You’re viewing a text-only version of this website that uses less data. View the main version of the website including all images and videos.
ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਤੋਂ ਰੂਬੀ ਢੱਲਾ ਬਾਹਰ, ਜਾਣੋ ਕਿਹੜੇ ਇਲਜ਼ਾਮਾਂ ਤਹਿਤ ਅਯੋਗ ਕਰਾਰ ਦਿੱਤਾ ਗਿਆ
ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਤੋਂ ਪੰਜਾਬੀ ਮੂਲ ਦੇ ਰੂਬੀ ਢੱਲਾ ਹੁਣ ਬਾਹਰ ਹੋ ਗਏ ਹਨ। ਦਰਅਸਲ, ਲਿਬਰਲ ਪਾਰਟੀ ਆਫ਼ ਕੈਨੇਡਾ ਦੀ ਇੱਕ ਕਮੇਟੀ ਨੇ ਸ਼ੁੱਕਰਵਾਰ ਨੂੰ ਸਰਬਸੰਮਤੀ ਨਾਲ ਵੋਟਿੰਗ ਕਰਕੇ ਸਾਬਕਾ ਸੰਸਦ ਮੈਂਬਰ ਰੂਬੀ ਢੱਲਾ ਨੂੰ ਇਸ ਦੇ ਲਈ ਅਯੋਗ ਕਰਾਰ ਦੇ ਦਿੱਤਾ ਹੈ।
ਸੀਬੀਸੀ ਦੀ ਇੱਕ ਰਿਪੋਰਟ ਮੁਤਾਬਕ, ਪਾਰਟੀ ਦੇ ਕੌਮੀ ਨਿਰਦੇਸ਼ਕ, ਆਜ਼ਮ ਇਸਮਾਈਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ 10 ਤਰ੍ਹਾਂ ਦੀ ਨਿਯਮਾਂ ਦੀ ਉਲੰਘਣਾ ਕੀਤੀ ਹੈ, ਜਿਨ੍ਹਾਂ ਵਿੱਚੋਂ ਕੁਝ ਪਾਰਟੀ ਦੀ ਲੀਡਰਸ਼ਿਪ ਅਤੇ ਖਰਚ ਨਿਯਮਾਂ ਨਾਲ ਵੀ ਸਬੰਧਤ ਹਨ।
ਉਨ੍ਹਾਂ ਦੱਸਿਆ ਕਿ ਪੂਰੀ ਤਰ੍ਹਾਂ ਨਾਲ ਸਮੀਖਿਆ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਜਿਸ ਵਿੱਚ ਢੱਲਾ ਤੋਂ ਸਵਾਲ-ਜਵਾਬ ਵੀ ਕੀਤੇ ਗਏ ਸਨ।
ਹਾਲਾਂਕਿ ਰੂਬੀ ਢੱਲਾ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
ਰਿਪੋਰਟ ਮੁਤਾਬਕ, "ਲੀਡਰਸ਼ਿਪ ਵੋਟ ਕਮੇਟੀ ਨੇ ਇਹ ਨਿਰਧਾਰਤ ਕੀਤਾ ਕਿ ਕੀਤੀ ਗਈ ਉਲੰਘਣਾ ਬਹੁਤ ਗੰਭੀਰ ਸਨ।" ਜਿਨ੍ਹਾਂ ਵਿੱਚ ਕੈਨੇਡਾ ਚੋਣ ਐਕਟ ਦੀ ਉਲੰਘਣਾ ਕਰਨਾ, ਵਿੱਤ ਨਾਲ ਜੁੜੀ ਗਲਤ ਜਾਣਕਾਰੀ ਦੇਣਾ, ਤੱਥ ਪੇਸ਼ ਨਾ ਕਰਨਾ ਆਦਿ ਸ਼ਾਮਲ ਹਨ।”
ਵੀਰਵਾਰ ਨੂੰ, ਪਾਰਟੀ ਨੇ ਪੁਸ਼ਟੀ ਕੀਤੀ ਕਿ ਢੱਲਾ ਦੀ ਮੁਹਿੰਮ ਲਈ 21,000 ਡਾਲਰ ਦੇ ਯੋਗਦਾਨ ਨੂੰ ਵੀ ਰੋਕਿਆ ਜਾ ਰਿਹਾ ਹੈ ਕਿਉਂਕਿ ਜਾਂਚ ਵਿੱਚ ਪਾਇਆ ਗਿਆ ਕਿ ਉਨ੍ਹਾਂ ਨੂੰ ਫ਼ੰਡ ਦੇਣ ਵਾਲੇ 12 ਦਾਨੀਆਂ ਨੇ ਪੈਸੇ ਦੇਣ ਦੀ ਸੀਮਾ ਨੂੰ ਪਾਰ ਕਰ ਲਿਆ।
ਇਸ ਦੇ ਨਾਲ ਹੀ ਇਸ ਫ਼ੰਡ ਨਾਲ ਜੁੜੇ ਕੁਝ ਖਦਸ਼ੇ ਅਤੇ ਗੜਬੜੀਆਂ ਵੀ ਪਾਰਟੀ ਦੇ ਸਾਹਮਣੇ ਆਈਆਂ।
ਢੱਲਾ ਨੇ ਆਪਣੇ ਪੱਖ 'ਚ ਕੀ ਕਿਹਾ
ਰੂਬੀ ਢੱਲਾ ਨੇ ਪਾਰਟੀ ਕਮੇਟੀ ਦੇ ਇਸ ਫੈਸਲੇ ਨੂੰ ਹੈਰਾਨ ਅਤੇ ਨਿਰਾਸ਼ ਕਰਨ ਵਾਲਾ ਦੱਸਿਆ ਹੈ ਅਤੇ ਆਪਣੇ ਉੱਪਰ ਲੱਗੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
ਉਨ੍ਹਾਂ ਆਪਣੇ ਐਕਸ ਅਕਾਊਂਟ 'ਤੇ ਲਿਖਿਆ, ''ਮੈਨੂੰ ਹੁਣੇ-ਹੁਣੇ ਕੈਨੇਡਾ ਦੀ ਲਿਬਰਲ ਪਾਰਟੀ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਮੈਨੂੰ ਲੀਡਰਸ਼ਿਪ ਦੀ ਦੌੜ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਇਹ ਫੈਸਲਾ ਹੈਰਾਨ ਕਰਨ ਵਾਲਾ ਅਤੇ ਬੇਹੱਦ ਨਿਰਾਸ਼ਾਜਨਕ ਹੈ, ਖਾਸ ਕਰਕੇ ਉਦੋਂ ਤੋਂ ਜਦੋਂ ਤੋਂ ਇਹ ਮੀਡੀਆ ਵਿੱਚ ਲੀਕ ਹੋ ਗਿਆ ਹੈ।''
ਉਨ੍ਹਾਂ ਅੱਗੇ ਲਿਖਿਆ, ''ਪਾਰਟੀ ਨੇ ਮੇਰੇ ਵਿਰੁੱਧ ਜੋ ਇਲਜ਼ਾਮ ਲਗਾਏ ਹਨ, ਉਹ ਝੂਠੇ ਅਤੇ ਮਨਘੜਤ ਹਨ। ਮੈਨੂੰ ਇਸ ਦੌੜ ਤੋਂ ਹਟਾਉਣ ਲਈ ਵਰਤੀਆਂ ਗਈਆਂ ਚਾਲਾਂ ਸਿਰਫ਼ ਇਹੀ ਸਾਬਿਤ ਕਰਦੀਆਂ ਹਨ ਜੋ ਅਸੀਂ ਪਹਿਲਾਂ ਹੀ ਜਾਣਦੇ ਸੀ - ਸਾਡਾ ਸੁਨੇਹਾ ਗੂੰਜ ਰਿਹਾ ਸੀ, ਅਸੀਂ ਜਿੱਤ ਰਹੇ ਸੀ, ਅਤੇ ਸੰਗਠਨ ਨੂੰ ਖ਼ਤਰਾ ਮਹਿਸੂਸ ਹੋ ਰਿਹਾ ਸੀ।''
''ਇੱਕ ਦਿਨ ਇਹ ਵਿਦੇਸ਼ੀ ਦਖਲਅੰਦਾਜ਼ੀ ਸੀ, ਇੱਕ ਦਿਨ ਇਹ ਮੁਹਿੰਮ ਦੀ ਉਲੰਘਣਾ ਸੀ - ਇਹ ਸਭ ਮੈਨੂੰ ਕਾਰਨੀ ਨਾਲ ਬਹਿਸ ਕਰਨ ਅਤੇ ਜਿੱਤਣ ਤੋਂ ਰੋਕਣ ਦੀ ਕੋਸ਼ਿਸ਼ ਵਿੱਚ ਹੋਇਆ ਹੈ।''
ਰੂਬੀ ਨੇ ਕਿਹਾ, ''ਮੈਂ ਕੈਨੇਡੀਅਨਾਂ ਲਈ ਖੜ੍ਹੀ ਰਹਾਂਗੀ ਅਤੇ ਕੈਨੇਡਾ ਲਈ ਲੜਾਂਗੀ।''
ਆਪਣੇ ਉੱਤੇ ਲੱਗੇ ਇਲਜ਼ਾਮਾਂ ਬਾਰੇ ਉਨ੍ਹਾਂ ਲਿਖਿਆ, ''ਮੇਰੀ ਮੁਹਿੰਮ ਵਿੱਚ, ਪੂਰੇ ਕੈਨੇਡਾ ਤੋਂ ਹਜ਼ਾਰਾਂ ਵਲੰਟੀਅਰ ਸ਼ਾਮਲ ਹੋਏ ਹਨ ਜੋ ਇਤਿਹਾਸ ਦਾ ਹਿੱਸਾ ਬਣਨਾ ਚਾਹੁੰਦੇ ਹਨ। ਉਹ ਕੈਨੇਡਾ ਦੀ ਅਗਲੀ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੀ ਆਗੂ ਦੇ ਰੂਪ ਵਿੱਚ ਪਹਿਲੀ ਸਿਆਹਫਾਮ ਮਹਿਲਾ ਨੂੰ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਆਪਣੀ ਭਾਰਤੀ ਵਿਰਾਸਤ ਅਤੇ ਇੱਕ ਪਰਵਾਸੀ ਦੀ ਧੀ ਹੋਣ ਕਾਰਨ, ਉਨ੍ਹਾਂ 'ਤੇ ਜੋ ਵਿਦੇਸ਼ੀ ਦਖਲਅੰਦਾਜ਼ੀ ਦੇ ਬੇਬੁਨਿਆਦ ਇਲਜ਼ਾਮ ਲੱਗ ਰਹੇ ਹਨ, ਉਹ ਆਪਣੇ ਆਪ ਨੂੰ ਉਨ੍ਹਾਂ ਨਾਲ ਘਿਰਨ ਨਹੀਂ ਦੇਣਗੇ।
ਉਨ੍ਹਾਂ ਕਿਹਾ ਕਿ ''ਇਸ ਤਰ੍ਹਾਂ ਦੀਆਂ ਟਿੱਪਣੀਆਂ ਸਾਰੇ ਪਰਵਾਸੀਆਂ 'ਤੇ ਸਿੱਧਾ ਹਮਲਾ ਹਨ, ਜਿਸ ਦੀ ਮੈਂ ਇਜਾਜ਼ਤ ਨਹੀਂ ਦੇਵਾਂਗੀ।''
ਕੌਣ ਹਨ ਰੂਬੀ ਢੱਲਾ
ਰੂਬੀ ਢੱਲਾ ਟੋਰਾਂਟੋ ਖੇਤਰ ਤੋਂ ਸਾਬਕਾ ਲਿਬਰਲ ਸੰਸਦ ਮੈਂਬਰ ਹਨ ਅਤੇ ਇੱਕ ਮੋਟੀਵੇਸ਼ਨਲ ਸਪੀਕਰ ਵੀ ਹਨ।
ਰੂਬੀ ਢੱਲਾ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਇੱਕ ਮਾਡਲ ਵਜੋਂ ਵੀ ਕੰਮ ਕਰ ਚੁੱਕੇ ਹਨ।
ਰੂਬੀ ਢੱਲਾ 2004 ਤੋਂ 2011 ਤੱਕ ਸੀਟ 'ਤੇ ਰਹੇ ਹਨ। ਰੂਬੀ ਢੱਲਾ 'ਹਾਊਸ ਆਫ਼ ਕਾਮਨਜ਼' ਲਈ ਚੁਣੇ ਗਈ ਭਾਰਤੀ ਮੂਲ ਦੇ ਪਹਿਲੀ ਕੈਨੇਡੀਅਨ ਮਹਿਲਾ ਸਨ।
ਉਨ੍ਹਾਂ ਦੇ ਨਾਲ ਹੀ ਨੀਨਾ ਗਰੇਵਾਲ ਵੀ ਕੰਜ਼ਰਵੇਟਿਵ ਪਾਰਟੀ ਵੱਲੋਂ ਐੱਮਪੀ ਚੁਣੇ ਗਏ ਸਨ।
ਸੀਬੀਸੀ ਨੂੰ ਦਿੱਤੇ ਆਪਣੇ ਇੱਕ ਹਾਲੀਆ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਉਹ ਹੁਣ ਤੱਕ 3 ਵਾਰ ਸੰਸਦ ਮੈਂਬਰ ਚੁਣੇ ਗਏ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਰਾਜਨੀਤੀ ਤੋਂ ਦੂਰ ਸਨ।
ਇਸ ਦੇ ਨਾਲ ਹੀ ਉਹ ਇੱਕ ਹੋਟਲ ਕਾਰੋਬਾਰੀ ਵੀ ਹਨ। ਰੂਬੀ ਢੱਲਾ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਇੱਕ ਮਾਡਲ ਵਜੋਂ ਵੀ ਕੰਮ ਕਰ ਚੁੱਕੇ ਹਨ।
ਉਨ੍ਹਾਂ 'ਤੇ ਆਪਣੇ ਪਰਿਵਾਰ ਦੁਆਰਾ ਨਿਯੁਕਤ ਕੀਤੇ ਗਏ ਦੋ ਦੇਖਭਾਲ ਕਰਮਚਾਰੀਆਂ ਨਾਲ ਦੁਰਵਿਵਹਾਰ ਦੇ ਇਲਜ਼ਾਮ ਵੀ ਲੱਗ ਚੁੱਕੇ ਹਨ। ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੇ ਸਾਲ 2009 ਵਿੱਚ ਆਪਣੀ ਭੂਮਿਕਾ ਤੋਂ ਅਸਤੀਫਾ ਦੇ ਦਿੱਤਾ ਸੀ।
ਹਾਲਾਂਕਿ ਢੱਲਾ ਨੇ ਵਾਰ-ਵਾਰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਨੇ ਕੁਝ ਗਲਤ ਕੰਮ ਕੀਤਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ