ਜ਼ਿੰਕ ਸਾਡੇ ਸਰੀਰ ਲਈ ਕਿਉਂ ਜ਼ਰੂਰੀ ਹੁੰਦਾ ਹੈ, ਖਾਣੇ ਦੀਆਂ ਕਿਹੜੀਆਂ ਚੀਜ਼ਾਂ ਵਿੱਚ ਇਹ ਮੌਜੂਦ ਹੁੰਦਾ ਹੈ

    • ਲੇਖਕ, ਲੌਰਾ ਟਿਲਟ
    • ਰੋਲ, ਬੀਬੀਸੀ

ਜ਼ਿੰਕ ਸਾਡੇ ਲਈ ਇੱਕ ਜ਼ਰੂਰੀ ਖਣਿਜ ਹੈ। ਹਰ ਵਿਅਕਤੀ ਨੂੰ ਸਿਹਤਮੰਦ ਰਹਿਣ ਲਈ, ਭਾਵੇਂ ਥੋੜ੍ਹੀ ਮਾਤਰਾ ਵਿੱਚ ਹੀ ਸਹੀ ਪਰ ਇਸਦੀ ਲੋੜ ਹੁੰਦੀ ਹੈ।

ਹੋਰ ਖਣਿਜਾਂ ਵਾਂਗ, ਮਨੁੱਖੀ ਸਰੀਰ ਜ਼ਿੰਕ ਨਹੀਂ ਬਣਾ ਸਕਦਾ। ਇਸ ਲਈ ਸਾਨੂੰ ਇਸਨੂੰ ਆਪਣੀ ਖੁਰਾਕ ਤੋਂ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।

ਪਰ ਇਹ ਕਿਵੇਂ ਪਤਾ ਚੱਲੇ ਕਿ ਕੀ ਤੁਹਾਨੂੰ ਸਹੀ ਮਾਤਰਾ 'ਚ ਜ਼ਿੰਕ ਮਿਲ ਰਿਹਾ ਹੈ ਅਤੇ ਜੇਕਰ ਨਹੀਂ ਮਿਲ ਰਿਹਾ ਤਾਂ ਕੀ ਹੋਵੇਗਾ?

ਜ਼ਿੰਕ ਸਰੀਰ ਵਿੱਚ ਵੱਡੀ ਮਾਤਰਾ ਵਿੱਚ ਜਮ੍ਹਾਂ ਨਹੀਂ ਹੁੰਦਾ, ਇਸ ਲਈ ਜ਼ਿੰਕ ਦੇ ਪੱਧਰ ਨੂੰ ਬਣਾਈ ਰੱਖਣ ਲਈ ਖੁਰਾਕ ਸਬੰਧੀ ਚੰਗੀ ਦੇਖਭਾਲ ਦੀ ਲੋੜ ਹੁੰਦੀ ਹੈ।

ਜ਼ਿੰਕ ਦੀ ਲੋੜ ਕਿਉਂ ਹੁੰਦੀ ਹੈ?

ਜ਼ਿੰਕ ਸਾਡੀ ਸਿਹਤ ਲਈ ਕਈ ਤਰੀਕਿਆਂ ਨਾਲ ਜ਼ਰੂਰੀ ਹੈ। ਸਾਡੇ ਸਰੀਰ ਵਿੱਚ ਤਿੰਨ ਸੌ ਤੋਂ ਵੱਧ ਐਨਜ਼ਾਈਮ ਹੁੰਦੇ ਹਨ ਜੋ ਜ਼ਿੰਕ 'ਤੇ ਨਿਰਭਰ ਕਰਦੇ ਹਨ। ਇਹ ਐਨਜ਼ਾਈਮ ਪ੍ਰੋਟੀਨ ਹੁੰਦੇ ਹਨ, ਜੋ ਰਸਾਇਣਕ ਪ੍ਰਤੀਕ੍ਰਿਆਵਾਂ ਨੂੰ ਤੇਜ਼ ਕਰਨ ਵਿੱਚ ਮਦਦ ਕਰਦੇ ਹਨ।

ਜ਼ਿੰਕ, ਪ੍ਰੋਟੀਨ ਅਤੇ ਕਾਰਬੋਹਾਈਡਰੇਟ ਦੇ ਪਾਚਨ ਤੋਂ ਲੈ ਕੇ ਡੀਐਨਏ ਦੇ ਗਠਨ ਤੱਕ, ਸਰੀਰ ਦੇ ਕਈ ਮਹੱਤਵਪੂਰਨ ਕਾਰਜਾਂ ਵਿੱਚ ਸ਼ਾਮਲ ਹੁੰਦਾ ਹੈ। ਇਹ ਕੈਲਸ਼ੀਅਮ ਅਤੇ ਹੋਰ ਖਣਿਜਾਂ ਨੂੰ ਹੱਡੀਆਂ ਦੀ ਬਣਤਰ ਨਾਲ ਜੁੜੇ ਰਹਿਣ ਵਿੱਚ ਮਦਦ ਕਰਦਾ ਹੈ ਅਤੇ ਹੱਡੀਆਂ ਦੇ ਵਿਕਾਸ ਵਿੱਚ ਭੂਮਿਕਾ ਨਿਭਾਉਂਦਾ ਹੈ।

ਜ਼ਿੰਕ ਇੱਕ ਐਂਟੀਆਕਸੀਡੈਂਟ ਵਜੋਂ ਵੀ ਕੰਮ ਕਰਦਾ ਹੈ। ਇਹ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਣ ਦੇ ਨਾਲ-ਨਾਲ ਸਾਡੇ ਇਮਿਊਨ ਸਿਸਟਮ ਨੂੰ ਸਹੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ।

ਜ਼ਿੰਕ ਆਮ ਪ੍ਰਜਨਣ ਅਤੇ ਪ੍ਰਜਨਣ ਸ਼ਕਤੀ ਲਈ ਵੀ ਮਹੱਤਵਪੂਰਨ ਹੈ। ਔਰਤਾਂ ਵਿੱਚ ਇਹ ਅੰਡੇ ਦੇ ਵਿਕਾਸ ਵਿੱਚ ਭੂਮਿਕਾ ਨਿਭਾਉਂਦਾ ਹੈ, ਜਦਕਿ ਮਰਦਾਂ ਵਿੱਚ ਇਹ ਸ਼ੁਕਰਾਣੂਆਂ ਦੇ ਬਣਨ ਅਤੇ ਉਨ੍ਹਾਂ ਦੀ ਗਤੀ ਵਿੱਚ ਸਹਾਇਕ ਹੁੰਦਾ ਹੈ।

ਬੱਚਿਆਂ ਵਿੱਚ ਇਹ ਦਿਮਾਗ ਅਤੇ ਦਿਮਾਗੀ ਪ੍ਰਣਾਲੀ ਦੇ ਵਾਧੇ ਅਤੇ ਵਿਕਾਸ ਵਿੱਚ ਮਦਦ ਕਰਦਾ ਹੈ।

ਕੀ ਜ਼ਿੰਕ ਜ਼ੁਕਾਮ ਨਾਲ ਲੜਨ ਵਿੱਚ ਵਾਕਈ ਮਦਦ ਕਰਦਾ ਹੈ?

ਜ਼ਿੰਕ ਸਰੀਰ ਦੇ ਇਮਿਊਨ ਸਿਸਟਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ 1980 ਦੇ ਦਹਾਕੇ ਤੋਂ ਹੀ ਜ਼ੁਕਾਮ ਦੀਆਂ ਦਵਾਈਆਂ ਵਿੱਚ ਇੱਕ ਆਮ ਪਦਾਰਥ ਰਿਹਾ ਹੈ। ਉਸ ਸਮੇਂ ਕੀਤੇ ਗਏ ਅਧਿਐਨਾਂ ਤੋਂ ਪਤਾ ਲੱਗਾ ਸੀ ਕਿ ਇਹ ਜ਼ੁਕਾਮ ਦੇ ਵਾਇਰਸਾਂ ਦੇ ਫੈਲਣ ਨੂੰ ਰੋਕ ਸਕਦਾ ਹੈ।

ਪਰ ਹਾਲੀਆ ਖੋਜਾਂ ਤੋਂ ਪਤਾ ਲੱਗਾ ਹੈ ਕਿ ਜ਼ਿੰਕ ਜ਼ੁਕਾਮ ਨੂੰ ਰੋਕਣ ਨਾਲੋਂ ਉਸ ਦੀ ਮਿਆਦ ਘਟਾਉਣ ਵਿੱਚ ਵਧੇਰੇ ਪ੍ਰਭਾਵਸ਼ਾਲੀ ਹੈ। 30 ਤੋਂ ਵੱਧ ਅਧਿਐਨਾਂ ਦੀ ਸਮੀਖਿਆ ਵਿੱਚ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਜ਼ਿੰਕ ਜ਼ੁਕਾਮ ਨੂੰ ਰੋਕ ਸਕਦਾ ਹੈ, ਪਰ ਕੁਝ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਜੇਕਰ ਇਸਨੂੰ ਜਲਦੀ ਲਿਆ ਜਾਵੇ ਤਾਂ ਇਹ ਜ਼ੁਕਾਮ ਦੀ ਮਿਆਦ ਨੂੰ ਇੱਕ ਤੋਂ ਦੋ ਦਿਨ ਤੱਕ ਘਟਾ ਸਕਦਾ ਹੈ।

ਹਾਲਾਂਕਿ, ਜ਼ਿੰਕ ਦੀ ਕਿਸਮ, ਇਸਦੀ ਖੁਰਾਕ ਅਤੇ ਸੇਵਨ ਦੇ ਸਮੇਂ ਵਿੱਚ ਅੰਤਰ ਦੇ ਕਾਰਨ ਮਾਹਿਰ ਇਨ੍ਹਾਂ ਨਤੀਜਿਆਂ ਨੂੰ ਨਿਰਣਾਇਕ ਨਹੀਂ ਮੰਨਦੇ।

ਜ਼ਿੰਕ ਦੇ ਕੁਝ ਮਾੜੇ ਪ੍ਰਭਾਵ ਵੀ ਹਨ। ਇਸ ਨੂੰ ਜ਼ਿਆਦਾ ਮਾਤਰਾ ਲੈਣ ਨਾਲ ਪੇਟ ਦੀਆਂ ਸਮੱਸਿਆਵਾਂ, ਉਲਟੀਆਂ ਅਤੇ ਮੂੰਹ ਵਿੱਚ ਧਾਤੂ ਵਰਗਾ ਸੁਆਦ ਆ ਸਕਦਾ ਹੈ।

ਤੁਹਾਨੂੰ ਕਿੰਨੇ ਜ਼ਿੰਕ ਦੀ ਲੋੜ ਹੁੰਦੀ ਹੈ?

ਯੂਨਾਈਟਿਡ ਕਿੰਗਡਮ ਵਿੱਚ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਬਾਲਗਾਂ ਲਈ ਜ਼ਿੰਕ ਦੀ ਰੋਜ਼ਾਨਾ ਖੁਰਾਕ, ਮਰਦਾਂ ਲਈ 9.5 ਮਿਲੀਗ੍ਰਾਮ ਅਤੇ ਔਰਤਾਂ ਲਈ 7 ਮਿਲੀਗ੍ਰਾਮ ਹੈ।

ਛਾਤੀ ਦਾ ਦੁੱਧ ਚੁੰਘਾਉਣ ਵਾਲੀਆਂ ਮਹਿਲਾਵਾਂ ਨੂੰ ਦੁੱਧ ਚੁੰਘਾਉਣ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਪ੍ਰਤੀ ਦਿਨ 6 ਮਿਲੀਗ੍ਰਾਮ ਵਾਧੂ ਜ਼ਿੰਕ ਅਤੇ ਉਸ ਤੋਂ ਬਾਅਦ 2.5 ਮਿਲੀਗ੍ਰਾਮ ਵਾਧੂ ਜ਼ਿੰਕ ਦੀ ਲੋੜ ਹੁੰਦੀ ਹੈ।

ਕਿਹੜੇ ਭੋਜਨ ਪਦਾਰਥਾਂ ਵਿੱਚ ਜ਼ਿੰਕ ਹੁੰਦਾ ਹੈ?

ਫਲਾਂ ਅਤੇ ਸਬਜ਼ੀਆਂ ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ, ਪਰ ਇਨ੍ਹਾਂ ਵਿੱਚ ਜ਼ਿੰਕ ਦੀ ਮਾਤਰਾ ਘੱਟ ਹੁੰਦੀ ਹੈ। ਮਾਸਾਹਾਰੀ ਭੋਜਨ ਤੋਂ ਪ੍ਰਾਪਤ ਜ਼ਿੰਕ ਸ਼ਾਕਾਹਾਰੀ ਭੋਜਨ ਤੋਂ ਪ੍ਰਾਪਤ ਜ਼ਿੰਕ ਨਾਲੋਂ ਬਿਹਤਰ ਹੈ।

ਅਜਿਹਾ ਇਸ ਲਈ ਹੈ ਕਿਉਂਕਿ ਪੌਦਿਆਂ-ਅਧਾਰਿਤ ਖਾਣੇ ਵਿੱਚ ਫਾਈਟੇਟਸ (ਸਟੋਰ ਕੀਤੇ ਫਾਸਫੋਰਸ ਦਾ ਇੱਕ ਰੂਪ) ਵੀ ਹੁੰਦੇ ਹਨ। ਇਹ ਅੰਤੜੀ ਵਿੱਚ ਜ਼ਿੰਕ ਨਾਲ ਚਿਪਕ ਜਾਂਦੇ ਹਨ ਅਤੇ ਇਸਦੇ ਸੋਖਣ ਦੀ ਕਿਰਿਆ ਨੂੰ ਰੋਕਦੇ ਹਨ।

ਖੋਜ ਦਰਸਾਉਂਦੀ ਹੈ ਕਿ ਜੋ ਲੋਕ ਸ਼ਾਕਾਹਾਰੀ ਅਤੇ ਵੀਗਨ (ਪੌਦਿਆਂ ਅਧਾਰਿਤ) ਖੁਰਾਕ ਲੈਂਦੇ ਹਨ, ਉਨ੍ਹਾਂ ਵਿੱਚ ਜ਼ਿੰਕ ਦਾ ਪੱਧਰ ਘੱਟ ਹੁੰਦਾ ਹੈ।

ਪੌਦਿਆਂ ਤੋਂ ਮਿਲਣ ਵਾਲੇ ਖਾਣੇ ਨੂੰ ਤਿਆਰ ਕਰਨ ਦੇ ਕੁਝ ਤਰੀਕੇ ਹਨ ਜੋ ਜ਼ਿੰਕ ਸੋਖਣ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਕਰ ਸਕਦੇ ਹਨ। ਬੀਨਜ਼ ਅਤੇ ਅਨਾਜਾਂ ਨੂੰ ਭਿਓਂ ਕੇ ਅਤੇ ਪੁੰਗਰਨ ਦੇਣ ਨਾਲ ਉਨ੍ਹਾਂ ਵਿੱਚ ਫਾਈਟੇਟ ਦੀ ਮਾਤਰਾ ਘਟ ਸਕਦੀ ਹੈ, ਜਿਵੇਂ ਕਿ ਫਰਮੈਂਟੇਸ਼ਨ ਨਾਲ ਸਕਦੀ ਹੈ।

ਇਸਦਾ ਮਤਲਬ ਹੈ ਕਿ ਆਮ ਰੋਟੀ ਨਾਲੋਂ ਖਮੀਰ ਵਾਲੀ ਰੋਟੀ ਜ਼ਿੰਕ ਦਾ ਬਿਹਤਰ ਸਰੋਤ ਹੈ।

ਵਿਸ਼ਵ ਸਿਹਤ ਸੰਗਠਨ ਦਾ ਅੰਦਾਜ਼ਾ ਹੈ ਕਿ ਵਿਸ਼ਵ ਦੀ 30 ਫੀਸਦੀ ਆਬਾਦੀ ਨੂੰ ਜ਼ਿੰਕ ਦੀ ਘਾਟ ਜੋਖਮ ਹੈ।

ਸਪਲੀਮੈਂਟਸ ਬਾਰੇ ਕੀ?

ਜੇਕਰ ਤੁਸੀਂ ਜ਼ਿੰਕ ਸਪਲੀਮੈਂਟ ਲੈਣਾ ਚੁਣਦੇ ਹੋ, ਤਾਂ ਇਹ ਮਹੱਤਵਪੂਰਨ ਹੈ ਕਿ ਤੁਸੀਂ ਇਸਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਨਾ ਲਓ। ਐਨਐਚਐਸ, ਇੱਕ ਦਿਨ ਵਿੱਚ 25 ਮਿਲੀਗ੍ਰਾਮ ਤੋਂ ਵੱਧ ਜ਼ਿੰਕ ਨਾ ਲੈਣ ਦੀ ਸਲਾਹ ਦਿੰਦਾ ਹੈ

(ਇਸ ਲੇਖ ਵਿਚਲੀ ਸਾਰੀ ਸਮੱਗਰੀ ਸਿਰਫ਼ ਆਮ ਜਾਣਕਾਰੀ ਲਈ ਹੈ। ਜੇਕਰ ਤੁਸੀਂ ਆਪਣੀ ਸਿਹਤ ਬਾਰੇ ਚਿੰਤਤ ਹੋ, ਤਾਂ ਡਾਕਟਰ ਨਾਲ ਸਲਾਹ ਕਰੋ)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)