ਮੁਹਾਲੀ ਹਾਦਸਾ: ਬਹੁ-ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ, 2 ਲੋਕਾਂ ਦੀ ਮੌਤ, ਬਿਲਡਿੰਗ ਮਾਲਕਾਂ ਖ਼ਿਲਾਫ਼ ਕੇਸ ਦਰਜ

ਤਸਵੀਰ ਸਰੋਤ, ANI
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਮੁਹਾਲੀ ਦੇ ਸੋਹਾਣਾ ਵਿੱਚ ਬਹੁ-ਮੰਜ਼ਿਲਾ ਇਮਾਰਤ ਢਹਿ-ਢੇਰੀ ਹੋਣ ਦੇ ਮਾਮਲੇ ਵਿੱਚ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਨਿਊਜ਼ ਏਜੇਂਸੀ ਪੀਟੀਆਈ ਮੁਤਾਬਕ ਇਸ ਹਾਦਸੇ 'ਚ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਇੱਕ 20 ਸਾਲਾਂ ਔਰਤ ਦੀ ਮੌਤ ਹੋਈ ਹੈ।
ਮੁਹਾਲੀ ਦੇ ਐੱਸਡੀਐੱਮ ਦਮਨਦੀਪ ਕੌਰ ਨੇ ਪੁਸ਼ਟੀ ਕੀਤੀ ਹੈ ਕਿ ਬਚਾਅ ਕਾਰਜਾਂ ਦੌਰਾਨ ਇੱਕ ਮਰਦ ਦੀ ਵੀ ਮ੍ਰਿਤਕ ਦੇਹ ਮਿਲੀ ਹੈ। ਮ੍ਰਿਤਕ ਦੀ ਪਛਾਣ ਅਭਿਸ਼ੇਕ ਧਨਵਾਲ ਵੱਜੋਂ ਹੋਈ ਹੈ ਜੋ ਹਰਿਆਣਾ ਦੇ ਅੰਬਾਲਾ ਦਾ ਰਹਿਣ ਵਾਲਾ ਹੈ।
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਸ ਨੇ ਸ਼ਨੀਵਾਰ ਰਾਤ ਨੂੰ ਥਾਣਾ ਸੋਹਾਣਾ ਵਿਖੇ ਬਿਲਡਿੰਗ ਮਾਲਕਾਂ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਵਾਸੀ ਚਾਓ ਮਾਜਰਾ ਦੇ ਖਿਲਾਫ ਭਾਰਤੀ ਨਿਆਏ ਸਹਿੰਤਾ ਦੀ ਧਾਰਾ 105 ਅਧੀਨ ਕੇਸ ਦਰਜ ਕਰ ਲਿਆ ਹੈ।
ਕਾਰਜਕਾਰੀ ਡਿਪਟੀ ਕਮਿਸ਼ਨਰ ਵਿਰਾਜ ਐੱਸ ਤਿਡਕੇ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਥੀਓਗ ਦੀ ਰਹਿਣ ਵਾਲੀ ਦ੍ਰਿਸ਼ਟੀ ਵਰਮਾ ਨੂੰ ਜਦੋਂ ਮਲਬੇ 'ਚੋ ਕੱਢਿਆ ਗਿਆ ਤਾਂ ਉਹ ਗੰਭੀਰ ਹਾਲਤ ਵਿੱਚ ਸਨ। ਇਸ ਦੇ ਬਾਅਦ ਵਰਮਾ ਨੂੰ ਤੁਰੰਤ ਸੋਹਾਣਾ ਹਸਪਤਾਲ ਲਿਜਾਇਆ ਗਿਆ, ਜਿੱਥੇ ਗੰਭੀਰ ਰੂਪ 'ਚ ਜ਼ਖ਼ਮੀ ਦ੍ਰਿਸ਼ਟੀ ਨੇ ਦਮ ਤੋੜ ਦਿੱਤਾ।
ਸ਼ਨੀਵਾਰ ਨੂੰ ਘਟਨਾ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਮੌਕੇ ਉਪਰ ਪਹੁੰਚੇ ਸਨ। ਉਹਨਾਂ ਦੱਸਿਆ ਸੀ ਕਿ ਮਲਬੇ ਹੇਠ ਦਬੇ ਲੋਕਾਂ ਨੂੰ ਬਾਹਰ ਕੱਢੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਗੌਰਵ ਯਾਦਵ ਮੁਤਾਬਕ ਅਜੇ ਇਹ ਨਹੀਂ ਪਤਾ ਕਿ ਕਿੰਨੇ ਲੋਕ ਮਲਬੇ ਹੇਠ ਦੱਬੇ ਹੋਏ ਹਨ।
ਐੱਨਡੀਆਰਐੱਫ ਦੀ ਟੀਮ ਮੌਕੇ ਉੱਤੇ ਪਹੁੰਚੇ ਚੁੱਕੀ ਸੀ ਤੇ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਹ ਇਮਾਰਤ ਚਾਰ ਮੰਜ਼ਿਲਾ ਸੀ, ਜਿਸ ਦੀ ਤੀਸਰੀ ਮੰਜ਼ਿਲ ਉਪਰ ਜਿਮ ਸੀ। ਇਸ ਜਿਮ ਦਾ ਨਾਮ ਰਾਇਲ ਜਿਮ ਦੱਸਿਆ ਜਾ ਰਿਹਾ, ਜਿਸ ਵਿੱਚ ਕਈ ਨੌਜਵਾਨ ਕਸਰਤ ਕਰਨ ਪਹੁੰਚੇ ਹੋਏ ਸਨ।
ਇਹ ਇਮਾਰਤ ਰਿਹਾਇਸ਼ੀ ਇਲਾਕੇ ਵਿੱਚ ਬਣੀ ਹੋਈ ਸੀ, ਜਿਸ ਆਲੇ-ਦੁਆਲੇ ਘਰ ਹਨ।

ਪਿੰਡ ਵਾਸੀਆਂ ਦੇ ਮੁਤਾਬਕ ਇਸ ਇਮਾਰਤ ਦਾ ਮਾਲਕ ਨਾਲ ਵਾਲੀ ਹੀ ਥਾਂ ਉਪਰ ਇਕ ਹੋਰ ਇਮਾਰਤ ਦੀ ਉਸਾਰੀ ਕਰਵਾ ਰਿਹਾ ਸੀ, ਜਿਸ ਲਈ ਖੁਦਾਈ ਕੀਤੀ ਜਾ ਰਹੀ ਸੀ।ਫਿਲਹਾਲ ਬਚਾਅ ਕਾਰਜ ਜਾਰੀ ਹਨ ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਰਾਹਤ ਤੇ ਬਚਾਅ ਕਾਰਜ ਦੀ ਨਿਗਰਾਨੀ ਕਰਨ ਰਹੇ ਹਨ।
ਉਨ੍ਹਾਂ ਨੇ ਐੱਕਸ ਉੱਤੇ ਲਿਖਿਆ, "ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) 'ਚ ਸੋਹਾਣਾ ਦੇ ਨੇੜੇ ਇੱਕ ਬਹੁ-ਮੰਜ਼ਿਲਾ ਇਮਾਰਤ ਹਾਦਸਾਗ੍ਰਸਤ ਹੋਣ ਦੀ ਦੁਖ਼ਦ ਸੂਚਨਾ ਮਿਲੀ ਹੈ। ਪੂਰਾ ਪ੍ਰਸ਼ਾਸਨ ਤੇ ਹੋਰ ਬਚਾਅ ਕਾਰਜ ਵਾਲੀਆਂ ਟੀਮਾਂ ਮੌਕੇ 'ਤੇ ਤਾਇਨਾਤ ਨੇ।"
"ਮੈਂ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ 'ਚ ਹਾਂ। ਅਰਦਾਸ ਕਰਦੇ ਹਾਂ ਕੋਈ ਜਾਨੀ ਨੁਕਸਾਨ ਨਾ ਹੋਇਆ ਹੋਵੇ, ਦੋਸ਼ੀਆਂ 'ਤੇ ਕਾਰਵਾਈ ਵੀ ਕਰਾਂਗੇ। ਲੋਕਾਂ ਨੂੰ ਅਪੀਲ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ।"

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ, "ਇਸ ਵੇਲੇ ਸਾਡਾ ਸਾਰਾ ਧਿਆਨ ਮਲਬੇ ਹੇਠ ਦੱਬੇ ਲੋਕਾਂ ਨੂੰ ਬਚਾਉਣ ਵੱਲ ਹੈ। ਐਨਡੀਆਰਐੱਫ ਤੇ ਫੌਜ ਦੀਆਂ ਟੀਮਾਂ ਬਚਾਅ ਕਾਰਜ ਵਿੱਚ ਲੱਗੀਆਂ ਹਨ। ਪੁਲਿਸ ਇਨ੍ਹਾਂ ਟੀਮਾਂ ਦੀ ਮਦਦ ਕਰ ਰਹੀ ਹੈ।"



ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













