ਲਖਬੀਰ ਲੰਡਾ ਬਾਰੇ ਕੀ-ਕੀ ਪਤਾ ਹੈ ਜਿਸ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨਿਆ ਹੈ

ਤਸਵੀਰ ਸਰੋਤ, Punjab Police
ਕੈਨੇਡਾ ਵਾਸੀ ਲਖਬੀਰ ਸਿੰਘ ਉਰਫ਼ ਲੰਡਾ ਨੂੰ ਭਾਰਤ ਸਰਕਾਰ ਨੇ ’ਅੱਤਵਾਦੀ’ ਐਲਾਨ ਦਿੱਤਾ ਹੈ।
ਖ਼ਬਰ ਏਜੰਸੀ ਏਐੱਨਆਈ ਦੇ ਐਕਸ ਹੈਂਡਲ ਉੱਤੇ ਭਾਰਤੀ ਕੇਂਦਰੀ ਗ੍ਰਹਿ ਮੰਤਰਾਲੇ ਦਾ ਨੋਟੀਫਿਕਸ਼ੇਨ ਸਾਂਝਾ ਕੀਤਾ ਗਿਆ ਹੈ।
ਇਸ ਨੋਟੀਫਿਕੇਸ਼ਨ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਲੰਡਾ ਨੂੰ ਯੂਏਪੀਏ ਐਕਟ ਤਹਿਤ ਅੱਤਵਾਦੀ ਐਲਾਨਿਆ ਹੈ।
ਲਖਬੀਰ ਸਿੰਘ ਲੰਡਾ ’ਤੇ ਇਲਜ਼ਾਮ ਹੈ ਕਿ ਉਹ ਮੋਹਾਲੀ ਅਤੇ ਤਰਨਤਾਰਨ ਵਿੱਚ ਆਰਪੀਜੀ ਹਮਲਿਆਂ ਦਾ ਮਾਸਟਰਮਾਈਂਡ ਹੈ।
ਲਖਬੀਰ ਲੰਡਾ ਬਾਰੇ ਗ੍ਰਹਿ ਮੰਤਰਾਲੇ ਕੀ ਕਹਿੰਦਾ ਹੈ
ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਲਖਬੀਰ ਸਿੰਘ ਲੰਡਾ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਵਿੱਚ ਪੈਂਦੇ ਪਿੰਡ ਹਰੀਕੇ ਦਾ ਜੰਮਪਲ ਹੈ ਅਤੇ ਇਸ ਵੇਲੇ ਇਹ ਕੈਨੇਡਾ ਦੇ ਐਡਮੰਟਨ ਸ਼ਹਿਰ ਸ਼ਹਿਰ ਵਿੱਚ ਰਹਿੰਦਾ ਹੈ।
ਗ੍ਰਹਿ ਮੰਤਰਾਲੇ ਮੁਤਾਬਕ ਲੰਡਾ ਦਾ ਜਨਮ 24 ਅਗਸਤ 1989 ਦਾ ਹੈ।
ਨੋਟਿਸ ਮੁਤਾਬਕ, “ਲਖਬੀਰ ਸਿੰਘ ਲੰਡਾ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸਰਹੱਦ ਪਾਰ ਤੋਂ ਵੱਖ-ਵੱਖ ਮਾਡਿਊਲਾਂ ਨੂੰ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ), ਹਥਿਆਰਾਂ, ਆਧੁਨਿਕ ਹਥਿਆਰਾਂ, ਵਿਸਫੋਟਕਾਂ ਦੀ ਸਪਲਾਈ ਵਿੱਚ ਸ਼ਾਮਲ ਹੈ।”
ਲਖਬੀਰ ਲੰਡਾ ਉੱਤੇ ਇਲਜ਼ਾਮ ਹਨ ਕਿ ਉਹ 9 ਮਈ 2022 ਨੂੰ ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਦਾ ਮਾਸਟਰਮਾਈਂਡ ਹੈ।
ਇਸ ਤੋਂ ਇਲਾਵਾ ਨੋਟੀਫਿਕੇਸ਼ਨ ਵਿੱਚ ਲਿਖਿਆ ਹੈ ਕਿ ਲੰਡਾ ਪੰਜਾਬ ਵਿੱਚ ਅੱਤਵਾਦੀ ਮਾਡਿਊਲ ਤਿਆਰ ਕਰਨ, ਜਬਰੀ ਵਸੂਲੀ, ਕਤਲ, ਆਈਈਡੀ ਲਗਾਉਣ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਫੰਡਾਂ ਜਾਂ ਇਸ ਤੋਂ ਹਾਸਿਲ ਹੋਈ ਰਕਮ ਦੀ ਵਰਤੋਂ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆ ਵਿੱਚ ਅੱਤਵਾਦੀ ਕਾਰਵਾਈਆਂ ਨਾਲ ਸਬੰਧਤ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਵੀ ਸ਼ਾਮਲ ਰਿਹਾ ਹੈ।
ਗ੍ਰਹਿ ਮੰਤਰਾਲੇ ਅਨੁਸਾਰ ਉਹ ਅਤੇ ਉਸ ਦੇ ਸਾਥੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਟਾਰਗੇਟ ਕਿਲਿੰਗ, ਜਬਰਨ ਵਸੂਲੀ ਅਤੇ ਹੋਰ ਰਾਸ਼ਟਰ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਕੇ ਅਮਨ, ਕਾਨੂੰਨ ਨੂੰ ਭੰਗ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ।
ਇਸ ਤੋਂ ਇਲਾਵਾ ਲੰਡਾ ਖ਼ਿਲਾਫ਼ ਓਪਨ ਐਂਡੇਟ ਵਾਰੰਟ ਵੀ ਜਾਰੀ ਕੀਤਾ ਗਿਆ ਹੈ ਅਤੇ ਸਾਲ 2021 ਵਿੱਚ ਲੁਕ ਆਊਟ ਨੋਟਿਸ ਵੀ ਜਾਰੀ ਹੋਇਆ ਸੀ।

ਪੰਜਾਬ ਪੁਲਿਸ ਦਾ ‘ਮੋਸਟ ਵਾਂਟੇਡ’ ਅਪਰਾਧੀ
ਜਨਵਰੀ 2022 ਵਿੱਚ ਪੰਜਾਬ ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਲਖਬੀਰ ਸਿੰਘ ਲੰਡਾ ਬਾਰੇ ਕਿਹਾ ਗਿਆ ਸੀ ਕਿ ਲਖਬੀਰ ਸਿੰਘ ਉਰਫ ਲੰਡਾ, ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ ਅਤੇ ਪੰਜਾਬ ਪੁਲਿਸ ਨੂੰ ਮੋਸਟ ਵਾਂਟੇਡ ਅਪਰਾਧੀ ਹੈ।
ਪੰਜਾਬ ਪੁਲਿਸ ਨੇ ਉਸ ਨੂੰ ਕੈਟਾਗਰੀ-ਏ ਦਾ ਗੈਂਗਸਟਰ ਮੰਨਿਆ ਹੈ ਜੋ ਵੱਖ-ਵੱਖ ਜੁਰਮ ਕਰਨ ਤੋਂ ਬਾਅਦ 2017 ਵਿੱਚ ਕੈਨੇਡਾ ਭੱਜ ਗਿਆ ਸੀ।
ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਦੀਆਂ ਕੈਟਗਰੀ ਬਣਾ ਕੇ ਉਨ੍ਹਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।
ਪੰਜਾਬ ਪੁਲਿਸ ਮੁਤਾਬਕ, ਕੈਨੇਡਾ ਵਿੱਚ ਬੈਠ ਕੇ ਉਹ ਪੰਜਾਬ ਵਿੱਚ ਫਿਰੌਤੀ, ਕਤਲ ਅਤੇ ਹੋਰ ਦਹਿਸ਼ਤੀ ਅਪਰਾਧਾਂ ਵਿੱਚ ਸ਼ਾਮਲ ਗੈਂਗਸਟਰਾਂ ਦਾ ਨੈੱਟਵਰਕ ਚਲਾਉਂਦਾ ਹੈ। ਉਹ ਵੱਖ-ਵੱਖ ਦੇਸ਼ਾਂ ਵਿਚ ਰਹਿੰਦੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਨ੍ਹਾਂ ਅਪਰਾਧਾਂ ਨੂੰ ਅੰਜਾਮ ਦਿੰਦਾ ਰਿਹਾ ਹੈ।
ਪੰਜਾਬ ਪੁਲਿਸ ਨੇ ਉਸ ਨੂੰ ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਨਜ਼ਦੀਕੀ ਸਾਥੀ ਵੀ ਦੱਸਿਆ ਸੀ ਅਤੇ ਇਹ ਵੀ ਕਿਹਾ ਸੀ।
ਪੰਜਾਬ ਪੁਲਿਸ ਮੁਤਾਬਕ ਉਹ ਸਰਹਾਲੀ ਦੇ ਖੁਫੀਆ ਹੈੱਡਕੁਆਰਟਰ ਅਤੇ ਪੁਲਿਸ ਸਟੇਸ਼ਨ ਦੀ ਇਮਾਰਤ 'ਤੇ ਹਾਲ ਹੀ ਵਿੱਚ ਹੋਏ ਆਰਪੀਜੀ ਹਮਲਿਆਂ ਦਾ ਮਾਸਟਰਮਾਈਂਡ ਸੀ। ਉਹ ਕਤਲ, ਐੱਨਡੀਪੀਐਸ ਐਕਟ, ਫਿਰੌਤੀ ਵਸੂਲਣ, ਫਿਰੌਤੀ ਵਸੂਲਣ ਅਤੇ ਦਹਿਸ਼ਤ ਫੈਲਾਉਣ ਨਾਲ ਸਬੰਧਤ 31 ਐਫਆਈਆਰਜ਼ ਦਾ ਸਾਹਮਣਾ ਕਰ ਰਿਹਾ ਹੈ।
ਲਖਬੀਰ ’ਤੇ ਪੰਜਾਬ ’ਚ ਕਿਹੜੀਆਂ ਵਾਰਦਾਤਾਂ ਦੇ ਇਲਜ਼ਾਮ ਲੱਗੇ
9 ਮਈ 2022 ਦੀ ਸ਼ਾਮ 7.45 ਵਜੇ ਮੁਹਾਲੀ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਵਿੱਚ ਇੱਕ ਧਮਾਕਾ ਹੋਇਆ ਸੀ।
ਜਿਸ ਥਾਂ ਉੱਤੇ ਇਹ ਘਟਨਾ ਹੋਈ ਉਹ ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿਭਾਗ ਦਾ ਹੈੱਡਕੁਆਟਰ ਹੋਣ ਕਾਰਨ ਬਹੁਤ ਹੀ ਅਹਿਮ ਸੀ।
ਮੋਹਾਲੀ ਦੇ ਸੈਕਟਰ 77 ਵਿੱਚ ਸਥਿਤ ਇਸ ਹੈਡਕੁਆਰਟਰ ਦੇ ਨੇੜੇ ਰਿਹਾਇਸ਼ੀ ਇਲਾਕੇ ਵੀ ਹਨ। ਇਸ ਧਮਾਕੇ ਦੀ ਘਟਨਾ ਨੂੰ ਵੀ ਪੰਜਾਬ ਪੁਲਿਸ ਵੱਲੋਂ ਲਖਬੀਰ ਲੰਡਾ ਨਾਲ ਜੋੜਿਆ ਗਿਆ ਸੀ।

ਤਸਵੀਰ ਸਰੋਤ, RAVINDER SINGH ROBIN/BBC
ਸਰਹਾਲੀ ਆਰਪੀਜੀ ਹਮਲਾ
9 ਦਸੰਬਰ 2022 ਵਿੱਚ ਪੰਜਾਬ ਦੇ ਸਰਹੱਦੀ ਇਲਾਕੇ ਤਰਨ ਤਾਰਨ ਦੇ ਸਰਹਾਲੀ ਵਿੱਚ ਪੁਲਿਸ ਥਾਣੇ 'ਤੇ ਆਰਪੀਜੀ ਨਾਲ ਗ੍ਰੇਨੇਡ ਹਮਲੇ ਹੋਇਆ ਸੀ।
ਇਸ ਹਮਲੇ ਵਿੱਚ ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਉਸ ਵੇਲੇ ਦੱਸਿਆ ਸੀ ਕਿ ਹਮਲੇ ਵਿੱਚ ਆਰਪੀਜੀ ਦਾ ਇਸਤੇਮਾਲ ਕਰਕੇ ਇੱਕ ਰਾਕੇ, ਪੁਲਿਸ ਥਾਣੇ ਸਿਰਹਾਲੀ ਦੇ ਸੁਵਿਧਾ ਕੇਂਦਰ 'ਤੇ ਦਾਗ਼ਿਆ ਗਿਆ ਸੀ।
ਇਸ ਹਮਲੇ ਨੂੰ ਮੁਹਾਲੀ ਵਿਚ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਦੇ ਮੁੱਖ ਦਫ਼ਤਰ ਉੱਤੇ ਕੀਤਾ ਗਿਆ ਸੀ।
ਡੀਜੀਪੀ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਜਾਂਚ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਕੈਨੇਡਾ ਅਧਾਰਿਤ ਲਖਵੀਰ ਸਿੰਘ ਲੰਡਾ ਹਰੀਕੇ ਅਤੇ ਯੂਰਪ ਵਿੱਚ ਉਸ ਦੇ ਦੋ ਸਾਥੀ ਸਤਵੀਰ ਸਿੰਘ ਸੱਤਾ ਨੌਸ਼ਿਹਰਾ ਪੰਨੂਆਂ ਤੇ ਗੁਰਦੇਵ ਸਿੰਘ ਜੱਸਲ ਚੱਬਰ ਪਿੰਡ ਸਰਹਾਲੀ ਇਸ ਹਮਲੇ ਦੇ ਮਾਸਟਰਮਾਈਂਡ ਸਨ।












