ਪੈਟਰੋਲ ਤੋਂ ਬਾਅਦ ਜਹਾਜ਼ਾਂ ਦੇ ਇੰਧਨ 'ਚ ਹੋਵੇਗੀ ਈਥਨੌਲ ਦੀ ਵਰਤੋਂ, ਕੀ ਪੰਜਾਬ ਦੇ ਕਿਸਾਨਾਂ ਨੂੰ ਹੋ ਸਕਦਾ ਹੈ ਫਾਇਦਾ

    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕਾ ਵਿੱਚ ਸਾਲ 2023 ਵਿੱਚ ਵਰਜਿਨ ਐਟਲਾਂਟਿਕ ਵੱਲੋਂ ਚਲਾਏ ਆਪਣੀ ਹੀ ਕਿਸਮ ਦੇ ਪਹਿਲੇ ਟਿਕਾਊ ਹਵਾਬਾਜ਼ੀ ਬਾਲਣ (Sustainable Aviation Fuel-SAF) ਵਾਲੇ ਜਹਾਜ਼ ਨੇ ਜਦੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਨਿਊਯਾਰਕ ਦੇ ਜੇਐੱਫਕੇ ਹਵਾਈ ਅੱਡੇ ਤੱਕ ਉਡਾਣ ਭਰੀ ਤਾਂ ਇਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ।

ਬੀਤੇ 3 ਸਤੰਬਰ ਨੂੰ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਟਿਕਾਊ ਹਵਾਬਾਜ਼ੀ ਬਾਲਣ (ਐਸਏਐੱਫ) ਨੂੰ ਹਵਾਈ ਉਡਾਣ ਖੇਤਰ ਨੂੰ ਕਾਰਬਨ ਮੁਕਤ ਕਰਨ ਲਈ ਇੱਕ ਵਿਹਾਰੀ ਅਤੇ ਤਤਕਾਲ ਹੱਲ ਦੱਸਿਆ।

ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।

ਦਰਅਸਲ, ਈਥਨੌਲ ਤੋਂ ਐੱਸਏਐੱਫ਼ ਤਿਆਰ ਕਰਨ ਲਈ ਇਸ ਨੂੰ ਇਕ ਰਸਾਇਣਕ ਪ੍ਰਕਿਰਿਆ ਰਾਹੀਂ "ਐਲਕੋਹਲ-ਟੂ-ਜੈੱਟ (ਏਟੀਜੇ)" ਤਰੀਕੇ ਨਾਲ ਬਦਲਿਆ ਜਾਂਦਾ ਹੈ, ਜੋ ਕਿ ਫਸਲਾਂ ਜਾਂ ਖੇਤੀਬਾੜੀ ਦੀ ਰਹਿੰਦ ਖੂੰਹਦ ਤੋਂ ਬਣਦਾ ਹੈ।

ਇਹ ਰਿਵਾਇਤੀ ਜਹਾਜ਼ੀ ਇੰਧਨ ਨਾਲ ਮਿਲਾ ਕੇ ਜਹਾਜ਼ਾਂ ਵਿੱਚ ਸਿੱਧਾ ਵਰਤਿਆ ਜਾ ਸਕਦਾ ਹੈ ਅਤੇ ਕਾਰਬਨ ਦੀ ਪੈਦਾਵਾਰ ਨੂੰ ਘਟਾਉਂਦਾ ਹੈ।

ਇੱਕ ਤਾਜ਼ਾ ਰਿਪੋਰਟ ਵਿੱਚ ਈਥਨੌਲ ਤੋਂ ਤਿਆਰ ਕੀਤੇ ਗਏ ਅਲਕੋਹਲ-ਟੂ-ਜੈਟ (ਏਟੀਜੇ) ਐੱਸਏਐੱਫ਼ ਦਾ ਜ਼ਿਕਰ ਕੀਤਾ ਗਿਆ ਹੈ। ਇਸ ਨੂੰ ਭਾਰਤ ਲਈ ਕਾਰਬਨ ਦੀ ਨਿਕਾਸੀ ਘਟਾਉਣ, ਕੱਚੇ ਤੇਲ ਦੀ ਦਰਾਮਦ ਨੂੰ ਘੱਟ ਕਰਨ ਅਤੇ ਹਰੇ ਖੇਤਰ ਵਿੱਚ ਰੁਜ਼ਗਾਰ ਪੈਦਾ ਕਰਨ ਲਈ ਸਭ ਤੋਂ ਰਣਨੀਤਕ ਰਸਤੇ ਵਜੋਂ ਦਰਸਾਇਆ ਗਿਆ ਹੈ।

ਇਸ ਲਈ ਪੰਜਾਬ ਅਤੇ ਯੂਪੀ ਵਰਗੇ ਸੂਬਿਆਂ ਵਿੱਚ ਖੇਤੀਬਾੜੀ ਦੀ ਰਹਿੰਦ-ਖੂੰਹਦ ਐੱਸਏਐੱਫ਼ ਕਲੱਸਟਰਾਂ ਨਾਲ ਜੋੜਨ ਦੀ ਸਲਾਹ ਵੀ ਦਿੱਤੀ ਗਈ ਹੈ।

ਹਾਲਾਂਕਿ ਇਸ ਤੋਂ ਪਹਿਲਾਂ ਭਾਰਤ ਸਰਕਾਰ ਪੈਟਰੋਲ ਵਿੱਚ 20 ਫ਼ੀਸਦ ਈਥਨੌਲ ਦੀ ਮਿਲਾਵਟ ਸ਼ੁਰੂ ਕਰ ਚੁੱਕੀ ਹੈ, ਜਿਸ ਤੋਂ ਬਾਅਦ ਵਾਹਨ ਚਾਲਕਾਂ ਵੱਲੋਂ ਤਿੱਖਾ ਪ੍ਰਤੀਕਰਮ ਦੇਖਣ ਨੂੰ ਮਿਲ ਰਿਹਾ ਹੈ।

ਟਿਕਾਊ ਹਵਾਬਾਜ਼ੀ ਬਾਲਣ ਕੀ ਹੈ?

ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ, ਟਿਕਾਊ ਹਵਾਬਾਜ਼ੀ ਬਾਲਣ (ਐਸਏਐਫ) ਜੈਵਿਕ ਬਾਲਣ (ਤੇਲ, ਕੋਲਾ, ਕੁਦਰਤੀ ਗੈਸ) ਦਾ ਬਦਲ ਹੈ। ਇਹ ਨਵਿਆਉਣਯੋਗ ਸਰੋਤਾਂ ਤੋਂ ਬਣਦਾ ਹੈ।

ਇਸ ਵਿੱਚ ਵਰਤਿਆ ਹੋਇਆ ਖਾਣਾ ਪਕਾਉਣ ਵਾਲਾ ਤੇਲ, ਸਬਜ਼ੀਆਂ ਦਾ ਤੇਲ ਅਤੇ ਖੇਤੀਬਾੜੀ ਦੀ ਰਹਿੰਦ-ਖੂੰਹਦ ਦੇ ਨਾਲ-ਨਾਲ ਫੜੀ ਗਈ ਕਾਰਬਨ ਡਾਈਆਕਸਾਈਡ ਵੀ ਸ਼ਾਮਲ ਹੋ ਸਕਦੀ ਹੈ।

ਇਸ ਤਰ੍ਹਾਂ ਦੇ ਬਾਲਣਾਂ ਨੂੰ ਸਾੜਨ ਦਾ ਫਾਇਦਾ ਇਹ ਹੈ ਕਿ ਇਹ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਿੱਚ ਓਨਾ ਵਾਧਾ ਨਹੀਂ ਕਰਦੇ।

ਦਰਅਸਲ, ਹਵਾਬਾਜ਼ੀ ਉਦਯੋਗ 'ਤੇ ਜੈੱਟ ਈਂਧਨ ਦਾ ਬਦਲ ਲੱਭਣ ਦਾ ਦਬਾਅ ਹੈ।

ਏਅਰਬੱਸ ਅਤੇ ਬੋਇੰਗ ਦੋਵਾਂ ਦੀਆਂ ਭਵਿੱਖਬਾਣੀਆਂ ਦੇ ਅਨੁਸਾਰ, ਅਗਲੇ ਦੋ ਦਹਾਕਿਆਂ ਵਿੱਚ ਗਲੋਬਲ ਏਅਰਲਾਈਨਰ ਫਲੀਟ ਦੇ ਦੁੱਗਣੇ ਤੋਂ ਵੱਧ ਹੋਣ ਦੀ ਉਮੀਦ ਹੈ, ਕਿਉਂਕਿ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਵਿੱਚ ਮੱਧ ਵਰਗ ਫੈਲਦਾ ਜਾ ਰਿਹਾ ਹੈ ਅਤੇ ਹਵਾਈ ਯਾਤਰਾ ਦੀ ਮੰਗ ਵਧਦੀ ਹੈ।

ਇਸ ਦੇ ਨਾਲ ਹੀ, ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ, ਜੋ ਕਿ ਏਅਰਲਾਈਨਾਂ ਦੀ ਨੁਮਾਇੰਦਗੀ ਕਰਦੀ ਹੈ, ਉਸ ਦੇ ਮੈਂਬਰ 2050 ਤੱਕ ਕਾਰਬਨ ਦੀ ਨਿਕਾਸੀ ਨੂੰ ਜ਼ੀਰੋ ਤੱਕ ਪਹੁੰਚਣ ਲਈ ਵਚਨਬੱਧ ਹਨ।

ਪੁਰਾਣੇ ਜਹਾਜ਼ਾਂ ਨੂੰ ਨਵੇਂ ਜਹਾਜ਼ਾਂ ਨਾਲ ਬਦਲ ਕੇ ਕੁਝ ਲਾਭ ਲਏ ਜਾਣਗੇ। ਸਭ ਤੋਂ ਆਧੁਨਿਕ ਜਹਾਜ਼ ਪੁਰਾਣਿਆਂ ਨਾਲੋਂ 15 ਤੋਂ 30% ਤੇਲ ਘੱਟ ਖਰਚ ਕਰਦੇ ਹਨ। ਫਿਰ ਵੀ ਜੇਕਰ ਉਦਯੋਗ ਦਾ ਵਿਸਥਾਰ ਕਰਨਾ ਹੈ, ਤਾਂ ਹੋਰ ਬਹੁਤ ਕੁਝ ਦੀ ਲੋੜ ਹੋਵੇਗੀ।

ਟਿਕਾਊ ਬਾਲਣ ਬਣਾਉਣ ਦੇ ਬਹੁਤ ਸਾਰੇ ਵੱਖ-ਵੱਖ ਤਰੀਕੇ ਅਤੇ ਰਸਤੇ ਹਨ। ਇਨ੍ਹਾਂ ਨੂੰ ਬਾਇਓਮਾਸ ਤੋਂ ਬਣਾਇਆ ਜਾ ਸਕਦਾ ਹੈ, ਜਿਵੇਂ ਕਿ ਰਹਿੰਦ-ਖੂੰਹਦ, ਖਾਣਾ ਪਕਾਉਣ ਵਾਲਾ ਤੇਲ, ਊਰਜਾ ਵਾਲੀਆਂ ਫਸਲਾਂ, ਲੱਕੜ, ਖੇਤੀਬਾੜੀ ਦੀ ਰਹਿੰਦ-ਖੂੰਹਦ ਅਤੇ ਇੱਥੋਂ ਤੱਕ ਕਿ ਮਨੁੱਖੀ ਰਹਿੰਦ-ਖੂੰਹਦ ਤੋਂ ਵੀ।

ਬੀਤੇ ਦਿਨੀਂ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਨੇ ਏਅਰ ਇੰਡੀਆ ਨੂੰ ਟਿਕਾਊ ਹਵਾਬਾਜ਼ੀ ਬਾਲਣ (ਐਸਏਐਫ) ਦੀ ਸਪਲਾਈ ਲਈ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ, ਜਿਸ ਦੇ ਤਹਿਤ ਪਾਣੀਪਤ ਰਿਫਾਈਨਰੀ ਵਿੱਚ ਵਰਤੇ ਖਾਣੇ ਦੇ ਤੇਲ ਤੋਂ ਟਿਕਾਊ ਹਵਾਬਾਜ਼ੀ ਬਾਲਣ ਦੇ ਉਤਪਾਦਨ ਦੀ ਦਸੰਬਰ ਮਹੀਨੇ ਸ਼ੁਰੂਆਤ ਹੋਵੇਗੀ।

ਕੀ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ?

ਨਾਇਡੂ ਨੇ ਟਿਕਾਊ ਹਵਾਬਾਜ਼ੀ ਬਾਲਣ ਦੇ ਉਤਪਾਦਨ ਵਿੱਚ ਭਾਰਤ ਦੇ ਆਤਮਨਿਰਭਰ ਬਣਨ ਦੀ ਤਿਆਰੀ ਨੂੰ ਵੀ ਦੁਹਰਾਇਆ।

ਉਨ੍ਹਾਂ ਕਿਹਾ ਕਿ ਭਾਰਤ ਨੇ 2027 ਤੱਕ 1% ਮਿਲਾਵਟ, 2028 ਤੱਕ 2% ਅਤੇ 2030 ਤੱਕ 5% ਐੱਸਏਐੱਫ਼ ਮਿਲਾਵਟ ਦਾ ਟੀਚਾ ਬਣਾਇਆ ਹੈ।

ਸੌਖੇ ਸ਼ਬਦਾਂ ਵਿੱਚ 1% ਮਿਲਾਵਟ ਦਾ ਮਤਲਬ ਹੈ ਕਿ ਜਹਾਜ਼ ਦੇ ਇੰਧਨ ਵਿੱਚ 1% ਹਿੱਸਾ ਐੱਸਏਐੱਫ਼ (SAF) ਅਤੇ 99% ਰਿਵਾਇਤੀ ਇੰਧਨ ਮਿਲਾਇਆ ਜਾਂਦਾ ਹੈ।

ਕੇਂਦਰੀ ਮੰਤਰੀ ਮੁਤਾਬਕ, ਭਾਰਤ 750 ਮਿਲੀਅਨ ਮੀਟ੍ਰਿਕ ਟਨ ਤੋਂ ਵੱਧ ਮੌਜੂਦ ਬਾਇਓਮਾਸ ਅਤੇ ਲਗਭਗ 230 ਮਿਲੀਅਨ ਮੀਟ੍ਰਿਕ ਟਨ ਵਾਧੂ ਖੇਤੀਬਾੜੀ ਰਹਿੰਦ-ਖੂੰਹਦ ਦੇ ਨਾਲ ਨਾ ਸਿਰਫ਼ ਆਪਣੀ ਐੱਸਏਐੱਫ਼ ਦੀ ਮੰਗ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ, ਸਗੋਂ ਇੱਕ ਵਿਸ਼ਵਵਿਆਪੀ ਮੋਹਰੀ ਅਤੇ ਨਿਰਯਾਤਕ ਵਜੋਂ ਵੀ ਉਭਰਨ ਦੀ ਸਮਰੱਥਾ ਰੱਖਦਾ ਹੈ।

ਉਨ੍ਹਾਂ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਐੱਸਏਐੱਫ਼ ਦਾ ਉਤਪਾਦਨ ਨਾ ਸਿਰਫ਼ ਕੱਚੇ ਤੇਲ ਦੀ ਦਰਾਮਦ ਨੂੰ ਘਟਾਏਗਾ ਅਤੇ ਸਲਾਨਾ 20-25 ਮਿਲੀਅਨ ਟਨ (ਗੰਧਲਾ ਕਰਨ ਵਾਲੀਆਂ ਗੈਸਾਂ ਦੇ) ਨਿਕਾਸ ਨੂੰ ਘਟਾਏਗਾ, ਸਗੋਂ ਖੇਤੀਬਾੜੀ ਰਹਿੰਦ-ਖੂੰਹਦ ਅਤੇ ਬਾਇਓਮਾਸ ਲਈ ਇੱਕ ਮਜ਼ਬੂਤ ਲੜੀ ਬਣਾ ਕੇ ਕਿਸਾਨਾਂ ਦੀ ਆਮਦਨ ਨੂੰ ਵੀ ਵਧਾਏਗਾ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਕਹਿੰਦੇ ਹਨ ਕਿ ਈਥਨੌਲ ਦੀ ਟਿਕਾਊ ਹਵਾਬਾਜ਼ੀ ਬਾਲਣ ਵਜੋਂ ਵਰਤੋਂ ਨਾਲ ਕਿਸਾਨਾਂ ਨੂੰ ਫਾਇਦਾ ਮਿਲੇਗਾ।

ਸਤਬੀਰ ਸਿੰਘ ਗੋਸਲ ਦੱਸਦੇ ਹਨ ਕਿ ਪੰਜਾਬ ਵਿੱਚ ਮੱਕੀ ਤੋਂ ਜ਼ਿਆਦਾ ਚੰਗਾ ਈਥਨੌਲ ਪੈਦਾ ਹੁੰਦਾ ਹੈ ਅਤੇ ਇਸ ਦੇ ਪੰਜਾਬ ਵਿੱਚ ਸੱਤ-ਅੱਠ ਯੂਨਿਟ ਲੱਗ ਚੁੱਕੇ ਹਨ।

ਉਹ ਕਹਿੰਦੇ ਹਨ, "ਅਸੀਂ ਸਾਉਣੀ ਦੇ ਸੀਜ਼ਨ ਦੌਰਾਨ ਮੱਕੀ ਨੂੰ ਜੁਲਾਈ ਦੇ ਪਹਿਲੇ ਹਫ਼ਤੇ ਲਗਾਉਂਦੇ ਅਤੇ ਸਤੰਬਰ ਵਿੱਚ ਵੱਢਦੇ ਹਾਂ। ਅਸੀਂ ਇਸ ਨੂੰ ਹੋਰ ਹੁਲਾਰਾ ਦੇਣਾ ਚਾਹੁੰਦੇ ਹਾਂ ਕਿਉਂਕਿ ਇਸ ਨਾਲ ਝੋਨੇ ਹੇਠਲਾ ਰਕਬਾ ਘਟ ਜਾਵੇਗਾ। ਇਹ ਪੰਜਾਬ ਲਈ ਵੀ ਵਧੀਆ ਹੋਵੇਗਾ ਜੇ ਈਥਨੌਲ ਬਣੇਗਾ ਅਤੇ ਝੋਨੇ ਹੇਠਲਾ ਰਕਬਾ ਵੀ ਘਟੇਗਾ।"

ਹਾਲਾਂਕਿ, ਈਥਨੌਲ ਗੰਨੇ ਅਤੇ ਝੋਨੇ ਦੀ ਰਹਿੰਦ-ਖੂਹਦ ਤੋਂ ਵੀ ਬਣਦਾ ਹੈ ਪਰ ਡਾਕਟਰ ਸਤਬੀਰ ਸਿੰਘ ਕਹਿੰਦੇ ਹਨ ਕਿ ਝੋਨੇ ਦੀ ਪਰਾਲੀ ਤੋਂ ਈਥਨੌਲ ਦਾ ਉਤਪਾਦਨ ਘੱਟ ਹੁੰਦਾ ਹੈ ਪਰ ਮੱਕੀ ਤੋਂ ਜ਼ਿਆਦਾ ਪੈਦਾਵਾਰ ਹੁੰਦੀ ਹੈ ਅਤੇ ਅਮਰੀਕਾ ਵਿੱਚ ਵੀ ਮੱਕੀ ਤੋਂ ਈਥਨੌਲ ਪੈਦਾ ਕੀਤਾ ਜਾਂਦਾ ਹੈ।

ਉਹ ਕਹਿੰਦੇ ਹਨ, "ਪੰਜਾਬ ਵਿੱਚ ਮੱਕੀ ਦੀ ਪੈਦਾਵਾਰ ਦਾ ਖ਼ਰਚਾ ਕੁਝ ਜਿਆਦਾ ਹੁੰਦਾ ਹੈ ਪਰ ਯੂਪੀ ਅਤੇ ਬਿਹਾਰ ਵਿੱਚ ਇਸ ਦੀ ਪੈਦਾਵਾਰ ਸਸਤੀ ਹੁੰਦੀ ਹੈ, ਇਸ ਲਈ ਕਈ ਵਾਰ ਪੰਜਾਬ ਦੀਆਂ ਮਿੱਲਾਂ ਵਾਲੇ ਉੱਥੋਂ ਖ਼ਰੀਦ ਲਿਆਉਂਦੇ ਹਨ।"

ਹਾਲਾਂਕਿ, ਖੇਤੀਬਾੜੀ ਮਾਹਰ ਦਵਿੰਦਰ ਸ਼ਰਮਾ ਇਸ ਨੂੰ ਪੰਜਾਬ ਅਤੇ ਕਿਸਾਨਾਂ ਲਈ ਠੀਕ ਨਹੀਂ ਮੰਨਦੇ।

ਦਵਿੰਦਰ ਸ਼ਰਮਾ ਕਹਿੰਦੇ, "ਫ਼ਸਲਾਂ ਦੀ ਪੈਦਾਵਾਰ ਦਾ ਮਤਲਬ ਲੋਕਾਂ ਦਾ ਪੇਟ ਭਰਨਾ ਹੈ, ਕਾਰਾਂ ਚਲਾਉਣਾ ਨਹੀਂ ਹੈ। ਜਦੋਂ ਦੁਨੀਆਂ ਦੇ ਭੁੱਖੇ ਪੇਟ ਸੌਣ ਵਾਲੇ ਲੋਕਾਂ ਵਿੱਚ ਭਾਰਤ ਦੇ ਲੋਕਾਂ ਦੀ ਗਿਣਤੀ ਵੱਡੀ ਹੈ ਤਾਂ ਫ਼ਿਰ ਸਾਨੂੰ ਕਾਰਾਂ ਲਈ ਪੈਦਾਵਾਰ ਕਿਉਂ ਕਰਨੀ ਚਾਹੀਦੀ ਹੈ। ਇਹ ਸਿਰਫ਼ ਇਸ ਲਈ ਨਹੀਂ ਕਿ ਅਮਰੀਕਾ ਕਰ ਰਿਹਾ ਤਾਂ ਅਸੀਂ ਵੀ ਕਰਾਂਗੇ।"

ਉਹ ਕਹਿੰਦੇ ਹਨ, "ਹਰੀ ਕ੍ਰਾਂਤੀ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਝੋਨੇ ਬਾਰੇ ਕੁਝ ਪਤਾ ਨਹੀਂ ਸੀ। ਇਹ ਵੀ ਸਰਕਾਰਾਂ ਵੱਲੋਂ ਲਗਵਾਇਆ ਗਿਆ। ਹੁਣ ਜਦੋਂ ਝੋਨਾ ਧਰਤੀ ਹੇਠਲਾ ਪਾਣੀ ਖਤਮ ਕਰ ਰਿਹਾ ਹੈ ਅਤੇ ਪ੍ਰਦੂਸ਼ਣ ਕਰ ਰਿਹਾ ਹੈ ਤਾਂ ਕਿਸਾਨਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਈਥਨੌਲ ਲਈ ਮੱਕੀ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ, ਇਹ ਵੀ ਤਾਂ ਝੋਨੇ ਜਿੰਨਾ 3000 ਲੀਟਰ ਪਾਣੀ ਲੈਂਦੀ ਹੈ। ਜਦੋਂ ਇੱਕ ਫ਼ਸਲ ਵਾਰ-ਵਾਰ ਬਿਜਵਾਈ ਜਾਵੇਗੀ ਤਾਂ ਇਹ ਧਰਤੀ ਦਾ ਨੁਕਸਾਨ ਕਰੇਗੀ ਅਤੇ ਕੈਮੀਕਲ ਵੱਖਰਾ ਨੁਕਸਾਨ ਕਰਨੇਗੇ।"

ਦਵਿੰਦਰ ਸ਼ਰਮਾ ਕਹਿੰਦੇ ਹਨ, "ਲੋਕਾਂ ਵਿੱਚ ਇਹ ਵੀ ਬਹਿਸ ਹੋ ਰਹੀ ਹੈ ਕਿ ਈਥਨੌਲ ਨਾਲ ਕਾਰਾਂ ਦੀ ਮਾਈਲੇਜ ਘੱਟ ਆਉਣ ਲੱਗੀ ਹੈ। ਦਰਅਸਲ, ਸਾਨੂੰ ਇਸ ਦੀ ਲੋੜ ਨਹੀਂ ਹੈ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)