ਪਤੀ-ਪਤਨੀ ਵਿੱਚੋਂ ਕਿਸੇ ਇੱਕ ਨੂੰ ਨੌਕਰੀ ਛੱਡਣੀ ਪਏ, ਤਾਂ ਔਰਤ ਨੂੰ ਹੀ ਕਿਉਂ ਦੇਣੀ ਪੈਂਦੀ ਹੈ ਕਰੀਅਰ ਤੇ ਨੌਕਰੀ ਦੀ ਕੁਰਬਾਨੀ

    • ਲੇਖਕ, ਆਦਰਸ਼ ਰਾਠੌਰ
    • ਰੋਲ, ਬੀਬੀਸੀ ਲਈ

ਨੌਂ ਸਾਲ ਪਹਿਲਾਂ ਸਮ੍ਰਿਤੀ (ਬਦਲਿਆ ਹੋਇਆ ਨਾਂ) ਦਿੱਲੀ ਵਿੱਚ ਇੱਕ ਬਹੁ-ਕੌਮੀ ਇੰਜੀਨਿਅਰਿੰਗ ਕੰਪਨੀ ਵਿੱਚ ਕੰਸਟਰਕਸ਼ਨ ਮੈਨੇਜਰ ਸਨ।

ਤਨਖਾਹ ਵਧੀਆ ਸੀ ਅਤੇ ਉਨ੍ਹਾਂ ਨੂੰ ਆਪਣਾ ਕੰਮ ਪਸੰਦ ਵੀ ਸੀ, ਪਰ ਵਿਆਹ ਦੇ ਇੱਕ ਸਾਲ ਦੇ ਅੰਦਰ ਹੀ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ।

ਉਹ ਦੱਸਦੇ ਹਨ “ਪਤੀ ਗੁਰੂਗ੍ਰਾਮ ਵਿੱਚ ਵਾਹਨ ਬਣਾਉਣ ਵਾਲੀ ਇੱਕ ਕੰਪਨੀ ਵਿੱਚ ਨੌਕਰੀ ਕਰਦੇ ਸਨ, ਫਿਰ ਉਨ੍ਹਾਂ ਨੂੰ ਇੱਕ ਦੂਜੀ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਹੋਈ ਜਿਸ ਲਈ ਉਨ੍ਹਾਂ ਨੇ ਜੈਪੁਰ ਜਾਣਾ ਸੀ, ਮੈਂ ਦੇਖਿਆ ਕਿ ਉਹ ਇਸ ਤੋਂ ਬਹੁਤ ਖੁਸ਼ ਸਨ, ਅਜਿਹੇ ਵਿੱਚ ਮੈਂ ਇਹ ਤੈਅ ਕੀਤਾ ਕਿ ਮੈਂ ਆਪਣੀ ਨੌਕਰੀ ਛੱਡ ਕੇ ਉਨ੍ਹਾਂ ਨਾਲ ਜੈਪੁਰ ਚਲੀ ਜਾਵਾਂਗੀ।”

ਸਮ੍ਰਿਤੀ ਨੇ ਇੱਕ ਚੰਗੇ ਵਿੱਦਿਅਕ ਅਦਾਰੇ ਤੋਂ ਇੰਜੀਨਿਅਰਿੰਗ ਦੀ ਪੜ੍ਹਾਈ ਕੀਤੀ ਸੀ ਅਤੇ ਫਿਰ ਸਖ਼ਤ ਮਿਹਨਤ ਤੋਂ ਬਾਅਦ ਉਹ ਇੱਕ ਚੰਗੇ ਅਹੁਦੇ ‘ਤੇ ਪਹੁੰਚੇ ਸਨ। ਪਰ ਜਦੋਂ ਪਤੀ ਦੇ ਕਰੀਅਰ ਅਤੇ ਉਨ੍ਹਾਂ ਦੀ ਖੁਸ਼ੀ ਦੀ ਗੱਲ ਆਈ ਤਾਂ ਸਮ੍ਰਿਤੀ ਨੇ ਆਪਣੇ ਭਵਿੱਖ ਅਤੇ ਆਪਣੀ ਖੁਸ਼ੀ ਨੂੰ ਪਿੱਛੇ ਛੱਡ ਦਿੱਤਾ।

ਭਾਰਤ ਸਮੇਤ ਦੁਨੀਆ ਭਰ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਔਰਤਾਂ ਸਿੱਖਿਆ ਦੇ ਖੇਤਰ ਵਿੱਚ ਮਰਦਾਂ ਤੋਂ ਅੱਗੇ ਰਹਿੰਦੀਆਂ ਹਨ ਪਰ ਨੌਕਰੀ ਅਤੇ ਰੁਜ਼ਗਾਰ ਦੇ ਮਾਮਲੇ ਵਿੱਚ ਅਕਸਰ ਪਿਛੜ ਜਾਂਦੀਆਂ ਹਨ ਅਤੇ ਜਦੋਂ ਵਿਆਹ ਤੋਂ ਬਾਅਦ ਕਿਸੇ ਇੱਕ ਦੀ ਨੌਕਰੀ ਜਾਂ ਪੇਸ਼ੇ ਨੂੰ ਚੁਣਨ ਦੀ ਗੱਲ ਆਉਂਦੀ ਹੈ ਤਾਂ ਅਕਸਰ ਔਰਤਾਂ ਨੂੰ ਹੀ ਕੁਰਬਾਨੀ ਦੇਣੀ ਪੈਂਦੀ ਹੈ।

ਗਲੋਬਲ ਕੰਸਲਟਿੰਗ ਕੰਪਨੀ ਡਿਲਾਈਟ ਦੀ “ਵੁਮੈਨ ਐਟ ਵਰਕ 2023’’ ਰਿਪੋਰਟ ਦੇ ਲਈ ਖੋਜਾਰਥੀਆਂ ਨੇ 10 ਦੇਸ਼ਾਂ ਵਿੱਚ 5,000 ਔਰਤਾਂ ਦਾ ਇੱਕ ਸਰਵੇਖਣ ਕੀਤਾ। ਇਨ੍ਹਾਂ ਵਿੱਚ 98 ਫੀਸਦ ਔਰਤਾਂ ਮਰਦਾਂ ਦੇ ਨਾਲ ਰਿਸ਼ਤੇ ਵਿੱਚ ਸਨ।

ਸਰਵੇਖਣ ਵਿੱਚ ਇਹ ਸਾਹਮਣੇ ਆਇਆ ਕਿ ਇਨ੍ਹਾਂ ਵਿੱਚੋਂ 40 ਫੀਸਦੀ ਔਰਤਾਂ ਆਪਣੇ ਪਤੀ ਅਤੇ ਮਰਦ ਸਾਥੀ ਦੇ ਕਰੀਅਰ ਨੂੰ ਤਰਜੀਹ ਦਿੰਦੀਆਂ ਹਨ।

ਆਮਦਨੀ ਵਿੱਚ ਫਰਕ

ਔਰਤਾਂ ਨੇ ਇਸ ਦੇ ਲਈ ਕਈ ਕਾਰਨ ਦੱਸੇ। ਕੁਝ ਕਾਰਨ ਆਰਥਿਕ ਸਨ ਤੇ ਕੁਝ ਸਮਾਜਿਕ। ਇਨ੍ਹਾਂ ਵਿੱਚ ਘਰ ਦੀਆਂ ਜ਼ਿੰਮੇਵਾਰੀਆਂ ਚੁੱਕਣੀਆਂ ਅਤੇ ਪਰਿਵਾਰ ਵਾਲਿਆਂ ਦੀ ਦੇਖਭਾਲ ਕਰਨਾ ਸ਼ਾਮਲ ਹੈ।

ਪਰ ਇਸ ਸਰਵੇਖਣ ਵਿੱਚ ਸਭ ਤੋਂ ਵੱਡਾ ਕਾਰਨ ਉੱਭਰਕੇ ਆਇਆ ਕਿ ਮਰਦ ਸਾਥੀ ਦਾ ੳਨ੍ਹਾਂ ਤੋਂ ਵੱਧ ਪੈਸੇ ਕਮਾਉਣਾ।

ਇਹ ਗੱਲ ਹੈਰਾਨ ਨਹੀਂ ਕਰਦੀ ਕਿਉਂਕਿ ਖੋਜ ਦੱਸਦੀ ਹੈ ਕਿ ਦੁਨੀਆਂ ਭਰ ਵਿੱਚ ਔਰਤਾਂ ਮਰਦਾਂ ਵੱਲੋਂ ਇੱਕ ਰੁਪਏ ਕਮਾਉਣ ਦੇ ਮੁਕਾਬਲੇ ਸਿਰਫ਼ 77 ਪੈਸੇ ਕਮਾਉਂਦੀਆਂ ਹਨ।

ਡਿਲਾਈਟ ਵਿੱਚ ਸੰਸਾਰਕ ਭਿੰਨਤਾ, ਸਮਾਨਤਾ ਅਤੇ ਸਮਾਵੇਸ਼ (ਸਾਰਿਆਂ ਦੀ ਸ਼ਮੂਲੀਅਤ) ਦੇਖਣ ਵਾਲੀ ਏਮਾ ਕਾਡ ਕਹਿੰਦੇ ਹਨ, “ਇਹ ਸੁਭਾਵਿਕ ਹੈ ਕਿ ਆਮਦਨੀ ਵਿੱਚ ਅੰਤਰ ਹੋਵੇਗਾ ਤਾਂ ਮੁਸ਼ਕਿਲ ਦੌਰ ਆਉਣ ’ਤੇ ਘੱਟ ਪੈਸੇ ਕਮਾਉਣ ਵਾਲਾ ਖੁਦ ਪਿੱਛੇ ਹਟ ਜਾਵੇਗਾ। ਫਿਰ ਭਾਵੇਂ ਇਹ ਫੈਸਲਾ ਸੋਚ-ਸਮਝਕੇ ਲਿਆ ਗਿਆ ਹੋਵੇ ਜਾਂ ਫਿਰ ਅਣਜਾਣੇ ਵਿੱਚ।”

ਨਿਊਯਾਰਕ ਸ਼ਹਿਰ ਦੇ ਹੰਟਰ ਕਾਲਜ ਵਿੱਚ ਸਮਾਜਿਕ ਵਿਗਿਆਨ ਦੀ ਪ੍ਰੋਫ਼ੈਸਰ ਪਾਮੇਲਾ ਸਟੋਨ ਕਹਿੰਦੇ ਹਨ, “ਇਸ ਤਰ੍ਹਾਂ ਨਹੀਂ ਹੈ ਕਿ ਔਰਤਾਂ ਭਵਿੱਖ ਬਾਰੇ ਨਹੀਂ ਸੋਚਦੀਆਂ ਜਾਂ ਫਿਰ ਉਹ ਉਦਾਰ ਜਾਂ ਅਗਾਂਹਵਧੂ ਨਹੀਂ ਹਨ।''

''ਪਰ ਉਹ ਦੇਖਦੀਆਂ ਹਨ ਕਿ ਕਿਸ ਦੇ ਕੋਲ ਬਿਹਤਰ ਮੌਕਾ ਹੈ, ਜੇ ਤਸੀਂ ਦਾਅ ਖੇਡਣਾ ਹੋਵੇ ਤਾਂ ਤੁਸੀਂ ਚੰਗੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਔਰਤ ਦੀ ਥਾਂ ਮਰਦ ਦੇ ਕਰੀਅਰ ‘ਤੇ ਦਾਅ ਲਾੳਗੇ, ਇਸਦਾ ਕਾਰਨ ਹੈ ਲਿੰਗ ਦੇ ਅਧਾਰ ‘ਤੇ ਹੋਣ ਵਾਲਾ ਭੇਦਭਾਵ।”

ਜੇ ਔਰਤਾਂ ਦੀ ਆਮਦਨ ਆਪਣੇ ਪਤੀ ਦੀ ਆਮਦਨ ਤੋਂ ਵਧਣ ਲੱਗੇ ਤਾਂ ਵੀ ਇਹ ਗਰੰਟੀ ਨਹੀਂ ਹੈ ਕਿ ੳਨ੍ਹਾਂ ਦੇ ਕਰੀਅਰ ਨੂੰ ਪਤੀ ਦੇ ਕਰੀਅਰ ਤੋਂ ਵੱਧ ਤਰਜੀਹ ਮਿਲੇਗੀ।

ਇਹ ਵੀ ਪੜ੍ਹੋ:

ਡਿਲਾਈਟ ਦੀ ਰਿਪੋਰਟ ਵਿੱਚ ਅਜਿਹੇ ਕਈ ਮਾਮਲਿਆਂ ਦਾ ਜ਼ਿਕਰ ਹੈ ਜਿੱਥੇ ਔਰਤਾਂ ਨੇ ਆਪਣੇ ਮਰਦ ਸਾਥੀ ਤੋਂ ਵੱਧ ਕਮਾਉਣ ਦੇ ਬਾਵਜੂਦ ਆਪਣੇ ਪੇਸ਼ੇ ਨੂੰ ਤਵੱਜੋ ਨਹੀਂ ਦਿੱਤੀ।

ਦੱਸ ਵਿੱਚੋਂ ਇੱਕ ਔਰਤ ਆਪਣੇ ਸਾਥੀ ਤੋਂ ਵੱਧ ਕਮਾਉਂਦੀ ਹੈ ਪਰ ਇਨ੍ਹਾਂ ਵਿੱਚੋਂ 20 ਫੀਸਦ ਉੱਤੇ ਆਪਣੇ ਜੀਵਨਸਾਥੀ ਦੇ ਕਰੀਅਰ ਨੂੰ ਤਰਜੀਹ ਦੇਣ ਦਾ ਦਬਾਅ ਸੀ।

ਏਮਾ ਕਾਡ ਕਹਿੰਦੇ ਹਨ, “ਇਹ ਅੰਕੜੇ ਸਾਡੇ ਲਈ ਹੈਰਾਨ ਕਰਨ ਵਾਲੇ ਸੀ, ਹੋ ਸਕਦਾ ਹੈ ਇਸ ਦੇ ਪਿੱਛੇ ਸੱਭਿਆਚਾਰਕ ਕਾਰਨ ਹੋਣ।”

ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੁਨੀਵਰਸਿਟੀ ਦੇ ਸਰੋਜਨੀ ਨਾਇਡੂ ਸੈਂਟਰ ਫਾਰ ਵੁਮੈਨ ਸਟੱਡੀਜ਼ ਵਿੱਚ ਅਸੋਸੀਏਟ ਪ੍ਰੋਫ਼ੈਸਰ ਡਾਕਟਰ ਫਿਰਦੌਸ ਅਜ਼ਮਤ ਸਿੱਦੀਕੀ ਦਾ ਮੰਨਣਾ ਹੈ ਕਿ ਬਾਹਰੋਂ ਤਸਵੀਰ ਭਾਵੇਂ ਬਦਲੀ ਹੋਈ ਦਿਖਦੀ ਹੈ ਪਰ ਜਿਨਸੀ ਸਮਾਨਤਾ ਦੇ ਮਾਮਲੇ ਵਿੱਚ ਔਰਤਾਂ ਹਾਲੇ ਵੀ ਕਾਫੀ ਪਿੱਛੇ ਹਨ।

ਉਹ ਕਹਿੰਦੇ ਹਨ, “ਭਾਰਤ ਵਿੱਚ ਅੱਜ-ਕੱਲ੍ਹ ਮਾਪੇ ਧੀਆਂ ਨੂੰ ਉੱਚ ਸਿੱਖਿਆ ਦਵਾਉਣ ਉੱਤੇ ਜ਼ੋਰ ਤਾਂ ਦੇ ਰਹੇ ਹਨ ਪਰ ਇਸ ਦਾ ਇੱਕ ਕਾਰਨ ਵਿਆਹ ਲਈ ਬਿਹਤਰ ਸੰਭਾਵਨਾਵਾਂ ਬਣਾਉਣਾ ਵੀ ਹੈ, ਪਹਿਲਾਂ ਧੀਆਂ ਲਈ ਸੋਹਣੀ ਹੋਣਾ ਅਤੇ ਘਰ ਦੇ ਕੰਮਾਂ ਵਿੱਚ ਨਿਪੁੰਨ ਹੋਣ ਜਿਹੇ ਪੈਮਾਨੇ ਸਨ ਪਰ ਹੁਣ ਸਿੱਖਿਆ ਵੀ ਦੇਖੀ ਜਾਂਦੀ ਹੈ, ਅਜਿਹੇ ਵਿੱਚ ਮਾਤਾ-ਪਿਤਾ ਉੱਤੇ ਦਬਾਅ ਰਹਿੰਦਾ ਹੈ ਕਿ ਧੀ ਲਈ ਚੰਗਾ ਪ੍ਰਾਹੁਣਾ ਚਾਹੀਦਾ ਹੈ ਤਾਂ ਧੀ ਨੂੰ ਉਸ ਦੇ ਮੁਤਾਬਕ ਸਿੱਖਿਅਤ ਕਰਨਾ ਪਵੇਗਾ।”

ਡਾਕਟਰ ਸਿੱਦੀਕੀ ਦੱਸਦੇ ਹਨ ਕਿ ਕੁੜੀਆਂ ਤੋਂ ਸ਼ੁਰੂ ਤੋਂ ਹੀ ਇਹ ਉਮੀਦ ਰੱਖੀ ਜਾਂਦੀ ਹੈ ਕਿ ਉਹ ਵਿਆਹ ਤੋਂ ਬਾਅਦ ਆਪਣੇ ਪਤੀ ਨੂੰ ਵੱਧ ਤਰਜੀਹ ਦੇਣ, ਅਜਿਹੇ ਵਿੱਚ ਵਿਆਹ ਤੋਂ ਬਾਅਦ ਵੀ ਉਨਾਂ ਨੂੰ ਅਕਸਰ ਆਪਣੇ ਕਰੀਅਰ ਨੂੰ ਲੈ ਕੇ ਸਮਝੌਤਾ ਕਰਨਾ ਪੈਂਦਾ ਹੈ।

ਮਰਦਾਂ ਦੀ ਸੋਚ

ਪ੍ਰੋਫ਼ੈਸਰ ਪਾਮੇਲਾ ਸਟੋਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਹਾਰਵਰਡ ਬਿਜ਼ਨਸ ਸਕੂਲ ਤੋਂ ਪੜ੍ਹੇ ਅਲੱਗ-ਅਲੱਗ ਉਮਰ ਵਰਗ ਦੇ 25 ਹਜ਼ਾਰ ਤੋਂ ਵੱਧ ਲੋਕਾਂ ਨਾਲ ਗੱਲ ਕੀਤੀ।

ਉਨ੍ਹਾਂ ਨੇ ਇਹ ਦੇਖਿਆ ਕਿ ਜ਼ਿਆਦਾਤਰ ਔਰਤਾਂ ‘ਇਗੈਲੀਟੇਰੀਅਨ ਮੈਰਿਜ’ ਭਾਵ ਸਮਤਾਵਾਦੀ ਵਿਆਹ ਦੀ ਉਮੀਦ ਰੱਖਦੀਆਂ ਸਨ ਜਿਨ੍ਹਾਂ ਵਿੱਚ ਪਤੀ-ਪਤਨੀ ਦੋਵਾਂ ਦੇ ਕਰੀਅਰ ਨੂੰ ਇੱਕੋ ਜਿਹਾ ਮਹੱਤਵ ਦਿੱਤਾ ਜਾਂਦਾ ਹੈ, ਜਦਕਿ ਅੱਧੇ ਤੋਂ ਵੱਧ ਮਰਦਾਂ ਦਾ ਇਹ ਕਹਿਣਾ ਸੀ ਕਿ ਪਤਨੀ ਦੀ ਥਾਂ ਉਨ੍ਹਾਂ ਦੇ ਕਰੀਅਰ ਨੂੰ ਵੱਧ ਅਹਿਮੀਅਤ ਮਿਲਣੀ ਚਾਹੀਦੀ ਹੈ।

ਮਰਦਾਂ ਤੋਂ ‘ਬ੍ਰੈਡ ਵਿਨਰ’ ਭਾਵ ਕਮਾਊ ਹੋਣ ਦੀ ਉਮੀਦ ਰੱਖੀ ਜਾਂਦੀ ਹੈ ਪਰ ਇਸ ਸ਼ਬਦ ਦਾ ਮਤਲਬ ਸਿਰਫ਼ ਵੱਧ ਪੈਸਾ ਕਮਾਉਣ ਵਾਲਿਆਂ ਤੱਕ ਸੀਮਤ ਨਹੀ ਹੈ। ਉਨ੍ਹਾਂ ‘ਤੇ ਆਪਣੀ ਸਾਥਣ ਨਾਲੋਂ ਵੱਧ ਕਮਾਉਣ ਦਾ ਵੀ ਦਬਾਅ ਬਣਿਆ ਰਹਿੰਦਾ ਹੈ।

ਬ੍ਰਿਟੇਨ ਦੀ ਬਾਥ ਯੂਨੀਵਰਸਿਟੀ ਵੱਲੋਂ ਕੀਤੀ ਗਈ ਇੱਕ ਖੋਜ ਮੁਤਾਬਕ, ਮਰਦਾਂ ਦੀ ਮਾਨਸਿਕ ਸਿਹਤ ‘ਤੇ ਇਸ ਗੱਲ ਦਾ ਵੀ ਅਸਰ ਪੈਂਦਾ ਹੈ ਕਿ ਉਹ ਆਪਣੀ ਸਾਥਣ ਨਾਲੋਂ ਵੱਧ ਪੈਸੇ ਕਮਾ ਰਹੇ ਹਨ ਜਾਂ ਨਹੀਂ।

ਪਿਊ ਰਿਸਰਚ ਕੇਂਦਰ ਵੱਲੋਂ 2023 ਵਿੱਚ ਕੀਤੇ ਗਏ ਇੱਕ ਸਰਵੇਖਣ ਵਿੱਚ ਇਹ ਕਿਹਾ ਗਿਆ ਕਿ ਭਾਵੇਂ ਕੋਈ ਜੋੜਾ ਬਰਾਬਰ ਪੈਸੇ ਕਮਾ ਰਿਹਾ ਹੋਵੇ, ਇਸ ਦੇ ਬਾਵਜੂਦ ਉਹ ਲਿੰਗ ਅਧਾਰਤ ਰਵਾਇਤੀ ਭੂਮਿਕਾਵਾਂ ਨਿਭਾਉਣ ਲੱਗਦੇ ਹਨ।

ਜਿਵੇਂ ਕਿ ਮਰਦ ਪੈਸਾ ਕਮਾਉਣ ਤੇ ਮਨੋਰੰਜਕ ਗਤੀਵਿਧੀਆਂ ਵਿੱਚ ਵੱਧ ਸਮਾਂ ਬਿਤਾਉਂਦੇ ਹਨ, ਜਦਕਿ ਜ਼ਿਆਦਾਤਰ ਔਰਤਾਂ ਘਰ ਦੇ ਕੰਮ ਅਤੇ ਬੱਚਿਆਂ ਦੀ ਦੇਖਭਾਲ ਵਿੱਚ ਰੁੱਝੀਆਂ ਰਹਿੰਦੀਆਂ ਹਨ।

ਪ੍ਰੋਫ਼ੈਸਰ ਸਿੱਦੀਕੀ ਮੁਤਾਬਕ, ਜੇ ਔਰਤ ਵਿਆਹ ਤੋਂ ਬਾਅਦ ਆਪਣੇ ਕਰੀਅਰ ਨੂੰ ਪਹਿਲੀ ਦਿੰਦੀ ਹੈ ਤਾਂ ਇੱਕ ਅਲੱਗ ਤਰ੍ਹਾਂ ਦਾ ਸਮਾਜਿਕ ਸੰਕਟ ਪੈਦਾ ਹੋਣ ਲੱਗਦਾ ਹੈ।

ਉਹ ਕਹਿੰਦੇ ਹਨ, “ਔਰਤਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹ ਕਿਹਾ ਜਾਂਦਾ ਹੈ ਕਿ ਪੱਛਮੀਕਰਣ ਹੋ ਗਿਆ, ਪਰਿਵਾਰ ਟੁੱਟ ਰਹੇ ਹਨ, ਤਲਾਕ ਵੱਧ ਰਹੇ ਹਨ, ਜਦਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਮਰਦ ਬਦਲਾਅ ਲਈ ਤਿਆਰ ਨਹੀਂ ਹਨ।''

''ਉਹ ਚਾਹੁੰਦੇ ਹਨ ਕਿ ਜਦੋਂ ਉਹ ਕੰਮ ਤੋਂ ਪਰਤਣ ਤਾਂ ਪਤਨੀ ਚਾਹ ਲੈ ਕੇ ਤਿਆਰ ਰਹੇ, ਜਦਕਿ ਕੋਈ ਸੁਪਰਵੁਮੈਨ ਹੀ ਹੋਵੇਗੀ ਜੋ ਲਗਾਤਾਰ ਘਰ ਅਤੇ ਦਫ਼ਤਰ ਦੋਵਾਂ ਦੇ ਕੰਮ ਸੰਭਾਲੇ।”

ਕੰਮ ਦਾ ਦੁੱਗਣਾ ਬੋਝ

ਔਰਤਾਂ ਕਈ ਵਾਰੀ ਆਪ ਆਪਣੇ ਕਰੀਅਰ ਨੂੰ ਘੱਟ ਤਵੱਜੋ ਦਿੰਦੀਆਂ ਹਨ, ਕਈ ਵਾਰ ਉਹ ਅਜਿਹਾ ਜਾਣਬੁਝ ਕੇ ਕਰਦੀਆਂ ਹਨ ਤਾਂ ਜੋ ਰਿਸ਼ਤੇ ਵਿੱਚ ਦਰਾਰ ਨਾ ਖੜ੍ਹੀ ਹੋਵੇ।

ਕਈ ਵਾਰੀ ਅਜਿਹਾ ਅਣਜਾਣੇ ਵਿੱਚ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਉਨ੍ਹਾਂ ਨੇ ਆਪਣੇ ਕਰੀਅਰ ਨੂੰ ਘੱਟ ਕਰਕੇ ਸਮਝਣਾ ਸ਼ੁਰੂ ਕਰ ਦਿੱਤਾ।

ਡਿਲਾਈਟ ਲਈ ਕੰਮ ਕਰਨ ਵਾਲੇ ਏਮਾ ਕਾਡ ਕਹਿੰਦੇ ਹਨ ਕਿ ਲੋਕ ਔਰਤਾਂ ਅਤੇ ਮਰਦਾਂ ਲਈ ਸਮਾਜ ਵੱਲੋਂ ਘੜੇ ਗਏ ਮਾਪਦੰਡਾਂ ਵਿੱਚ ਉਲਝ ਜਾਂਦੇ ਹਨ ਅਤੇ ਅਜਿਹਾ ਅਣਜਾਣੇ ਵਿੱਚ ਵੀ ਹੋ ਸਕਦਾ ਹੈ।

ਡਿਲਾਈਟ ਦੀ ਰਿਪੋਰਟ ਅਨੁਸਾਰ, ਭਾਵੇਂ ਸਰਵੇਖਣ ਵਿੱਚ ਹਿੱਸਾ ਲੈਣ ਵਾਲੀਆਂ 88 ਫੀਸਦੀ ਔਰਤਾਂ ਫੁੱਲ-ਟਾਈਮ ਕੰਮ ਕਰਦੀਆਂ ਹਨ ਪਰ ਉਨ੍ਹਾਂ ਵਿੱਚੋਂ ਤਕਰੀਬਨ ਅੱਧੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਘਰੇਲੂ ਕੰਮਕਾਜ, ਜਿਵੇਂ ਕਿ ਸਾਫ-ਸਫਾਈ ਅਤੇ ਬੱਚਿਆਂ ਜਾਂ ਬਜ਼ੁਰਗਾਂ ਦੀ ਦੇਖਭਾਲ ਵਰਗੀਆਂ ਜ਼ਿੰਮੇਵਾਰੀਆਂ ਵੀ ਚੁੱਕਣੀਆਂ ਪੈਂਦੀਆਂ ਹਨ, ਸਿਰਫ਼ 10 ਫੀਸਦੀ ਨੇ ਕਿਹਾ ਕਿ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਉਨ੍ਹਾਂ ਦੇ ਮਰਦ ਸਾਥੀ ਸੰਭਾਲਦੇ ਹਨ।

ਏਮਾ ਕਾਡ ਨੇ ਦੱਸਿਆ, “ਅਸੀਂ ਜਾਣਦੇ ਹਾਂ ਕਿ ਤਰੱਕੀ ਲਈ ਸਿਰਫ਼ ਦਫ਼ਤਰ ਜਾਣਾ ਅਤੇ ਆਪਣਾ ਕੰਮ ਕਰਨਾ ਹੀ ਕਾਫੀ ਨਹੀਂ ਹੁੰਦਾ ਇਸ ਲਈ ਤੁਹਾਨੂੰ ਅੱਗੇ ਵਧਣ ਦੇ ਮੌਕੇ ਚੁਣਨੇ ਪੈਂਦੇ ਹਨ, ਪਰ ਜਦੋਂ ਤੁਸੀਂ ਨੌਕਰੀ ਤੋਂ ਬਾਅਦ ਘਰ ਜਾ ਕੇ ਵੀ ਕੰਮ ਕਰਦੇ ਹੋ, ਹਫ਼ਤੇ ਦੇ ਅੰਤ ਵਿੱਚ ਵੀ ਕੰਮ ਕਰਨਾ ਪੈਂਦਾ ਹੈ ਤਾਂ ਥਕਾਵਟ ਤੇ ਬਰਨਆਊਟ (ਲੰਬੇ ਸਮੇਂ ਤੋਂ ਬਣੇ ਭਾਵਨਾਤਮਕ, ਸਰੀਰਕ ਅਤੇ ਮਾਨਸਿਕ) ਤਣਾਅ ਦੇ ਚਲਦਿਆਂ ਤੁਸੀਂ ਅੱਗੇ ਵਧਣ ਦੇ ਮੌਕਿਆਂ ਨੂੰ ਇਹ ਕਹਿ ਕੇ ਛੱਡ ਸਕਦੇ ਹੋ ਕਿ ਮੇਰੇ ਕੋਲ ਇਸ ਲਈ ਊਰਜਾ ਨਹੀਂ ਬਚੀ ਹੈ।”

ਆਪਣੀ ਉਦਾਹਰਣ ਦਿੰਦੇ ਹੋਏ ਡਾਕਟਰ ਫਿਰਦੌਸ ਅਜ਼ਮਤ ਸਿੱਦੀਕੀ ਕਹਿੰਦੇ ਹਨ ਕਿ ਉਹ ਅਤੇ ਉਨ੍ਹਾਂ ਦੇ ਪਤੀ ਕੰਮਕਾਜੀ ਹਨ ਅਤੇ ਉਹ ਦੋਵੇਂ ਰਲ ਕੇ ਘਰ ਦਾ ਕੰਮ ਕਰਦੇ ਹਨ, ਪਰ ਸਾਰਿਆਂ ਘਰਾਂ ਵਿੱਚ ਅਜਿਹਾ ਨਹੀਂ ਹੁੰਦਾ।

ਉਹ ਕਹਿੰਦੇ ਹਨ, “ਛੋਟੇ ਪਰਿਵਾਰਾਂ ਵਿੱਚ ਔਰਤ ਦੇ ਕਰੀਅਰ ਨੂੰ ਵੀ ਤਵੱਜੋ ਮਿਲਣ ਦੀ ਸੰਭਾਵਨਾ ਵੱਧ ਹੁੰਦੀ ਹੈ, ਕਿਉਂਕਿ ਪਤੀ-ਪਤਨੀ ਰਲ ਕੇ ਰਸਤਾ ਕੱਢ ਲੈਂਦੇ ਹਨ, ਪਰ ਜਿੱਥੇ ਹੋਰ ਰਿਸ਼ਤੇਦਾਰਾਂ ਦੀ ਰਾਇ ਫੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ, ਉੱਥੇ ਕੁੜੀਆਂ ਨੂੰ ਆਪਣੀਆਂ ਇੱਛਾਵਾਂ ਅਤੇ ਖਾਹਿਸ਼ਾਂ ਦਾ ਦਮ ਘੋਟਣਾ ਪੈਂਦਾ ਹੈ, ਜਿੱਥੇ ਅਜਿਹਾ ਨਹੀਂ ਹੁੰਦਾ, ਉੱਥੇ ਉਨ੍ਹਾਂ (ਔਰਤ) ਨੂੰ ਵਧੀਆ ਪ੍ਰਦਰਸ਼ਨ ਕਰਦਾ ਵੇਖੋਗੇ।”

ਔਰਤਾਂ ਦੇ ਕਰੀਅਰ ਨੂੰ ਪਹਿਲ ਨਾ ਮਿਲ ਸਕਣ ਦਾ ਦੁੱਖ ਦੱਸਦੇ ਹੋਏ ਡਾ. ਸਿੱਦੀਕੀ ਕਹਿੰਦੇ ਹਨ, “ਅਫਸੋਸ ਔਰਤਾਂ ਦੀ ਜਿਸ ਸਮਰੱਥਾ ਦੀ ਵਰਤੋਂ ਰਾਸ਼ਟਰ ਨਿਰਮਾਣ ਲਈ ਕਰ ਸਕਦੇ ਸੀ, ਅਸੀਂ ਉਸ ਦੀ ਦਿਸ਼ਾ ਹੀ ਮੋੜ ਦਿੱਤੀ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)