ਰਸ਼ਮਿਕਾ ਮੰਦਾਨਾ: ਇਤਰਾਜ਼ਯੋਗ ਵਾਇਰਲ ਵੀਡੀਓ ਜਿਸ 'ਡੀਪ ਫੇਕ' ਤਕਨੀਕ ਨਾਲ ਬਣਾਈ ਗਈ, ਉਹ ਕੀ ਹੈ

ਅਦਾਕਾਰਾ ਰਸ਼ਮਿਕਾ ਮੰਦਾਨਾ ਇਸ ਵੇਲੇ ਚਰਚਾ 'ਚ ਹਨ ਅਤੇ ਉਨ੍ਹਾਂ ਦੇ ਨਾਲ ਹੀ ਡੀਪਫੇਕ ਤਕਨੀਕ ਨੂੰ ਲੈ ਕੇ ਵੀ ਨਵੀਂ ਬਹਿਸ ਸ਼ੁਰੂ ਹੋ ਗਈ ਹੈ।

'ਪੁਸ਼ਪਾ' ਵਰਗੀਆਂ ਸਫਲ ਫਿਲਮਾਂ ਨਾਲ ਆਪਣੀ ਪਛਾਣ ਬਣਾ ਚੁੱਕੇ ਰਸ਼ਮਿਕਾ ਦਾ ਅੱਜਕਲ ਇੱਕ ਵੀਡੀਓ ਵਾਇਰਲ ਹੋਇਆ ਹੈ ਅਤੇ ਉਸ ਨੂੰ ਲੈ ਕੇ ਹੀ ਚਰਚਾ ਹੈ।

ਇਸ ਵੀਡੀਓ 'ਚ ਨਜ਼ਰ ਆ ਰਹੀ ਔਰਤ ਨੂੰ ਡੀਪਫੇਕ ਵੀਡੀਓ ਰਾਹੀਂ ਰਸ਼ਮਿਕਾ ਮੰਦਾਨਾ ਦੇ ਰੂਪ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਰਸ਼ਮਿਕਾ ਨੇ ਇਸ ਪੂਰੇ ਮਾਮਲੇ 'ਤੇ 'ਦੁੱਖ' ਜ਼ਾਹਰ ਕੀਤਾ ਹੈ ਅਤੇ ਜਲਦੀ ਤੋਂ ਜਲਦੀ ਇਸ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ ਤਾਂ ਜੋ ਕਿਸੇ ਹੋਰ ਨੂੰ ਉਨ੍ਹਾਂ ਵਰਗੀ ਤਕਲੀਫ਼ ਨਾ ਝੱਲਣੀ ਪਵੇ।

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਲਿਖਿਆ, “ਇਮਾਨਦਾਰੀ ਨਾਲ, ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਬਹੁਤ ਡਰਾਉਣੀ ਹੈ, ਨਾ ਸਿਰਫ ਮੇਰੇ ਲਈ ਬਲਕਿ ਸਾਡੇ ਸਾਰਿਆਂ ਲਈ।''

ਉਨ੍ਹਾਂ ਅੱਗੇ ਲਿਖਿਆ ਕਿ ਅੱਜ ਜਿਸ ਤਰ੍ਹਾਂ ਤਕਨੀਕ ਦੀ ਦੁਰਵਰਤੋਂ ਹੋ ਰਹੀ ਹੈ, ਉਸ ਨਾਲ ਨਾ ਸਿਰਫ਼ ਉਨ੍ਹਾਂ ਨੂੰ ਸਗੋਂ ਹੋਰ ਸਾਰੇ ਲੋਕਾਂ ਨੂੰ ਵੀ ਭਾਰੀ ਨੁਕਸਾਨ ਹੋ ਸਕਦਾ ਹੈ।

ਰਸ਼ਮਿਕਾ ਨੇ ਲਿਖਿਆ, “ਅੱਜ ਇੱਕ ਔਰਤ ਅਤੇ ਅਦਾਕਾਰਾ ਹੋਣ ਦੇ ਨਾਤੇ, ਮੈਂ ਆਪਣੇ ਪਰਿਵਾਰ, ਦੋਸਤਾਂ ਅਤੇ ਸ਼ੁਭਚਿੰਤਕਾਂ ਦੀ ਸ਼ੁਕਰਗੁਜ਼ਾਰ ਹਾਂ, ਜੋ ਮੇਰੇ ਰੱਖਿਅਕ ਅਤੇ ਸਪੋਰਟ ਸਿਸਟਮ ਹਨ।''

''ਪਰ ਜੇਕਰ ਅਜਿਹਾ ਕੁਝ ਉਸ ਵੇਲੇ ਹੁੰਦਾ ਜਦੋਂ ਮੈਂ ਸਕੂਲ ਜਾਂ ਕਾਲਜ ਵਿੱਚ ਸੀ, ਤਾਂ ਮੈਂ ਸੱਚਮੁੱਚ ਕਲਪਨਾ ਨਹੀਂ ਕਰ ਸਕਦੀ ਕਿ ਮੈਂ ਇਸ ਦਾ ਸਾਹਮਣਾ ਕਿਵੇਂ ਕੀਤਾ ਹੁੰਦਾ।''

ਡੀਪਫੇਕ ਦੀ ਪਛਾਣ ਕਿਵੇਂ ਹੋਈ, ਅਮਿਤਾਭ ਨੇ ਕੀ ਕਿਹਾ?

ਇਸ ਵੀਡੀਓ ਦਾ ਹਵਾਲਾ ਦਿੰਦੇ ਹੋਏ ਅਭਿਨੇਤਾ ਅਮਿਤਾਭ ਬੱਚਨ ਨੇ ਕਿਹਾ ਹੈ ਕਿ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਸ ਦੇ ਨਾਲ ਹੀ, ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪਲੇਟਫਾਰਮਾਂ 'ਤੇ ਗਲਤ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ।

ਇਹ ਵਾਇਰਲ ਵੀਡੀਓ ਡੀਪ ਫੇਕ ਹੈ, ਇਹ ਜਾਣਕਾਰੀ ਇੱਕ ਫ਼ੈਕ੍ਟ ਚੈਕ ਕਰਨ ਵਾਲੇ ਵਿਅਕਤੀ ਨੇ ਦਿੱਤੀ।

ਤੱਥਾਂ ਦੀ ਜਾਂਚ ਕਰਨ ਵਾਲੀ ਵੈੱਬਸਾਈਟ ਆਲਟ ਨਿਊਜ਼ ਨਾਲ ਜੁੜੇ ਅਭਿਸ਼ੇਕ ਨੇ ਐਕਸ 'ਤੇ ਦੱਸਿਆ, "ਇਹ ਵੀਡੀਓ ਡੀਪ ਫੇਕ ਤਕਨੀਕ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ ਅਤੇ ਵੀਡੀਓ 'ਚ ਨਜ਼ਰ ਆ ਰਹੀ ਔਰਤ ਰਸ਼ਮਿਕਾ ਮੰਦਾਨਾ ਨਹੀਂ ਹਨ।''

ਇਸੇ ਸਾਲ ਜੂਨ ਮਹੀਨੇ ਵਿੱਚ ਜਦੋਂ ਭਲਵਾਨਾਂ ਦਾ ਪ੍ਰਦਰਸ਼ਨ ਚਾਲੂ ਸੀ, ਫੋਗਾਟ ਭੈਣਾਂ ਦੀ ਤਸਵੀਰ ਨਾਲ ਵੀ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਸੀ।

ਉਨ੍ਹਾਂ ਦੀ ਆਮ ਤਸਵੀਰ ਵਿੱਚ ਉਨ੍ਹਾਂ ਨੂੰ ਹੱਸਦਿਆਂ ਦਿਖਾ ਦਿੱਤਾ ਗਿਆ ਸੀ ਅਤੇ ਇਹ ਸਭ ਤਕਨੀਕ ਦੀ ਮਦਦ ਨਾਲ ਕੀਤਾ ਗਿਆ ਸੀ।

ਉਸ ਸਮੇਂ ਡੀਪ ਫੇਕ ਤਕਨੀਕ ਨੂੰ ਲੈ ਕੇ ਬੀਬੀਸੀ ਪੱਤਰਕਾਰ ਵਿਨੀਤ ਖਰੇ ਅਤੇ ਸ਼ੁਰੂਤੀ ਮੇਨਨ ਦੀ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ ਸੀ। ਉਸੇ ਰਿਪੋਰਟ ਦੇ ਹਵਾਲੇ ਨਾਲ ਇਸ ਤਕਨੀਕ ਬਾਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ...

ਇਹ ਵੀ ਪੜ੍ਹੋ:-

ਕੀ ਹੁੰਦੀ ਹੈ ਡੀਪ ਫੇਕ ਤਕਨੀਕ?

ਦਰਅਸਲ, ਡੀਪਫੇਕ ਦਾ ਮਤਲਬ ਹੈ ਵੀਡੀਓ ਵਿੱਚ ਕਿਸੇ ਸ਼ਖ਼ਸ ਦਾ ਚਿਹਰਾ/ਅਵਾਜ਼ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਜਾਂ ਡਿਜੀਟਲੀ ਤੋੜ ਮਰੋੜ ਕੇ ਵੀਡੀਓ ਨੂੰ ਇੰਝ ਬਦਲਣਾ ਜੋ ਅਸਲ ਹੀ ਲੱਗੇ।

ਸਮੇਂ ਦੇ ਨਾਲ-ਨਾਲ ਨਵੀਆਂ-ਨਵੀਆਂ ਤਕਨੀਕਾਂ ਮਾਰਕੀਟ ’ਚ ਆ ਰਹੀਆਂ ਹਨ, ਜਿੰਨ੍ਹਾਂ ’ਚ ਅਸਲੀ ਅਤੇ ਜਾਅਲੀ ਫੋਟੋਆਂ, ਵੀਡੀਓ ਦੇ ਵਿਚਾਲੇ ਦਾ ਫਰਕ ਦੱਸਣਾ ਔਖਾ ਹੁੰਦਾ ਜਾ ਰਿਹਾ ਹੈ।

ਡੀਪਫ਼ੇਕ ਇੱਕ ਤਰ੍ਹਾਂ ਦੀ ਤਕਨੀਕ ਹੈ, ਜਿਸ ਦੀ ਵਰਤੋਂ ਆਡੀਓ ਅਤੇ ਵੀਡੀਓ ’ਚ ਛੇੜਛਾੜ ਕਰਨ ਲਈ ਕੀਤੀ ਜਾਂਦੀ ਹੈ।

ਇਸ ਤਕਨੀਕ ਦੀ ਵਰਤੋਂ ਕਰਕੇ ਲੋਕਾਂ ਨੂੰ ਉਹ ਗੱਲਾਂ ਕਰਨ ਜਾਂ ਕਹਿੰਦੇ ਵਿਖਾਇਆ ਜਾਂਦਾ ਹੈ, ਜੋ ਉਨ੍ਹਾਂ ਨੇ ਕਹੀਆਂ ਜਾਂ ਕੀਤੀਆਂ ਹੀ ਨਾ ਹੋਣ।

ਬ੍ਰਿਟੇਨ ਦੀ ਲੈਸਟਰ ਯੂਨੀਵਰਸਿਟੀ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਖੋਜ ਕਰ ਰਹੀ ਸਹਾਇਕ ਪ੍ਰੋਫੈਸਰ ਡਾ. ਸੋਫ਼ੀ ਨਾਈਟਿੰਗੇਲ ਦਾ ਕਹਿਣਾ ਹੈ ਕਿ ਜੇਕਰ ਬਦਲਾਵ ਬਹੁਤ ਹੀ ਗੁੰਝਲਦਾਰ ਢੰਗ ਨਾਲ ਕੀਤੇ ਗਏ ਹੋਣ ਤਾਂ ਇਹ ਯਕੀਨੀ ਤੌਰ ’ਤੇ ਨਹੀਂ ਕਿਹਾ ਜਾ ਸਕਦਾ ਕਿ ਕਿਹੜੀ ਤਸਵੀਰ ਅਸਲੀ ਅਤੇ ਕਿਹੜੀ ਜਾਅਲੀ ਹੈ।

ਇਸ ਸਥਿਤੀ ਤੋਂ ਪੈਦਾ ਹੋਣ ਵਾਲੀਆਂ ਚਿੰਤਾਵਾਂ

ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ, ਜਿੱਥੇ ਡਾਟਾ ਬੇਹੱਦ ਸਸਤਾ ਹੈ ਅਤੇ ਹੋਰ ਕਈ ਦੇਸ਼ਾਂ ਵਾਂਗ ਜਾਅਲੀ ਖ਼ਬਰਾਂ ਦੀ ਸਮੱਸਿਆ ਚੁਣੌਤੀਪੂਰਨ ਹੈ।

ਅਜਿਹੇ ’ਚ ਅਸਲੀ ਵਰਗੇ ਵਿਖਾਈ ਦੇਣ ਵਾਲੇ ਜਾਅਲੀ ਵੀਡੀਓ, ਡੀਪਫ਼ੇਕ ਵੀਡੀਓ ਸਥਿਤੀ ਨੂੰ ਹੋਰ ਗੰਭੀਰ ਬਣਾ ਰਹੇ ਹਨ।

ਇਸ ਦੇ ਨਾਲ ਹੀ ਡਰ ਇਹ ਵੀ ਹੈ ਕਿ ਅਸਲੀ ਵਿਖਾਈ ਦੇਣ ਵਾਲੀ ਜਾਅਲੀ ਵੀਡੀਓ ਨੂੰ ਬਣਾਉਣ ਵਾਲੇ ਸਾਫਟਵੇਅਰ ਜਾਂ ਤਾਂ ਮੁਫ਼ਤ ਜਾਂ ਫਿਰ ਬਹੁਤ ਹੀ ਸਸਤੇ ਭਾਅ ’ਤੇ ਉਪਲੱਬਧ ਹਨ।

ਓਪਨ ਸੋਰਸ ਇਨਵੇਸਟੀਗੇਟਰ ਅਤੇ ਸੈਂਟਰ ਫਾਰ ਇਨਫਰਮੇਸ਼ਨ ਰੈਜ਼ੀਲੀਐਂਸ ਦੇ ਬੈਜਾਮਿਨ ਸਟ੍ਰਿਕ ਪਿਛਲੇ ਲੰਮੇ ਸਮੇਂ ਤੋਂ ਭਾਰਤ ’ਚ ਜਾਅਲੀ ਖ਼ਬਰਾਂ ’ਤੇ ਨਜ਼ਰ ਰੱਖ ਰਹੇ ਹਨ।

ਸਟ੍ਰਿਕ ਦਾ ਕਹਿਣਾ ਹੈ, “ ਬਹੁਤ ਸਾਰੀਆਂ ਐਪਲੀਕੇਸ਼ਨਾਂ ਜਾਂ ਤਾਂ ਮੁਫ਼ਤ ਹਨ ਜਾਂ ਫਿਰ ਉਨ੍ਹਾਂ ਦਾ ਪ੍ਰਤੀ ਮਹੀਨਾ ਖਰਚ 5 ਤੋਂ 8 ਡਾਲਰ ਹੈ। ਕਈਆਂ ਦੀ ਲਾਗਤ ਸਾਲਾਨਾ 50 ਡਾਲਰ ਆਉਂਦੀ ਹੈ ਅਤੇ ਇੰਨ੍ਹਾਂ ਸਾਫਟਵੇਅਰਜ਼ ਦੀ ਵਰਤੋਂ ਕਰਕੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਡੀਪਫ਼ੇਕ ਵੀਡੀਓ ਬਣਾ ਸਕਦੇ ਹੋ ਜਾਂ ਫਿਰ ਤਸਵੀਰਾਂ ਨਾਲ ਛੇੜਛਾੜ ਕਰ ਸਕਦੇ ਹੋ।”

ਵ੍ਹਟਸਐਪ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਐਪਾਂ ਦੀ ਵਰਤੋਂ ਨਾਲ ਇੰਨ੍ਹਾਂ ਜਾਅਲੀ ਵੀਡੀਓਜ਼ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੋਰ ਸੌਖਾ ਹੋ ਜਾਂਦਾ ਹੈ।

ਗੱਲ ਹੋ ਰਹੀ ਹੈ ਕਿ ਜਾਅਲੀ ਖ਼ਬਰਾਂ ਫੈਲਾਉਣ ਵਾਲਿਆਂ ਤੋਂ ਇਲਾਵਾ ਸੋਸ਼ਲ ਮੀਡੀਆ ਕੰਪਨੀਆਂ ਦੀ ਵੀ ਜਵਾਬਦੇਹੀ ਬਣਦੀ ਹੈ।

ਸੋਫ਼ੀ ਨਾਇਟਿੰਗੇਲ ਦਾ ਕਹਿਣਾ ਹੈ, “ ਜਾਅਲੀ ਸਮੱਗਰੀ ਦੇ ਪ੍ਰਸਾਰ ਲਈ ਸੋਸ਼ਲ ਮੀਡੀਆ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਾਧਨ ਹੈ। ਅਜਿਹੀ ਸਮੱਗਰੀ ਇੰਨ੍ਹਾਂ ਪਲੇਟਫਾਰਮਾਂ ਤੋਂ ਦੂਰ ਰਹੇ, ਉਸ ਦੇ ਲਈ ਇੰਨ੍ਹਾਂ ਕੰਪਨੀਆਂ ’ਤੇ ਦਬਾਅ ਪਾਉਣ ਲਈ ਅਜੇ ਫਿਲਹਾਲ ਬਹੁਤ ਹੀ ਘੱਟ ਕਾਨੂੰਨੀ ਕੰਟਰੋਲ ਹੈ।”

ਡੀਪਫੇਕ ਸਮੱਗਰੀ ਦੀ ਪਛਾਣ ਕਿਵੇਂ ਕੀਤੀ ਜਾਵੇ?

ਡੀਪਫੇਕ ਸਮੱਗਰੀ ਦੀ ਪਛਾਣ ਕਰਨ ਲਈ, ਕੁਝ ਖਾਸ ਗੱਲਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।

ਸਭ ਤੋਂ ਪਹਿਲਾਂ ਉਨ੍ਹਾਂ ਵਿੱਚ ਚਿਹਰੇ ਦੀ ਸਥਿਤੀ 'ਤੇ ਧਿਆਨ ਦੇਣਾ ਜ਼ਰੂਰੀ ਹੈ। ਡੀਪਫੇਕ ਤਕਨੀਕ ਅਕਸਰ ਹੀ ਚਿਹਰੇ ਅਤੇ ਅੱਖਾਂ ਦੀ ਸਥਿਤੀ ਵਿੱਚ ਮਾਤ ਖਾ ਜਾਂਦੀ ਹੈ। ਇਸ ਵਿੱਚ ਪਲਕਾਂ ਦਾ ਝਪਕਣਾ ਵੀ ਸ਼ਾਮਲ ਹੈ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਅੱਖਾਂ ਅਤੇ ਨੱਕ ਕਿਤੇ ਹੋਰ ਜਾ ਰਹੇ ਹਨ ਜਾਂ ਕਾਫੀ ਸਮਾਂ ਹੋ ਗਿਆ ਹੈ ਪਰ ਵੀਡੀਓ 'ਚ ਕਿਸੇ ਨੇ ਅੱਖਾਂ ਨਹੀਂ ਝਪਕਾਈਆਂ ਤਾਂ ਸਮਝ ਜਾਓ ਕਿ ਇਹ ਡੀਪ ਫੇਕ ਸਮੱਗਰੀ ਹੈ।

ਡੀਪਫੇਕ ਸਮੱਗਰੀ 'ਚ ਰੰਗਾਂ ਨੂੰ ਦੇਖ ਕੇ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਕਿ ਫੋਟੋ ਜਾਂ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ ਜਾਂ ਨਹੀਂ।