ਤੁਹਾਨੂੰ ਆਪਣਾ ਫੋਨ ਚੌਲਾਂ ਵਿੱਚ ਰੱਖ ਕੇ ਕਿਉਂ ਨਹੀਂ ਸੁਕਾਉਣਾ ਚਾਹੀਦਾ, ਐਪਲ ਨੇ ਦੱਸੀ ਵਜ੍ਹਾ

ਐਪਲ ਨੇ ਆਪਣਾ ਫੋਨ ਵਰਤਣ ਵਾਲਿਆਂ ਨੂੰ ਸਲਾਹ ਦਿੱਤੀ ਹੈ ਕਿ ਭਿੱਜੇ ਹੋਏ ਫੋਨ ਨੂੰ ਚੌਲਾਂ ਵਿੱਚ ਰੱਖ ਕੇ ਨਾ ਸੁਕਾਇਆ ਜਾਵੇ।

ਭਿੱਜੇ ਹੋਏ ਫੋਨ ਨੂੰ ਚੌਲਾਂ ਦੇ ਡੱਬੇ ਵਿੱਚ ਰੱਖ ਕੇ ਸੁਕਾਉਣ ਦੀ ਸਲਾਹ ਕਾਫੀ ਪੁਰਾਣੀ ਹੈ ਅਤੇ ਘਰੇਲੂ ਨੁਸਖ਼ੇ ਵਾਂਗ ਦਿੱਤੀ ਜਾਂਦੀ ਹੈ। ਮਾਹਰ ਲੰਬੇ ਸਮੇਂ ਤੋਂ ਇਸ ਦੇ ਖਿਲਾਫ਼ ਸੁਚੇਤ ਕਰਦੇ ਰਹੇ ਹਨ।

ਹੁਣ ਕੰਪਨੀ ਨੇ ਖ਼ੁਦ ਕਿਹਾ ਹੈ ਕਿ ਚੌਲਾਂ ਦੇ ਮਹੀਨ ਕਣ ਅੰਦਰ ਦਾਖਲ ਹੋ ਕੇ ਉਪਕਰਣ ਨੂੰ ਖ਼ਰਾਬ ਕਰ ਸਕਦੇ ਹਨ।

ਇਸ ਨਾਲੋਂ ਗਿੱਲੇ ਫੋਨ ਤੋਂ ਪਾਣੀ ਨੂੰ ਪੂੰਝ ਕੇ ਮੂਧਾ ਰੱਖ ਕੇ ਸੁੱਕਣ ਲਈ ਛੱਡ ਦੇਣਾ ਚਾਹੀਦਾ ਹੈ।

ਫੋਨ ਦੀ ਤਕਨੀਕ ਪਿਛਲੇ ਸਮੇਂ ਦੌਰਾਨ ਕਾਫੀ ਵਿਕਸਿਤ ਹੋਈ ਹੈ। ਫਿਰ ਵੀ ਗਿੱਲੇ ਫੋਨ ਸੁਕਾਉਣ ਦੇ ਤਰੀਕਿਆਂ ਵਿੱਚ ਕੋਈ ਬਹੁਤਾ ਬਦਲਾਅ ਨਹੀਂ ਆਇਆ ਹੈ।

ਐਪਲ ਨੇ ਆਪਣੇ ਗਾਹਕਾਂ ਨੂੰ ਅਜਿਹੇ ਕਈ ਨੁਸਖ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

ਚੌਲਾਂ ਵਿੱਚ ਰੱਖ ਕੇ ਸੁਕਾਉਣ ਤੋਂ ਇਲਾਵਾ ਕੰਪਨੀ ਨੇ ਗਾਹਕਾਂ ਨੂੰ ਆਪਣੇ ਫੋਨ ਗਰਮੀ ਦੇ ਕਿਸੇ ਬਾਹਰੀ ਸਰੋਤ ਦੇ ਕੋਲ ਰੱਖ ਕੇ ਜਾਂ ਦਬਾਅ ਵਾਲੀ ਹਵਾ ਨਾਲ ਸੁਕਾਉਣ ਤੋਂ ਵੀ ਵਰਜਿਆ ਹੈ।

ਮਤਲਬ ਕਿ ਫੋਨ ਨੂੰ ਵਾਲ ਸੁਕਾਉਣ ਵਾਲੇ ਉਪਕਰਣਾਂ ਜਾਂ ਰੇਡੀਏਟਰ ਜਾਂ ਬਲਬ ਉੱਪਰ ਰੱਖ ਕੇ ਨਹੀਂ ਸੁਕਾਇਆ ਜਾਣਾ ਚਾਹੀਦਾ।

ਹੋਰ ਕਿਹੜੇ ਢੰਗਾਂ ਨਾਲ ਫੋਨ ਸੁਕਾਉਣ ਤੋਂ ਬਚੀਏ

ਇਸਤੋਂ ਇਲਾਵਾ ਕੰਪਨੀ ਨੇ ਕਿਹਾ ਕਿ ਗਾਹਕਾਂ ਨੂੰ ਆਪਣੇ ਉਪਕਰਣਾਂ ਵਿੱਚ ਬਾਹਰੀ ਵਸਤੂਆਂ ਪਾਉਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਜਿਵੇਂ- ਰੂੰ ਦਾ ਫਾਹਾ ਅਤੇ ਪੇਪਰ ਨੈਪਕਿਨ ਵਗੈਰਾ।

ਇਸਦੀ ਬਜਾਇ ਸਲਾਹ ਦਿੱਤੀ ਗਈ ਹੈ ਕਿ ਫੋਨ ਨੂੰ ਕਿਸੇ ਸੁੱਕੀ ਅਤੇ ਹਵਾਦਾਰ ਥਾਂ ਉੱਤੇ ਰੱਖ ਦੇਣਾ ਚਾਹੀਦਾ ਹੈ।

ਐਪਲ ਦੀ ਇਹ ਨਵੀਂ ਸਲਾਹਕਾਰੀ ਸਭ ਤੋਂ ਪਹਿਲਾਂ ਮੈਕਵਰਲਡ ਨਾਮ ਦੀ ਟੈਕ ਵੈਬਸਾਈਟ ਨੇ ਧਿਆਨ ਵਿੱਚ ਲਿਆਂਦਾ।

ਹਾਲਾਂਕਿ ਵੈਬਸਾਈਟ ਇਹ ਵੀ ਲਿਖਦੀ ਹੈ ਕਿ ਜਿਵੇਂ-ਜਿਵੇਂ ਫੋਨਾਂ ਦੇ ਅਕਾਰ-ਪਰਕਾਰ ਬਦਲ ਰਹੇ ਹਨ ਭਵਿੱਖ ਵਿੱਚ ਅਜਿਹੀਆਂ ਸਲਾਹਾਂ ਦੀ ਲੋੜ ਨਹੀਂ ਰਹਿ ਜਾਵੇਗੀ।

ਤਕਨੀਕੀ ਵਿਕਾਸ ਕਾਰਨ ਫੋਨ ਹੁਣ ਪਾਣੀ ਨੂੰ ਸਹਿਣ ਕਰਨ ਦੇ ਸਮਰੱਥ ਬਣਦੇ ਜਾ ਰਹੇ ਹਨ।

ਐਪਲ ਦੇ ਹੀ ਆਈਫੋਨ-12 ਤੋਂ ਮਗਰਲੇ ਸਾਰੇ ਫੋਨ ਜੇ ਅੱਧੇ ਘੰਟੇ ਤੱਕ ਛੇ ਮੀਟਰ ਡੂੰਘੇ ਪਾਣੀ ਵਿੱਚ ਵੀ ਡੁੱਬੇ ਰਹਿਣ ਤਾਂ ਵੀ ਉਨ੍ਹਾਂ ਦਾ ਕੁਝ ਨਹੀਂ ਵਿਗੜਦਾ।

ਹਾਲਾਂਕਿ ਜਿਸ ਹਿਸਾਬ ਨਾਲ ਰਹਿਣ-ਸਹਿਣ ਮਹਿੰਗਾ ਹੁੰਦਾ ਜਾ ਰਿਹਾ ਹੈ। ਲੋਕ ਆਰਥਿਕ ਤੰਗੀ ਕਾਰਨ ਵਰਤੇ ਹੋਏ ਫੋਨ ਖ਼ਰੀਦਣ ਵਿੱਚ ਦਿਲਚਸਪੀ ਲੈ ਰਹੇ ਹਨ।

ਬਦਲਦੇ ਪੌਣ-ਪਾਣੀ ਦੇ ਮੱਦੇ ਨਜ਼ਰ ਵੀ ਮਾਹਰ ਸਲਾਹ ਦਿੰਦੇ ਹਨ ਕਿ ਆਪਣੇ ਉਪਕਰਣਾਂ ਨੂੰ ਖ਼ਰਾਬ ਹੋ ਜਾਣ ਤੋਂ ਬਾਅਦ ਸੁੱਟਿਆ ਨਾ ਜਾਵੇ ਸਗੋਂ ਮੁਰੰਮਤ ਕਰਵਾ ਕੇ ਵੱਧ-ਤੋਂ ਵੱਧ ਸਮਾਂ ਵਰਤਿਆ ਜਾਣਾ ਚਾਹੀਦਾ ਹੈ।

ਉਸ ਨੂੰ ਦੇਖਦੇ ਹੋਏ ਲਗਦਾ ਹੈ ਕਿ ਇਸ ਤਰ੍ਹਾਂ ਦੀਆਂ ਸਲਾਹਾਂ ਪ੍ਰਸੰਗਿਕ ਬਣੀਆਂ ਰਹਿਣਗੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)