ਯੂਐੱਸ 'ਚ ਕੈਨੇਡਾ ਸਣੇ ਕਈ ਮੁਲਕਾਂ ਤੋਂ ਆਉਣ ਵਾਲੀਆਂ ਕਾਰਾਂ 'ਤੇ ਟਰੰਪ ਨੇ ਲਾਇਆ 25% ਟੈਰਿਫ਼, ਮਾਰਕ ਕਾਰਨੀ ਬੋਲੇ, 'ਪੁਰਾਣਾ ਰਿਸ਼ਤਾ ਖ਼ਤਮ'

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ

ਤਸਵੀਰ ਸਰੋਤ, Getty Images

    • ਲੇਖਕ, ਨੈਟਲੀ ਸ਼ੇਰਮਨ ਅਤੇ ਮਾਈਕਲ ਰੇਸ
    • ਰੋਲ, ਬਿਜ਼ਨਸ ਪੱਤਰਕਾਰ, ਬੀਬੀਸੀ ਨਿਊਜ਼

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਦਾ ਅਮਰੀਕਾ ਨਾਲ ਉਹ ਪੁਰਾਣਾ ਰਿਸ਼ਤਾ, ਜੋ ਬੁਨਿਆਦੀ ਤੌਰ 'ਤੇ ਆਰਥਿਕਤਾ ਦੇ ਏਕੀਕਰਨ ਅਤੇ ਸੁਰੱਖਿਆ ਤੇ ਫੌਜੀ ਸਹਿਯੋਗ ਨੂੰ ਡੂੰਘਾ ਕਰਨ 'ਤੇ ਅਧਾਰਤ ਸੀ, ਹੁਣ ਖਤਮ ਹੋ ਗਿਆ ਹੈ।

ਰਾਜਧਾਨੀ ਓਟਾਵਾ ਵਿੱਚ ਕੈਬਨਿਟ ਮੀਟਿੰਗ ਤੋਂ ਬਾਅਦ ਬੋਲਦਿਆਂ ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਟੈਰਿਫ ਦੇ ਫੈਸਲੇ ਕਾਰਨ ਕੈਨੇਡੀਅਨਾਂ ਨੂੰ ਆਪਣੀ ਅਰਥ ਵਿਵਸਥਾ 'ਤੇ ਮੁੜ ਵਿਚਾਰ ਕਰਨਾ ਪਵੇਗਾ।

ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਜਵਾਬੀ ਟੈਰਿਫਾਂ ਨਾਲ ਪ੍ਰਤੀਕਿਰਿਆ ਦੇਵੇਗਾ, ਜੋ ਅਮਰੀਕਾ 'ਤੇ "ਵੱਧ ਤੋਂ ਵੱਧ ਪ੍ਰਭਾਵ" ਪਾਵੇਗਾ।

ਕਾਰਨੀ ਦੀ ਇਹ ਪ੍ਰਤੀਕਿਰਿਆ, ਟਰੰਪ ਵੱਲੋਂ ਕਾਰਾਂ ਦੀ ਦਰਾਮਦ 'ਤੇ ਲਗਾਏ ਗਏ ਨਵੇਂ ਟੈਰਿਫਾਂ ਦੇ ਐਲਾਨ ਤੋਂ ਬਾਅਦ ਆਈ ਹੈ।

ਦਰਅਸਲ, ਲੰਘੇ ਬੁਧਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਨਵੇਂ ਟੈਰਿਫ ਦਾ ਐਲਾਨ ਕੀਤਾ ਹੈ, ਜਿਸ ਮੁਤਾਬਕ ਹੁਣ ਅਮਰੀਕਾ ਵਿੱਚ ਆਉਣ ਵਾਲੀਆਂ ਕਾਰਾਂ ਅਤੇ ਕਾਰਾਂ ਦੇ ਪੁਰਜਿਆਂ 'ਤੇ 25 ਫੀਸਦੀ ਟੈਰਿਫ ਲਗਾਇਆ ਜਾਵੇਗਾ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕਾਰਨੀ ਨੇ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ 1965 ਦੇ ਆਟੋਮੋਟਿਵ ਪ੍ਰੋਡਕਟ ਐਗਰੀਮੈਂਟ ਨੂੰ ਸਭ ਤੋਂ ਮਹੱਤਵਪੂਰਨ ਸਮਝੌਤਾ ਕਿਹਾ ਅਤੇ ਕਿਹਾ ਕਿ ਉਹ ਇਹ ਇਨ੍ਹਾਂ ਟੈਰਿਫਾਂ ਦੇ ਨਾਲ ਖਤਮ ਹੋ ਗਿਆ ਹੈ।

ਹਾਲਾਂਕਿ, ਕਾਰਨੀ ਦਾ ਕਹਿਣਾ ਹੈ ਕਿ ਟਰੰਪ ਦੇ ਦਫ਼ਤਰ ਤੋਂ ਫ਼ੋਨ 'ਤੇ ਗੱਲਬਾਤ ਦਾ ਸਮਾਂ ਤਹਿ ਕਰਨ ਦਾ ਪ੍ਰਸਤਾਵ ਆਇਆ ਹੈ ਅਤੇ ਹੋ ਸਕਦਾ ਹੈ ਕਿ ਛੇਤੀ ਹੀ ਦੋਵਾਂ ਆਗੂਆਂ ਵਿਚਕਾਰ ਗੱਲਬਾਤ ਹੋਵੇ।

ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਪਹਿਲੀ ਵਾਰ ਹੋਵੇਗਾ ਜਦੋਂ ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਅਤੇ ਟਰੰਪ ਵਿਚਕਾਰ ਫ਼ੋਨ 'ਤੇ ਗੱਲਬਾਤ ਹੋਵੇਗੀ।

ਚੇਤੇ ਰਹੇ ਕਿ ਕੈਨੇਡਾ ਵਿੱਚ ਅਗਲੇ ਮਹੀਨੇ ਆਮ ਚੋਣਾਂ ਹੋਣੀਆਂ ਹਨ।

ਟਰੰਪ ਨੇ ਨਵੇਂ ਟੈਰਿਫ ਬਾਰੇ ਕੀ ਕਿਹਾ ਸੀ

ਟਰੰਪ

ਤਸਵੀਰ ਸਰੋਤ, Getty Images

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਨਵੇਂ ਟੈਰਿਫ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਅਮਰੀਕਾ ਵਿੱਚ ਆਉਣ ਵਾਲੀਆਂ ਕਾਰਾਂ ਅਤੇ ਕਾਰਾਂ ਦੇ ਪੁਰਜਿਆਂ 'ਤੇ 25 ਫੀਸਦੀ ਟੈਰਿਫ ਲਗਾਇਆ ਜਾਵੇਗਾ।

ਟਰੰਪ ਦੇ ਇਸ ਐਲਾਨ ਦੇ ਨਾਲ ਹੀ ਵਿਸ਼ਵ ਪੱਧਰ 'ਤੇ ਵਪਾਰ ਯੁੱਧ ਦੇ ਵਧਣ ਦਾ ਖਤਰਾ ਹੋਰ ਵਧ ਗਿਆ ਹੈ।

ਟਰੰਪ ਨੇ ਕਿਹਾ ਹੈ ਕਿ ਇਹ ਨਵੀਨਤਮ ਟੈਰਿਫ 2 ਅਪ੍ਰੈਲ ਤੋਂ ਲਾਗੂ ਹੋਣਗੇ, ਜਿਸ ਨਾਲ ਅਗਲੇ ਦਿਨ ਤੋਂ ਹੀ ਵਾਹਨਾਂ ਨੂੰ ਦਰਾਮਦ ਕਰਨ ਵਾਲੇ ਕਾਰੋਬਾਰਾਂ 'ਤੇ ਚਾਰਜ ਲੱਗਣਗੇ। ਹਾਲਾਂਕਿ, ਪੁਰਜਿਆਂ 'ਤੇ ਚਾਰਜ ਮਈ ਜਾਂ ਬਾਅਦ ਵਿੱਚ ਲੱਗਣੇ ਸ਼ੁਰੂ ਹੋਣਗੇ।

ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਕਾਰ ਉਦਯੋਗ ਵਿੱਚ "ਜ਼ਬਰਦਸਤ ਵਿਕਾਸ" ਆਵੇਗਾ ਅਤੇ ਅਮਰੀਕਾ ਵਿੱਚ ਨੌਕਰੀਆਂ ਅਤੇ ਨਿਵੇਸ਼ ਨੂੰ ਹੁਲਾਰਾ ਮਿਲੇਗਾ।

ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਅਮਰੀਕਾ ਵਿੱਚ ਮਹੱਤਵਪੂਰਨ ਕਾਰ ਉਤਪਾਦਨ ਅਸਥਾਈ ਤੌਰ 'ਤੇ ਬੰਦ ਹੋਣ, ਕੀਮਤਾਂ ਵਧਣ ਅਤੇ ਸਹਿਯੋਗੀਆਂ ਨਾਲ ਸਬੰਧਾਂ ਵਿੱਚ ਤਣਾਅ ਆਉਣ ਦੀ ਸੰਭਾਵਨਾ ਹੈ।

ਕਾਰਾਂ

ਤਸਵੀਰ ਸਰੋਤ, Getty Images

ਅਮਰੀਕਾ ਨੇ ਪਿਛਲੇ ਸਾਲ ਲਗਭਗ 80 ਲੱਖ ਕਾਰਾਂ ਦਰਾਮਦ ਕੀਤੀਆਂ ਹਨ, ਜੋ ਕਿ ਵਪਾਰ ਵਿੱਚ ਲਗਭਗ 240 ਬਿਲੀਅਨ ਡਾਲਰ ਅਤੇ ਕੁੱਲ ਵਿਕਰੀ ਦਾ ਲਗਭਗ ਅੱਧਾ ਹਿੱਸਾ ਹੈ।

ਅਮਰੀਕਾ ਨੂੰ ਸਭ ਤੋਂ ਵੱਧ ਕਾਰਾਂ ਮੈਕਸੀਕੋ ਸਪਲਾਈ ਕਰਦਾ ਹੈ, ਇਸ ਤੋਂ ਬਾਅਦ ਦੱਖਣੀ ਕੋਰੀਆ, ਜਾਪਾਨ, ਕੈਨੇਡਾ ਅਤੇ ਜਰਮਨੀ ਆਉਂਦੇ ਹਨ। ਟਰੰਪ ਦੇ ਇਸ ਤਾਜ਼ਾ ਐਲਾਨ ਨਾਲ ਵਿਸ਼ਵਵਿਆਪੀ ਕਾਰ ਵਪਾਰ ਅਤੇ ਸਪਲਾਈ ਚੇਨ ਦੇ ਵਿਗੜਨ ਦਾ ਖ਼ਤਰਾ ਹੈ।

ਬਹੁਤ ਸਾਰੀਆਂ ਅਮਰੀਕੀ ਕਾਰ ਕੰਪਨੀਆਂ ਦਾ ਮੈਕਸੀਕੋ ਅਤੇ ਕੈਨੇਡਾ ਵਿੱਚ ਵੀ ਕੰਮ ਹੈ, ਜੋ ਤਿੰਨਾਂ ਦੇਸ਼ਾਂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਮੁਕਤ ਵਪਾਰ ਸਮਝੌਤੇ ਦੀਆਂ ਸ਼ਰਤਾਂ ਅਧੀਨ ਸਥਾਪਿਤ ਕੀਤੀਆਂ ਗਈਆਂ ਹਨ।

ਵ੍ਹਾਈਟ ਹਾਊਸ ਵੱਲੋਂ ਕਿਹਾ ਗਿਆ ਹੈ ਕਿ ਇਹ ਆਦੇਸ਼ ਨਾ ਸਿਰਫ਼ ਤਿਆਰ ਕਾਰਾਂ 'ਤੇ ਲਾਗੂ ਹੋਵੇਗਾ, ਸਗੋਂ ਕਾਰਾਂ ਦੇ ਪੁਰਜਿਆਂ 'ਤੇ ਵੀ ਲਾਗੂ ਹੋਵੇਗਾ। ਆਮ ਤੌਰ 'ਤੇ ਇਹ ਪੁਰਜੇ ਅਮਰੀਕਾ ਦੂਜੇ ਦੇਸ਼ਾਂ ਤੋਂ ਮੰਗਵਾਉਂਦਾ ਹੈ ਅਤੇ ਫਿਰ ਆਪਣੇ ਦੇਸ਼ 'ਚ ਅਸੈਂਬਲ ਕਰਦਾ ਹੈ।

ਮਾਰਕ ਕਾਰਨੀ

ਵ੍ਹਾਈਟ ਹਾਊਸ ਨੇ ਇਹ ਵੀ ਕਿਹਾ ਹੈ ਕਿ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਪੁਰਜਿਆਂ 'ਤੇ ਨਵੇਂ ਟੈਰਿਫ ਦੀ ਛੋਟ ਹੈ।

ਹਾਲਾਂਕਿ, ਅਮਰੀਕੀ ਕਸਟਮ ਅਤੇ ਸਰਹੱਦੀ ਗਸ਼ਤ ਨੇ ਟੈਰਿਫ ਦਾ ਮੁਲਾਂਕਣ ਕਰਨ ਲਈ ਇੱਕ ਪ੍ਰਣਾਲੀ ਸਥਾਪਤ ਕੀਤੀ ਹੈ ਕਿਉਂਕਿ ਗੁਆਂਢੀ ਦੇਸ਼ ਹਰ ਰੋਜ਼ ਅਰਬਾਂ ਦੇ ਸਮਾਨ ਸਰਹੱਦਾਂ ਪਾਰ ਭੇਜਦੇ ਤੇ ਮੰਗਵਾਉਂਦੇ ਹਨ।

ਬੁੱਧਵਾਰ ਨੂੰ, ਜਨਰਲ ਮੋਟਰਜ਼ ਦੇ ਸ਼ੇਅਰ ਲਗਭਗ 3 ਫੀਸਦੀ ਤੱਕ ਘਟ ਗਏ। ਟਰੰਪ ਦੇ ਐਲਾਨ ਤੋਂ ਬਾਅਦ ਫੋਰਡ ਸਮੇਤ ਹੋਰ ਕੰਪਨੀਆਂ ਦੇ ਸ਼ੇਅਰਾਂ ਨੂੰ ਵੀ ਤੇਜ਼ੀ ਨਾਲ ਵੇਚਿਆ ਗਿਆ।

ਜਦੋਂ ਇੱਕ ਪ੍ਰੈਸ ਕਾਨਫਰੰਸ ਵਿੱਚ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਕੋਈ ਉਮੀਦ ਹੈ ਕਿ ਉਹ ਆਪਣਾ ਫੈਸਲਾ ਬਦਲ ਸਕਦੇ ਹਨ, ਟਰੰਪ ਨੇ ਕਿਹਾ - ਨਹੀਂ। ਬਾਅਦ ਵਿੱਚ ਉਨ੍ਹਾਂ ਕਿਹਾ - "ਇਹ ਸਥਾਈ ਹੈ।"

ਟਰੰਪ ਨੇ ਕਿਹਾ, "ਜੇ ਤੁਸੀਂ ਆਪਣੀ ਕਾਰ ਸੰਯੁਕਤ ਰਾਜ ਅਮਰੀਕਾ ਵਿੱਚ ਹੀ ਬਣਾਉਂਦੇ ਹੋ ਤਾਂ ਕੋਈ ਟੈਰਿਫ ਨਹੀਂ ਹੈ।''

ਟਰੰਪ ਅਤੇ ਸ਼ਿਗੇਰੂ ਇਸ਼ੀਬਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੰਪ ਅਤੇ ਸ਼ਿਗੇਰੂ ਇਸ਼ੀਬਾ

ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਟੈਰਿਫ ਦੇ ਜਵਾਬ ਵਿੱਚ "ਸਾਰੇ ਬਦਲ ਮੇਜ਼ 'ਤੇ ਰੱਖੇਗੀ"।

ਜਾਪਾਨ, ਜੋ ਕਿ ਕਈ ਪ੍ਰਮੁੱਖ ਮੋਟਰ ਉਦਯੋਗ ਦਿੱਗਜਾਂ ਦਾ ਘਰ ਹੈ, ਦੁਨੀਆਂ ਦੀਆਂ ਕਾਰਾਂ ਦਾ ਦੂਜਾ ਸਭ ਤੋਂ ਵੱਡਾ ਨਿਰਯਾਤਕ ਹੈ।

ਟੋਕੀਓ ਵਿੱਚ ਵੀ ਜਾਪਾਨੀ ਕਾਰ ਨਿਰਮਾਤਾਵਾਂ - ਟੋਇਟਾ, ਨਿਸਾਨ, ਹੌਂਡਾ ਦੇ ਸ਼ੇਅਰ ਡਿੱਗ ਗਏ ਹਨ।

ਟੈਰਿਫ ਇੱਕ ਪ੍ਰਕਾਰ ਦਾ ਟੈਕਸ ਹੁੰਦਾ ਹੈ ਜੋ ਦਰਾਮਦ ਕੀਤੀਆਂ ਜਾਂਦੀਆਂ ਚੀਜ਼ਾਂ 'ਤੇ ਸਰਕਾਰ ਦੁਆਰਾ ਵਸੂਲਿਆ ਜਾਂਦਾ ਹੈ ਅਤੇ ਇਸਦਾ ਭੁਗਤਾਨ ਉਹ ਕੰਪਨੀ ਕਰਦੀ ਹੈ ਜੋ ਸਮਾਨ ਮੰਗਵਾਉਂਦੀ ਹੈ।

ਟਰੰਪ ਵੀ ਇਸੇ ਤਰ੍ਹਾਂ ਦੇ ਟੈਰਿਫ ਲਗਾ ਰਹੇ ਹਨ। ਉਹ ਅਮਰੀਕੀ ਕਾਰੋਬਾਰਾਂ ਦੀ ਰੱਖਿਆ ਅਤੇ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਇੱਕ ਵਿਆਪਕ ਮੁਹਿੰਮ ਦੇ ਹਿੱਸੇ ਵਜੋਂ ਅਮਰੀਕਾ ਵਿੱਚ ਦਰਾਮਦ ਕੀਤੇ ਜਾ ਰਹੀਆਂ ਕਈ ਚੀਜ਼ਾਂ 'ਤੇ ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਪਰ ਇੱਕ ਪਾਸੇ ਜਿੱਥੇ ਇਹ ਉਪਾਅ ਘਰੇਲੂ ਕਾਰੋਬਾਰਾਂ ਲਈ ਲਾਭਦਾਇਕ ਸਾਬਿਤ ਹੋ ਸਕਦੇ ਹਨ, ਦੂਜੇ ਪਾਸੇ ਵਿਦੇਸ਼ਾਂ ਤੋਂ ਪੁਰ 'ਤੇ ਨਿਰਭਰ ਕਾਰੋਬਾਰਾਂ ਲਈ ਲਾਗਤਾਂ ਵੀ ਵਧ ਜਾਣਗੀਆਂ, ਜਿਵੇਂ ਕਿ ਕਾਰ ਨਿਰਮਾਤਾਵਾਂ ਲਈ।

ਵਿਸ਼ਲੇਸ਼ਕਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਇੱਕ ਕਾਰ ਦੀ ਕੀਮਤ ਹਜ਼ਾਰਾਂ ਡਾਲਰ ਤੱਕ ਵਧ ਸਕਦੀ ਹੈ।

ਐਂਡਰਸਨ ਇਕਨਾਮਿਕ ਗਰੁੱਪ ਦੇ ਅਨੁਸਾਰ, ਮੈਕਸੀਕੋ ਅਤੇ ਕੈਨੇਡਾ ਤੋਂ ਆਉਣ ਵਾਲੇ ਪੁਰਜਿਆਂ 'ਤੇ 25 ਫੀਸਦੀ ਟੈਰਿਫ, ਵਾਹਨ ਦੇ ਆਧਾਰ 'ਤੇ ਕੀਮਤ ਵਿੱਚ 4,000-10,000 ਡਾਲਰ ਤੱਕ ਦਾ ਵਾਧਾ ਕਰੇਗਾ।

'ਸਿੱਧਾ ਹਮਲਾ'

ਕਾਰਾਂ 'ਤੇ ਲੱਗਣ ਵਾਲੇ ਇਹ ਨਵੇਂ ਕਾਰ ਦਰਾਮਦ ਟੈਕਸ ਉਸੇ ਦਿਨ ਲਾਗੂ ਹੋਣ ਵਾਲੇ ਹਨ ਜਦੋਂ ਅਖੌਤੀ ਪਰਸਪਰ ਟੈਰਿਫ ਸ਼ੁਰੂ ਹੋ ਰਹੇ ਹਨ, ਉਹ ਟੈਰਿਫ ਜੋ ਅਮਰੀਕਾ ਆਪਣੇ ਵਾਪਰਕ ਸਬੰਧਾਂ ਵਾਲੇ ਵੱਖ-ਵੱਖ ਦੇਸ਼ਾਂ 'ਤੇ ਲਗਾ ਰਿਹਾ ਹੈ।

ਹਾਲਾਂਕਿ, ਇਹ ਸੱਪਸ਼ਟ ਨਹੀਂ ਹੈ ਕਿ ਕਾਰ ਟੈਰਿਫ ਉਨ੍ਹਾਂ ਯੋਜਨਾਵਾਂ ਨੂੰ ਕਿਵੇਂ ਪ੍ਰਭਾਵਤ ਕਰ ਸਕਦੇ ਹਨ।

ਪਰ ਯੂਕੇ ਸਮੇਤ ਬਹੁਤ ਸਾਰੇ ਦੇਸ਼ ਨਵੇਂ ਟੈਕਸਾਂ ਦੇ ਨਤੀਜੇ ਵਜੋਂ ਆਪਣੇ ਨਿਰਯਾਤਕਾਂ ਦੇ ਪ੍ਰਭਾਵਿਤ ਹੋਣ ਬਾਰੇ ਚਿੰਤਤ ਹਨ।

ਅਮਰੀਕਾ ਪਿਛਲੇ ਸਾਲ ਬ੍ਰਿਟਿਸ਼-ਅਧਾਰਤ ਜੈਗੁਆਰ ਲੈਂਡ ਰੋਵਰ ਲਈ ਸਭ ਤੋਂ ਵੱਧ ਵਿਕਰੀ ਵਾਲਾ ਬਾਜ਼ਾਰ ਸੀ। ਇਸ ਕਾਰ ਨਿਰਮਾਤਾ ਨੇ ਅਮਰੀਕੀਆਂ ਨੂੰ 116,294 ਵਾਹਨ ਵੇਚੇ, ਜੋ ਕਿ ਯੂਕੇ ਅਤੇ ਚੀਨ ਵਿੱਚ ਵਿਕਰੀ ਤੋਂ ਵੱਧ ਸਨ।

ਬੀਬੀਸੀ ਦੇ ਅਨੁਮਾਨ ਮੁਤਾਬਕ, ਯੂਕੇ ਸਰਕਾਰ ਅਮਰੀਕੀ ਪ੍ਰਸ਼ਾਸਨ ਨਾਲ ਗੱਲਬਾਤ ਕਰ ਰਹੀ ਹੈ ਅਤੇ ਟੈਰਿਫ ਲਾਗੂ ਹੋਣ ਤੋਂ ਪਹਿਲਾਂ ਇੱਕ ਵਪਾਰਕ ਸਮਝੌਤੇ ਦੀ ਉਮੀਦ ਰੱਖਦੀ ਹੈ।

ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਦੇ ਐਲਾਨ ਨੂੰ ਆਪਣੇ ਦੇਸ਼ ਅਤੇ ਇਸ ਦੇ ਕਾਰ ਉਦਯੋਗ 'ਤੇ "ਸਿੱਧਾ ਹਮਲਾ" ਕਿਹਾ ਹੈ।

ਉਨ੍ਹਾਂ ਕਿਹਾ, "ਇਸ ਨਾਲ ਸਾਨੂੰ ਨੁਕਸਾਨ ਹੋਵੇਗਾ, ਪਰ ਇਸ ਸਮੇਂ ਦੌਰਾਨ ਇਕੱਠੇ ਰਹਿ ਕੇ ਅਸੀਂ ਹੋਰ ਮਜ਼ਬੂਤ ਹੋਵਾਂਗੇ।

ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ

ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਕਿਹਾ ਕਿ ਬਲੋਕ (ਇੱਕੋ-ਜਿਹੇ ਸਿਸਾਈ ਹਿੱਤਾਂ ਵਾਲੇ ਦੇਸ਼ਾਂ ਦਾ ਸਮੂਹ) ਕਿਸੇ ਵੀ ਸੰਭਾਵੀ ਪ੍ਰਤੀਕਿਰਿਆ ਤੋਂ ਪਹਿਲਾਂ ਉਪਾਵਾਂ 'ਤੇ ਵਿਚਾਰ ਕਰੇਗਾ।

ਉਨ੍ਹਾਂ ਕਿਹਾ, "ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਹੈ, ਟੈਰਿਫ ਟੈਕਸ ਹਨ - ਕਾਰੋਬਾਰਾਂ ਲਈ ਮਾੜੇ, ਅਮਰੀਕਾ ਅਤੇ ਯੂਰਪੀਅਨ ਯੂਨੀਅਨ ਵਿੱਚ ਖਪਤਕਾਰਾਂ ਲਈ ਵੀ ਮਾੜੇ।''

ਉਨ੍ਹਾਂ ਅੱਗੇ ਕਿਹਾ, "ਯੂਰਪੀ ਸੰਘ ਆਪਣੇ ਆਰਥਿਕ ਹਿੱਤਾਂ ਦੀ ਰਾਖੀ ਕਰਦੇ ਹੋਏ, ਗੱਲਬਾਤ ਰਾਹੀਂ ਹੱਲ ਲੱਭਣਾ ਜਾਰੀ ਰੱਖੇਗਾ।"

ਉਦਯੋਗ ਸੰਸਥਾ,ਸੁਸਾਇਟੀ ਆਫ਼ ਮੋਟਰ ਮੈਨੂਫੈਕਚਰਰਜ਼ ਐਂਡ ਟਰੇਡਰਜ਼ (ਐਸਐਮਐਮਟੀ) ਦੇ ਅਨੁਸਾਰ, ਯੂਕੇ ਲਈ, ਯੂਰਪੀ ਸੰਘ ਤੋਂ ਬਾਅਦ ਅਮਰੀਕਾ ਦੂਜਾ ਸਭ ਤੋਂ ਵੱਡਾ ਕਾਰ ਬਰਾਮਦ ਬਾਜ਼ਾਰ ਹੈ, ਜਿੱਥੇ ਮੁੱਖ ਤੌਰ 'ਤੇ ਲਗਜ਼ਰੀ ਕਾਰਾਂ ਐਟਲਾਂਟਿਕ ਪਾਰ ਭੇਜੀਆਂ ਜਾਂਦੀਆਂ ਹਨ।

ਐਸਐਮਐਮਟੀ ਦੇ ਮੁੱਖ ਕਾਰਜਕਾਰੀ ਮਾਈਕ ਹਾਵੇਸ ਨੇ ਯੂਕੇ ਅਤੇ ਅਮਰੀਕੀ ਸਰਕਾਰਾਂ ਨੂੰ "ਤੁਰੰਤ ਇਕੱਠੇ ਹੋਣ ਅਤੇ ਇੱਕ ਅਜਿਹਾ ਸੌਦਾ ਕਰਨ ਦੀ ਅਪੀਲ ਕੀਤੀ ਜੋ ਸਾਰਿਆਂ ਲਈ ਕੰਮ ਕਰੇ"।

ਕਾਰ ਉਦਯੋਗ ਪਹਿਲਾਂ ਹੀ ਸਟੀਲ ਅਤੇ ਐਲੂਮੀਨੀਅਮ 'ਤੇ ਵਧੇ ਹੋਏ ਟੈਰਿਫ ਨਾਲ ਜੂਝ ਰਿਹਾ ਹੈ, ਜੋ ਟਰੰਪ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਲਗਾਏ ਸਨ।

ਹਾਲ ਹੀ ਦੇ ਹਫ਼ਤਿਆਂ ਵਿੱਚ, ਫੋਰਡ ਅਤੇ ਜਨਰਲ ਮੋਟਰਜ਼ ਵਰਗੀਆਂ ਵੱਡੀਆਂ ਕਾਰ ਕੰਪਨੀਆਂ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਉਹ ਕਾਰ ਉਦਯੋਗ ਨੂੰ ਕਿਸੇ ਵੀ ਹੋਰ ਡਿਊਟੀ ਤੋਂ ਛੋਟ ਦੇਣ।

ਹੁੰਡਈ

ਤਸਵੀਰ ਸਰੋਤ, Getty Images

ਯੂਐੱਸ ਇੰਟਰਨੈਸ਼ਨਲ ਟਰੇਡ ਕਮਿਸ਼ਨ ਦੁਆਰਾ 2024 ਦੇ ਇੱਕ ਅਧਿਐਨ ਨੇ ਭਵਿੱਖਬਾਣੀ ਕੀਤੀ ਸੀ ਕਿ ਆਯਾਤ 'ਤੇ 25 ਫੀਸਦੀ ਟੈਰਿਫ ਦਰਾਮਦਾਂ ਨੂੰ ਲਗਭਗ 75 ਫੀਸਦੀ ਤੱਕ ਘਟਾ ਦੇਵੇਗਾ, ਜਦਕਿ ਅਮਰੀਕਾ ਵਿੱਚ ਔਸਤ ਕੀਮਤਾਂ ਵਿੱਚ ਲਗਭਗ 5 ਫੀਸਦੀ ਵਾਧਾ ਹੋਵੇਗਾ।

ਪਰ ਟਰੰਪ ਨੇ ਆਪਣਾ ਫੈਸਲਾ ਜਿਉਂ ਦਾ ਤਿਉਂ ਰੱਖਦੇ ਹੋਏ ਇਸ ਨੂੰ ਲਾਗੂ ਕੀਤਾ ਹੈ। ਜੋ ਕਿ ਵ੍ਹਾਈਟ ਹਾਊਸ ਦੇ ਉਨ੍ਹਾਂ ਦੇ ਪਹਿਲੇ ਕਾਰਜਕਾਲ ਦੌਰਾਨ ਆਏ ਵਿਚਾਰ ਨੂੰ ਹੀ ਪੁਨਰ ਸੁਰਜੀਤ ਕਰਨਾ ਹੈ।

ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਮਰੀਕੀ ਕਾਮਿਆਂ ਸਿਰਫ਼ ਪੁਰਜਿਆਂ ਨੂੰ ਅਸੈਂਬਲ ਨਾ ਕਰਨ ਸਗੋਂ ਆਪ ਪੁਰਜੇ ਬਣਾਉਣ।

ਨਵੀਨਤਮ ਟੈਰਿਫਾਂ ਤੋਂ ਇੱਕ ਦਿਨ ਪਹਿਲਾਂ, ਦੱਖਣੀ ਕੋਰੀਆਈ ਕਾਰ ਨਿਰਮਾਤਾ ਕੰਪਨੀ ਹੁੰਡਈ ਨੇ ਐਲਾਨ ਕੀਤਾ ਕਿ ਉਹ ਅਮਰੀਕਾ ਵਿੱਚ 21 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ ਅਤੇ ਦੱਖਣੀ ਸੂਬੇ ਲੁਈਸਿਆਨਾ ਵਿੱਚ ਇੱਕ ਨਵਾਂ ਸਟੀਲ ਪਲਾਂਟ ਲਗਾਵੇਗੀ।

ਟਰੰਪ ਨੇ ਇਸ ਨਿਵੇਸ਼ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਹੈ ਕਿ ਇਹ "ਇੱਕ ਸਪੱਸ਼ਟ ਉਦਾਹਰਣ ਹੈ ਕਿ ਟੈਰਿਫ ਬਹੁਤ ਮਜ਼ਬੂਤੀ ਨਾਲ ਕੰਮ ਕਰਦੇ ਹਨ"।

ਯੂਨਾਈਟਿਡ ਆਟੋਵਰਕਰਜ਼ ਯੂਨੀਅਨ ਦੇ ਆਗੂ ਸ਼ੌਨ ਫੇਨ, ਜਿਨ੍ਹਾਂ ਨੇ ਚੋਣਾਂ ਵਿੱਚ ਟਰੰਪ ਦਾ ਵਿਰੋਧ ਕੀਤਾ ਸੀ, ਨੇ ਰਾਸ਼ਟਰਪਤੀ ਦੇ ਕੰਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ "ਮੁਫ਼ਤ ਵਪਾਰ ਵਾਲੀ ਤਬਾਹੀ ਨੂੰ ਖਤਮ ਕਰਨ ਲਈ ਕਦਮ ਵਧਾ ਰਹੇ ਹਨ ਜਿਸਨੇ ਦਹਾਕਿਆਂ ਤੋਂ ਮਜ਼ਦੂਰ ਵਰਗ ਦੇ ਭਾਈਚਾਰਿਆਂ ਨੂੰ ਤਬਾਹ ਕਰ ਦਿੱਤਾ ਹੈ"।

ਅਮਰੀਕੀ ਆਟੋਮੋਟਿਵ ਨੀਤੀ ਕੌਂਸਲ ਦੇ ਵਪਾਰ ਸਮੂਹ ਦੇ ਮੁਖੀ, ਮੈਟ ਬਲੰਟ ਨੇ ਕਿਹਾ, "ਯੂਐਸ ਆਟੋਮੇਕਰ ਅਮਰੀਕਾ ਵਿੱਚ ਆਟੋਮੋਟਿਵ ਉਤਪਾਦਨ ਅਤੇ ਨੌਕਰੀਆਂ ਵਧਾਉਣ ਦੇ ਰਾਸ਼ਟਰਪਤੀ ਟਰੰਪ ਦੇ ਦ੍ਰਿਸ਼ਟੀਕੋਣ ਪ੍ਰਤੀ ਵਚਨਬੱਧ ਹਨ।"

ਭਾਰਤੀ ਕਾਰ ਬਾਜ਼ਾਰ 'ਤੇ ਵੀ ਅਸਰ

ਟਰੰਪ ਦੇ ਐਲਾਨ ਤੋਂ ਬਾਅਦ ਭਾਰਤੀ ਕਾਰ ਬਾਜ਼ਾਰ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ। ਵੀਰਵਾਰ ਨੂੰ ਟਾਟਾ ਮੋਟਰਜ਼ ਦੇ ਸ਼ੇਅਰ 5% ਤੋਂ ਵੱਧ ਡਿੱਗ ਗਏ ਕਿਉਂਕਿ ਕੰਪਨੀ ਦੀ ਜੈਗੂਆਰ ਗੱਡੀ ਲਈ ਅਮਰੀਕਾ ਇੱਕ ਵੱਡਾ ਬਾਜ਼ਾਰ ਹੈ।

ਇਸ ਦੇ ਨਾਲ ਹੀ ਸੋਨਾ ਬੀਐਲਡਬਲਯੂ, ਭਾਰਤ ਫੋਰਜ ਅਤੇ ਸਮਵਰਧਨ ਮਦਰਸਨ ਦੇ ਸ਼ੇਅਰਾਂ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਕੰਪਨੀਆਂ ਕਾਰਾਂ ਅਤੇ ਹੋਰ ਆਟੋ ਸੈਕਟਰ ਲਈ ਪੁਰਜ਼ੇ ਬਣਾਉਂਦੀਆਂ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)