ਭਾਰਤ-ਪਾਕਿਸਤਾਨ ਵਿਚਾਲੇ ਹੋਈ ਜੰਗਬੰਦੀ ਦੀ ਕੌਮਾਂਤਰੀ ਮੀਡੀਆ 'ਚ ਕਿਹੋ-ਜਿਹੀ ਚਰਚਾ ਹੈ

ਤਸਵੀਰ ਸਰੋਤ, Getty Images
ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਆਪਣੇ ਸਿਖ਼ਰ 'ਤੇ ਪਹੁੰਚ ਗਿਆ ਸੀ।
ਹਾਲਾਂਕਿ ਸ਼ਨੀਵਾਰ ਨੂੰ ਦੋਵਾਂ ਹੀ ਦੇਸ਼ਾਂ ਨੇ ਜੰਗਬੰਦੀ ਦਾ ਐਲਾਨ ਕੀਤਾ ਹੈ, ਪਰ ਜੰਗਬੰਦੀ ਦੇ ਕੁਝ ਹੀ ਘੰਟਿਆਂ ਬਾਅਦ ਦੋਵਾਂ ਦੇਸ਼ਾਂ ਨੇ ਇੱਕ ਦੂਜੇ 'ਤੇ ਜੰਗਬੰਦੀ ਦੀ ਉਲੰਘਣਾ ਦੇ ਇਲਜ਼ਾਮ ਲਗਾਏ ਸਨ।
ਵਿਦੇਸ਼ੀ ਮੀਡੀਆ 'ਚ ਦੋਵਾਂ ਦੇਸ਼ਾਂ ਵਿਚਾਲੇ ਹੋਈ ਜੰਗਬੰਦੀ ਅਤੇ ਫਿਰ ਉਸ ਦੀ ਉਲੰਘਣਾ ਦੀ ਚਰਚਾ ਹੋ ਰਹੀ ਹੈ।
ਦੁਨੀਆ ਭਰ ਦੀਆਂ ਮਸ਼ਹੂਰ ਅਖ਼ਬਾਰਾਂ ਅਤੇ ਨਿਊਜ਼ ਆਊਟਲੈਟਸ 'ਚ ਭਾਰਤ ਅਤੇ ਪਾਕਿਸਤਾਨ ਬਾਰੇ ਲੇਖ ਪ੍ਰਕਾਸ਼ਿਤ ਹੋਏ ਹਨ।

ਤਸਵੀਰ ਸਰੋਤ, Getty Images
ਅਮਰੀਕੀ ਮੀਡੀਆ 'ਚ ਕਿਵੇਂ ਦੀ ਹੋ ਰਹੀ ਹੈ ਚਰਚਾ?
ਨਿਊਯਾਰਕ ਟਾਈਮਜ਼ ਨੇ ਲਿਖਿਆ ਹੈ, "ਚਾਰ ਦਿਨਾਂ ਤੱਕ ਚੱਲੇ ਡਰੋਨ ਅਤੇ ਮਿਜ਼ਾੲਲ ਹਮਲਿਆਂ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਜੰਗਬੰਦੀ ਲਈ ਸਹਿਮਤ ਹੋ ਗਏ ਹਨ।"
"ਪਰ ਕੁਝ ਘੰਟਿਆਂ ਬਾਅਦ ਹੀ ਸਰਹੱਦ ਪਾਰ ਗੋਲੀਬਾਰੀ ਜਾਰੀ ਰਹਿਣ ਦੀਆਂ ਖ਼ਬਰਾਂ ਨਸ਼ਰ ਹੋਈਆਂ।"
ਨਿਊਯਾਰਕ ਟਾਈਮਜ਼ ਨੇ ਲਿਖਿਆ, "ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ 'ਤੇ ਜੰਗਬੰਦੀ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਸ 'ਚ ਅਮਰੀਕਾ ਨੇ ਵਿਚੋਲਗੀ ਕੀਤੀ ਹੈ। ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਜੰਗਬੰਦੀ ਦੀ ਪੁਸ਼ਟੀ ਕੀਤੀ। ਹਾਲਾਂਕਿ ਸਿਰਫ਼ ਪਾਕਿਸਤਾਨ ਨੇ ਹੀ ਅਮਰੀਕਾ ਦੀ ਭੂਮਿਕਾ ਨੂੰ ਸਵੀਕਾਰ ਕੀਤਾ ਹੈ।"
ਵਾਸ਼ਿੰਗਟਨ ਪੋਸਟ ਨੇ ਲਿਖਿਆ , "ਜੰਗਬੰਦੀ ਦੋਵਾਂ ਦੇਸ਼ਾਂ ਵਿਚਾਲੇ ਹੋ ਰਹੀਆਂ ਝੜਪਾਂ ਨੂੰ ਰੋਕਣ ਦੀ ਸਿਰਫ਼ ਇੱਕ ਕੋਸ਼ਿਸ਼ ਹੈ। ਇਸ ਦੀ ਸ਼ੁਰੂਆਤ ਬੁੱਧਵਾਰ ਨੂੰ ਹੋਈ ਸੀ, ਜਦੋਂ ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ 'ਤੇ ਹਵਾਈ ਹਮਲੇ ਕਰਨੇ ਸ਼ੁਰੂ ਕੀਤੇ ਸਨ।"
"ਭਾਰਤ ਨੇ ਇਸ ਨੂੰ ਪਹਿਲਗਾਮ 'ਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਦੀ ਜਵਾਬੀ ਕਾਰਵਾਈ ਕਰਾਰ ਦਿੱਤਾ ਸੀ। ਪਿਛਲੇ 3 ਦਿਨ ਤੱਕ ਦੋਵਾਂ ਹੀ ਦੇਸ਼ਾਂ ਨੇ ਇੱਕ ਦੂਜੇ ਵਿਰੁੱਧ ਹਮਲੇ ਜਾਰੀ ਰੱਖੇ ਸਨ।"

ਤਸਵੀਰ ਸਰੋਤ, Getty Images
ਬ੍ਰਿਟੇਨ ਦੇ ਮੀਡੀਆ ਦਾ ਕੀ ਕਹਿਣਾ ਹੈ?
ਫਾਈਨੈਂਸ਼ੀਅਲ ਟਾਈਮਜ਼ ਨੇ ਲਿਖਿਆ ਹੈ, "ਭਾਰਤ ਅਤੇ ਪਾਕਿਸਤਾਨ ਵਿਚਾਲੇ 2016 ਅਤੇ 2019 'ਚ ਹੋਈਆਂ ਸਭ ਤੋਂ ਤਾਜ਼ੀਆਂ ਝੜਪਾਂ ਕਸ਼ਮੀਰ ਸਮੇਤ ਸਰਹੱਦੀ ਖੇਤਰਾਂ ਤੱਕ ਹੀ ਸੀਮਤ ਸਨ।"
"ਪਰ ਇਸ ਵਾਰ ਦੋਵਾਂ ਦੇਸ਼ਾਂ ਦਰਮਿਆਨ ਜ਼ਿਆਦਾ ਟਕਰਅ ਦੀ ਸਥਿਤੀ ਵੇਖਣ ਨੂੰ ਮਿਲੀ। ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਹਵਾਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਡਰੋਨ ਦਾਗੇ।"
ਟੈਲੀਗ੍ਰਾਫ ਨੇ ਲਿਖਿਆ, "ਭਾਰਤ ਅਤੇ ਪਾਕਿਸਤਾਨ ਯੁੱਧ ਦੇ ਨੇੜੇ ਪਹੁੰਚ ਗਏ ਸਨ।"
"ਪਿਛਲੀ ਵਾਰ ਦੋਵਾਂ ਗੁਆਂਢੀਆਂ ਵਿਚਾਲੇ ਇਸ ਤਰ੍ਹਾਂ ਦੇ ਹਮਲੇ ਉਸ ਸਮੇਂ ਹੋਏ ਸਨ, ਜਦੋਂ 1971 ਦੀ ਜੰਗ ਲੱਗੀ ਸੀ। ਇਹ ਜੰਗ ਸੁਤੰਤਰ ਬੰਗਲਾਦੇਸ਼ ਦੀ ਹੋਂਦ ਨਾਲ ਖ਼ਤਮ ਹੋਈ ਸੀ।"
ਟੈਲੀਗ੍ਰਾਫ ਨੇ ਅੱਗੇ ਲਿਖਿਆ, "ਭਾਰਤ ਨੇ ਤਿੰਨ ਪਾਕਿਸਤਾਨੀ ਹਵਾਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਉੱਥੇ ਹੀ ਪਾਕਿਸਤਾਨ ਜੈੱਟ ਜਹਾਜ਼ਾਂ ਨੇ ਤੁਰੰਤ ਉਡਾਣ ਭਰੀ ਅਤੇ ਸਰਹੱਦ ਪਾਰ ਭਾਰਤੀ ਟਿਕਾਣਿਆਂ 'ਤੇ ਜਵਾਬੀ ਹਮਲਾ ਕੀਤਾ।"
"ਅੱਜ ਅਤੇ 1971 'ਚ ਮੁੱਖ ਅੰਤਰ ਇਹ ਹੈ ਕਿ ਉਸ ਸਮੇਂ ਦੋਵੇਂ ਧਿਰਾਂ ਕੋਲ ਪਰਮਾਣੂ ਹਥਿਆਰ ਨਹੀਂ ਸਨ, ਪਰ ਅੱਜ ਉਨ੍ਹਾਂ ਕੋਲ ਹਨ।"

ਤਸਵੀਰ ਸਰੋਤ, Getty Images
ਅਰਬ ਮੀਡੀਆ 'ਚ ਕੀ ਚਰਚਾ ਹੋ ਰਹੀ ਹੈ?
ਅਰਬ ਨਿਊਜ਼ ਡਾਟ ਕਾਮ ਨੇ ਲਿਖਿਆ ਹੈ, "ਭਾਰਤ ਅਤੇ ਪਾਕਿਸਤਾਨ ਨੇ ਇੱਕ ਦੂਜੇ 'ਤੇ ਜੰਗਬੰਦੀ ਦੀ ਉਲੰਘਣਾ ਦੇ ਇਲਜ਼ਾਮ ਲਗਾਏ ਹਨ। ਇਹ ਇਲਜ਼ਾਮ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਦੋਵਾਂ ਦੇਸ਼ਾਂ ਦਰਮਿਆਨ ਜੰਗਬੰਦੀ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਲਗਾਏ ਗਏ ਹਨ।"
"ਸ਼ਨੀਵਾਰ ਨੂੰ ਦੋਵਾਂ ਦੇਸ਼ਾਂ ਨੇ ਚਾਰ ਦਿਨਾਂ ਤੱਕ ਚੱਲੇ ਡਰੋਨ, ਮਿਜ਼ਾਈਲ ਅਤੇ ਲੜਾਕੂ ਜਹਾਜ਼ਾਂ ਵੱਲੋਂ ਕੀਤੇ ਹਮਲਿਆਂ ਤੋਂ ਬਾਅਦ ਜੰਗਬੰਦੀ 'ਤੇ ਸਹਿਮਤੀ ਪ੍ਰਗਟ ਕੀਤੀ ਸੀ।"
"ਇਨ੍ਹਾਂ ਹਮਲਿਆਂ 'ਚ ਘੱਟ ਤੋਂ ਘੱਟ 60 ਲੋਕ ਮਾਰੇ ਗਏ ਹਨ ਅਤੇ ਸਰਹੱਦ ਪਾਰ ਲੋਕਾਂ ਨੂੰ ਆਪਣੇ ਘਰ ਤੱਕ ਛੱਡਣੇ ਪਏ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜੰਗਬੰਦੀ ਦਾ ਐਲਾਨ ਡੌਨਲਡ ਟਰੰਪ ਵੱਲੋਂ ਕੀਤਾ ਗਿਆ ਹੈ।"
ਖ਼ਲੀਜ ਟਾਈਮਜ਼ ਨੇ ਲਿਖਿਆ ਹੈ, "ਦੁਬਈ 'ਚ ਰਹਿਣ ਵਾਲੇ ਫਾਈਨੈਂਸ ਪ੍ਰੋਫੈਸ਼ਨ ਸਿਧਾਰਥ ਗੁਪਤਾ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਜੰਗਬੰਦੀ ਦੀ ਖ਼ਬਰ ਨਾਲ ਉਨ੍ਹਾਂ ਦੇ ਦਿਲ ਦਾ ਕੁਝ ਬੋਝ ਹਲਕਾ ਹੋਇਆ ਹੈ। ਸਿਧਾਰਥ ਨੇ ਉਮੀਦ ਜਤਾਈ ਹੈ ਕਿ ਹੁਣ ਤਣਾਅ ਵਧਣ ਦਾ ਡਰ ਦੂਰ ਹੋ ਜਾਵੇਗਾ।"
"ਪਾਕਿਸਤਾਨ ਸ਼ਾਸਿਤ ਕਸ਼ਮੀਰ 'ਚ ਰਹਿਣ ਵਾਲੇ ਮਨਜ਼ੂਰ ਖ਼ਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹੁਣ ਗੋਲੀਬਾਰੀ ਦੀਆਂ ਆਵਾਜ਼ਾਂ ਨਹੀਂ ਸੁਣਨੀਆਂ ਪੈਣਗੀਆਂ।"
ਸਾਊਦੀ ਗਜੇਟ ਡਾਟ ਕਾਮ ਨੇ ਲਿਖਿਆ, "ਸਾਊਦੀ ਅਰਬ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਫੌਜੀ ਤਣਾਅ ਨੂੰ ਘੱਟ ਕਰਨ ਲਈ ਆਪਣੇ ਕੂਟਨੀਤਿਕ ਯਤਨਾਂ ਨੂੰ ਤੇਜ਼ ਕੀਤਾ।"
ਵਿਦੇਸ਼ ਮੰਤਰੀ ਪ੍ਰਿੰਸ ਫੈਸਲ ਬਿਨ ਫਰਹਾਨ ਨੇ ਸ਼ਨੀਵਾਰ ਨੂੰ ਭਾਰਤੀ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਅਤੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਦੇ ਨਾਲ ਵੱਖਰੇ ਤੌਰ 'ਤੇ ਫੋਨ 'ਤੇ ਗੱਲਬਾਤ ਕੀਤੀ।"

ਤਸਵੀਰ ਸਰੋਤ, Getty Images
ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੀ ਮੀਡੀਆ ਨੇ ਕੀ ਕਿਹਾ?
ਬੰਗਲਾਦੇਸ਼ ਦੇ ਅੰਗਰੇਜ਼ੀ ਅਖ਼ਬਾਰ ਦਿ ਡੇਲੀ ਸਟਾਰ ਨੇ ਲਿਖਿਆ, "ਬੀਤੇ ਤਿੰਨ ਦਹਾਕਿਆਂ 'ਚ ਦੋਵੇਂ ਦੱਖਣ ਏਸ਼ੀਆਈ ਮੁਲਕਾਂ ਦਰਮਿਆਨ ਇਹ ਸਭ ਤੋਂ ਭਿਆਨਕ ਲੜਾਈ ਸੀ। ਇਸ ਕਾਰਨ ਵਿਆਪਕ ਪੱਧਰ 'ਤੇ ਯੁੱਧ ਲੱਗਣ ਦੀ ਸੰਭਾਵਨਾ ਸੀ।"
"ਇਸ ਲੜਾਈ ਨਾਲ ਪਰਮਾਣੂ ਹਮਲੇ ਦਾ ਖ਼ਤਰਾ ਪੈਦਾ ਹੋ ਗਿਆ ਸੀ, ਕਿਉਂਕਿ ਪਾਕਿਸਤਾਨ ਫੌਜ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਰਮਾਣੂ ਹਥਿਆਰ ਵਾਲੀ ਉੱਚ ਸੰਸਥਾ ਦੀ ਬੈਠਕ ਹੋਵੇਗੀ।"
ਦਿ ਡੇਲੀ ਸਟਾਰ ਨੇ ਇੱਕ ਹੋਰ ਖ਼ਬਰ 'ਚ ਲਿਖਿਆ ਹੈ, "ਮੁੱਖ ਸਲਾਹਕਾਰ ਪ੍ਰੋਫੈਸਰ ਮੁਹੰਮਦ ਯੂਨੁਸ ਨੇ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਦੀ ਜੰਗਬੰਦੀ ਸਮਝੌਤੇ ਨੂੰ ਕਬੂਲਣ ਦੀ ਪ੍ਰਸ਼ੰਸਾ ਕੀਤੀ ਹੈ।"
"ਮੁਹੰਮਦ ਯੂਨੁਸ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਚੋਲੇ ਦੀ ਭੂਮਿਕਾ ਨਿਭਾਉਣ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕੀਤਾ ਹੈ।"
ਉੱਥੇ ਹੀ ਨੇਪਾਲ ਦੇ ਅਖ਼ਬਾਰ ਕਾਠਮਾਂਡੂ ਪੋਸਟ ਨੇ ਲਿਖਿਆ ਹੈ, "ਸਾਊਥ ਏਸ਼ੀਆ ਸੈਂਟਰ ਦੀ ਐਟਲਾਂਟਿਕ ਕੌਂਸਲ ਦੀ ਫੈਲੋ ਸ਼ੁਜਾ ਨਵਾਜ਼ ਕਹਿੰਦੇ ਹਨ ਕਿ ਹੁਣ ਅੱਗੇ ਆਉਣ ਵਾਲੇ ਦਿਨਾਂ 'ਚ ਸਿੰਧੂ ਸੰਧੀ 'ਤੇ ਪ੍ਰਮੁੱਖਤਾ ਨਾਲ ਚਰਚਾ ਹੋਵੇਗੀ। ਇਸ ਤੋਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਜੋ ਕੁਝ ਵੀ ਹਾਸਲ ਹੋਇਆ ਹੈ, ਉਸ ਦਾ ਸਿਹਰਾ ਲੈਣ ਦਾ ਮੌਕਾ ਮਿਲ ਜਾਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












