ਸੁਨੀਤਾ ਵਿਲੀਅਮਜ਼ ਨੂੰ ਲੈ ਕੇ ਆ ਰਹੇ ਪੁਲਾੜ ਯਾਨ ਡ੍ਰੈਗਨ ਦਾ ਅਚਾਨਕ 7 ਮਿੰਟ ਲਈ ਧਰਤੀ ਨਾਲੋਂ ਸੰਪਰਕ ਕਿਉਂ ਟੁੱਟ ਗਿਆ ਸੀ

    • ਲੇਖਕ, ਸਿਰਾਜ
    • ਰੋਲ, ਬੀਬੀਸੀ ਤਮਿਲ

19 ਮਾਰਚ, 2025 ਨੂੰ (ਭਾਰਤੀ ਸਮੇਂ ਅਨੁਸਾਰ ਸਵੇਰੇ) ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ, ਨਿਕ ਹੇਗ ਅਤੇ ਰੂਸੀ ਪੁਲਾੜ ਯਾਤਰੀ ਅਲੈਗਜ਼ੈਂਡਰ ਕੋਰਬੁਨੋਵ ਸਪੇਸਐਕਸ ਪੁਲਾੜ ਯਾਨ ਡ੍ਰੈਗਨ 'ਤੇ ਸਵਾਰ ਹੋ ਕੇ ਧਰਤੀ 'ਤੇ ਵਾਪਸ ਆ ਰਹੇ ਸਨ।

ਜਦੋਂ ਪੂਰੀ ਦੁਨੀਆਂ ਉਨ੍ਹਾਂ ਦੀ ਸੁਰੱਖਿਅਤ ਲੈਂਡਿੰਗ ਦਾ ਇੰਤਜ਼ਾਰ ਕਰ ਰਹੀ ਸੀ, ਉਸੇ ਸਮੇਂ ਤੜਕੇ 3.15 ਵਜੇ ਪੁਲਾੜ ਯਾਨ ਨਾਲੋਂ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਸੀ।

ਉਸ ਸਮੇਂ ਪੁਲਾੜ ਯਾਨ ਧਰਤੀ ਤੋਂ ਲਗਭਗ 70 ਕਿਲੋਮੀਟਰ ਦੀ ਉਚਾਈ 'ਤੇ ਅਤੇ ਲਗਭਗ 27,000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਯਾਤਰਾ ਕਰ ਰਿਹਾ ਸੀ। ਪੁਲਾੜ ਯਾਨ ਦੇ ਆਲੇ-ਦੁਆਲੇ ਦਾ ਤਾਪਮਾਨ 1927 ਡਿਗਰੀ ਸੈਲਸੀਅਸ ਸੀ।

ਛੇ-ਸੱਤ ਮਿੰਟਾਂ ਤੱਕ ਨਾਸਾ ਦੇ ਕੰਟਰੋਲ ਰੂਮ ਵਿੱਚ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਡ੍ਰੈਗਨ ਪੁਲਾੜ ਯਾਨ ਵਿੱਚ ਕੀ ਹੋ ਰਿਹਾ ਹੈ ਜਾਂ ਉਹ ਕਿੱਥੇ ਹੈ। ਸਵੇਰੇ 3:20 ਵਜੇ ਨਾਸਾ ਦੇ ਡਬਲਯੂਬੀ57 (WB57) ਨਿਗਰਾਨੀ ਜਹਾਜ਼ ਦੇ ਕੈਮਰਿਆਂ ਨੇ ਪੁਲਾੜ ਯਾਨ ਡ੍ਰੈਗਨ ਦੀ ਇੱਕ ਤਸਵੀਰ ਖਿੱਚੀ ਜਦੋਂ ਇਹ ਧਰਤੀ ਦੇ ਨੇੜੇ ਆ ਰਿਹਾ ਸੀ।

ਇਸ ਤੋਂ ਬਾਅਦ ਨਾਸਾ ਕੰਟਰੋਲ ਰੂਮ 'ਚ ਬੈਠੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਅਗਲੇ ਕੁਝ ਮਿੰਟਾਂ ਵਿੱਚ ਪੁਲਾੜ ਯਾਨ ਡ੍ਰੈਗਨ ਨਾਲ ਸੰਪਰਕ ਬਹਾਲ ਹੋ ਗਿਆ।

ਧਰਤੀ ਵੱਲ ਜਾਣ ਵਾਲਾ ਹਰ ਪੁਲਾੜ ਯਾਨ ਵਾਯੂਮੰਡਲ ਵਿੱਚ ਮੁੜ-ਪ੍ਰਵੇਸ਼ ਕਰਨ ਦੀ (atmospheric reentry) ਖ਼ਤਰਨਾਕ ਪ੍ਰਕਿਰਿਆ ਤਹਿਤ ਕੁਝ ਮਿੰਟਾਂ ਲਈ ਕੰਟਰੋਲ ਨਾਲੋਂ ਸੰਪਰਕ ਗੁਆ ਦਿੰਦਾ ਹੈ।

ਇਨ੍ਹਾਂ ਕੁਝ ਮਿੰਟਾਂ ਨੂੰ 'ਬਲੈਕਆਊਟ ਟਾਈਮ' ਕਿਹਾ ਜਾਂਦਾ ਹੈ। ਹਾਲਾਂਕਿ, ਇਹ ਇੱਕ ਆਮ ਵਰਤਾਰਾ ਹੈ, ਪਰ ਇਨ੍ਹਾਂ ਕੁਝ ਮਿੰਟਾਂ ਦੌਰਾਨ ਵੱਡੇ ਪੁਲਾੜ ਹਾਦਸੇ ਵਾਪਰ ਚੁੱਕੇ ਹਨ।

ਇਸ ਦਾ ਕਾਰਨ ਇਹ ਹੈ ਕਿ ਜੇਕਰ ਉਸ ਖ਼ਾਸ ਸਮੇਂ 'ਤੇ ਪੁਲਾੜ ਯਾਨ ਵਿੱਚ ਕੁਝ ਗੜਬੜ ਹੋ ਜਾਵੇ ਤਾਂ ਕੰਟਰੋਲ ਕੇਂਦਰ ਵਿੱਚ ਮੌਜੂਦ ਮਾਹਰਾਂ ਦੀ ਟੀਮ ਪੁਲਾੜ ਯਾਤਰੀਆਂ ਨੂੰ ਮਾਰਗਦਰਸ਼ਨ ਨਹੀਂ ਦੇ ਸਕੇਗੀ।

ਇਸੇ ਤਰ੍ਹਾਂ ਪੁਲਾੜ ਯਾਤਰੀ ਵੀ ਧਰਤੀ 'ਤੇ ਮੌਜੂਦ ਟੀਮ ਨੂੰ ਐਮਰਜੈਂਸੀ ਸੂਚਨਾ ਨਹੀਂ ਭੇਜ ਸਕਣਗੇ।

ਇਸ ਦੀ ਇੱਕ ਦੁਖਦਾਈ ਉਦਾਹਰਣ 2003 ਦਾ ਹਾਦਸਾ ਹੈ, ਜਦੋਂ ਪੁਲਾੜ ਯਾਨ ਕੋਲੰਬੀਆ, ਜਿਸ ਵਿੱਚ ਭਾਰਤੀ ਮੂਲ ਦੀ ਪੁਲਾੜ ਯਾਤਰੀ ਕਲਪਨਾ ਚਾਵਲਾ ਸਮੇਤ ਨਾਸਾ ਦੇ ਸੱਤ ਚਾਲਕ ਸ਼ਾਮਲ ਸਨ, ਉਹ ਬਲੈਕਆਊਟ ਦੇ ਇਨ੍ਹਾਂ ਕੁਝ ਮਿੰਟਾਂ ਦੌਰਾਨ ਹਾਦਸਾਗ੍ਰਸਤ ਹੋ ਗਿਆ ਸੀ। ਇਸ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ।

'ਰੇਡੀਓ ਬਲੈਕਆਊਟ' ਕਿਉਂ ਹੁੰਦਾ ਹੈ?

ਮੁਹਾਲੀ ਸਥਿਤ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਤੋਂ ਪ੍ਰੋਫੈਸਰ ਡਾ. ਟੀ.ਵੀ. ਵੈਂਕਟੇਸ਼ਵਰਨ ਨੇ ਦੱਸਿਆ ਕਿ ਕਿਉਂ ਕੋਈ ਪੁਲਾੜ ਯਾਨ ਧਰਤੀ 'ਤੇ ਵਾਪਸ ਆਉਂਦੇ ਸਮੇਂ ਬਲੈਕਆਊਟ ਟਾਈਮ ਜਾਂ ਰੇਡੀਓ ਬਲੈਕਆਊਟ ਨਾਮਕ ਘਟਨਾ ਦਾ ਸਾਹਮਣਾ ਕਰਦਾ ਹੈ।

ਉਨ੍ਹਾਂ ਦਾ ਕਹਿਣਾ ਹੈ, "ਵਾਯੂਮੰਡਲ ਵਿੱਚ ਮੁੜ-ਦਾਖਲੇ ਦੇ ਦੌਰਾਨ, ਪੁਲਾੜ ਯਾਨ ਨੂੰ ਆਪਣੀ ਜ਼ਿਆਦਾ ਗਤੀ ਅਤੇ ਹਵਾ ਦੇ ਅਣੂਆਂ ਨਾਲ ਉਸ ਦੀ ਰਗੜ ਪੈਦਾ ਹੋਣ ਕਾਰਨ 1900 ਤੋਂ 2000 ਡਿਗਰੀ ਸੈਲਸੀਅਸ ਦੇ ਬਹੁਤ ਜ਼ਿਆਦਾ ਤਾਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ।"

"1000 ਡਿਗਰੀ ਸੈਲਸੀਅਸ ਤੋਂ ਉੱਪਰ ਤਾਪਮਾਨ ਦੇ ਕਾਰਨ ਪੁਲਾੜ ਯਾਨ ਦੇ ਆਲੇ ਦੁਆਲੇ ਪਲਾਜ਼ਮਾ ਗਿਲਾਫ਼ (ਸ਼ੀਥ) ਦਾ ਨਿਰਮਾਣ ਹੋ ਜਾਂਦਾ ਹੈ।"

ਡਾ. ਟੀ.ਵੀ. ਵੈਂਕਟੇਸ਼ਵਰਨ ਕਹਿੰਦੇ ਹਨ, "ਉਦਾਹਰਣ ਵਜੋਂ, ਅਸਮਾਨ ਵਿੱਚ ਚਮਕਣ ਵਾਲੀ ਬਿਜਲੀ ਵਿੱਚ ਇਹ ਪਲਾਜ਼ਮਾ ਹੁੰਦਾ ਹੈ। ਇਸ ਪਲਾਜ਼ਮਾ ਗਿਲਾਫ਼ ਕਾਰਨ ਹੀ ਧਰਤੀ ਅਤੇ ਪੁਲਾੜ ਯਾਨ ਵਿਚਕਾਰ ਰੇਡੀਓ ਸੰਚਾਰ ਟੁੱਟ ਜਾਂਦਾ ਹੈ।"

ਇਸ ਪਲਾਜ਼ਮਾ ਗਿਲਾਫ਼ ਨੂੰ ਪੁਲਾੜ ਯਾਨ ਦੇ ਆਲੇ-ਦੁਆਲੇ ਇੱਕ ਢਾਲ ਦੱਸਦਿਆਂ ਉਨ੍ਹਾਂ ਨੇ ਕਿਹਾ, "ਸਾਡੀ ਦੂਰਸੰਚਾਰ ਪ੍ਰਣਾਲੀ ਇਲੈਕਟ੍ਰੋਮੈਗਨੈਟਿਕ ਤਰੰਗਾਂ 'ਤੇ ਨਿਰਭਰ ਕਰਦੀ ਹੈ। ਇਸ ਪਲਾਜ਼ਮਾ ਗਿਲਾਫ਼ ਕਾਰਨ ਕੋਈ ਵੀ ਇਲੈੱਕਟ੍ਰੋਮੈਗਨੈਟਿਕ ਤਰੰਗਾਂ ਸੰਚਾਰਿਤ ਨਹੀਂ ਹੁੰਦੀਆਂ।"

"ਇਸ ਦਾ ਅਰਥ ਹੈ ਕਿ ਪੁਲਾੜ ਯਾਨ ਤੋਂ ਧਰਤੀ ਜਾਂ ਧਰਤੀ ਤੋਂ ਪੁਲਾੜ ਯਾਨ ਤੱਕ ਸੰਚਾਰ ਪੂਰੀ ਤਰ੍ਹਾਂ ਨਾਲ ਟੁੱਟ ਜਾਂਦਾ ਹੈ।"

ਨਾਸਾ ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ਕਾਰਨ ਪੁਲਾੜ ਯਾਨ ਧਰਤੀ ਦੇ ਨੇੜੇ ਆਉਂਦੇ ਸਮੇਂ ਅੱਗ ਦੇ ਗੋਲੇ ਵਰਗਾ ਦਿਖਾਈ ਦਿੰਦਾ ਹੈ।

ਡਾਕਟਰ ਟੀ.ਵੀ. ਵੈਂਕਟੇਸ਼ਵਰਨ ਨੇ ਕਿਹਾ ਕਿ ਇਹ ਜਾਣਨਾ ਨਾਮੁਮਕਿਨ ਹੈ ਕਿ ਇਨ੍ਹਾਂ ਕੁਝ ਮਿੰਟਾਂ, ਜਿਸ ਨੂੰ ਬਲੈਕਆਊਟ ਟਾਈਮ ਕਿਹਾ ਜਾਂਦਾ ਹੈ, ਦੌਰਾਨ ਪੁਲਾੜ ਯਾਨ ਦੇ ਅੰਦਰ ਕੀ ਹੋ ਰਿਹਾ ਹੈ।

"ਜੇ ਤੁਸੀਂ ਨਿਗਰਾਨੀ ਪ੍ਰਣਾਲੀਆਂ ਦੇ ਟੈਲੀਸਕੋਪਾਂ ਰਾਹੀਂ ਵੇਖਦੇ ਹੋ, ਤਾਂ ਤੁਸੀਂ ਸਿਰਫ਼ ਇੱਕ ਚਿੱਟੀ ਜਾਂ ਨੀਲੀ ਗੇਂਦ ਵਰਗੀ ਸੰਰਚਨਾ ਨੂੰ ਆਉਂਦੇ ਹੋਏ ਦੇਖ ਸਕਦੇ ਹੋ।"

ਉਨ੍ਹਾਂ ਨੇ ਕਿਹਾ ਕਿ ਇਹ ਪਲਾਜ਼ਮਾ ਗਿਲਾਫ਼ ਉਦੋਂ ਤੱਕ ਆਪਣੇ ਸਥਾਨ 'ਤੇ ਕਾਇਮ ਰਹਿੰਦਾ ਹੈ ਜਦੋਂ ਤੱਕ ਪੁਲਾੜ ਯਾਨ ਦੇ ਪੈਰਾਸ਼ੂਟਾਂ ਦਾ ਪਹਿਲਾ ਸੈੱਟ ਖੁੱਲ੍ਹਣ ਲਈ ਤਿਆਰ ਨਹੀਂ ਹੋ ਜਾਂਦਾ, ਜਿਸ ਤੋਂ ਬਾਅਦ ਕੰਟਰੋਲ ਕੇਂਦਰ ਨਾਲ ਸੰਚਾਰ ਬਹਾਲ ਹੋ ਜਾਂਦਾ ਹੈ।

ਟੀ.ਵੀ. ਵੈਂਕਟੇਸ਼ਵਰਨ ਕਹਿੰਦੇ ਹਨ, "ਪੁਲਾੜ ਯਾਤਰਾ ਦੇ ਇਤਿਹਾਸ ਵਿੱਚ ਵਾਯੂਮੰਡਲ ਵਿੱਚ ਮੁੜ-ਪ੍ਰਵੇਸ਼ ਦੌਰਾਨ ਦੁਰਘਟਨਾਵਾਂ ਇਨ੍ਹਾਂ ਕੁਝ ਮਿੰਟਾਂ ਵਿੱਚ ਹੋਈਆਂ ਹਨ।"

'ਬਲੈਕਆਊਟ ਟਾਈਮ' ਦੁਰਘਟਨਾਵਾਂ

1 ਫਰਵਰੀ, 2003 ਨੂੰ ਪੁਲਾੜ ਯਾਨ ਕੋਲੰਬੀਆ 16 ਦਿਨ ਪੁਲਾੜ ਵਿੱਚ ਰਹਿਣ ਤੋਂ ਬਾਅਦ ਧਰਤੀ ਉੱਤੇ ਵਾਪਸ ਪਰਤਿਆ। ਇਸ ਵਿੱਚ ਨਾਸਾ ਦੇ ਸੱਤ ਮੈਂਬਰ ਸਵਾਰ ਸਨ, ਜਿਨ੍ਹਾਂ ਵਿੱਚ ਪੰਜ ਪੁਰਸ਼ ਅਤੇ ਦੋ ਔਰਤਾਂ ਸਨ।

ਪਰ ਉਸ ਸਮੇਂ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਕਿਸਮਤ ਦਾ ਫ਼ੈਸਲਾ 16 ਦਿਨ ਪਹਿਲਾਂ ਹੀ ਹੋ ਚੁੱਕਿਆ ਸੀ।

16 ਜਨਵਰੀ 2003 ਨੂੰ ਪੁਲਾੜ ਯਾਨ ਕੋਲੰਬੀਆ ਦੇ ਲਾਂਚ ਦੇ ਦੌਰਾਨ, ਇਸ ਦੇ ਬਾਹਰੀ ਈਂਧਣ ਟੈਂਕ ਤੋਂ ਫੋਮ ਇਨਸੂਲੇਸ਼ਨ ਦਾ ਇੱਕ ਟੁਕੜਾ ਟੁੱਟ ਕੇ ਪੁਲਾੜ ਯਾਨ ਦੇ ਖੱਬੇ ਵਿੰਗ 'ਤੇ ਡਿੱਗ ਗਿਆ, ਜਿਸ ਨਾਲ ਗਰਮੀ-ਰੋਧਕ ਟਾਇਲਾਂ ਨੂੰ ਨੁਕਸਾਨ ਪਹੁੰਚਿਆ।

"ਕੋਲੰਬੀਆ ਦੇ ਮੁੜ ਵਰਤੋਂ ਯੋਗ ਪੁਲਾੜ ਯਾਨ ਵਿੱਚ ਟਾਇਲਾਂ ਦੇ ਰੂਪ ਵਿੱਚ ਹੀਟ ਸ਼ੀਲਡ ਸਿਸਟਮ ਸਨ ਯਾਨਿ ਕਿ ਉਹ ਪੁਲਾੜ ਯਾਨ 'ਤੇ ਵਿਸ਼ੇਸ਼ ਟਾਇਲਾਂ ਲਗਾਉਂਦੇ ਸਨ ਜੋ ਬਹੁਤ ਜ਼ਿਆਦਾ ਗਰਮੀ ਦਾ ਸਾਹਮਣਾ ਕਰ ਸਕਦੀਆਂ ਸਨ, ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਆਪਣੇ ਘਰਾਂ ਦੀਆਂ ਕੰਧਾਂ 'ਤੇ ਟਾਇਲਾਂ ਲਗਾਉਂਦੇ ਹਾਂ।"

ਡਾਕਟਰ ਟੀ.ਵੀ. ਵੈਂਕਟੇਸ਼ਵਰਨ ਕਹਿੰਦੇ ਹਨ, "ਇਹੀ ਕਾਰਨ ਹੈ ਕਿ ਰੂਸ ਦੇ ਸੋਯੂਜ਼ ਵਰਗੇ ਡਿਸਪੋਸੇਬਲ ਪੁਲਾੜ ਯਾਨ ਵਿੱਚ ਪੂਰੀ ਤਾਪ-ਰੋਧੀ ਪ੍ਰਣਾਲੀ ਹੈ। ਇਹ ਦੁਰਘਟਨਾ ਕੋਲੰਬੀਆ ਪੁਲਾੜ ਯਾਨ ਦੀ ਟਾਇਲ ਤਾਪ-ਰੋਧੀ ਪ੍ਰਣਾਲੀ ਨੂੰ ਹੋਏ ਨੁਕਸਾਨ ਕਾਰਨ ਹੋਈ ਸੀ।"

1 ਫਰਵਰੀ, 2003 ਨੂੰ ਜਦੋਂ ਕੋਲੰਬੀਆ ਪੁਲਾੜ ਯਾਨ ਧਰਤੀ ਦੇ ਵਾਯੂਮੰਡਲ ਵਿੱਚ ਦਾਖ਼ਲ ਹੋਇਆ, ਤਾਂ ਉਸ ਦੇ ਚਾਰੇ ਪਾਸੇ ਬਣੇ ਪਲਾਜ਼ਮਾ ਗਿਲਾਫ਼ ਅਤੇ ਅੱਤ ਦੀ ਗਰਮੀ ਨੇ ਕਲਪਨਾ ਚਾਵਲਾ ਸਮੇਤ ਸੱਤ ਪੁਲਾੜ ਯਾਤਰੀਆਂ ਦੀ ਜਾਨ ਲੈ ਲਈ।

ਨਾਸਾ ਦਾ ਕਹਿਣਾ ਹੈ ਕਿ ਕੋਲੰਬੀਆ ਯਾਨ ਦੇ ਖੱਬੇ ਵਿੰਗ ਵਿੱਚ ਇੱਕ ਸੁਰਾਖ਼ ਦੇ ਕਾਰਨ ਵਾਯੂਮੰਡਲ ਤੋਂ ਬਹੁਤ ਜ਼ਿਆਦਾ ਗਰਮ ਗੈਸਾਂ ਅੰਦਰ ਆ ਗਈਆਂ, ਜਿਸ ਨਾਲ ਯਾਨ ਅਸਥਿਰ ਹੋ ਗਿਆ ਅਤੇ ਟੁੱਟ ਗਿਆ।

ਨਾਸਾ ਦੀ ਰਿਪੋਰਟ ਵਿੱਚ ਖ਼ਾਸ ਤੌਰ 'ਤੇ ਕਿਹਾ ਗਿਆ ਹੈ ਕਿ 'ਰੇਡੀਓ ਬਲੈਕਆਊਟ' ਦੇ 41 ਸਕਿੰਟਾਂ ਦੇ ਅੰਦਰ, ਕਲਪਨਾ ਚਾਵਲਾ ਸਮੇਤ ਸੱਤ ਲੋਕਾਂ ਨੂੰ ਅਹਿਸਾਸ ਹੋਇਆ ਕਿ ਪੁਲਾੜ ਯਾਨ ਉਨ੍ਹਾਂ ਦੇ ਕੰਟਰੋਲ ਤੋਂ ਬਾਹਰ ਹੈ ਅਤੇ ਉਨ੍ਹਾਂ ਨੇ ਐਮਰਜੈਂਸੀ ਉਪਾਅ ਕੀਤੇ, ਪਰ ਉਹ ਪੁਲਾੜ ਯਾਨ ਦਾ ਕੰਟਰੋਲ ਮੁੜ ਹਾਸਲ ਕਰਨ ਵਿੱਚ ਅਸਮਰੱਥ ਰਹੇ।

'ਰੇਡੀਓ ਬਲੈਕਆਊਟ' ਨੂੰ ਘਟਾਉਣ ਲਈ ਨਾਸਾ ਦੀਆਂ ਕੋਸ਼ਿਸ਼ਾਂ

ਇੱਕ ਹੋਰ ਉਦਾਹਰਣ ਰੂਸੀ ਸੋਯੂਜ਼ 11 ਪੁਲਾੜ ਯਾਨ ਹੈ, ਜੋ ਕਿ 1971 ਵਿੱਚ ਤਿੰਨ ਪੁਲਾੜ ਯਾਤਰੀਆਂ ਨਾਲ ਧਰਤੀ 'ਤੇ ਵਾਪਸ ਆ ਰਿਹਾ ਸੀ। 'ਵਾਯੂਮੰਡਲ ਵਿੱਚ ਮੁੜ-ਪ੍ਰਵੇਸ਼' ਦੌਰਾਨ ਕੁਝ ਮਿੰਟਾਂ ਲਈ ਇਸ ਦਾ ਧਰਤੀ ਨਾਲ ਸੰਪਰਕ ਟੁੱਟ ਗਿਆ। ਫਿਰ ਪੈਰਾਸ਼ੂਟ ਤਾਇਨਾਤ ਕੀਤੇ ਗਏ ਅਤੇ ਇਹ ਸਫਲਤਾਪੂਰਵਕ ਉਤਰਿਆ।

ਹਾਲਾਂਕਿ, ਜਦੋਂ ਬਚਾਅ ਟੀਮ ਨੇ ਸੋਯੂਜ਼ ਪੁਲਾੜ ਯਾਨ ਦੇ ਦਰਵਾਜ਼ੇ ਖੋਲ੍ਹੇ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਇਸ ਦੇ ਅੰਦਰ ਮੌਜੂਦ ਸਾਰੇ ਤਿੰਨੇ ਪੁਲਾੜ ਯਾਤਰੀ ਮਰ ਚੁੱਕੇ ਸਨ।

ਬਾਅਦ ਵਿੱਚ ਇਹ ਦੱਸਿਆ ਗਿਆ ਕਿ ਪੁਲਾੜ ਯਾਨ ਦੇ ਕੈਬਿਨ ਵਿੱਚ ਹਵਾ ਦਾ ਦਬਾਅ ਘੱਟ ਹੋਣ ਨਾਲ ਤਿੰਨ ਰੂਸੀ ਪੁਲਾੜ ਯਾਤਰੀਆਂ ਦੀ ਮੌਤ ਹੋ ਗਈ। 'ਰੇਡੀਓ ਬਲੈਕਆਊਟ' ਕਾਰਨ ਉਹ ਕੰਟਰੋਲ ਸੈਂਟਰ ਤੋਂ ਕੋਈ ਨਿਰਦੇਸ਼ ਪ੍ਰਾਪਤ ਕਰਨ ਤੋਂ ਅਸਮਰੱਥ ਸਨ।

ਨਾਸਾ ਮਜ਼ਬੂਤ ਅਤੇ ਆਧੁਨਿਕ ਹੀਟ ਸ਼ੀਲਡਾਂ ਨਾਲ ਪਲਾਜ਼ਮਾ ਗਿਲਾਫ਼ ਦੇ ਪ੍ਰਭਾਵਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ 'ਰੇਡੀਓ ਬਲੈਕਆਊਟ' ਦਾ ਸਮਾਂ ਪੁਲਾੜ ਯਾਨ ਦੀ ਗਤੀ ਦੇ ਆਧਾਰ 'ਤੇ ਵੱਧ ਸਕਦਾ ਹੈ। ਹਾਲਾਂਕਿ, ਗਤੀ ਜ਼ਿਆਦਾ ਹੋਣ 'ਤੇ ਤਾਪਮਾਨ ਵੀ ਜ਼ਿਆਦਾ ਹੁੰਦਾ ਹੈ।

ਇਸ ਦਾ ਮਤਲਬ ਹੈ, ਜ਼ਿਆਦਾ ਗਤੀ ਤਾਂ ਜ਼ਿਆਦਾ ਗਰਮੀ ਅਤੇ ਜ਼ਿਆਦਾ 'ਬਲੈਕਆਊਟ ਟਾਈਮ'। ਇਸ ਲਈ ਪੁਲਾੜ ਯਾਨ ਦੀ ਹੀਟ ਸ਼ੀਲਡ ਨੂੰ ਉਸ ਹਿਸਾਬ ਨਾਲ ਡਿਜ਼ਾਈਨ ਕੀਤਾ ਜਾਣਾ ਚਾਹੀਦਾ ਹੈ।

ਉਦਾਹਰਣ ਲਈ, ਨਾਸਾ ਦਾ ਓਰੀਅਨ ਪੁਲਾੜ ਯਾਨ ਆਪਣੇ ਚਾਲਕ ਦਲ ਨੂੰ 'ਵਾਯੂਮੰਡਲ ਵਿੱਚ ਮੁੜ-ਪ੍ਰਵੇਸ਼' ਦੀ ਗਰਮੀ ਤੋਂ ਬਚਾਉਣ ਲਈ ਆਪਣੀ ਹੀਟ ਸ਼ੀਲਡ ਪ੍ਰਣਾਲੀ ਵਿੱਚ ਅਵਕੋਟ ਟਾਇਲਾਂ ਦੀ ਵਰਤੋਂ ਕਰਦਾ ਹੈ। ਇਹ ਵਿਸ਼ੇਸ਼ ਟਾਇਲਾਂ 2760 ਡਿਗਰੀ ਸੈਲਸੀਅਸ ਤੱਕ ਦੇ ਤਾਪਮਾਨ ਨੂੰ ਸਹਿ ਸਕਦੀਆਂ ਹਨ।

"ਇਹ 'ਰੇਡੀਓ ਬਲੈਕਆਊਟ' ਪੁਲਾੜ ਯਾਤਰਾ ਵਿੱਚ ਸਭ ਤੋਂ ਚੁਣੌਤੀਪੂਰਨ ਚੀਜ਼ਾਂ ਵਿੱਚੋਂ ਇੱਕ ਹੈ। ਨਾਸਾ ਅਤੇ ਸਪੇਸਐਕਸ ਵਰਗੀਆਂ ਕੰਪਨੀਆਂ ਉਨ੍ਹਾਂ ਕੁਝ ਮਿੰਟਾਂ ਨੂੰ ਹੋਰ ਵੀ ਘੱਟ ਕਰਨ ਲਈ ਬਹੁਤ ਕੋਸ਼ਿਸ਼ਾਂ ਕਰ ਰਹੀਆਂ ਹਨ। ਪਰ ਸੱਚਾਈ ਇਹ ਹੈ ਕਿ ਅਜੇ ਤੱਕ ਬਹੁਤੀ ਪ੍ਰਗਤੀ ਨਹੀਂ ਹੋਈ ਹੈ।"

ਡਾ. ਟੀ.ਵੀ. ਵੈਂਕਟੇਸ਼ਵਰਨ ਕਹਿੰਦੇ ਹਨ, "ਇਹੀ ਕਾਰਨ ਹੈ ਕਿ ਉਹ ਪੁਲਾੜ ਯਾਤਰੀਆਂ ਨੂੰ ਵਾਯੂਮੰਡਲ ਦੇ ਮੁੜ-ਪ੍ਰਵੇਸ਼ ਦੇ ਪ੍ਰਭਾਵਾਂ, ਖ਼ਾਸ ਕਰਕੇ ਗਰਮੀ ਤੋਂ ਬਚਾਉਣ ਲਈ ਬਹੁਤ ਧਿਆਨ ਦਿੰਦੇ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)