਕਾ ਮਹਾਂਦੀਪ ’ਚ ਵਿਖਾਈ ਦਿੱਤਾ।

ਇਹ ਮੈਕਸਿਕੋ ਦੇ ਸਮੁੰਦਰੀ ਤੱਟ ਤੋਂ ਸ਼ੁਰੂ ਹੋ ਕੇ ਕੈਨੇਡਾ ਦੇ ਨਿਊਫਾਊਂਡਲੈਂਡ ’ਤੇ ਖ਼ਤਮ ਹੋਇਆ। ਗ੍ਰਹਿਣ ਦਾ ਜ਼ਬਰਦਸਤ ਪ੍ਰਭਾਵ ਨਿਆਗਰਾ ਫਾਲਸ ਦੇ ਬੱਦਲਾਂ ’ਤੇ ਵੀ ਵੇਖਣ ਨੂੰ ਮਿਲਿਆ ।

ਜਿਨ੍ਹਾਂ ਲੋਕਾਂ ਨੇ ਸੂਰਜ ਗ੍ਰਹਿਣ ਨੂੰ ਸਿੱਧਾ ਵੇਖਿਆ ਉਹ ਬਹੁਤ ਹੀ ਹੈਰਾਨੀ ਭਰੀਆਂ ਨਜ਼ਰਾਂ ਨਾਲ ਇਸ ਦ੍ਰਿਸ਼ ਨੂੰ ਵੇਖ ਰਹੇ ਸਨ।

ਵੈਸੇ ਤਾਂ ਭਾਰਤ ’ਚ ਇਹ ਸੂਰਜ ਗ੍ਰਹਿਣ ਨਹੀਂ ਵੇਖਿਆ ਗਿਆ, ਪਰ ਕੁਝ ਲੋਕਾਂ ਨੇ ਇਸ ਖ਼ਗੋਲੀ ਘਟਨਾ ਨੂੰ ਆਨਲਾਈਨ ਜ਼ਰੂਰ ਵੇਖਿਆ ਹੈ।

ਸਭ ਤੋਂ ਪਹਿਲਾਂ ਕਿੰਨੇ ਵਜ੍ਹੇ ਵਿਖਾਈ ਦਿੱਤਾ ਸੂਰਜ ਗ੍ਰਹਿਣ

ਮੈਕਸਿਕੋ ਦੇ ਪੱਛਮੀ ਤੱਟ ’ਤੇ ਸਥਿਤ ਮਾਜ਼ਾਟਲਾਨ ’ਚ ਸਥਾਨਕ ਸਮੇਂ ਅਨੁਸਾਰ ਦਿਨ ਦੇ 11:07 ਵਜੇ ਇਹ ਸੂਰਜ ਗ੍ਰਹਿਣ ਸਭ ਤੋਂ ਪਹਿਲਾਂ ਵਿਖਾਈ ਦਿੱਤਾ।

ਸੂਰਜ ਗ੍ਰਹਿਣ ਦੌਰਾਨ ਉਹ ਪਲ਼ ਵੀ ਆਇਆ ਜਿਸ ਨੂੰ ਰਿੰਗ ਕਿਹਾ ਜਾਂਦਾ ਹੈ। ਮਤਲਬ ਕਿ ਆਕਾਰ ਕੁਝ ਅਜਿਹਾ ਬਣਦਾ ਹੈ ਜਿਵੇਂ ਆਸਮਾਨ ’ਚ ਕੋਈ ਮੁੰਦਰੀ ਚਮਕ ਰਹੀ ਹੋਵੇ।

ਚੰਦਰਮਾ ਸੂਰਜ ਦੀ ਤੁਲਨਾ ’ਚ ਧਰਤੀ ਦੇ 400 ਗੁਣਾ ਜ਼ਿਆਦਾ ਨਜ਼ਦੀਕ ਹੈ, ਪਰ ਚੰਦਰਮਾ ਆਕਾਰ ’ਚ ਸੂਰਜ ਨਾਲੋਂ 400 ਗੁਣਾ ਛੋਟਾ ਵੀ ਹੈ।

ਟੋਟੈਲਿਟੀ ਨਾਮ ਦੀ ਕਿਤਾਬ ’ਚ ਲੇਖਕ ਮਾਰਕ ਲਿਟਮੈਨ ਲਿਖਦੇ ਹਨ ਕਿ ਜੇਕਰ ਚੰਦਰਮਾ ਵਿਆਸ ’ਚ 273 ਕਿਲੋਮੀਟਰ ਛੋਟਾ ਹੁੰਦਾ ਜਾਂ ਦੂਰ ਹੁੰਦਾ ਹੁੰਦਾ ਤਾਂ ਲੋਕ ਇਸ ਤਰ੍ਹਾਂ ਦਾ ਸੂਰਜ ਗ੍ਰਹਿਣ ਨਹੀਂ ਵੇਖ ਸਕਦੇ ਸਨ।

ਇਸ ਦੇ ਕਾਰਨ ਜਦੋਂ ਚੰਦਰਮਾ ਇੱਕ ਸਿੱਧੀ ਰੇਖਾ ਦੇ ਬਿੰਦੂ ਦੇ ਰੂਪ ’ਚ ਸੂਰਜ ਅਤੇ ਧਰਤੀ ਵਿਚਾਲੇ ਆਉਂਦਾ ਹੈ ਤਾਂ ਉਹ ਸੂਰਜ ਨੂੰ ਢੱਕ ਲੈਂਦਾ ਹੈ, ਇਸ ਸਥਿਤੀ ਕਰਕੇ ਹੀ ਅਸੀਂ ਗ੍ਰਹਿਣ ਵੇਖ ਪਾਉਂਦੇ ਹਾਂ।

ਸੂਰਜ ਗ੍ਰਹਿਣ ਵੇਖਣ ਵਾਲਿਆਂ ’ਚ ਹਰ ਉਮਰ ਦੇ ਲੋਕਾਂ ’ਚ ਉਤਸ਼ਾਹ ਸੀ। ਇਸ ’ਚ ਬਜ਼ੁਰਗਾਂ ਤੋਂ ਲੈ ਕੇ ਬੱਚੇ ਤੱਕ ਸ਼ਾਮਲ ਸਨ।

ਅਸੀਂ ਅਜਿਹੇ ਹੀ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਜੋ ਕਿ ਆਪਣੇ ਘਰਾਂ ਤੋਂ ਬਾਹਰ ਸਿਰਫ਼ ਸੂਰਜ ਗ੍ਰਹਿਣ ਵੇਖਣ ਲਈ ਹੀ ਆਏ ਸਨ।

ਸੂਰਜ ਗ੍ਰਹਿਣ ਵੇਖਣ ਵਾਲੇ ਲੋਕਾਂ ਦਾ ਕੀ ਕਹਿਣਾ ਹੈ?

ਟੈਕਸਾਸ ’ਚ 11 ਸਾਲਾ ਐਡੀ ਵਾਲਟਨ ਕਿੰਗ ਪਿਛਲੇ ਕਈ ਹਫ਼ਤਿਆਂ ਤੋਂ ਇਸ ਘੜੀ ਦੀ ਉਡੀਕ ’ਚ ਸੀ।

ਐਡੀ ਨੇ ਇਸ ਬਾਰੇ ਪੰਜਵੀਂ ਜਮਾਤ ’ਚ ਪੜ੍ਹਿਆ ਸੀ। ਅਜਿਹੇ ’ਚ ਜਦੋਂ ਸੂਰਜ ਗ੍ਰਹਿਣ ਦਾ ਪਲ਼ ਆਇਆ ਤਾਂ ਉਹ ਆਪਣੇ ਪਿਤਾ ਰਿਆਨ ਦੇ ਨਾਲ ਸਕੂਲ ਦੇ ਮੈਦਾਨ ਤੱਕ ਪਹੁੰਚ ਗਏ।

ਐਡੀ ਨੇ ਦੱਸਿਆ, “ਇੰਝ ਲੱਗ ਰਿਹਾ ਸੀ ਕਿ ਜਿਵੇਂ ਬਿਨਾਂ ਦੰਦਾਂ ਵਾਲਾ ਚੰਦਰਮਾ ਸੂਰਜ ਨੂੰ ਚੱਕ ਮਾਰ ਰਿਹਾ ਹੋਵੇ।”

“ਬਹੁਤ ਹਨੇਰਾ ਹੋ ਗਿਆ ਸੀ। ਅਜਿਹਾ ਲੱਗ ਰਿਹਾ ਸੀ ਕਿ ਸ਼ਾਮ ਵਰਗਾ ਹਨੇਰਾ ਹੋਵੇਗਾ, ਪਰ ਇਹ ਤਾਂ ਕਾਲੀ ਰਾਤ ਦੇ ਬਰਾਬਰ ਹਨੇਰਾ ਹੋ ਗਿਆ ਸੀ।”

ਜਦੋਂ ਸੂਰਜ ਗ੍ਰਹਿਣ ਲੱਗਿਆ ਤਾਂ ਤਾਪਮਾਨ ’ਚ ਵੀ ਕੁਝ ਗਿਰਾਵਟ ਆਈ। ਪੰਛੀਆਂ ਦੀਆਂ ਆਵਾਜ਼ਾਂ ਆਉਣੀਆਂ ਬੰਦ ਹੋ ਗਈਆਂ।

ਐਡੀ ਦਾ ਕਹਿਣਾ ਹੈ ਕਿ ਜਿਵੇਂ ਹੀ ਰੌਸ਼ਨੀ ਮੁੜ ਆਈ ਤਾਂ ਪੰਛੀਆਂ ਦਾ ਬੋਲਣਾ ਸ਼ੁਰੂ ਹੋ ਗਿਆ। ਮੈਂ ਉਦਾਸ ਹਾਂ ਕਿ ਸੂਰਜ ਗ੍ਰਹਿਣ ਖ਼ਤਮ ਹੋ ਗਿਆ।

ਇਸ ਤੋਂ ਬਾਅਦ ਸੂਰਜ ਗ੍ਰਹਿਣ ਅਮਰੀਕਾ ਦੇ ਉੱਤਰ ਪੱਛਮੀ ਇਲਾਕਿਆਂ ’ਚ ਵਿਖਾਈ ਦਿੱਤਾ।

ਭਾਰਤ ਵਿੱਚ ਅਗਲਾ ਸੂਰਜ ਗ੍ਰਹਿਣ ਕਦੋਂ ਦਿਖਾਈ ਦੇਵੇਗਾ?

ਖਗੋਲ-ਵਿਗਿਆਨੀ ਅਤੇ ਪੰਚਾਂਗ ਲੇਖਕ ਡੀਕੇ ਸੋਮਨ ਬੀਬੀਸੀ ਪੱਤਰਕਾਰ ਜਾਹਨਵੀ ਮੂਲੇ ਨਾਲ ਗੱਲਬਾਤ ਕਰਦਿਆਂ ਹੁਣ ਤੱਕ ਦੇਖੇ ਗਏ ਕੁਝ ਸੂਰਜ ਗ੍ਰਹਿਣ ਬਾਰੇ ਦੱਸਿਆ। ਡੀ ਕੇ ਸੋਮਨ ਦੇ ਦੱਸਦੇ ਹਨ-

ਪੂਰਨ ਸੂਰਜ ਗ੍ਰਹਿਣ ਇੱਕ ਕੁਦਰਤੀ ਵਰਤਾਰਾ ਹੈ। ਇਹ ਕੁਦਰਤ ਦਾ ਇੱਕ ਬਹੁਤ ਹੀ ਸੁੰਦਰ, ਅਲੌਕਿਕ ਨਜ਼ਾਰਾ ਹੈ ਜਦੋਂ ਸੂਰਜ ਦੀ ਰੌਸ਼ਨੀ ਕੁਝ ਸਮੇਂ ਲਈ ਰੁਕ ਜਾਂਦੀ ਹੈ, ਭਾਵੇਂ ਕਿ ਉਨ੍ਹਾਂ ਦੇ ਬਾਹਰਲੇ ਰਿੰਗਾਂ ਵਿੱਚੋਂ ਰੌਸ਼ਨੀ ਆਉਂਦੀ ਰਹਿੰਦੀ ਹੈ, ਪਰ ਸਾਰਾ ਵਿਚਕਾਰਲੇ ਹਿੱਸੇ ਵਿੱਚ ਹਨੇਰਾ ਦਿਖਾਈ ਦਿੰਦਾ ਹੈ।

ਮੈਨੂੰ ਅਜੇ ਵੀ 16 ਫਰਵਰੀ 1980 ਦਾ ਸੂਰਜ ਗ੍ਰਹਿਣ ਚੰਗੀ ਤਰ੍ਹਾਂ ਯਾਦ ਹੈ। ਉਸ ਵੇਲੇ ਭਾਰਤ ਵਿੱਚ ਲਗਭਗ ਅੱਠ ਦਹਾਕਿਆਂ ਬਾਅਦ ਪੂਰਨ ਸੂਰਜ ਗ੍ਰਹਿਣ ਨਜ਼ਰ ਆਇਆ ਸੀ। (ਇਹ ਆਜ਼ਾਦ ਭਾਰਤ ਦਾ ਪਹਿਲਾ ਪੂਰਨ ਸੂਰਜ ਗ੍ਰਹਿਣ ਸੀ।)

ਭਾਰਤ ਵਿੱਚ 1980 ਤੋਂ ਬਾਅਦ ਪਹਿਲਾ ਪੂਰਨ ਸੂਰਜ ਗ੍ਰਹਿਣ 24 ਅਕਤੂਬਰ 1995 ਨੂੰ ਲੱਗਾ ਸੀ। ਇਹ ਵੇਖਣ ਲਈ ਅਸੀਂ ਫਿਰ ਮਰਾਠੀ ਵਿਗਿਆਨ ਪ੍ਰੀਸ਼ਦ ਦੇ ਦੌਰੇ ਨਾਲ ਫਤਿਹਪੁਰ ਸੀਕਰੀ ਗਏ।

ਪਰ ਇਹ ਗ੍ਰਹਿਣ ਕੁਝ ਸਕਿੰਟਾਂ ਲਈ ਹੀ ਸੀ। ਮੈਨੂੰ ਲੱਗਦਾ ਹੈ ਕਿ ਇਹ ਲਗਭਗ 50-55 ਸਕਿੰਟ ਦਾ ਰਿਹਾ ਹੋਣਾ।

ਕਰੀਬ ਚਾਰ ਸਾਲ ਬਾਅਦ ਫਿਰ 11 ਅਗਸਤ 1999 ਨੂੰ ਭਾਰਤ ਵਿੱਚ ਸੂਰਜ ਗ੍ਰਹਿਣ ਦੇਖਿਆ ਗਿਆ। ਉਸ ਵੇਲੇ ਅਸੀਂ ਗੁਜਰਾਤ ਦੇ ਭੁਜ ਗਏ ਸੀ।

ਪਰ ਅਗਸਤ ਦੇ ਬਰਸਾਤ ਵਾਲੇ ਮੌਸਮ ਵਿੱਚ ਅਸਮਾਨ ਵਿੱਚ ਬੱਦਲ ਛਾਏ ਹੋਏ ਸਨ ਅਤੇ ਅਸੀਂ ਗ੍ਰਹਿ ਚੰਗੀ ਤਰ੍ਹਾਂ ਦੇਖ ਨਹੀਂ ਸਕੇ।

ਇੱਕ ਦਹਾਕੇ ਬਾਅਦ, 22 ਜੁਲਾਈ 2009 ਨੂੰ, ਉੱਤਰੀ ਭਾਰਤ ਵਿੱਚ ਕੁੱਲ ਸੂਰਜ ਗ੍ਰਹਿਣ ਦਿਖਾਈ ਦਿੱਤਾ। ਅਸੀਂ ਇਸ ਨੂੰ ਦੇਖਣ ਲਈ ਇੰਦੌਰ ਗਏ। ਉੱਥੇ ਵੀ ਮਾਨਸੂਨ ਕਾਰਨ ਗ੍ਰਹਿਣ ਠੀਕ ਤਰ੍ਹਾਂ ਨਹੀਂ ਦੇਖਿਆ ਜਾ ਸਕਿਆ।

ਇਸ ਤੋਂ ਬਾਅਦ ਅੰਸ਼ਿਕ ਸੂਰਜ ਗ੍ਰਹਿਣ ਦੇਖਣ ਦੀ ਸੰਭਾਵਨਾ ਵੀ ਬਣੀ। 15 ਜਨਵਰੀ 2010 ਨੂੰ ਕੰਨਿਆਕੁਮਾਰੀ ਵਿੱਚ ਕਰੀਬ ਅੱਠ ਮਿੰਟਾਂ ਤੱਕ ਇੱਕ ਸ਼ਾਨਦਾਰ ਗ੍ਰਹਿਣ ਦੇਖਿਆ ਗਿਆ।

ਅੰਸ਼ਕ ਗ੍ਰਹਿਣ ਵਿੱਚ ਸੂਰਜ ਪੂਰੀ ਤਰ੍ਹਾਂ ਢੱਕਿਆ ਨਹੀਂ ਜਾਂਦਾ। ਪਰ ਇਸ ਨੂੰ ਦੇਖਣਾ ਵੀ ਇੱਕ ਵੱਖਰਾ ਅਨੁਭਵ ਹੈ। 2019 ਵਿੱਚ ਦੱਖਣੀ ਭਾਰਤ ਵਿੱਚ ਅਤੇ 2020 ਵਿੱਚ ਉੱਤਰੀ ਭਾਰਤ ਵਿੱਚ ਅੰਸ਼ਕ ਗ੍ਰਹਿਣ ਦੇਖਿਆ ਗਿਆ ਸੀ।

ਇਸ ਤੋਂ ਇਲਾਵਾ ਮੈਂ ਇੱਥੇ ਅਮਰੀਕਾ ਵਿੱਚ ਵੀ ਅੰਸ਼ਕ ਗ੍ਰਹਿਣ ਦੇਖਿਆ ਅਤੇ 2024 ਵਿੱਚ ਪੂਰਨ ਸੂਰਜ ਗ੍ਰਹਿਣ ਦੇਖਣ ਲਈ ਅਮਰੀਕਾ ਆਇਆ ਹਾਂ।

ਇਸ ਗ੍ਰਹਿਣ ਦੌਰਾਨ ਇੱਕ ਧੂਮਕੇਤੂ ਦੇਖਣ ਦਾ ਮੌਕਾ ਮਿਲ ਸਕਦਾ ਹੈ।

ਭਾਰਤ ਵਿੱਚ ਅਗਲਾ ਸੂਰਜ ਗ੍ਰਹਿਣ ਕਸ਼ਮੀਰ ਵਿੱਚ ਸਾਲ 2034 ਵਿੱਚ ਦਿਖਾਈ ਦੇਵੇਗਾ

ਸੂਰਜ ਗ੍ਰਹਿਣ ’ਚ ਸ਼ੁਭ ਕੰਮ

ਭਾਰਤ ’ਚ ਕੁਝ ਲੋਕਾਂ ਦਾ ਮੰਨਣਾ ਹੈ ਕਿ ਸੂਰਜ ਗ੍ਰਹਿਣ ਦੌਰਾਨ ਕੋਈ ਵੀ ਸ਼ੁਭ ਕੰਮ ਨਹੀਂ ਕਰਨਾ ਚਾਹੀਦਾ ਹੈ ਅਤੇ ਪ੍ਰਮਾਤਮਾ ਦਾ ਨਾਮ ਜੱਪਣਾ ਚਾਹੀਦਾ ਹੈ।

ਪਰ ਦੂਜੇ ਪਾਸੇ ਪੱਛਮ ’ਚ ਕੁਝ ਲੋਕਾਂ ਦੀਆਂ ਵੱਖ ਧਾਰਨਾਵਾਂ ਹਨ।

ਜਿਵੇਂ ਕਿ ਅਮਰੀਕਾ ਦੇ ਰਾਜ ਆਰਕਨਸਾ ’ਚ 300 ਜੋੜਿਆਂ ਨੇ ਫ਼ੈਸਲਾ ਕੀਤਾ ਕਿ ਜਿਸ ਸਮੇਂ ਸੂਰਜ ਗ੍ਰਹਿਣ ਹੋਵੇਗਾ ਅਤੇ ਚਾਰੇ ਪਾਸੇ ਹਨੇਰਾ ਛਾ ਜਾਵੇਗਾ, ਠੀਕ ਉਸੇ ਸਮੇਂ ਹੀ ਉਹ ਵਿਆਹ ਕਰਨਗੇ।

ਇਸ ਲਈ ਜਿਵੇਂ ਹੀ ਸੂਰਜ ਗ੍ਰਹਿਣ ਮੁਕੰਮਲ ਹੋਇਆ ਤਾਂ ਬਹੁਤ ਸਾਰੇ ਜੋੜਿਆਂ ਨੇ ਆਪਣੇ ਵਿਆਹ ਦਾ ਕੇਕ ਕੱਟਿਆ ਅਤੇ ਡਾਂਸ ਵੀ ਕੀਤਾ।

ਕੁਝ ਲਕ ਤਾਂ ਅਜਿਹੇ ਵੀ ਸਨ, ਜੋ ਕਿ ਸਿਰਫ਼ ਸੂਰਜ ਗ੍ਰਹਿਣ ਵੇਖਣ ਲਈ ਆਪਣੇ ਘਰ ਤੋਂ ਦੂਰ ਕਿਸੇ ਜਗ੍ਹਾ ਵਿਸ਼ੇਸ਼ ਥਾਂ ’ਤੇ ਗਏ ਸਨ।

ਡੈਰਕੀ ਹਾਵਰਡ ਦਾ ਕਹਿਣਾ ਹੈ, “ਮੈਂ ਦੋ ਸੂਰਜ ਗ੍ਰਹਿਣ ਵੇਖ ਚੁੱਕੀ ਹਾਂ। ਹਰ ਸੂਰਜ ਗ੍ਰਹਿਣ ਦੀ ਇੱਕ ਆਪਣੀ ਛਾਪ ਹੁੰਦੀ ਹੈ।"

“ਮੈਂ ਆਪਣੇ ਟੈਲੀਸਕੋਪ ਰਾਹੀਂ ਜੁਪੀਟਰ ਅਤੇ ਸੈਟਰਨ ਨੂੰ ਵੇਖ ਸਕਦੀ ਹਾਂ। ਮੈਂ ਜਦੋਂ ਪੁਲਾੜ ਵੱਲ ਵੇਖਦੀ ਹਾਂ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਦੁਨੀਆ ’ਚ ਸਭ ਕੁਝ ਠੀਕ ਹੈ।”

ਓਹਾਓ ਦੇ ਕਲੀਵਲੈਂਡ ਵਿੱਚ ਸੂਰਜ ਗ੍ਰਹਿਣ ਦਾ ਸ਼ਾਨਦਾਰ ਨਜ਼ਾਰਾ ਵੇਖਣ ਨੂੰ ਮਿਲਿਆ।

ਹਾਲਾਂਕਿ ਕੁਝ ਅਮਰੀਕੀ ਸ਼ਹਿਰ ਅਜਿਹੇ ਵੀ ਰਹੇ, ਜਿੱਥੋਂ ਇਹ ਨਜ਼ਾਰਾ ਨਹੀਂ ਵੇਖਿਆ ਜਾ ਸਕਿਆ।

ਨਿਆਗਰਾ ਫਾਲਸ ’ਚ ਸੈਲਾਨੀਆਂ ਦੀ ਭੀੜ ਇਸ ਸਾਨਦਾਰ ਪਲ਼ ਨੂੰ ਵੇਖਣ ਲਈ ਇੱਕਠੀ ਹੋਈ ਸੀ।

ਨਿਆਗਰਾ ਫਾਲਸ ਦੇ ਨਜ਼ਦੀਕ ਇੱਕ ਕਰੂਜ਼ ’ਤੇ 309 ਲੋਕਾਂ ਨੇ ਕੱਪੜਿਆਂ ਦੇ ਜ਼ਰੀਏ ਸੂਰਜ ਵਾਂਗਰ ਵਿਖਾਈ ਦੇਣ ਦੀ ਕੋਸ਼ਿਸ਼ ਕੀਤੀ ਅਤੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ ਆਪਣਾ ਨਾਮ ਦਰਜ ਕਰਵਾਇਆ।

ਸੂਰਜ ਗ੍ਰਹਿਣ ਅਤੇ ਇਸ ਦਾ ਪ੍ਰਭਾਵ

ਪੂਰੇ ਉੱਤਰੀ ਅਮਰੀਕਾ ’ਚ ਵਿਖਾਈ ਦਿੱਤੇ ਇਸ ਪੂਰਨ ਸੂਰਜ ਗ੍ਰਹਿਣ ਦੌਰਾਨ ਸ਼ਾਇਦ ਸਾਨੂੰ ਅਜਿਹੀ ਨਾਟਕੀ ਪ੍ਰਤੀਕਿਰਿਆ ਨਜ਼ਰ ਨਾ ਆਵੇ, ਪਰ ਤਾਜ਼ਾ ਖੋਜ ਤੋਂ ਪਤਾ ਲੱਗਦਾ ਹੈ ਕਿ ਇਸ ਤੋਂ ਬਾਅਦ ਵੀ ਅਚੰਭੇ ਦੀ ਭਾਵਨਾ ਪੈਦਾ ਕਰਕੇ ਇਹ ਸਾਡੇ ਮਨੋਵਿਗਿਆਨ ’ਤੇ ਤਗੜਾ ਪ੍ਰਭਾਵ ਪਾ ਸਕਦਾ ਹੈ।

ਖਗੋਲੀ ਸੰਜੋਗਾਂ ਤੋਂ ਕਿਤੇ ਵੱਧ ਹੈਰਾਨੀਜਨਕ ਘਟਨਾਵਾਂ ਹਨ ਜੋ ਕਿ ਸਾਨੂੰ ਪੂਰਨ ਸੂਰਜ ਗ੍ਰਹਿਣ ਦਾ ਅਨੁਭਵ ਕਰਨ ਦੀ ਇਜਾਜ਼ਤ ਦਿੰਦੀਆਂ ਹਨ। ਪੂਰਨ ਸੂਰਜ ਗ੍ਰਹਿਣ ਚੰਦਰਮਾ ਦੇ ਸਹੀ ਆਕਾਰ ਅਤੇ ਧਰਤੀ ਤੋਂ ਉਸ ਦੀ ਦੂਰੀ ’ਤੇ ਨਿਰਭਰ ਕਰਦਾ ਹੈ।

ਸੂਰਜ ਦੇ ਸਾਹਮਣੇ ਤੋਂ ਲੰਘਣ ਅਤੇ ਕੁਝ ਪਲ਼ਾਂ ਦੇ ਲਈ ਉਸ ਦੀ ਰੌਸ਼ਨੀ ਨੂੰ ਪੂਰੀ ਤਰ੍ਹਾਂ ਨਾਲ ਰੋਕ ਦੇਣ ਦੇ ਲਈ ਚੰਦਰਮਾ ਸਹੀ ਚੱਕਰ ’ਚ ਹੁੰਦਾ ਹੈ।

ਖੋਜ ਦੇ ਅਨੁਸਾਰ ਅਜਿਹੀ ਅਦਭੁਤ ਘਟਨਾ ਨੂੰ ਵੇਖਣਾ ਸਾਨੂੰ ਸਾਰਿਆਂ ਨੂੰ ਹੋਰ ਨਿਮਰ ਅਤੇ ਦੂਜਿਆਂ ਦੀ ਦੇਖਭਾਲ ਕਰਨ ਦੇ ਲਈ ਪ੍ਰੇਰਿਤ ਕਰ ਸਕਦਾ ਹੈ।

ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਮਨੋਵਿਗਿਆਨੀ ਸ਼ੋਨ ਗੋਲਡੀ ਨੇ 2017 ਦੇ ਗ੍ਰਹਿਣ ਦੇ ਮਨੋਵਿਗਿਆਨਕ ਪ੍ਰਭਾਵਾਂ ਦੀ ਜਾਂਚ ਕੀਤੀ ਸੀ।

ਉਨ੍ਹਾਂ ਦਾ ਕਹਿਣਾ ਹੈ, “ਲੋਕ ਜ਼ਿਆਦਾ ਜੁੜ ਸਕਦੇ ਹਨ। ਉਹ ਕਹਿ ਸਕਦੇ ਹਨ ਕਿ ਉਨ੍ਹਾਂ ਦੇ ਦੂਜੇ ਲੋਕਾਂ ਨਾਲ ਨਜ਼ਦੀਕੀ ਸਮਾਜਿਕ ਸਬੰਧ ਹਨ। ਇਸ ਦੇ ਨਾਲ ਹੀ ਉਹ ਆਪਣੇ ਭਾਈਚਾਰੇ ਦੇ ਨਾਲ ਜ਼ਿਆਦਾ ਜੁੜੇ ਹੋਏ ਮਹਿਸੂਸ ਕਰਦੇ ਹਨ।”

ਲੰਮੇ ਸਮੇਂ ਤੋਂ ਵਿਗਿਆਨੀਆਂ ਵੱਲੋਂ ਅਣਗੌਲਿਆ ਗਿਆ ਇਹ ਖੇਤਰ ਪਿਛਲੇ ਦੋ ਦਹਾਕਿਆਂ ’ਚ ਵਿਗਿਆਨਕ ਅਧਿਐਨ ਦਾ ਇੱਕ ਫੈਸ਼ਨਯੋਗ ਖੇਤਰ ਬਣ ਗਿਆ ਹੈ। ਇਸ ਨੂੰ ਹੈਰਾਨੀ ਅਤੇ ਅਚੰਭੇ ਦੀ ਭਾਵਨਾ ਦੇ ਰੂਪ ’ਚ ਪਰਿਭਾਸ਼ਿਤ ਕੀਤਾ ਗਿਆ ਹੈ।

ਟੋਰਾਂਟੋ ਯੂਨੀਵਰਸਿਟੀ ਦੀ ਮਨੋਵਿਗਿਆਨੀ ਜੈਨੀਫਰ ਸਟੈਲਰ ਦਾ ਕਹਿਣਾ ਹੈ, “ਇਹ ਇੱਕ ਅਜਿਹੀ ਭਾਵਨਾ ਹੈ ਜਿਸ ਨੂੰ ਤੁਸੀਂ ਉਸ ਸਮੇਂ ਮਹਿਸੂਸ ਕਰਦੇ ਹੋ, ਜਦੋਂ ਤੁਸੀਂ ਕਿਸੇ ਅਜਿਹੀ ਚੀਜ਼ ਦਾ ਅਨੁਭਵ ਕਰਦੇ ਹੋ, ਜੋ ਕਿ ਬਹੁਤ ਵੱਡੀ ਹੈ ਅਤੇ ਜੋ ਕਿ ਦੁਨੀਆ ਪ੍ਰਤੀ ਤੁਹਾਡੀ ਸੋਚ ਨੂੰ ਚੁਣੌਤੀ ਦਿੰਦੀ ਹੈ।"

"ਇਹ ਕਿਸੇ ਚੀਜ਼ ਜਾਂ ਵਿਅਕਤੀ ਦੇ ਪ੍ਰਤੀ ਤੁਹਾਡੀ ਭਾਵਨਾ ਹੈ ਜੋ ਇੰਨੀ ਅਸਾਧਾਰਣ ਹੈ ਕਿ ਉਹ ਸਮਝ ਤੋਂ ਹੀ ਪਰਾਂ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)