ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਪਾਕਿਸਤਾਨ ਨੇ ਕੀਤਾ ਜੰਗਬੰਦੀ ਦਾ ਉਲੰਘਣ

ਜਿੱਥੇ ਅਮਰੀਕੀ ਰਾਸ਼ਟਰਪਤੀ ਦੀ ਵਿਚੋਲਗੀ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਦੀ ਸਹਿਮਤੀ ਬਣਨ ਦਾ ਐਲਾਨ ਹੋਇਆ ਸੀ, ਉਸ ਦੇ ਕੁਝ ਹੀ ਘੰਟਿਆਂ ਬਾਅਦ ਭਾਰਤ ਨੇ ਪਾਕਿਸਤਾਨ ਉੱਤੇ ਜੰਗਬੰਦੀ ਦਾ ਉਲੰਘਣ ਕਰਨ ਦਾ ਇਲਜ਼ਾਮ ਲਗਾਇਆ।

ਸਾਰ

  • ਭਾਰਤ ਅਤੇ ਪਾਕਿਸਤਾਨ ਨੇ ਸ਼ਨੀਵਾਰ ਸ਼ਾਮ 5 ਵਜੇ ਤੋਂ ਮੁਕੰਮਲ ਜੰਗਬੰਦੀ ਦਾ ਐਲਾਨ ਕੀਤਾ।
  • ਭਾਰਤੀ ਵਿਦੇਸ਼ ਮੰਤਰਾਲੇ ਦੇ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਪਾਕਿਸਤਾਨ ਨੇ ਦੋਵਾਂ ਮੁਲਕਾਂ ਵਿਚਾਲੇ ਹੋਏ ਜੰਗਬੰਦੀ ਦੇ ਸਮਝੌਤੇ ਦਾ ਉਲੰਘਣ ਕੀਤਾ ਹੈ।
  • ਭਾਰਤ ਨੇ ਕਿਹਾ ਕਿ ਭਾਰਤੀ ਫੌਜ ਜਵਾਬੀ ਕਾਰਵਾਈ ਕਰ ਰਹੀ ਹੈ ਅਤੇ ਇਸ ਨਾਲ ਨਜਿੱਠ ਰਹੀ ਹੈ। ਇਹ ਹਮਲਾ ਨਿੰਦਣਯੋਗ ਹੈ ਅਤੇ ਪਾਕਿਸਤਾਨ ਇਸਦੇ ਲਈ ਜ਼ਿੰਮੇਵਾਰ ਹੈ।
  • ਜੰਗਬੰਦੀ ਦੇ ਸਮੇਂ ਤੋਂ ਬਾਅਦ ਵੀ ਜੰਮੂ-ਕਸ਼ਮੀਰ ਦੇ ਕੁਝ ਇਲਾਕਿਆਂ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਐਕਸ ਉੱਤੇ ਜਾਣਕਾਰੀ ਸਾਂਝੀ ਕੀਤੀ।
  • ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਲੈਕ ਆਊਟ ਐਲਾਨਿਆ ਗਿਆ ਹੈ - ਫ਼ਿਰੋਜ਼ਪੁਰ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਬਰਨਾਲਾ, ਫ਼ਾਜ਼ਿਲਕਾ, ਅੰਮ੍ਰਿਤਸਰ, ਰੂਪਨਗਰ, ਕਪੂਰਥਲਾ, ਪਟਿਆਲਾ, ਹੁਸ਼ਿਆਰਪੁਰ ਅਤੇ ਮੁਕਤਸਰ ਸਾਹਿਬ।

ਲਾਈਵ ਕਵਰੇਜ

ਰਿਪੋਰਟ- ਪ੍ਰਿਅੰਕਾ ਧੀਮਾਨ ਤੇ ਗੁਰਜੋਤ ਸਿੰਘ

  1. ਪਾਕਿਸਤਾਨ ਨੇ ֲ‘ਇਤਿਹਾਸਕ ਜਿੱਤ’ ਹਾਸਲ ਕੀਤੀ ਹੈ- ਸ਼ਹਿਬਾਜ਼ ਸ਼ਰੀਫ਼

    ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਅੱਜ ਦੇਰ ਰਾਤ ਰਾਸ਼ਟਰ ਦੇ ਨਾਮ ਸੰਦੇਸ਼ ਦਿੱਤਾ

    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਦੇਸ਼ ਦੇ ਨਾਮ ਦਿੱਤੇ ਆਪਣੇ ਭਾਸ਼ਣ ਵਿੱਚ ਭਾਰਤ-ਪਾਕਿਸਤਾਨ ਤਣਾਅ ਬਾਰੇ ਕੀਤੀ ਤੇ ਇਸ ਨੂੰ ਇੱਕ 'ਇਤਿਹਾਸਕ ਜਿੱਤ' ਦੱਸਦਿਆਂ ਸ਼ਲਾਘਾ ਕੀਤੀ।

    ਉਨ੍ਹਾਂ ਨੇ ਪਾਕਿਸਤਾਨ ਦੀ ਫ਼ੌਜ, ਜਲ ਸੈਨਾ ਅਤੇ ਹਥਿਆਰਬੰਦ ਫੌਜਾਂ ਦੇ ਸੀਨੀਅਰ ਅਧਿਕਾਰੀਆਂ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।

    ਸ਼ਰੀਫ ਨੇ ਵਿਰੋਧੀ ਸਿਆਸੀ ਪਾਰਟੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਪਰਿਵਾਰਾਂ ਨਾਲ ਸੰਵੇਦਨਾ ਜਤਾਈ, ਜਿਨ੍ਹਾਂ ਨੇ ਪਿਛਲੇ ਚਾਰ ਦਿਨਾਂ ਵਿੱਚ ਆਪਣਿਆਂ ਨੂੰ ਗੁਆਇਆ ਹੈ।

  2. ਪਾਕਿਸਤਾਨ ਨੇ ਕੀਤਾ ਜੰਗਬੰਦੀ ਦਾ ਉਲੰਘਣ- ਭਾਰਤੀ ਵਿਦੇਸ਼ ਸਕੱਤਰ

    ਵਿਕਰਮ ਮਿਸਰੀ

    ਤਸਵੀਰ ਸਰੋਤ, Government of India

    ਤਸਵੀਰ ਕੈਪਸ਼ਨ, ਵਿਕਰਮ ਮਿਸਰੀ

    ਭਾਰਤੀ ਵਿਦੇਸ਼ ਮੰਤਰਾਲੇ ਦੇ ਸਕੱਤਰ ਵਿਕਰਮ ਮਿਸਰੀ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਹੈ ਕਿ ਪਾਕਿਸਤਾਨ ਨੇ ਦੋਵਾਂ ਮੁਲਕਾਂ ਵਿਚਾਲੇ ਹੋਏ ਜੰਗਬੰਦੀ ਦੇ ਸਮਝੌਤੇ ਦਾ ਉਲੰਘਣ ਕੀਤਾ ਹੈ।

    ਭਾਰਤ ਤੇ ਪਾਕਿਸਤਾਨ ਦੇ ਡੀਜੀਐੱਮਓਜ਼ ਵਿਚਾਲੇ ਜੋ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਫੌਜੀ ਕਾਰਵਾਈ ਨੂੰ ਰੋਕਣ ਦਾ ਸਮਝੌਤਾ ਅੱਜ ਸ਼ਾਮ ਨੂੰ ਹੋਇਆ ਸੀ, ਪਿਛਲੇ ਕੁਝ ਘੰਟਿਆਂ ਤੋਂ ਇਸ ਸਮਝੌਤੇ ਦਾ ਪਾਕਿਸਤਾਨ ਵੱਲੋਂ ਉਲੰਘਣ ਕੀਤਾ ਜਾ ਰਿਹਾ ਹੈ।

    ਭਾਰਤੀ ਫੌਜ ਜਵਾਬੀ ਕਾਰਵਾਈ ਕਰ ਰਹੀ ਹੈ ਅਤੇ ਇਸ ਨਾਲ ਨਜਿੱਠ ਰਹੀ ਹੈ। ਇਹ ਹਮਲਾ ਨਿੰਦਣਯੋਗ ਹੈ ਅਤੇ ਪਾਕਿਸਤਾਨ ਇਸਦੇ ਲਈ ਜ਼ਿੰਮੇਵਾਰ ਹੈ।

    ਸਾਡਾ ਮੰਨਣਾ ਹੈ ਕਿ ਪਾਕਿਸਤਾਨ ਇਸ ਸਥਿਤੀ ਨੂੰ ਠੀਕ ਤਰ੍ਹਾਂ ਸਮਝੇ ਇਸ ਹਮਲੇ ਨੂੰ ਰੋਕਣ ਲਈ ਤੁਰੰਤ ਉਚਿਤ ਕਾਰਵਾਈ ਕਰੇ।

  3. ਭਾਰਤ-ਪਾਕਿਸਤਾਨ ਜੰਗਬੰਦੀ ਤੋਂ ਬਾਅਦ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਨੇ ਕਿਹਾ, 'ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ'

    ਉਮਰ ਅਬਦੁੱਲ੍ਹਾ
    ਤਸਵੀਰ ਕੈਪਸ਼ਨ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਦਾ ਕਹਿਣਾ ਹੈ ਕਿ ਸ਼੍ਰੀਨਗਰ ਦੇ ਆਲੇ-ਦੁਆਲੇ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ

    ਸ਼ਨੀਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਕਿਹਾ ਕਿ ਸ਼੍ਰੀਨਗਰ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ।

    ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਪੁੱਛਿਆ, "ਜੰਗਬੰਦੀ ਦਾ ਕੀ ਹੋਇਆ? ਸ਼੍ਰੀਨਗਰ ਦੇ ਆਲੇ-ਦੁਆਲੇ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।"

    ਇਸ ਦੌਰਾਨ, ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਨੇ ਵੀ ਕਿਹਾ , "ਕੱਛ ਜ਼ਿਲ੍ਹੇ ਵਿੱਚ ਬਹੁਤ ਸਾਰੇ ਡਰੋਨ ਦੇਖੇ ਗਏ ਹਨ। ਹੁਣ ਪੂਰੀ ਤਰ੍ਹਾਂ ਬਲੈਕਆਊਟ ਲਾਗੂ ਕੀਤਾ ਜਾਵੇਗਾ।"

    ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਅਤ ਰਹਿਣ ਅਤੇ ਘਬਰਾਉਣ ਦੀ ਲੋੜ ਨਹੀਂ।

    ਦਿੱਲੀ ਵਿੱਚ ਮੌਜੂਦ ਬੀਬੀਸੀ ਨਿਊਜ਼ ਪੱਤਰਕਾਰ ਵਿਕਾਸ ਪਾਂਡੇਦਾ ਕਹਿਣਾ ਹੈ ਕਿ ਸ਼੍ਰੀਨਗਰ ਵਿੱਚ ਮੌਜੂਦ ਬੀਬੀਸੀ ਟੀਮ ਨੇ ਧਮਾਕਿਆਂ ਦੀ ਆਵਾਜ਼ ਸੁਣੀ ਹੈ।

    ਹਾਲਾਂਕਿ, ਉਹ ਕਹਿੰਦੇ ਹਨ ਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਧਮਾਕਿਆਂ ਦੀ ਆਵਾਜ਼ ਕਿੱਥੋਂ ਆ ਰਹੀ ਹੈ। ਇਸ ਬਾਰੇ ਨਾ ਤਾਂ ਭਾਰਤ ਅਤੇ ਨਾ ਹੀ ਪਾਕਿਸਤਾਨ ਨੇ ਕੋਈ ਪ੍ਰਤੀਕਿਰਿਆ ਦਿੱਤੀ ਹੈ।

    ਸ਼ਨੀਵਾਰ ਸ਼ਾਮ ਨੂੰ ਲਗਭਗ 5.30 ਵਜੇ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੋਸ਼ਲ ਮੀਡੀਆ ਟਰੁੱਥ ਸੋਸ਼ਲ 'ਤੇ ਪੋਸਟ ਕੀਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਫ਼ੌਰਨ ਅਤੇ ਸੰਪੂਰਨ ਜੰਗਬੰਦੀ 'ਤੇ ਇੱਕ ਸਮਝੌਤਾ ਹੋ ਗਿਆ ਹੈ।

    ਇਸ ਤੋਂ ਬਾਅਦ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਕਿਹਾ ਸੀ, "ਦੋਵਾਂ ਵਿਚਕਾਰ ਇਹ ਸਹਿਮਤੀ ਬਣੀ ਹੈ ਕਿ ਭਾਰਤੀ ਸਮੇਂ ਮੁਤਾਬਕ ਸ਼ਾਮ 5 ਵਜੇ ਤੋਂ ਦੋਵੇਂ ਧਿਰਾਂ ਜ਼ਮੀਨ, ਹਵਾ ਅਤੇ ਸਮੁੰਦਰ 'ਤੇ ਹਰ ਤਰ੍ਹਾਂ ਦੀ ਗੋਲੀਬਾਰੀ ਅਤੇ ਫ਼ੌਜੀ ਕਾਰਵਾਈ ਬੰਦ ਕਰ ਦੇਣਗੀਆਂ।"

  4. ਹੁਣ ਤੱਕ ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਵਿੱਚ ਐਲਾਨਿਆ ਗਿਆ ਬਲੈਕ ਆਊਟ

    ਬਟਾਲਾ

    ਤਸਵੀਰ ਸਰੋਤ, BBC/Gurpreet Chawla

    ਤਸਵੀਰ ਕੈਪਸ਼ਨ, ਗੁਰਦਾਸਪੁਰ ਦੇ ਬਟਾਲਾ ਕਸਬੇ ਦੀ ਤਸਵੀਰ

    ਹੁਣ ਤੱਕ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਬਲੈਕ ਆਊਟ ਐਲਾਨਿਆ ਗਿਆ ਹੈ - ਫ਼ਿਰੋਜ਼ਪੁਰ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਬਰਨਾਲਾ, ਫ਼ਾਜ਼ਿਲਕਾ, ਅੰਮ੍ਰਿਤਸਰ, ਰੂਪਨਗਰ, ਕਪੂਰਥਲਾ, ਪਟਿਆਲਾ, ਹੁਸ਼ਿਆਰਪੁਰ ਅਤੇ ਮੁਕਤਸਰ ਸਾਹਿਬ।

    ਗੁਰਦਾਸਪੁਰ ਦੇ ਬਟਾਲਾ ਕਸਬੇ ਦੀ ਤਸਵੀਰ

    ਤਸਵੀਰ ਸਰੋਤ, BBC/Gurpreet Chawla

    ਤਸਵੀਰ ਕੈਪਸ਼ਨ, ਗੁਰਦਾਸਪੁਰ ਦੇ ਬਟਾਲਾ ਕਸਬੇ ਦੀ ਤਸਵੀਰ
  5. ਜੰਗਬੰਦੀ ਬਾਰੇ ਸ਼ਹਿਬਾਜ਼ ਸ਼ਰੀਫ਼ ਨੇ ਕੀ ਪ੍ਰਤੀਕਿਰਿਆ ਦਿੱਤੀ

    ਸ਼ਹਿਬਾਜ਼ ਸ਼ਰੀਫ਼

    ਤਸਵੀਰ ਸਰੋਤ, X/Shehbaz Sharif

    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਹੋਈ ਜੰਗਬੰਦੀ ਬਾਰੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ।

    ਉਨ੍ਹਾਂ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ, "ਖਿੱਤੇ ਵਿੱਚ ਸ਼ਾਂਤੀ ਦੇ ਲਈ ਉਨ੍ਹਾਂ ਦੀ ਅਗਵਾਈ ਅਤੇ ਕਾਰਜਸ਼ੀਲ ਭੂਮਿਕਾ ਦੇ ਲਈ ਅਸੀਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਧੰਨਵਾਦ ਕਰਦੇ ਹਾਂ।"

    ਉਨ੍ਹਾਂ ਕਿਹਾ, "ਇਸ ਨਤੀਜੇ ਤੱਕ ਪਹੁੰਚਣ ਵਿੱਚ ਮਦਦ ਲਈ ਪਾਕਿਸਤਾਨ ਅਮਰੀਕਾ ਦੀ ਪ੍ਰਸ਼ੰਸਾ ਕਰਦਾ ਹੈ, ਜਿਸ ਨੂੰ ਅਸੀਂ ਖੇਤਰੀ ਸ਼ਾਂਤੀ ਅਤੇ ਸਥਿਰਤਾ ਦੇ ਹਿੱਤ ਵਿੱਚ ਸਵੀਕਾਰ ਕੀਤਾ ਹੈ।"

    "ਅਸੀਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਵੀ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਦੇ ਲਈ ਉਨ੍ਹਾਂ ਦੇ ਯੋਗਦਾਨ ਦੇ ਲਈ ਧੰਨਵਾਦ ਕਰਦੇ ਹਾਂ।"

    ਸ਼ਹਿਬਾਜ਼ ਸ਼ਰੀਫ਼ ਨੇ ਲਿਖਿਆ, "ਪਾਕਿਸਤਾਨ ਦਾ ਮੰਨਣਾ ਹੈ ਕਿ ਇਹ ਉਨ੍ਹਾਂ ਮੁੱਦਿਆਂ ਦੇ ਹਲ ਦੇ ਵੱਲ ਇੱਕ ਨਵੀਂ ਸ਼ੁਰੂਆਤ ਹੈ ਜੋ ਇਸ ਖਿੱਤੇ ਨੂੰ ਪ੍ਰੇਸ਼ਾਨ ਕਰਦਾ ਰਿਹਾ ਹੈ ਅਤੇ ਜੋ ਇਸ ਦੀ ਸ਼ਾਂਤੀ, ਤਰੱਕੀ ਅਤੇ ਸਥਿਰਤਾ ਵੱਲ ਸਫ਼ਰ ਨੂੰ ਰੋਕਦਾ ਰਿਹਾ ਹੈ।"

  6. ਉਮਰ ਅਬਦੁੱਲ੍ਹਾ ਨੇ ਕਿਹਾ- 'ਸ਼੍ਰੀਨਗਰ ਵਿੱਚ ਧਮਾਕੇ ਸੁਣਾਈ ਦਿੱਤੇ'

    ਉਮਰ ਅਬਦੁੱਲਾਹ

    ਤਸਵੀਰ ਸਰੋਤ, X/Omarabdullah

    ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ 'ਸੀਜ਼ਫਾਇਰ' ਤੋਂ ਬਾਅਦ ਵੀ ਸ਼੍ਰੀਨਗਰ ਵਿੱਚ ਧਮਾਕੇ ਸੁਣਨ ਦੀ ਗੱਲ ਆਪਣੇ ਐਕਸ ਅਕਾਊਂਟ ਉੱਤੇ ਲਿਖੀ।

    ਉਨ੍ਹਾਂ ਲਿਖਿਆ, "ਸੀਜ਼ਫਾਇਰ ਨੂੰ ਕੀ ਹੋਇਆ? ਪੂਰੇ ਸ਼੍ਰੀਨਗਰ ਵਿੱਚ ਧਮਾਕੇ ਸੁਣਾਈ ਦਿੱਤੇ!!"

  7. ਸੀਜ਼ਫਾਇਰ ਦੇ ਐਲਾਨ ਤੋਂ ਬਾਅਦ ਵੀ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਬਲੈਕਆਊਟ

    ਗੁਰਦਾਸਪੁਰ ਦੇ ਬਟਾਲਾ ਵਿੱਚ ਬਲੈਕਆਊਟ ਦੀਆਂ ਤਸਵੀਰਾਂ

    ਤਸਵੀਰ ਸਰੋਤ, BBC/Gurpreet Chawla

    ਤਸਵੀਰ ਕੈਪਸ਼ਨ, ਗੁਰਦਾਸਪੁਰ ਦੇ ਬਟਾਲਾ ਵਿੱਚ ਬਲੈਕਆਊਟ ਦੀਆਂ ਤਸਵੀਰਾਂ

    ਬੇਸ਼ੱਕ ਭਾਰਤ ਅਤੇ ਪਾਕਿਸਤਾਨ ਵੱਲੋਂ ਸ਼ਨੀਵਾਰ ਨੂੰ 'ਸੀਜ਼ਫਾਇਰ' ਦਾ ਐਲਾਨ ਕੀਤਾ ਗਿਆ ਹੈ ਪਰ ਪੰਜਾਬ ਵਿੱਚ ਕਈ ਜ਼ਿਲ੍ਹਿਆਂ ਵੱਲੋਂ ਬਲੈਕਆਊਟ ਐਲਾਨੇ ਜਾਣ ਦੀਆਂ ਖ਼ਬਰਾਂ ਹਨ।

    ਫ਼ਿਰੋਜ਼ਪੁਰ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਬਰਨਾਲਾ, ਫ਼ਾਜ਼ਿਲਕਾ, ਅੰਮ੍ਰਿਤਸਰ, ਰੂਪਨਗਰ, ਕਪੂਰਥਲਾ, ਪਟਿਆਲਾ, ਹੁਸ਼ਿਆਰਪੁਰ ਅਤੇ ਮੁਕਤਸਰ ਸਾਹਿਬ ਵੱਲੋਂ ਬਲੈਕਆਊਟ ਦਾ ਐਲਾਨ ਕੀਤਾ ਗਿਆ ਹੈ ਅਤੇ ਵਸਨੀਕਾਂ ਨੂੰ ਲਾਈਟਾਂ ਬੰਦ ਰੱਖਣ ਲਈ ਕਿਹਾ ਗਿਆ ਹੈ।

    ਲੋਕਾਂ ਨੂੰ ਸਾਵਧਾਨੀ ਵਰਤਣ ਲਈ ਵੀ ਕਿਹਾ ਗਿਆ ਹੈ।

    ਜਿਲ੍ਹਿਆਂ ਦੇ ਪ੍ਰਸ਼ਾਸ਼ਨ ਨੇ ਇਸ ਨੂੰ ਸਾਵਧਾਨੀ ਵਜੋਂ ਚੁੱਕਿਆ ਗਿਆ ਕਦਮ ਦੱਸਿਆ ਹੈ, ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਿੱਚ ਨਾ ਆਉਣ ਲਈ ਕਿਹਾ ਗਿਆ ਹੈ। ਪਰ ਲੋਕਾਂ ਨੂੰ ਕਿਹਾ ਗਿਆ ਕਿ ਉਹ ਸੜਕਾਂ ਜਾਂ ਛੱਤਾਂ ਉੱਤੇ ਨਾ ਚੜ੍ਹਨ ਅਤੇ ਲਾਇਟਾਂ ਬੰਦ ਕਰਕੇ ਘਰਾਂ ਦੇ ਅੰਦਰ ਰਹਿਣ।

  8. ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਹਟੀਆਂ ਪਾਬੰਦੀਆਂ

    ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਐਲਾਨ ਮਗਰੋਂ ਵੱਖ-ਵੱਖ ਜ਼ਿਲ੍ਹਿਆਂ ਵੱਲੋਂ ਨਗਰਿਕਾਂ ਉੱਤੇ ਪਾਬੰਦੀਆਂ ਹਟਾਏ ਜਾਣ ਦਾ ਐਲਾਨ ਕੀਤਾ ਗਿਆ ਹੈ।

    ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ ਦੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਨਾਗਰਿਕਾਂ ਉੱਤੇ ਕੋਈ ਪਾਬੰਦੀਆਂ ਨਹੀਂ ਹੋਣਗੀਆਂ ਅਤੇ ਹਾਲਾਤ ਮੁੜ ਆਮ ਹੋਣਗੇ।

    ਲੁਧਿਆਣਾ ਪ੍ਰਸ਼ਾਸਨ ਨੇੇ ਕਿਹਾ ਕਿ ਬਾਜ਼ਾਰ, ਸ਼ੌਪਿੰਗ ਮਾਲਜ਼ ਅਤੇ ਦੁਕਾਨਾਂ ਉੱਤੇ ਕੋਈ ਪਾਬੰਦੀਆਂ ਨਹੀਂ ਹੋਣਗੀਆਂ।

    ਪਟਿਆਲਾ ਦੀ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਵੀ ਸੁਨੇਹਾ ਜਾਰੀ ਕੀਤਾ ਕਿ ਉਹ ਲੋਕਾਂ ਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਨ।

    ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ ਪਾਬੰਦੀਆਂ ਹਟਾਏ ਜਾਣ ਬਾਰੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ ਗਿਆ ਹੈ।

    ਡਿਪਟੀ ਕਮਿਸ਼ਨਰ, ਚੰਡੀਗੜ੍ਹ

    ਤਸਵੀਰ ਸਰੋਤ, X/DC_chd

  9. ਜੰਗਬੰਦੀ ਦੇ ਐਲਾਨ ਤੋਂ ਬਾਅਦ ਭਾਰਤੀ ਫੌਜ ਨੇ ਕੀ ਕਿਹਾ

    ਭਾਰਤੀ ਫੌਜ

    ਤਸਵੀਰ ਸਰੋਤ, YT/MEA

    ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਦੇ ਐਲਾਨ ਤੋਂ ਬਾਅਦ ਭਾਰਤੀ ਫੌਜ ਵੱਲੋਂ ਵੀ ਪ੍ਰੈੱਸ ਕਾਨਫਰੰਸ ਕੀਤੀ ਗਈ।

    ਫੌਜ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਦੂਜੀ ਧਿਰ ਵੱਲੋਂ ਕਾਫੀ ਗਲਤ ਜਾਣਕਾਰੀ ਫੈਲਾਈ ਗਈ ਹੈ, ਜਿਸ ਬਾਰੇ ਸਪੱਸ਼ਟ ਕਰਨਾ ਜ਼ਰੂਰੀ ਹੈ।

    ਕਰਨਲ ਸੋਫੀਆ ਕੁਰੈਸ਼ੀ ਨੇ ਕਿਹਾ, "ਪਾਕਿਸਤਾਨ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੇ ਜੇਐੱਫ-17 ਨਾਲ ਸਾਡੇ ਐੱਸ-400 ਅਤੇ ਬ੍ਰਹਮੋਸ ਮਿਜ਼ਾਇਲ ਬੇਸ ਨੂੰ ਨੁਕਸਾਨ ਪਹੁੰਚਾਇਆ ਜੋ ਕਿ ਬਿਲਕੁਲ ਗਲਤ ਹੈ।"

    ਉਨ੍ਹਾਂ ਅੱਗੇ ਕਿਹਾ, "ਪਾਕਿਸਤਾਨ ਦੇ ਮੁਤਾਬਕ ਚੰਡੀਗੜ੍ਹ ਅਤੇ ਬਿਆਸ ਵਿਚਲੇ ਐਮਿਊਨੀਸ਼ਨ ਡੰਪ ਨੂੰ ਉਨ੍ਹਾਂ ਨੇ ਨੁਕਸਾਨ ਪਹੁੰਚਾਇਆ ਹੈ ਜੋ ਕਿ ਗਲਤ ਹੈ।"

    ਉਨ੍ਹਾਂ ਅੱਗ ਕਿਹਾ ਕਿ ਭਾਰਤ ਵੱਲੋਂ ਪਾਕਿਸਤਾਨ ਦੀ ਡਿਫ਼ੈਂਸਿਵ(ਬਚਾਅ) ਅਤੇ ਓਫ਼ੈਂਸਿਵ(ਹਮਲਾਵਰ) ਕੈਪੈਬਿਲਿਟੀ(ਸਮਰੱਥਾ) ਨੂੰ ਨਸ਼ਟ ਕਰ ਦਿੱਤਾ ਗਿਆ ਹੈ।

  10. ਅਮਰੀਕੀ ਸੈਕਰੇਟਰੀ ਆਫ ਸਟੇਟ ਨੇ ਭਾਰਤ-ਪਾਕ ਜੰਗਬੰਦੀ ਬਾਰੇ ਕੀ ਕਿਹਾ

    ਅਮਰੀਕੀ ਸੈਕਰੇਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਕਿਹਾ ਕਿ ਉਹ ਆਪ ਅਤੇ ਉਪ ਰਾਸ਼ਟਰਪਤੀ ਜੇਡੀ ਵੈਂਸ ਭਾਰਤ ਅਤੇ ਪਾਕਿਸਤਾਨ ਨਾਲ ਗੱਲਬਾਤ ਵਿੱਚ ਸ਼ਾਮਲ ਸਨ।

    ਅਮਰੀਕੀ ਸੈਕਰੇਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ, "ਪਿਛਲੇ 48 ਘੰਟਿਆਂ ਦੌਰਾਨ ਉਪ ਰਾਸ਼ਟਰਪਤੀ ਜੇਡੀ ਵੈਂਸ ਅਤੇ ਮੈਂ ਦੋਵੇਂ ਪ੍ਰਧਾਨ ਮੰਤਰੀਆਂ ਨਰਿੰਦਰ ਮੋਦੀ ਤੇ ਸ਼ਹਿਬਾਜ਼ ਸ਼ਰੀਫ਼, ਵਿਦੇਸ਼ ਮੰਤਰੀ ਸੁਬਰਾਮਨਿਅਮ ਜੈਸ਼ੰਕਰ, ਪਾਕਿਸਤਾਨ ਦੇ ਫੌਜ ਮੁਖੀ ਆਸਿਮ ਮੁਨੀਰ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਗੱਲਬਾਤ ਕੀਤੀ।"

    ਅਮਰੀਕੀ ਸੈਕਰੇਟਰੀ ਆਫ ਸਟੇਟ ਮਾਰਕੋ ਰੂਬੀਓ

    ਤਸਵੀਰ ਸਰੋਤ, Getty Images

  11. ਜੰਗਬੰਦੀ ਬਾਰੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਕੀ ਬੋਲੇ

    ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਗੋਲੀਬਾਰੀ ਅਤੇ ਫੌਜੀ ਕਾਰਵਾਈ ਨੂੰ ਰੋਕਣ ਲਈ ਤਿਆਰ ਹਨ।

    ਉਨ੍ਹਾਂ ਆਪਣੇ ਐਕਸ ਅਕਾਉਂਟ ਉੱਤੇ ਲਿਖਿਆ, "ਭਾਰਤ ਨੇ ਹਮੇਸ਼ਾ ਹਰ ਕਿਸਮ ਦੀ ਦਹਿਸ਼ਦਗਰਦੀ ਦੇ ਖ਼ਿਲਾਫ਼ ਦ੍ਰਿੜ ਅਤੇ ਬਿਨ੍ਹਾਂ ਕਿਸੇ ਸਮਝੌਤੇ ਤੋਂ ਸਟੈਂਡ ਲਿਆ ਹੈ। ਇਹ ਜਾਰੀ ਰਹੇਗਾ।"

    ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ

    ਤਸਵੀਰ ਸਰੋਤ, Getty Images

  12. ਭਾਰਤ-ਪਾਕ ਵਿਚਾਲੇ ਜੰਗਬੰਦੀ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕੀ ਕਿਹਾ

    ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਦਾਰ

    ਤਸਵੀਰ ਸਰੋਤ, Getty Images

    ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ, "ਪਾਕਿਸਤਾਨ ਅਤੇ ਭਾਰਤ ਦੋਵੇਂ ਤੁਰੰਤ ਪ੍ਰਭਾਵ ਨਾਲ ਜੰਗਬੰਦੀ ਲਈ ਸਹਿਮਤ ਹੋ ਗਏ ਹਨ।"

    ਉਨ੍ਹਾਂ ਅੱਗੇ ਲਿਖਿਆ, "ਪਾਕਿਸਤਾਨ ਨੇ ਹਮੇਸ਼ਾ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਨਾਲ ਬਿਨ੍ਹਾਂ ਸਮਝੌਤਾ ਕੀਤੇ ਖਿੱਤੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਚਾਹੀ ਹੈ।"

    ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਦਾਰ

    ਤਸਵੀਰ ਸਰੋਤ, X/MIshaqDar50

  13. ਭਾਰਤ ਅਤੇ ਪਾਕਿਸਤਾਨ ਵਿੱਚ ਜੰਗਬੰਦੀ ਉੱਤੇ ਹੋਈ ਸਹਿਮਤੀ

    ਭਾਰਤੀ ਵਿਦੇਸ਼ ਮੰਤਰਾਲੇ ਦੇ ਸਕੱਤਰ ਵਿਕਰਮ ਮਿਸਰੀ

    ਤਸਵੀਰ ਸਰੋਤ, X/MEA

    ਭਾਰਤੀ ਵਿਦੇਸ਼ ਮੰਤਰਾਲੇ ਦੇ ਸਕੱਤਰ ਵਿਕਰਮ ਮਿਸਰੀ ਨੇ ਕਿਹਾ, "ਪਾਕਿਸਤਾਨ ਫੌਜੀ ਮਾਮਲਿਆਂ ਦੇ ਡਾਇਰੈਕਟਰ ਜਨਰਲ ਨੇ ਭਾਰਤ ਦੇ ਫੌਜੀ ਮਾਮਲਿਆਂ ਦੇ ਡਾਇਰੈਕਟਰ ਜਨਰਲ ਨੂੰ ਦੁਪਹਿਰ 3:35 ਵਜੇ ਫੋਨ ਕੀਤਾ, ਦੋਵਾਂ ਵਿੱਚ ਇਹ ਸਹਿਮਤੀ ਹੋਈ ਕਿ ਦੋਵੇਂ ਧਿਰਾਂ ਸਾਰੀ ਗੋਲੀਬਾਰੀ ਅਤੇ ਧਰਤੀ, ਹਵਾ, ਸਮੁੰਦਰ ਉੱਤੇੇ ਫੌਜੀ ਕਾਰਵਾਈ ਰੋਕ ਦੇਣਗੀਆਂ।

    ਉਨ੍ਹਾਂ ਕਿਹਾ ਕਿ ਇਹ ਜੰਗਬੰਦੀ 5 ਵਜੇ ਤੋਂ ਲਾਗੂ ਹੋ ਗਈ ਹੈ।

    ਉਨ੍ਹਾਂ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪਰੇਸ਼ੰਨਜ਼ ਵੱਲੋਂ 12 ਮਈ ਨੂੰ ਦੁਬਾਰਾ ਇਸ ਬਾਰੇ ਗੱਲ ਕੀਤੀ ਜਾਵੇਗੀ।

  14. ਟਰੰਪ ਨੇ ਕਿਹਾ, ਭਾਰਤ ਅਤੇ ਪਾਕਿਸਤਾਨ 'ਮੁਕੰਮਲ ਅਤੇ ਫ਼ੌਰਨ ਜੰਗਬੰਦੀ ਲਈ ਸਹਿਮਤ'

    ਡੌਨਲਡ ਟਰੰਪ

    ਤਸਵੀਰ ਸਰੋਤ, Donald J. Trump/X

    ਤਸਵੀਰ ਕੈਪਸ਼ਨ, ਡੌਨਲਡ ਟਰੰਪ ਵਲੋਂ ਸਾਂਝੀ ਕੀਤੀ ਗਈ ਪੋਸਟ

    ਡੌਨਲਡ ਟਰੰਪ ਨੇ ਕਿਹਾ ਹੈ, "ਭਾਰਤ ਅਤੇ ਪਾਕਿਸਤਾਨ ਇੱਕ ਮੁਕੰਮਲ ਅਤੇ ਤੁਰੰਤ ਜੰਗਬੰਦੀ ਲਈ ਸਹਿਮਤ ਹੋ ਗਏ ਹਨ।"

    ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਇੱਕ ਪੋਸਟ ਵਿੱਚ, ਅਮਰੀਕੀ ਰਾਸ਼ਟਰਪਤੀ ਨੇ ਕਿਹਾ, "ਅਮਰੀਕਾ ਦੀ ਵਿਚੋਲਗੀ ਨਾਲ ਰਾਤ ਭਰ ਚੱਲੀ ਗੱਲਬਾਤ ਤੋਂ ਬਾਅਦ, ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਇੱਕ ਮੁਕੰਮਲ ਅਤੇ ਫ਼ੌਰਨ ਜੰਗਬੰਦੀ ਲਈ ਸਹਿਮਤ ਹੋ ਗਏ ਹਨ।"

    "ਦੋਵਾਂ ਦੇਸ਼ਾਂ ਨੂੰ ਸਾਂਝੀ ਸਮਝ ਅਤੇ ਸੂਝ-ਬੂਝ ਦੀ ਵਰਤੋਂ ਕਰਨ ਲਈ ਵਧਾਈਆਂ। ਇਸ ਮਾਮਲੇ ਵੱਲ ਧਿਆਨ ਦੇਣ ਲਈ ਤੁਹਾਡਾ ਧੰਨਵਾਦ!"

    ਹਾਲੇ ਤੱਕ ਭਾਰਤ ਜਾਂ ਪਾਕਿਸਤਾਨ ਵਲੋਂ ਅਜਿਹੀ ਕੋਈ ਜਾਣਕਾਰੀ ਸਾਨੂੰ ਨਹੀਂ ਮਿਲੀ ਹੈ।

  15. ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਨੇ ਭਾਰਤ ਅਤੇ ਪਾਕਿਸਤਾਨ ਨਾਲ ਗੱਲ ਕੀਤੀ, ਕੀ ਹੋਈ ਚਰਚਾ?

    ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਫ਼ੈਸਲ ਬਿਨ ਫ਼ਰਹਾਨ

    ਤਸਵੀਰ ਸਰੋਤ, Getty Images

    ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਫ਼ੈਸਲ ਬਿਨ ਫ਼ਰਹਾਨ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਫੋਨ ਉੁੱਤੇ ਗੱਲ ਕੀਤੀ।

    ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।

    "ਪ੍ਰਿੰਸ ਫ਼ੈਸਲ ਬਿਨ ਫ਼ਰਹਾਨ ਨੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨਾਲ ਭਾਰਤ ਅਤੇ ਪਾਕਿਸਤਾਨ ਦੇ ਫੌਜੀ ਤਣਾਅ ਨੂੰ ਖ਼ਤਮ ਕਰਨ ਅਤੇ ਤਣਾਅ ਨੂੰ ਘਟਾਉਣ ਦੇ ਯਤਨਾਂ ਉੱਤੇ ਚਰਚਾ ਕੀਤੀ।"

    ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ, 'ਇਸਹਾਕ ਡਾਰ ਨੇ ਉਨ੍ਹਾਂ ਨੂੰ ਬੀਤੀ ਰਾਤ ਭਾਰਤ ਦੇ ਹਮਲਿਆਂ ਅਤੇ ਉਸ ਦੇ ਜਵਾਬ ਵਿੱਚ ਪਾਕਿਸਤਾਨ ਦੀ ਕਾਰਵਾਈ ਤੋਂ ਬਾਅਦ ਖਿੱਤੇ ਦੀ ਹਾਲੀਆ ਸਥਿਤੀ ਬਾਰੇ ਜਾਣੂ ਕਰਵਾਇਆ।

    "ਸਾਊਦੀ ਵਿਦੇਸ਼ ਮੰਤਰੀ ਨੇ ਬੇਗੁਨਾਹ ਜਾਨਾਂ ਦੇ ਨੁਕਸਾਨ ਉੱਤੇ ਸੰਵੇਦਨਾ ਜ਼ਾਹਰ ਕੀਤੀ ਅਤੇ ਪਾਕਿਸਤਾਨ ਦੀ ਸੰਜਮ ਵਾਲੀ ਅਤੇ ਸੰਤੁਲਿਤ ਪ੍ਰਤੀਕਿਰਿਆ ਦੀ ਪ੍ਰਸ਼ੰਸਾ ਕੀਤੀ। ਦੋਵਾਂ ਆਗੂਆਂ ਨੇ ਸੰਪਰਕ ਬਣਾ ਕੇ ਰੱਖਣ ਉੱਤੇ ਸਹਿਮਤੀ ਜ਼ਾਹਰ ਕੀਤੀ।"

    ਹਾਲੇ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਪ੍ਰਿੰਸ ਫ਼ੈਸਲ ਬਿਨ ਫ਼ਰਹਾਨ ਦੇ ਨਾਲ ਹੋਈ ਗੱਲਬਾਤ ਬਾਰੇ ਹਾਲੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।

  16. 'ਸਰਹੱਦੀ ਜ਼ਿਲ੍ਹਿਆਂ ਨੂੰ ਅੱਗ ਬੁਝਾਉਣ ਲਈ ਯੰਤਰ ਦਿੱਤੇ ਜਾਣਗੇ' - ਭਗਵੰਤ ਮਾਨ

    ਭਗਵੰਤ ਮਾਨ

    ਤਸਵੀਰ ਸਰੋਤ, X/Bhagwant Mann

    ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਗ ਬੁਝਾਉਣ ਨਾਲ ਜੁੜੇ ਵੱਖ-ਵੱਖ ਯੰਤਰ ਅਤੇ ਵਾਹਨ ਫਾਇਰ ਸਟੇਸ਼ਨਾਂ ਨੂੰ ਦਿੱਤੇ ਗਏ ਹਨ।

    ਉਨ੍ਹਾਂ ਕਿਹਾ, "47 ਕਰੋੜ ਦੀ ਲਾਗਤ ਵਾਲਾ ਇਹ ਸਮਾਨ ਇਸ ਸਮੇਂ ਬਹੁਤ ਕੰਮ ਆ ਸਕਦਾ ਹੈ, ਇਹ ਪਠਾਨਕੋਟ, ਨੰਗਲ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਗੁਰਦਾਸਪੁਰ, ਰਾਜਾਸਾਂਸੀ ਸਣੇ ਬਾਰਡਰ ਜ਼ਿਲ੍ਹਿਆਂ ਨੂੰ ਦਿੱਤਾ ਜਾਵੇਗਾ।"

    ਉਨ੍ਹਾਂ ਕਿਹਾ, "ਜਿਵੇਂ ਫ਼ਿਰੋਜ਼ਪੁਰ ਵਿੱਚ ਗੱਡੀ ਨੂੰ ਅੱਗ ਲੱਗ ਗਈ ਸੀ, ਇਹ ਯੰਤਰ ਅੱਜ ਹੀ ਜਾਰੀ ਹੋ ਜਾਣਗੇ।"

    ਮੁੱਖ ਮੰਤਰੀ ਨੇ ਕਿਹਾ ਕਿ ਇਹ ਯੰਤਰ ਦੋਵੇਂ ਦੇਸ਼ਾਂ ਦਰਮਿਆਨ ਤਣਾਅ ਵਧਣ ਦੇ ਚਲਦਿਆਂ ਸਰਹੱਦ 'ਤੇ ਪੈਦਾ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਵਿੱਚ ਮਦਦਗਾਰ ਹੋਣਗੇ।

    ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਯੰਤਰਾਂ ਵਿੱਚ ਡਿਜ਼ਾਸਟਰ ਡਿਪਲਾਇਮੈਂਟ ਕਿੱਟ (ਡੀਡੀ ਕਿੱਟ), ਹਾਈਡ੍ਰੌਲਿਕ ਕੌਂਬੀ ਟੂਲ ਕੋਲੈਪਸ ਸਟ੍ਰਕਚਰ ਅਤੇ ਰੈਸਕਿਊ ਕਿੱਟ (ਸੀਐਸਐਸਆਰ ਕਿੱਟ), ਗੈਸ ਡਿਟੈਕਟਰ, ਫਾਇਰ ਐਂਟਰੀ ਸੂਟ, ਬੈਟਰੀ ਬੈਕਅੱਪ ਲਾਈਟਿੰਗ ਟਾਵਰ, ਬਹੁ-ਮੰਤਵੀ ਫਾਇਰ ਟੈਂਡਰ, ਕੁਇੱਕ ਰਿਸਪਾਂਸ ਵਹੀਕਲ ਅਤੇ ਹੋਰ ਯੰਤਰ ਸ਼ਾਮਲ ਹਨ।

  17. ਭਾਰਤ ਵਿੱਚ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਉੱਤੇ ਪਾਕਿਸਤਾਨ ਦੇ ਮੰਤਰੀ ਨੇ ਕੀ ਕਿਹਾ?

    ਅਤਾਉੱਲਾਹ ਤਰਾਰ

    ਤਸਵੀਰ ਸਰੋਤ, Getty Images

    ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾਹ ਤਰਾਰ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, "ਪਾਕਿਸਤਾਨ ਨੂੰ ਜਵਾਬ ਦੇਣ ਦਾ ਪੂਰਾ ਹੱਕ ਹੈ।"

    ਬੀਬੀਸੀ ਪੱਤਰਕਾਰ ਦਿਵਿਆ ਆਰਿਆ ਦੀ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਵੱਲੋਂ ਜੰਮੂ ਸ਼ਹਿਰ ਦੀ ਰੇਹਾਰੀ ਕਲੋਨੀ ਵਿੱਚ ਹਮਲਾ ਕੀਤਾ ਗਿਆ।

    ਭਾਰਤੀ ਫੌਜ ਨੇ 11 ਮਈ ਨੂੰ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ,''ਪਾਕਿਸਤਾਨ ਨੇ ਸਵੇਰੇ 1 ਵੱਜ ਕੇ 40 ਮਿੰਟ 'ਤੇ ਹਾਈ ਸਪੀਡ ਮਿਜ਼ਾਈਲ ਵਰਤ ਕੇ ਪੰਜਾਬ ਦੇ ਏਅਰ ਬੇਸ ਸਟੇਸ਼ਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ।''

    ''ਇੱਕ ਨਿੰਦਣਯੋਗ ਅਤੇ ਗੈਰਵਿਵਹਾਰਿਕ ਕਾਰਵਾਈ ਤਹਿਤ ਪਾਕਿਸਤਾਨ ਨੇ ਸ਼੍ਰੀਨਗਰ, ਅਵੰਤੀਪੁਰਾ ਅਤੇ ਊਧਮਪੁਰ ਦੇ ਫੌਜੀ ਹਵਾਈ ਅੱਡਿਆਂ 'ਤੇ ਡਾਕਟਰੀ ਕੇਂਦਰਾਂ ਅਤੇ ਸਕੂਲਾਂ ਨੂੰ ਨਿਸ਼ਾਨਾ ਬਣਾਇਆ।''

    ਉਨ੍ਹਾਂ ਕਿਹਾ ਕਿ ਇਸ ਦੇ ਨਾਲ ਪਾਕਿਸਤਾਨ ਦੀ ਆਮ ਨਾਗਰਿਕਾਂ ਦੇ ਢਾਂਚਿਆਂ 'ਤੇ ਹਮਲਾ ਕਰਨ ਦੀ ਗੈਰ-ਜ਼ਿੰਮੇਵਾਰਾਨਾ ਰਵੱਈਆ ਮੁੜ ਉਜਾਗਰ ਹੋਇਆ ਹੈ।

    ਹਾਲਾਂਕਿ ਅਤਾਉੱਲਾਹ ਤਰਾਰ ਨੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ, "ਪਾਕਿਸਤਾਨ ਨੇ ਸਿਰਫ਼ ਫੌਜੀ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ ਹੈ।"

  18. ਸਿਰਸਾ ਦੇ ਪਿੰਡ ਖਾਜਾਖੇੜਾ ਵਿੱਚ ਵੀ ਲੋਕਾਂ ਨੇ ਸੁਣਿਆ ਧਮਾਕਾ

    ਸਿਰਸਾ

    ਤਸਵੀਰ ਸਰੋਤ, BBC/Prabhu Dayal

    ਸਿਰਸਾ ਦੇ ਪਿੰਡ ਖਾਜਾਖੇੜਾ ਵਿੱਚ ਵੀ ਲੋਕਾਂ ਨੂੰ ਕਰੀਬ 12:15 ਵਜੇ ਉੱਤੇ ਧਮਾਕੇ ਦੀ ਅਵਾਜ਼ ਸੁਣਾਈ ਦਿੱਤੀ। ਸਵੇਰੇ ਲੋਕਾਂ ਨੇ ਧਮਾਕੇ ਵਾਲੀ ਥਾਂ ਉੱਤੇ ਇੱਕ ਚੀਜ਼ ਡਿੱਗੀ ਪਈ ਵੇਖੀ।

    ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਸ ਚੀਜ਼ ਨੂੰ ਵੇਖਣ ਲਈ ਇਕੱਠੇ ਹੋ ਗਏ ਸਨ।

    ਸਿਰਸਾ

    ਤਸਵੀਰ ਸਰੋਤ, BBC/Prabhu Dayal

    ਸਥਾਨਕ ਵਸਨੀਕ ਸੁਨੀਲ ਕੁਮਾਰ ਨੇ ਦੱਸਿਆ, "ਉੱਥੇ ਕੁਝ ਡਿੱਗਾ ਹੋਇਆ ਸੀ ਜਿਸ ਬਾਰੇ ਸਾਨੂੰ ਨਹੀਂ ਪਤਾ ਕਿ ਇਹ ਡਰੋਨ ਹੈ ਜਾਂ ਮਿਜ਼ਾਇਲ।"

    ਉਨ੍ਹਾਂ ਨੇ ਦੱਸਿਆ ਕਿ ਇਸ ਮਗਰੋਂ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਇਸ ਚੀਜ਼ ਨੂੰ ਪੁਲਿਸ ਅਤੇ ਫੌਜ ਦੇ ਮੁਲਾਜ਼ਮ ਇੱਕ ਵਾਹਨ ਦੇ ਵਿੱਚ ਉੱਥੋਂ ਲੈ ਗਏ।

  19. ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪਾਕਿਸਤਾਨ ਦੀਆਂ ਕਿਹੜੀਆਂ ਗੱਲਾਂ ਦਾ ਖੰਡਨ ਕੀਤਾ

    ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ

    ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਬ੍ਰੀਫਿੰਗ ਦੌਰਾਨ, ਪਾਕਿਸਤਾਨ ਵੱਲੋਂ 'ਭਾਰਤ ਦੇ ਬੁਨਿਆਦੀ ਢਾਂਚੇ 'ਤੇ ਹਮਲਿਆਂ' ਦੇ ਦਾਅਵਿਆਂ ਨੂੰ 'ਝੂਠਾ' ਕਰਾਰ ਦਿੱਤਾ।

    ਉਨ੍ਹਾਂ ਕਿਹਾ, "ਜੋ ਦਾਅਵੇ ਕੀਤੇ ਜਾ ਰਹੇ ਹਨ ਕਿ ਭਾਰਤ ਦੇ ਮਹੱਤਵਪੂਰਨ ਬੁਨਿਆਦੀ ਢਾਂਚੇ, ਪਾਵਰ ਸਿਸਟਮ, ਸਾਈਬਰ ਸਿਸਟਮ ਆਦਿ 'ਤੇ ਵੱਡੇ ਪੱਧਰ 'ਤੇ ਹਮਲਾ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ, ਪੂਰੀ ਤਰ੍ਹਾਂ ਝੂਠੇ ਹਨ।"

    ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ, "ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ, ਜੋ ਵੀ ਇਹ ਦੇਖ ਰਹੇ ਹਨ, ਕਿਰਪਾ ਕਰਕੇ ਪਾਕਿਸਤਾਨ ਸਰਕਾਰ ਦੁਆਰਾ ਫੈਲਾਈਆਂ ਜਾ ਰਹੀਆਂ ਝੂਠੀਆਂ ਗੱਲਾਂ ਤੋਂ ਗੁੰਮਰਾਹ ਨਾ ਹੋਵੋ।"

    ਉਨ੍ਹਾਂ ਕਿਹਾ, "ਪਾਕਿਸਤਾਨੀ ਅਧਿਕਾਰੀਆਂ ਵੱਲੋਂ ਇੱਕ ਹਾਸੋਹੀਣਾ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਭਾਰਤ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਮਿਜ਼ਾਈਲਾਂ ਦਾਗੀਆਂ ਹਨ। ਭਾਰਤ ਨੂੰ ਵੰਡਣ ਦੀਆਂ ਇਹ ਕਮਜ਼ੋਰ ਕੋਸ਼ਿਸ਼ਾਂ ਅਸਫਲ ਹੋਣੀਆਂ ਤੈਅ ਹਨ।"

    ਪਾਕਿਸਤਾਨ ਨੇ ਭਾਰਤ ਤੇ ਅਫਗਾਨਿਸਤਾਨ 'ਤੇ ਭਾਰਤੀ ਮਿਜ਼ਾਇਲਾਂ ਦਾਗਣ ਦਾ ਇਲਜ਼ਾਮ ਲਾਇਆ ਸੀ।

    ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦੇ ਹੋਏ ਵਿਕਰਮ ਮਿਸਰੀ ਨੇ ਕਿਹਾ, "ਫਿਰ ਤੋਂ, ਇਹ ਇੱਕ ਪੂਰੀ ਤਰ੍ਹਾਂ ਹਾਸੋਹੀਣਾ ਦਾਅਵਾ ਹੈ ਕਿ ਭਾਰਤੀ ਮਿਜ਼ਾਈਲਾਂ ਨੇ ਅਫਗਾਨਿਸਤਾਨ ਨੂੰ ਨਿਸ਼ਾਨਾ ਬਣਾਇਆ ਹੈ।"

    "ਇਹ ਪੂਰੀ ਤਰ੍ਹਾਂ ਬੇਬੁਨਿਆਦ ਇਲਜ਼ਾਮ ਹੈ ਅਤੇ ਮੈਂ ਸਿਰਫ਼ ਇਹੀ ਕਹਿਣਾ ਚਾਹੁੰਦਾ ਹਾਂ ਕਿ ਅਫ਼ਗਾਨ ਲੋਕਾਂ ਨੂੰ ਇਹ ਯਾਦ ਦਿਵਾਉਣ ਦੀ ਜ਼ਰੂਰਤ ਨਹੀਂ ਹੈ ਕਿ ਕਿਸ ਦੇਸ਼ ਨੇ ਪਿਛਲੇ ਡੇਢ ਸਾਲ ਵਿੱਚ ਕਈ ਵਾਰ ਅਫ਼ਗਾਨਿਸਤਾਨ ਵਿੱਚ ਨਾਗਰਿਕਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ।"

  20. ਜੰਮੂ: 'ਅਸੀਂ ਸੁੱਤੇ ਪਏ ਸੀ ਜਦੋਂ ਧਮਾਕਾ ਹੋਇਆ ਤੇ ਸਾਡੀ ਛੱਤ ਉੱਡ ਗਈ', ਦਿਵਿਆ ਆਰਿਆ, ਬੀਬੀਸੀ ਪੱਤਰਕਾਰ

    ਧਮਾਕੇ ਕਾਰਨ ਉਡਦੀ ਘਰ ਦੀ ਛੱਤ

    ਤਸਵੀਰ ਸਰੋਤ, Shaad Midhat/BBC

    ਬੀਤੀ ਰਾਤ ਜੰਮੂ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਹੋਈ ਗੋਲਾਬਾਰੀ ਕਾਰਨ ਲੋਕਾਂ ਨੇ ਮਨਾਂ ਵਿੱਚ ਡਰ ਹੈ ਅਤੇ ਘਰ ਤੇ ਵਾਹਨ ਨੁਕਸਾਨੇ ਗਏ ਹਨ।

    ਅਜਿਹਾ ਹੀ ਹਮਲਾ ਸ਼ਹਿਰ ਦੀ ਜਾਨੀਪੁਰ ਕਲੋਨੀ 'ਚ ਵੀ ਹੋਇਆ ਹੈ। ਇਸ ਦੌਰਾਨ ਹਮਲੇ ਤੋਂ ਸੁਰੱਖਿਅਤ ਬਚੇ ਤਾਨੀਆ ਤਲਵਾਰ ਨੇ ਸਾਨੂੰ ਦੱਸਿਆ ਕਿ ਜਦੋਂ ਉਨ੍ਹਾਂ ਦੇ ਘਰ 'ਤੇ ਸਵੇਰੇ 6 ਵਜੇ ਦੇ ਕਰੀਬ ਹਮਲਾ ਹੋਇਆ ਤਾਂ ਉਹ ਸੁੱਤੇ ਹੋਏ ਸਨ।

    ਉਨ੍ਹਾਂ ਕਿਹਾ ਕਿ ਇਸ ਹਮਲੇ ਨਮਾਲ ਉਨ੍ਹਾਂ ਦੇ ਘਰ ਦੀ ਛੱਤ ਉੱਡ ਗਈ, ਜਿਸ ਨਾਲ ਇੱਕ ਵੱਡਾ ਛੇਕ ਹੋ ਗਿਆ ਅਤੇ ਛੱਤ ਅਤੇ ਨਾਲ ਲੱਗਦੇ ਕਮਰਿਆਂ ਨੂੰ ਨੁਕਸਾਨ ਪਹੁੰਚਿਆ।

    ਤਾਨੀਆ ਕਹਿੰਦੇ ਹਨ ਕਿ ''ਹਰ ਪਾਸੇ ਧੂੰਆਂ ਸੀ, ਅਸੀਂ ਕੁਝ ਵੀ ਨਹੀਂ ਦੇਖ ਸਕੇ, ਮੇਰੀ ਮਾਂ ਨੰਗੇ ਪੈਰ ਸਨ ਅਤੇ ਉਨ੍ਹਾਂ ਦੇ ਪੈਰ ਫਰਸ਼ 'ਤੇ ਪਈ ਕਿਸੇ ਚੀਜ਼ ਕਾਰਨ ਮੱਚ ਰਹੇ ਸਨ। ਦਰਵਾਜ਼ਾ ਖੋਲ੍ਹਣ ਵਿੱਚ ਬਹੁਤ ਸਮਾਂ ਲੱਗਿਆ, ਪਰ ਅਸੀਂ ਕਿਸੇ ਤਰ੍ਹਾਂ ਬਚ ਗਏ।''

    ਤਾਨਿਆ ਨੇ ਸਾਨੂੰ ਆਪਣੇ ਘਰ ਵਿੱਚ ਬਣਾਇਆ ਇੱਕ ਛੋਟਾ ਜਿਹਾ ਮੰਦਰ ਦਿਖਾਇਆ ਅਤੇ ਇਸ ਵਿੱਚੋਂ ਇੱਕ ਮੂਰਤੀ ਨੂੰ ਚੁੱਕ ਲਿਆ। ਜਿਸ ਵੇਲੇ ਉਹ ਆਪਣੇ ਘਰ 'ਚ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੇ ਸਨ, ਉਨ੍ਹਾਂ ਨੇ ਉਸ ਸਾਰੇ ਸਮੇਂ ਦੌਰਾਨ ਇਹ ਮੂਰਤੀ ਆਪਣੇ ਕੋਲ ਹੀ ਰੱਖੀ।