ਹਰਿਮੰਦਰ ਸਾਹਿਬ ਕੰਪਲੈਕਸ ਉੱਤੇ ਹਵਾਈ ਸੁਰੱਖਿਆ ਗੰਨਾਂ ਦੀ ਤੈਨਾਤੀ ਬਾਰੇ ਭਾਰਤੀ ਫੌਜ ਨੇ ਹੁਣ ਇਹ ਬਿਆਨ ਦਿੱਤਾ

ਤਸਵੀਰ ਸਰੋਤ, Getty Images
ਭਾਰਤੀ ਫੌਜ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਫੌਜ ਵੱਲੋਂ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਕਿਸੇ ਤਰੀਕੇ ਦੀਆਂ ਏਅਰ ਡਿਫੈਂਸ ਗੰਨਾਂ ਦੀ ਤਾਇਨਾਤੀ ਨਹੀਂ ਕੀਤੀ ਗਈ ਸੀ।
ਸੋਮਵਾਰ ਨੂੰ ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਜਨਰਲ ਸੁਮੇਰ ਇਵਾਨ ਦੀ ਖ਼ਬਰ ਏਜੰਸੀ ਏਐੱਨਆਈ ਨੂੰ ਦਿੱਤੀ ਇੰਟਰਵੀਊ ਦੌਰਾਨ ਇੱਕ ਬਿਆਨ ਦਿੱਤਾ ਗਿਆ ਸੀ ਜੋ ਵਿਵਾਦ ਦਾ ਕਾਰਨ ਬਣ ਗਿਆ।
ਲੈਫ਼ਟੀਨੈਂਟ ਜਨਰਲ ਸੁਮੇਰ ਇਵਾਨ ਨੇ ਕਿਹਾ ਸੀ, ''ਭਾਰਤ ਪਾਕਿਸਤਾਨ ਤਣਾਅ ਦੇ ਦਿਨਾਂ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਸਾਨੂੰ ਹਵਾਈ ਸੁਰੱਖਿਆ ਗੰਨਾਂ ਲਗਾਉਣ ਦੀ ਇਜ਼ਾਜਤ ਦਿੱਤੀ ਸੀ।"
ਇਸ ਦਾਅਵੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।
ਬਾਅਦ ਵਿੱਚ ਭਾਰਤੀ ਫੌਜ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ, “ਕੁਝ ਮੀਡੀਆ ਰਿਪੋਰਟਾਂ ਵਿੱਚ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਏਅਰ ਡਿਫੈਂਸ ਗੰਨਾਂ ਲਗਾਏ ਜਾਣ ਦੀਆਂ ਖ਼ਬਰਾਂ ਛਪੀਆਂ ਹਨ।”
“ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ (ਗੋਲਡਨ ਟੈਂਪਲ) ਦੇ ਕੰਪਲੈਕਸ ਵਿੱਚ ਕੋਈ ਵੀ ਏਡੀ ਬੰਦੂਕਾਂ ਜਾਂ ਕੋਈ ਹੋਰ ਏਡੀ ਸਰੋਤ ਤਾਇਨਾਤ ਨਹੀਂ ਕੀਤਾ ਗਿਆ ਸੀ।”
ਇਸ ਤੋਂ ਪਹਿਲਾਂ ਜਿਸ ਤਰੀਕੇ ਦੇ ਬਿਆਨ ਭਾਰਤੀ ਫੌਜ ਦੇ ਅਫ਼ਸਰਾਂ ਵੱਲੋਂ ਆਏ ਸੀ ਉਸ ਉੱਤੇ ਟਿੱਪਣੀ ਕਰਦਿਆਂ ਹੋਇਆਂ
ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਇਨ੍ਹਾਂ ਬਿਆਨਾਂ ਨੂੰ ਹੈਰਾਨੀਜਨਕ ਕਰਾਰ ਦਿੱਤਾ ਸੀ।
ਸ੍ਰੀ ਹਰਿਮੰਦਰ ਸਾਹਿਬ ਸਿੱਖ ਧਰਮ ਦਾ ਕੇਂਦਰੀ ਰੂਹਾਨੀ ਅਸਥਾਨ ਹੈ, ਜਿਸ ਨੂੰ ਗੋਲਡਨ ਟੈਂਪਲ ਅਤੇ ਸ੍ਰੀ ਦਰਬਾਰ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇੱਥੇ ਸਿੱਖਾਂ ਦੇ ਨਾਲ-ਨਾਲ ਸਭ ਧਰਮਾਂ ਤੇ ਵਰਣਾਂ ਦੇ ਲੋਕ ਨਤਮਸਤਕ ਹੁੰਦੇ ਹਨ।
ਐਡੀਸ਼ਨਲ ਮੁੱਖ ਗ੍ਰੰਥੀ ਅਮਰਜੀਤ ਸਿੰਘ ਨੇ ਕਿਹਾ, "ਬੀਤੇ ਦਿਨੀਂ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਬਲੈਕਆਊਟ ਸਬੰਧੀ ਦਿੱਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਸਹਿਯੋਗ ਕੀਤਾ ਗਿਆ ਸੀ।"
"ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀਆਂ ਬਾਹਰਲੀਆਂ ਤੇ ਉੱਪਰਲੀਆਂ ਲਾਈਟਾਂ ਤੈਅ ਸਮੇਂ ਸੀਮਾ ਲਈ ਬੰਦ ਕੀਤੀਆਂ ਗਈਆਂ ਸਨ, ਪਰ ਜਿੱਥੇ-ਜਿੱਥੇ ਗੁਰੂ ਦਰਬਾਰ ਦੀ ਮਰਿਆਦਾ ਚੱਲਦੀ ਹੈ, ਉਨ੍ਹਾਂ ਥਾਵਾਂ ਉੱਤੇ ਲਾਈਟਾਂ ਜਗਦੀਆਂ ਰੱਖ ਕੇ ਪੂਰੀ ਜਿੰਮੇਵਾਰੀ ਨਾਲ ਮਰਿਆਦਾ ਨਿਭਾਈ ਗਈ ਹੈ।"
22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿੱਚ 'ਆਪਰੇਸ਼ਨ ਸਿੰਦੂਰ' ਦੇ ਨਾਂ ਹੇਠ ਫੌਜੀ ਕਾਰਵਾਈ ਕੀਤੀ। ਇਸ ਦੌਰਾਨ ਪਾਕਿਸਤਾਨ ਵੱਲੋਂ ਵੀ ਕਾਰਵਾਈ ਕੀਤੀ ਗਈ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਜੰਗ ਵਰਗੇ ਹਾਲਾਤ ਦੌਰਾਨ ਪੰਜਾਬ ਦਾ ਸਰਹੱਦੀ ਖੇਤਰ ਖਾਸ ਨਿਸ਼ਾਨੇ ਉੱਤੇ ਰਿਹਾ ਹੈ।
ਦਰਬਾਰ ਸਾਹਿਬ ਨੇ ਨਕਾਰਿਆ ਫ਼ੌਜ ਦਾ ਦਾਅਵਾ

ਤਸਵੀਰ ਸਰੋਤ, Getty Images
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਗਿਆਨੀ ਅਮਰਜੀਤ ਸਿੰਘ ਨੇ ਕਿਹਾ ਕਿ ਭਾਰਤੀ ਫ਼ੌਜ ਦੇ ਲੈਫਟੀਨੈਂਟ ਜਨਰਲ ਵੱਲੋਂ ਇਹ ਦਾਅਵਾ ਕਰਨਾ ਕਿ ਆਪਰੇਸ਼ਨ ਸਿੰਦੂਰ ਦੌਰਾਨ ਹੈੱਡ ਗ੍ਰੰਥੀ ਵੱਲੋਂ ਫ਼ੌਜ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀਆਂ ਹਵਾਈ ਸੁਰੱਖਿਆ ਗੰਨਾਂ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਇਹ ਮੂਲੋਂ ਗਲਤ ਹੈ।"
"ਅਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਗੰਨਾਂ ਲਗਾਉਣ ਜਿਹਾ ਘਟਨਾਕ੍ਰਮ ਇਸ ਪਾਵਨ ਅਸਥਾਨ ਉੱਤੇ ਪ੍ਰਵਾਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਮੂਹ, ਲੰਗਰ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਅਖੰਡ ਪਾਠ ਸਾਹਿਬਾਨ ਵਾਲੇ ਅਸਥਾਨ ਅਤੇ ਹੋਰ ਸਬੰਧਤ ਗੁਰ ਅਸਥਾਨਾਂ ਦੀ ਰੋਜ਼ਾਨਾ ਚੱਲਣ ਵਾਲੀ ਮਰਿਆਦਾ ਲਾਜ਼ਮੀ ਹੁੰਦੀ ਹੈ, ਜਿਸ ਵਿੱਚ ਕਿਸੇ ਕਿਸਮ ਦਾ ਵਿਘਨ ਪਾਉਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ।
"ਬੀਤੇ ਦਿਨੀਂ ਬਣੇ ਹਾਲਾਤ ਦੇ ਚੱਲਦਿਆਂ ਵੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਗੁਰੂ ਦਰਬਾਰ ਦੀ ਸਮੁੱਚੀ ਮਰਿਆਦਾ ਪੂਰਨ ਸਮਰਪਣ ਭਾਵ ਅਤੇ ਦ੍ਰਿੜ੍ਹਤਾ ਨਾਲ ਜਾਰੀ ਰੱਖੀ ਗਈ ਹੈ।"
ਉਨ੍ਹਾਂ ਕਿਹਾ ਕਿ ਬਲੈਕਆਊਟ ਦੇ ਸਮੇਂ ਕਿਸੇ ਵੀ ਗੁਰ ਅਸਥਾਨ ਜਿੱਥੇ ਮਰਿਆਦਾ ਚੱਲਦੀ ਹੋਵੇ ਉਸ ਦੀਆਂ ਲਾਈਟਾਂ ਬੰਦ ਨਹੀਂ ਕੀਤੀਆਂ ਗਈਆਂ।
ਭਾਰਤੀ ਫ਼ੌਜ ਦੇ ਅਧਿਕਾਰੀ ਵਲੋਂ ਅਜਿਹਾ ਬਿਆਨ ਦਿੱਤੇ ਜਾਣ ਨੂੰ ਅਮਰਜੀਤ ਸਿੰਘ ਨੇ ''ਗ਼ਲਤ ਅਤੇ ਹੈਰਾਨੀਜਨਕ'' ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਬਤੌਰ ਐਡੀਸ਼ਨਲ ਮੁੱਖ ਗ੍ਰੰਥੀ ਉਹ ਇਹ ਗੱਲ ਦਾਅਵੇ ਨਾਲ ਕਹਿ ਰਹੇ ਹਨ ਕਿ ਗੰਨਾਂ ਲਗਾਉਣ ਸਬੰਧੀ ਕੋਈ ਪ੍ਰਵਾਨਗੀ ਫ਼ੌਜ ਨੂੰ ਨਹੀਂ ਦਿੱਤੀ ਗਈ।
ਪ੍ਰਬੰਧਕੀ ਤੌਰ 'ਤੇ ਨਹੀਂ ਲਈ ਗਈ ਕੋਈ ਪ੍ਰਵਾਨਗੀ- ਧਾਮੀ

ਤਸਵੀਰ ਸਰੋਤ, Getty Images
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਫੌਜੀ ਅਧਿਕਾਰੀ ਦੇ ਬਿਆਨਾਂ ਉੱਤੇ ਪ੍ਰਤੀਕਰਮ ਦਿੱਤਾ ਹੈ।
ਧਾਮੀਨ ਨੇ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਉਨ੍ਹਾਂ ਨਾਲ ਬਲੈਕਆਊਟ ਦੇ ਸਮੇਂ ਲਾਈਟਾਂ ਬੰਦ ਕਰਵਾਉਣ ਸਬੰਧੀ ਸੰਪਰਕ ਕੀਤਾ ਗਿਆ ਸੀ, ਜਿਸ ਸਬੰਧੀ ਪ੍ਰਬੰਧਕੀ ਤੌਰ ਉੱਤੇ ਜ਼ਿੰਮੇਵਾਰੀ ਸਮਝਦਿਆਂ ਪੂਰਨ ਸਹਿਯੋਗ ਕੀਤਾ ਗਿਆ।
ਉਨ੍ਹਾਂ ਕਿਹਾ, ''ਭਾਰਤੀ ਫ਼ੌਜ ਦੇ ਅਧਿਕਾਰੀਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਵਾਈ ਸੁਰੱਖਿਆ ਗੰਨਾਂ ਲਗਾਉਣ ਸਬੰਧੀ ਕਿਸੇ ਕਿਸਮ ਦਾ ਸੰਪਰਕ ਨਹੀਂ ਕੀਤਾ ਗਿਆ।''
ਧਾਮੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ ਲਈ ਐਡੀਸ਼ਨਲ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨਾਲ ਸਲਾਹ ਕਰਕੇ ਬਾਹਰੀ ਲਾਈਟਾਂ ਹੀ ਬੰਦ ਕਰਵਾਈਆਂ ਗਈਆਂ ਸਨ।
ਐਡਵੋਕੇਟ ਧਾਮੀ ਨੇ ਕਿਹਾ ਕਿ ਬਲੈਕਆਊਟ ਦੌਰਾਨ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਤੇ ਸੇਵਾ ਕਰਨ ਪੁੱਜਦੀ ਰਹੀ ਹੈ ਅਤੇ ਜੇਕਰ ਗੰਨਾਂ ਲਗਾਉਣ ਜਿਹੀ ਕੋਈ ਘਟਨਾ ਵਾਪਰੀ ਹੁੰਦੀ ਤਾਂ ਸੰਗਤ ਨੇ ਵੀ ਇਸ ਨੂੰ ਜ਼ਰੂਰ ਦੇਖਿਆ ਹੁੰਦਾ ਅਤੇ ਨੋਟਿਸ ਕੀਤਾ ਹੁੰਦਾ।
ਉਨ੍ਹਾਂ ਕਿਹਾ ਕਿ ਫੌਜ ਦੇ ਇੱਕ ਅਧਿਕਾਰੀ ਵੱਲੋਂ ਅਜਿਹੀ ਗੱਲ ਨੂੰ ਅੱਗੇ ਵਧਾਉਣਾ ਹੈਰਾਨੀਜਨਕ ਹੈ।
ਧਾਮੀ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਨੂੰ ਇਹ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਫ਼ੌਜ ਦੇ ਅਧਿਕਾਰੀਆਂ ਵੱਲੋਂ ਅਜਿਹੇ ਬਿਆਨ ਕਿਉਂ ਦਿੱਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਬਣੇ ਤਣਾਅਪੂਰਨ ਹਾਲਾਤ ਵਿੱਚ ਦੇਸ ਅਤੇ ਫ਼ੌਜ ਵੱਲੋਂ ਨਿਭਾਈ ਭੂਮਿਕਾ ਸ਼ਲਾਘਾਯੋਗ ਹੈ ਪਰ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਬਾਰੇ ਕਈ ਦਿਨਾਂ ਬਾਅਦ ਅਜਿਹੀ ਗ਼ਲਤ ਜਾਣਕਾਰੀ ਫ਼ੈਲਾਉਣੀ ਹੈਰਾਨੀਜਨਕ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਵਜੋਂ ਐਡਵੋਕੇਟ ਧਾਮੀ ਨੇ ਸਪੱਸ਼ਟ ਕੀਤਾ ਕਿ ਗੰਨਾਂ ਲਗਾਉਣ ਲਈ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ।
'ਗ਼ਲਤ ਅਤੇ ਝੂਠਾ ਪ੍ਰਾਪੇਗੰਡਾ'- ਗਿਆਨੀ ਰਘਬੀਰ ਸਿੰਘ

ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵੀ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਭਾਵੇਂ ਕਿ ਜਦੋਂ ਬੀਤੇ ਦਿਨੀਂ ਫ਼ੌਜ ਦੀ ਕਾਰਵਾਈ ਚੱਲ ਰਹੀ ਸੀ, ਉਹ ਉਸ ਸਮੇਂ ਵਿਦੇਸ਼ ਦੌਰੇ ਉੱਤੇ ਸਨ, ਪਰ ਇਸ ਦੌਰਾਨ ਉਨ੍ਹਾਂ ਨਾਲ ਗੰਨਾਂ ਲਗਾਉਣ ਸਬੰਧੀ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਅਜਿਹੀ ਕੋਈ ਗੱਲ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਹੈ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਸਾਹਿਬ ਅੰਦਰ ਕਿਸੇ ਕਿਸਮ ਦਾ ਕੋਈ ਡਰ ਦਾ ਮਾਹੌਲ ਨਹੀਂ ਹੈ। ਸੰਗਤਾਂ ਬਿਲਕੁਲ ਬੇਫ਼ਿਕਰ ਹੋਕੇ ਦਰਬਾਰ ਸਾਹਿਬ ਆ ਰਹੀਆਂ ਹਨ।

ਫ਼ੌਜ ਦੇ ਦਾਅਵੇ ਬਾਰੇ ਉਨ੍ਹਾਂ ਕਿਹਾ, "ਮੈਨੂੰ ਇਸ ਬਾਰੇ ਰਾਤ ਇੱਕ ਸੁਨੇਹਾ ਆਇਆ ਸੀ ਕਿ ਭਾਰਤੀ ਫ਼ੌਜ ਦੇ ਇੱਕ ਲੈਫ਼ਟੀਨੈਂਟ ਜਨਰਲ ਨੇ ਦਾਅਵਾ ਕੀਤਾ ਹੈ ਪਾਕਿਸਤਾਨ ਵਲੋਂ ਹਰਮਿੰਦਰ ਸਾਹਿਬ ਨੂੰ ਡਰੋਨ ਅਤੇ ਮਿਜ਼ਾਇਲਾਂ ਜ਼ਰੀਏ ਨਿਸ਼ਾਨਾਂ ਬਣਾਇਆ ਜਾਣਾ ਸੀ। ਪਰ ਭਾਰਤੀ ਫ਼ੌਜ ਨੇ ਉਨ੍ਹਾਂ (ਪਾਕਿਸਤਾਨ) ਦੇ ਇਸ ਮਨਸੂਬੇ ਨੂੰ ਫ਼ੇਲ ਕਰ ਦਿੱਤਾ।"
ਰਘਬੀਰ ਸਿੰਘ ਨੇ ਕਿਹਾ,"ਸੰਗਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਦੇ ਬਿਆਨ ਦੀ ਨਿੰਦਾ ਕੀਤੀ ਗਈ ਹੈ, ਇਹ ਵੀ ਕਿਹਾ ਗਿਆ ਕਿ ਇਹ ਘਰ ਅਜਿਹਾ ਘਰ ਹੈ ਜਿੱਥੋਂ ਹਰ ਇੱਕ ਨੂੰ ਜੀਵਨ ਦਾਨ ਮਿਲਦਾ ਹੈ। ਇੱਥੋਂ ਜ਼ਿੰਦਗੀ ਦਾਨ ਮਿਲਦੀ ਹੈ। ਕੋਈ ਵੀ ਇੱਥੇ ਹਮਲਾ ਕਰਨ ਬਾਰੇ ਸੋਚ ਨਹੀਂ ਸਕਦਾ।"
ਗਿਆਨੀ ਰਘਬੀਰ ਸਿੰਘ ਨੇ ਫ਼ੌਜੀ ਅਧਿਕਾਰੀ ਦੇ ਬਿਆਨ ਨੂੰ ਗ਼ਲਤ ਅਤੇ ਝੂਠਾ ਪ੍ਰਾਪੇਗੰਡਾ ਕਰਾਰ ਦਿੱਤਾ ਹੈ।
ਫ਼ੌਜੀ ਅਧਿਕਾਰੀ ਦਾ ਦਾਅਵਾ

ਤਸਵੀਰ ਸਰੋਤ, ANI
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪੰਜਾਬ ਦੇ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਸਰਹੱਦ 'ਤੇ ਤੈਨਾਤ ਫੌਜੀਆਂ ਨੇ 'ਆਪ੍ਰੇਸ਼ਨ ਸਿੰਦੂਰ' ਬਾਰੇ ਅਹਿਮ ਅਪਡੇਟਸ ਸਾਂਝੇ ਕੀਤੇ।
ਇਸੇ ਦੌਰਾਨ ਮੇਜਰ ਜਨਰਲ ਕਾਰਤਿਕ ਸੀ ਸਸ਼ਾਦਰੀ, ਜੀਓਸੀ, 15 ਇਨਫੈਂਟਰੀ ਡਿਵੀਜ਼ਨ ਨੇ ਕਿਹਾ, "ਪੂਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨੀ ਫ਼ੌਜ ਨੇ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਆਪਣੇ ਦਹਿਸ਼ਤਰਗਦਾਂ ਰਾਹੀਂ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਨਿਹੱਥੇ ਸੈਲਾਨੀਆਂ 'ਤੇ ਯੋਜਨਾਬੱਧ ਢੰਗ ਨਾਲ ਹਮਲਾ ਕੀਤਾ ਸੀ।"
"ਇਸ ਤੋਂ ਬਾਅਦ, ਭਾਰਤ ਦੀ ਮਜ਼ਬੂਤ ਅਗਵਾਈ ਹੇਠ 'ਆਪ੍ਰੇਸ਼ਨ ਸਿੰਦੂਰ' ਸ਼ੁਰੂ ਕੀਤਾ ਗਿਆ। ਅਸੀਂ ਸਿਰਫ਼ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਸੀ ਅਤੇ ਕੋਈ ਹੋਰ ਜਾਨੀ ਨੁਕਸਾਨ ਨਹੀਂ ਹੋਇਆ।"
ਉਨ੍ਹਾਂ ਨੇ ਕਿਹਾ, "ਨੌਂ ਟਿਕਾਣਿਆਂ ਵਿੱਚੋਂ, ਸੱਤ ਨੂੰ ਭਾਰਤੀ ਫੌਜ ਨੇ ਵਿਸ਼ੇਸ਼ ਤੌਰ 'ਤੇ ਤਬਾਹ ਕਰ ਦਿੱਤਾ। ਇਨ੍ਹਾਂ ਵਿੱਚ ਲਾਹੌਰ ਨੇੜੇ ਦਾ ਮੁਰੀਦਕੇ ਸ਼ਹਿਰ ਸ਼ਾਮਲ ਸੀ, ਜਿਸ ਵਿੱਚ ਲਸ਼ਕਰ-ਏ-ਤਾਇਬਾ ਹੈੱਡਕੁਆਰਟਰ ਸੀ ਅਤੇ ਬਹਾਵਲਪੁਰ ਸ਼ਾਮਲ ਸੀ, ਜਿੱਥੇ ਜੈਸ਼-ਏ-ਮੁਹੰਮਦ (ਜੇਈਐਮ) ਦਾ ਹੈੱਡਕੁਆਰਟਰ ਹੈ। ਇਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਸੀ।"
''ਹਮਲੇ ਤੋਂ ਤੁਰੰਤ ਬਾਅਦ, ਅਸੀਂ ਇੱਕ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਅਸੀਂ ਜਾਣਬੁਝ ਕੇ ਕਿਸੇ ਵੀ ਪਾਕਿਸਤਾਨੀ ਫੌਜੀ ਜਾਂ ਨਾਗਰਿਕ ਨੂੰ ਨਿਸ਼ਾਨਾ ਨਹੀਂ ਬਣਾਇਆ।"
ਮੇਜਰ ਜਨਰਲ ਕਾਰਤਿਕ ਸੀ ਸੇਸ਼ਾਦਰੀ ਨੇ ਅੱਗੇ ਕਿਹਾ, "ਇਹ ਜਾਣਦੇ ਹੋਏ ਕਿ ਪਾਕਿਸਤਾਨੀ ਫੌਜ ਕੋਲ ਕੋਈ ਜਾਇਜ਼ ਨਿਸ਼ਾਨਾ ਨਹੀਂ ਹੈ, ਅਸੀਂ ਅੰਦਾਜ਼ਾ ਲਗਾਇਆ ਸੀ ਕਿ ਉਹ ਧਾਰਮਿਕ ਸਥਾਨਾਂ, ਭਾਰਤ ਦੇ ਫੌਜੀ ਟਿਕਾਣਿਆਂ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਗੇ। ਇਨ੍ਹਾਂ ਵਿੱਚੋਂ, ਦਰਬਾਰ ਸਾਹਿਬ ਸਭ ਤੋਂ ਪ੍ਰਮੁੱਖ ਜਾਪਦਾ ਸੀ।"
"ਸਾਨੂੰ ਵਾਧੂ ਖ਼ੁਫ਼ੀਆ ਜਾਣਕਾਰੀ ਵੀ ਮਿਲੀ ਕਿ ਉਹ (ਪਾਕਿਸਤਾਨ) ਵੱਡੀ ਗਿਣਤੀ ਵਿੱਚ ਡਰੋਨ ਅਤੇ ਮਿਜ਼ਾਈਲਾਂ ਨਾਲ ਦਰਬਾਰ ਸਾਹਿਬ 'ਤੇ ਹਮਲਾ ਕਰਨਗੇ, ਇਸ ਲਈ ਅਸੀਂ ਤੁਰੰਤ ਆਧੁਨਿਕ, ਵਾਧੂ ਅਤੇ ਢੁਕਵੀਂ ਹਵਾਈ ਰੱਖਿਆ ਪ੍ਰਦਾਨ ਕੀਤੀ। ਅਸੀਂ ਗੋਲਡਨ ਟੈਂਪਲ 'ਤੇ ਇੱਕ ਵੀ ਝਰੀਟ ਨਹੀਂ ਪੈਣ ਦਿੱਤੀ।"
"ਪਾਕਿਸਤਾਨ ਨੇ ਮਨੁੱਖ ਰਹਿਤ ਹਵਾਈ ਹਥਿਆਰਾਂ, ਮੁੱਖ ਤੌਰ 'ਤੇ ਡਰੋਨ ਅਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਇੱਕ ਵਿਸ਼ਾਲ ਹਵਾਈ ਹਮਲਾ ਕੀਤਾ।''
''ਅਸੀਂ ਪੂਰੀ ਤਰ੍ਹਾਂ ਤਿਆਰ ਸੀ ਕਿਉਂਕਿ ਸਾਨੂੰ ਇਸਦਾ ਅੰਦਾਜ਼ਾ ਸੀ ਅਤੇ ਸਾਡੇ ਸੁਚੇਤ ਆਰਮੀ ਏਅਰ ਡਿਫੈਂਸ ਗਨਰਾਂ ਨੇ ਹਰਿਮੰਦਰ ਸਾਹਿਬ 'ਤੇ ਨਿਸ਼ਾਨਾ ਬਣਾਏ ਗਏ ਸਾਰੇ ਡਰੋਨ ਅਤੇ ਮਿਜ਼ਾਈਲਾਂ ਨੂੰ ਮਾਰ ਸੁੱਟਿਆ। ਇਸ ਤਰ੍ਹਾਂ, ਸਾਡੇ ਪਵਿੱਤਰ ਹਰਿਮੰਦਰ ਸਾਹਿਬ 'ਤੇ ਇੱਕ ਵੀ ਝਰੀਟ ਨਹੀਂ ਆਉਣ ਦਿੱਤੀ ਗਈ।"
ਲੈਫ਼ਟੀਨੈਂਟ ਜਨਰਲ ਡੀਕੂਨਾ ਨੇ ਕੀ ਕਿਹਾ

ਤਸਵੀਰ ਸਰੋਤ, ANI
ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਜਨਰਲ ਸੁਮੇਰ ਇਵਾਨ ਡੀਕੂਨਾ ਨੇ ਮੇਜਰ ਜਨਰਲ ਕਾਰਤਿਕ ਦੇ ਬਿਆਨ ਬਾਰੇ ਖ਼ਬਰ ਏਜੰਸੀ ਏਐੱਨਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦੁਹਰਾਇਆ।
ਲੈਫ਼ਟੀਨੈਂਟ ਜਨਰਲ ਡੀਕੂਨਾ ਨੇ ਕਿਹਾ, "ਅਸੀਂ ਪਾਕਿਸਤਾਨ ਦੀ ਸਮਰੱਥਾ ਦਾ ਅੰਦਾਜ਼ਾ ਲਾਉਣ ਦੇ ਕਾਬਿਲ ਸੀ। ਉਨ੍ਹਾਂ ਕੋਲ ਨਿਸ਼ਾਨਾ ਬਣਾਉਣ ਲਈ ਕੋਈ ਖਾਸ ਥਾਂ ਨਹੀਂ ਸੀ।"
"ਇਸ ਲਈ ਅਸੀਂ ਅੰਦਾਜ਼ਾ ਲਾ ਸਕਦੇ ਸੀ ਕਿ ਉਹ ਸਾਡੇ ਆਮ ਨਾਗਰਿਕਾਂ ਅਤੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ।"
"ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਸਾਨੂੰ ਗੰਨ ਲਗਾਉਣ ਦੀ ਇਜ਼ਾਜਤ ਦਿੱਤੀ। ਕਈ ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਦਰਬਾਰ ਸਾਹਿਬ ਦੀਆਂ ਲਾਈਟਾਂ ਬੰਦ ਕੀਤੀਆਂ ਗਈਆਂ ਹੋਣ।"

ਤਸਵੀਰ ਸਰੋਤ, ANI
ਲੈਫ਼ਟੀਨੈਂਟ ਜਨਰਲ ਡੀਕੂਨਾ ਨੇ ਕਿਹਾ, "ਦਰਬਾਰ ਸਾਹਿਬ ਦੀਆਂ ਲਾਈਟਾਂ ਇਸ ਲਈ ਬੰਦ ਕੀਤੀਆਂ ਗਈਆਂ ਤਾਂ ਜੋ ਅਸੀਂ ਆਉਣ ਵਾਲੇ ਡਰੋਨਾਂ ਨੂੰ ਸਾਫ਼ ਦੇਖ ਸਕੀਏ।"
"ਦਰਬਾਰ ਸਾਹਿਬ ਦੇ ਅਹੁਦੇਦਾਰ ਨੇ ਇਹ ਸਮਝਿਆ ਕਿ ਸੰਭਾਵਿਤ ਖ਼ਤਰਾ ਹੈ। ਇਸ ਲਈ ਉਨ੍ਹਾਂ ਨੇ ਸਾਨੂੰ ਕੌਮੀ ਅਤੇ ਕੌਮਾਂਤਰੀ ਸਥਾਨ ਜਿੱਥੇ ਹਰ ਰੋਜ਼ ਹਜ਼ਾਰਾਂ-ਲੱਖਾਂ ਲੋਕ ਆਉਂਦੇ ਹਨ ਦੀ ਸੁਰੱਖਿਆ ਲਈ ਗੰਨਾਂ ਲਗਾਉਣ ਦੀ ਇਜ਼ਾਜਤ ਦਿੱਤੀ।"
ਸ਼੍ਰੋਮਣੀ ਕਮੇਟੀ ਕਿਵੇਂ ਹੋਂਦ ਵਿੱਚ ਆਈ
ਗੁਰਦੁਆਰਾ ਐਕਟ 1925 ਤਹਿਤ ਬਣੀ ਸ਼੍ਰੋਮਣੀ ਕਮੇਟੀ ਦੀ ਪਹਿਲੇ 21 ਸਾਲਾਂ ਦੀ ਕਹਾਣੀ ਬੜੀ ਰੋਚਕ ਹੈ। ਪੰਜਾਬ ਸਰਕਾਰ ਨੇ ਪਹਿਲੀ ਗੁਰਦੁਆਰਾ ਚੋਣ 18 ਜੂਨ 1926 ਨੂੰ ਕਰਵਾਈ ਸੀ।
ਚੋਣ ਸੰਗਰਾਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ 'ਚ ਸਰਦਾਰ ਬਹਾਦਰ ਮਹਿਤਾਬ ਸਿੰਘ ਦਾ ਧੜਾ ਨਿੱਤਰਿਆ ਸੀ। ਸਰਦਾਰ ਬਹਾਦਰ ਧੜੇ ਨੂੰ ਪੰਜਾਬ ਸਰਕਾਰ ਦੀ ਸ਼ਹਿ ਸੀ ਤੇ ਮਹਾਰਾਜਾ ਪਟਿਆਲਾ ਦੀ ਹੱਲਾਸ਼ੇਰੀ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜਾਹ ਸਾਲਾ ਇਤਿਹਾਸ' ਨਾਂਅ ਦੀ ਕਿਤਾਬ ਵਿੱਚ ਇਹ ਗੱਲ ਦਰਜ ਕੀਤੀ ਗਈ ਹੈ ਕਿ ਮਹਾਰਾਜਾ ਭੁਪਿੰਦਰ ਸਿੰਘ 1926 ਨੂੰ ਨਰੇਂਦਰ ਮੰਡਲ ਦੇ ਚਾਂਸਲਰ ਬਣ ਕੇ ਵਿਫਰ ਗਏ ਸੀ।
ਚੋਣ ਸੰਗਰਾਮ ਸ਼ੁਰੂ ਹੋਇਆ। ਇੱਕ ਦੂਜੇ ਖਿਲਾਫ਼ ਧੂੰਆਧਾਰ ਪ੍ਰਚਾਰ ਹੋਇਆ ਤੇ ਵੋਟਾਂ ਪਈਆਂ।
120 ਸੀਟਾਂ ਦੇ ਨਤੀਜੇ ਨਿਕਲੇ। ਸ਼੍ਰੋਮਣੀ ਅਕਾਲੀ ਦਲ ਦੇ 85 ਮੈਂਬਰ ਕਾਮਯਾਬ ਹੋਏ। ਸਰਦਾਰ ਬਹਾਦਰ ਨੂੰ 26 ਸੀਟਾਂ ਮਿਲੀਆਂ, ਸੁਧਾਰ ਕਮੇਟੀ ਦੇ 5 ਉਮੀਦਵਾਰ ਜਿੱਤੇ ਅਤੇ 4 ਆਜ਼ਾਦ ਉਮੀਦਵਾਰ ਜਿੱਤੇ।
ਲੋਕ ਮੱਤ ਰਾਹੀ ਚੁਣੀ ਗਈ ਪਹਿਲੀ ਸ਼੍ਰੋਮਣੀ ਕਮੇਟੀ ਦੀ ਪਹਿਲੀ ਮੀਟਿੰਗ ਮਿਤੀ 4 ਨਵੰਬਰ 1926 ਨੂੰ ਟਾਊਨ ਹਾਲ ਅੰਮ੍ਰਿਤਸਰ ਵਿਖੇ ਹੋਈ ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












