You’re viewing a text-only version of this website that uses less data. View the main version of the website including all images and videos.
ਜਨਤਕ ਥਾਂਵਾਂ ’ਤੇ ਹੱਥਰਸੀ ਦੇ ਵਧਦੇ ਮਾਮਲੇ, ਔਰਤਾਂ ਕਾਨੂੰਨ ਤੋਂ ਇਹ ਮਦਦ ਲੈ ਸਕਦੀਆਂ ਹਨ
- ਲੇਖਕ, ਸੁਸ਼ੀਲਾ ਸਿੰਘ
- ਰੋਲ, ਬੀਬੀਸੀ ਪੱਤਰਕਾਰ
21 ਜੁਲਾਈ ਦਾ ਦਿਨ ਸੀ ਤੇ ਸ਼ਾਮ ਨੂੰ ਲਗਭਗ ਸੱਤ ਵਜੇ ਦਾ ਸਮਾਂ ਸੀ।
ਬੰਗਲੁਰੂ ਦੇ ਟਾਊਨ ਹਾਲ ਵਿੱਚ ਮਣੀਪੁਰ ’ਚ ਜਾਰੀ ਹਿੰਸਾ ਖ਼ਿਲਾਫ਼ ਹੋ ਰਹੇ ਮੁਜ਼ਾਹਰਿਆਂ ਵਿੱਚ ਹਿੱਸਾ ਲੈਣ ਤੋਂ ਬਾਅਦ ਅਥਿਰਾ ਪੁਰਸ਼ੋਤਮ ਘਰ ਪਰਤਣ ਲਈ ਟੈਕਸੀ ਬੁੱਕ ਕਰ ਰਹੇ ਸੀ।
ਪਰ ਟੈਕਸੀ ਨਾ ਮਿਲਣ ਕਾਰਨ ਉਨ੍ਹਾਂ ਨੇ ਰੈਪਿਡੋ ਬਾਈਕ ਬੁੱਕ ਕੀਤੀ।
ਮੂਲ ਰੂਪ ਤੋਂ ਕੇਰਲ ਦੀ ਅਥਿਰਾ ਪੁਰਸ਼ੋਤਮ ਇੱਕ ਸਵੈ ਸੇਵੀ ਸੰਸਥਾ ਵਿੱਚ ਕੰਮ ਕਰਦੇ ਹਨ ਅਤੇ ਨੌਜਵਾਨਾਂ ਨੂੰ ਜਿਨਸੀ ਅਤੇ ਪ੍ਰਜਨਣ ਸਿਹਤ ਤੇ ਹੱਕਾਂ ਬਾਰੇ ਜਾਗਰੂਕ ਕਰਨ ਦਾ ਕੰਮ ਕਰਦੇ ਹਨ।
ਅਥਿਰਾ ਕਹਿੰਦੇ ਹਨ ਕਿ ਰੇਪਿਡੋ ਡਰਾਈਵਰ ਨੇ ਉਨ੍ਹਾਂ ਨਾਲ ਦੂਜਾ ਨੰਬਰ ਸਾਂਝਾ ਕੀਤਾ ਅਤੇ ਕਿਹਾ ਕਿ ਉਹ ਟ੍ਰੈਫ਼ਿਕ ਵਿੱਚ ਫਸਿਆ ਹੈ ਅਤੇ ਉਸ ਨੂੰ ਆਉਣ ਵਿੱਚ ਦੇਰੀ ਹੋਵੇਗੀ।
ਅਥਿਰਾ ਪੁਰਸ਼ੋਤਮ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ ਕਿ ਜੋ ਬਾਈਕ ਉਨ੍ਹਾਂ ਨੇ ਬੁੱਕ ਕੀਤੀ ਸੀ ਅਤੇ ਜੋ ਉਨ੍ਹਾਂ ਨੂੰ ਲੈਣ ਆਈ ਸੀ ਉਨ੍ਹਾਂ ਦੀਆਂ ਨੰਬਰ ਪਲੇਟਾਂ ਵੱਖਰੀਆਂ ਸਨ।
ਜਦੋਂ ਅਥਿਰਾ ਨੇ ਡਰਾਈਵਰ ਨੂੰ ਬਦਲੀ ਹੋਈ ਨੰਬਰ ਪਲੇਟ ਬਾਰੇ ਪੁੱਛਿਆ ਤਾਂ ਡਰਾਈਵਰ ਨੇ ਜਵਾਬ ਦਿੱਤਾ ਕਿ ਰੇਪਿਡੋ ਦੀ ਬਾਈਕ ਸਰਵਿਸ ਲਈ ਗਈ ਹੈ ਇਸ ਲਈ ਉਹ ਦੂਜੀ ਬਾਈਕ ਲੈ ਆਇਆ ਹੈ।
ਅਥਿਰਾ ਨੇ ਬੁਕਿੰਗ ਸਬੰਧੀ ਪੂਰੀ ਜਾਣਕਾਰੀ ਪੁਖ਼ਤਾ ਕੀਤੀ ਅਤੇ ਉਹ ਘਰ ਜਾਣ ਲਈ ਬਾਈਕ ਉੱਤੇ ਬੈਠ ਗਏ।
ਉਸ ਦਿਨ ਕੀ ਹੋਇਆ
ਅਥਿਰਾ ਦੱਸਦੇ ਹਨ ਕਿ ਉਨ੍ਹਾਂ ਦੇ ਘਰ ਦੇ ਰਾਸਤੇ ਵਿੱਚ ਇੱਕ ਅਜਿਹੀ ਥਾਂ ਆਉਂਦੀ ਹੈ, ਜਿੱਥੇ ਇੱਕ ਉਸਾਰੀ ਅਧੀਨ ਥਾਂ ਹੈ ਅਤੇ ਉਹ ਕਾਫ਼ੀ ਸੁਨਸਾਨ ਹੈ।
ਅਥਿਰਾ ਕਹਿੰਦੇ ਹਨ, ‘‘ਇਸ ਰਾਸਤੇ ਵਿੱਚ ਡਰਾਈਵਰ ਨੇ ਬਾਈਕ ਦੀ ਰਫ਼ਤਾਰ ਹੌਲੀ ਕਰ ਦਿੱਤੀ ਅਤੇ ਉਹ ਬਾਈਕ ਸਿਰਫ਼ ਸੱਜੇ ਹੱਥ ਨਾਲ ਚਲਾਉਣ ਲੱਗਿਆ ਅਤੇ ਉਸ ਦਾ ਖੱਬਾ ਹੱਥ ਹਿੱਲ ਰਿਹਾ ਸੀ, ਉਸ ਦਾ ਕੱਦ ਥੋਟਾ ਸੀ ਤਾਂ ਮੈਂ ਧਿਆਨ ਨਾਲ ਦੇਖਿਆ ਤਾਂ ਪਤਾ ਲੱਗਿਆ ਕਿ ਉਹ ਹੱਥਰਸੀ ਕਰ ਰਿਹਾ ਸੀ।’’
ਅਥਿਰਾ ਦੱਸਦੇ ਹਨ, ‘‘ਜਿੱਥੇ ਇਹ ਘਟਨਾ ਹੋਈ ਉੱਥੇ ਕੋਈ ਘਰ ਨਹੀਂ ਸੀ, ਮੈਂ ਘਬਰਾ ਗਈ। ਮੈਨੂੰ ਲੱਗਿਆ ਕਿ ਚੁੱਪ ਰਹਿਣਾ ਬਿਹਤਰ ਹੈ ਕਿਉਂਕਿ ਮੈਂ ਖ਼ੁਦ ਨੂੰ ਖ਼ਤਰੇ ਵਿੱਚ ਨਹੀਂ ਪਾਉਣਾ ਚਾਹੁੰਦੀ ਸੀ। ਮੈਨੂੰ ਡਰ ਸੀ ਕਿ ਕਿਤੇ ਉਹ ਮੇਰਾ ਰੇਪ ਨਾ ਕਰ ਦੇਵੇ।’’
ਉਹ ਅੱਗੇ ਦੱਸਦੇ ਹਨ, ‘‘ਮੈਂ ਨਹੀਂ ਚਾਹੁੰਦੀ ਸੀ ਕਿ ਇਸ ਵਿਅਕਤੀ ਨੂੰ ਮੇਰੇ ਘਰ ਦੇ ਪਤੇ ਬਾਰੇ ਪਤਾ ਲੱਗੇ ਤਾਂ ਮੈਂ ਉਸ ਨੂੰ 200 ਮੀਟਰ ਦੂਰ ਛੱਡਣ ਨੂੰ ਕਿਹਾ ਅਤੇ ਉਸ ਦੇ ਜਾਣ ਤੋਂ ਬਾਅਦ ਮੈਂ ਘਰ ਵੱਲ ਕਦਮ ਵਧਾਏ।’’
ਅਥਿਰਾ ਦੱਸਦੇ ਹਨ ਕਿ ਇਸ ਵਿਅਕਤੀ ਨੇ ਬਾਅਦ ਵਿੱਚ ਉਨ੍ਹਾਂ ਨੂੰ ਵਟਸਐਪ ਉੱਤੇ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ ਤਾਂ ਮੈਂ ਉਸ ਨੂੰ ਬਲਾਕ ਕਰ ਦਿੱਤਾ।
ਇਸ ਮਾਮਲੇ ਬਾਰੇ ਅਥਿਰਾ ਨੇ ਰੇਪਿਡੋ ਨੂੰ ਸ਼ਿਕਾਇਤ ਕੀਤੀ ਅਤੇ ਇਸ ਤੋਂ ਬਾਅਦ ਤੁਰੰਤ ਰੇਪਿਡੋ ਨੇ ਕਾਰਵਾਈ ਕਰਦੇ ਹੋਏ ਡਰਾਈਵਰ ਨੂੰ ਬਲੈਕ ਲਿਸਟ ਕਰ ਦਿੱਤਾ ਹੈ।
ਇਸ ਮਾਮਲੇ ਸਬੰਧੀ ਅਥਿਰਾ ਪੁਰਸ਼ੋਤਮ ਨੇ ਐਫ਼ਆਈਆਰ ਵੀ ਦਰਜ ਕਰਵਾਈ ਹੈ ਜਿਸ ਵਿੱਚ ਮੁਲਜ਼ਮ ਦੇ ਖ਼ਿਲਾਫ਼ ਆਈਪੀਸੀ ਦੀਆਂ 354 ਏ, 354 ਡੀ ਅਤੇ 294 ਧਾਰਾਵਾਂ ਲਗਾਈਆਂ ਗਈਆਂ ਹਨ।
ਇਹ ਵੀ ਪੜ੍ਹੋ:
ਅਜਿਹਾ ਇੱਕ ਮਾਮਲਾ ਨਹੀਂ ਹੈ
ਅਥਿਰਾ ਪੁਰਸ਼ੋਤਮ ਨਾਲ ਬੰਗਲੁਰੂ ਵਿੱਚ ਜੋ ਹੋਇਆ ਉਹ ਪਹਿਲਾ ਮਾਮਲਾ ਨਹੀਂ ਹੈ।
ਹਾਲ ਹੀ ਵਿੱਚ ਦਿੱਲੀ ਮੈਟਰੋ ਵਿੱਚ ਸ਼ਰੇਆਮ ਹੱਥਰਸੀ ਕਰਦੇ ਹੋਏ ਇੱਕ ਵਿਅਕਤੀ ਦਾ ਵੀਡੀਓ ਵੀ ਵਾਇਰਲ ਹੋਇਆ ਸੀ
ਇਸ ਘਟਨਾ ਨੂੰ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਸ਼ਰਮਨਾਕ ਦਸਦਿਆਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਸੀ ਅਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਸੀ।
ਇਸ ਮਾਮਲੇ ਵਿੱਚ ਪੁਲਿਲ ਨੇ ਐਫ਼ਆਈਆਰ ਵੀ ਦਰਜ ਕੀਤੀ ਹੈ।
ਦੂਜੇ ਪਾਸੇ ਕਰਨਾਟਕ ਵਿੱਚ ਵੀ ਹਾਲ ਹੀ ’ਚ ਇੱਕ ਔਰਤ ਯਾਤਰੀ ਨੇ ਸ਼ਿਕਾਇਤ ਕੀਤੀ ਸੀ ਕਿ ਡਰਾਈਵਰ ਨੇ ਉਨ੍ਹਾਂ ਨੂੰ ਪੋਰਨ ਦਿਖਾਇਆ ਅਤੇ ਹੱਥਰਸੀ ਕੀਤੀ।
ਬਿਮਾਰ ਮਾਨਸਿਕਤਾ ਦੀ ਨਿਸ਼ਾਨੀ
ਮਨੋਰੋਗ ਮਾਹਰਾਂ ਮੁਤਾਬਕ ਇਹ ਇੱਕ ਬਿਮਾਰ ਮਾਨਸਿਕਤਾ ਦੀ ਨਿਸ਼ਾਨੀ ਹੈ ਅਤੇ ਇਸ ਨੂੰ ਮੈਂਟਲ ਹੈਲਥ ਨਾਲ ਜੁੜੀ ਬਿਮਾਰੀ ਨਹੀਂ ਮੰਨਿਆ ਜਾ ਸਕਦਾ।
ਮਨੋਰੋਗ ਮਾਹਰ ਡਾਕਟਰ ਪੂਜਾਸ਼ਿਵਮ ਜੇਟਲੀ ਬੀਬੀਸੀ ਨਾਲ ਗੱਲਬਾਤ ਦੌਰਾਨ ਕਹਿੰਦੇ ਹਨ ਕਿ ਜਨਤੱਕ ਥਾਂਵਾਂ ਜਾਂ ਔਰਤਾਂ ਦੇ ਸਾਹਮਣੇ ਕੀਤਾ ਗਿਆ ਅਜਿਹਾ ਕਾਰਾ ਇਹ ਦਰਸ਼ਾਉਂਦਾ ਹੈ ਕਿ ਅਜਿਹੇ ਵਿਅਕਤੀ ਦੇ ਲਈ ਜਿਨਸੀ ਸੁੱਖ ਸਰਬਉੱਤਮ ਹੁੰਦਾ ਹੈ ਅਤੇ ਉਹ ਇਹ ਸਮਝ ਨਹੀਂ ਪਾਉਂਦਾ ਕਿ ਅਜਿਹਾ ਕਰਨਾ ਸਮਾਜ ਵਿੱਚ ਸਵੀਕਾਰਿਆ ਨਹੀਂ ਜਾਂਦਾ।
ਉਨ੍ਹਾਂ ਮੁਤਾਬਕ, ‘‘ਇਹ ਸੋਚ ਸਦੀਆਂ ਤੋਂ ਚੱਲੀ ਆ ਰਹੀ ਹੈ ਜਿੱਥੇ ਮਰਦਾਂ ਦੇ ਲਿੰਗ ਨੂੰ ਤਾਕਤ ਦੇ ਪ੍ਰਤੀਕ ਵਾਂਗ ਪੇਸ਼ ਕੀਤਾ ਜਾਂਦਾ ਹੈ। ਦੂਜੇ ਪਾਸੇ ਜਨਤੱਕ ਥਾਂਵਾਂ, ਔਰਤਾਂ ਜਾਂ ਬੱਚਿਆਂ ਦੇ ਸਾਹਮਣੇ ਆਪਣੇ ਨਿੱਜੀ ਅੰਗਾਂ ਨੂੰ ਦਿਖਾਉਣਾ ਜਾਂ ਪੋਰਨ ਦੇਖਣਾ ਦੱਸਦਾ ਹੈ ਕਿ ਉਹ ਕਮਜ਼ੋਰ ਹਨ ਅਤੇ ਸੋਚਦੇ ਹਨ ਕਿ ਉਹ ਜੋ ਚਾਹੇ ਕਰ ਸਕਦਾ ਹੈ, ਉਹ ਉਸ ਨੂੰ ਰੋਕ ਨਹੀਂ ਸਕਦੇ।’’
‘ਦਬੰਗ ਸੋਚ’
ਇਸੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਜੇਂਡਰ ਮਾਮਲਿਆਂ ਉੱਤੇ ਕੰਮ ਕਰਨ ਵਾਲੇ ਪੱਤਰਕਾਰ ਨਾਸਿਰੂਦੀਨ ਕਹਿੰਦੇ ਹਨ ਕਿ ਜਨਤੱਕ ਤੌਰ ਉੱਤੇ ਇਸ ਤਰ੍ਹਾਂ ਦੀ ਹਰਕਤ ਦਬੰਗ ਮਰਦਾਨਗੀ, ਪਿੱਤਰਸੱਤਾ ਅਤੇ ਮਾੜੀ ਜਿਨਸੀ ਮਾਨਸਿਕਤਾ ਦੀ ਨਿਸ਼ਾਨੀ ਹੈ।
ਉਹ ਕਹਿੰਦੇ ਹਨ, ‘‘ਮਰਦਾਂ ਦੇ ਅੰਗ ਨੂੰ ਮਰਦਾਨਗੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਅਤੇ ਉਸੇ ਨਾਲ ਆਪਣੀ ਮਰਦਾਨਗੀ ਸਾਬਤ ਕਰਨਾ ਚਾਹੁੰਦਾ ਹੈ, ਉਹੀ ਆਪਣੇ ਕਾਮਯਾਬ ਪ੍ਰਦਰਸ਼ਨ ਨੂੰ ਲੈ ਕੇ ਚਿੰਤਤ ਵੀ ਰਹਿੰਦਾ ਹੈ।’’
ਨਾਸਿਰੂਦੀਨ ਮੁਤਾਬਕ, ‘‘ਸਮਾਜ ਵਿੱਚ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਇੱਕ ਮਰਦ ਅੰਡਰਵੀਅਰ ਪਹਿਨ ਕੇ ਸ਼ਰੇਆਮ ਘੁੰਮਦਾ ਨਜ਼ਾਰ ਆਵੇਗਾ, ਉਹ ਕਿਤੇ ਵੀ ਖੜ੍ਹੇ ਹੋ ਕੇ ਪੇਸ਼ਾਬ ਕਰ ਸਕਦਾ ਹੈ ਪਰ ਇਹ ਗੱਲ ਕਿਸੇ ਨੂੰ ਅਟਪਟੀ ਨਹੀਂ ਲੱਗਦੀ। ਦੂਜੇ ਪਾਸੇ ਔਰਤਾਂ ਨੂੰ ਉਹ ਆਪਣੇ ਅੰਗਾਂ ਵਿੱਚ ਸਮੇਟ ਕੇ ਦੇਖਦਾ ਹੈ ਅਤੇ ਉਸ ਨੂੰ ਜਿਨਸੀ ਇੱਛਾ ਨੂੰ ਪੂਰਾ ਕਰਨ ਦੇ ਜ਼ਰੀਏ ਦੇ ਤੌਰ ਉੱਤੇ ਦੇਖਦਾ ਹੈ।’’
ਡਾ. ਪੂਜਾਸ਼ਿਵਮ ਜੇਟਲੀ ਕਹਿੰਦੇ ਹਨ ਕਿ ਅਜਿਹੇ ਲੋਕ ਅਸਲੀਅਤ ਤੋਂ ਦੂਰ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਅਜਿਹੀ ਹਰਕਤ ਨਾਲ ਹੋਰ ਲੋਕਾਂ ਨੂੰ ਕਿੰਨੀ ਠੇਸ ਪਹੁੰਚ ਸਕਦੀ ਹੈ।
ਇਹ ਦੇਖਿਆ ਜਾ ਰਿਹਾ ਹੈ ਕਿ ਖ਼ਬਰਾਂ ਵਿੱਚ ਅਜਿਹੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਵਿੱਚ ਵਾਧਾ ਹੋਇਆ ਹੈ ਪਰ ਅਜਿਹੇ ਮਾਮਲਿਆਂ ਦੀ ਰਿਪੋਰਟਿੰਗ ਵਧੀ ਹੈ।
ਕਾਨੂੰਨ ਦਾ ਸਹਾਰਾ
ਹਰ ਔਰਤ ਕਦੇ ਨਾ ਕਦੇ, ਕਿਸੇ ਨਾ ਕਿਸੇ ਉਮਰ ਵਿੱਚ ਆਪਣੇ ਘਰ ਜਾਂ ਜਨਤੱਕ ਥਾਂਵਾਂ ਵਿੱਚ ਇਸ ਤਰ੍ਹਾਂ ਦੇ ਬੁਰੇ ਤਜਰਬਿਆਂ ਤੋਂ ਲੰਘਦੀ ਹੀ ਹੈ।
ਇਨ੍ਹਾਂ ਵਿੱਚੋਂ ਅਜੇ ਵੀ ਕਈ ਔਰਤਾਂ ਸ਼ਰਮ ਕਾਰਨ ਚੁੱਪ ਰਹਿ ਜਾਂਦੀਆਂ ਹਨ ਅਤੇ ਕੁਝ ਖੁੱਲ੍ਹ ਕੇ ਇਸ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੀਆਂ ਹਨ।
ਇੱਕ ਪਲ ਲਈ ਅਥਿਰਾ ਪੁਰਸ਼ੋਤਮ ਵੀ ਕਮਜ਼ੋਰ ਪੈ ਗਏ ਸਨ ਪਰ ਫ਼ਿਰ ਉਨ੍ਹਾਂ ਨੇ ਰੇਪਿਡੋ, ਸੋਸ਼ਲ ਮੀਡੀਆ ਅਤੇ ਫ਼ਿਰ ਪੁਲਿਸ ਸਾਹਮਣੇ ਆਪਣੀ ਸ਼ਿਕਾਇਤ ਦਰਜ ਕਰਵਾਈ।
ਭਾਰਤੀ ਕਾਨੂੰਨ ਮੁਤਾਬਕ ਜੇ ਕਿਸੇ ਔਰਤ ਦੇ ਨਾਲ ਅਜਿਹੀ ਕੋਈ ਘਟਨਾ ਹੁੰਦੀ ਹੈ ਤਾਂ ਉਹ ਜ਼ੀਰੋ ਐਫ਼ਆਈਆਰ ਦਰਜ ਕਰਵਾ ਸਕਦੀ ਹੈ ਯਾਨੀ ਹਾਦਸਾ ਕਿਤੇ ਵੀ ਹੋਇਆ ਹੋਵੇ ਉਹ ਕਿਸੇ ਵੀ ਥਾਣੇ ਵਿੱਚ ਆਪਣ ਐਫ਼ਆਈਆਰ ਦਰਜ ਕਰਵਾ ਸਕਦੀ ਹੈ।
ਔਰਤ ਆਨਲਾਈਨ ਵੀ ਸ਼ਿਕਾਇਤ ਦਰਜ ਕਰਵਾ ਸਕਦੀ ਹੈ।
ਔਰਤਾਂ ਦੇ ਮਾਮਲਿਆਂ ਉੱਤੇ ਖੁੱਲ੍ਹ ਕੇ ਬੋਲਣ ਵਾਲੇ ਅਤੇ ਹਾਈ ਕੋਰਟ ਦੀ ਵਕੀਲ ਸੋਨਾਲੀ ਕੜਵਾਸਰਾ ਕਹਿੰਦੇ ਹਨ ਕਿ ਸੋਸ਼ਲ ਮੀਡੀਆ ਉੱਤੇ ਆਪਣੀ ਗੱਲ ਚੁੱਕਣਾ ਠੀਕ ਹੈ ਪਰ ਕਾਨੂੰਨ ਦੇ ਰਾਸਤੇ ਨਾਲ ਚੱਲਣਾ ਸਹੀ ਹੈ ਕਿਉਂਕਿ ਉਹ ਇੱਕ ਅਧਿਕਾਰਤ ਤਰੀਕਾ ਹੁੰਦਾ ਹੈ।
ਉਨ੍ਹਾਂ ਮੁਤਾਬਕ, ‘‘ਜੇ ਔਰਤ ਸੱਚਮੁੱਚ ਮਾਮਲੇ ਵਿੱਚ ਕਾਰਵਾਈ ਚਾਹੁੰਦੀ ਹੈ ਤਾਂ ਐਫ਼ਆਈਆਰ ਛੇਤੀ ਤੋਂ ਛੇਤੀ ਦਰਜ ਕਰਵਾਏ ਅਤੇ ਸ਼ਾਂਤੀ ਨਾਲ ਸੋਚ ਸਮਝ ਕੇ ਆਪਣੇ ਨਾਲ ਹੋਈ ਪੂਰੀ ਘਟਨਾ ਦੀ ਜਾਣਕਾਰੀ ਦੇਵੇ।’’
ਦੂਜੇ ਪਾਸੇ ਉਹ ਅਜਿਹੇ ਮਾਮਲਿਆਂ ਵਿੱਚ ਇੱਕ ਹੋਰ ਅਹਿਮ ਗੱਲ ਦੱਸਦੇ ਹਨ ਕਿ ਜੇ ਕੋਈ ਵੀ ਔਰਤ ਟੈਕਸੀ ਦੀ ਸੇਵਾ ਲੈਂਦੀ ਹੈ, ਸੈਲੂਨ ਜਾਂ ਸਾਫ਼-ਸਫ਼ਾਈ ਲਈ ਕੰਪਨੀ ਤੋਂ ਕਰਮਚਾਰੀ ਨੂੰ ਘਰ ਬੁਲਾਉਂਦੀ ਹੈ ਅਤੇ ਘਰ ਸੇਵਾ ਦੇਣ ਵਾਲਾ ਵਿਅਕਤੀ ਕੋਈ ਇਤਰਾਜ਼ਯੋਗ ਹਰਕਤ ਕਰਦਾ ਹੈ ਕਾਂ ਔਰਤ ਨੂੰ ਕੰਪਨੀ ਵਿੱਚ ਸ਼ਿਕਾਇਤ ਕਰਨੀ ਚਾਹੀਦੀ ਹੈ।
ਇਹ ਕੰਪਨੀਆਂ ਵਰਕਿਗ ਪਲੇਸ ਜਾਂ ਕੰਮ ਵਾਲੀਆਂ ਥਾਂਵਾਂ ਉੱਤੇ ਜਿਨਸੀ ਹਿੰਸਾ ਨੂੰ ਲੈ ਕੇ ਬਣੇ POSH ਐਕਟ 2013 ਤਹਿਤ ਕਾਰਵਾਈ ਕਰਨ ਪ੍ਰਤੀ ਮਜਬੂਰ ਹੁੰਦੀਆਂ ਹਨ।
ਸੋਨਾਲੀ ਦੱਸਦੇ ਹਨ, ‘‘ਜਿਹੜੀ ਔਰਤ ਸ਼ਿਕਾਇਤ ਕਰ ਰਹੀ ਹੈ ਉਹ ਭਾਵੇਂ ਉਨ੍ਹਾਂ ਦੀ ਕੰਪਨੀ ਵਿੱਚ ਕੰਮ ਨਹੀਂ ਕਰਦੀ ਪਰ ਜੋ ਹਿੰਸਾ ਕਰ ਰਿਹਾ ਹੈ ਉਹ ਕੰਪਨੀ ਦਾ ਕਰਮਚਾਰੀ ਹੈ ਅਤੇ ਕੰਪਨੀ ਉਸ ਖ਼ਿਲਾਫ਼ ਇੰਟਰਨਲ ਕੰਪਲੇਂਟ ਕਮੇਟੀ ਤਹਿਤ ਕਾਰਵਾਈ ਅੱਗੇ ਵਧਾਉਂਦੀ ਹੈ।’’
ਅਥਿਰਾ ਦੇ ਮਾਮਲੇ ਵਿੱਚ ਵੀ ਰੇਪਿਡੋ ਨੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕੀਤੀ। ਪੁਲਿਸ ਨੇ 354 ਏ, 354 ਡੀ ਅਤੇ 294 ਤਹਿਤ ਮਾਮਲਾ ਦਰਜ ਕੀਤਾ ਹੈ।
ਸੋਨਾਲੀ ਕਹਿੰਦੇ ਹਨ ਕਿ ਇਨ੍ਹਾਂ ਦੋਵੇਂ ਧਾਰਾਵਾਂ ਵਿੱਚ ਜਿਨਸੀ ਹਿੰਸਾ ਤਹਿਤ ਮਾਮਲਾ ਬਣਦਾ ਹੈ, ਜਿੱਥੇ 354 ਕਿਸੇ ਔਰਤ ਨਾਲ ਅਸੱਭਿਅਕ ਤਰੀਕੇ ਨਾਲ ਕੀਤੇ ਗਏ ਹਮਲੇ ਨਾਲ ਜੁੜਿਆ ਅਪਰਾਧ ਹੈ, ਤਾਂ 354 (ਏ) ਸਜ਼ਾ ਬਾਰੇ ਦੱਸਦਾ ਹੈ ਜਿਸ ਵਿੱਚ ਵੱਧ ਤੋਂ ਵੱਧ ਤਿੰਨ ਸਾਲ ਦੀ ਸਜ਼ਾ ਦੀ ਤਜਵੀਜ਼ ਹੈ। ਧਾਰਾ 354 ਸਟੌਕਿੰਗ ਜਾਂ ਪਿੱਛਾ ਕਰਨ ਨਾਲ ਸਬੰਧਤ ਹੈ।
ਧਾਰਾ 294 ਜਨਤੱਕ ਥਾਂ ਉੱਤੇ ਅਸ਼ਲੀਲ ਹਰਕਤ ਕਰਨ ਨਾਲ ਸਬੰਧਿਤ ਹੈ ਜਿਸ ਵਿੱਚ ਤਿੰਨ ਮਹੀਨੇ ਦੀ ਸਜ਼ਾ ਅਤੇ ਜੁਰਮਾਨੇ ਦੀ ਤਜਵੀਜ਼ ਹੈ।
ਦਿੱਲੀ ਸਥਿਤ ਸਵੈਂ ਸੇਵੀ ਸੰਸਥਾ ਪਰੀ ਸੰਸਥਾਪਕ ਯੋਗਿਤਾ ਭਯਾਨਾ ਆਪਣੇ ਨਿੱਜੀ ਤਜਰਬੇ ਬਾਰੇ ਦੱਸਦੇ ਕਹਿੰਦੇ ਹਨ ਕਿ ਉਨ੍ਹਾਂ ਦੇ ਨਾਲ ਵੀ ਅਜਿਹੀਆਂ ਘਟਨਾਵਾਂ ਹੋਈਆਂ ਹਨ ਅਤੇ ਉਹ ਵੀ ਘਬਰਾ ਗਏ ਸਨ।
ਪਰ ਅਜਿਹੇ ਮਾਮਲਿਆਂ ਤੋਂ ਘਬਰਾਉਣਾ ਨਹੀਂ ਚਾਹੀਦਾ ਅਤੇ ਮਦਦ ਮੰਗਣੀ ਚਾਹੀਦੀ ਹੈ।
ਇਸ ਦੇ ਨਾਲ ਹੀ, ਅਜਿਹੇ ਮਾਮਲਿਆਂ ਉੱਤੇ ਸ਼ਿਕਾਇਤ ਜ਼ਰੂਰ ਦਰਜ ਕਰਵਾਓ ਕਿਉਂਕਿ ਸ਼ਾਇਦ ਤੁਸੀਂ ਉਸ ਨੂੰ ਪਾਸੇ ਕਰਕੇ ਅੱਗੇ ਵੱਧ ਜਾਓ ਪਰ ਅਜਿਹੇ ਵਿਅਕਤੀ ਦਾ ਅਗਲਾ ਨਿਸ਼ਾਨਾ ਦੂਜੀ ਕੁੜੀ ਬਣੇਗੀ ਅਤੇ ਫ਼ਿਰ ਅਜਿਹਾ ਵਿਅਕਤੀ ਅਜਿਹੀ ਹਰਕਤ ਕਰਦਾ ਰਹੇਗਾ।
ਜੇ ਤੁਸੀਂ ਟੈਕਸੀ ਵਰਗੀਆਂ ਸੇਵਾਵਾਂ ਲੈ ਰਹੇ ਹੋ ਤਾਂ ਬੁਕਿੰਗ ਦੀ ਸਾਰੀ ਜਾਣਕਾਰੀ ਦੁਬਾਰਾ ਚੈੱਕ ਕਰਨ ਤੋਂ ਬਾਅਦ ਹੀ ਯਾਤਰਾ ਕਰੋ।