ਸਰਹਾਲੀ ਪੁਲਿਸ ਥਾਣੇ ਅਤੇ ਮੁਹਾਲੀ ਵਿਚ ਪੁਲਿਸ ਦੇ ਖੁਫ਼ੀਆ ਵਿੰਗ ਦੇ ਦਫ਼ਤਰ ਉੱਤੇ ਹਮਲਿਆਂ ਵਿਚਾਲੇ ਪੁਲਿਸ ਨੇ ਕਿਹੜੀ ਕੜੀ ਜੋੜੀ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬ ਦੇ ਸਰਹੱਦੀ ਇਲਾਕੇ ਤਰਨ ਤਾਰਨ ਦੇ ਸਰਹਾਲੀ ਵਿੱਚ ਪੁਲਿਸ ਥਾਣੇ 'ਤੇ ਆਰਪੀਜੀ ਨਾਲ ਗ੍ਰੇਨੇਡ ਹਮਲਾ ਹੋਣ ਦੀ ਖ਼ਬਰ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ।

ਇਹ ਹਮਲਾ 9 ਦਸੰਬਰ ਦੀ ਰਾਤ ਨੂੰ ਲਗਭਗ 11 ਵੱਜ ਕੇ 22 ਮਿੰਟ ਉੱਤੇ ਹੋਇਆ, ਜਿਸ ਮਗਰੋਂ ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ।

ਇਸ ਦੌਰਾਨ ਉਨ੍ਹਾਂ ਦੱਸਿਆ ਕਿ ''ਹੁਣ ਤੱਕ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੱਲ੍ਹ ਰਾਤ ਲਗਭਗ 11 ਵਜ ਕੇ 22 ਮਿੰਟ 'ਤੇ ਹਾਈਵੇਅ ਤੋਂ ਆਰਪੀਜੀ ਦਾ ਇਸਤੇਮਾਲ ਕਰਕੇ ਇੱਕ ਰਾਕੇਟ ਦਾਗਿਆ ਗਿਆ ਹੈ, ਜਿਹੜਾ ਪੁਲਿਸ ਥਾਣੇ ਸਿਰਹਾਲੀ ਦੇ ਸੁਵਿਧਾ ਕੇਂਦਰ 'ਤੇ ਲੱਗਿਆ ਹੈ।''

 ਪੰਜਾਬ ਪੁਲਿਸ ਮੁਖੀ ਨੇ ਇਸ ਹਮਲੇ ਨੂੰ ਆਰਜੀਪੀ ਤਰੀਕੇ ਨਾਲ ਕੀਤਾ ਹਮਲਾ ਦੱਸਿਆ ਹੈ, ਇਹ ਠੀਕ ਉਸੇ ਤਰ੍ਹਾਂ ਦਾ ਹਮਲਾ ਦੱਸਿਆ ਜਾ ਰਿਹਾ ਹੈ, ਜਿਵੇਂ ਕੁਝ ਮਹੀਨੇ ਪਹਿਲਾਂ ਮੁਹਾਲੀ ਵਿਚ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਦੇ ਮੁੱਖ ਦਫ਼ਤਰ ਉੱਤੇ ਕੀਤੀ ਗਿਆ ਸੀ।

ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਸਾਰੀਆਂ ਹੀ ਦਿਸ਼ਾਵਾਂ ਵਿਚ ਜਾਂਚ ਕਰ ਰਹੀ ਹੈ।

ਸੜਕ ਤੋਂ ਰਾਕੇਟ ਲਾਂਚਰ ਵੀ ਰਿਕਵਰ ਹੋਇਆ - ਡੀਜੀਪੀ

ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਕਿਹਾ, ''ਇਸ ਮਾਮਲੇ 'ਚ ਅਸੀਂ ਯੂਏਪੀਏ ਦੀ ਐੱਫਆਰਆਰ ਦਰਜ ਕਰ ਲਈ ਹੈ ਤੇ ਸਾਡੀ ਜਾਂਚ ਟੀਮ ਮੌਕੇ 'ਤੇ ਪਹੁੰਚ ਚੁੱਕੀ ਹੈ।''

''ਅਸੀਂ ਇਸ ਨੂੰ ਤਕਨੀਕੀ ਅਤੇ ਫੋਰੈਂਸਿਕ ਤੌਰ 'ਤੇ ਜਾਂਚ ਕੇ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕਰ ਰਹੇ ਹਾਂ, ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਸਭ ਕਿਵੇਂ ਵਾਪਰਿਆ।''

''ਅਸੀਂ ਸੜਕ ਤੋਂ ਲਾਂਚਰ ਵੀ ਰਿਕਵਰ ਕਰ ਲਿਆ ਹੈ।''

‘ਇਹ ਗੁਆਂਢੀ ਦੇਸ਼ ਦੀ ਨੀਤੀ ਹੈ, ਇਸ ਦਾ ਮੂੰਹਤੋੜ ਜਵਾਬ ਦੇਵਾਂਗੇ’

ਡੀਜੀਪੀ ਯਾਦਵ ਨੇ ਕਿਹਾ, ''ਸ਼ੁਰੂਆਤੀ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਹਨ, ਉਹ ਹਨ ਕਿ ਇਹ ਮਿਲਿਟਰੀ ਗ੍ਰੇਡ ਹਾਰਡਵੇਅਰ ਹੈ, ਜਿਸ ਦੇ ਬਾਰਡਰ ਦੇ ਦੂਜੇ ਪਾਸਿਓਂ ਆਉਣ ਦੀ ਸੰਭਾਵਨਾ ਹੋ ਸਕਦੀ ਹੈ।”

“ਇਹ ਬਹੁਤ ਸਪਸ਼ਟ ਸੰਕੇਤ ਹੈ ਕਿ ਸਾਡੇ ਗੁਆਂਢੀ ਦੇਸ਼ ਦੀ ਸਟ੍ਰੇਟੇਜੀ ਹੈ- ਟੂ ਬਲੀਡ ਇੰਡੀਆ ਬਾਇ ਥਾਊਂਜ਼ੈਂਡ ਕਟਸ।”

“ਪੰਜਾਬ ਪੁਲਿਸ, ਬੀਐੱਸਐੱਫ ਤੇ ਕੇਂਦਰੀ ਏਜੰਸੀਆਂ ਮਿਲ ਕੇ ਇਸ ਦੀ ਜਾਂਚ ਕਰਾਂਗੇ ਅਤੇ ਇਸ ਦਾ ਮੂੰਹਤੋੜ ਜਵਾਬ ਦੇਵਾਂਗੇ।''

ਉਨ੍ਹਾਂ ਦੇ ਦਾਅਵਾ ਕੀਤਾ ਕਿ ਇਸ ਸਾਲ 200 ਤੋਂ ਵੱਧ ਡਰੋਨਜ਼ ਵੇਖੇ ਗਏ ਹਨ ਅਤੇ ਇੱਕ ਮਹੀਨੇ ਦੇ ਅੰਦਰ-ਅੰਦਰ ਬਹੁਤ ਸਾਰੇ ਡਰੋਨ, ਅਸਲਾ ਅਤੇ ਹੀਰੋਇਨ ਫੜ੍ਹੇ ਹਨ।

''ਇਸ ਲਈ ਸਾਨੂੰ ਇਹ ਲੱਗ ਰਿਹਾ ਹੈ ਕਿ ਸਾਡਾ ਦੁਸ਼ਮਣ ਦੇਸ਼ ਘਬਰਾਇਆ ਮਹਿਸੂਸ ਕਰ ਰਿਹਾ ਹੈ ਅਤੇ ਇਸ ਤੋਂ ਡਿਸਟਰੈਕਟ ਕਰਨ ਲਈ ਰਾਤ ਦੇ ਸਮੇਂ ਇੱਕ ਬੁਝਦਿਲੀ ਵਾਲਾ ਹਮਲਾ ਕੀਤਾ ਗਿਆ ਹੈ।''

  • ਤਰਨ ਤਾਰਨ ਦੇ ਸਰਹਾਲੀ ਥਾਣੇ ਵਿੱਚ ਆਰਪੀਜੀ ਨਾਲ ਹੋਇਆ ਗ੍ਰੇਨੇਡ ਹਮਲਾ ਹੋਇਆ ਹੈ
  • ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਮੁਤਾਬਕ, ਹਮਲਾ 9 ਦਸੰਬਰ ਰਾਤ 11:22 ਦੇ ਕਰੀਬ ਹੋਇਆ
  • ਡੀਜੀਪੀ ਅਨੁਸਾਰ, ਇਹ ਮਿਲਿਟਰੀ ਗ੍ਰੇਡ ਹਾਰਡਵੇਅਰ ਹੈ, ਜਿਸ ਦੇ ਬਾਰਡਰ ਦੇ ਦੂਜੇ ਪਾਸਿਓਂ ਆਉਣ ਦੀ ਸੰਭਾਵਨਾ ਹੋ ਸਕਦੀ ਹੈ।
  • ਇਸ ਹਮਲੇ ਅਤੇ ਮੋਹਾਲੀ 'ਚ ਪੁਲਿਸ ਇੰਟੈਲੀਜੈਂਸ ਦੇ ਹੈੱਡਕੁਆਰਟਰ 'ਤੇ ਹੋਏ ਹਮਲੇ 'ਚ ਸਮਾਨਤਾਵਾਂ ਹਨ
  • ਹਮਲੇ 'ਚ ਇਸਤੇਮਾਲ ਹੋਇਆ ਰਾਕੇਟ ਲਾਂਚਰ ਵੀ ਸੜਕ ਤੋਂ ਰਿਕਵਰ ਹੋ ਗਿਆ ਹੈ

ਕੀ ਇਹ ਮੋਹਾਲੀ ਵਰਗਾ ਹੀ ਹਮਲਾ ਹੈ

ਇਸ ਬਾਰੇ ਦੱਸਦਿਆਂ ਗੌਰਵ ਯਾਦਵ ਨੇ ਕਿਹਾ, “ਫਾਰੈਂਸਿਕ ਜਾਂਚ ਜਾਰੀ ਹੈ, ਕਾਫੀ ਸਮਾਨਤਾਵਾਂ ਹਨ ਅਤੇ ਅਸੀਂ ਇਸ ਜਾਂਚ ਬਾਰੇ ਤੁਹਾਨੂੰ ਸਮੇਂ-ਸਮੇਂ 'ਤੇ ਦੱਸਦੇ ਰਹਾਂਗੇ।”

 ਕੈਪਟਨ ਦੀ ਭਗਵੰਤ ਮਾਨ ਨੂੰ ਸਲਾਹ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਹੱਦੀ ਖੇਤਰਾਂ ਵਿਚ ਸਖ਼ਤੀ ਦੀ ਲੋੜ ਹੈ।

ਕੈਪਟਨ ਅਮਰਿੰਦਰ ਨੇ ਕਿਹਾ, ‘‘ਪੰਜਾਬ ਵਿਚ ਤੀਹ ਸਾਲ ਪਹਿਲਾਂ ਜਿਵੇਂ ਹਾਲਾਤ ਵਿਗਾੜੇ ਸਨ, ਉਸੇ ਤਰ੍ਹਾਂ ਦੀਆਂ ਤਕਰੀਰਾਂ ਹੋ ਰਹੀਆਂ ਹਨ, ਇਹ ਉਵੇਂ ਹੀ ਹੋ ਰਿਹਾ ਹੈ ਜਿਵੇਂ ਉਦੋਂ ਹੁੰਦਾ ਸੀ, ਉਸੇ ਤਰ੍ਹਾਂ ਦੀਆਂ ਤਕਰੀਰਾਂ ਹੋ ਰਹੀਆਂ ਹਨ। ਇਸ ਲਈ ਇਸ ਨੂੰ ਸਖਤੀ ਨਾਲ ਰੋਕਣਾ ਪਵੇਗਾ। ਜੇ ਪੰਜਾਬ ਸਰਕਾਰ ਨਹੀਂ ਕਰ ਪਾ ਰਹੀ ਤਾਂ ਕੇਂਦਰ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ।’’

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਉਹ ਹਾਲਾਤ ਉੱਤੇ ਕਾਬੂ ਪਾਉਣ ਲਈ ਪੰਜਾਬ ਪੁਲਿਸ ਨੂੰ ਖੁੱਲੀ ਛੁੱਟੀ ਦੇਣ।

ਕੈਪਟਨ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਗੌਰਵ ਯਾਜਵ ਚੰਗੇ ਡੀਜੀਪੀ ਹਨ, ਉਨ੍ਹਾਂ ਨੂੰ ਕਾਰਵਾਈ ਕਰਨ ਦੀ ਖੁੱਲ੍ਹ ਮਿਲਣੀ ਚਾਹੀਦੀ ਹੈ।

'ਅਸੀਂ ਸਾਰੇ ਐਂਗਲ, ਸਾਰੀਆਂ ਥੀਓਰੀਆਂ ਜਾਂਚਾਂਗੇ'

ਡੀਜੀਪੀ ਨੇ ਕਿਹਾ ਕਿ ਹਮਲੇ ਦੀ ਜਿੰਮੇਵਾਰੀ ਸਿੱਖਜ਼ ਫਾਰ ਜਸਟਿਸ ਦੁਆਰਾ ਲੈਣ ਦੇ ਦਾਅਵੇ ਦੀ ਅਸੀਂ ਜਾਂਚ ਕਰਾਂਗੇ।

ਉਨ੍ਹਾਂ ਕਿਹਾ, ਇਹ ਗਲਤ ਜਾਣਕਾਰੀ ਵੀ ਹੋ ਸਕਦੀ ਹੈ ਤਾਂ ਜੋ ਪੁਲਿਸ ਦਾ ਧਿਆਨ ਅਸਲ ਦੋਸ਼ੀਆਂ ਤੋਂ ਹਟਾਇਆ ਜਾ ਸਕੇ। ਇਸ ਲਈ ਅਸੀਂ ਸਾਰੇ ਐਂਗਲ, ਸਾਰੀਆਂ ਥੀਓਰੀਆਂ ਜਾਂਚਾਂਗੇ।

ਡੀਜੀਪੀ ਮੁਤਾਬਕ, ਪਾਕਿਸਤਾਨ ਦੇ ਓਪਰੇਟਰ, ਹੈਂਡਲਰ ਜਿਨ੍ਹਾਂ ਨਾਲ ਵੀ ਟੱਚ 'ਚ ਹਨ, ਉਹ ਭਾਵੇਂ ਯੂਰਪ 'ਚ ਬੈਠੇ ਹਨ ਜਾਂ ਉੱਤਰੀ ਅਮਰੀਕਾ 'ਚ ਬੈਠੇ ਹਨ, ਉਨ੍ਹਾਂ ਦੇ ਭਾਰਤੀ ਲਿੰਕਸ ਨੂੰ ਜਾਂਚਿਆ ਜਾ ਰਿਹਾ ਹੈ।

ਤਾਂ ਜੋ ਇਸ ਦੇ ਅਸਲ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕੀਤਾ ਜਾ ਸਕੇ।

ਇਸ ਤੋਂ ਪਹਿਲਾਂ ਕੁਝ ਗੈਂਗਸਟਰਾਂ ਦੇ ਅਜਿਹੇ ਵੀਡੀਓ ਵਾਇਰਲ ਹੋਏ ਸਨ ਜਿਸ ਵਿੱਚ ਉਨ੍ਹਾਂ ਨੇ ਪੰਜਾਬ 'ਚ ਪੁਲਿਸ ਚੌਕੀਆਂ 'ਤੇ ਹਮਲੇ ਕਰਨ ਦੀਆਂ ਧਮਕੀਆਂ ਦਿੱਤੀਆਂ ਸਨ।

ਇਸ ਬਾਰੇ ਬੋਲਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਚਾਹੇ ਕੋਵੀ ਵੀ ਹੋਵੇ, ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰੇਗੀ।

ਉਨ੍ਹਾਂ ਕਿਹਾ, ''ਪੰਜਾਬ 'ਚ ਅਮਨ ਤੇ ਭਾਈਚਾਰਾ ਬਹੁਤ ਮਜਬੂਤ ਹੈ ਤੇ ਅਸੀਂ ਉਸ ਨੂੰ ਬਣਾਈ ਰੱਖਾਂਗੇ। ਪੰਜਾਬ ਪੁਲਿਸ ਪੰਜਾਬ ਦੇ ਵਿੱਚ ਅਮਨ ਨੂੰ ਕਾਇਮ ਰੱਖੇਗੀ।''

ਇਸ ਤੋਂ ਇਲਾਵਾ ਡੀਜੀਪੀ ਯਾਦਵ ਨੇ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਬਾਰੇ ਬਹੁਤੀ ਜਾਣਕਾਰੀ ਸਾਂਝਾ ਨਾ ਕਰਦਿਆਂ ਕਿਹਾ ਕਿ ਸਬਰ ਰੱਖੋ ਸਭ ਪਤਾ ਲੱਗ ਜਾਵੇਗਾ।

ਹਾਲ ਹੀ 'ਚ ਨਕੋਦਰ ਕੱਪੜਾ ਵਪਾਰੀ ਕਤਲ ਕੇਸ ਅਤੇ ਹੋਰ ਵਪਾਰੀਆਂ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਉਨ੍ਹਾਂ ਕਿਹਾ ਕਿ ਸਾਰੇ ਮਾਮਲਿਆਂ ਦੀ ਜਾਂਚ ਜਾਰੀ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਕਾਲਾਂ ਆਉਣ 'ਤੇ ਪੁਲਿਸ ਨੂੰ ਰਿਪੋਰਟ ਕਰੋ ਅਤੇ ਘਬਰਾਓ ਨਾ।

ਸ਼੍ਰੋਮਣੀ ਅਕਾਲੀ ਦਲ ਦਾ 'ਆਪ' 'ਤੇ ਨਿਸ਼ਾਨਾ

ਇਸ ਹਮਲੇ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ।।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਟਵੀਟ ਕਰਕੇ ਸੂਬੇ 'ਚ 'ਆਪ' ਸਰਕਾਰ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਹਨ।

ਉਨ੍ਹਾਂ ਲਿਖਿਆ, ''6 ਮਹੀਨਿਆਂ 'ਚ ਇਹ ਦੂਜੀ ਵਾਰ ਹੈ ਜਦੋਂ ਪੰਜਾਬ 'ਚ ਰਾਕੇਟ ਲਾਂਚਰ ਨਾਲ ਪੁਲਿਸ ਸਬੰਧੀ ਇਮਾਰਤ 'ਤੇ ਹਮਲਾ ਹੋਇਆ ਹੈ। ਇਹ ਪੰਜਾਬ ਸਰਕਾਰ ਦੀ ਸੁਸਤ ਕਾਨੂੰਨ ਵਿਵਸਥਾ ਦਾ ਨਤੀਜਾ ਹੈ।''

ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੱਤੀ ਕਿ ਉਹ ਮਾਮਲੇ ਦੀ ਗੰਭੀਰਤਾ ਨੂੰ ਸਮਝਣ ਅਤੇ ਸਖ਼ਤ ਕਦਮ ਚੁੱਕਣ।

'ਪੰਜਾਬ ਲਈ ਚੰਗੀ ਗੱਲ ਨਹੀਂ' - ਅਮਰਿੰਦਰ ਸਿੰਘ ਰਾਜਾ ਵੜਿੰਗ

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਿਖਿਆ: ''ਮਾੜੇ ਸੰਕੇਤ।

ਇਹ ਬਹੁਤ ਗੰਭੀਰ ਹੈ। ਸ਼ਾਂਤੀ ਦੇ ਦੁਸ਼ਮਣ ਥਾਣਿਆਂ 'ਤੇ ਹਮਲਾ ਕਰਨ ਦੀ ਹਿੰਮਤ ਰੱਖਦੇ ਹਨ। ਇਹ ਪੰਜਾਬ ਲਈ ਚੰਗੀ ਗੱਲ ਨਹੀਂ ਹੈ।

ਸਾਨੂੰ ਮਿਲ ਕੇ ਇਸ ਵਿਰੁੱਧ ਲੜਨਾ ਪਵੇਗਾ। ਕੇਂਦਰ ਅਤੇ ਸੂਬਾ ਸਰਕਾਰ ਨੂੰ ਇਸ ਦੀ ਅਗਵਾਈ ਕਰਨੀ ਚਾਹੀਦੀ ਹੈ। ਅਜਿਹੀਆਂ ਧਮਕੀਆਂ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ।''

ਮਈ ਵਿੱਚ ਮੁਹਾਲੀ ਵਿੱਚ ਹੋਇਆ ਸੀ ਆਰਪੀਜੀ ਹਮਲਾ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਹੀ ਮੁਹਾਲੀ ਵਿੱਚ ਮਈ ਮਹੀਨੇ ਵਿੱਚ ਆਰਪੀਜੀ ਅਟੈਕ ਹੋਇਆ ਸੀ।

9 ਮਈ ਦੀ ਰਾਤ, ਮੁਹਾਲੀ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਦੇ ਹੈੱਡਕੁਆਰਟਰ 'ਤੇ ਸ਼ਾਮ 7:45 ਵਜੇ ਇਹ ਹਮਲਾ ਹੋਇਆ ਸੀ।

ਹਾਲਾਂਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਸੀ ਪਰ ਇਮਾਰਤ ਨੂੰ ਕੁਝ ਨੁਕਸਾਨ ਪਹੁੰਚਿਆ ਸੀ।

ਪੁਲਿਸ ਮੁਤਾਬਕ, ਇਸ ਹਮਲੇ ਵਿੱਚ ਆਰਪੀਜੀ ਯਾਨੀ ਰਾਕੇਡ ਪ੍ਰੋਪੇਲਡ ਗ੍ਰੇਨੇਡ ਦਾ ਇਸਤੇਮਾਲ ਕੀਤਾ ਗਿਆ ਸੀ।

ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੁਝ ਸ਼ੱਕੀ ਵਿਕਅਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)