ਕੌਣ ਹਨ ਜਸਵੀਨ ਸੰਘਾ ਜਿਸ ਨੂੰ ‘ਕੈਟਾਮੀਨ ਕੁਈਨ’ ਕਿਹਾ ਗਿਆ, ਜਿਸ ’ਤੇ ਮਰਹੂਮ ਅਦਾਕਾਰ ਮੈਥਿਊ ਪੈਰੀ ਨੂੰ ਨਸ਼ਾ ਵੇਚਣ ਦੇ ਇਲਜ਼ਾਮ ਲੱਗੇ

    • ਲੇਖਕ, ਮਾਲੂ ਕਰਸੀਨੋ
    • ਰੋਲ, ਬੀਬੀਸੀ ਨਿਊਜ਼

ਭਾਰਤੀ ਮੂਲ ਦੀ ਕਥਿਤ ਡਰੱਗ ਡੀਲਰ ਜਸਵੀਨ ਸੰਘਾ ਉੱਤੇ 'ਫ੍ਰੈਂਡਜ਼ ਸ਼ੋਅ' ਦੇ ਸਟਾਰ ਕਲਾਕਾਰ ਮੈਥਿਊ ਪੈਰੀ ਨੂੰ ਆਪਣੇ ਲਾਲਚ ਲਈ 'ਕੇਟਾਮੀਨ' ਨਸ਼ੇ ਦੀ ਆਦਤ ਲਾਉਣ ਦੇ ਇਲਜ਼ਾਮ ਹਨ।

ਮੈਥਿਊ ਪੈਰੀ ਦੀ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਹੋ ਗਈ ਸੀ।

ਅਮਰੀਕੀ ਅਧਿਕਾਰੀਆਂ ਮੁਤਾਬਕ ਜਸਵੀਨ ਸੰਘਾ ਸਣੇ ਇਸ ਮਾਮਲੇ ਵਿੱਚ ਪੰਜ ਮੁਲਜ਼ਮ ਹਨ।

ਜਸਵੀਨ ਸੰਘਾ 9 ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ। ਜਿਸ ਵਿੱਚ ਕੇਟਾਮੀਨ ਵੰਡ ਦੀ ਸਾਜਿਸ਼ ਅਤੇ ਕੇਟਾਮੀਨ ਵੰਡਣ ਦੇ ਨਤੀਜੇ ਵਜੋਂ ਮੌਤ ਹੋਣਾ ਸ਼ਾਮਲ ਹੈ ।

ਜਸਵੀਨ ਸੰਘਾ ਕੋਲ ਅਮਰੀਕਾ ਅਤੇ ਬ੍ਰਿਟੇਨ ਦੀ ਦੋਹਰੀ ਨਾਗਰਿਕਤਾ ਹੈ । ਜਸਵੀਨ ਵੀਰਵਾਰ ਨੂੰ ਜਦੋਂ ਅਦਾਲਤ ਵਿੱਚ ਪੇਸ਼ੀ ਲਈ ਪਹੁੰਚੇ ਤਾਂ ਉਨ੍ਹਾਂ ਨੇ ਨਰਵਾਨਾ ਦਾ ਜੰਪ ਸੂਟ ਪਾਇਆ ਹੋਇਆ ਸੀ ਅਤੇ ਉਨ੍ਹਾਂ ਨੇ ਖੁਦ ਨੂੰ ਬੇਕਸੂਰ ਦੱਸਿਆ ।

ਉਨ੍ਹਾਂ ਦੀ ਜ਼ਮਾਨਤ ਦੀ ਬੇਨਤੀ ਨੂੰ ਅਮਰੀਕੀ ਅਧਿਕਾਰੀਆਂ ਨੇ ਠੁਕਰਾ ਦਿੱਤਾ ਸੀ ਅਤੇ ਅਕਤੂਬਰ ਵਿੱਚ ਉਹ ਮੁਕੱਦਮੇ ਦੌਰਾਨ ਉਹ ਹਿਰਾਸਤ ਵਿੱਚ ਰਹਿਣਗੇ।

ਇਲਜ਼ਾਮ ਲਾਇਆ ਗਿਆ ਹੈ ਕਿ ਜਸਵੀਨ ਸੰਘਾ ਵੱਲੋਂ 24 ਅਕਤੂਬਰ, 2023 ਨੂੰ ਜੋ ਕੇਟਾਮੀਨ ਮੁਹੱਈਆ ਕਰਵਾਇਆ ਗਿਆ ਸੀ ਉਹੀ ਮੈਥਿਊ ਪੈਰੀ ਦੀ ਮੌਤ ਦਾ ਕਾਰਨ ਬਣੀ ।

ਕੇਟਾਮਾਈਨ ਕਿੰਨਾ ਖ਼ਤਰਨਾਕ ਹੈ

ਯੂਐੱਸ ਡਰੱਗਜ਼ ਇਨਫੋਰਸਮੈਂਟ ਐਡਮਨਿਸਟ੍ਰੇਸ਼ਨ (ਡੀਈਏ) ਦੇ ਅਨੁਸਾਰ, ਇੱਕ ਡਿਸਸੋਸਿਏਟਿਵ ਐਨੇਸਥੀਟਿਕ ਹੈ ਜਿਸ ਕਾਰਨ ਕਈ ਹੋਸ਼ ਗੁਆਉਣ ਵਾਲੇ ਪ੍ਰਭਾਵ।

ਇਹ ਦੇਖਣ ਅਤੇ ਸੁਣਨ ਦੀ ਸ਼ਕਤੀ ਨੂੰ ਵਿਗਾੜ ਸਕਦਾ ਹੈ । ਇਸਦਾ ਇਸਤੇਮਾਲ ਕਰਨ ਵਾਲਾ ਖੁਦ ਨੂੰ ਵੱਖਰਾ ਅਤੇ ਕਾਬੂ ਤੋਂ ਬਾਹਰ ਪਾਉਂਦਾ ਹੈ।

ਇਹ ਮਨੁੱਖਾਂ ਅਤੇ ਜਾਨਵਰਾਂ ਲਈ ਬੇਹੋਸ਼ ਕਰਨ ਵਾਲੇ ਟੀਕੇ ਵਜੋਂ ਵਰਤਿਆ ਜਾਂਦਾ ਹੈ। ਇਸ ਦਾ ਇਸਤੇਮਾਲ ਮਰੀਜ਼ਾਂ ਨੂੰ ਦਰਦ ਅਤੇ ਹੋਰ ਸਰੀਰੀਕ ਗਤੀਵਿਧੀਆਂ ਦੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮੁਹੱਈਆ ਕਰਵਾਉਂਦਾ ਹੈ।

ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਸ ਪਦਾਰਥ ਨੂੰ ਸਿਰਫ ਇੱਕ ਡਾਕਟਰ ਦੁਆਰਾ ਦਿੱਤਾ ਜਾਣਾ ਚਾਹੀਦਾ ਹੈ ।

ਜਿਨ੍ਹਾਂ ਮਰੀਜ਼ਾਂ ਨੇ ਦਵਾਈ ਲਈ ਹੈ, ਉਨ੍ਹਾਂ ਉੱਤੇ ਸੰਭਾਵੀ ਨੁਕਸਾਨਦੇਹ ਪ੍ਰਭਾਵਾਂ ਦੇ ਖ਼ਤਰੇ ਕਰਕੇ ਕਿਸੇ ਪੇਸ਼ੇਵਰ ਦੀ ਨਿਗਰਾਨੀ ਹੋਣੀ ਚਾਹੀਦੀ ਹੈ।

"ਸੰਘਾ ਸਟੈਸ਼ ਹਾਊਸ" ਵਿੱਚੋਂ ਕੀ-ਕੀ ਮਿਲਿਆ

ਜਸਵੀਨ ਸੰਘਾ ਉੱਤੇ ਇਲਜ਼ਾਮ ਹੈ ਕਿ ਉਹ 2019 ਤੋਂ ਆਪਣੇ ਸਟੈਸ਼ ਹਾਊਸ ਤੋਂ ਕੇਟਾਮੀਨ ਵੇਚ ਰਹੇ ਹਨ।

ਕੈਲੀਫੋਰਨੀਆ ਦੇ ਕੇਂਦਰੀ ਜ਼ਿਲ੍ਹੇ ਲਈ ਅਟਾਰਨੀ ਮਾਰਟਿਨ ਐਸਟਰਾਡਾ ਨੇ ਵੀਰਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਦੱਸਿਆ,ਸੰਘਾ ਦਾ ਉੱਤਰੀ ਹਾਲੀਵੁੱਡ ਵਿੱਚ ਘਰ ਇੱਕ "ਨਸ਼ਾ ਵੇਚਣ ਵਾਲਾ ਏਮਪੋਰੀਅਮ" ਸੀ।

ਸਰਚ ਦੌਰਾਨ ਕਥਿਤ ਤੌਰ 'ਤੇ ਕੇਟਾਮੀਨ ਦੀਆਂ 80 ਤੋਂ ਵੱਧ ਸ਼ੀਸ਼ੀਆਂ ਮਿਲੀਆਂ ਹਨ। ਇਸ ਨਾਲ ਹੀ ਹਜ਼ਾਰਾਂ ਗੋਲੀਆਂ ਮਿਲੀਆਂ, ਜਿਨ੍ਹਾਂ ਵਿੱਚ ਮੇਥਾਮਫੇਟਾਮਾਈਨ,ਕੋਕੀਨ ਅਤੇ ਜ਼ੈਨੈਕਸ ਸ਼ਾਮਲ ਸਨ।

ਇਲਜ਼ਾਮਾਂ ਮੁਤਾਬਕ ਉਸ ਦੇ ਘਰ ਨੂੰ "ਸੰਘਾ ਸਟੈਸ਼ ਹਾਊਸ" ਕਿਹਾ ਜਾਂਦਾ । ਜਿੱਥੇ ਉਸ 'ਤੇ ਨਸ਼ੀਲੇ ਪਦਾਰਥਾਂ ਨੂੰ ਪੈਕ ਕਰਨ ਅਤੇ ਵੇਚਣ ਦਾ ਇਲਜ਼ਾਮ ਹੈ।

ਜਸਵੀਨ ਸੰਘਾ ਨਾਲ ਸਹਿ-ਮੁਲਜ਼ਮ ਐਰਿਕ ਫਲੈਮਿੰਗ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸੰਘਾ "ਸਿਰਫ ਵੱਡੇ ਅਤੇ ਮਸ਼ਹੂਰ ਫਿਲਮੀ ਸਤਾਰਿਆਂ ਨਾਲ ਡੀਲ ਕਰਦੇ ਸਨ।"

ਜਸਵੀਨ ਸੰਘਾ ਵੱਲੋਂ ਅਮੀਰੀ ਦਰਸ਼ਾਉਣ ਵਾਲੀ ਜੀਵਨ ਸ਼ੈਲੀ ਬਤੀਤ ਕੀਤੀ ਜਾਂਦੀ ਸੀ ਜਿਸ ਨੂੰ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਖੂਬ ਦਰਸਾਇਆ ਗਿਆ ਹੈ।

ਉਨ੍ਹਾਂ ਦੇ ਇੱਕ ਦੋਸਤ ਨੇ ਡੇਲੀ ਮੇਲ ਨੂੰ ਦੱਸਿਆ ਕਿ ਉਨ੍ਹਾਂ ਨੇ ਗੋਲਡਨ ਗਲੋਬ ਅਤੇ ਆਸਕਰ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ ਅਤੇ ਉਹ ਮਸ਼ਹੂਰ ਹਸਤੀਆਂ ਨਾਲ ਵੀ ਖੂਬ ਰਚ ਮਿਚ ਜਾਂਦੇ ਸਨ।

ਮੈਥਿਊ ਪੈਰੀ ਦੀ ਓਵਰਡੋਜ਼ ਨਾਲ ਹੋਈ ਮੌਤ ਦੇ ਬਾਅਦ ਉਨ੍ਹਾਂ ਵੱਲੋਂ ਆਪਣੀ ਬੇਮਿਸਾਲ ਜੀਵਨ ਸ਼ੈਲੀ ਨੂੰ ਦਰਸਾਉਂਦੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਸਨ।

ਇਨ੍ਹਾਂ ਵਿੱਚ ਉਹ ਪਾਰਟੀਆਂ ਵਿੱਚ ਮੌਜੂਦ ਅਤੇ ਜਪਾਨ ਤੇ ਮੈਕਸੀਕੋ ਦੀ ਯਾਤਰਾ ਕਰਦੇ ਦਿਖੇ ਸਨ।

ਮੈਥਿਊ ਪੈਰੀ ਨਾਲ ਕਿਵੇਂ ਮਿਲੇ ਸਨ ਜਸਵੀਨ ਸੰਘਾ

ਗ੍ਰਿਫ਼ਤਾਰੀ ਦੇ ਐਲਾਨ ਤੋਂ ਇੱਕ ਦਿਨ ਪਹਿਲਾਂ, ਉਨ੍ਹਾਂ ਦੀਆਂ ਸੋਸ਼ਲ ਮੀਡੀਆਂ ਗਤੀਵਿਧੀਆਂ ਤੋਂ ਪਤਾ ਲੱਗਦਾ ਹੈ ਕਿ ਉਹ ਇੱਕ ਹੇਅਰ ਡ੍ਰੈਸਰ ਕੋਲ ਗਏ ਅਤੇ ਬੈਂਗਣੀ ਰੰਗ ਦੇ ਵਾਲ ਰੰਗਵਾ ਕੇ ਆਏ।

ਕੈਲੀਫੋਰਨੀਆਂ ਦੇ ਕੇਂਦਰੀ ਜ਼ਿਲ੍ਹੇ ਦੇ ਅਟਾਰਨੀ ਵੱਲੋਂ ਇਹ ਪੁਸ਼ਟੀ ਕੀਤੀ ਗਈ ਕਿ ਜਿਸ ਇੰਸਟਾਗ੍ਰਾਮ ਅਕਾਉਂਟ ਤੋਂ ਇਹ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਸਨ, ਉਹ ਜਸਵੀਨ ਸੰਘਾ ਨਾਲ ਸਬੰਧਿਤ ਹੈ।

ਵਕੀਲਾਂ ਦਾ ਦਾਅਵਾ ਹੈ ਕਿ ਜਦੋਂ ਜਸਵੀਨ ਸੰਘਾ ਨੂੰ ਇਸ ਮਾਮਲੇ ਵਿੱਚ ਸਹਿ-ਮੁਲਜ਼ਮ ਡਾ.ਸਲਵਾਡੋਰ ਪਲਾਸੇਂਸੀਆ ਤੋਂ ਪਤਾ ਲੱਗਿਆ ਕਿ ਅਦਾਕਾਰ ਨੂੰ ਨਸ਼ੀਲੇ ਪਦਾਰਥਾਂ ਵਿੱਚ ਦਿਲਚਸਪੀ ਹੈ।

ਡਾ.ਸਲਵਾਡੋਰ ਪਲਾਸੇਂਸੀਆ ਵੱਲੋਂ ਕੇਟਾਮੀਨ ਇਸ ਕੇਸ ਦੇ ਇੱਕ ਹੋਰ ਮੁਲਜ਼ਮ ਡਾ.ਮਾਰਕ ਸ਼ਾਵੇਜ਼ ਤੋਂ ਲਿਆ ਗਿਆ ਸੀ ਜੋ ਪਹਿਲਾਂ ਕੇਟਾਮੀਨ ਕਲੀਨਿਕ ਚਲਾਉਂਦੇ ਸਨ।

ਜਸਵੀਨ ਸੰਘਾ ਦੇ ਨਾਲ ਹੋਰ ਕੌਣ-ਕੌਣ ਮੁਲਜ਼ਮ ਹਨ

ਅਧਿਕਾਰੀਆਂ ਨੇ ਇਲਜ਼ਾਮ ਲਾਇਆ ਕਿ ਡਾਕਟਰ ਪਲਾਸੇਂਸੀਆ ਨੇ ਪੈਰੀ ਦੇ ਨਾਲ ਰਹਿਣ ਵਾਲੇ ਸਹਾਇਕ ਕੈਨੇਥ ਇਵਾਮਾਸਾ, ਜੋ ਸਹਿ-ਮੁਲਜ਼ਮ ਵੀ ਹੈ, ਉਸ ਨੂੰ ਕੇਟਾਮੀਨ ਨਾਲ ਟੀਕਾ ਲਾਉਣਾ ਵੀ ਸਿਖਾਇਆ ਸੀ।

ਅਕਤੂਬਰ 2023 ਦੀ ਸ਼ੁਰੂਆਤ ਤੋਂ, ਜਸਵੀਨ ਸੰਘਾ ਨੇ ਇਵਾਮਾਸਾ ਨੂੰ ਕੇਟਾਮੀਨ ਦੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਵਕੀਲਾਂ ਦਾ ਕਹਿਣਾ ਹੈ ਕਿ ਉਹ ਜਾਣਦੀ ਸੀ ਕਿ ਉਸਨੇ ਜੋ ਕੇਟਾਮੀਨ ਵੰਡੀ ਹੈ ਉਹ ਘਾਤਕ ਹੋ ਸਕਦੀ ਹੈ।

ਅਟਾਰਨੀ ਮਾਰਟਿਨ ਐਸਟਰਾਡਾ ਨੇ ਕਿਹਾ, “ਬਚਾਅ ਪੱਖ ਮੈਥਿਊ ਪੇਰੀ ਦੀ ਭਲਾਈ ਬਾਰੇ ਸੋਚਣ ਨਾਲੋਂ ਵੱਧ ਉਸ ਤੋਂ ਲਾਭ ਉਠਾਉਣ ਬਾਰੇ ਪਰਵਾਹ ਕਰਦੇ ਸਨ।”

ਉਨ੍ਹਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਸੰਘਾ "ਪੈਰੀ ਦੇ ਨਾਲ-ਨਾਲ ਹੋਰਾਂ ਨੂੰ ਵੀ ਕੇਟਾਮੀਨ ਦੀ ਸਪਲਾਈ ਦਾ ਇੱਕ ਪ੍ਰਮੁੱਖ ਸਰੋਤ" ਸੀ।

ਦੋਸ਼ੀ ਸਾਬਿਤ ਹੋਣ 'ਤੇ ਜਸਵੀਨ ਸੰਘਾ ਨੂੰ ਹੋ ਸਕਦੀ ਹੈ ਕਿੰਨੀ ਸਜ਼ਾ

ਨਿਆਂ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਪੈਰੀ ਦੇ ਕੇਸ ਵਿੱਚ ਸਾਰੇ ਇਲਜ਼ਾਮਾਂ ਲਈ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਸੰਘਾ ਨੂੰ ਸੰਘੀ ਜੇਲ੍ਹ ਵਿੱਚ ਘੱਟੋ-ਘੱਟ 10 ਸਾਲ ਦੀ ਸਜ਼ਾ ਅਤੇ ਕਾਨੂੰਨੀ ਤੌਰ 'ਤੇ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।

ਯੂਐਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਵਾਰ 2019 ਵਿੱਚ ਹੋਈ ਇੱਕ ਹੋਰ ਓਵਰਡੋਜ਼ ਮੌਤ ਨਾਲ ਵੀ ਜਸਵੀਨ ਸੰਘਾ ਦੇ ਕਥਿਤ ਸਬੰਧ ਦਾ ਪਰਦਾਫਾਸ਼ ਕੀਤਾ।

ਸੰਘਾ ਨਾਲ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਇੱਕ ਵੱਲੋਂ ਸੰਪਰਕ ਕੀਤਾ ਗਿਆ ਸੀ, ਮੈਸੇਜ ਕੀਤਾ ਸੀ,"ਤੁਹਾਡੇ ਵੱਲੋਂ ਵੇਚੀ ਗਈ ਕੇਟਾਮੀਨ ਨਾਲ ਮੇਰਾ ਭਰਾ ਮਰਿਆ। ਇਹ ਮੌਤ ਦੇ ਕਾਰਨ ਵਿੱਚ ਸੂਚੀਬੱਧ ਹੈ।"

ਜਾਂਚਕਰਤਾਵਾਂ ਦੇ ਮੁਤਾਬਕ , ਕੁਝ ਦਿਨਾਂ ਬਾਅਦ ਜਸਵੀਨ ਸੰਘਾ ਨੇ ਗੂਗਲ 'ਤੇ ਖੋਜ ਕੀਤੀ, "ਕੀ ਕੇਟਾਮੀਨ ਨੂੰ ਮੌਤ ਦੇ ਕਾਰਨ ਵਜੋਂ ਸੂਚੀਬੱਧ ਕੀਤਾ ਜਾ ਸਕਦਾ ਹੈ?"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)