You’re viewing a text-only version of this website that uses less data. View the main version of the website including all images and videos.
ਭਾਰਤ-ਕੈਨੇਡਾ ਮਸਲਾ: ਸਰਕਾਰ ਦੇ ਵੀਜ਼ਾ ਬਾਰੇ ਲਏ ਫੈਸਲੇ ਕਾਰਨ ਪੰਜਾਬੀ ਨੌਜਵਾਨਾਂ ਦੀਆਂ ਇਹ ਫ਼ਿਕਰਾਂ ਵਧੀਆਂ
ਵੈਨਕੂਵਰ ਵਿੱਚ ਟੂਰਿਜ਼ਮ ਕੰਪਨੀ ਦਾ ਫ਼ੋਨ ਲਗਾਤਾਰ ਵੱਜ ਰਿਹਾ ਹੈ। ਇਹ ਸਿਲਸਿਲਾ ਉਦੋਂ ਸ਼ੁਰੂ ਹੋਇਆ ਜਦੋਂ ਤੋਂ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ।
ਰਾਧਿਕਾ ਸ਼ਰਮਾਂ ‘ਐਕਸਪਲੋਰ ਇੰਡੀਆ’ ਨਾਂ ਦੀ ਕੰਪਨੀ ਵਿੱਚ ਕੰਮ ਕਰਦੇ ਹਨ। ਇਹ ਕੰਪਨੀ ਕੈਨੇਡੀਅਨ ਨਾਗਰਿਕਾਂ ਲਈ ਭਾਰਤ ਦੇ ਟੂਰ ਦਾ ਪ੍ਰਬੰਧ ਕਰਨ ਵਿੱਚ ਮਦਦ ਕਰਦੀ ਹੈ।
ਬੀਬੀਸੀ ਪੱਤਰਕਾਰ ਨਾਦੀਨ ਯੂਸਫ਼ ਨੇ ਕੈਨੇਡਾ ਰਹਿੰਦੇ ਕੁਝ ਭਾਰਤੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ।
ਰਾਧਿਕਾ ਸ਼ਰਮਾ ਦੱਸਦੇ ਹਨ ਕਿ ਜੋ ਲੋਕ ਆਉਣ ਵਾਲੇ ਮਹੀਨਿਆਂ ਵਿੱਚ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਸਨ, ਉਹ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਪਾਬੰਦੀ ਦਾ ਉਨ੍ਹਾਂ ਲਈ ਕੀ ਮਤਲਬ ਹੈ।
ਰਾਧਿਕਾ ਕਹਿੰਦੇ ਹਨ ਕਿ ਜਿਨ੍ਹਾਂ ਯਾਰਤੀਆਂ ਦੇ ਹੱਥ ਵਿੱਚ ਵੀਜ਼ਾ ਹੈ ਉਹ ਤਾਂ ਸੁਰੱਖਿਅਤ ਹਨ ਪਰ ਜਿਨ੍ਹਾਂ ਲੋਕਾਂ ਨੇ ਹਾਲੇ ਤੱਕ ਅਪਲਾਈ ਨਹੀਂ ਕੀਤਾ ਹੈ ਉਨ੍ਹਾਂ ਬਾਰੇ ਕੰਪਨੀ ਕੁਝ ਵੀ ਪੱਕਾ ਦੱਸਣ ਦੀ ਸਥਿਤੀ ਵਿੱਚ ਨਹੀਂ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਆਪਣੇ ਮੁਲਕ ਦੀ ਸੰਸਦ ਵਿੱਚ ਖਦਸ਼ਾ ਪ੍ਰਗਟਾਇਆ ਸੀ ਕਿ ਇਸ ਸਾਲ ਜੂਨ ਵਿੱਚ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਭਾਰਤ ਸਰਕਾਰ ਦੀ ਭੂਮਿਕਾ ਹੋ ਸਕਦੀ ਹੈ।
ਇਸ ਤੋਂ ਬਾਅਦ ਭਾਰਤ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਲਈ ਅਗਲੇ ਹੁਕਮਾਂ ਤੱਕ ਭਾਰਤੀ ਵੀਜ਼ਾਂ ਸੇਵਾਵਾਂ ’ਤੇ ਪਾਬੰਦੀ ਲਗਾ ਦਿੱਤੀ ਹੈ।
ਪੰਜਾਬੀਆਂ ਦਾ ਵਧਿਆ ਫ਼ਿਕਰ
ਬੀਬੀਸੀ ਪੰਜਾਬੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਪੰਜਾਬ ਦੇ ਕੁਝ ਉਨ੍ਹਾਂ ਲੋਕਾਂ ਨਾਲ ਗੱਲ ਕੀਤੀ ਜੋ ਵੀਜ਼ੇ ਕਾਰਨ ਫ਼ਿਕਰ ਵਿੱਚ ਹਨ। ਇਹੀ ਨਹੀਂ ਇੰਮੀਗ੍ਰੇਸ਼ਨ ਦੇ ਕਾਰੋਬਾਰ ਨਾਲ ਜੁੜੇ ਲੋਕ ਵੀ ਆਉਣ ਵਾਲੇ ਸਮੇਂ ਵਿੱਚ ਆਪਣੇ ਕੰਮ ਉੱਤੇ ਕੈਨੇਡਾ-ਭਾਰਤ ਵਿਚਾਲੇ ਵਧੇ ਤਣਾਅ ਦਾ ਅਸਰ ਦੇਖਦੇ ਹਨ।
ਗੁਰਪ੍ਰੀਤ ਸਿੰਘ ਦੀ ਪਤਨੀ ਕੈਨੇਡਾ ਦੇ ਨਾਗਰਿਕ ਹਨ ਅਤੇ ਆਉਣ ਵਾਲੇ ਦਿਨਾਂ ਪਰਿਵਾਰਕ ਫੰਕਸ਼ਨ ਦੇ ਚਲਦੇ ਹੋਏ ਉਨ੍ਹਾਂ ਨੇ ਭਾਰਤ ਆਉਣਾ ਸੀ, ਪਰ ਭਾਰਤ ਵੱਲੋਂ ਫ਼ਿਲਹਾਲ ਵੀਜ਼ਾ ਬੰਦ ਕੀਤੇ ਜਾਣ ਕਾਰਨ ਉਹ ਚਿੰਤਾ ਵਿੱਚ ਹਨ।
ਗੁਰਪ੍ਰੀਤ ਮੁਤਾਬਕ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕੀ ਕੀਤਾ ਜਾਵੇ ਤੇ ਪਰਿਵਾਰ ਨੂੰ ਉਮੀਦ ਹੈ ਕਿ ਭਾਰਤ ਛੇਤੀ ਹੀ ਵੀਜ਼ੇ ਜਾਰੀ ਕਰਨਾ ਸ਼ੁਰੂ ਕਰ ਦੇਵੇਗਾ।
ਇਸੇ ਤਰ੍ਹਾਂ ਤਰਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਪਿਤਾ ਕੈਨੇਡਾ ਵਿੱਚ ਹਨ ਅਤੇ ਉਨ੍ਹਾਂ ਨੇ ਵੀਜ਼ਾ ਅਪਲਾਈ ਕੀਤਾ ਹੋਇਆ ਸੀ ਪਰ ਮੌਜੂਦਾ ਸਥਿਤੀ ਕਾਰਨ ਸਮਝ ਨਹੀਂ ਆ ਰਿਹਾ ਕੀ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਤਿੰਨ ਸਾਲ ਤੋਂ ਉਹ ਆਪਣੇ ਮਾਤਾ ਪਿਤਾ ਨੂੰ ਮਿਲ ਨਹੀਂ ਸਕੇ ਹਨ।
ਚੰਡੀਗੜ੍ਹ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਸੰਦੀਪ ਸਿੰਘ ਕਹਿੰਦੇ ਹਨ ਕਿ ਵਿਦਿਆਰਥੀਆਂ ਨੂੰ ਫ਼ਿਲਹਾਲ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਜਨਵਰੀ ਵਿੱਚ ਜੋ ਕਾਲਜ ਸ਼ੁਰੂ ਹੋਣੇ ਹਨ ਉਸ ਵਿੱਚ ਅਜੇ ਵਕਤ ਹੈ।
ਪਰ ਉਹ ਇਹ ਵੀ ਕਹਿੰਦੇ ਹਨ ਕਿ ਜੇ ਦੋਵਾਂ ਦੇਸ਼ਾਂ ਵਿੱਚ ਤਣਾਅ ਵਧਦਾ ਹੈ ਤਾਂ ਇਸ ਦਾ ਅਸਰ ਇੰਮੀਗ੍ਰੇਸ਼ਨ ਇੰਡਸਟਰੀ ਉੱਤੇ ਬਹੁਤ ਜ਼ਿਆਦਾ ਪਵੇਗਾ।
ਕੈਨੇਡੀਅਨ ਨਾਗਰਿਕਾਂ ਦਾ ਭਾਰਤ ਆਉਣਾ
ਭਾਰਤ ਨੇ ਕਿਹਾ ਕਿ ਉਹ ਆਪਣੇ ਸਟਾਫ਼ ਦੀ ਸੁਰੱਖਿਆ ਲਈ ਚਿੰਤਤ ਹਨ ਤੇ ਇਸ ਦੇ ਚਲਦਿਆਂ ਅਗਲੇ ਹੁਕਮਾਂ ਤੱਕ ਕੈਨੇਡੀਅਨ ਨਾਗਰਿਕਾਂ ਲਈ ਭਾਰਤੀ ਵੀਜ਼ਾ ’ਤੇ ਰੋਕ ਲਗਾਈ ਜਾਂਦੀ ਹੈ।
ਸੈਰ-ਸਪਾਟੇ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ 2021 ਵਿੱਚ 80 ਹਜ਼ਾਰ ਤੋਂ ਵੱਧ ਕੈਨੇਡੀਅਨ ਸੈਰ-ਸਪਾਟੇ ਲਈ ਭਾਰਤ ਆਏ ਸਨ।
ਕੈਨੇਡਾ ਵਿੱਚ 18.6 ਲੱਖ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਰਹਿ ਰਹੇ ਹਨ। ਹਾਲਾਂਕਿ ਉਨ੍ਹਾਂ ਵਿੱਚੋਂ ਬਹੁਤਿਆਂ ਦਾ ਕਹਿਣਾ ਹੈ ਕਿ ਇਸ ਦਾ ਖ਼ਾਸ ਅਸਰ ਨਹੀਂ ਪਵੇਗਾ ਪਰ ਉੱਥੇ ਹੀ ਕਈ ਇਸ ਨੂੰ ਲੈ ਕੇ ਚਿੰਤਤ ਵੀ ਹਨ।
ਰਾਧਿਕਾ ਕੋਲ ਭਾਰਤੀ ਨਾਗਰਿਕਤਾ ਹੈ ਅਤੇ ਉਹ ਹਾਲੇ ਵੀ ਆਜ਼ਾਦ ਤੌਰ 'ਤੇ ਭਾਰਤ ਆਉਣ ਦੇ ਯੋਗ ਹਨ। ਇਸੇ ਤਰ੍ਹਾਂ ਭਾਰਤ ਦੇ ਓਵਰਸੀਜ਼ ਸਿਟੀਜ਼ਨਸ਼ਿਪ ਕਾਰਡ ਵਾਲੇ ਕੈਨੇਡੀਅਨ ਨਾਗਰਿਕ ਵੀ ਆ-ਜਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਓਵਰਸੀਜ਼ ਸਿਟੀਜ਼ਨਸ਼ਿਪ ਕਾਰਡ ਭਾਰਤ ਤੋਂ ਬਾਹਰ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਉਮਰ ਭਰ ਲਈ ਦੇਸ਼ ਵਿੱਚ ਦਾਖਲੇ ਦੀ ਯੋਗਤਾ ਦਿੰਦਾ ਹੈ।
ਕੰਮ ਲਈ ਮਾਹੌਲ ਖ਼ਰਾਬ ਹੋਣਾ-ਭਾਰਤ
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਕਹਿੰਦੇ ਹਨ, “ਮਸਲਾ ਭਾਰਤ ਦੀ ਯਾਤਰਾ ਦਾ ਨਹੀਂ ਹੈ। ਜਿਨ੍ਹਾਂ ਕੋਲ ਕਾਨੂੰਨੀ ਵੀਜ਼ਾ ਅਤੇ ਓਸੀਆਈ ਵਰਗੇ ਹੋਰ ਕਿਸਮ ਦੇ ਦਸਤਾਵੇਜ਼ ਹਨ, ਉਹ ਇਸ ਪਾਬੰਦੀ ਤੋਂ ਬਾਅਦ ਵੀ ਭਾਰਤ ਆਉਣ ਦੇ ਯੋਗ ਹਨ।”
“ਪਰ ਅਸਲ ਮੁੱਦਾ ਹਿੰਸਾ ਨੂੰ ਭੜਕਾਉਣ ਵਾਲੇ ਅਤੇ ਸਾਡੇ ਕਮਿਸ਼ਨ ਅਤੇ ਕੌਂਸਲੇਟ ਦੇ ਕੰਮਕਾਜ ਵਿੱਚ ਰੁਕਾਵਟ ਪਾਉਣ ਵਾਲੇ ਮਾਹੌਲ ਦੀ ਸਿਰਜਣਾ ਦਾ ਹੈ।''
ਅਰਿੰਦਮ ਬਾਗਚੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੈਨੇਡਾ ਵਿੱਚ ਭਾਰਤੀ ਕੂਟਨੀਤਕਾਂ ਨੂੰ ਮਿਲ ਰਹੀਆਂ ਧਮਕੀਆਂ ਕਾਰਨ ਉੱਥੇ ਅਸਥਾਈ ਤੌਰ 'ਤੇ ਵੀਜ਼ਾ ਅਰਜ਼ੀਆਂ 'ਤੇ ਰੋਕ ਲਗਾਉਣੀ ਪਈ ਹੈ।
ਉਨ੍ਹਾਂ ਨੇ ਕਿਹਾ, "ਅਸੀਂ ਇਸ ਦੀ ਲਗਾਤਾਰ ਸਮੀਖਿਆ ਕਰਦੇ ਰਹਾਂਗੇ। ਫਿਲਹਾਲ ਅਸਥਾਈ ਤੌਰ 'ਤੇ ਵੀਜ਼ਾ ਅਰਜ਼ੀਆਂ 'ਤੇ ਰੋਕ ਲਗਾਈ ਹੈ।"
"ਇਸ ਤੋਂ ਇਲਾਵਾ ਕੂਟਨੀਤਕਾਂ ਵਿਚਾਲੇ ਨੰਬਰਾਂ ਦੀ ਸਮਾਨਤਾ ਹੋਣੀ ਚਾਹੀਦੀ ਹੈ। ਸਾਡੇ ਕੂਟਨੀਤਕ ਘੱਟ ਹਨ। ਅਸੀਂ ਦੇਖ ਰਹੇ ਹਾਂ ਕਿ ਕੈਨੇਡਾ ਵੱਲੋਂ ਕੂਟਨੀਕਤ ਦਖ਼ਲਅੰਦਾਜ਼ ਕੀਤੀ ਜਾ ਰਹੀ ਹੈ। ਇਸ ਲਈ ਅਸੀਂ ਇਹ ਫ਼ੈਸਲਾ ਲਿਆ ਹੈ।"
ਉਨ੍ਹਾਂ ਨੇ ਅੱਗੇ ਇਹ ਵੀ ਕਿਹਾ, "ਕੈਨੇਡਾ ਨੇ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ, ਜਦਕਿ ਅਸੀਂ ਕੈਨੇਡਾ ਨਾਲ ਹਰ ਜਾਣਕਾਰੀ ਸਾਂਝੀ ਕਰ ਰਹੇ ਹਾਂ।
"ਇਸ ਵੇਲੇ ਮੁੱਖ ਮੁੱਦਾ ਅੱਤਵਾਦ ਦਾ ਹੈ ਅਤੇ ਉਸ 'ਤੇ ਕੰਮ ਹੋਣਾ ਚਾਹੀਦਾ ਹੈ।"
ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਇਸ ਤਣਾਅ ਦੌਰਾਨ ਭਾਰਤ ਨੇ ਫਿਲਹਾਲ ਲਈ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ 'ਤੇ ਰੋਕ ਲਗਾ ਦਿੱਤੀ ਹੈ।
ਉਨ੍ਹਾਂ ਨੇ ਅੱਗੇ ਕਿਹਾ, "ਅਸੀਂ ਕੈਨੇਡਾ ਨੂੰ 20 ਅਜਿਹੇ ਲੋਕਾਂ ਦੀ ਸੂਚੀ ਦਿੱਤੀ ਹੈ, ਜਿਨ੍ਹਾਂ ਦੀ ਹਵਾਲਗੀ ਜਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।"
"ਪਰ ਕੈਨੇਡਾ ਸਰਕਾਰ ਨੇ ਇਨ੍ਹਾਂ ਬੰਦਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਖ਼ਿਲਾਫ਼ ਜਾਂਤਾਂ ਜਾਣਕਾਰੀ ਹੋਣੀ ਚਾਹੀਦੀ ਹੈ ਜਾਂ ਉਨ੍ਹਾਂ ਨੂੰ ਸਾਨੂੰ ਸੌਂਪਣਾ ਦੇਣਾ ਚਾਹੀਦਾ ਹੈ।"
ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਇੰਡੀਆ ਵੀਜ਼ਾ ਐਪਲੀਕੇਸ਼ਨ ਸੈਂਟਰ- ਕੈਨੇਡਾ ਦੀ ਵੈਬਸਾਈਟ ਅਨੁਸਾਰ, ''ਕੁਝ ਆਪਰੇਸ਼ਨਲ ਕਾਰਨਾਂ ਕਰਕੇ, ਭਾਰਤੀ ਵੀਜ਼ਾ ਸੇਵਾਵਾਂ 'ਤੇ ਅਗਲੀ ਸੂਚਨਾ ਤੱਕ ਰੋਕ ਲਗਾ ਦਿੱਤੀ ਗਈ ਹੈ। ਇਹ ਰੋਕ 21 ਸਤੰਬਰ, 2023 ਤੋਂ ਲਾਗੂ ਹੋ ਰਹੀ ਹੈ।''
ਇਸ ਦਾ ਮਤਲਬ ਹੈ ਕਿ ਜੇਕਰ ਕੋਈ ਕੈਨੇਡਾਈ ਨਾਗਰਿਕ ਕੈਨੇਡਾ ਤੋਂ ਭਾਰਤ ਆਉਣਾ ਚਾਹੁੰਦਾ ਜਾਂ ਚਾਹੁੰਦੇ ਹਨ ਤਾਂ ਫਿਲਹਾਲ ਉਨ੍ਹਾਂ ਨੂੰ ਭਾਰਤ ਦਾ ਵੀਜ਼ਾ ਨਹੀਂ ਦਿੱਤਾ ਜਾਵੇਗਾ।
ਵਿਦਿਆਰਥੀਆਂ ਦਾ ਡਰ
ਭਾਰਤ-ਕੈਨੇਡਾ ਸਬੰਧਾਂ ਨਾਲ ਭਾਰਤ ਤੋਂ ਕੈਨੇਡਾ ਪੜ੍ਹਨ ਗਏ ਵਿਦਿਆਰਥੀਆਂ ਦਾ ਇੱਕ ਵੱਡਾ ਹਿੱਸਾ ਚਿੰਤਤ ਹੈ।
ਵਿਦੇਸ਼ ਵਿੱਚ ਪੜ੍ਹਾਈ ਦੇ ਮਕਸਦ ਤੋਂ ਭਾਰਤੀ, ਖ਼ਾਸਕਰ ਪੰਜਾਬੀ, ਕੈਨੇਡਾ ਨੂੰ ਇੱਕ ਚੰਗੇ ਬਦਲ ਵਜੋਂ ਚੁਣਦੇ ਹਨ। ਭਾਰਤੀ ਨਿਵਾਸੀ ਕੈਨੇਡਾ ਵਿੱਚ ਪ੍ਰਵਾਸੀਆਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹਨ।
ਰਾਧਿਕਾ ਸ਼ਰਮਾ ਕੈਨੇਡਾ ਵਿੱਚ ਪੜ੍ਹਾਈ ਵੀ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਦੋਵਾਂ ਦੇਸ਼ਾਂ ਦਰਮਿਆਨ ਹਾਲ ਹੀ ਵਿੱਚ ਪੈਦਾ ਹੋਏ ਤਣਾਅ ਨੇ ਉਨ੍ਹਾਂ ਨੂੰ ਆਪਣੀਆਂ ਲੰਬੇ ਸਮੇਂ ਦੀਆਂ ਯੋਜਨਾਵਾਂ 'ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਹੈ।
ਰਾਧਿਕਾ ਕਹਿੰਦੇ ਹਨ, "ਬਹੁਤ ਸਾਰੇ ਵਿਦਿਆਰਥੀ ਜੋ ਆਪਣੇ ਭਵਿੱਖ ਦੀ ਯੋਜਨਾ ਬਣਾ ਰਹੇ ਹਨ ਅਤੇ ਕੈਨੇਡਾ ਵਿੱਚ ਸਥਾਈ ਨਿਵਾਸ ਹਾਸਿਲ ਕਰਨਾ ਚਾਹੁੰਦੇ ਹਨ, ਤਣਾਅ ਮਹਿਸੂਸ ਕਰ ਰਹੇ ਹਨ, ਅਤੇ ਇਸ ਫ਼ੈਸਲੇ 'ਤੇ ਮੁੜ ਵਿਚਾਰ ਕਰ ਰਹੇ ਹਨ।"
ਉਨ੍ਹਾਂ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਆਉਣ ਵਾਲੇ ਸਾਲਾਂ ਵਿੱਚ ਕੈਨੇਡਾ ਵਿੱਚ ਰਹਿਣ ਦੀ ਉਨ੍ਹਾਂ ਦੀ ਯੋਗਤਾ 'ਤੇ ਇਸ ਤਣਾਅ ਦਾ ਕੀ ਅਸਰ ਪੈ ਸਕਦਾ ਹੈ।
ਉਹ ਇਸ ਬਾਰੇ ਵੀ ਚਿੰਤਤ ਹਨ ਕਿ ਕੀ ਇਹ ਉਨ੍ਹਾਂ ਨੂੰ ਭਵਿੱਖ ਵਿੱਚ ਭਾਰਤ ਰਹਿੰਦੇ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਤੋਂ ਰੋਕਿਆ ਜਾ ਸਕਦਾ ਹੈ, ਜਾਂ ਫ਼ਿਰ ਪਰਿਵਾਰ ਨੂੰ ਇਥੇ ਆਉਣ ਦਿੱਤਾ ਜਾਵੇਗਾ।
ਭਾਰਤ-ਕੈਨੇਡਾ ਮਸਲਾ: ਹੁਣ ਤੱਕ ਕੀ ਕੁਝ ਹੋਇਆ
- ਸੋਮਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਏਜੰਸੀਆਂ ਦੇ ਹਵਾਲੇ ਨਾਲ ਨਿੱਝਰ ਕਤਲ ਕੇਸ ਅਤੇ ਭਾਰਤ ਸਰਕਾਰ ਵਿਚਾਲੇ ਪ੍ਰਤੱਖ਼ ਲਿੰਕ ਹੋਣ ਦੀ ਗੱਲ ਕਹੀ ਸੀ।
- ਇਸ ਬਿਆਨ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ ਸੀਨੀਅਰ ਡਿਪਲੋਮੇਟ ਪਵਨ ਕੁਮਾਰ ਰਾਏ ਨੂੰ ਮੁਲਕ ਵਿੱਚੋਂ ਕੱਢ ਦਿੱਤਾ।
- ਭਾਰਤ ਨੇ ਵੀ ਮੰਗਲਵਾਰ ਕੈਨੇਡਾ ਦੇ ਸੀਨੀਅਰ ਡਿਪਲੋਮੇਟ ਨੂੰ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਦਾ ਹੁਕਮ ਦਿੱਤਾ ਹੈ।
- ਭਾਰਤ ਸਰਕਾਰ ਨੇ ਇਸ ਬਿਆਨ ਨੂੰ ਬੇ-ਬੁਨਿਆਦ ਅਤੇ ਸਿਆਸੀ ਤੌਰ ਉੱਤੇ ਪ੍ਰੇਰਿਤ ਕਰਾਰ ਦਿੱਤਾ ਸੀ।
- 21 ਸਤੰਬਰ ਨੂੰ ਨਿਊਯਾਰਕ ਵਿੱਚ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੇ ਇਲਜ਼ਾਮ ਦੁਹਰਾਏ, “ਇਸ ਗੱਲ ਉੱਤੇ ਭਰੋਸਾ ਕਰਨ ਲਈ ਪੁਖ਼ਤਾ ਕਾਰਨ ਹਨ ਕਿ ਭਾਰਤੀ ਏਜੰਟ ਇੱਕ ਕੈਨੇਡੀਅਨ ਨਾਗਰਿਕ ਦੇ ਕੈਨੇਡੀਅਨ ਧਰਤੀ ਉੱਤੇ ਹੋਏ ਕਤਲ ਵਿੱਚ ਸ਼ਾਮਿਲ ਹਨ।”
- ਇਸ ਵਿਵਾਦ ਦੇ ਚਲਦਿਆਂ ਦੋਵੇਂ ਦੇਸ਼ਾਂ ਨੇ ਆਪਣੇ-ਆਪਣੇ ਨਾਗਰਿਕਾਂ ਨੂੰ ਇੱਕ-ਦੂਜੇ ਦੇ ਦੇਸ਼ 'ਚ ਰਹਿਣ ਜਾਂ ਯਾਤਰਾ ਦੌਰਾਨ ਵਧੇਰੇ ਸਾਵਧਾਨ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ।
- ਇਸੇ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਟਰੂ਼ਡੋ ਵਲੋਂ ਲਾਏ ਇਲਜ਼ਾਮਾਂ ਦੀ ਵਿਸਥਾਰਤ ਜਾਂਚ ਦਾ ਸਮਰਥਕ ਹੈ ਅਤੇ ਭਾਰਤ ਨੂੰ ਇਸ ਮਸਲੇ ਉੱਤੇ ਸਹਿਯੋਗ ਕਰਨਾ ਚਾਹੀਦਾ ਹੈ।
- ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਮਹਿਲਾ ਬੁਲਾਰੇ ਮੁਮਤਾਜ਼ ਜ਼ਾਹਰਾ ਬਲੋਚ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ''ਇਹ ਇੱਕ ਲਾਪਰਵਾਹ ਅਤੇ ਗ਼ੈਰ-ਜ਼ਿੰਮੇਦਾਰ ਹਰਕਤ ਹੈ ਜੋ ਇੱਕ ਭਰੋਸੇਯੋਗ ਅੰਤਰ-ਰਾਸ਼ਟਰੀ ਸਹਿਯੋਗੀ ਦੇ ਰੂਪ 'ਚ ਭਾਰਤ ਦੀ ਭਰੋਸੇਯੋਗਤਾ 'ਤੇ ਸਵਾਲ ਹੈ।’’
End of ਕੈਨੇਡਾ-ਭਾਰਤ ਮਾਮਲਾ: 21 ਸਤੰਬਰ ਦਾ ਘਟਨਾਕ੍ਰਮ ਇਸ ਲਿੰਕ ’ਤੇ ਪੜ੍ਹੋ
ਵਪਾਰ ਤੇ ਲੋਕਾਂ ਦੀ ਸੋਚ ’ਤੇ ਅਸਰ
ਵੀਰਵਾਰ ਨੂੰ ਇੱਕ ਪ੍ਰੈਸ ਕਾਂਨਫ਼ਰੰਸ ਵਿੱਚ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਉਹ ਆਪਣੇ ਇਲਜ਼ਾਮਾਂ ਨਾਲ ਭਾਰਤ ਨੂੰ ਭੜਕਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਅਤੇ ਉਨ੍ਹਾਂ ਨੇ ਸੰਕੇਤ ਦਿੱਤਾ ਸੀ ਕਿ ਕੈਨੇਡਾ ਵੀਜ਼ਾ ਸਬੰਧੀ ਇਸ ਤਰ੍ਹਾਂ ਦੇ ਕਦਮ ਨਾਲ ਬਦਲਾ ਲੈਣ ਦੀ ਕੋਈ ਵੀ ਯੋਜਨਾ ਨਹੀਂ ਬਣਾ ਰਿਹਾ ਹੈ।
ਪਰ ਇਹ ਸਬੰਧਾਂ ਵਿੱਚ ਆਈ ਦਰਾਰ ਦੋਹਾਂ ਦੇਸ਼ਾਂ ਦੇ ਭਵਿੱਖ ਦੇ ਆਰਥਿਕ ਸਬੰਧਾਂ 'ਤੇ ਸਵਾਲ ਖੜ੍ਹੇ ਕਰਦੀ ਹੈ।
ਹੇਮੰਤ ਸ਼ਾਹ ਇੱਕ ਭਾਰਤੀ-ਕੈਨੇਡੀਅਨ ਹਨ। ਉਹ ਪਿਛਲੇ 49 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ।
ਹੇਮੰਤ ਦਾ ਕਹਿਣਾ ਹੈ ਕਿ ਇਸ ਸਿਲਸਿਲੇ ਵਿੱਚ ਸਭ ਤੋਂ ਵੱਡੀ ਚਿੰਤਾ ਵਪਾਰ ਅਤੇ ਵਪਾਰਿਕ ਸਬੰਧਾਂ 'ਤੇ ਪੈਣ ਵਾਲਾ ਪ੍ਰਭਾਵ ਹੈ।
ਵਿਨੀਪੈਗ ਵਿੱਚ ਰਹਿਣ ਵਾਲੇ ਸ਼ਾਹ ਨੇ ਕਿਹਾ, "ਭਾਰਤ ਵਿੱਚ ਬਹੁਤ ਸਾਰੀਆਂ ਕੈਨੇਡੀਅਨ ਕੰਪਨੀਆਂ ਕੰਮ ਕਰ ਰਹੀਆਂ ਹਨ। ਜੇ ਕਿਤੇ ਮੈਂ ਕਾਰੋਬਾਰ ’ਤੇ ਨਿਰਭਰ ਹੁੰਦਾ ਤਾਂ ਹੁਣ ਨੂੰ ਰੋ ਰਿਹਾ ਹੁੰਦਾ।"
ਐਕਸਪਲੋਰ ਇੰਡੀਆ ਰਾਧਿਕਾ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੰਪਨੀ ਕੋਲ ਅਜਿਹੇ ਲੋਕ ਵੀ ਸੰਪਰਕ ਕਰ ਰਹੇ ਹਨ ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਵੀਜ਼ਾ ਹੈ ਤੇ ਉਹ ਫ਼ਿਕਰਮੰਦ ਹਨ ਕਿ ਕੀ ਅਜਿਹੇ ਹਾਲਾਤ ਵਿੱਚ ਭਾਰਤ ਜਾਣਾ ਸੁਰੱਖਿਅਤ ਹੈ।
ਉਹ ਦੱਸਦੇ ਹਨ ਕਿਸ,“ਅਸੀਂ ਲੋਕਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ ਕਰਦੇ ਹਾਂ ਕਿ ਸਿਆਸੀ ਤਣਾਅ ਜ਼ਰੂਰ ਹੈ ਪਰ ਭਾਰਤ, ਆਪਣੇ ਦੇਸ਼ ਆਉਣ ਵਾਲੇ ਸੈਲਾਨੀਆਂ ਦਾ ਸਵਾਗਤ ਦਿਲ ਖੋਲ਼੍ਹ ਕੇ ਕਰਦਾ ਹੈ।’’
ਰਾਧਿਕਾ ਕਹਿੰਦੇ ਹਨ, "ਅਸੀਂ ਨਹੀਂ ਚਾਹੁੰਦੇ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਖਰਾਬ ਹੋਣ।"
"ਲੋਕ ਇੱਥੇ ਕਰੀਅਰ ਬਣਾਉਣ ਅਤੇ ਭਵਿੱਖ ਲਈ ਚੰਗੇ ਮੌਕਿਆਂ ਦੀ ਆਸ ਵਿੱਚ ਆਉਂਦੇ ਹਨ ਅਤੇ ਅਸੀਂ ਦੋਵਾਂ ਦੇਸ਼ਾਂ ਵਿਚਕਾਰ ਸਦਭਾਵਨਾ ਚਾਹੁੰਦੇ ਹਾਂ।"
End of ਕੈਨੇਡਾ ਭਾਰਤ ਮਾਮਲਾ: ਟਕਰਾਅ ਦੀ ਸ਼ੁਰੂਆਤ ਕਿਵੇਂ ਹੋਈ
ਭਾਰਤ ਸਰਕਾਰ ਦੀ ਟੀਵੀ ਚੈਨਲਾਂ ਲਈ ਐਡਵਾਇਜ਼ਰੀ
ਭਾਰਤ ਸਰਕਾਰ ਨੇ ਵੀਰਵਾਰ ਨੂੰ ਟੀਵੀ ਚੈਨਲਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ ਟੀਵੀ ਚੈਨਲਾਂ ਲਈ ਜਾਰੀ ਕੀਤੀ ਗਈ ਇਸ ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਉਹ ਆਪਣੇ ਪਲੇਟਫਾਰਮ 'ਤੇ ਕਿਸੇ ਅਜਿਹੇ ਵਿਅਕਤੀ ਨੂੰ ਜਗ੍ਹਾ ਨਾ ਦੇਣ ਜਿਸ ਦੇ ਖ਼ਿਲਾਫ਼ ਗੰਭੀਰ ਅਪਰਾਧ/ਅੱਤਵਾਦ ਜਾਂ ਪਾਬੰਦੀਆਂ ਲਾਈਆਂ ਗਈਆਂ ਹੋਣ।
ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਮੰਤਰਾਲੇ ਦੇ ਧਿਆਨ ’ਚ ਇਹ ਆਇਆ ਹੈ ਕਿ ਸਬੰਧਤ ਵਿਅਕਤੀ, ਜਿਸ ਖ਼ਿਲਾਫ਼ ਅੱਤਵਾਦ ਦੇ ਗੰਭੀਰ ਇਲਜ਼ਾਮ ਵੀ ਹਨ ਅਤੇ ਉਹ ਪਾਬੰਦੀਸ਼ੁਦਾ ਸੰਗਠਨ ਨਾਲ ਸਬੰਧਤ ਹੈ, ਨੂੰ ਇੱਕ ਟੀਵੀ ਚੈਨਲ ਚਰਚਾ ਵਿੱਚ ਹਿੱਸਾ ਲੈਣ ਲਈ ਬੁਲਾਇਆ ਗਿਆ ਸੀ ਅਤੇ ਉਸ ਨੇ ਕਈ ਅਜਿਹੇ ਬਿਆਨ ਦਿੱਤੇ ਜੋ ਦੇਸ਼ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਨ।
ਟਰੂਡੋ ਨੇ ਇਲਜ਼ਾਮ ਦਹੁਰਾਏ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਇੱਕ ਵਾਰ ਫਿਰ ਤੋਂ ਭਾਰਤ ਦੀਆਂ ਏਜੰਸੀਆਂ ਉੱਤੇ ਖ਼ਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਇਲਜ਼ਾਮ ਲਗਾਏ ਹਨ।
ਨਿਊ ਯਾਰਕ ਵਿੱਚ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ, “ਇਸ ਗੱਲ ਉੱਤੇ ਭਰੋਸਾ ਕਰਨ ਲਈ ਪੁਖ਼ਤਾ ਕਾਰਨ ਹਨ ਕਿ ਭਾਰਤੀ ਏਜੰਟ ਇੱਕ ਕੈਨੇਡੀਅਨ ਨਾਗਰਿਕ ਦੇ ਕੈਨੇਡੀਅਨ ਧਰਤੀ ਉੱਤੇ ਹੋਏ ਕਤਲ ਵਿੱਚ ਸ਼ਾਮਿਲ ਹਨ।”
“ਇਹ ਮੁੱਦਾ ਕੈਨੇਡਾ ਵਰਗੇ ਮੁਲਕ ਲਈ ਬਹੁਤ ਅਹਿਮ ਹੈ ਜਿੱਥੇ ਕਾਨੂੰਨ ਦਾ ਰਾਜ ਹੈ। ਅਸੀਂ ਭਾਰਤ ਸਰਕਾਰ ਨੂੰ ਕਹਿੰਦੇ ਹਾਂ ਕਿ ਉਹ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਸਾਡੇ ਨਾਲ ਇਸ ਬਾਰੇ ਕੰਮ ਕਰਨ ਤੇ ਸਾਫ ਕਰਨ ਕਿ ਸੱਚ ਕੀ ਹੈ।”
ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਉਨ੍ਹਾਂ ਕੋਲ ਭਾਰਤ ਖਿਲਾਫ਼ ਸਬੂਤ ਕਿੰਨੇ ਪੁਖ਼ਤਾ ਹਨ ਤੇ ਉਹ ਕਦੋਂ ਉਨ੍ਹਾਂ ਨੂੰ ਨਸ਼ਰ ਕਰਨਗੇ ਤਾਂ ਉਹ ਕਹਿੰਦੇ ਕਿ ਕੈਨੇਡਾ ਦੀ ਇੱਕ ਮਜ਼ਬੂਤ ਨਿਆਂ ਪ੍ਰਣਾਲੀ ਹੈ ਤੇ ਅਸੀਂ ਇਹ ਤੈਅ ਕਰਾਂਗੇ ਕਿ ਪੂਰੀ ਪ੍ਰਕਿਰਿਆ ਦੀ ਪਾਲਣਾ ਹੋਵੇ।”
“ਇਹ ਸਾਡਾ ਫਰਜ਼ ਹੈ ਕਿ ਅਸੀਂ ਇਹ ਪੱਕਾ ਕਰੀਏ ਕਿ ਕੈਨੇਡਾ ਦਾ ਹਰ ਨਾਗਰਿਕ ਸੁਰੱਖਿਅਤ ਹੋਵੇ।”
ਟਰੂਡੋ ਵਲੋਂ ਅਜਿਹੇ ਇਲਜ਼ਾਮ ਲਗਾਏ ਜਾਣ ਤੋਂ ਬਾਅਦ ਕੌਮਾਂਤਰੀ ਪੱਧਰ ’ਤੇ ਪ੍ਰਤੀਕਰਮ ਆ ਰਹੇ ਹਨ।
ਅਮਰੀਕਾ ਨੇ ਕੀ ਕਿਹਾ
ਇਸ ਪੂਰੇ ਮਾਮਲੇ 'ਤੇ ਭਾਰਤ 'ਚ ਅਮਰੀਕਾ ਦੇ ਰਾਜਦੂਤ ਏਰਿਕ ਗਾਰਸੇਟੀ ਨੇ ਕਿਹਾ ਹੈ ਕਿ ਅਮਰੀਕਾ, ਪ੍ਰਧਾਨ ਮੰਤਰੀ ਟਰੂਡੋ ਦੇ ਇਲਜ਼ਾਮਾਂ ਦੀ ਪੂਰੀ ਤਰ੍ਹਾਂ ਜਾਂਚ ਦਾ ਸਮਰਥਨ ਕਰਦਾ ਹੈ।
ਉਨ੍ਹਾਂ ਕਿਹਾ ਕਿ ਕੈਨੇਡੀਆਈ ਪ੍ਰਧਾਨ ਮੰਤਰੀ ਦੇ ਇਲਜ਼ਾਮ 'ਪਰੇਸ਼ਾਨ ਕਰਨ ਵਾਲੇ' ਹਨ। ਉਨ੍ਹਾਂ ਨੇ ਅੰਤਰ-ਰਾਸ਼ਟਰੀ ਕਾਨੂੰਨ, ਪ੍ਰਭੂਸੱਤਾ ਅਤੇ ਨਾਨ-ਇੰਟਰਫੇਅਰੇਂਸ ਦੇ ਸਿਧਾਂਤਾਂ ਦੇ ਮਹੱਤਵ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ, ''ਜ਼ਾਹਿਰ ਹੈ, ਇਸ ਤਰ੍ਹਾਂ ਦੇ ਕੋਈ ਵੀ ਇਲਜ਼ਾਮ ਚਿੰਤਾਜਨਕ ਹਨ। ਪਰ ਸਰਗਰਮ ਅਪਰਾਧਿਕ ਜਾਂਚ ਤੋਂ ਉਮੀਦ ਹੈ ਕਿ ਅਸੀਂ ਇਹ ਯਕੀਨੀ ਬਣਾ ਸਕਾਂਗੇ ਕਿ ਅਪਰਾਧੀਆਂ ਨੂੰ ਕਟਿਹਰੇ 'ਚ ਲੈ ਕੇ ਆਂਦਾ ਜਾਵੇ।''
''ਕਿਸੇ ਨਤੀਜੇ 'ਤੇ ਪਹੁੰਚਣ ਤੋਂ ਪਹਿਲਾਂ ਜਾਂਚ ਪੂਰੀ ਹੋਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਨਾਲ ਹੀ ਪ੍ਰਭੂਸੱਤਾ ਦਾ ਸਨਮਾਨ ਕਰਨਾ ਸਭ ਤੋਂ ਮਹੱਤਵਪੂਰਨ ਸਿਧਾਂਤ ਹੈ।''
ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਦੇ ਬੁਲਾਰੇ ਜੌਨ ਕਿਰਬੀ ਨੇ ਭਾਰਤ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਜਾਂਚ 'ਚ ਸਹਿਯੋਗ ਦੇਵੇ।
ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਰਗਰਿਟ ਮੈਕਲਿਓਡ ਨੇ ਕਿਹਾ ਕਿ ਕੈਨੇਡਾ ਵੱਲੋਂ ਭਾਰਤ 'ਤੇ ਲਗਾਏ ਇਲਜ਼ਾਮਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਮੀਦ ਹੈ ਕਿ ਭਾਰਤ ਇਸ ਵਿੱਚ ਸਹਿਯੋਗ ਕਰੇਗਾ।''
ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, ''ਸਭ ਤੋਂ ਮਹੱਤਵਪੂਰਨ ਹੈ ਕਿ ਮੁਲਜ਼ਮ ਨਿਆਂ ਦਾ ਸਾਹਮਣਾ ਕਰਨ।''
''ਅਸੀਂ ਕੈਨੇਡਾ ਅਤੇ ਭਾਰਤ ਦੋਵਾਂ ਦੀ ਗੱਲ ਸੁਣਾਂਗੇ। ਦੋਵੇਂ ਸਾਡੇ ਕਰੀਬੀ ਸਾਥੀ ਹਨ। ਹਰੇਕ ਦੇਸ਼ ਨਾਲ ਸਾਡੇ ਵੱਖਰੇ ਸਬੰਧ ਹਨ।''
ਹਰਦੀਪ ਸਿੰਘ ਨਿੱਝਰ ਕਤਲ ਦੀ ਜਾਂਚ ਮਾਮਲੇ ਵਿੱਚ ਅਮਰੀਕਾ ਵੱਲੋਂ ਕੈਨੇਡਾ ਨੂੰ ਸਹਿਯੋਗ ਦੇਣ ਦੀਆਂ ਖ਼ਬਰਾਂ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, “ਮੈਂ ਇਨ੍ਹਾਂ ਖ਼ਬਰਾਂ ਬਾਰੇ ਨਹੀਂ ਜਾਣਦੀ ਪਰ ਅਮਰੀਕਾ, ਇੰਡੀਆ ਅਤੇ ਕੈਨੇਡਾ ਦੋਵਾਂ ਦੇਸ਼ਾਂ ਦਾ ਅਲੱਗ-ਅਲੱਗ ਮਾਮਲਿਆਂ ਦੀ ਜਾਂਚ ਵਿੱਚ ਸਹਿਯੋਗ ਕਰਦਾ ਹੈ।”
ਇਹ ਭਾਰਤ ਦੀ ਭਰੋਸੇਯੋਗਤਾ 'ਤੇ ਸਵਾਲ - ਪਾਕਿਸਤਾਨ
ਇਸ ਪੂਰੇ ਵਿਵਾਦ 'ਤੇ ਪਾਕਿਸਤਾਨ ਨੇ ਵੀ ਆਪਣਾ ਪ੍ਰਤੀਕਿਰਿਆ ਦਿੱਤੀ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਮਹਿਲਾ ਬੁਲਾਰੇ ਮੁਮਤਾਜ਼ ਜ਼ਾਹਰਾ ਬਲੋਚ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ''ਇਹ ਇੱਕ ਲਾਪਰਵਾਹ ਅਤੇ ਗ਼ੈਰ-ਜ਼ਿੰਮੇਦਾਰ ਹਰਕਤ ਹੈ ਜੋ ਇੱਕ ਭਰੋਸੇਯੋਗ ਅੰਤਰ-ਰਾਸ਼ਟਰੀ ਸਹਿਯੋਗੀ ਦੇ ਰੂਪ 'ਚ ਭਾਰਤ ਦੀ ਭਰੋਸੇਯੋਗਤਾ 'ਤੇ ਸਵਾਲ ਹੈ।’’
‘‘ਭਾਰਤ ਦੀ ਐਕਸਟਰਾ ਟੇਰੀਟੋਰੀਅਲ ਹੱਤਿਆ ਦਾ ਨੈੱਟਵਰਕ ਹੁਣ ਵਿਸ਼ਵ ਪੱਧਰ ਦਾ ਬਣ ਚੁੱਕਿਆ ਹੈ।''
ਉਨ੍ਹਾਂ ਕਿਹਾ, ''ਪਾਕਿਸਤਾਨ, ਭਾਰਤੀ ਖੂਫ਼ੀਆ ਏਜੰਸੀ ਰਿਸਰਚ ਐਂਡ ਅਨੈਲੀਸਿਸ ਵਿੰਗ ਭਾਵ ਰਾਅ ਵੱਲੋਂ 'ਟਾਰਗੇਟਿਡ ਕਤਲਾਂ ਅਤੇ ਜਾਸੂਸੀ'' ਦਾ ਨਿਸ਼ਾਨਾ ਰਿਹਾ ਹੈ ਅਤੇ ਅੱਜ ਵੀ ਹੈ।''
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਸਕੱਤਰ ਸਾਇਰਸ ਕਾਜ਼ੀ ਨੇ ਕਿਹਾ ਸੀ ਕਿ ਪਾਕਿਸਤਾਨ ਕੈਨੇਡਾ ਦੇ ਭਾਰਤ 'ਤੇ ਲਗਾਏ ਗਏ ਇਲਜ਼ਾਮਾਂ ਤੋਂ 'ਹੈਰਾਨ' ਨਹੀਂ ਹੈ।
ਮਾਮਲੇ ਦੀ ਸ਼ੁਰੂਆਤ ਕਿਵੇਂ ਹੋਈ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਮੁਲਕ ਦੀ ਸੰਸਦ ਵਿੱਚ ਖਦਸ਼ਾ ਪ੍ਰਗਟਾਇਆ ਸੀ ਕਿ ਇਸ ਸਾਲ ਜੂਨ ਵਿੱਚ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਸ਼ਾਇਦ ਭਾਰਤ ਦੀ ਭੂਮਿਕਾ ਸੀ।
ਇਸ ਬਿਆਨ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ ਸੀਨੀਅਰ ਡਿਪਲੋਮੇਟ ਪਵਨ ਕੁਮਾਰ ਰਾਏ ਨੂੰ ਮੁਲਕ ਵਿੱਚੋਂ ਕੱਢ ਦਿੱਤਾ। ਜਵਾਬੀ ਕਾਰਵਾਈ ਵਿੱਚ ਭਾਰਤ ਨੇ ਵੀ ਕੈਨੇਡਾ ਦੇ ਸੀਨੀਅਰ ਡਿਪਲੋਮੇਟ ਨੂੰ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਦਾ ਹੁਕਮ ਦਿੱਤਾ ਹੈ।
ਇਸ ਮਾਮਲੇ 'ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, ''ਭਾਰਤ ਨੇ ਕੈਨੇਡੀਅਨ ਡਿਪਲੋਮੈਟ ਨੂੰ ਕੱਢ ਦਿੱਤਾ ਹੈ। ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਭਾਰਤ ਸਰਕਾਰ ਦੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਗਈ ਹੈ। ਸਬੰਧਤ ਡਿਪਲੋਮੈਟ ਨੂੰ ਅਗਲੇ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਲਈ ਕਿਹਾ ਗਿਆ ਹੈ।”
"ਇਹ ਫੈਸਲਾ ਸਾਡੇ ਅੰਦਰੂਨੀ ਮਾਮਲਿਆਂ ਵਿੱਚ ਕੈਨੇਡੀਅਨ ਡਿਪਲੋਮੈਟਾਂ ਦੀ ਦਖਲਅੰਦਾਜ਼ੀ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਲੈ ਕੇ ਭਾਰਤ ਸਰਕਾਰ ਦੀ ਵੱਧ ਰਹੀ ਚਿੰਤਾ ਨੂੰ ਦਰਸਾਉਂਦਾ ਹੈ।"
ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।