ਸੰਨੀ ਲਿਓਨੀ ਦੀ ਫੋਟੋ ਤੇ ਨਾਮ ਨਾਲ ਕਾਂਸਟੇਬਲ ਭਰਤੀ ਪ੍ਰੀਖਿਆ ਦਾ ਐਡਮਿਟ ਕਾਰਡ ਆਇਆ ਚਰਚਾ ’ਚ, ਪੂਰਾ ਮਾਮਲਾ

ਤਸਵੀਰ ਸਰੋਤ, Getty Images
ਪ੍ਰੀਖਿਆ ਗੜਬੜੀਆਂ ਆਮ ਗੱਲ ਹਨ। ਹਾਲ ਹੀ ਵਿੱਚ ਨਕਲ ਰੋਕਣ ਲਈ ਇੱਕ ਕਨੂੰਨ ਵੀ ਬਣਾਇਆ ਗਿਆ ਹੈ।
ਇਸ ਸਭ ਦੇ ਦੌਰਾਨ ਉੱਤਰ ਪ੍ਰਦੇਸ਼ ਵਿੱਚ ਪੁਲਿਸ ਭਰਤੀ ਪ੍ਰੀਖਿਆਵਾਂ ਵਿੱਚ ਵੱਡੇ ਪੱਧਰ ’ਤੇ ਬੇਨਿਯਮੀਆਂ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ ਅਤੇ ਇਸ ਸਬੰਧ ਵਿੱਚ ਵੱਖ-ਵੱਖ ਥਾਵਾਂ ਤੋਂ 100 ਤੋਂ ਜ਼ਿਆਦਾ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਹਲਚਲ ਦੇ ਦੌਰਾਨ ਸੋਸ਼ਲ ਮੀਡੀਆ ਉੱਪਰ ਇੱਕ 'ਉਮੀਦਵਾਰ' ਨੂੰ ਜਾਰੀ ਕੀਤੇ ਗਏ ਦਾਖਲਾ ਕਾਰਡ ਦੀ ਚਰਚਾ ਹੈ। ਇਸ ਦਾਖਲਾ ਕਾਰਡ ਉੱਤੇ ਫਿਲਮ ਅਦਾਕਾਰਾ ਸੰਨੀ ਲਿਓਨੀ ਦੀਆਂ ਦੋ ਤਸਵੀਰਾਂ ਵੀ ਉਨ੍ਹਾਂ ਦੇ ਨਾਮ ਨਾਲ ਲਗੀਆਂ ਹੋਈਆਂ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਅਦਾਕਾਰਾ ਸੰਨੀ ਲਿਓਨੀ ਦਾ ਨਾਮ ਅਤੇ ਉਸ ਦੀ ਫੋਟੋ ਉੱਤਰ ਪ੍ਰਦੇਸ਼ ਪੁਲਿਸ ਭਰਤੀ ਅਤੇ ਪ੍ਰਮੋਸ਼ਨ ਬੋਰਡ (ਯੂਪੀਪੀਆਰਬੀ) ਦੀ ਵੈਬਸਾਈਟ 'ਤੇ ਪੁਲਿਸ ਵਿਭਾਗ ਵਿੱਚ ਕਾਂਸਟੇਬਲ ਦੇ ਅਹੁਦੇ ਲਈ ਰਜਿਸਟਰਡ ਉਮੀਦਵਾਰ ਵਜੋਂ ਪੋਸਟ ਕੀਤੀ ਗਈ ਸੀ।

ਤਸਵੀਰ ਸਰੋਤ, twitter
ਸ਼ਨਿੱਚਰਵਾਰ ਨੂੰ ਮਾਮਲਾ ਸੋਸ਼ਲ ਮੀਡੀਆ ਉੱਤੇ ਆਉਣ ਤੋਂ ਬਾਅਦ ਸਾਈਬਰ ਅਪਰਾਧ ਸੈੱਲ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ।
ਨਿਊਜ਼18 ਦੀ ਖ਼ਬਰ ਮੁਤਾਬਕ ਏਐਸਪੀ ਅਮਿਤ ਕੁਮਾਰ ਆਨੰਦ, ਕਨੌਜ ਨੇ ਕਿਹਾ, "ਜਾਂਚ ਕਰਨ 'ਤੇ ਪਤਾ ਲੱਗਾ ਕਿ ਅਦਾਕਾਰ ਦੇ ਨਾਮ ਦਾ ਫਾਰਮ ਕਾਸਗੰਜ ਜ਼ਿਲ੍ਹੇ ਤੋਂ ਭਰਿਆ ਗਿਆ ਸੀ। ਕਾਸਗੰਜ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਯੂਪੀ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਐਡਮਿਟ ਕਾਰਡ ਕਿਵੇਂ ਜਾਰੀ ਕੀਤਾ ਗਿਆ।
'ਹਿੰਦੁਸਤਾਨ ਟਾਈਮਜ਼' ਦੀ ਰਿਪੋਰਟ ਮੁਤਾਬਕ ਪੁਲਿਸ ਭਰਤੀ ਪ੍ਰੀਖਿਆ ਲਈ ਸੰਨੀ ਲਿਓਨੀ ਦੇ ਨਾਂ 'ਤੇ ਕੀਤੀ ਗਈ ਅਰਜ਼ੀ ਲਈ ਵਰਤਿਆ ਗਿਆ ਫ਼ੋਨ ਨੰਬਰ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਦਾ ਹੈ। ਜਦਕਿ ਰਜਿਸਟ੍ਰੇਸ਼ਨ ਲਈ ਦਰਜ ਕੀਤਾ ਗਿਆ ਪਤਾ ਮੁੰਬਈ ਦਾ ਹੈ।
ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਵੇਂ ‘ਉਮੀਦਵਾਰ’ ਨੂੰ ਟੈਸਟ ਵਿੱਚ ਸ਼ਾਮਲ ਹੋਣ ਲਈ ਕਾਰਡ ਜਾਰੀ ਕੀਤਾ ਗਿਆ ਸੀ ਪਰ ਪ੍ਰੀਖਿਆ ਵਾਲੀ ਥਾਂ ’ਤੇ ਕੋਈ ਵੀ ਉਮੀਦਵਾਰ ਇਸ ਦਾਖ਼ਲਾ ਕਾਰਡ ਨਾਲ ਟੈਸਟ ਵਿੱਚ ਹਾਜ਼ਰ ਨਹੀਂ ਹੋਇਆ।
ਸੰਨੀ ਲਿਓਨੀ ਦੇ ਨਾਮ ਅਤੇ ਫੋਟੋ ਵਾਲਾ ਐਡਮਿਟ ਕਾਰਡ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਿਹਾ ਹੈ ਕਿ ਇਹ ਇੱਕ ਫਰਜ਼ੀ ਐਡਮਿਟ ਕਾਰਡ ਹੈ ਜਿਸ ਉੱਤੇ ਰਜਿਸਟ੍ਰੇਸ਼ਨ ਦੌਰਾਨ ਕਿਸੇ ਅਣਪਛਾਤੇ ਉਮੀਦਵਾਰ ਦੁਆਰਾ ਅਦਾਕਾਰਾ ਦੀ ਫੋਟੋ ਅਪਲੋਡ ਕੀਤੀ ਗਈ ਹੈ।
ਵੱਖ-ਵੱਖ ਸੂਬਿਆਂ ਤੋਂ ਲਗਭਗ 48 ਲੱਖ ਉਮੀਦਵਾਰ

ਤਸਵੀਰ ਸਰੋਤ, Twitter
ਖ਼ਬਰ ਵੈਬਸਾਈਟ ਮਿੰਟ ਦੀ ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਨਾਲ 60,244 ਪੁਲਿਸ ਕਾਂਸਟੇਬਲਾਂ ਦੀ ਭਰਤੀ ਕੀਤੀ ਜਾ ਰਹੀ ਹੈ, ਜਿਸ ਲਈ ਪ੍ਰੀਖਿਆਵਾਂ 17 ਅਤੇ 18 ਫਰਵਰੀ ਨੂੰ ਸੂਬੇ ਦੇ ਸਾਰੇ 75 ਜ਼ਿਲ੍ਹਿਆਂ ਦੇ 2385 ਕੇਂਦਰਾਂ 'ਤੇ ਦੋ ਸ਼ਿਫਟਾਂ ਵਿੱਚ ਲਈਆਂ ਗਈਆਂ।
ਲਗਭਗ 48,17,441 ਉਮੀਦਵਾਰ ਆਪਣੀ ਪ੍ਰੀਖਿਆ ਦੇ ਰਹੇ ਹਨ, ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਵਿੱਚ ਭਾਰੀ ਭੀੜ ਦੇਖਣ ਨੂੰ ਮਿਲੀ। ਕੁੱਲ ਉਮੀਦਵਾਰਾਂ ਵਿੱਚੋਂ 15,48,969 ਮਹਿਲਾ ਉਮੀਦਵਾਰ ਹਨ।
ਸਮਾਚਾਰ ਏਜੰਸੀ ਪੀਟੀਆਈ ਨੇ ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਪਿਛਲੇ ਦੋ ਦਿਨਾਂ ਵਿੱਚ ਉੱਤਰ ਪ੍ਰਦੇਸ਼ ਵਿੱਚ 120 ਤੋਂ ਵੱਧ ਲੋਕਾਂ ਨੂੰ ਉਮੀਦਵਾਰਾਂ ਦੀ ਨਕਲ ਕਰਨ ਜਾਂ ਉਨ੍ਹਾਂ ਦੀ ਥਾਂ ਕਿਸੇ ਹੋਰ ਵਿਅਕਤੀ ਨੂੰ ਸ਼ਾਮਲ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 122 ਹੈ।
ਖ਼ਬਰ ਵੈਬਸਾਈਟ ਨੇ ਖ਼ਬਰ ਏਜੰਸੀ ਏਐਨਆਈ ਦੇ ਹਵਾਲੇ ਨਾਲ ਲਿਖਿਆ ਹੈ ਕਿ ਸ਼ਨੀਵਾਰ ਨੂੰ ਪਹਿਲੀ ਅਤੇ ਦੂਜੀ ਸ਼ਿਫਟ ਵਿੱਚ ਕੁੱਲ 12,04,360 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ, ਜਦੋਂ ਕਿ ਐਤਵਾਰ ਨੂੰ ਕੁੱਲ 12,04,361 ਉਮੀਦਵਾਰ ਪਹਿਲੀ ਸ਼ਿਫਟ ਵਿੱਚ ਅਤੇ 12,04,360 ਉਮੀਦਵਾਰ ਦੂਜੀ ਸ਼ਿਫਟ ਵਿੱਚ ਪ੍ਰੀਖਿਆ ਦੇਣਗੇ।
ਖ਼ਬਰ ਮੁਤਾਬਕ ਬਿਹਾਰ ਤੋਂ 2,67,305, ਹਰਿਆਣਾ ਤੋਂ 74,769, ਝਾਰਖੰਡ ਤੋਂ 17,112, ਮੱਧ ਪ੍ਰਦੇਸ਼ ਤੋਂ 98,400, ਦਿੱਲੀ ਤੋਂ 42,259, ਰਾਜਸਥਾਨ ਤੋਂ 97,277, ਉੱਤਰਾਖੰਡ ਤੋਂ 14,627, ਪੱਛਮੀ ਬੰਗਾਲ ਤੋਂ 5,512, ਮਹਾਰਸ਼ਟਰ ਤੋਂ 3,151 ਅਤੇ ਪੰਜਾਬ ਤੋਂ 3,404 ਉਮੀਦਵਾਰ ਪ੍ਰੀਖਿਆ ਦੇ ਰਹੇ ਹਨ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਯੂਪੀ ਪੁਲਿਸ ਨੇ ਸ਼ਨੀਵਾਰ ਨੂੰ ਪ੍ਰੀਖਿਆ ਦੇ ਸਬੰਧ ਵਿੱਚ "ਧੋਖਾਧੜੀ ਦੀਆਂ ਗਤੀਵਿਧੀਆਂ" ਵਿੱਚ ਸ਼ਾਮਲ ਹੋਣ ਲਈ ਪਿਛਲੇ ਤਿੰਨ ਦਿਨਾਂ ਵਿੱਚ ਕੁੱਲ 122 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਸਭ ਤੋਂ ਵੱਧ ਗ੍ਰਿਫ਼ਤਾਰੀਆਂ ਏਟਾ ਜ਼ਿਲ੍ਹੇ ਤੋਂ ਹੋਈਆਂ ਹਨ, ਜਿੱਥੇ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੂਜੀ ਸਭ ਤੋਂ ਵੱਧ ਗ੍ਰਿਫਤਾਰੀਆਂ ਪ੍ਰਯਾਗਰਾਜ ਤੋਂ ਹੋਈਆਂ, ਜਿੱਥੇ ਨੌਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਗਾਜ਼ੀਪੁਰ ਤੋਂ ਬਾਅਦ, ਜਿੱਥੇ ਕੁੱਲ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।












