ਮੁਨੱਵਰ ਫਾਰੂਕੀ: ਗੁਜਰਾਤ ਦੇ ਦੰਗਿਆਂ 'ਚ ਉੱਜੜਨ ਤੋਂ ਲੈ ਕੇ ਬਿੱਗ ਬੌਸ ਦੇ ਜੇਤੂ ਬਣਨ ਤੱਕ ਦਾ ਸਫ਼ਰ

ਮੁਨੱਵਰ ਫਾਰੂਕੀ
    • ਲੇਖਕ, ਮਧੂ ਪਾਲ
    • ਰੋਲ, ਬੀਬੀਸੀ ਸਹਿਯੋਗੀ

ਮੁਨੱਵਰ ਫਾਰੂਕੀ ਰਿਐਲਿਟੀ ਸ਼ੋਅ ਬਿੱਗ ਬੌਸ 17 ਦੇ ਜੇਤੂ ਬਣ ਗਏ ਹਨ।

ਐਤਵਾਰ ਦੇਰ ਰਾਤ ਇਸ ਸਸਪੈਂਸ ਨੂੰ ਖ਼ਤਮ ਕਰਦੇ ਹੋਏ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨੇ ਮੁਨੱਵਰ ਫਾਰੂਕੀ ਨੂੰ ਜੇਤੂ ਐਲਾਨ ਦਿੱਤਾ।

ਸ਼ੋਅ ਜਿੱਤਣ 'ਤੇ ਮੁਨੱਵਰ ਫਾਰੂਕੀ ਨੂੰ ਇਕ ਗੱਡੀ, 50 ਲੱਖ ਰੁਪਏ ਦਾ ਇਨਾਮ ਅਤੇ ਟਰਾਫੀ ਮਿਲੀ।

28 ਜਨਵਰੀ ਦਾ ਦਿਨ ਕਾਮੇਡੀਅਨ, ਗਾਇਕ ਅਤੇ ਲੇਖਕ ਮੁਨੱਵਰ ਲਈ ਵੀ ਖ਼ਾਸ ਹੈ ਕਿਉਂਕਿ ਇਹ ਉਨ੍ਹਾਂ ਦਾ ਜਨਮ ਦਿਨ ਵੀ ਹੁੰਦਾ ਹੈ।

ਮੁਨੱਵਰ ਫਾਰੂਕੀ ਬਿੱਗ ਬੌਸ ਵਿੱਚ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੱਕ ਰਹੇ। ਸ਼ੋਅ 'ਚ ਅਭਿਸ਼ੇਕ ਕੁਮਾਰ ਦੂਜੇ ਸਥਾਨ 'ਤੇ ਰਹੇ।

ਤਿੰਨ ਮਹੀਨੇ ਤੱਕ ਚੱਲੇ ਇਸ ਸ਼ੋਅ 'ਚ ਮੁਨੱਵਰ ਨੇ ਕਦੇ ਦਰਸ਼ਕਾਂ ਨੂੰ ਹਸਾਇਆ ਤੇ ਕਦੇ ਰਵਾਇਆ।

ਆਓ ਇਸ ਕਹਾਣੀ ਵਿੱਚ ਮੁਨੱਵਰ ਫਾਰੂਕੀ ਦੇ ਰਿਐਲਿਟੀ ਸ਼ੋਅ ਅਤੇ ਅਸਲ ਜ਼ਿੰਦਗੀ ਦੇ ਸਫ਼ਰ 'ਤੇ ਇੱਕ ਨਜ਼ਰ ਮਾਰੀਏ।

ਵੀਡੀਓ ਕੈਪਸ਼ਨ, ਭਾਂਡਿਆ ਦੀ ਦੁਕਾਨ ਉੱਤੇ ਕੰਮ ਕਰਨ ਵਾਲਾ ਮੁਨੱਵਰ ਕਿਵੇਂ ਮਸ਼ਹੂਰ ਹੋ ਗਿਆ

ਬਿਗ ਬੌਸ ਦੌਰਾਨ ਮੁਨੱਵਰ

ਬਿੱਗ ਬੌਸ ਸ਼ੋਅ ਦੌਰਾਨ ਮੁਨੱਵਰ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ।

ਸ਼ੋਅ ਵਿੱਚ ਇੱਕ ਦਿਲਚਸਪ ਮੋੜ ਉਦੋਂ ਆਇਆ ਜਦੋਂ ਆਇਸ਼ਾ ਨਾਮ ਦੀ ਇੱਕ ਪ੍ਰਤੀਭਾਗੀ ਨੇ ਐਂਟਰੀ ਲਈ। ਆਇਸ਼ਾ ਅਤੇ ਮੁਨੱਵਰ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ ਅਤੇ ਉਨ੍ਹਾਂ ਦਾ ਕਰੀਬੀ ਰਿਸ਼ਤਾ ਸੀ।

ਸ਼ੋਅ 'ਚ ਆਇਸ਼ਾ ਨੇ ਮੁਨੱਵਰ ਬਾਰੇ ਜੋ ਗੱਲਾਂ ਕਹੀਆਂ ਸਨ, ਉਨ੍ਹਾਂ ਦੀ ਉਸ ਸਮੇਂ ਕਾਫੀ ਚਰਚਾ ਹੋਈ ਸੀ। ਸ਼ੋਅ 'ਚ ਆਇਸ਼ਾ ਦੀ ਐਂਟਰੀ ਤੋਂ ਬਾਅਦ ਮੁਨੱਵਰ ਦੇ ਅਕਸ ਨੂੰ ਕਾਫੀ ਨੁਕਸਾਨ ਹੋਇਆ ਸੀ।

ਸ਼ੋਅ ਜਿੱਤਣ ਤੋਂ ਬਾਅਦ ਇੱਕ ਮੀਡੀਆ ਅਦਾਰੇ ਨੇ ਮੁਨੱਵਰ ਦਾ ਇੰਟਰਵਿਊ ਕੀਤਾ ਅਤੇ ਆਇਸ਼ਾ ਦੀ ਐਂਟਰੀ ਬਾਰੇ ਪੁੱਛਿਆ ਕਿ ਕੀ ਤੁਸੀਂ ਜਿੱਤਣ ਦੀ ਉਮੀਦ ਗੁਆ ਦਿੱਤੀ ਸੀ?

ਮੁਨੱਵਰ ਜਵਾਬ ਦਿੰਦੇ ਹਨ, "ਮੈਂ ਕਦੇ ਉਮੀਦ ਨਹੀਂ ਛੱਡੀ ਸੀ। ਹਾਂ, ਇੱਕ ਪਲ ਜ਼ਰੂਰ ਆਇਆ ਜਦੋਂ ਮੈਂ ਭਟਕ ਗਿਆ। ਪਰ ਮੈਂ ਸ਼ੋਅ ਜਿੱਤਣ ਦੀ ਉਮੀਦ ਕਦੇ ਨਹੀਂ ਛੱਡੀ।"

"ਬਿੱਗ ਬੌਸ ਦੇ ਘਰ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਸੀ, ਜਦੋਂ ਮੈਂ ਮਹਿਸੂਸ ਕੀਤਾ ਕਿ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਮੈਨੂੰ ਕੁਝ ਚੀਜ਼ਾਂ ਨੂੰ ਠੀਕ ਕਰਨੀਆਂ ਹੋਣਗੀਆਂ ਕਿਉਂਕਿ ਜੇਕਰ ਮੇਰੀ ਗੱਡੀ ਪੰਚਰ ਹੋ ਜਾਂਦੀ ਹੈ ਤਾਂ ਮੈਂ ਅੱਗੇ ਨਹੀਂ ਪਹੁੰਚ ਸਕਦਾ। ਇਸ ਲਈ ਮੈਂ ਰੁਕਿਆ, ਗੱਡੀ ਨੂੰ ਠੀਕ ਕੀਤਾ ਅਤੇ ਫਿਰ ਅੱਗੇ ਵਧਿਆ।"

ਜਦੋਂ ਮੁਨੱਵਰ ਨੂੰ ਪੁੱਛਿਆ ਗਿਆ ਕਿ ਕੁਝ ਲੋਕ ਤੁਹਾਨੂੰ ਔਰਤਾਂ ਦੇ ਮਾਮਲੇ 'ਚ ਧੋਖੇਬਾਜ਼ ਕਹਿੰਦੇ ਹਨ ਤਾਂ ਤੁਸੀਂ ਇਸ 'ਤੇ ਕੀ ਕਹੋਗੇ?

ਮੁਨੱਵਰ ਨੇ ਜਵਾਬ ਦਿੱਤਾ, "ਇਹ ਸੁਣ ਕੇ ਤਕਲੀਫ਼ ਹੁੰਦੀ ਹੈ। ਸੁਣ ਕੇ ਚੰਗਾ ਨਹੀਂ ਲੱਗਦਾ। ਮੇਰੇ ਲਈ ਇਹ ਸਾਰੀਆਂ ਚੀਜ਼ਾਂ ਹੈਰਾਨ ਕਰਨ ਵਾਲੀਆਂ ਹਨ। ਪਰ ਮੈਂ ਮੰਨਦਾ ਹਾਂ ਕਿ ਸਮੇਂ ਦੇ ਨਾਲ ਚੀਜ਼ਾਂ ਸੁਲਝ ਸਕਦੀਆਂ ਹਨ। ਮੈਂ ਜੋ ਕੀਤਾ ਉਸ ਲਈ ਮੈਂ ਸ਼ਰਮਿੰਦਾ ਹਾਂ।"

ਸ਼ੋਅ ਦੌਰਾਨ ਮੁਨੱਵਰ ਨੇ ਕਿਹਾ ਸੀ- "ਮੈਂ ਆਪਣੇ ਹਿਸਾਬ ਨਾਲ ਸ਼ੋਅ ਖੇਡਿਆ ਹੈ, ਕਦੇ ਕਿਸੇ ਦੀ ਪਿੱਠ ਪਿੱਛੇ ਚੁਗਲੀ ਨਹੀਂ ਕੀਤੀ।"

ਮੁਨੱਵਰ ਰਾਣਾ ਅਤੇ ਸਲਮਾਨ ਖ਼ਾਨ

ਤਸਵੀਰ ਸਰੋਤ, INSTA

ਸੋਸ਼ਲ ਮੀਡੀਆ 'ਤੇ ਮੁਨੱਵਰ ਦੀ ਫਾਲੋਇੰਗ

ਸੋਸ਼ਲ ਮੀਡੀਆ 'ਤੇ ਮੁਨੱਵਰ ਦੇ ਪ੍ਰਸ਼ੰਸਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਮੁਨੱਵਰ ਦੇ ਪ੍ਰਸ਼ੰਸਕ ਜਾਂ ਟੀਮ ਦੇ ਮੈਂਬਰ ਜਾਣਦੇ ਹਨ ਕਿ ਇੰਟਰਨੈੱਟ 'ਤੇ ਰੁਝਾਨਾਂ ਨੂੰ ਕਿਵੇਂ ਚਲਾਉਣਾ ਹੈ ਅਤੇ ਵੋਟਿੰਗ ਕਿਵੇਂ ਕਰਵਾਉਣੀ ਹੈ।

ਸ਼ੋਅ ਦੌਰਾਨ ਕਈ ਅਜਿਹੇ ਮੌਕੇ ਆਏ, ਜਦੋਂ ਮੁਨੱਵਰ ਨਾਲ ਜੁੜੇ ਹੈਸ਼ਟੈਗ ਸੋਸ਼ਲ ਮੀਡੀਆ 'ਤੇ ਟੌਪ ਟ੍ਰੈਂਡ 'ਚ ਰਹੇ।

ਇਸ ਤੋਂ ਪਹਿਲਾਂ ਵੀ ਮੁਨੱਵਰ ਮਈ 2022 ਵਿੱਚ ਇੱਕ ਰਿਐਲਿਟੀ ਸ਼ੋਅ ‘ਲੌਕ ਅੱਪ’ ਜਿੱਤ ਚੁੱਕੇ ਹਨ। ਇਸ ਸ਼ੋਅ ਦੀ ਹੋਸਟ ਕੰਗਨਾ ਰਣੌਤ ਸੀ।

ਇਸ ਸ਼ੋਅ 'ਚ ਮੁਨੱਵਰ ਤੋਂ ਇਲਾਵਾ ਅੰਜਲੀ ਅਰੋੜਾ, ਪਾਇਲ ਰੋਹਤਗੀ, ਸ਼ਿਵਮ ਫਿਨਾਲੇ 'ਚ ਪਹੁੰਚੇ ਸਨ।

ਲੌਕ ਅਪ ਸ਼ੋਅ ਤੋਂ ਬਚਣ ਦਾ ਇੱਕ ਤਰੀਕਾ ਸੀ ਆਪਣੇ ਰਾਜ਼ ਦੱਸਣਾ।

ਲੌਕ ਅੱਪ ਸ਼ੋਅ 'ਚ ਐਂਟਰੀ ਤੋਂ ਬਾਅਦ ਮੁਨੱਵਰ ਫਾਰੂਕੀ ਲਗਾਤਾਰ ਸੁਰਖ਼ੀਆਂ 'ਚ ਰਹੇ। ਕਦੇ ਆਪਣੀ ਮਾਂ ਦੀ ਕਹਾਣੀ ਸੁਣਾ ਕੇ ਅਤੇ ਕਦੇ ਆਪਣੇ ਬਚਪਨ ਵਿੱਚ ਹੋਏ ਜਿਨਸੀ ਸ਼ੋਸ਼ਣ ਦੀ ਕਹਾਣੀ ਸੁਣਾ ਕੇ।

ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੂੰ ਲੱਗਦਾ ਸੀ ਕਿ ਮੁਨੱਵਰ ਫਾਰੂਕੀ ਲੌਕ ਅੱਪ ਸ਼ੋਅ ਜਿੱਤ ਸਕਦੇ ਹਨ ਅਤੇ ਅਜਿਹਾ ਹੋਇਆ ਵੀ।

ਇਸ ਵਾਰ ਬਿੱਗ ਬੌਸ ਜਿੱਤਣ ਵਾਲੇ ਮੁਨੱਵਰ ਨੂੰ ਲੈ ਕੇ ਵੀ ਅਜਿਹੀਆਂ ਹੀ ਅੰਦਾਜ਼ੇ ਲਗਾਏ ਜਾ ਰਹੇ ਸਨ।

ਮੁਨੱਵਰ ਫਾਰੂਕੀ ਅਤੇ ਕੰਗਨਾ ਰਣੌਤ

ਤਸਵੀਰ ਸਰੋਤ, ALT BALAJI/TWITTER

ਮੁਨੱਵਰ ਦਾ ਬਚਪਨ

ਮੁਨੱਵਰ ਫਾਰੂਕੀ ਦਾ ਜਨਮ 1992 ਵਿੱਚ ਜੂਨਾਗੜ੍ਹ, ਗੁਜਰਾਤ ਵਿੱਚ ਹੋਇਆ ਸੀ।

ਮੁਨੱਵਰ ਨੇ ਕਈ ਵਾਰ ਦੱਸਿਆ ਹੈ ਕਿ 2002 ਦੇ ਗੁਜਰਾਤ ਦੰਗਿਆਂ ਵਿੱਚ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਸਨ, ਉਨ੍ਹਾਂ ਵਿੱਚ ਉਨ੍ਹਾਂ ਦਾ ਘਰ ਵੀ ਸ਼ਾਮਲ ਸੀ।

2002 ਦੇ ਦੰਗਿਆਂ ਤੋਂ ਬਾਅਦ ਮੁਨੱਵਰ ਮੁੰਬਈ ਦੇ ਡੋਂਗਰੀ ਆ ਕੇ ਆਪਣੇ ਪਰਿਵਾਰ ਨਾਲ ਰਹਿਣ ਲੱਗੇ।

ਇਹ ਉਹੀ ਡੋਂਗਰੀ ਹੈ, ਜਿੱਥੇ ਦਾਊਦ ਇਬਰਾਹਿਮ ਦਾ ਵੀ ਘਰ ਸੀ ਅਤੇ ਮੁਨੱਵਰ ਵੀ ਆਪਣੀਆਂ ਕਈ ਵੀਡੀਓਜ਼ 'ਚ ਇਸ ਮਾਮਲੇ 'ਤੇ ਲੋਕਾਂ ਦੇ ਸਵਾਲਾਂ ਅਤੇ ਸ਼ੱਕੀ ਨਜ਼ਰਾਂ ਦਾ ਮਜ਼ਾਕ ਉਡਾਉਂਦੇ ਨਜ਼ਰ ਆਉਂਦੇ ਹਨ।

ਗੁਜਰਾਤ ਤੋਂ ਡੋਂਗਰੀ ਆਉਣ ਦੇ ਕੁਝ ਸਮੇਂ ਬਾਅਦ ਮੁਨੱਵਰ ਦੀ ਮਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮੁਨੱਵਰ ਫਾਰੂਕੀ ਨੇ ਦੱਸਿਆ ਸੀ ਕਿ ਉਹ ਬਚਪਨ ਵਿੱਚ ਭਾਂਡੇ ਵੇਚਣ ਅਤੇ ਗ੍ਰਾਫਿਕ ਕਲਾਕਾਰ ਵਜੋਂ ਕੰਮ ਕਰਦਾ ਸੀ।

ਮੁਨੱਵਰ ਫਾਰੂਕੀ ਅਤੇ ਸਲਮਾਨ ਖ਼ਾਨ

ਤਸਵੀਰ ਸਰੋਤ, COLORS PR

ਮੁਨੱਵਰ ਫਾਰੂਕੀ ਕਾਮੇਡੀ ਦੀ ਦੁਨੀਆ 'ਚ ਕਿਵੇਂ ਆਏ?

'ਦਿ ਪ੍ਰਿੰਟ' ਵਿੱਚ ਛਪੀ ਇੱਕ ਰਿਪੋਰਟ ਵਿੱਚ ਮੁਨੱਵਰ ਦੇ ਦੋਸਤ ਅਤੇ ਕਾਮੇਡੀ ਸ਼ੋਅ ਦਾ ਆਯੋਜਨ ਕਰਨ ਵਾਲੀ ‘ਦਿ ਹੈਰੀਟੇਜ’ ਦੇ ਸੰਸਥਾਪਕ ਬਲਰਾਜ ਸਿੰਘ ਘਈ ਨੇ ਇਸ ਬਾਰੇ ਦੱਸਿਆ ਸੀ।

ਬਲਰਾਜ ਸਿੰਘ ਘਈ ਨੇ ਕਿਹਾ ਸੀ, "ਇੱਕ ਵਾਰ ਮੁਨੱਵਰ ਨੇ ਮੈਨੂੰ ਦੱਸਿਆ ਕਿ ਉਹ ਇੱਕ ਮਸ਼ਹੂਰੀ ਦੀ ਸ਼ੂਟਿੰਗ ਦੇ ਕੋਲ ਸੀ। ਉੱਥੇ ਇੱਕ ਸਟੈਂਡਅੱਪ ਕਾਮੇਡੀ ਸੀਨ ਫਿਲਮਾਇਆ ਜਾਣਾ ਸੀ। ਨਿਰਮਾਤਾਵਾਂ ਕੋਲ ਉਨ੍ਹਾਂ ਨੂੰ ਸਮਰਪਿਤ ਕੋਈ ਨਹੀਂ ਸੀ ਜੋ ਸਟੇਜ 'ਤੇ ਜਾ ਕੇ ਸਟੈਂਡਅੱਪ ਕਾਮੇਡੀ ਕਰਦਾ ਨਜ਼ਰ ਆ ਸਕੇ।"

"ਫਿਰ ਨਿਰਮਾਤਾਵਾਂ ਨੇ ਮੁਨੱਵਰ ਨੂੰ ਸਟੇਜ 'ਤੇ ਜਾ ਕੇ ਦੋ ਲਾਈਨਾਂ ਬੋਲਣ ਲਈ ਕਿਹਾ। ਉਹ ਲਾਈਨਾਂ ਬਹੁਤ ਜ਼ਬਰਦਸਤ ਲੱਗੀਆਂ। ਅਜਿਹਾ ਲੱਗ ਰਿਹਾ ਸੀ ਕਿ ਮੁਨੱਵਰ ਨੂੰ ਇਹ ਸਭ ਅਸਲ ਵਿੱਚ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਉਹ ਸਾਡੇ ਕਈ ਸ਼ੋਅ ਵਿੱਚ ਆਏ ਅਤੇ ਅਚਾਨਕ ਹਿੱਟ ਹੋ ਗਏ।"

ਮੁਨੱਵਰ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਪਰਿਵਾਰ ਨੇ ਸਟੈਂਡ-ਅੱਪ ਕਾਮੇਡੀ ਨੂੰ ਖਾਰਜ ਕਰਦੇ ਹੋਏ ਇਸ ਨੂੰ ਟਾਈਮ ਪਾਸ ਦੱਸਿਆ। ਪਰ ਜਦੋਂ ਮੁਨੱਵਰ ਦੀ ਲੋਕਪ੍ਰਿਯਤਾ ਵਧੀ ਅਤੇ ਲੋਕ ਆ ਕੇ ਮੁਨੱਵਰ ਨਾਲ ਸੈਲਫੀ ਲੈਣ ਲੱਗੇ ਤਾਂ ਸਮਝਿਆ ਕਿ ਇਹ ਕੋਈ ਗੰਭੀਰ ਗੱਲ ਹੈ।

ਮੁਨੱਵਰ ਫਾਰੂਕੀ

ਤਸਵੀਰ ਸਰੋਤ, INSTA/MUNAWAR FARUQUI

ਬੀਬੀਸੀ

ਮੁਨੱਵਰ ਦਾ ਵਿਆਹੇ ਹੋਣ ਦੀ ਗੱਲ

ਸ਼ੋਅ 'ਲੌਕ ਅੱਪ' 'ਚ ਇਕ ਪਲ ਅਜਿਹਾ ਆਇਆ, ਜਦੋਂ ਇਹ ਖੁਲਾਸਾ ਹੋਇਆ ਕਿ ਮੁਨੱਵਰ ਫਾਰੂਕੀ ਦਾ ਵਿਆਹ ਹੋ ਗਿਆ ਹੈ।

ਸ਼ੋਅ 'ਚ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਮੁਨੱਵਰ ਦੀ ਤਸਵੀਰ ਦਿਖਾਈ ਗਈ।

ਇਸ ਤਸਵੀਰ ਵਿੱਚ ਮੁਨੱਵਰ ਇੱਕ ਔਰਤ ਅਤੇ ਬੱਚੇ ਨਾਲ ਨਜ਼ਰ ਆ ਰਹੇ ਹਨ। ਜਦੋਂ ਇਸ ਧੁੰਦਲੀ ਤਸਵੀਰ ਨੂੰ ਸ਼ੋਅ 'ਚ ਦਿਖਾਇਆ ਗਿਆ ਤਾਂ ਮੁਨੱਵਰ ਨੇ ਮੰਨਿਆ ਕਿ ਉਹ ਵਿਆਹਿਆ ਹੋਇਆ ਹੈ।

ਮੁਨੱਵਰ ਨੇ ਇਹ ਵੀ ਦੱਸਿਆ ਸੀ, "ਅਸੀਂ ਕਰੀਬ ਡੇਢ ਸਾਲ ਤੋਂ ਵੱਖ ਰਹਿ ਰਹੇ ਹਾਂ। ਅਦਾਲਤੀ ਚੀਜ਼ਾਂ ਚੱਲ ਰਹੀਆਂ ਹਨ। ਇਹ ਮੇਰੀ ਅਜਿਹੀ ਨਿੱਜੀ ਗੱਲ ਹੈ, ਜਿਸ ਬਾਰੇ ਮੈਂ ਸ਼ੋਅ 'ਤੇ ਗੱਲ ਨਹੀਂ ਕਰਨਾ ਚਾਹੁੰਦਾ ਹਾਂ।"

ਲੌਕ ਅੱਪ ਸ਼ੋਅ ਦੌਰਾਨ ਅੰਜਲੀ ਅਰੋੜਾ ਨਾਲ ਮੁਨੱਵਰ ਦੀ ਕੈਮਿਸਟਰੀ ਵੀ ਸੁਰਖ਼ੀਆਂ 'ਚ ਰਹੀ ਸੀ।

ਹਾਲਾਂਕਿ, ਜਦੋਂ ਉਹ ਸ਼ੋਅ ਤੋਂ ਬਾਹਰ ਨਿਕਲੇ ਤਾਂ ਖੁੱਲ੍ਹ ਕੇ ਆਪਣੀ ਗਰਲਫ੍ਰੈਂਡ ਨਾਜਿਲਾ ਦੇ ਨਾਲ ਸੋਸ਼ਲ ਮੀਡੀਆ 'ਤੇ ਨਜ਼ਰ ਆਏ ਸਨ। ਹੁਣ ਦੋਵੇਂ ਵੱਖ ਹੋ ਗਏ ਹਨ। ਇਕ ਇੰਸਟਾਗ੍ਰਾਮ ਲਾਈਵ ਦੌਰਾਨ ਨਾਜਿਲਾ ਨੇ ਮੁਨੱਵਰ ਬਾਰੇ ਕੁਝ ਅਜਿਹੀਆਂ ਗੱਲਾਂ ਕਹੀਆਂ, ਜੋ ਚਰਚਾ 'ਚ ਰਹੀਆਂ।

ਮੁਨੱਵਰ ਫਾਰੂਕੀ

ਤਸਵੀਰ ਸਰੋਤ, INSTA/MUNAWAR FARUQUI

ਕਾਮੇਡੀ ਸ਼ੋਅ ਕਰਕੇ ਵਿਵਾਦਾਂ ਵਿੱਚ ਆ ਗਏ ਸਨ ਮੁਨੱਵਰ

ਮੁਨੱਵਰ ਦੇ ਸੋਸ਼ਲ ਮੀਡੀਆ 'ਤੇ ਲੱਖਾਂ ਫਾਲੋਅਰਜ਼ ਹਨ।

ਯੂਟਿਊਬ 'ਤੇ ਮੁਨੱਵਰ ਦਾ ਪਹਿਲਾ ਵੀਡੀਓ ਸਾਲ 2020 ਦਾ ਨਜ਼ਰ ਆਉਂਦਾ ਹੈ। ਮੁਨੱਵਰ ਕਈ ਥਾਵਾਂ 'ਤੇ ਸਟੈਂਡਅੱਪ ਕਾਮੇਡੀ ਕਰਦੇ ਰਹੇ ਹਨ।

ਅਜਿਹੇ ਕਾਮੇਡੀ ਵੀਡੀਓਜ਼ 'ਚ ਹਿੰਦੂ ਦੇਵੀ-ਦੇਵਤਿਆਂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਕਥਿਤ ਤੌਰ 'ਤੇ ਅਣਉਚਿਤ ਟਿੱਪਣੀ ਕਰਨ ਦਾ ਮੁਨੱਵਰ 'ਤੇ ਇਲਜ਼ਾਮ ਲੱਗਿਆ ਸੀ। ਇਸ ਇਲਜ਼ਾਮ ਕਾਰਨ 1 ਜਨਵਰੀ 2021 ਨੂੰ ਇੰਦੌਰ ਪੁਲਿਸ ਨੇ ਮੁਨੱਵਰ ਸਣੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।

ਮੁਨੱਵਰ ਨੂੰ ਕਰੀਬ ਇੱਕ ਮਹੀਨਾ ਜੇਲ੍ਹ ਵਿੱਚ ਰਹਿਣਾ ਪਿਆ ਸੀ। ਇਸ ਦੌਰਾਨ ਮੱਧ ਪ੍ਰਦੇਸ਼ ਹਾਈ ਕੋਰਟ ਦੀ ਇੰਦੌਰ ਬੈਂਚ ਨੇ ਜ਼ਮਾਨਤ ਪਟੀਸ਼ਨ ਖਾਰਜ ਕਰਦਿਆਂ ਕਿਹਾ ਸੀ, "ਅਜਿਹੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ।"

ਮੁਨੱਵਰ ਨੂੰ ਫਰਵਰੀ 2021 ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ।

ਇਸ ਰਿਹਾਈ ਤੋਂ ਬਾਅਦ ਮੁਨੱਵਰ ਨੇ ਮੀਡੀਆ ਤੋਂ ਦੂਰੀ ਹੀ ਰੱਖੀ ਅਤੇ ਇਕ ਯੂਟਿਊਬ ਵੀਡੀਓ 'ਲੀਵਿੰਗ ਕਾਮੇਡੀ' ਆਪਣੇ ਚੈਨਲ 'ਤੇ ਪ੍ਰਕਾਸ਼ਿਤ ਕੀਤੀ ਸੀ।

ਵੀਡੀਓ ਦੇ ਅੰਤ ਵਿੱਚ, ਮੁਨੱਵਰ ਕਹਿੰਦੇ ਹਨ, "ਮੈਂ ਕਾਮੇਡੀ ਨਹੀਂ ਛੱਡ ਸਕਦਾ ਕਿਉਂਕਿ ਮੇਰੇ ਕੋਲ ਕਾਮੇਡੀ ਛੱਡਣ ਦੇ ਕਈ ਕਾਰਨ ਹਨ। ਪਰ ਕਾਮੇਡੀ ਕਰਨ ਦਾ ਇੱਕ ਕਾਰਨ ਹੈ... ਉਹ ਆਵਾਜ਼ ਜੋ ਮੈਨੂੰ ਸਟੇਜ 'ਤੇ ਬੁਲਾਉਂਦੀ ਹੈ।"

ਮੁਨੱਵਰ ਹੁਣ ਕਾਮੇਡੀ ਅਤੇ ਗੀਤਾਂ ਦੇ ਵੀਡੀਓ 'ਚ ਨਜ਼ਰ ਆਉਂਦੇ ਰਹਿੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)