ਆਪ੍ਰੇਸ਼ਨ ਸਿੰਦੂਰ ਵਿੱਚ ਮਾਰੇ ਗਏ 100 ਅੱਤਵਾਦੀ - ਭਾਰਤੀ ਫੌਜ

ਭਾਰਤ ਅਤੇ ਪਾਕਿਸਤਾਨ ਨੇ ਸ਼ਨੀਵਾਰ ਸ਼ਾਮ 5 ਵਜੇ ਤੋਂ ਮੁਕੰਮਲ ਜੰਗਬੰਦੀ ਦਾ ਐਲਾਨ ਕੀਤਾ ਸੀ ਪਰ ਭਾਰਤੀ ਵਿਦੇਸ਼ ਮੰਤਰਾਲੇ ਦੇ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਪਾਕਿਸਤਾਨ ਨੇ ਦੋਵਾਂ ਮੁਲਕਾਂ ਵਿਚਾਲੇ ਹੋਏ ਜੰਗਬੰਦੀ ਦੇ ਸਮਝੌਤੇ ਦਾ ਉਲੰਘਣ ਕੀਤਾ ਹੈ।

ਸਾਰ

  • ਭਾਰਤ ਪਾਕਿਸਤਾਨ ਵਿਚਾਲੇ ਜੰਗਬੰਦੀ ਦੇ ਐਲਾਨ ਤੋਂ ਕੁਝ ਘੰਟੇ ਬਾਅਦ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ - ਜੰਗਬੰਦੀ ਦੇ ਸਮਝੌਤੇ ਦੀ ਉਲੰਘਣਾ ਹੋਈ ਹੈ
  • ਪੰਜਾਬ ਵਿੱਚ ਬਲੈਕ ਆਊਟ ਤੋਂ ਛੂਟ ਮਿਲ ਗਈ ਹੈ, ਪਰ ਚੌਕਸੀ ਵਾਲਾ ਮਾਹੌਲ ਅਜੇ ਜਾਰੀ ਹੈ
  • ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੋਵਾਂ ਨੂੰ ਆਪਸੀ ਵਪਾਰ ਵਧਾਉਣ ਤੇ ਕਸ਼ਮੀਰ ਮਸਲੇ ਦੇ ਹੱਲ ਲਈ ਗੱਲਬਾਤ ਸ਼ੁਰੂ ਕਰਨ ਲਈ ਕਿਹਾ ਹੈ
  • ਚੀਨ ਨੇ ਪਹਿਲਗਾਮ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਚੀਨ ਹਰ ਤਰ੍ਹਾਂ ਦੇ ਅੱਤਵਾਦ ਦਾ ਵਿਰੋਧ ਕਰਦਾ ਹੈ

ਲਾਈਵ ਕਵਰੇਜ

ਪ੍ਰਿਅੰਕਾ ਧੀਮਾਨ ਤੇ ਸੁਮਨਦੀਪ ਕੌਰ

  1. ਅੱਜ ਦਾ ਮੁੱਖ ਘਟਨਾਕ੍ਰਮ-

    ਭਾਰਤੀ ਫੌਜ

    ਤਸਵੀਰ ਸਰੋਤ, Getty Images

    • ਭਾਰਤੀ ਫੌਜ ਮੁਤਾਬਕ, 9 ਅੱਤਵਾਦੀਆਂ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ ਅਤੇ ਆਪਣਾ ਉਦੇਸ਼ ਹਾਸਲ ਕੀਤਾ ਹੈ।
    • ਭਾਰਤੀ ਫੌਜ ਮੁਤਾਬਕ, 100 ਤੋਂ ਵੱਧ ਅੱਤਵਾਦੀ ਇਸ ਆਪ੍ਰੇਸ਼ਨ ਵਿੱਚ ਮਾਰੇ ਗਏ ਹਨ।
    • ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਵਿੱਚ ਅੱਜ ਰਾਤ ਵੀ ਬਲੈਕਆਊਟ ਰਹੇਗਾ।
    • ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਅਪੀਲ ਕੀਤੀ ਹੈ ਤਾਂ ਜੋ ʻਪਹਿਲਗਾਮ ਅੱਤਵਾਦੀ ਹਮਲੇ, ਆਪ੍ਰੇਸ਼ਨ ਸਿੰਦੂਰ ਅਤੇ ਜੰਗਬੰਦੀʼ 'ਤੇ ਚਰਚਾ ਕੀਤੀ ਜਾ ਸਕੇ।
    • ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ 'ਤੇ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਜਾਰੀ ਬਿਆਨ ਦਾ ਸਵਾਗਤ ਕੀਤਾ ਹੈ।
    • ਭਾਰਤੀ ਹਵਾਈ ਫੌਜ ਨੇ ਕਿਹਾ ਹੈ ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਤੈਅ ਕੀਤੇ ਗਏ ਸਾਰੇ ਕਾਰਜਾਂ ਨੂੰ ਸਫਲਤਾਪੂਰਵਕ ਨਿਭਾਇਆ ਹੈ ਅਤੇ ਇਸ ਦੌਰਾਨ ਸਟੀਕ ਅਤੇ ਪੇਸ਼ੇਵਰ ਢੰਗ ਨਾਲ ਕੰਮ ਕੀਤਾ ਗਿਆ।
  2. ਪਾਕਿਸਤਾਨ ਦੇ 'ਰਫਾਲ ਸੁੱਟਣ' ਦੇ ਦਾਅਵੇ 'ਤੇ ਭਾਰਤੀ ਫੌਜ ਨੇ ਕੀ ਕਿਹਾ?

    ਏਅਰ ਫੋਰਸ ਤੋਂ ਏਅਰ ਮਾਰਸ਼ਲ ਏਕੇ ਭਾਰਤੀ

    ਤਸਵੀਰ ਸਰੋਤ, ANI

    ਐਤਵਾਰ ਸ਼ਾਮ ਨੂੰ ਭਾਰਤੀ ਫੌਜ ਵੱਲੋਂ ਕੀਤੀ ਗਈ ਇੱਕ ਪ੍ਰੈੱਸ ਕਾਨਫਰੰਸ ਵਿੱਚ, ਰਫਾਲ ਨਾਲ ਸਬੰਧਤ ਇੱਕ ਸਵਾਲ ਦੇ ਜਵਾਬ ʼਤੇ ਏਅਰ ਫੋਰਸ ਵੱਲੋਂ ਏਅਰ ਮਾਰਸ਼ਲ ਏਕੇ ਭਾਰਤੀ ਨੇ ਜਵਾਬ ਦਿੱਤਾ।

    ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਭਾਰਤੀ ਹਮਲੇ ਦਾ ਬਦਲਾ ਲੈਣ ਲਈ ਭਾਰਤ ਦੇ ਦੋ ਰਫਾਲ ਜਹਾਜ਼ਾਂ ਨੂੰ ਸੁੱਟ ਦਿੱਤਾ ਸੀ।

    ਉਨ੍ਹਾਂ ਨੇ ਇਸ ਦे ਜਵਾਬ ਵਿੱਚ ਕਿਹਾ, "ਅਸੀਂ ਇੱਕ ਕੰਬੈਟ ਦੀ ਸਥਿਤੀ ਵਿੱਚ ਹਾਂ ਅਤੇ ਨੁਕਸਾਨ ਇਸ ਦਾ ਇੱਕ ਹਿੱਸਾ ਹਨ। ਤੁਹਾਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਕੀ ਅਸੀਂ ਆਪਣੇ ਉਦੇਸ਼ ਹਾਸਲ ਕਰ ਲਏ ਹਨ? ਕੀ ਅਸੀਂ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਦੇ ਆਪਣੇ ਉਦੇਸ਼ ਨੂੰ ਹਾਸਲ ਕਰ ਲਿਆ ਹੈ? ਅਤੇ ਜਵਾਬ ਹਾਂ ਹੈ।"

    ਏਅਰ ਮਾਰਸ਼ਲ ਏਕੇ ਭਾਰਤੀ ਨੇ ਕਿਹਾ, "ਇਸ ਦਾ ਨਤੀਜਾ ਪੂਰੀ ਦੁਨੀਆ ਨੂੰ ਨਜ਼ਰ ਆਉਣਾ ਚਾਹੀਦਾ ਹੈ। ਜਿੱਥੋਂ ਤੱਕ ਵੇਰਵਿਆਂ ਦੀ ਗੱਲ ਹੈ, ਕੀ ਹੋ ਸਕਦਾ ਸੀ, ਕਿੰਨੀ ਗਿਣਤੀ, ਅਸੀਂ ਕਿਹੜਾ ਪਲੇਟਫਾਰਮ ਗੁਆ ਦਿੱਤਾ।"

    "ਇਸ ਸਮੇਂ ਮੈਂ ਇਸ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹਾਂਗਾ। ਕਿਉਂਕਿ ਅਸੀਂ ਅਜੇ ਵੀ ਕੰਬੈਟ ਦੀ ਸਥਿਤੀ ਵਿੱਚ ਹਾਂ ਅਤੇ ਜੇਕਰ ਅਸੀਂ ਕਿਸੇ ਵੀ ਚੀਜ਼ 'ਤੇ ਟਿੱਪਣੀ ਕਰਦੇ ਹਾਂ, ਤਾਂ ਇਹ ਸਿਰਫ਼ ਵਿਰੋਧੀ ਲਈ ਲਾਹੇਵੰਦ ਹੋਵੇਗਾ।"

    ਉਨ੍ਹਾਂ ਨੇ ਕਿਹਾ, "ਇਸ ਲਈ ਅਸੀਂ ਇਸ ਸਮੇਂ ਉਸ ਨੂੰ ਕੋਈ ਫਾਇਦਾ ਨਹੀਂ ਦੇਣਾ ਚਾਹੁੰਦੇ। ਮੈਂ ਸਿਰਫ਼ ਇਹੀ ਕਹਿ ਸਕਦਾ ਹਾਂ ਕਿ ਅਸੀਂ ਆਪਣੇ ਚੁਣੇ ਹੋਏ ਉਦੇਸ਼ ਹਾਸਲ ਕਰ ਲਏ ਹਨ ਅਤੇ ਸਾਡੇ ਸਾਰੇ ਪਾਇਲਟ ਘਰ ਵਾਪਸ ਆ ਗਏ ਹਨ।"

  3. ਆਪ੍ਰੇਸ਼ਨ ਸਿੰਦੂਰ ਵਿੱਚ ਮਾਰੇ ਗਏ 100 ਅੱਤਵਾਦੀ- ਭਾਰਤੀ ਫੌਜ

    ਭਾਰਤ ਤੇ ਪਾਕਿਸਤਾਨ ਵਿਚਾਲੇ ਹੋਈ ਜੰਗਬੰਦੀ ਉੱਤੇ ਸਹਿਮਤੀ ਬਣਨ ਤੋਂ ਬਾਅਦ ਐਤਵਾਰ ਸ਼ਾਮ ਭਾਰਤੀ ਫੌਜ ਨੇ ਪਹਿਲੀ ਵਾਰ ਪ੍ਰੈੱਸ ਬ੍ਰੀਫਿੰਗ ਕੀਤੀ ਹੈ।

    ਪ੍ਰੈੱਸ ਬ੍ਰੀਫਿੰਗ ਦੌਰਾਨ ਡੀਜੀਐੱਮਓ ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਕਿਹਾ ਹੈ ਕਿ ‘ਆਪ੍ਰੇਸ਼ਨ ਸਿੰਦੂਰ’ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਹਨ।

    ਭਾਰਤੀ ਫੌਜ

    ਤਸਵੀਰ ਸਰੋਤ, ANI

    ਪ੍ਰੈੱਸ ਬ੍ਰੀਫਿੰਗ ਵਿੱਚ ਫੌਜ ਵੱਲੋਂ ਲੈਫਟੀਨੈਂਟ ਜਨਰਲ ਰਾਜੀਵ ਘਈ, ਏਅਰ ਫੋਰਸ ਵੱਲੋਂ ਏਅਰ ਮਾਰਸ਼ਲ ਏਕੇ ਭਾਰਤੀ ਅਤੇ ਜਲ ਸੈਨਾ ਦੇ ਵਾਈਸ ਐਡਮਿਰਲ ਏਐੱਨ ਪ੍ਰਮੋਦ ਅਤੇ ਮੇਜਰ ਜਨਰਲ ਏਐੱਸ ਸ਼ਾਰਦਾ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਦਿੱਤੀ।

    ਰਾਜੀਵ ਘਈ ਨੇ ਬ੍ਰੀਫਿੰਗ ਦੌਰਾਨ ਕਿਹਾ, "ਫੌਜ ਨੇ ਸਟੀਕ ਨਿਸ਼ਾਨਾ ਬਣਾ ਕੇ 9 ਅੱਤਵਾਦੀ ਟਿਕਾਣਿਆਂ ਉੱਤੇ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ। ਇਨ੍ਹਾਂ ਵਿੱਚ ਯੁਸੂਫ ਅਜਹਰ, ਅਬਦੁਲ ਮਲਿਕ ਰਊਫ ਅਤੇ ਮੁਦਸਿੱਰ ਅਹਿਮਦ ਵਰਗੇ ਹਾਈ ਵੈਲਿਊ ਵਾਲੇ ਅੱਤਵਾਦੀ ਵੀ ਸ਼ਾਮਲ ਸਨ।"

    ਨਾਲ ਹੀ ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਕਿਹਾ ਕਿ ਭਾਰਤ ਦੀ ਕਾਰਵਾਈ ਤੋਂ ਤੁਰੰਤ ਬਾਅਦ ਪਾਕਿਸਤਾਨ ਵਾਲੇ ਪਾਸਿਓਂ ਕੰਟਰੋਲ ਰੇਖਾ ਦਾ ਵੀ ਉਲੰਘਣ ਕੀਤਾ ਗਿਆ।

    "ਇਹ ਦੁਸ਼ਮਣ ਦੀ ਘਬਰਾਈ ਹੋਈ ਪ੍ਰਤੀਕਿਰਿਆ ਸੀ ਜੋ ਬਦਕਿਸਮਤੀ ਨਾਲ ਵੱਡੀ ਗਿਣਤੀ ਵਿੱਚ ਨਾਗਰਿਕਾਂ, ਪਿੰਡਾਂ ਅਤੇ ਗੁਰਦੁਆਰੇ ਵਰਗੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾ ਕੇ ਦਿੱਤੀ ਗਈ। ਇਸ ਵਿੱਚ ਕਈ ਨਾਗਰਿਕਾਂ ਦੀ ਜਾਨ ਗਈ।"

  4. ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਅੱਜ ਵੀ ਹੋਵੇਗਾ ਬਲੈਕਆਊਟ

    ਬਲੈਕਆਊਟ

    ਤਸਵੀਰ ਸਰੋਤ, Gurpreet Chawla/BBC

    ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਫਿਰੋਜ਼ਪੁਰ ਵਿੱਚ ਅੱਜ ਰਾਤ ਵੀ ਬਲੈਕਆਊਟ ਰਹੇਗਾ। ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹਦਾਇਤਾਂ ਜਾਰੀ ਕਰਕੇ ਬਲੈਕਆਊਟ ਬਾਰੇ ਜਾਣਕਾਰੀ ਦਿੱਤੀ ਗਈ ਹੈ।

    ਬਲੈਕਆਊਟ

    ਤਸਵੀਰ ਸਰੋਤ, Gurpreet Chawla/BBC

    ਹਦਾਇਤਾਂ ਵਿੱਚ ਕਿਹਾ ਗਿਆ ਹੈ-

    • 8 ਵਜੇ ਤੋਂ ਵਲੰਟੀਅਰ ਤੌਰ ʼਤੇ ਆਪਣੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣ
    • ਬਿਨ੍ਹਾਂ ਕਾਰਨ ਘਰੋਂ ਨਿਕਲਣ ਤੋਂ ਪਰਹੇਜ਼ ਕੀਤਾ ਜਾਵੇ
    • ਸ਼ਾਂਤ ਰਹੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੰਦੇਸ਼ਾਂ ਦੇ ਪ੍ਰਤੀ ਸੁਚੇਤ ਰਹੋ
    • ਮੌਜੂਦਾ ਹਾਲਾਤ ਸ਼ਾਂਤਮਈ ਹਨ
    • ਖ਼ਤਰੇ ਦੇ ਹਾਲਾਤ ਵਿੱਚ ਸੂਚਨਾ ਦਿੱਤੀ ਜਾਵੇਗੀ

    ਇਸ ਤੋਂ ਇਲਾਵਾ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੱਲ੍ਹ ਯਾਨਿ 12 ਮਈ ਨੂੰ ਸਕੂਲ ਬੰਦ ਰਹਿਣਗੇ।

  5. ਪੰਜਾਬ ਵਿੱਚ ਕੱਲ੍ਹ ਤੋਂ ਖੁੱਲ੍ਹਣਗੇ ਸਾਰੇ ਵਿੱਦਿਅਕ ਅਦਾਰੇ- ਹਰਜੋਤ ਬੈਂਸ

    ਪੰਜਾਬ ਦੇ ਕੈਬਨਿਟ ਮੰਤਰੀ ਨੇ ਆਪਣੇ ਐਕਸ ਹੈਂਡਲ ʼਤੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿੱਚ ਕੱਲ੍ਹ ਤੋਂ ਯਾਨਿ 12 ਮਈ ਤੋਂ ਸਾਰੇ ਵਿੱਦਿਅਕ ਅਦਾਰੇ ਖੁੱਲ੍ਹ ਜਾਣਗੇ।

    ਉਨ੍ਹਾਂ ਨੇ ਲਿਖਿਆ, "ਪੰਜਾਬ ਭਰ ਦੇ ਸਾਰੇ ਵਿੱਦਿਅਕ ਅਦਾਰੇ, ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਕੱਲ੍ਹ ਤੋਂ ਦੁਬਾਰਾ ਖੁੱਲ੍ਹਣਗੀਆਂ। ਨਿਯਮਤ ਕਲਾਸਾਂ ਅਤੇ ਪ੍ਰੀਖਿਆਵਾਂ ਅਕਾਦਮਿਕ ਸਮਾਂ-ਸਾਰਣੀ ਅਨੁਸਾਰ ਹੋਣਗੀਆਂ। ਸਾਨੂੰ ਆਪਣੀਆਂ ਬਹਾਦਰ ਹਥਿਆਰਬੰਦ ਫੌਜਾਂ 'ਤੇ ਬਹੁਤ ਮਾਣ ਹੈ। ਜੈ ਹਿੰਦ ਕੀ ਸੈਨਾ। ਵਸਦਾ ਰਹੇ ਪੰਜਾਬ।"

    ਹਰਜੋਤ ਬੈਂਸ

    ਤਸਵੀਰ ਸਰੋਤ, @harjotbains

  6. ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 'ਆਪ੍ਰੇਸ਼ਨ ਸਿੰਦੂਰ' ਅਤੇ ਬ੍ਰਹਮੋਸ 'ਤੇ ਕੀ ਕਿਹਾ?

    ਰਾਜਨਾਥ ਸਿੰਘ

    ਤਸਵੀਰ ਸਰੋਤ, @RAJNATHSINGH/X

    ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ 'ਬ੍ਰਹਮੋਸ ਏਅਰੋਸਪੇਸ ਇੰਟੀਗ੍ਰੇਸ਼ਨ ਐਂਡ ਟੈਸਟਿੰਗ ਫੈਸੀਲਿਟੀ' ਦਾ ਵਰਚੁਅਲ ਉਦਘਾਟਨ ਕੀਤਾ। ਇਸ ਮੌਕੇ 'ਤੇ ਉਨ੍ਹਾਂ ਨੇ ਭਾਰਤੀ ਫੌਜ ਦੇ "ਆਪ੍ਰੇਸ਼ਨ ਸਿੰਦੂਰ, ਬ੍ਰਹਮੋਸ ਅਤੇ ਅੱਤਵਾਦ" ਬਾਰੇ ਗੱਲ ਕੀਤੀ।

    ਰਾਜਨਾਥ ਸਿੰਘ ਨੇ ਕਿਹਾ, "ਆਪ੍ਰੇਸ਼ਨ ਸਿੰਦੂਰ ਸਿਰਫ਼ ਇੱਕ ਫੌਜੀ ਕਾਰਵਾਈ ਨਹੀਂ ਹੈ, ਸਗੋਂ ਭਾਰਤ ਦੀ ਰਾਜਨੀਤਿਕ, ਸਮਾਜਿਕ ਅਤੇ ਰਣਨੀਤਕ ਇੱਛਾ ਸ਼ਕਤੀ ਦਾ ਪ੍ਰਤੀਕ ਹੈ। ਇਹ ਕਾਰਵਾਈ ਅੱਤਵਾਦ ਵਿਰੁੱਧ ਭਾਰਤ ਦੀ ਮਜ਼ਬੂਤ ​​ਇੱਛਾ ਸ਼ਕਤੀ ਅਤੇ ਫੌਜੀ ਸ਼ਕਤੀ ਦੀ ਸਮਰੱਥਾ ਅਤੇ ਦ੍ਰਿੜਤਾ ਦਾ ਪ੍ਰਦਰਸ਼ਨ ਹੈ।"

    ਰਾਜਨਾਥ ਸਿੰਘ ਨੇ ਕਿਹਾ, "ਅਸੀਂ ਦਿਖਾਇਆ ਹੈ ਕਿ ਜਦੋਂ ਵੀ ਭਾਰਤ ਅੱਤਵਾਦ ਵਿਰੁੱਧ ਕੋਈ ਕਾਰਵਾਈ ਕਰਦਾ ਹੈ, ਤਾਂ ਸਰਹੱਦ ਪਾਰ ਦੀ ਜ਼ਮੀਨ ਵੀ ਅੱਤਵਾਦੀਆਂ ਅਤੇ ਉਨ੍ਹਾਂ ਦੇ ਆਕਾਵਾਂ ਲਈ ਸੁਰੱਖਿਅਤ ਨਹੀਂ ਰਹੇਗੀ।"

    ਰੱਖਿਆ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਬ੍ਰਹਮੋਸ ਮਿਜ਼ਾਈਲ ਨਾਲ ਸਬੰਧਤ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ਅਤੇ ਲਿਖਿਆ ਹੈ, "ਬ੍ਰਹਮੋਸ ਆਪਣੇ ਆਪ ਵਿੱਚ ਇੱਕ ਸੰਦੇਸ਼ ਹੈ।"

    ਉਨ੍ਹਾਂ ਅੱਗੇ ਕਿਹਾ, "ਬ੍ਰਹਮੋਸ ਸਿਰਫ਼ ਇੱਕ ਮਿਜ਼ਾਈਲ ਨਹੀਂ ਹੈ, ਇਹ ਸਾਡੀ ਫੌਜ ਦੀ ਤਾਕਤ ਅਤੇ ਸਰਹੱਦਾਂ ਦੀ ਸੁਰੱਖਿਆ ਪ੍ਰਤੀ ਸਾਡੇ ਸੰਕਲਪ ਦਾ ਪ੍ਰਤੀਕ ਹੈ।"

  7. ਜੰਗਬੰਦੀ ਅਤੇ 'ਆਪ੍ਰੇਸ਼ਨ ਸਿੰਦੂਰ' 'ਤੇ ਰਾਹੁਲ ਗਾਂਧੀ ਨੇ ਪੀਐੱਮ ਮੋਦੀ ਤੋਂ ਕੀਤੀ ਇਹ ਮੰਗ

    ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ

    ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਅਪੀਲ ਕੀਤੀ ਹੈ।

    ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਨੂੰ ਰੋਕਣ ਲਈ ਸ਼ਨੀਵਾਰ ਸ਼ਾਮ ਨੂੰ ਇੱਕ ਸਮਝੌਤਾ ਹੋਣ ਤੋਂ ਬਾਅਦ ਰਾਹੁਲ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਪੱਤਰ ਲਿਖਿਆ।

    ਇਸ ਚਿੱਠੀ ਵਿੱਚ ਉਨ੍ਹਾਂ ਲਿਖਿਆ, "ਮੈਂ ਇੱਕ ਵਾਰ ਫਿਰ ਵਿਰੋਧੀ ਧਿਰ ਦੇ ਸਰਬਸੰਮਤੀ ਨਾਲ ਸਮਰਥਨ ਦੀ ਅਪੀਲ ਕਰਦਾ ਹਾਂ ਕਿ ਸੰਸਦ ਦਾ ਇੱਕ ਵਿਸ਼ੇਸ਼ ਸੈਸ਼ਨ ਤੁਰੰਤ ਬੁਲਾਇਆ ਜਾਵੇ।"

    ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ

    ਤਸਵੀਰ ਸਰੋਤ, @INCINDIA/X

    ਸੰਸਦ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਲਿਖਿਆ, "ਪਹਿਲਗਾਮ ਅੱਤਵਾਦੀ ਹਮਲੇ, ਆਪ੍ਰੇਸ਼ਨ ਸਿੰਦੂਰ ਅਤੇ ਜੰਗਬੰਦੀ 'ਤੇ ਚਰਚਾ ਕਰਨਾ ਲੋਕਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਲਈ ਬਹੁਤ ਜ਼ਰੂਰੀ ਹੈ, ਜਿਸਦਾ ਐਲਾਨ ਸਭ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੀਤਾ ਸੀ।"

    "ਇਹ ਸਾਡੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨ ਵਿੱਚ ਸਾਡੇ ਸੰਕਲਪ ਨੂੰ ਦਿਖਾਉਣ ਦਾ ਇੱਕ ਮੌਕਾ ਵੀ ਹੋਵੇਗਾ।"

    ਰਾਹੁਲ ਗਾਂਧੀ ਨੇ ਪੀਐੱਮ ਮੋਦੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ "ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਇਸ ਮੰਗ 'ਤੇ ਗੰਭੀਰਤਾ ਨਾਲ ਵਿਚਾਰ ਕਰੋਗੇ ਅਤੇ ਜਲਦੀ ਹੀ ਇਸ 'ਤੇ ਪਹਿਲ ਕਰੋਗੇ।"

  8. ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ 'ਜੰਮੂ-ਕਸ਼ਮੀਰ ਵਿਵਾਦ' ਦਾ ਜ਼ਿਕਰ ਕਿਉਂ ਕੀਤਾ?

    ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ

    ਤਸਵੀਰ ਸਰੋਤ, Getty Images

    ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ 'ਤੇ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਜਾਰੀ ਬਿਆਨ ਦਾ ਸਵਾਗਤ ਕੀਤਾ ਹੈ।

    ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ, "ਭਾਰਤ-ਪਾਕਿਸਤਾਨ ਸਬੰਧਾਂ 'ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਬਿਆਨ ਦਾ ਪਾਕਿਸਤਾਨ ਸਵਾਗਤ ਕਰਦਾ ਹੈ।"

    "ਅਸੀਂ ਪਾਕਿਸਤਾਨ ਅਤੇ ਭਾਰਤ ਵਿਚਾਲੇ ਹਾਲ ਹੀ ਵਿੱਚ ਹੋਈ ਜੰਗਬੰਦੀ ਦਾ ਸਮਰਥਨ ਕਰਨ ਵਿੱਚ ਹੋਰ ਮਿੱਤਰ ਦੇਸ਼ਾਂ ਦੇ ਨਾਲ-ਨਾਲ ਅਮਰੀਕਾ ਵੱਲੋਂ ਨਿਭਾਈ ਗਈ ਰਤਨਾਤਮਕ ਭੂਮਿਕਾ ਦੀ ਸ਼ਲਾਘਾ ਕਰਦੇ ਹਾਂ।"

    ਬਿਆਨ ਵਿੱਚ, ਵਿਦੇਸ਼ ਮੰਤਰਾਲੇ ਨੇ ਕਿਹਾ, "ਅਸੀਂ ਰਾਸ਼ਟਰਪਤੀ ਟਰੰਪ ਦੀ ਇਸ ਗੱਲ ਲਈ ਸ਼ਲਾਘਾ ਕਰਦੇ ਹਾਂ ਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਵਿਵਾਦ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਦੀ ਇੱਛਾ ਜਤਾਈ ਹੈ। ਇਹ ਇੱਕ ਪੁਰਾਣਾ ਮੁੱਦਾ ਹੈ ਜਿਸ ਦਾ ਨਾ ਸਿਰਫ਼ ਦੱਖਣੀ ਏਸ਼ੀਆ ਬਲਕਿ ਪੂਰੀ ਦੁਨੀਆ ਦੀ ਸ਼ਾਂਤੀ ਅਤੇ ਸੁਰੱਖਿਆ 'ਤੇ ਗੰਭੀਰ ਪ੍ਰਭਾਵ ਪੈਂਦਾ ਹੈ।"

    ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ, "ਪਾਕਿਸਤਾਨ ਦੁਹਰਾਉਂਦਾ ਹੈ ਕਿ ਜੰਮੂ-ਕਸ਼ਮੀਰ ਵਿਵਾਦ ਦਾ ਕੋਈ ਵੀ ਉਚਿਤ ਅਤੇ ਸਥਾਈ ਹੱਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤਿਆਂ ਦੇ ਅਨੁਸਾਰ ਹੋਣਾ ਚਾਹੀਦਾ ਹੈ ਅਤੇ ਕਸ਼ਮੀਰੀ ਲੋਕਾਂ ਦੇ ਮੌਲਿਕ ਅਧਿਕਾਰਾਂ, ਖ਼ਾਸ ਕਰਕੇ ਉਨ੍ਹਾਂ ਦੇ ਸਵੈ-ਨਿਰਣੇ ਦੇ ਅਧਿਕਾਰ ਨੂੰ ਮਾਨਤਾ ਦੇਣੀ ਚਾਹੀਦੀ ਹੈ।"

    ਇਸ ਤੋਂ ਪਹਿਲਾਂ ਡੌਨਲਡ ਟਰੰਪ ਨੇ ਐਤਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਸ਼ਮੀਰ ਮੁੱਦੇ ʼਤੇ ਭਾਰਤ ਅਤੇ ਪਾਕਿਸਤਾਨ ਦੇ ਨਾਲ ਮਿਲ ਕੇ ਸ਼ਾਂਤਮਈ ਹੱਲ ਕੱਢਣ ਦੀ ਕੋਸ਼ਿਸ਼ ਦਾ ਜ਼ਿਕਰ ਕੀਤਾ ਸੀ।

  9. ਜੰਗਬੰਦੀ 'ਤੇ ਟਰੰਪ ਦੇ ਬਿਆਨ 'ਤੇ ਕਾਂਗਰਸ ਦੀ ਪ੍ਰੈੱਸ ਕਾਨਫਰੰਸ, ਸਚਿਨ ਪਾਇਲਟ ਨੇ ਕੀ ਕਿਹਾ?

    ਸਚਿਨ ਪਾਇਲਟ

    ਤਸਵੀਰ ਸਰੋਤ, GETTY IMAGES

    ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਕਾਂਗਰਸ ਦੇ ਜਨਰਲ ਸਕੱਤਰ ਸਚਿਨ ਪਾਇਲਟ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ 'ਤੇ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ।

    ਉਨ੍ਹਾਂ ਨੇ ਪਾਰਟੀ ਦੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ, "ਮੈਂ ਭਾਰਤੀ ਫੌਜ ਅਤੇ ਹਵਾਈ ਫੌਜ, ਸਾਡੇ ਸੈਨਿਕਾਂ ਦੀ ਬਹਾਦਰੀ ਅਤੇ ਹਿੰਮਤ ਨੂੰ ਸਲਾਮ ਕਰਨਾ ਚਾਹੁੰਦਾ ਹਾਂ। ਭਾਰਤੀ ਫੌਜ ਨੇ ਇੱਕ ਵਾਰ ਫਿਰ ਕਰ ਦਿਖਾਇਆ ਇਹ ਦੁਨੀਆ ਦੀਆਂ ਸਭ ਤੋਂ ਵਧੀਆ ਫੌਜਾਂ ਵਿੱਚੋਂ ਇੱਕ ਹੈ।"

    ਪਾਇਲਟ ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ ਵਿੱਚ ਘਟਨਾਕ੍ਰਮ ਬਹੁਤ ਤੇਜ਼ੀ ਨਾਲ ਬਦਲਿਆ ਹੈ ਅਤੇ ਅਮਰੀਕੀ ਰਾਸ਼ਟਰਪਤੀ ਵੱਲੋਂ ਸੀਜ਼ਫਾਇਰ ਦਾ ਐਲਾਨ ਕੀਤਾ ਜਾਣਾ ਹੈਰਾਨ ਕਰ ਦੇਣ ਵਾਲਾ ਹੈ।

    ਉਨ੍ਹਾਂ ਨੇ ਕਿਹਾ, "ਸਾਨੂੰ ਸਾਰਿਆਂ ਨੂੰ ਬੜੀ ਹੈਰਾਨੀ ਹੋਈ ਜਦੋਂ ਸੀਜ਼ਫਾਇਰ ਦਾ ਐਲਾਨ ਅਮਰੀਕੀ ਰਾਸ਼ਟਰਪਤੀ ਡੌਨਲਡ ਟੰਰਪ ਨੇ ਕੀਤਾ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਇਸ ਪ੍ਰਕਾਰ ਦਾ ਐਲਾਨ ਸੋਸ਼ਲ ਮੀਡੀਆ ਰਾਹੀਂ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਕੀਤਾ ਹੋਵੇ।"

    ਸਚਿਨ ਪਾਇਲਟ ਨੇ ਟਰੰਪ ਦੇ ਸੋਸ਼ਲ ਮੀਡੀਆ ਪੋਸਟ ʼਤੇ ਜ਼ੋਰ ਦਿੰਦਿਆਂ ਹੋਇਆ ਕਿਹਾ ਹੈ ਕਿ ʻਇਸ ਵਿੱਚ ਜੋ ਗੱਲਾਂ ਕਹੀਆਂ ਗਈਆਂ ਹਨ, ਉਹ ਭਾਰਤ ਅਤੇ ਪਾਕਿਸਤਾਨ ਦੇ ਮਸਲੇ ਨੂੰ ਕੌਮਾਂਤਰੀ ਮੰਚ ʼਤੇ ਲੈ ਕੇ ਜਾਣ ਦੇ ਸੰਕੇਤ ਦਿੰਦੀਆਂ ਹਨ।ʼ

    ਇਸ ਦੇ ਨਾਲ ਹੀ ਉਨ੍ਹਾਂ ਨੇ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦੇ ਜਾਣ ਦੀ ਮੰਗ ਵੀ ਕੀਤੀ ਹੈ।

  10. ਹਾਲੀਆ ਭਾਰਤ-ਪਾਕਿਸਤਾਨ ਟਕਰਾਅ ਅਤੇ 1971 ਦੀ ਜੰਗ ਦੀ ਤੁਲਨਾ 'ਤੇ ਸ਼ਸ਼ੀ ਥਰੂਰ ਨੇ ਕੀ ਕਿਹਾ?

    ਕਾਂਗਰਸ ਆਗੂ ਸ਼ਸ਼ੀ ਥਰੂਰ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕਾਂਗਰਸ ਆਗੂ ਸ਼ਸ਼ੀ ਥਰੂਰ

    ਕੇਰਲ ਦੇ ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਅਤੇ ਸੀਨੀਅਰ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ 1971 ਦੀ ਭਾਰਤ-ਪਾਕਿਸਤਾਨ ਜੰਗ ਬਾਰੇ ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਕੀਤੀ ਹੈ।

    ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ 1971 ਦੀ ਜੰਗ ਸਾਡੇ ਇਤਿਹਾਸ ਦੀ ਇੱਕ ਵੱਡੀ ਪ੍ਰਾਪਤੀ ਸੀ ਅਤੇ ਇੱਕ ਭਾਰਤੀ ਹੋਣ ਦੇ ਨਾਤੇ ਮੈਨੂੰ ਇਸ 'ਤੇ ਮਾਣ ਹੈ। ਇੰਦਰਾ ਗਾਂਧੀ ਨੇ ਉਪ-ਮਹਾਂਦੀਪ ਦਾ ਨਕਸ਼ਾ ਬਦਲ ਦਿੱਤਾ ਸੀ, ਪਰ ਉਸ ਸਮੇਂ ਹਾਲਾਤ ਵੱਖਰੇ ਸਨ।"

    "ਅੱਜ ਪਾਕਿਸਤਾਨ ਦੀ ਸਥਿਤੀ ਵੱਖਰੀ ਹੈ। ਉਸਦੇ ਫੌਜੀ ਹਥਿਆਰ, ਜੋ ਨੁਕਸਾਨ ਪਹੁੰਚਾ ਸਕਦੇ ਹਨ, ਸਭ ਕੁਝ ਵੱਖਰਾ ਹੈ।"

    ਸ਼ਸ਼ੀ ਥਰੂਰ ਨੇ ਕਿਹਾ ਕਿ 1971 ਦੀ ਜੰਗ ਦਾ ਉਦੇਸ਼ ਬੰਗਲਾਦੇਸ਼ ਨੂੰ ਆਜ਼ਾਦ ਕਰਵਾਉਣਾ ਸੀ।

    ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਨੀਵਾਰ ਸ਼ਾਮ ਨੂੰ ਜੰਗਬੰਦੀ 'ਤੇ ਸਮਝੌਤੇ ਦਾ ਐਲਾਨ ਕੀਤਾ ਗਿਆ।

    ਜਿਸ ਤੋਂ ਬਾਅਦ ਕਾਂਗਰਸ ਦੇ ਅਧਿਕਾਰਤ ਐਕਸ ਹੈਂਡਲ ਤੋਂ ਇੰਦਰਾ ਗਾਂਧੀ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਤਸਵੀਰ ਸਾਂਝਾ ਕੀਤੀ ਗਈ।

    ਇਸ ਫੋਟੋ ਦੇ ਨਾਲ ਕਾਂਗਰਸ ਨੇ ਲਿਖਿਆ ਸੀ, ''ਇੰਦਰਾ ਗਾਂਧੀ ਨੇ ਨਿਕਸਨ ਨੂੰ ਕਿਹਾ ਸੀ - ਸਾਡੀ ਰੀੜ੍ਹ ਦੀ ਹੱਡੀ ਸਿੱਧੀ ਹੈ। ਸਾਡੇ ਕੋਲ ਹਰ ਇੱਛਾ ਸ਼ਕਤੀ ਅਤੇ ਸਰੋਤ ਹਨ ਕਿ ਅਸੀਂ ਜ਼ੁਲਮ ਦਾ ਸਾਹਮਣਾ ਕਰ ਸਕਦੇ ਹਾਂ। ਉਹ ਸਮਾਂ ਲੰਘ ਗਿਆ ਜਦੋਂ ਕੋਈ ਦੇਸ਼ ਤਿੰਨ-ਚਾਰ ਹਜ਼ਾਰ ਮੀਲ ਦੂਰ ਬੈਠ ਕੇ ਇਹ ਆਦੇਸ਼ ਦੇਵੇ ਕਿ ਭਾਰਤੀਆਂ ਨੂੰ ਉਸਦੀ ਮਰਜ਼ੀ ਮੁਤਾਬਕ ਚੱਲਣਾ ਚਾਹੀਦਾ ਹੈ।''

    ਕਾਂਗਰਸ ਨੇ ਟਵੀਟ ਵਿੱਚ ਲਿਖਿਆ, "ਇਹ ਹਿੰਮਤ ਸੀ। ਇਹੀ ਸੀ ਭਾਰਤ ਲਈ ਡੱਟ ਕੇ ਖੜ੍ਹਾ ਹੋਣਾ ਅਤੇ ਦੇਸ਼ ਦੀ ਸ਼ਾਨ ਨਾਲ ਕੋਈ ਸਮਝੌਤਾ ਨਾ ਕਰਨਾ।''

    ਇਸ ਤੋਂ ਬਾਅਦ, ਸੋਸ਼ਲ ਮੀਡੀਆ 'ਤੇ ਭਾਰਤ-ਪਾਕਿਸਤਾਨ ਜੰਗਬੰਦੀ ਦੀ ਤੁਲਨਾ 1971 ਦੀ ਭਾਰਤ-ਪਾਕਿਸਤਾਨ ਜੰਗ ਨਾਲ ਕੀਤੀ ਜਾਣ ਲੱਗੀ।

  11. ਭਾਰਤੀ ਹਵਾਈ ਫੌਜ ਨੇ ਕਿਹਾ, 'ਆਪ੍ਰੇਸ਼ਨ ਸਿੰਦੂਰ ਤਹਿਤ ਨਿਰਧਾਰਤ ਕਾਰਜਾਂ ਨੂੰ ਸਫਲਤਾਪੂਰਵਕ ਸਟੀਕਤਾ ਤੇ ਪੇਸ਼ੇਵਰਤਾ ਨਾਲ ਨਿਭਾਇਆ, ਆਪ੍ਰੇਸ਼ਨ ਅਜੇ ਵੀ ਜਾਰੀ'

    ਭਾਰਤੀ ਹਵਾਈ ਫੌਜ

    ਤਸਵੀਰ ਸਰੋਤ, @IAF_MCC/X

    ਤਸਵੀਰ ਕੈਪਸ਼ਨ, ਭਾਰਤੀ ਹਵਾਈ ਫੌਜ (ਫਾਈਲ ਫ਼ੋਟੋ)

    ਭਾਰਤੀ ਹਵਾਈ ਫੌਜ ਨੇ ਕਿਹਾ ਹੈ ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਤੈਅ ਕੀਤੇ ਗਏ ਸਾਰੇ ਕਾਰਜਾਂ ਨੂੰ ਸਫਲਤਾਪੂਰਵਕ ਨਿਭਾਇਆ ਹੈ ਅਤੇ ਇਸ ਦੌਰਾਨ ਸਟੀਕ ਅਤੇ ਪੇਸ਼ੇਵਰ ਢੰਗ ਨਾਲ ਕੰਮ ਕੀਤਾ ਗਿਆ।

    ਭਾਰਤੀ ਹਵਾਈ ਫੌਜ ਨੇ ਆਪਣੇ ਅਧਿਕਾਰਿਤ ਐਕਸ ਅਕਾਊਂਟ 'ਤੇ ਇਸ ਸਬੰਧੀ ਇੱਕ ਪੋਸਟ 'ਚ ਲਿਖਿਆ, ''ਭਾਰਤੀ ਹਵਾਈ ਫੌਜ ਨੇ ਆਪ੍ਰੇਸ਼ਨ ਸਿੰਦੂਰ ਵਿੱਚ ਆਪਣੇ ਨਿਰਧਾਰਤ ਕਾਰਜਾਂ ਨੂੰ ਸਫਲਤਾਪੂਰਵਕ ਸਟੀਕਤਾ ਅਤੇ ਪੇਸ਼ੇਵਰਤਾ ਨਾਲ ਨਿਭਾਇਆ ਹੈ। ਇਹ ਆਪ੍ਰੇਸ਼ਨ, ਰਾਸ਼ਟਰੀ ਉਦੇਸ਼ਾਂ ਅਨੁਸਾਰ ਸੋਚ-ਸਮਝ ਕੇ ਵਿਵੇਕਸ਼ੀਲਤਾ ਨਾਲ ਕੀਤੇ ਗਏ।''

    ਅੱਗੇ ਲਿਖਿਆ ਗਿਆ ਹੈ, ''ਕਿਉਂਕਿ ਆਪ੍ਰੇਸ਼ਨ ਅਜੇ ਵੀ ਜਾਰੀ ਹਨ, ਇਸ ਲਈ ਇੱਕ ਵਿਸਤ੍ਰਿਤ ਬ੍ਰੀਫਿੰਗ ਸਮੇਂ ਸਿਰ ਕੀਤੀ ਜਾਵੇਗੀ। ਆਈਏਐੱਫ ਸਾਰਿਆਂ ਨੂੰ ਅਪੀਲ ਕਰਦਾ ਹੈ ਕਿ ਅਟਕਲਾਂ ਅਤੇ ਗੈਰ-ਪ੍ਰਮਾਣਿਤ ਜਾਣਕਾਰੀ 'ਤੇ ਭਰੋਸਾ ਨਾ ਕਰੋ।''

  12. ਜੰਗਬੰਦੀ ਤੋਂ ਬਾਅਦ ਜੰਮੂ ਅਤੇ ਕੰਟਰੋਲ ਰੇਖਾ ਦੇ ਨੇੜੇ ਕਿਹੋ-ਜਿਹੇ ਹਨ ਹਾਲਾਤ?, ਦਿਵਿਆ ਆਰੀਆ, ਬੀਬੀਸੀ ਪੱਤਰਕਾਰ

    ਜੰਮੂ

    ਤਸਵੀਰ ਸਰੋਤ, Deblin Roy/BBC

    ਐਤਵਾਰ ਸਵੇਰੇ ਜੰਮੂ ਵਿੱਚ ਸਥਿਤੀ ਆਮ ਵਰਗੀ ਦਿਖਾਈ ਦਿੱਤੀ। ਲੋਕ ਘਰਾਂ ਤੋਂ ਬਾਹਰ ਨਿਕਲੇ ਹਨ, ਕੁਝ ਦੁਕਾਨਾਂ ਖੁੱਲ੍ਹੀਆਂ ਹਨ ਅਤੇ ਸੜਕਾਂ 'ਤੇ ਆਵਾਜਾਈ ਸ਼ੁਰੂ ਹੋ ਗਈ ਹੈ।

    ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ ਹੋਣ ਤੋਂ ਬਾਅਦ ਵੀ, ਜੰਮੂ ਦੇ ਸਥਾਨਕ ਨਿਵਾਸੀਆਂ ਨੇ ਆਪਣੇ ਘਰਾਂ ਦੇ ਆਲੇ-ਦੁਆਲੇ ਡਰੋਨ ਦੇਖੇ।

    ਜੰਮੂ ਦੇ ਸਰਹੱਦੀ ਇਲਾਕਿਆਂ ਵਿੱਚ ਵੀ ਕਈ ਸਥਾਨਕ ਨਿਵਾਸੀਆਂ ਨੇ ਆਪਣੇ ਇਲਾਕਿਆਂ ਵਿੱਚ ਡਰੋਨ ਉੱਡਦੇ ਦੇਖੇ।

    ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਪਿੰਡਾਂ ਤੋਂ ਫੋਨ ਕਰ ਰਹੇ ਲੋਕਾਂ ਨੇ ਦੱਸਿਆ ਕਿ ਜੰਗਬੰਦੀ ਤੋਂ ਕੁਝ ਸਮੇਂ ਬਾਅਦ ਵੀ ਉਨ੍ਹਾਂ ਦੇ ਘਰਾਂ ਦੇ ਆਲੇ-ਦੁਆਲੇ ਹਲਕੀ ਗੋਲੀਬਾਰੀ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ।

    ਰਾਜੌਰੀ ਦੇ ਕੁਝ ਨਿਵਾਸੀਆਂ ਨੇ ਵੀ ਕੰਟਰੋਲ ਰੇਖਾ ਦੇ ਨੇੜੇ ਡਰੋਨ ਦੇਖਣ ਦੀ ਪੁਸ਼ਟੀ ਕੀਤੀ।

    ਉਨ੍ਹਾਂ ਕਿਹਾ ਕਿ ਇਹ ਡਰੋਨ ਲੰਬੇ ਸਮੇਂ ਤੱਕ ਅਸਮਾਨ ਵਿੱਚ ਘੁੰਮਦੇ ਰਹੇ। ਹਾਲਾਂਕਿ, ਇਹ ਗਤੀਵਿਧੀਆਂ ਕੁਝ ਘੰਟਿਆਂ ਬਾਅਦ ਬੰਦ ਹੋ ਗਈਆਂ।

    ਭਾਰਤ ਸਰਕਾਰ ਵੱਲੋਂ ਦੇਰ ਰਾਤ ਇੱਕ ਪ੍ਰੈਸ ਬ੍ਰੀਫਿੰਗ ਕੀਤੀ ਗਈ ਜਿਸ ਵਿੱਚ ਸਰਕਾਰ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਡਰੋਨ ਅਤੇ ਹਲਕੀ ਗੋਲੀਬਾਰੀ ਦੀਆਂ ਕੁਝ ਘਟਨਾਵਾਂ ਵਾਪਰੀਆਂ ਹਨ। ਹਾਲਾਂਕਿ, ਇਸ ਤੋਂ ਬਾਅਦ ਸਥਿਤੀ ਸ਼ਾਂਤ ਹੋ ਗਈ।

    ਜਦੋਂ ਅਸੀਂ ਐਤਵਾਰ ਸਵੇਰੇ ਦੁਬਾਰਾ ਸਥਾਨਕ ਨਿਵਾਸੀਆਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਪੂਰੀ ਰਾਤ ਸ਼ਾਂਤੀ ਨਾਲ ਬੀਤੀ।

    ਸਰਹੱਦ ਨੇੜੇ ਹੋਈ ਗੋਲੀਬਾਰੀ ਤੋਂ ਬਾਅਦ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

    ਇਸ ਵੇਲੇ ਜੰਮੂ ਅਤੇ ਨੇੜਲੇ ਇਲਾਕਿਆਂ ਵਿੱਚ ਸਥਿਤੀ ਆਮ ਵਾਂਗ ਹੈ ਅਤੇ ਲੋਕ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵਾਪਸ ਪਰਤਦੇ ਦਿਖਾਈ ਦੇ ਰਹੇ ਹਨ।

  13. ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ 'ਤੇ ਹੁਣ ਕੀ ਬੋਲੇ ਟਰੰਪ?

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸ਼ਨੀਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਸਮਝੌਤੇ ਦਾ ਐਲਾਨ ਕੀਤਾ।

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਦੀ ਜੰਗਬੰਦੀ ਬਣਾਈ ਰੱਖਣ ਲਈ ਪ੍ਰਸ਼ੰਸਾ ਕੀਤੀ।

    ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਇੱਕ ਪੋਸਟ ਵਿੱਚ ਕਿਹਾ, "ਮੈਨੂੰ ਭਾਰਤ ਅਤੇ ਪਾਕਿਸਤਾਨ ਦੋਵਾਂ ਦੀ ਮਜ਼ਬੂਤ ​​ਅਤੇ ਦ੍ਰਿੜ ਲੀਡਰਸ਼ਿਪ 'ਤੇ ਬਹੁਤ ਮਾਣ ਹੈ।"

    "ਉਨ੍ਹਾਂ ਨੇ ਸਹੀ ਸਮੇਂ 'ਤੇ ਸਿਆਣਪ ਅਤੇ ਹਿੰਮਤ ਦਿਖਾਉਂਦੇ ਹੋਏ ਇਸ ਟਕਰਾਅ ਨੂੰ ਰੋਕਣ ਦਾ ਫੈਸਲਾ ਲਿਆ, ਕਿਉਂਕਿ ਇਸ ਟਕਰਾਅ ਦੇ ਨਤੀਜੇ ਵਜੋਂ ਲੱਖਾਂ ਨਿਰਦੋਸ਼ ਲੋਕਾਂ ਦੀ ਜਾਨ ਜਾ ਸਕਦੀ ਸੀ ਅਤੇ ਵੱਡਾ ਨੁਕਸਾਨ ਹੋ ਸਕਦਾ ਸੀ।"

    ਟਰੰਪ ਨੇ ਇਹ ਵੀ ਕਿਹਾ ਕਿ ਮੈਨੂੰ ਮਾਣ ਹੈ ਕਿ ਅਮਰੀਕਾ ਇਸ ਇਤਿਹਾਸਕ ਫੈਸਲੇ ਤੱਕ ਪਹੁੰਚਣ ਵਿੱਚ ਤੁਹਾਡੀ ਮਦਦ ਕਰ ਸਕਿਆ।

    ਉਨ੍ਹਾਂ ਨੇ ਆਪਣੀ ਇਸ ਪੋਸਟ ਵਿੱਚ ਭਾਰਤ ਅਤੇ ਪਾਕਿਸਤਾਨ ਨਾਲ ਵਪਾਰ ਵਧਾਉਣ ਬਾਰੇ ਵੀ ਗੱਲ ਕੀਤੀ।

    ਇਸ ਦੇ ਨਾਲ ਹੀ ਟਰੰਪ ਨੇ ਕਸ਼ਮੀਰ ਮੁੱਦੇ 'ਤੇ ਭਾਰਤ ਅਤੇ ਪਾਕਿਸਤਾਨ ਨਾਲ ਮਿਲ ਕੇ ਸ਼ਾਂਤੀਪੂਰਨ ਹੱਲ ਕੱਢਣ ਦਾ ਵੀ ਜ਼ਿਕਰ ਕੀਤਾ।

  14. ਪਹਿਲਾਂ ਜੰਗਬੰਦੀ ਤੇ ਫਿਰ ਪਾਕ 'ਤੇ 'ਜੰਗਬੰਦੀ ਦੀ ਉਲੰਘਣਾ' ਦੇ ਇਲਜ਼ਾਮ, ਜਾਣੋ ਬੀਤੇ ਦਿਨੀਂ ਕੀ-ਕੀ ਹੁੰਦਾ ਰਿਹਾ

    ਨਰਿੰਦਰ ਮੋਦੀ ਤੇ ਸ਼ਹਿਬਾਜ਼ ਸਰੀਫ਼

    ਤਸਵੀਰ ਸਰੋਤ, Getty Images

    ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸ਼ਨੀਵਾਰ ਨੂੰ ਇੱਕ ਸੰਖੇਪ ਬਿਆਨ ਵਿੱਚ ਜਾਣਕਾਰੀ ਦਿੱਤੀ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ 'ਤੇ ਸਹਿਮਤੀ ਬਣ ਗਈ ਹੈ।

    ਉਨ੍ਹਾਂ ਕਿਹਾ ਕਿ ਇਸ ਸਹਿਮਤੀ ਮੁਤਾਬਕ, ਦੋਵੇਂ ਧਿਰਾਂ ਜ਼ਮੀਨ, ਹਵਾ ਅਤੇ ਸਮੁੰਦਰ 'ਤੇ ਹਰ ਤਰ੍ਹਾਂ ਦੀ ਗੋਲੀਬਾਰੀ ਅਤੇ ਫ਼ੌਜੀ ਕਾਰਵਾਈ ਬੰਦ ਕਰ ਦੇਣਗੀਆਂ।

    ਇਸ ਤੋਂ ਥੋੜ੍ਹੀ ਦੇਰ ਪਹਿਲਾਂ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਵੀ ਜੰਗਬੰਦੀ 'ਤੇ ਹੋਏ ਸਮਝੌਤੇ ਬਾਰੇ ਜਾਣਕਾਰੀ ਦਿੱਤੀ ਸੀ।

    ਹਾਲਾਂਕਿ, ਜੰਗਬੰਦੀ ਦੇ ਐਲਾਨ ਤੋਂ ਕੁੱਝ ਸਮਾਂ ਬਾਅਦ, ਭਾਰਤੀ ਵਿਦੇਸ਼ ਸਕੱਤਰ ਨੇ ਇੱਕ ਵਿਸ਼ੇਸ਼ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਕਿ "ਪਾਕਿਸਤਾਨ ਵੱਲੋਂ ਇਸ ਸਮਝੌਤੇ ਦੀ ਘੋਰ ਉਲੰਘਣਾ ਕੀਤੀ ਜਾ ਰਹੀ ਹੈ।"

  15. ਚੀਨ ਦੇ ਵਿਦੇਸ਼ ਮੰਤਰੀ ਅਤੇ ਭਾਰਤ ਦੇ ਐਨਐਸਏ ਅਜੀਤ ਡੋਭਾਲ ਵਿਚਕਾਰ ਕੀ ਗੱਲਬਾਤ ਹੋਈ?

    ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਅਤੇ ਭਾਰਤ ਦੇ ਐਨਐਸਏ ਅਜੀਤ ਡੋਭਾਲ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਅਤੇ ਭਾਰਤ ਦੇ ਐਨਐਸਏ ਅਜੀਤ ਡੋਭਾਲ

    ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਸ਼ਨੀਵਾਰ ਨੂੰ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਫ਼ੋਨ 'ਤੇ ਗੱਲਬਾਤ ਕੀਤੀ।

    ਚੀਨ ਦੇ ਵਿਦੇਸ਼ ਮੰਤਰਾਲੇ ਨੇ ਦੋਵਾਂ ਵਿਚਕਾਰ ਹੋਈ ਗੱਲਬਾਤ ਦੀ ਜਾਣਕਾਰੀ 'ਤੇ ਇੱਕ ਬਿਆਨ ਜਾਰੀ ਕੀਤਾ ਹੈ।

    ਜਾਰੀ ਬਿਆਨ ਵਿੱਚ ਲਿਖਿਆ ਗਿਆ, "10 ਮਈ, 2025 ਨੂੰ ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਰਾਜਨੀਤਿਕ ਬਿਊਰੋ ਦੇ ਮੈਂਬਰ ਅਤੇ ਕੇਂਦਰੀ ਵਿਦੇਸ਼ ਮਾਮਲਿਆਂ ਦੇ ਦਫ਼ਤਰ ਦੇ ਨਿਰਦੇਸ਼ਕ ਵਾਂਗ ਯੀ ਨੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਫ਼ੋਨ 'ਤੇ ਗੱਲਬਾਤ ਕੀਤੀ।"

    "ਡੋਭਾਲ ਨੇ ਕਿਹਾ ਕਿ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਭਾਰਤੀ ਜਵਾਨਾਂ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਭਾਰਤ ਨੂੰ ਸਖ਼ਤ ਅੱਤਵਾਦ ਵਿਰੋਧੀ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। ਜੰਗ ਭਾਰਤ ਦੀ ਪਸੰਦ ਨਹੀਂ ਹੈ ਅਤੇ ਇਹ ਕਿਸੇ ਵੀ ਧਿਰ ਦੇ ਹਿੱਤ ਵਿੱਚ ਨਹੀਂ ਹੈ। ਭਾਰਤ ਅਤੇ ਪਾਕਿਸਤਾਨ ਜੰਗਬੰਦੀ ਲਈ ਵਚਨਬੱਧ ਹਨ ਅਤੇ ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਜਲਦੀ ਬਹਾਲ ਕਰਨ ਦੀ ਦਿਸ਼ਾ 'ਚ ਯਤਨ ਕਰ ਰਹੇ ਹਨ।''

    ਵਾਂਗ ਯੀ ਨੇ ਚੀਨ ਵੱਲੋਂ ਪਹਿਲਗਾਮ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਚੀਨ ਹਰ ਤਰ੍ਹਾਂ ਦੇ ਅੱਤਵਾਦ ਦਾ ਵਿਰੋਧ ਕਰਦਾ ਹੈ।

    ਉਨ੍ਹਾਂ ਕਿਹਾ ਕਿ ਅੱਜ ਦੀ ਦੁਨੀਆਂ ਦੀ ਸਥਿਤੀ ਬਹੁਤ ਮੁਸ਼ਕਲ ਹੈ ਅਤੇ ਏਸ਼ੀਆ ਵਿੱਚ ਸ਼ਾਂਤੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ।

    ਵਾਂਗ ਯੀ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਅਜਿਹੇ ਗੁਆਂਢੀ ਹਨ, ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਅਤੇ ਦੋਵੇਂ ਚੀਨ ਦੇ ਵੀ ਗੁਆਂਢੀ ਹਨ, ਚੀਨ ਭਾਰਤ ਦੇ ਇਸ ਰੁਖ਼ ਦੀ ਸਰਾਹਨਾ ਕਰਦਾ ਹੈ ਕਿ ਉਹ ਯੁੱਧ ਨਹੀਂ ਚਾਹੁੰਦਾ।

    ਇਸ ਬਿਆਨ ਦੇ ਅਨੁਸਾਰ, ਚੀਨ ਚਾਹੁੰਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਗੱਲਬਾਤ ਰਾਹੀਂ ਸਥਾਈ ਸ਼ਾਂਤੀ ਅਤੇ ਜੰਗਬੰਦੀ ਵੱਲ ਵਧਣ, ਕਿਉਂਕਿ ਇਹੀ ਦੋਵੇਂ ਦੇਸ਼ਾਂ ਅਤੇ ਦੁਨੀਆਂ ਦੇ ਹਿੱਤ ਵਿੱਚ ਹੈ।

  16. ਅੰਮ੍ਰਿਤਸਰ ਵਿੱਚ ਬਿਜਲੀ ਬਹਾਲ, ਪਰ ਰੈੱਡ ਅਲਰਟ ਅਜੇ ਵੀ ਜਾਰੀ

    ਅੰਮ੍ਰਿਤਸਰ

    ਤਸਵੀਰ ਸਰੋਤ, Getty Images

    ਬੀਤੀ ਰਾਤ ਅੰਮ੍ਰਿਤਸਰ ਵਿੱਚ ਸਾਇਰਨ ਦੀ ਉੱਚੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐਤਵਾਰ ਸਵੇਰੇ ਇੱਕ ਐਡਵਾਈਜ਼ਰੀ ਜਾਰੀ ਕੀਤੀ।

    ਬੀਬੀਸੀ ਦੇ ਸਹਿਯੋਗੀ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਦੇ ਅਨੁਸਾਰ, ਫਿਲਹਾਲ ਅੰਮ੍ਰਿਤਸਰ ਵਿੱਚ ਬਿਜਲੀ ਬਹਾਲ ਕਰ ਦਿੱਤੀ ਗਈ ਹੈ, ਪਰ ਜ਼ਿਲ੍ਹਾ ਅਜੇ ਵੀ ਰੈੱਡ ਅਲਰਟ 'ਤੇ ਹੈ।

    ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ, ਘਰਾਂ ਦੇ ਅੰਦਰ ਰਹਿਣ ਅਤੇ ਖਿੜਕੀਆਂ ਤੋਂ ਦੂਰ ਰਹਿਣ।

    ਉਨ੍ਹਾਂ ਕਿਹਾ ਹੈ, "ਜਦੋਂ ਸਥਿਤੀ ਪੂਰੀ ਤਰ੍ਹਾਂ ਸੁਰੱਖਿਅਤ ਹੋਵੇਗੀ, ਤਾਂ ਪ੍ਰਸ਼ਾਸਨ ਹਰੀ ਝੰਡੀ ਦੇ ਦੇਵੇਗਾ। ਕਿਰਪਾ ਕਰਕੇ ਘਬਰਾਓ ਨਾ, ਸ਼ਾਂਤੀ ਬਣਾਈ ਰੱਖੋ ਅਤੇ ਪ੍ਰਸ਼ਾਸਨ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰੋ।"

    10 ਮਈ ਦੀ ਸ਼ਾਮ ਨੂੰ, ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ 'ਤੇ ਸਹਿਮਤੀ ਹੋਈ।

    ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਟਕਰਾਅ ਚੱਲ ਰਿਹਾ ਸੀ। ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਨੇ ਇੱਕ-ਦੂਜੇ ਦੇ ਹਮਲਿਆਂ ਨੂੰ ਨਾਕਾਮ ਕਰਨ ਦੀ ਗੱਲ ਕਹੀ ਸੀ।

    ਹਾਲਾਂਕਿ ਇਸ ਤੋਂ ਕੁਝ ਸਮਾਂ ਬਾਅਦ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਜੰਗਬੰਦੀ ਦੇ ਸਮਝੌਤੇ ਦੀ ਉਲੰਘਣਾ ਹੋਈ ਹੈ।

  17. ਪਾਕਿਸਤਾਨ ਨੇ ਅਮਰੀਕਾ, ਬ੍ਰਿਟੇਨ ਅਤੇ ਚੀਨ ਦਾ ਧੰਨਵਾਦ ਕੀਤਾ, ਜਾਣੋ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਹੋਰ ਕੀ ਕਿਹਾ?

    ਸ਼ਹਿਬਾਜ਼ ਸ਼ਰੀਫ

    ਤਸਵੀਰ ਸਰੋਤ, EPA/PTV

    ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਸਮਝੌਤੇ ਦੇ ਐਲਾਨ ਤੋਂ ਬਾਅਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਸ਼ਨੀਵਾਰ ਦੇਰ ਰਾਤ ਰਾਸ਼ਟਰ ਨੂੰ ਸੰਬੋਧਨ ਕੀਤਾ।

    ਸ਼ਹਿਬਾਜ਼ ਸ਼ਰੀਫ ਨੇ ਇਸ ਦੌਰਾਨ ਪਾਕਿਸਤਾਨੀ ਫੌਜ, ਜਲ ਸੈਨਾ ਅਤੇ ਹਥਿਆਰਬੰਦ ਸੈਨਾਵਾਂ ਦੇ ਅਧਿਕਾਰੀਆਂ ਦਾ ਨਾਮ ਲੈ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ, "ਇਹ ਪਾਕਿਸਤਾਨ ਦੀ ਇਤਿਹਾਸਕ ਜਿੱਤ ਹੈ"। ਉਨ੍ਹਾਂ ਨੇ ਵਿਰੋਧੀ ਪਾਰਟੀਆਂ ਦਾ ਵੀ ਧੰਨਵਾਦ ਕੀਤਾ।

    ਸ਼ਰੀਫ ਨੇ ਆਪਣਾ ਸੰਬੋਧਨ ਇਹ ਕਹਿ ਕੇ ਸ਼ੁਰੂ ਕੀਤਾ, "ਜੇਕਰ ਕੋਈ ਸਾਡੀ ਆਜ਼ਾਦੀ ਨੂੰ ਚੁਣੌਤੀ ਦਿੰਦਾ ਹੈ, ਤਾਂ ਅਸੀਂ ਆਪਣੀ ਰੱਖਿਆ ਲਈ ਕੁਝ ਵੀ ਕਰਾਂਗੇ।"

    ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਦੇਸ਼ ਵਿਰੁੱਧ ਲਗਾਏ ਜਾ ਰਹੇ ਇਲਜ਼ਾਮ "ਬੇਬੁਨਿਆਦ" ਹਨ ਅਤੇ ਉਹ ਇਸਦੀ ਜਾਂਚ ਚਾਹੁੰਦੇ ਹਨ।

    ਭਾਰਤ ਨੇ ਸ਼ਹਿਬਾਜ਼ ਸ਼ਰੀਫ ਦੇ ਸੰਬੋਧਨ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

    ਹਾਲਾਂਕਿ, ਉਸ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇੱਕ ਵਿਸ਼ੇਸ਼ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਸੀ ਕਿ "ਪਾਕਿਸਤਾਨ ਵੱਲੋਂ ਇਸ ਸਮਝੌਤੇ ਦੀ ਘੋਰ ਉਲੰਘਣਾ ਕੀਤੀ ਜਾ ਰਹੀ ਹੈ।"

    ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ

    ਤਸਵੀਰ ਸਰੋਤ, Government of India

    ਪਾਕਿਸਤਾਨੀ ਦੇ ਪ੍ਰਧਾਨ ਮੰਤਰੀ ਨੇ ਹੋਰ ਕੀ-ਕੀ ਕਿਹਾ?

    ਆਪਣੇ ਸੰਬੋਧਨ ਵਿੱਚ, ਸ਼ਹਿਬਾਜ਼ ਸ਼ਰੀਫ ਨੇ ਇਹ ਵੀ ਦਾਅਵਾ ਕੀਤਾ ਕਿ ਪਿਛਲੇ ਦਿਨੀਂ ਪਾਕਿਸਤਾਨ 'ਤੇ ਹੋਏ ਡਰੋਨ ਹਮਲਿਆਂ ਵਿੱਚ, "ਮਸਜਿਦਾਂ ਤਬਾਹ" ਹੋਈਆਂ ਅਤੇ ਨਿਰਦੋਸ਼ ਲੋਕ ਮਾਰੇ ਗਏ।

    ਉਨ੍ਹਾਂ ਦਾਅਵਾ ਕੀਤਾ, "ਇਸ ਸਥਿਤੀ ਵਿੱਚ ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਭਾਰਤੀ ਹਥਿਆਰਬੰਦ ਬਲਾਂ ਨੂੰ ਢੁਕਵਾਂ ਜਵਾਬ ਦਿੱਤਾ। ਅਸੀਂ ਆਪਣੇ ਸਿਧਾਂਤਾਂ ਦੀ ਪਾਲਣਾ ਕਰਨ ਵਿੱਚ ਸਫਲ ਰਹੇ ਹਾਂ।"

    ਸ਼ਨੀਵਾਰ ਰਾਤ ਨੂੰ, ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਜੰਗਬੰਦੀ ਸਮਝੌਤਾ ਸਾਰਿਆਂ ਦੇ ਲਾਭ ਲਈ ਹੋਇਆ ਹੈ।

    ਉਨ੍ਹਾਂ ਕਿਹਾ, "ਪਾਕਿਸਤਾਨ ਵਿੱਚ ਲੱਖਾਂ ਲੋਕ ਹਨ, ਅਸੀਂ ਸਾਰਿਆਂ ਦੇ ਲਾਭ ਲਈ ਇਸ ਜੰਗਬੰਦੀ ਸਮਝੌਤਾਂ ਕੀਤਾ ਹੈ ਅਤੇ ਅਸੀਂ ਇਸ ਬਾਰੇ ਸਕਾਰਾਤਮਕ ਹਾਂ।"

    ਸ਼ਰੀਫ ਨੇ ਕਿਹਾ, "ਮੈਂ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਵਾਸ਼ਿੰਗਟਨ ਨੇ ਜੰਗਬੰਦੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।" ਉਨ੍ਹਾਂ ਨੇ ਬ੍ਰਿਟੇਨ ਦੀ "ਸਲਾਹ" ਲਈ ਵੀ ਧੰਨਵਾਦ ਕੀਤਾ।

    ਸ਼ਹਿਬਾਜ਼ ਸ਼ਰੀਫ ਨੇ ਚੀਨ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ "ਆਪਣੇ ਬਹੁਤ ਪਿਆਰੇ, ਬਹੁਤ ਭਰੋਸੇਮੰਦ ਅਤੇ ਬਹੁਤ ਪਿਆਰੇ ਦੋਸਤ ਚੀਨ ਦਾ ਵੀ ਧੰਨਵਾਦ ਕਰਦੇ ਹਨ।''

    ਦੂਜੇ ਦੇਸ਼ਾਂ ਦਾ ਧੰਨਵਾਦ ਕਰਦੇ ਹੋਏ ਸ਼ਰੀਫ ਨੇ ਕਿਹਾ, "ਸਾਨੂੰ ਪੂਰਾ ਭਰੋਸਾ ਹੈ ਕਿ ਪਾਣੀ ਦੀ ਵੰਡ, ਕਸ਼ਮੀਰ ਅਤੇ ਹੋਰ ਸਾਰੇ ਵਿਵਾਦਪੂਰਨ ਮੁੱਦੇ ਹੱਲ ਹੋ ਸਕਣਗੇ।"

  18. ਭਾਰਤ ਪਾਕਿਸਤਾਨ ਤਣਾਅ: ਹੁਣ ਤੱਕ ਦਾ ਅਹਿਮ ਘਟਨਾਕ੍ਰਮ

    ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਭਾਰਤ-ਪਾਕਿਸਤਾਨ ਤਣਾਅ ਨਾਲ ਜੁੜੀਆਂ ਵੱਡੀਆਂ ਖ਼ਬਰਾਂ ਪੜ੍ਹਨ ਲਈ ਸਾਡੇ ਇਸ ਲਾਈਵ ਪੇਜ ਨਾਲ ਜੁੜੇ ਰਹੋ।

    ਕੱਲ੍ਹ ਦੇ ਲਾਈਵ ਪੇਜ ਦੀਆਂ ਖ਼ਬਰਾਂ ਪੜ੍ਹਨ ਲਈ ਕਲਿੱਕ ਕਰੋ

    ਹੁਣ ਤੱਕ ਦਾ ਅਹਿਮ ਘਟਨਾਕ੍ਰਮ:

    • ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ - ਜੰਗਬੰਦੀ ਦੇ ਸਮਝੌਤੇ ਦੀ ਉਲੰਘਣਾ ਹੋਈ ਹੈ
    • ਫ਼ਿਰੋਜ਼ਪੁਰ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਬਰਨਾਲਾ, ਫ਼ਾਜ਼ਿਲਕਾ, ਅੰਮ੍ਰਿਤਸਰ, ਰੂਪਨਗਰ, ਕਪੂਰਥਲਾ, ਪਟਿਆਲਾ, ਹੁਸ਼ਿਆਰਪੁਰ ਅਤੇ ਮੁਕਤਸਰ ਸਾਹਿਬ ਵਿੱਚ ਕੱਲ੍ਹ ਰਾਤ ਫਿਰ ਹੋਇਆ ਬਲੈਕਆਊਟ
    • ਭਾਰਤ-ਪਾਕਿਸਤਾਨ ਜੰਗਬੰਦੀ ਤੋਂ ਬਾਅਦ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਨੇ ਕਿਹਾ, 'ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ'
    • ਕਰਨਲ ਸੋਫੀਆ ਕੁਰੈਸ਼ੀ ਨੇ ਕਿਹਾ, "ਪਾਕਿਸਤਾਨ ਵੱਲੋਂ ਉਨ੍ਹਾਂ ਦੇ ਜੇਐੱਫ-17 ਨਾਲ ਸਾਡੇ ਐੱਸ-400 ਅਤੇ ਬ੍ਰਹਮੋਸ ਮਿਜ਼ਾਇਲ ਬੇਸ ਨੂੰ ਨੁਕਸਾਨ ਪਹੁੰਚਾਉਣ ਦਾ ਦਾਅਵਾ ਬਿਲਕੁਲ ਗਲਤ ਹੈ"
    • ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ- ਅਸੀਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਧੰਨਵਾਦ ਕਰਦੇ ਹਾਂ
    • ਭਾਰਤ ਅਤੇ ਪਾਕਿਸਤਾਨ 'ਤੁਰੰਤ ਅਤੇ ਸੰਪੂਰਨ ਜੰਗਬੰਦੀ' 'ਤੇ ਸਹਿਮਤ ਹੋਏ, ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਦਿੱਤੀ ਜਾਣਕਾਰੀ