ਬੇਹੇ ਅਤੇ ਦੂਸ਼ਿਤ ਪਾਣੀ ਵਾਲੇ ਗੋਲਗੱਪੇ ਖਾਣ ਨਾਲ ਕਿਹੜੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ?

    • ਲੇਖਕ, ਅਪੂਰਵ ਅਮੀਨ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਹਫ਼ਤੇ ਗੁਜਰਾਤ ਦੇ ਗਾਂਧੀਨਗਰ ਵਿੱਚ ਦੂਸ਼ਿਤ ਪਾਣੀ ਕਾਰਨ ਟਾਈਫਾਈਡ ਦੇ ਕਈ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਜ਼ਿਆਦਾਤਰ ਮਰੀਜ਼ ਬੱਚੇ ਸਨ।

ਇਸ ਸਥਿਤੀ ਦੇ ਮੱਦੇਨਜ਼ਰ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਸੂਬੇ ਦੇ ਉਪ-ਮੁੱਖ ਮੰਤਰੀ ਹਰਸ਼ ਸੰਘਵੀ ਵੀ ਸ਼ਨੀਵਾਰ ਨੂੰ ਗਾਂਧੀਨਗਰ ਸਿਵਲ ਹਸਪਤਾਲ ਪਹੁੰਚੇ ਸਨ।

ਇਸੇ ਦੌਰਾਨ, ਅਹਿਮਦਾਬਾਦ ਵਿੱਚ ਵੀ ਦੱਖਣ, ਪੂਰਬ ਅਤੇ ਮੱਧ, ਤਿੰਨੋਂ ਅਹਿਮਦਾਬਾਦ ਮਿਊਂਸਪਲ ਕਾਰਪੋਰੇਸ਼ਨ ਦੇ ਖੇਤਰਾਂ ਵਿੱਚ ਟਾਈਫਾਈਡ, ਪੀਲੀਆ, ਹੈਜ਼ਾ ਅਤੇ ਉਲਟੀ-ਦਸਤ ਸਮੇਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਮਾਮਲਿਆਂ ਵਿੱਚ ਵਾਧੇ ਕਾਰਨ, ਨਗਰ ਨਿਗਮ ਨੇ 6 ਜਨਵਰੀ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਗੋਲਗੱਪੇ ਵੇਚਣ ਵਾਲਿਆਂ ਖ਼ਿਲਾਫ਼ ਸਿਹਤ ਵਿਭਾਗ ਰਾਹੀਂ ਜਾਂਚ ਕਰਨ ਦਾ ਹੁਕਮ ਦਿੱਤੇ ਹਨ।

ਸਿਹਤ ਵਿਭਾਗ ਵਿੱਚ ਲੰਬੇ ਸਮੇਂ ਤੋਂ 'ਕੰਮ ਨਾ ਕਰਨ' ਦੀਆਂ ਸ਼ਿਕਾਇਤਾਂ ਆ ਰਹੀਆਂ ਸਨ।

ਇਸ ਸਬੰਧ ਵਿੱਚ ਨਗਰ ਕਮਿਸ਼ਨਰ ਨੇ ਸ਼ਹਿਰ ਵਿੱਚ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੇ ਵਧਦੇ ਮਾਮਲਿਆਂ ਨੂੰ ਕੰਟਰੋਲ ਕਰਨ ਲਈ ਕਦਮ ਨਾ ਚੁੱਕਣ ਵਾਲੇ ਇੰਚਾਰਜ ਮੈਡੀਕਲ ਅਫ਼ਸਰ ਦੀ ਝਾੜ-ਝੰਬ ਵੀ ਕੀਤੀ ਹੈ।

ਹਾਲ ਹੀ ਵਿੱਚ, ਨਗਰ ਨਿਗਮ ਨੇ ਦੱਖਣ, ਪੂਰਬ ਅਤੇ ਮੱਧ ਸਮੇਤ ਤਿੰਨ ਖੇਤਰਾਂ ਦੇ ਵੱਖ-ਵੱਖ ਇਲਾਕਿਆਂ ਵਿੱਚੋਂ 544 ਕਿਲੋਗ੍ਰਾਮ ਸੜੇ ਹੋਏ ਆਲੂ, ਚਟਨੀ ਅਤੇ 428 ਲੀਟਰ ਪਾਣੀ ਵਾਲੇ ਖ਼ਰਾਬ ਹੋ ਚੁੱਕੇ ਖਾਧ ਪਦਾਰਥਾਂ ਨੂੰ ਨਸ਼ਟ ਕੀਤਾ ਹੈ।

ਮੱਧ ਖੇਤਰ ਵਿੱਚ 64, ਦੱਖਣੀ ਖੇਤਰ ਵਿੱਚ 48 ਅਤੇ ਪੂਰਬੀ ਖੇਤਰ ਵਿੱਚ 30 ਰੇਹੜੀ-ਫੜ੍ਹੀ ਵਾਲਿਆਂ ਦੀ ਜਾਂਚ ਕੀਤੀ ਗਈ ਅਤੇ 90 ਨੋਟਿਸ ਜਾਰੀ ਕੀਤੇ ਗਏ। ਗੋਲਗੱਪਿਆਂ ਲਈ ਤਿਆਰ ਕੀਤਾ ਗਿਆ 428 ਲੀਟਰ ਪਾਣੀ, ਆਲੂ ਮਸਾਲਾ ਅਤੇ ਚਟਨੀ ਨਸ਼ਟ ਕਰ ਦਿੱਤੀ ਗਈ ਅਤੇ ਜੁਰਮਾਨੇ ਵਜੋਂ 21 ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਵਸੂਲੀ ਗਈ।

ਇਸ ਤੋਂ ਇਲਾਵਾ, ਫੂਡ ਵਿਭਾਗ ਨੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਦੇ ਤਹਿਤ ਖਾਣ ਦੇ ਅਯੋਗ ਮੰਨੇ ਜਾਣ ਵਾਲੇ ਖਾਧ ਪਦਾਰਥਾਂ ਨੂੰ ਜਾਂਚ ਲਈ ਸਰਕਾਰੀ ਲੈਬਾਰਟਰੀ ਵਿੱਚ ਭੇਜਿਆ।

ਬੇਹੇ ਗੋਲਗੱਪੇ ਨਾਲ ਇਹ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ?

ਗੋਲਗੱਪੇ ਭਾਰਤ ਵਿੱਚ ਸੜਕਾਂ ਉੱਤੇ ਮਿਲਣ ਵਾਲੇ ਪਦਾਰਥਾਂ ਵਿੱਚੋਂ ਇੱਕ ਹੈ, ਪਰ ਇਸ ਦੀ ਗੁਣਵੱਤਾ ਉੱਤੇ ਹਮੇਸ਼ਾ ਸਵਾਲ ਉੱਠਦੇ ਰਹਿੰਦੇ ਹਨ।

ਬੀਬੀਸੀ ਗੁਜਰਾਤੀ ਨਾਲ ਗੱਲ ਕਰਦਿਆਂ ਕੌਮੀ ਗਾਹਕ ਸੁਰੱਖਿਆ ਏਜੰਸੀ ਦੇ ਪ੍ਰਧਾਨ ਜਸਵੰਤ ਸਿੰਘ ਵਾਘੇਲਾ ਨੇ ਕਿਹਾ, "ਇੰਦੌਰ ਅਤੇ ਗਾਂਧੀਨਗਰ ਵਿੱਚ ਦੂਸ਼ਿਤ ਪਾਣੀ ਕਾਰਨ ਟਾਈਫਾਈਡ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਸਟਮ ਨੂੰ ਅਲਰਟ ਕਰ ਦਿੱਤਾ ਗਿਆ ਸੀ। ਕਿਉਂਕਿ ਗੋਲਗੱਪੇ ਇੱਕ ਸਟ੍ਰੀਟ ਫੂਡ ਹੈ, ਇਸ ਲਈ ਅਹਿਮਦਾਬਾਦ ਨਗਰ ਨਿਗਮ ਵੱਲੋਂ ਇਸ ਦੀ ਜਾਂਚ ਕਰਨ ਦਾ ਹੁਕਮ ਦਿੱਤੇ ਗਏ ਹਨ।"

ਉਨ੍ਹਾਂ ਨੇ ਕਿਹਾ, "ਉਹ ਉਨ੍ਹਾਂ ਥਾਵਾਂ 'ਤੇ ਵੀ ਨਜ਼ਰ ਰੱਖ ਸਕਦੇ ਹਨ ਜਿੱਥੇ ਗੋਲਗੱਪੇ ਅਤੇ ਮਿਨਰਲ ਵਾਟਰ ਦੀਆਂ ਬੋਤਲਾਂ ਦੀ ਜ਼ਿਆਦਾਤਰ ਪੈਕੇਜਿੰਗ ਕੀਤੀ ਜਾਂਦੀ ਹੈ। ਉਹ ਲੋਕ ਸੈਂਪਲ ਲੈ ਕੇ ਨਿਗਮ ਦੀ ਲੈਬਾਰਟਰੀ ਵਿੱਚ ਭੇਜਦੇ ਹਨ।"

"ਜੇਕਰ ਤਲੇ ਹੋਏ ਆਲੂ ਜਾਂ ਹੋਰ ਸਮਾਨ ਖਾਣ ਦੇ ਲਾਇਕ ਨਹੀਂ ਹੁੰਦਾ, ਤਾਂ ਉਸ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਜਾਂਦਾ ਹੈ।"

ਫਿਰ ਸਭ ਤੋਂ ਅਹਿਮ ਸਵਾਲ ਉੱਠਦਾ ਹੈ, ਗੋਲਗੱਪੇ ਹੀ ਕਿਉਂ? ਗੋਲਗੱਪਿਆਂ ਵਿੱਚ ਅਜਿਹਾ ਕੀ ਹੈ ਜਿਸ ਨਾਲ ਬਿਮਾਰੀ ਫੈਲ ਰਹੀ ਹੈ?

ਬੀਬੀਸੀ ਗੁਜਰਾਤੀ ਨੇ ਗੋਲਗੱਪੇ ਦੀਆਂ ਰੇਹੜੀਆਂ 'ਤੇ ਮਿਲਣ ਵਾਲੇ ਭਾਂਡਿਆਂ ਅਤੇ ਹੋਰ ਖਾਧ ਪਦਾਰਥਾਂ ਬਾਰੇ ਸਿਹਤ ਮਾਹਿਰਾਂ ਦੀ ਰਾਇ ਜਾਣਨ ਦੀ ਕੋਸ਼ਿਸ਼ ਕੀਤੀ।

ਮੈਡੀਕਲ ਕੰਸਲਟੈਂਟ ਡਾ. ਅਜੈ ਪਰਮਾਰ ਨੇ ਬੀਬੀਸੀ ਗੁਜਰਾਤੀ ਨਾਲ ਗੱਲ ਕਰਦਿਆਂ ਦੱਸਿਆ ਕਿ ਗੋਲਗੱਪੇ ਵਿੱਚ ਵਰਤਿਆ ਜਾਣ ਵਾਲਾ ਪਾਣੀ ਗੰਦਾ ਹੋ ਸਕਦਾ ਹੈ। ਇਹ ਹੈਪੇਟਾਈਟਸ-ਏ ਅਤੇ ਹੈਪੇਟਾਈਟਸ-ਈ ਵਰਗੇ ਕੁਝ ਵਾਇਰਸਾਂ ਨੂੰ ਵਧਾਉਂਦਾ ਹੈ। ਇਹ ਵਾਇਰਸ ਪੀਲੀਏ ਦਾ ਕਾਰਨ ਬਣਦੇ ਹਨ।

"ਪੀਲੀਆ ਪਾਣੀ ਨਾਲ ਫੈਲਣ ਵਾਲੀ ਬਿਮਾਰੀ ਹੈ। ਇਸ ਤੋਂ ਇਲਾਵਾ, ਸਾਲਮੋਨੇਲਾ ਟਾਈਫੀ ਵਰਗੇ ਬੈਕਟੀਰੀਆ ਟਾਈਫਾਈਡ ਦਾ ਕਾਰਨ ਬਣਦੇ ਹਨ। ਨਾਲ ਹੀ, ਈ-ਕੋਲਾਈ ਨਾਮਕ ਬੈਕਟੀਰੀਆ ਘਤਕ ਦਸਤ ਅਤੇ ਕਦੇ-ਕਦੇ ਹੈਜ਼ੇ ਦਾ ਕਾਰਨ ਬਣਦੇ ਹਨ ਅਤੇ ਜੇਕਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਖੂਨੀ ਦਸਤ ਵੀ ਲੱਗ ਸਕਦੇ ਹਨ।"

ਬੇਹੇ ਗੋਲਗੱਪੇ ਖਾਣ ਨਾਲ ਕੀ ਹੋ ਸਕਦਾ ਹੈ?

ਖੁਰਾਕ ਅਤੇ ਪੋਸ਼ਣ ਵਿੱਚ ਪੀਐੱਚਡੀ (ਡਾਈਟ ਅਤੇ ਨਿਊਟ੍ਰੀਸ਼ਨ ਸਲਾਹਕਾਰ) ਡਾ. ਪੂਰਵੀ ਪਾਰਿਖ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ ਕਿ ਸੜਕ ਕਿਨਾਰੇ ਮਿਲਣ ਵਾਲੇ ਗੋਲਗੱਪਿਆਂ ਦੇ ਸਿਹਤ ਸਬੰਧੀ ਖ਼ਤਰੇ ਉਸ ਦੀ ਸਮੱਗਰੀ ਦੇ ਸਰੋਤ ਅਤੇ ਸਾਫ਼-ਸਫ਼ਾਈ ਵਿੱਚ ਲੁਕੇ ਹੋਏ ਹਨ।

ਡਾ. ਪੂਰਵੀ ਕਹਿੰਦੇ ਹਨ, "ਜ਼ਿਆਦਾਤਰ ਵਿਕਰੇਤਾ ਹੁਣ ਗੋਲਗੱਪੇ ਕੇਂਦਰੀ ਸਪਲਾਇਰਾਂ ਤੋਂ ਮੰਗਵਾਉਂਦੇ ਹਨ, ਜਿਨ੍ਹਾਂ ਨੂੰ ਪਾਮੋਲਿਨ ਤੇਲ ਜਾਂ ਵਨਸਪਤੀ ਤੇਲ ਵਿੱਚ ਵੱਡੀ ਮਾਤਰਾ ਵਿੱਚ ਤਲਿਆ ਜਾਂਦਾ ਹੈ ਅਤੇ ਫਿਰ ਵਾਰ-ਵਾਰ ਗਰਮ ਕੀਤਾ ਜਾਂਦਾ ਹੈ। ਅਜਿਹੇ ਤੇਲ ਆਕਸੀਡਾਈਜ਼ਡ ਲਿਪਿਡ ਪੈਦਾ ਕਰਦੇ ਹਨ, ਜੋ ਐਸਿਡਿਟੀ, ਇੰਸੁਲਿਨ ਰੋਧਕਤਾ ਅਤੇ ਲਿਪਿਡ ਅਸੰਤੁਲਨ ਨੂੰ ਵਧਾਉਣ ਲਈ ਜਾਣੇ ਜਾਂਦੇ ਹਨ।"

"ਇੱਕ ਹੋਰ ਖ਼ਤਰਾ ਗਲਤ ਤਰੀਕੇ ਨਾਲ ਸਟੋਰ ਕੀਤੇ ਜਾਂ ਅੱਧ-ਪਚੱਧੇ ਖ਼ਰਾਬ ਆਲੂਆਂ ਦੀ ਵਰਤੋਂ ਹੈ। ਜਦੋਂ ਆਲੂ ਸੜ ਜਾਂਦੇ ਹਨ ਅਤੇ ਵਾਰ-ਵਾਰ ਖਾਧੇ ਜਾਂਦੇ ਹਨ, ਤਾਂ ਉਨ੍ਹਾਂ ਵਿੱਚ ਮੌਜੂਦ ਕੁਦਰਤੀ ਗਲਾਈਕੋਐਲਕਲੋਇਡ ਜ਼ਹਿਰ, ਸੋਲੇਨਾਈਨ ਦਾ ਪੱਧਰ ਵੱਧ ਜਾਂਦਾ ਹੈ। ਸੋਲੇਨਾਈਨ ਦੇ ਸੰਪਰਕ ਵਿੱਚ ਆਉਣ ਨਾਲ ਆਂਦਰਾਂ ਵਿੱਚ ਜਲਣ, ਜੀਅ ਕੱਚਾ ਹੋਣਾ, ਸਿਰਦਰਦ ਅਤੇ ਨਿਊਰੋਲੋਜੀਕਲ ਤਣਾਅ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।"

"ਇਸ ਤੋਂ ਇਲਾਵਾ, ਘਟੀਆ ਕੁਆਲਿਟੀ ਦਾ ਆਟਾ, ਨਕਲੀ ਫਲੇਵਰ ਅਤੇ ਪਾਣੀ ਦੀ ਗੁਣਵੱਤਾ ਵਿੱਚ ਅਸਥਿਰਤਾ ਕਾਰਨ ਦਸਤ, ਟਾਈਫਾਈਡ ਅਤੇ ਹੈਪੇਟਾਈਟਸ ਏ ਸਮੇਤ ਗੈਸਟ੍ਰੋਇੰਟੇਸਟਾਈਨਲ (ਪੇਟ ਦੀ ਲਾਗ) ਇਨਫੈਕਸ਼ਨ ਹੋ ਸਕਦੀ ਹੈ।"

ਡਾ. ਅਜੈ ਪਰਮਾਰ ਦਾ ਕਹਿਣਾ ਹੈ ਕਿ ਗੋਲਗੱਪਿਆਂ ਨਾਲ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਜ਼ਿਆਦਾ ਫੈਲਦੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਨਿੰਬੂ ਦੇ ਰਸ ਦੀ ਬਜਾਏ ਸਸਤੇ ਟਾਰਟਰਿਕ ਐਸਿਡ ਵਰਗੇ ਨਕਲੀ ਪਦਾਰਥਾਂ ਦੀ ਵਰਤੋਂ ਕਰਨ ਨਾਲ ਗਲੇ ਵਿੱਚ ਸੋਜ, ਉੱਪਰਲੇ ਸਾਹ ਮਾਰਗ ਦੀ ਇਨਫੈਕਸ਼ਨ (ਯੂਆਰਟੀਆਈ), ਜ਼ੁਕਾਮ, ਖੰਘ ਅਤੇ ਇੱਥੋਂ ਤੱਕ ਕਿ ਸਾਹ ਲੈਣ ਵਿੱਚ ਤਕਲੀਫ਼ ਵੀ ਹੋ ਸਕਦੀ ਹੈ।

ਕਿਸ ਤਰ੍ਹਾਂ ਦੇ ਗੋਲਗੱਪੇ ਖਾਣਾ ਫਾਇਦੇਮੰਦ ਹੁੰਦਾ ਹੈ?

ਡਾ. ਪੂਰਵੀ ਕਹਿੰਦੇ ਹਨ, "ਮੈਂ ਗੋਲਗੱਪੇ ਨੂੰ ਦੁਸ਼ਮਣ ਨਹੀਂ ਮੰਨਦੀ, ਪਰ ਇਸ ਨੂੰ ਬਣਾਉਣ ਦੀ ਪ੍ਰਕਿਰਿਆ ਵਿੱਚ ਗੁਣਵੱਤਾ ਅਤੇ ਸਾਫ਼-ਸਫ਼ਾਈ ਰੱਖੀ ਜਾਣੀ ਚਾਹੀਦੀ ਹੈ। ਇਸ ਨੂੰ ਕਦੇ-ਕਦਾਈਂ ਖਾਣਾ ਠੀਕ ਹੈ, ਪਰ ਇਸ ਨੂੰ ਰੋਜ਼ਾਨਾ ਨਾਸ਼ਤੇ ਵਜੋਂ ਨਹੀਂ ਵਰਤਿਆ ਜਾ ਸਕਦਾ ਅਤੇ ਜਿੱਥੋਂ ਤੱਕ ਹੋ ਸਕੇ, ਘਰ ਦੇ ਬਣੇ ਗੋਲਗੱਪੇ ਹੀ ਖਾਣੇ ਚਾਹੀਦੇ ਹਨ।"

ਉਹ ਕਹਿੰਦੇ ਹਨ, "ਤਾਜ਼ਾ ਪੁਦੀਨਾ, ਧਨੀਆ, ਮਸਾਲੇ, ਉਬਲੇ ਹੋਏ ਛੋਲੇ, ਸਾਫ਼ ਆਲੂ ਅਤੇ ਪੁਣੇ ਹੋਏ ਜਾਂ ਉਬਲੇ ਹੋਏ ਪਾਣੀ ਨਾਲ ਸਾਵਧਾਨੀ ਨਾਲ ਤਿਆਰ ਕੀਤੇ ਘਰ ਦੇ ਬਣੇ ਗੋਲਗੱਪੇ ਹਾਜ਼ਮੇ ਵਿੱਚ ਮਦਦ ਕਰ ਸਕਦੇ ਹਨ।"

ਪੁਦੀਨਾ ਅਤੇ ਧਨੀਆ ਆਂਦਰਾਂ ਵਿੱਚ ਹਾਜਮੇ ਵਿੱਚ ਸਹਾਇਤਾ ਕਰਦੇ ਹਨ, ਜੀਰਾ ਅਤੇ ਅਦਰਕ ਹਾਜਮੇ ਦੇ ਰਸਾਂ (ਐਨਜ਼ਾਈਮਾਂ) ਨੂੰ ਸਹਾਰਾ ਦਿੰਦੇ ਹਨ। ਜਦਕਿ ਛੋਲੇ ਫਾਈਬਰ ਅਤੇ ਪ੍ਰੋਟੀਨ ਰਾਹੀਂ ਲਗਾਤਾਰ ਊਰਜਾ ਪ੍ਰਦਾਨ ਕਰਦੇ ਹਨ।

ਇਸ ਲਈ ਡਾ. ਅਜੈ ਪਰਮਾਰ ਕਹਿੰਦੇ ਹਨ, "ਸਟ੍ਰੀਟ ਫੂਡ ਵਿੱਚ ਸਫਾਈ ਕਾਇਮ ਰੱਖਣੀ ਬਹੁਤ ਮੁਸ਼ਕਲ ਹੈ। ਤੁਹਾਨੂੰ ਅਜਿਹੀ ਜਗ੍ਹਾ ਜਾਣਾ ਚਾਹੀਦਾ ਹੈ ਜਿੱਥੇ ਗੋਲਗੱਪੇ ਬਣਾਉਂਦੇ ਸਮੇਂ ਟੋਪੀ ਅਤੇ ਮਾਸਕ ਦੀ ਵਰਤੋਂ ਕੀਤੀ ਜਾਂਦੀ ਹੋਵੇ ਅਤੇ ਆਮ ਪਾਣੀ ਦੀ ਜਗ੍ਹਾ ਮਿਨਰਲ ਵਾਟਰ ਦੀ ਵਰਤੋਂ ਕੀਤੀ ਜਾਂਦੀ ਹੋਵੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)