ਪਾਕਿਸਤਾਨੀ ਲਿਖਾਰੀ ਦਾ ਜਰਨੈਲ ਨਾਲ ਗਿਲਾ- ‘ਬਾਜਵਾ ਸਾਬ੍ਹ ਸਾਡੇ ਪਿਆਰ ‘ਤੇ ਸ਼ੱਕ ਨਾ ਕਰੋ’

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਪਾਕਿਸਤਾਨੀ ਲੇਖਕ ਅਤੇ ਪੱਤਰਕਾਰ
ਜਨਰਲ ਕਮਰ ਜਾਵੇਦ ਬਾਜਵਾ ਸਾਬ੍ਹ ਚਲੇ ਗਏ ਹਨ ਤੇ ਜਾਂਦੇ-ਜਾਂਦੇ ਫ਼ਰਮਾ ਗਏ ਨੇ ਕਿ ਅੱਜ ਤੋਂ ਮੈਂ ਗੁੰਮਨਾਮੀ ਦੀ ਜ਼ਿੰਦਗੀ ਗੁਜ਼ਾਰਾਂਗਾ, ਇੰਨੀ ਬਦਨਾਮੀ ਤੋਂ ਬਾਅਦ ਜੇ ਬੰਦਾ ਗੁੰਮਨਾਮ ਹੋ ਵੀ ਜਾਵੇ ਤਾਂ ਬੜਾ ਹੀ ਨਸੀਬਾਂ ਵਾਲਾ ਹੀ ਹੋਵੇਗਾ।
ਬਾਜਵਾ ਸਾਬ੍ਹ ਵੈਸੇ ਵੀ ਨਸੀਬਾਂ ਵਾਲੇ ਹਨ ਕਿਉਂਕਿ ਆਪਣੀ ਨੌਕਰੀ ਵਿੱਚੋਂ ਜਾਇਦਾਦਾਂ ਵੀ ਬਣਾ ਕੇ ਲੈ ਗਏ ਹਨ।
ਇਹ ਜਾਇਦਾਦਾਂ ਉਨ੍ਹਾਂ ਨੇ ਫੌਜੀ ਕਾਨੂੰਨ ਦੇ ਮੁਤਾਬਕ ਬਣਾਈਆਂ ਹਨ ਤੇ ਜਿਹੜੀ ਬੇਇਜ਼ਤੀ ਕਰਵਾਈ ਹੈ ਉਹ ਸਾਰੀ ਉਨ੍ਹਾਂ ਦੀ ਆਪਣੀ ਮਿਹਨਤ ਹੈ।
ਮੇਰਾ ਖ਼ਿਆਲ ਹੈ ਕਿ ਇਹ ਬੇਇੱਜ਼ਤੀ ਉਨ੍ਹਾਂ ਨੂੰ ਥੋੜ੍ਹੀ ਜਿਹੀ ਮਹਿਸੂਸ ਵੀ ਹੋਈ ਹੈ ਕਿਉਂਕਿ ਜਾਂਦੇ-ਜਾਂਦੇ ਉਨ੍ਹਾਂ ਨੇ ਕੌਮ ਨਾਲ ਗਿਲਾ ਕੀਤਾ ਹੈ ਕਿ ਬਈ ਪਾਕਿਸਤਾਨੀਓਂ, ਹਿੰਦੁਸਤਾਨ ਵਾਲਿਆਂ ਵੱਲ ਵੇਖੋ ਉਨ੍ਹਾਂ ਦੀ ਫੌਜ ਉਨ੍ਹਾਂ ਦੇ ਲੋਕਾਂ 'ਤੇ ਬੜਾ ਜ਼ੁਲਮ ਕਰਦੀ ਹੈ ਲੇਕਿਨ ਉਹ ਫਿਰ ਵੀ ਫੌਜ ਦੇ ਨਾਲ ਖਲੋਤੇ ਹਨ।
ਤੁਸੀਂ ਪਾਕਿਸਤਾਨੀ ਸਾਡੀਆਂ ਕੁਰਬਾਨੀਆਂ ਦੀ ਕਦਰ ਹੀ ਨਹੀਂ ਕਰਦੇ ਤੇ ਐਵੇਂ ਹੀ ਮਿਹਣੇ ਮਾਰਦੇ ਰਹਿੰਦੇਹੋ ।
ਮਤਲਬ ਇਹ ਹੈ ਕਿ ਤੁਹਾਡੇ ਮੂੰਹ ਕੁਝ ਜ਼ਿਆਦਾ ਹੀ ਖੁੱਲ੍ਹ ਗਏ ਹਨ ਤੇ ਨਾਲ ਇਹ ਵੀ ਫ਼ਰਮਾਇਆ ਹੈ ਕਿ ਜੇ ਫੌਜ ਨਾਲ ਕੋਈ ਸ਼ਿਕਾਇਤ ਹੋਵੇ ਤਾਂ ਸ਼ਾਇਸਤਾ ਜ਼ੁਬਾਨ ਮੇਂ ਤਨਕੀਦ ਕਰ ਲਿਆ ਕਰੇਂ।
ਮਤਲਬ ਅਸੀਂ ਤੁਹਾਨੂੰ ਜੁੱਤੀਆਂ ਵੀ ਮਾਰਦੇ ਰਹੀਏ, ਤੁਸੀਂ ਰੋਣਾ ਨਹੀਂ, ਰੌਲਾ ਨਹੀਂ ਪਾਉਣਾ, ਬਸ ਸਾਡੇ ਨਾਲ ਆਪ-ਜਨਾਬ ਕਰਕੇ ਹੀ ਗੱਲ ਕਰਿਆ ਕਰੋ ਤੇ ਜੇ ਦਿਲ ਕਰਦਾ ਹੈ ਤਾਂ ਪਿੱਛੇ ਥੋੜ੍ਹੀ-ਥੋੜ੍ਹੀ ਮਿੱਠੀ-ਮਿੱਠੀ ਢੋਲਕੀ ਵਜਾ ਲਿਆ ਕਰੋ।
ਹੱਥ ਬੰਨ ਕੇ ਤੇ ਬੜੀ ਸ਼ਾਇਸਤਾ ਜ਼ੁਬਾਨ ਵਿੱਚ ਜਨਰਲ ਬਾਜਵਾ ਸਾਹਿਬ ਨੂੰ ਯਾਦ ਕਰਵਾਉਣਾ ਕਿ ਜਿੰਨੀਆਂ ਮੁਹੱਬਤਾਂ ਇਸ ਕੌਮ ਨੇ ਆਪਣੀ ਫੌਜ ਅਤੇ ਆਪਣੇ ਜਰਨੈਲਾਂ ਨੂੰ ਦਿੱਤੀਆਂ ਹਨ, ਉਹ ਘੱਟ ਹੀ ਕਿਸੇ ਕੌਮ ਨੇ ਦਿੱਤੀਆਂ ਹੋਣਗੀਆਂ।
ਹਿੰਦੁਸਤਾਨ ਵਿੱਚ ਕਿਸੇ ਨੂੰ ਪਤਾ ਵੀ ਨਹੀਂ ਹੋਣਾ ਕਿ ਉਨ੍ਹਾਂ ਦਾ ਜਨਰਲ ਬਾਜਵਾ ਕੌਣ ਹੈ ਪਰ ਇੱਥੇ ਹਰ ਘਰ ਵਿੱਚ, ਹਰ ਗੱਲ ਵਿੱਚ ਤੇ ਅੱਜ-ਕੱਲ੍ਹ ਹਰ ਗਾਲ਼ ਵਿੱਚ ਤੁਹਾਡਾ ਨਾਮ ਜ਼ਰੂਰ ਹੁੰਦਾ ਹੈ।

ਤਸਵੀਰ ਸਰੋਤ, GHULAM RASOOL/AFP VIA GETTY IMAGES


ਹਿੰਦੁਸਤਾਨ ਦੇ ਕਿਸੇ ਜਨਰਲ ਨੇ ਅਰਬ ਰੁਪਇਆ ਖ਼ੁਆਬ ਵਿੱਚ ਵੀ ਨਹੀਂ ਵੇਖਿਆ ਹੋਣਾ। ਨਾ ਉੱਥੇ ਕੋਈ ਰਿਟਾਇਰ ਹੋ ਕੇ ਮੁਰੱਬੇ ਲੈਂਦਾ ਹੈ।
ਹਿੰਦੁਸਤਾਨ ਦੀ ਫੌਜ ਨੇ ਕਿੰਨੇ ਵਜ਼ੀਰ-ਏ-ਆਜ਼ਮਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ, ਕਿੰਨੇ ਫਾਹੇ ਲਾਏ ਹਨ, ਹੁਣ ਤਾਂ ਤੁਹਾਡਾ ਬੀਬਾ ਮੁੰਡਾ ਇਮਰਾਨ ਖ਼ਾਨ ਵੀ ਖੁੱਲ੍ਹ ਕੇ ਕਹਿੰਦਾ ਹੈ ਕਿ ਬਈ ਉਸ ਦੀ ਲੱਤ ਵਿੱਚ ਗੋਲੀਆਂ ਤੁਹਾਡੇ ਬੰਦਿਆਂ ਨੇ ਹੀ ਮਾਰੀਆਂ ਹਨ।
ਇੱਕ ਭੁੱਟੋ ਹੁੰਦਾ ਸੀ, ਉਸ ਨੇ ਹਿੰਦੁਸਤਾਨ ਤੋਂ ਤੁਹਾਡੇ ਜੰਗੀ ਕੈਦੀ ਛੁਡਾਏ, 6 ਸਾਲ ਬਾਅਦ ਤੁਸੀਂ ਉਸ ਨੂੰ ਫਾਹੇ ਲਾ ਛੱਡਿਆ।
ਅੱਜ ਕੱਲ੍ਹ ਇੱਕ ਬਿਲਾਵਲ ਭੁੱਟੋ ਹੁੰਦਾ ਹੈ, ਉਸ ਦੇ ਕੋਲ ਲੋਕ ਫਰਿਆਦ ਲੈ ਕੇ ਜਾਂਦੇ ਹਨ ਕਿ ਸਾਡਾ ਬੰਦਾ ਚੁੱਕਿਆ ਗਿਆ ਹੈ ਤੇ ਉਹ ਤੁਹਾਡੇ ਵੱਲ ਇਸ਼ਾਰਾ ਕਰਕੇ ਕਹਿੰਦਾ ਹੈ ਕਿ ਜਿੰਨ੍ਹਾਂ ਨੇ ਚੁੱਕਿਆ ਹੈ ਉਨ੍ਹਾਂ ਕੋਲ ਹੀ ਜਾ ਕੇ ਛੁਡਵਾਓ।

ਤਸਵੀਰ ਸਰੋਤ, SHAHID SAEED MIRZA/AFP VIA GETTY IMAGES
70 ਸਾਲ ਤੱਕ ਫੌਜ ਸਾਨੂੰ ਇਹ ਦੱਸਦੀ ਰਹੀ ਕਿ ਪਾਕਿਸਤਾਨੀ ਫੌਜ ਕੋ ਸਲਾਮ ਅਤੇ ਅਸੀਂ ਕਰਦੇ ਰਹੇ।
ਹੁਣ ਆਖਦੇ ਹੋ ਕਿ ਪਾਕਿਸਤਾਨੀਓਂ, ਹਿੰਦੁਸਤਾਨੀਆਂ ਵਰਗੇ ਬਣ ਜਾਓ ਤੇ ਬੰਦਾ ਹੱਥ ਬੰਨ ਕੇ ਇਹੀ ਕਹਿ ਸਕਦਾ ਹੈ ਕਿ ਬਈ ਤੁਹਾਨੂੰ ਇੰਨੇ ਚੰਗੇ ਲੱਗਦੇ ਹਨ ਤਾਂ ਤੁਸੀਂ ਬਣ ਜਾਓ ਅਸੀਂ ਪਾਕਿਸਤਾਨੀ ਹੀ ਠੀਕ ਹਾਂ।
ਬਾਜਵਾ ਸਾਬ੍ਹ ਸਾਡੇ ਪਿਆਰ ‘ਤੇ ਸ਼ੱਕ ਨਾ ਕਰੋ। ਅਸੀਂ ਟਰੱਕਾਂ ਦੇ ਪਿੱਛੇ ਜਰਨੈਲਾਂ ਦੀਆਂ ਫੋਟੋਆਂ ਲਗਾਉਣ ਵਾਲੇ ਲੋਕ ਹਾਂ।
ਜੇ ਸਾਡੇ ਪਿਆਰ ‘ਤੇ ਯਕੀਨ ਨਹੀਂ ਤੇ ਤੁਹਾਡੀ ਵਰਦੀ ਤੇ ਹੁਣ ਲਹਿ ਹੀ ਗਈ ਹੈ, ਇੱਕ ਦਿਨ ਬੋਸਕੀ ਦਾ ਸ਼ਲਵਾਰ-ਕੁੜਤਾ ਪਾਓ, ਆਪਣੇ ਗਾਰਡ ਘਰ ਛੱਡੋ ਅਤੇ ਲਾਹੌਰ ਦੀ ਅਨਾਰ ਕਲੀ ਦਾ ਇੱਕ ਚੱਕਰ ਲਾ ਲਓ, ਇੰਨਾ ਪਿਆਰ ਮਿਲੇਗਾ ਕਿ ਸਾਰੇ ਪੁਰਾਣੇ ਪਿਆਰ ਭੁੱਲ ਜਾਵੋਗੇ।
ਰੱਬ ਰਾਖਾ














