ਕੀ ਮੋਬਾਈਲ ਫੋਨ ਦੀ ਵਰਤੋਂ ਨਾਲ ਕੈਂਸਰ ਹੋ ਸਕਦਾ? 30 ਸਾਲਾਂ ਦੀ ਖੋਜ ਮਗਰੋਂ ਕੀ ਸਾਹਮਣੇ ਆਇਆ

ਮੋਬਾਇਲ ਫੋਨ ਦੀ ਵਰਤੋਂ ਨਾਲ ਦਿਮਾਗ 'ਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਬਾਰੇ ਕਈ ਸਾਲਾਂ ਤੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ। ਮੋਬਾਇਲ ਫੋਨ ਨੂੰ ਅਕਸਰ ਵਰਤੋਂ ਦੌਰਾਨ ਸਿਰ ਦੇ ਕੋਲ ਰੱਖਿਆ ਜਾਂਦਾ ਹੈ ਅਤੇ ਇਸ ਵਿੱਚੋਂ ਰੇਡੀਓ ਤਰੰਗਾਂ ਨਿਕਲਦੀਆਂ ਹਨ।

ਇਸ ਸਬੰਧੀ 2011 ਵਿੱਚ ਖ਼ਤਰੇ ਦੀ ਘੰਟੀ ਉਦੋਂ ਵੱਜੀ ਜਦੋਂ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨਾਲ ਸਬੰਧਿਤ ਅੰਤਰਰਾਸ਼ਟਰੀ ਕੈਂਸਰ ਖੋਜ ਏਜੰਸੀ (ਆਈਏਆਰਸੀ) ਨੇ ਰੇਡੀਓ ਤਰੰਗਾਂ ਦੇ ਸੰਪਰਕ ਨੂੰ ਮਨੁੱਖ ਲਈ ਸੰਭਾਵਿਤ ਕੈਂਸਰ ਦਾ ਕਾਰਨ ਮੰਨਿਆ ਸੀ।

ਆਈਏਆਰਸੀ ਨੇ ਸਪੱਸ਼ਟ ਕੀਤਾ ਕਿ ਉਸ ਦਾ ਵਰਗੀਕਰਨ ਮੁੱਖ ਤੌਰ ’ਤੇ ਮਨੁੱਖਾਂ ’ਤੇ ਕੀਤੇ ਗਏ ਨਿਰੀਖਣ ਅਧਿਐਨਾਂ ਤੋਂ ਪ੍ਰਾਪਤ ਸੀਮਤ ਸਬੂਤਾਂ 'ਤੇ ਅਧਾਰਿਤ ਸੀ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਕੋਲ ਇਸ ਲਈ ਢੁੱਕਵੇਂ ਸਬੂਤ ਨਹੀਂ ਹਨ।

ਪਰ ਕੈਂਸਰਕਾਰੀ ਪ੍ਰਭਾਵ (ਕਾਰਸੀਨੋਜਨਿਕ ਪ੍ਰਭਾਵ) ਦੀ ਸੰਭਾਵਨਾ ਮੀਡੀਆ ਵਿੱਚ ਵੱਡੀ ਖ਼ਬਰ ਬਣਨ ਲਈ ਕਾਫ਼ੀ ਸੀ, ਜਿਨ੍ਹਾਂ ਵਿੱਚ ਮੋਬਾਇਲ ਫੋਨ ਦੀ ਵਰਤੋਂ ਨੂੰ ਦਿਮਾਗ ਦੇ ਕੈਂਸਰ ਨਾਲ ਜੋੜਿਆ ਗਿਆ।

ਹਾਲਾਂਕਿ, ਵਿਸ਼ਵ ਸਿਹਤ ਸੰਗਠਨ ਵੱਲੋਂ ਕੀਤੇ ਗਏ ਆਲਮੀ ਅਧਿਐਨਾਂ ਦੀ ਸਮੀਖਿਆ ਨਾਲ ਇਹ ਸਿੱਟਾ ਨਿਕਲਿਆ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮੋਬਾਇਲ ਦੀ ਵਰਤੋਂ ਨਾਲ ਕੈਂਸਰ ਦਾ ਜੋਖਮ ਵਧਦਾ ਹੈ।

ਇਸ ਸਬੰਧੀ ਅੰਤਿਮ ਵਿਸ਼ਲੇਸ਼ਣ ਵਿੱਚ 1994 ਤੋਂ 2022 ਤੱਕ 63 ਅਧਿਐਨ ਸ਼ਾਮਲ ਸਨ, ਜਿਨ੍ਹਾਂ ਦਾ ਮੁਲਾਂਕਣ 10 ਦੇਸ਼ਾਂ ਦੇ 11 ਖੋਜਕਰਤਾਵਾਂ ਦੁਆਰਾ ਕੀਤਾ ਗਿਆ। ਇਨ੍ਹਾਂ ਵਿੱਚ ਆਸਟ੍ਰੇਲੀਆ ਸਰਕਾਰ ਦੀ ਰੇਡੀਏਸ਼ਨ ਪ੍ਰੋਟੈਕਸ਼ਨ ਅਥਾਰਟੀ ਦੇ ਮਾਹਰ ਵੀ ਸ਼ਾਮਲ ਸਨ।

ਵਿਸ਼ਵ ਸਿਹਤ ਸੰਗਠਨ ਵੱਲੋਂ ਸੰਚਾਲਿਤ ਇਸ ਨਵੇਂ ਕਾਰਜ ਦੀ ਅਗਵਾਈ ਆਸਟ੍ਰੇਲੀਆਈ ਰੇਡੀਏਸ਼ਨ ਪ੍ਰੋਟੈਕਸ਼ਨ ਐਂਡ ਨਿਊਕਲੀਅਰ ਸੇਫਟੀ ਏਜੰਸੀ (ਏਆਰਪੀਏਐੱਨਐੱਸਏ) ਵਿੱਚ ਸਿਹਤ ਪ੍ਰਭਾਵ ਮੁਲਾਂਕਣ ਦੇ ਡਿਪਟੀ ਡਾਇਰੈਕਟਰ ਕੇਨ ਕਰੀਪੀਡਿਸ ਨੇ ਕੀਤੀ।

ਕਰੀਪੀਡਿਸ ਅਤੇ ਸਾਰਾ ਲੌਘਰਾਨ ਜੋ ਏਆਰਪੀਏਐੱਨਐੱਸਏ ਦੇ ਮਾਹਰ ਅਤੇ ਖੋਜ ਪੱਤਰ ਦੇ ਲੇਖਕ ਵੀ ਹਨ, ਉਨ੍ਹਾਂ ਨੇ ‘ਦਿ ਕਨਵਰਸੇਸ਼ਨ’ ਜਰਨਲ ਵਿੱਚ ਇੱਕ ਲੇਖ ਲਿਖਿਆ ਹੈ;

‘‘ਆਈਏਆਰਸੀ ਵਰਗੀਕਰਨ ਪਿਛਲੇ ਨਿਰੀਖਣ ਸਬੰਧੀ ਅਧਿਐਨਾਂ ’ਤੇ ਅਧਾਰਿਤ ਸੀ, ਜਿਸ ਵਿੱਚ ਦਿਮਾਗ ਦੇ ਕੈਂਸਰ ਤੋਂ ਪੀੜਤ ਲੋਕਾਂ ਨੇ ਦੱਸਿਆ ਸੀ ਕਿ ਉਹ ਅਸਲ ਵਿੱਚ ਮੋਬਾਇਲ ਫੋਨ ਦੀ ਜਿੰਨੀ ਵਰਤੋਂ ਕਰ ਸਕਦੇ ਸਨ, ਉਸ ਨਾਲੋਂ ਕਿਤੇ ਵੱਧ ਕਰਦੇ ਹਨ।’’

ਨਵੀਂ ਸਮੀਖਿਆ ਕੀ ਕਹਿੰਦੀ ਹੈ

ਆਸਟ੍ਰੇਲੀਆਈ ਮਾਹਰਾਂ ਦਾ ਕਹਿਣਾ ਹੈ ਕਿ ਨਵੀਂ ਯੋਜਨਾਬੱਧ ਸਮੀਖਿਆ ਆਈਏਆਰਸੀ ਦੇ 2011 ਦੇ ਮੁਲਾਂਕਣ ਦੀ ਤੁਲਨਾ ਵਿੱਚ ਕਿਧਰੇ ਜ਼ਿਆਦਾ ਵੱਡੇ ਅੰਕੜਿਆਂ ’ਤੇ ਆਧਾਰਿਤ ਹੈ ਅਤੇ ਇਸ ਵਿੱਚ ਹੋਰ ਤਾਜ਼ਾ ਅਤੇ ਵਿਆਪਕ ਅਧਿਐਨ ਸ਼ਾਮਲ ਹਨ।

‘‘ਇਸ ਦਾ ਮਤਲਬ ਇਹ ਹੈ ਕਿ ਅਸੀਂ ਹੁਣ ਇਸ ਗੱਲ ਨੂੰ ਲੈ ਕਿ ਜ਼ਿਆਦਾ ਵਿਸ਼ਵਾਸ ਕਰ ਸਕਦੇ ਹਾਂ ਕਿ ਮੋਬਾਇਲ ਫੋਨ ਜਾਂ ਵਾਇਰਲੈੱਸ ਤਕਨਾਲੋਜੀਆਂ ਤੋਂ ਨਿਕਲਣ ਵਾਲੀਆਂ ਰੇਡੀਓ ਤਰੰਗਾਂ ਦੇ ਸੰਪਰਕ ਵਿੱਚ ਆਉਣ ਨਾਲ ਦਿਮਾਗ ਦੇ ਕੈਂਸਰ ਦਾ ਖਤਰਾ ਨਹੀਂ ਵਧਦਾ।’’

‘‘ਇਹ ਸਮੀਖਿਆ ਅੱਜ ਤੱਕ ਦਾ ਸਭ ਤੋਂ ਮਜ਼ਬੂਤ ਸਬੂਤ ਪ੍ਰਦਾਨ ਕਰਦੀ ਹੈ ਕਿ ਵਾਇਰਲੈੱਸ ਤਕਨਾਲੋਜੀਆਂ ਤੋਂ ਨਿਕਲਣ ਵਾਲੀਆਂ ਰੇਡੀਓ ਤਰੰਗਾਂ ਮਨੁੱਖੀ ਸਿਹਤ ਲਈ ਕੋਈ ਖ਼ਤਰਾ ਨਹੀਂ ਹਨ।’’

ਇਸ ਸਮੀਖਿਆ ਵਿੱਚ 5000 ਤੋਂ ਜ਼ਿਆਦਾ ਅਧਿਐਨਾਂ ’ਤੇ ਵਿਚਾਰ ਕੀਤਾ ਗਿਆ ਸੀ, ਪਰ ਅੰਤਿਮ ਵਿਸ਼ਲੇਸ਼ਣ ਵਿੱਚ ਸਿਰਫ਼ 63 ਅਧਿਐਨਾਂ ਨੂੰ ਹੀ ਸ਼ਾਮਲ ਕੀਤਾ ਗਿਆ।

ਲੇਖਕਾਂ ਨੇ ਸਪੱਸ਼ਟ ਕੀਤਾ ਕਿ ਬਾਕੀ ਅਧਿਐਨਾਂ ਨੂੰ ਬਾਹਰ ਰੱਖਣ ਦਾ ਮੁੱਖ ਕਾਰਨ ਇਹ ਸੀ ਕਿ ਉਹ ‘ਪ੍ਰਸੰਗਿਕ ਨਹੀਂ ਸਨ।’

ਲੇਖਕ ਲਿਖਦੇ ਹਨ, ‘‘ਮੋਬਾਇਲ ਫੋਨ ਦੀ ਵਰਤੋਂ ਅਤੇ ਦਿਮਾਗ ਦੇ ਕੈਂਸਰ ਜਾਂ ਕਿਸੇ ਹੋਰ ਕਿਸਮ ਦੇ ਸਿਰ ਜਾਂ ਗਰਦਨ ਦੇ ਕੈਂਸਰ ਵਿਚਕਾਰ ਕੋਈ ਸਬੰਧ ਨਹੀਂ ਪਾਇਆ ਗਿਆ।’’

ਖੋਜਕਰਤਾਵਾਂ ਨੇ ਸਬੰਧਿਤ ਵਿਅਕਤੀ ਦੀ ਪਹਿਲੀ ਵਾਰ ਮੋਬਾਇਲ ਦੀ ਵਰਤੋਂ ਕਰਨ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਦਾ ਸਮਾਂ, ਫੋਨ ਕਾਲਾਂ ਦੀ ਗਿਣਤੀ ਅਤੇ ਕਿੰਨਾ ਸਮਾਂ ਫੋਨ ’ਤੇ ਗੱਲ ਕੀਤੀ ਵਰਗੇ ਕਾਰਕਾਂ ’ਤੇ ਵੀ ਗੌਰ ਕੀਤਾ।

ਉਨ੍ਹਾਂ ਨੇ ਸੈੱਲ ਫੋਨ ਅੰਟੀਨੇ ਤੋਂ ਹੋਣ ਵਾਲੀ ਸੰਭਾਵਿਤ ਰੇਡੀਏਸ਼ਨ ’ਤੇ ਵੀ ਵਿਚਾਰ ਕੀਤਾ।

‘‘ਜੇਕਰ ਕੋਈ ਵਿਅਕਤੀ ਦੱਸ ਜਾਂ ਇਸ ਤੋਂ ਵੱਧ ਸਾਲਾਂ ਤੱਕ ਮੋਬਾਇਲ ਫੋਨ ਦੀ ਵਰਤੋਂ ਕਰਦਾ ਹੈ (ਲੰਬੇ ਸਮੇਂ ਤੱਕ) ਤਾਂ ਉਸ ਦਾ ਵੀ ਕੈਂਸਰ ਨਾਲ ਕੋਈ ਸਬੰਧ ਨਹੀਂ ਮਿਲਿਆ। ਜਿਸ ਬਾਰੰਬਾਰਤਾ ਨਾਲ ਉਨ੍ਹਾਂ ਨੇ ਇਸ ਦੀ ਵਰਤੋਂ ਕੀਤੀ, ਭਾਵੇਂ ਫੋਨ ਕਾਲਾਂ ਦੀ ਗਿਣਤੀ ਹੋਵੇ ਜਾਂ ਫਿਰ ਫੋਨ ’ਤੇ ਗੱਲਬਾਤ ਕਰਨ ਲਈ ਬਿਤਾਇਆ ਗਿਆ ਸਮਾਂ, ਇਸ ਨਾਲ ਵੀ ਕੋਈ ਫਰਕ ਨਹੀਂ ਪੈਂਦਾ।’’

ਇਨ੍ਹਾਂ ਖੋਜ ਲੇਖਕਾਂ ਨੇ ਕਿਹਾ ਕਿ ਇਸ ਦੇ ਸਿੱਟੇ ਪਿਛਲੀ ਖੋਜ ਨਾਲ ਮੇਲ ਖਾਂਦੇ ਹਨ।

ਉਹ ਇਹ ਦਰਸਾਉਂਦੇ ਹਨ ਕਿ ਭਾਵੇਂ ਹਾਲ ਹੀ ਦੇ ਦਹਾਕਿਆਂ ਵਿੱਚ ਵਾਇਰਲੈੱਸ ਤਕਨਾਲੋਜੀਆਂ ਦੀ ਵਰਤੋਂ ਵਿੱਚ ਕਾਫ਼ੀ ਵਾਧਾ ਹੋਇਆ ਹੈ, ਪਰ ਫਿਰ ਵੀ ਦਿਮਾਗ ਦੇ ਕੈਂਸਰ ਦੇ ਮਰੀਜ਼ਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ।

ਹੁਣ ਕੀ ਹੋਵੇਗਾ?

ਨਵੀਂ ਸਮੀਖਿਆ ਦੇ ਨਤੀਜੇ ਵਿਸ਼ਵਾਸ ਕਰਨ ਵਾਲੇ ਹਨ ਅਤੇ ਇਹ ਦਰਸਾਉਂਦੇ ਹਨ ਕਿ ਅੰਤਰਰਾਸ਼ਟਰੀ ਨਾਨ-ਆਯੋਨਾਈਜ਼ਿੰਗ ਰੇਡੀਏਸ਼ਨ ਪ੍ਰੋਟੈਕਸ਼ਨ ਕਮਿਸ਼ਨ (ਆਈਸੀਐੱਨਆਈਆਰਪੀ) ਵਰਗੀਆਂ ਏਜੰਸੀਆਂ ਦੁਆਰਾ ਨਿਰਧਾਰਤ ਸੀਮਾਵਾਂ ਸੁਰੱਖਿਅਤ ਹਨ।

ਕਰੀਪੀਡਿਸ ਅਤੇ ਲੌਘਰਾਨ ਕਹਿੰਦੇ ਹਨ, ‘‘ਇਨ੍ਹਾਂ ਨਤੀਜਿਆਂ ਦਾ ਮਤਲਬ ਹੈ ਕਿ ‘‘ਸਾਡੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਸੀਮਾਵਾਂ ਸੁਰੱਖਿਆਤਮਕ ਹਨ। ਮੋਬਾਇਲ ਫੋਨ ਇਨ੍ਹਾਂ ਸੁਰੱਖਿਆ ਸੀਮਾਵਾਂ ਤੋਂ ਘੱਟ ਪੱਧਰ ਦੀਆਂ ਰੇਡੀਓ ਤਰੰਗਾਂ ਛੱਡਦੇ ਹਨ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਨਾਲ ਮਨੁੱਖੀ ਸਿਹਤ ’ਤੇ ਕੋਈ ਪ੍ਰਭਾਵ ਪੈਂਦਾ ਹੈ।’’

ਪਰ ਦੋਵੇਂ ਮਾਹਰਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਖੇਤਰ ਵਿੱਚ ਖੋਜ ਕਾਰਜ ਜਾਰੀ ਰੱਖਣਾ ਜ਼ਰੂਰੀ ਹੈ।

‘‘ਤਕਨਾਲੋਜੀ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ। ਇਸ ਵਿਕਾਸ ਦੇ ਨਾਲ ਹੀ ਵੱਖ-ਵੱਖ ਫ੍ਰੀਕੁਐਂਸੀ ਦੀ ਵਰਤੋਂ ਕਰਕੇ ਵੱਖ-ਵੱਖ ਤਰੀਕਿਆਂ ਨਾਲ ਰੇਡੀਓ ਤਰੰਗਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਲਈ, ਇਹ ਜ਼ਰੂਰੀ ਹੈ ਕਿ ਵਿਗਿਆਨ ਇਹ ਯਕੀਨੀ ਬਣਾਉਂਦਾ ਰਹੇ ਕਿ ਇਨ੍ਹਾਂ ਤਕਨੀਕਾਂ ਤੋਂ ਰੇਡੀਓ ਤਰੰਗਾਂ ਦੇ ਸੰਪਰਕ ਵਿੱਚ ਆਉਣਾ ਸੁਰੱਖਿਅਤ ਰਹੇ।’’

ਨਵੀਂ ਖੋਜ ਨੂੰ ਕਿਸ ਤਰ੍ਹਾਂ ਲੈਣਾ ਚਾਹੀਦਾ ਹੈ?

ਅਲਬਾਸੇਟ ਦੀ ਮੈਡੀਸਨ ਫੈਕਲਟੀ ਵਿੱਚ ਰੇਡੀਓਲੋਜੀ ਅਤੇ ਫਿਜ਼ੀਕਲ ਮੈਡੀਸਨ ਦੇ ਪ੍ਰੋਫੈਸਰ ਤੇ ਸਪੈਨਿਸ਼ ਮਾਹਰ ਅਲਬਰਟੋ ਨਜੇਰਾ ਲੋਪੇਜ਼ ਅਤੇ ਕੈਸਟੀਲਾ-ਲਾ ਮੰਚਾ ਯੂਨੀਵਰਸਿਟੀ ਵਿੱਚ ਬਾਇਓਸਟੈਟਿਸਟਿਕਸ ਦੇ ਐਸੋਸੀਏਟ ਪ੍ਰੋਫੈਸਰ ਜੇਸੁਸ ਗੋਂਜ਼ਾਲੇਜ਼ ਰੂਬੀਓ ਇੱਕ ਲੇਖ ਵਿੱਚ ਲਿਖਦੇ ਹਨ;

“ਇਹ ਨਵਾਂ ਪ੍ਰਕਾਸ਼ਨ ਸਾਡਾ ਸੁਚੇਤ ਤੌਰ ’ਤੇ 'ਸੰਭਾਵਿਤ’ ਵਿਸ਼ਵਾਸ ਵਧਾ ਦਿੰਦਾ ਹੈ ਕਿ ਮੋਬਾਇਲ ਫੋਨ ਸਾਡੇ ਲਈ ਕੋਈ ਖਤਰਾ ਨਹੀਂ ਵਧਾ ਰਹੇ। ਇਹ ਬਹਿਸ ਦਾ ਅੰਤ ਨਹੀਂ ਹੈ, ਪਰ ਇਹ ਜ਼ਿਆਦਾ ਸੰਪੂਰਨ ਅਤੇ ਸਬੂਤ-ਅਧਾਰਿਤ ਸਮਝ ਵੱਲ ਇੱਕ ਕਦਮ ਹੈ।’’

“ਬੇਸ਼ੱਕ, ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਖੋਜ ਜਾਰੀ ਨਹੀਂ ਰੱਖਣੀ ਚਾਹੀਦੀ। ਤਕਨਾਲੋਜੀ ਅਤੇ ਮੋਬਾਇਲ ਦੀ ਵਰਤੋਂ ਲਗਾਤਾਰ ਵਿਕਸਤ ਹੋ ਰਹੀ ਹੈ ਅਤੇ ਵਿਗਿਆਨੀ ਜਨਤਕ ਸਿਹਤ ਦੇ ਰੁਝਾਨਾਂ ਵਿੱਚ ਕਿਸੇ ਵੀ ਤਬਦੀਲੀ ਦੀ ਨਿਗਰਾਨੀ ਕਰਨੀ ਜਾਰੀ ਰੱਖਣਗੇ।”

ਨਜੇਰਾ ਲੋਪੇਜ਼ ਅਤੇ ਗੋਂਜ਼ਾਲੇਜ਼ ਰੂਬੀਓ ਦਾ ਇਹ ਸੰਦੇਸ਼ ਸਪੱਸ਼ਟ ਹੋਣਾ ਚਾਹੀਦਾ ਹੈ: “ਜੇ ਤੁਹਾਨੂੰ ਜ਼ਰੂਰਤ ਹੈ ਤਾਂ ਤੁਸੀਂ ਸੰਜਮ ਵਿੱਚ ਆਪਣੇ ਡਿਵਾਇਸ ਦੀ ਵਰਤੋਂ ਕਰੋ, ਪਰ ਇਨ੍ਹਾਂ ਕਾਰਨ ਕੈਂਸਰ ਦੇ ਵਧਣ ਦੀ ਸੰਭਾਵਨਾ ਬਾਰੇ ਚਿੰਤਾ ਕਰਨ ਲਈ ਕੋਈ ਠੋਸ ਸਬੂਤ ਨਹੀਂ ਹੈ।’’

‘‘ਵਿਗਿਆਨ ਤੁਹਾਡੇ ਲਈ ਆਪਣੀ ਜੇਬ ਵਿੱਚ ਰੱਖੀ ਹੋਈ ਕਿਸੇ ਡਿਵਾਇਸ ਦੀ ਤਰ੍ਹਾਂ ਹੀ ਹੈ ਜੋ ਤੁਹਾਨੂੰ ਸੁਚੇਤ ਤੌਰ ’ਤੇ ਫੈਸਲੇ ਲੈਣ ਵਿੱਚ ਤੁਹਾਡੀ ਮਦਦ ਕਰਨ ਲਈ ਹੀ ਇੱਥੇ ਮੌਜੂਦ ਹੈ।’’

ਕਰੀਪੀਡਿਸ ਅਤੇ ਲੌਘਰਾਨ ਅਨੁਸਾਰ ਚੁਣੌਤੀਆਂ ਵਿੱਚੋਂ ਹੁਣ ਇੱਕ ਇਹ ਚੁਣੌਤੀ ਹੈ ਕਿ, ‘‘ਇਸ ਨਵੀਂ ਖੋਜ ਦਾ ਉਦੇਸ਼ ਮੋਬਾਇਲ ਫੋਨ ਅਤੇ ਦਿਮਾਗ ਦੇ ਕੈਂਸਰ ਬਾਰੇ ਲਗਾਤਾਰ ਫੈਲੀਆਂ ਗਲਤ ਧਾਰਨਾਵਾਂ ਅਤੇ ਗਲਤ ਸੂਚਨਾਵਾਂ ਦਾ ਮੁਕਾਬਲਾ ਕਰਨਾ ਹੈ।’’

‘‘ਮੋਬਾਇਲ ਫੋਨ ਨਾਲ ਸਬੰਧਿਤ ਕਿਸੇ ਵੀ ਸਥਾਪਿਤ ਸਿਹਤ ਪ੍ਰਭਾਵ ਦਾ ਕੋਈ ਠੋਸ ਸਬੂਤ ਨਹੀਂ ਹੈ ਅਤੇ ਇਹ ਚੰਗੀ ਗੱਲ ਹੈ।’’

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)