You’re viewing a text-only version of this website that uses less data. View the main version of the website including all images and videos.
ਭਾਰਤ ਦੇ ਸੂਰਜੀ ਮਿਸ਼ਨ ’ਚ ਪਤਾ ਲੱਗੀਆਂ ਇਹ ਗੱਲਾਂ ਦੁਨੀਆਂ ਲਈ ਅਹਿਮ ਕਿਉਂ ਹਨ?
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਵਿਗਿਆਨੀਆਂ ਨੇ ਆਦਿਤਿਆ-ਐਲ1 ਤੋਂ ਪ੍ਰਾਪਤ ‘ਪਹਿਲੇ ਮਹੱਤਵਪੂਰਨ ਨਤੀਜਿਆਂ’ ਬਾਰੇ ਦੱਸਿਆ ਹੈ। ਆਦਿਤਿਆ-ਐਲ1 ਪੁਲਾੜ ਵਿੱਚ ਭਾਰਤ ਦਾ ਪਹਿਲਾ ਸੂਰਜੀ ਮਿਸ਼ਨ ਹੈ।
ਭਾਰਤੀ ਵਿਗਿਆਨੀਆਂ ਦੇ ਅਨੁਸਾਰ ਇਸ ਮਿਸ਼ਨ ਤੋਂ ਜੋ ਜਾਣਕਾਰੀਆਂ ਮਿਲੀਆਂ ਹਨ, ਉਨ੍ਹਾਂ ਜ਼ਰੀਏ ਪਾਵਰ ਗਰਿੱਡ ਅਤੇ ਕਮਿਊਨਿਕੇਸ਼ਨ ਸੈਟੇਲਾਈਟਸ ਨੂੰ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।
ਇਸ ਦਾ ਮਤਲਬ ਇਹ ਹੈ ਕਿ ਭਵਿੱਖ ਵਿੱਚ ਸੂਰਜ ’ਤੇ ਅਜਿਹੀ ਕੋਈ ਘਟਨਾ ਵਾਪਰਦੀ ਹੈ, ਜਿਸ ਨਾਲ ਪੁਲਾੜ ਜਾਂ ਧਰਤੀ ’ਤੇ ਮੌਜੂਦ ਇਨਫਰਾਸਟ੍ਰਕਚਰ ਨੂੰ ਕਿਸੇ ਤਰ੍ਹਾਂ ਦੇ ਖਤਰੇ ਦਾ ਸ਼ੱਕ ਹੈ ਤਾਂ ਇਸ ਮਿਸ਼ਨ ਵਿੱਚ ਸਾਹਮਣੇ ਆਈਆਂ ਗੱਲਾਂ ਨਾਲ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ।
16 ਜੁਲਾਈ ਨੂੰ ਆਦਿਤਿਆ-ਐਲ1 ਦੇ ਸੱਤ ਵਿਗਿਆਨਕ ਯੰਤਰਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਵੀਈਐੱਲਸੀ ਯਾਨੀ ਵਿਜ਼ੀਬਲ ਐਮੀਸ਼ਨ ਲਾਈਨ ਕੋਰੋਨਾਗ੍ਰਾਫ ਨੇ ਕੁਝ ਡਾਟਾ ਇਕੱਠਾ ਕੀਤਾ।
ਇਸ ਦੀ ਮਦਦ ਨਾਲ ਵਿਗਿਆਨਿਕ ਸੀਐੱਮਈ ਯਾਨੀ ਕੋਰੋਨਲ ਮਾਸ ਇਜੈਕਸ਼ਨ ਦੀ ਸ਼ੁਰੂਆਤ ਦੇ ਅਸਲ ਸਮੇਂ ਦਾ ਅੰਦਾਜ਼ਾ ਲਗਾ ਸਕੇ।
ਸੀਐੱਮਈ ਅਸਲ ਵਿੱਚ ਸੂਰਜ ਦੀ ਸਭ ਤੋਂ ਬਾਹਰੀ ਪਰਤ ਕੋਰੋਨਾ ਤੋਂ ਨਿਕਲਣ ਵਾਲੀ ਅੱਗ ਦੇ ਵੱਡੇ ਗੋਲੇ ਹਨ।
ਸੀਐੱਮਈ ਅਧਿਐਨ ਭਾਰਤ ਦੇ ਪਹਿਲੇ ਸੂਰਜੀ ਮਿਸ਼ਨ ਦੇ ਸਭ ਤੋਂ ਮਹੱਤਵਪੂਰਨ ਵਿਗਿਆਨਕ ਉਦੇਸ਼ਾਂ ਵਿੱਚੋਂ ਇੱਕ ਹੈ।
ਇੰਡੀਅਨ ਇੰਸਟੀਚਿਊਟ ਆਫ ਐਸਟ੍ਰੋਫਿਜ਼ਿਕਸ ਦੇ ਪ੍ਰੋਫੈਸਰ ਆਰ ਰਮੇਸ਼ ਨੇ ਕਿਹਾ, "ਇਹ ਅੱਗ ਦੇ ਗੋਲੇ ਊਰਜਾ ਦੇ ਕਣਾਂ ਤੋਂ ਮਿਲ ਕੇ ਬਣੇ ਹੁੰਦੇ ਹਨ। ਇਨ੍ਹਾਂ ਦਾ ਭਾਰ ਇੱਕ ਖਰਬ ਕਿਲੋਗ੍ਰਾਮ ਤੱਕ ਹੋ ਸਕਦਾ ਹੈ ਅਤੇ ਇਨ੍ਹਾਂ ਦੀ ਗਤੀ 3 ਹਜ਼ਾਰ ਕਿਲੋਮੀਟਰ ਪ੍ਰਤੀ ਸਕਿੰਟ ਹੋ ਸਕਦੀ ਹੈ। ਉਹ ਕਿਸੇ ਵੀ ਦਿਸ਼ਾ ਵਿੱਚ ਜਾ ਸਕਦੇ ਹਨ। ਯਾਨੀ, ਉਹ ਧਰਤੀ ਵੱਲ ਵੀ ਆ ਸਕਦੇ ਹਨ।”
ਵੀਈਐੱਲਸੀ ਨੂੰ ਇੰਡੀਅਨ ਇੰਸਟੀਚਿਊਟ ਆਫ ਐਸਟ੍ਰੋਫਿਜ਼ਿਕਸ ਨੇ ਡਿਜ਼ਾਈਨ ਕੀਤਾ ਹੈ।
ਉਨ੍ਹਾਂ ਨੇ ਕਿਹਾ, "ਹੁਣ ਤੁਸੀਂ ਕਲਪਨਾ ਕਰੋ ਕਿ ਇੰਨਾ ਵੱਡਾ ਅੱਗ ਦਾ ਗੋਲਾ ਇਸ ਰਫਤਾਰ ਨਾਲ ਧਰਤੀ ਵੱਲ ਵਧਦਾ ਹੈ ਤਾਂ ਧਰਤੀ ਤੋਂ ਸੂਰਜ ਤੱਕ 15 ਕਰੋੜ ਕਿਲੋਮੀਟਰ ਦੀ ਦੂਰੀ ਨੂੰ ਪੂਰਾ ਕਰਨ ਲਈ ਉਸ ਨੂੰ ਸਿਰਫ 15 ਘੰਟੇ ਲੱਗਣਗੇ।”
ਪ੍ਰੋਫੈਸਰ ਰਮੇਸ਼ ਵੀਈਐੱਲਸੀ ਦੇ ਪ੍ਰਮੁੱਖ ਜਾਂਚਕਰਤਾ ਹਨ। ਉਨ੍ਹਾਂ ਨੇ ਐਸਟ੍ਰੋਫਿਜ਼ੀਕਲ ਜਰਨਲ ਲੈਟਰਸ ਵਿੱਚ ਸੀਐੱਮਈ ਉੱਤੇ ਇੱਕ ਪੇਪਰ ਪ੍ਰਕਾਸ਼ਿਤ ਕੀਤਾ ਹੈ।
ਦਰਅਸਲ ਵੀਈਐੱਲਸੀ ਦੇ ਸਿਸਟਮ ਨੇ ਛੇ ਵੱਜ ਕੇ 38 ਮਿੰਟ ’ਤੇ ਕੋਰੋਨਲ ਇਜੈਕਸ਼ਨ ਦਾ ਪਤਾ ਲਗਾਇਆ।
ਧਰਤੀ ਉਪਰ ਕੀ ਅਸਰ ਪਵੇਗਾ
ਪ੍ਰੋਫੈਸਰ ਰਮੇਸ਼ ਦਾ ਕਹਿਣਾ ਹੈ ਕਿ ਇਹ ਸ਼ੁਰੂ ਵਿੱਚ ਧਰਤੀ ਵੱਲ ਹੋਈ ਪਰ ਯਾਤਰਾ ਦੇ ਸਿਰਫ ਅੱਧੇ ਘੰਟੇ ਵਿੱਚ ਹੀ ਇਹ ਆਪਣੀ ਦਿਸ਼ਾ ਤੋਂ ਭਟਕ ਗਿਆ ਅਤੇ ਕਿਸੇ ਸੂਰਜ ਦੇ ਪਿੱਛੇ ਚਲਾ ਗਿਆ ਕਿਉਂਕਿ ਇਹ ਕਾਫੀ ਦੂਰ ਸੀ, ਇਸ ਲਈ ਧਰਤੀ ਦੇ ਮੌਸਮ ’ਤੇ ਇਸ ਦਾ ਅਸਰ ਨਹੀਂ ਪਿਆ।
ਹਾਲਾਂਕਿ, ਸੂਰਜ ਤੂਫਾਨ, ਉਸ ਤੋਂ ਨਿਕਲਣ ਵਾਲੀ ਜਵਾਲਾ ਅਤੇ ਕੋਰੋਨਲ ਮਾਸ ਇਜੈਕਸ਼ਨ ਨਿਯਮਿਤ ਤੌਰ ’ਤੇ ਧਰਤੀ ਦੇ ਮੌਸਮ ਨੂੰ ਪ੍ਰਭਾਵਿਤ ਕਰਦਾ ਹੈ।
ਇਸਦਾ ਅਸਰ ਪੁਲਾੜ ਦੇ ਮੌਸਮ ’ਤੇ ਵੀ ਪੈਂਦਾ ਹੈ। ਇਥੇ ਕਰੀਬ 7800 ਸੈਟੇਲਾਈਟਸ ਹਨ, ਜਿਸ ਵਿੱਚੋਂ 50 ਤੋਂ ਜ਼ਿਆਦਾ ਭਾਰਤ ਦੇ ਹਨ।
ਸਪੇਸ ਡਾਟ ਕਾਮ ਮੁਤਾਬਕ ਇਨ੍ਹਾਂ ਦੇ ਕਾਰਨ ਮਨੁੱਖੀ ਜੀਵਨ ਨੂੰ ਖਤਰੇ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਜੇਕਰ ਇਹ ਧਰਤੀ ਦੇ ਚੁੰਬਕੀ ਖੇਤਰ ਨਾਲ ਟਕਰਾ ਜਾਂਦੇ ਹਨ ਤਾਂ ਧਰਤੀ ’ਤੇ ਹਲਚਲ ਵਧ ਸਕਦੀ ਹੈ।
ਉਨ੍ਹਾਂ ਦਾ ਸਭ ਤੋਂ ਸੁੰਦਰ ਪ੍ਰਭਾਵ ਉੱਤਰ ਅਤੇ ਦੱਖਣ ਧਰੁਵ ’ਤੇ ਅਰੋਰਾ ਲਾਈਟਸ ਦਾ ਦਿਖਣਾ ਹੈ।
ਪਰ, ਜੇਕਰ ਇੱਕ ਮਜ਼ਬੂਤ ਕੋਰੋਨਲ ਪੁੰਜ ਇਜੈਕਸ਼ਨ ਹੁੰਦਾ ਹੈ ਤਾਂ ਇਸਦਾ ਪ੍ਰਭਾਵ ਅਸਮਾਨ ਵਿੱਚ ਹੋਰ ਵੀ ਜ਼ਿਆਦਾ ਰੌਸ਼ਨੀਆਂ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ, ਜਿਵੇਂ ਕਿ ਮਈ ਅਤੇ ਅਕਤੂਬਰ ਵਿੱਚ ਲੰਡਨ ਅਤੇ ਫਰਾਂਸ ਦੇ ਅਸਮਾਨ ਵਿੱਚ ਦੇਖਿਆ ਗਿਆ ਸੀ।
ਹਾਲਾਂਕਿ ਅਜਿਹੀ ਘਟਨਾ ਦਾ ਪ੍ਰਭਾਵ ਪੁਲਾੜ ਵਿੱਚ ਬਹੁਤ ਹੀ ਗੰਭੀਰ ਹੁੰਦਾ ਹੈ। ਕੋਰੋਨਲ ਪੁੰਜ ਇਜੈਕਸ਼ਨ ਦੇ ਦੌਰਾਨ ਬਾਹਰ ਆਏ ਚਾਰਜਡ ਕਣ ਉੱਥੇ ਮੌਜੂਦ ਸਾਰੇ ਇਲੈਕਟ੍ਰਾਨਿਕ ਸੈਟੇਲਾਈਟ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਉਹ ਪਾਵਰ ਗਰਿੱਡਜ਼ ਨੂੰ ਠੱਪ ਕਰ ਸਕਦੇ ਹਨ ਅਤੇ ਮੌਸਮ ਤੇ ਸੰਚਾਰ ਸੈਟੇਲਾਈਟਸ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਪ੍ਰੋਫੈਸਰ ਰਮੇਸ਼ ਨੇ ਕਿਹਾ, "ਅੱਜ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਸੰਚਾਰ ਉਪਗ੍ਰਹਿ 'ਤੇ ਨਿਰਭਰ ਹੈ ਅਤੇ ਸੀਐਮਈ ਦੇ ਕਾਰਨ ਇੰਟਰਨੈਟ, ਫੋਨ ਲਾਈਨਾਂ ਅਤੇ ਰੇਡੀਓ ਸੰਚਾਰ ਵਿੱਚ ਵਿਘਨ ਪੈ ਸਕਦਾ ਹੈ ਅਤੇ ਇਸ ਨਾਲ ਬਹੁਤ ਗੜਬੜ ਹੋ ਸਕਦੀ ਹੈ।”
ਸਭ ਤੋਂ ਵੱਡਾ ਸੂਰਜੀ ਤੂਫਾਨ
ਇਤਿਹਾਸ ਵਿੱਚ ਸਭ ਤੋਂ ਸ਼ਕਤੀਸ਼ਾਲੀ ਸੂਰਜੀ ਤੂਫਾਨ 1859 ਵਿੱਚ ਆਇਆ ਸੀ। ਇਸ ਨੂੰ ਕੈਰਿੰਗਟਨ ਇਵੈਂਟ ਕਿਹਾ ਜਾਂਦਾ ਹੈ।
ਇਸ ਸਮੇਂ ਦੌਰਾਨ ਅਸਮਾਨ ਵਿੱਚ ਸੰਘਣੀ ਅਰੋਰਲ ਲਾਈਟਾਂ ਦਿਖਾਈ ਦਿੱਤੀਆਂ। ਇਸ ਕਾਰਨ ਪੂਰੀ ਦੁਨੀਆਂ ਵਿੱਚ ਟੈਲੀਗ੍ਰਾਫ਼ ਲਾਈਨਾਂ ਬੰਦ ਹੋ ਗਈਆਂ।
ਨਾਸਾ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇੰਨਾ ਹੀ ਵੱਡਾ ਸੂਰਜੀ ਤੂਫਾਨ ਸਾਲ 2012 ਵਿੱਚ ਵੀ ਆਇਆ ਸੀ। ਉਸ ਵੇਲੇ ਇਹ ਧਰਤੀ ਦੇ ਬਹੁਤ ਨੇੜੇ ਤੋਂ ਗੁਜ਼ਰਿਆ ਸੀ।
ਉਨ੍ਹਾਂ ਦੱਸਿਆ,“23 ਜੁਲਾਈ ਨੂੰ ਇੱਕ ਸ਼ਕਤੀਸ਼ਾਲੀ ਕੋਰੋਨਲ ਪੁੰਜ ਇਜੈਕਸ਼ਨ ਹੋਇਆ ਜੋ ਧਰਤੀ ਦੇ ਰਾਹ ਦੇ ਨੇੜੇ ਤੋਂ ਲੰਘਿਆ, ਪਰ 'ਅਸੀਂ ਬਹੁਤ ਕਿਸਮਤ ਵਾਲੇ ਸੀ' ਕਿ ਧਰਤੀ ਨਾਲ ਟਕਰਾਉਣ ਦੀ ਬਜਾਏ ਇਹ ਤੂਫ਼ਾਨ ਨਾਸਾ ਦੀ ਸੋਲਰ ਆਬਜ਼ਰਵੇਟਰੀ ਸਟੀਰੀਓ-ਏ ਨਾਲ ਟਕਰਾ ਗਿਆ।”
1989 ਵਿੱਚ ਇੱਕ ਕੋਰੋਨਲ ਪੁੰਜ ਇਜੈਕਸ਼ਨ ਨੇ ਕਿਊਬਿਕ ਦੇ ਪਾਵਰ ਗਰਿੱਡ ਨੂੰ ਨੌਂ ਘੰਟਿਆਂ ਤੱਕ ਬੰਦ ਕਰ ਦਿੱਤਾ ਸੀ, ਇਸ 60 ਲੱਖ ਲੋਕ ਬਿਜਲੀ ਤੋਂ ਬਿਨਾਂ ਰਹੇ।
4 ਨਵੰਬਰ, 2015 ਨੂੰ ਸਵੀਡਨ ਸਮੇਤ ਕੁਝ ਹੋਰ ਯੂਰਪੀਅਨ ਦੇਸ਼ਾਂ ਵਿੱਚ ਸੂਰਜੀ ਗਤੀਵਿਧੀ ਕਾਰਨ ਹਵਾਈ ਆਵਾਜਾਈ ਕੰਟਰੋਲ ਪ੍ਰਭਾਵਿਤ ਹੋ ਗਿਆ ਸੀ। ਇਸ ਕਾਰਨ ਘੰਟਿਆਂ ਤੱਕ ਹਵਾਈ ਯਾਤਰਾ ਪ੍ਰਭਾਵਿਤ ਰਹੀ।
ਵਿਗਿਆਨੀ ਕਹਿੰਦੇ ਹਨ, “ਜੇ ਅਸੀਂ ਇਹ ਦੇਖਣ ਦੇ ਸਮਰਥ ਹੋ ਜਾਂਦੇ ਹਾਂ ਕਿ ਸੂਰਜ ’ਤੇ ਕੀ ਹੋ ਰਿਹਾ ਹੈ ਅਤੇ ਸੂਰਜੀ ਤੂਫਾਨ ਜਾਂ ਕੋਰੋਨਲ ਪੁੰਜ ਇਜੈਕਸ਼ਨ ਨਾਲ ਜੁੜੀ ਜਾਣਕਾਰੀ ਸਾਨੂੰ ਮਿਲ ਜਾਂਦੀ ਹੈ ਤਾਂ ਅਸੀਂ ਇਸ ਨੂੰ ਲੈ ਕੇ ਪਹਿਲਾਂ ਹੀ ਅਲਰਟ ਜਾਰੀ ਕਰ ਸਕਦੇ ਹਾਂ। ਪਾਵਰ ਗਰਿੱਡ ਨੂੰ ਬੰਦ ਕਰ ਸਕਦੇ ਹਾਂ ਤਾਂ ਕਿ ਉਨ੍ਹਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ।”
ਅਮਰੀਕੀ ਪੁਲਾੜ ਏਜੰਸੀ ਨਾਸਾ, ਯੂਰਪੀ ਪੁਲਾੜ ਏਜੰਸੀ, ਜਾਪਾਨ ਅਤੇ ਚੀਨ ਪੁਲਾੜ ਵਿੱਚ ਆਪਣੇ ਸੂਰਜੀ ਮਿਸ਼ਨ ਦੇ ਜ਼ਰੀਏ ਦਹਾਕਿਆਂ ਤੋਂ ਸੂਰਜ ਨੂੰ ਦੇਖਦੇ ਆ ਰਹੇ ਹਨ।
ਭਾਰਤੀ ਪੁਲਾੜ ਏਜੰਸੀ ਯਾਨੀ ਇਸਰੋ ਨੇ ਇਕ ਸਾਲ ਪਹਿਲਾਂ ਹੀ ਆਪਣਾ ਪਹਿਲਾ ਸੂਰਜੀ ਮਿਸ਼ਨ ਆਦਿਤਿਆ-ਐੱਲ1 ਲਾਂਚ ਕੀਤਾ ਸੀ।
ਇਸ ਭਾਰਤੀ ਸੂਰਜੀ ਮਿਸ਼ਨ ਦਾ ਨਾਂ ਸੂਰਜ ਦੇ ਨਾਮ ਤੋਂ ਰੱਖਿਆ ਗਿਆ ਸੀ।
ਆਦਿਤਿਆ-ਐੱਲ1 ਦੀ ਖਾਸੀਅਤ
ਆਦਿਤਿਆ-ਐਲ1 ਪੁਲਾੜ ਵਿੱਚ ਇੱਕ ਅਜਿਹੀ ਥਾਂ 'ਤੇ ਮੌਜੂਦ ਹੈ, ਜਿੱਥੋਂ ਇਹ ਸੂਰਜ ਨੂੰ ਲਗਾਤਾਰ ਦੇਖ ਸਕਦਾ ਹੈ।
ਸਗੋਂ ਇਹ ਗ੍ਰਹਿਣ ਅਤੇ ਤਬਾਹੀ ਵਰਗੀਆਂ ਸਥਿਤੀਆਂ ਵਿੱਚ ਵੀ ਵਿਗਿਆਨਕ ਅਧਿਐਨ ਜਾਰੀ ਰੱਖ ਸਕਦਾ ਹੈ।
ਪ੍ਰੋਫੈਸਰ ਰਮੇਸ਼ ਦਾ ਕਹਿਣਾ ਹੈ ਕਿ ਜਦੋਂ ਅਸੀਂ ਧਰਤੀ ਤੋਂ ਸੂਰਜ ਨੂੰ ਦੇਖਦੇ ਹਾਂ ਤਾਂ ਸਾਨੂੰ ਅੱਗ ਦਾ ਇੱਕ ਕੇਸਰੀ ਗੋਲਾ ਦਿਖਾਈ ਦਿੰਦਾ ਹੈ, ਜੋ ਕਿ ਪ੍ਰਕਾਸ਼ਮੰਡਲ ਹੈ। ਇਹ ਸੂਰਜ ਦੀ ਬਾਹਰੀ ਸਤ੍ਹਾ ਜਾਂ ਤਾਰੇ ਦਾ ਸਭ ਤੋਂ ਚਮਕਦਾਰ ਹਿੱਸਾ ਹੈ।
ਕੇਵਲ ਪੂਰਨ ਗ੍ਰਹਿਣ ਦੌਰਾਨ, ਜਦੋਂ ਚੰਦਰਮਾ ਧਰਤੀ ਅਤੇ ਸੂਰਜ ਦੇ ਵਿਚਕਾਰ ਆਉਂਦਾ ਹੈ, ਤਾਂ ਉਹ ਇਸ ਪ੍ਰਕਾਸ਼ਮੰਡਨ ਨੂੰ ਢੱਕ ਲੈਂਦਾ ਹੈ। ਫਿਰ ਅਸੀਂ ਸੂਰਜੀ ਕੋਰੋਨਾ ਦੇਖਦੇ ਹਾਂ, ਜੋ ਕਿ ਸੂਰਜ ਦੀ ਸਭ ਤੋਂ ਬਾਹਰੀ ਸਤ੍ਹਾ ਹੈ।
ਪ੍ਰੋਫੈਸਰ ਰਮੇਸ਼ ਕਹਿੰਦੇ ਹਨ ਕਿ ਭਾਰਤ ਦਾ ਕੋਰੋਨਾਗ੍ਰਾਫ, ਨਾਸਾ-ਈਐੱਸਏ ਦੇ ਸੰਯੁਕਤ ਸੂਰਜ ਅਤੇ ਹੈਲੀਓਸਫੇਰਿਕ ਆਬਜ਼ਰਵੇਟਰੀ ਵਿੱਚ ਮੌਜੂਦ ਕੋਰੋਨਾਗ੍ਰਾਫ ਨਾਲੋਂ ਥੋੜ੍ਹਾ ਬਿਹਤਰ ਹੈ।
ਉਨ੍ਹਾਂ ਨੇ ਕਿਹਾ, "ਸਾਡਾ ਆਕਾਰ ਇੰਨਾ ਵੱਡਾ ਹੈ ਕਿ ਇਹ ਚੰਦਰਮਾ ਦੀ ਭੂਮਿਕਾ ਦੀ ਨਕਲ ਕਰ ਸਕਦਾ ਹੈ ਅਤੇ ਸੂਰਜ ਦੇ ਪ੍ਰਕਾਸ਼ਮੰਡਲ ਨੂੰ ਨਕਲੀ ਰੂਪ ਨਾਲ ਲੁਕਾ ਸਕਦਾ ਹੈ। ਇਸ ਕਾਰਨ ਆਦਿਤਿਆ-ਐਲ1 ਦੇ ਕੋਲ ਬਿਨਾਂ ਕਿਸੇ ਰੁਕਾਵਟ ਦੇ 24 ਘੰਟੇ ਅਤੇ ਸਾਲ ਦੇ 365 ਦਿਨ ਕੋਰੋਨਾ ਨੂੰ ਦੇਖਣ ਦਾ ਮੌਕਾ ਰਹਿੰਦਾ ਹੈ।”
ਕੋਰੋਨਾਗ੍ਰਾਫ ਕਿਉਂ ਹੈ ਖਾਸ?
ਨਾਸਾ-ਈਐੱਸਏ ਮਿਸ਼ਨ ਦੇ ਕੋਰੋਨਾਗ੍ਰਾਫ ਨੂੰ ਲੈ ਕੇ ਪ੍ਰੋਫੈਸਰ ਰਮੇਸ਼ ਕਹਿੰਦੇ ਹਨ ਕਿ ਕੋਰੋਨਾਗ੍ਰਾਫ ਦੀ ਵਿਸ਼ਾਲਤਾ ਦਾ ਮਤਲਬ ਹੈ ਕਿ ਇਹ ਸਿਰਫ ਪ੍ਰਕਾਸ਼ਮੰਡਲ ਨੂੰ ਹੀ ਨਹੀਂ, ਬਲਕਿ ਕੋਰੋਨਾ ਦੇ ਹਿੱਸੇ ਵੀ ਛੁਪਾ ਲੈਂਦਾ ਹੈ।
“ਅਜਿਹੇ ਵਿੱਚ ਜੇ ਕੋਰੋਨਾ ਪੁੰਜ ਇਜੈਕਸ਼ਨ ਕਿਸੇ ਛਿਪੇ ਹੋਏ ਇਲਾਕੇ ਤੋਂ ਹੁੰਦਾ ਹੈ, ਤਾਂ ਉਹ ਇਹ ਦੇਖਣ ਵਿੱਚ ਸਫਲ ਨਹੀਂ ਹੋਣ ਪਾਉਣਗੇ।”
ਪ੍ਰੋਫੈਸਰ ਰਮੇਸ਼ ਕਿਹਾ, "ਪਰ, ਵੀਈਐੱਲਸੀ ਦੇ ਨਾਲ ਅਸੀਂ ਕੋਰੋਨਲ ਪੁੰਜ ਇਜੈਕਸ਼ਨ ਦੇ ਅਸਲ-ਸਮੇਂ ਦੀ ਭਵਿੱਖਬਾਣੀ ਕਰ ਸਕਦੇ ਹਾਂ, ਤਾਂ ਕਿ ਸਾਨੂੰ ਪਤਾ ਲੱਗ ਜਾਵੇ ਕਿ ਇਹ ਕਦੋਂ ਸ਼ੁਰੂ ਹੋਇਆ ਅਤੇ ਇਹ ਕਿਸ ਪਾਸੇ ਜਾਣ ਵਾਲਾ ਹੈ।”
ਪ੍ਰੋਫੈਸਰ ਰਮੇਸ਼ ਮੁਤਾਬਕ, “ਭਾਰਤ ਕੋਲ ਸੂਰਜ ਨੂੰ ਦੇਖਣ ਲਈ ਤਿੰਨ ਆਬਜ਼ਰਵੇਟਰੀ ਮੌਜੂਦ ਹਨ। ਦੱਖਣ ਵਿੱਚ ਕੋਡਾਇਕਨਾਲ, ਗੌਰੀਬਿਦਨੂਰ ਅਤੇ ਉੱਤਰ-ਪੱਛਮ ਵਿੱਚ ਉਦੈਪੁਰ।”
“ਇਸ ਲਈ ਜੇ ਉਨ੍ਹਾਂ ਤੋਂ ਮਿਲੀਆਂ ਜਾਣਕਾਰੀਆਂ ਨੂੰ ਆਦਿਤਿਆ-ਐੱਲ1 ਤੋਂ ਮਿਲੀਆਂ ਜਾਣਕਾਰੀਆਂ ਦੇ ਨਾਲ ਮਿਲਾਉਂਦੇ ਹਾਂ ਤਾਂ ਅਸੀਂ ਸੂਰਜ ਨੂੰ ਲੈ ਕੇ ਆਪਣੀ ਸਮਝ ਨੂੰ ਹੋਰ ਬਿਹਤਰ ਕਰ ਸਕਦੇ ਹਾਂ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ