8 ਮਾਰਚ ਨੂੰ ਹੀ ਕਿਉਂ ਹੁੰਦਾ ਹੈ ਅੰਤਰਰਾਸ਼ਟਰੀ ਮਹਿਲਾ ਦਿਵਸ? ਪੜ੍ਹੋ ਇਤਿਹਾਸਕ ਪੱਖ

ਲੰਮੇ ਸਮੇਂ ਤੋਂ 8 ਮਾਰਚ ਨੂੰ ਔਰਤਾਂ ਲਈ ਇੱਕ ਵਿਸ਼ੇਸ਼ ਦਿਨ ਵਜੋਂ ਮਨਾਇਆ ਜਾਂਦਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੰਮੇ ਸਮੇਂ ਤੋਂ 8 ਮਾਰਚ ਨੂੰ ਔਰਤਾਂ ਲਈ ਇੱਕ ਵਿਸ਼ੇਸ਼ ਦਿਨ ਵਜੋਂ ਮਨਾਇਆ ਜਾਂਦਾ ਹੈ

ਤੁਸੀਂ ਮੀਡੀਆ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਬਾਰੇ ਤਾਂ ਸੁਣਿਆ ਹੀ ਹੋਵੇਗਾ ਜਾਂ ਤੁਹਾਡੇ ਦੋਸਤਾਂ ਨੂੰ ਇਸ ਬਾਰੇ ਗੱਲ ਕਰਦੇ ਸੁਣਿਆ ਹੋਵੇਗਾ।

ਪਰ ਇਹ ਦਿਨ ਕਿਉਂ ਮਨਾਇਆ ਜਾਂਦਾ ਹੈ? ਇਹ ਕਦੋਂ ਮਨਾਇਆ ਜਾਂਦਾ ਹੈ? ਕੀ ਇਹ ਕੋਈ ਜਸ਼ਨ ਹੈ? ਜਾਂ ਇਹ ਵਿਰੋਧ ਦਾ ਪ੍ਰਤੀਕ ਹੈ? ਕੀ ਮਹਿਲਾ ਦਿਵਸ ਵਾਂਗ ਅੰਤਰਰਾਸ਼ਟਰੀ ਪੁਰਸ਼ ਦਿਵਸ ਵੀ ਮਨਾਇਆ ਜਾਂਦਾ ਹੈ?

ਅਤੇ ਇਸ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਿਹੜੇ-ਕਿਹੜੇ ਪ੍ਰੋਗਰਾਮ ਹੋਣਗੇ?

ਪਿਛਲੀ ਇੱਕ ਸਦੀ ਤੋਂ ਵੱਧ ਸਮੇਂ ਤੋਂ ਪੂਰੀ ਦੁਨੀਆ ਵਿੱਚ ਲੋਕ 8 ਮਾਰਚ ਨੂੰ ਔਰਤਾਂ ਲਈ ਇੱਕ ਵਿਸ਼ੇਸ਼ ਦਿਨ ਵਜੋਂ ਮਨਾਉਂਦੇ ਆ ਰਹੇ ਹਨ।

ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਸ ਦੇ ਪਿਛੋਕੜ ਬਾਰੇ?

ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੀ ਸ਼ੁਰੂਆਤ ਕਿਵੇਂ ਹੋਈ?

ਕਲਾਰਾ ਜੇਟਕਿਨ

ਤਸਵੀਰ ਸਰੋਤ, CORBIS / HULTON DEUTSCH

ਤਸਵੀਰ ਕੈਪਸ਼ਨ, ਕਲਾਰਾ ਜੇਟਕਿਨ

1910 ਵਿੱਚ ਕਲਾਰਾ ਜੇਟਕਿਨ ਨਾਂ ਦੀ ਔਰਤ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਨੀਂਹ ਰੱਖੀ ਸੀ।

ਅੰਤਰਰਾਸ਼ਟਰੀ ਮਹਿਲਾ ਦਿਵਸ ਜਾਂ ਮਹਿਲਾ ਦਿਵਸ, ਮਜ਼ਦੂਰਾਂ ਦੇ ਅੰਦੋਲਨ ਤੋਂ ਉਤਪੰਨ ਹੋਇਆ ਦਿਨ ਹੈ, ਜਿਸ ਨੂੰ ਬਾਅਦ ਵਿੱਚ ਸੰਯੁਕਤ ਰਾਸ਼ਟਰ ਦੁਆਰਾ ਇੱਕ ਸਾਲਾਨਾ ਜਸ਼ਨ ਵਜੋਂ ਮਾਨਤਾ ਦੇ ਦਿੱਤੀ ਗਈ।

ਇਸ ਦਿਨ ਨੂੰ ਖਾਸ ਬਣਾਉਣ ਦੀ ਸ਼ੁਰੂਆਤ ਅੱਜ ਤੋਂ 115 ਸਾਲ ਪਹਿਲਾਂ ਭਾਵ 1908 ਵਿੱਚ ਹੋਈ ਸੀ, ਜਦੋਂ ਨਿਊਯਾਰਕ ਸ਼ਹਿਰ ਵਿੱਚ ਲਗਭਗ ਪੰਦਰਾਂ ਹਜ਼ਾਰ ਔਰਤਾਂ ਨੇ ਇੱਕ ਪਰੇਡ ਕੱਢੀ ਸੀ।

ਉਨ੍ਹਾਂ ਦੀ ਮੰਗ ਸੀ ਕਿ ਔਰਤਾਂ ਦੇ ਕੰਮ ਦੇ ਘੰਟੇ ਘਟਾਏ ਜਾਣ, ਤਨਖਾਹਾਂ ਚੰਗੀਆਂ ਹੋਣ ਅਤੇ ਔਰਤਾਂ ਨੂੰ ਵੀ ਵੋਟ ਦਾ ਅਧਿਕਾਰ ਮਿਲਣਾ ਚਾਹੀਦਾ ਹੈ।

ਇੱਕ ਸਾਲ ਬਾਅਦ, ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਪਹਿਲਾ ਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਐਲਾਨ ਕੀਤਾ। ਇਸ ਨੂੰ ਅੰਤਰਰਾਸ਼ਟਰੀ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਕਲਾਰਾ ਜ਼ੇਟਕਿਨ ਨਾਂ ਦੀ ਔਰਤ ਦੇ ਦਿਮਾਗ ਵਿੱਚ ਆਇਆ ਸੀ।

ਕਲਾਰਾ ਇੱਕ ਖੱਬੇਪੱਖੀ ਕਾਰਕੁਨ ਸਨ। ਉਹ ਔਰਤਾਂ ਦੇ ਹੱਕਾਂ ਲਈ ਆਵਾਜ਼ ਚੁੱਕਦੇ ਸਨ। ਉਨ੍ਹਾਂ ਨੇ ਹੀ 1910 ਵਿੱਚ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਵਿੱਚ ਕੰਮਕਾਜੀ ਔਰਤਾਂ ਦੀ ਅੰਤਰਰਾਸ਼ਟਰੀ ਸੰਮੇਲਨ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਸੁਝਾਅ ਦਿੱਤਾ ਸੀ।

ਉਸ ਸੰਮੇਲਨ ਵਿੱਚ 17 ਦੇਸ਼ਾਂ ਤੋਂ ਆਈਆਂ 100 ਔਰਤਾਂ ਸ਼ਾਮਲ ਸਨ ਅਤੇ ਉਨ੍ਹਾਂ ਨੇ ਸਰਬਸੰਮਤੀ ਨਾਲ ਕਲਾਰਾ ਦੇ ਸੁਝਾਅ 'ਤੇ ਹਾਮੀ ਭਰੀ।

ਅੰਤਰਰਾਸ਼ਟਰੀ ਮਹਿਲਾ ਦਿਵਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਯੁਕਤ ਰਾਸ਼ਟਰ ਨੇ ਇਸ ਦੇ ਲਈ ਸਭ ਤੋਂ ਪਹਿਲੀ ਥੀਮ 1996 ਵਿੱਚ ਰੱਖੀ ਸੀ, ਜਿਸ ਦਾ ਨਾਂ ਸੀ - ‘ਗੁਜ਼ਰੇ ਹੋਏ ਸਮੇਂ ਦਾ ਜਸ਼ਨ ਅਤੇ ਭਵਿੱਖ ਲਈ ਯੋਜਨਾਬੰਦੀ’

ਪਹਿਲਾ ਅੰਤਰਰਾਸ਼ਟਰੀ ਮਹਿਲਾ ਦਿਵਸ 1911 ਵਿੱਚ ਆਸਟਰੀਆ, ਡੈਨਮਾਰਕ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਮਨਾਇਆ ਗਿਆ ਸੀ।

ਇਸ ਦਾ ਸ਼ਤਾਬਦੀ ਸਮਾਰੋਹ 2011 ਵਿੱਚ ਮਨਾਇਆ ਗਿਆ ਸੀ। ਇਸ ਤਰ੍ਹਾਂ, ਤਕਨੀਕੀ ਤੌਰ 'ਤੇ ਇਸ ਸਾਲ ਅਸੀਂ 112ਵਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਜਾ ਰਹੇ ਹਾਂ।

ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਰਸਮੀ ਤੌਰ 'ਤੇ 1975 ਵਿੱਚ ਮਾਨਤਾ ਦਿੱਤੀ ਗਈ ਸੀ ਜਦੋਂ ਸੰਯੁਕਤ ਰਾਸ਼ਟਰ ਨੇ ਵੀ ਇਸ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਸੀ। ਸੰਯੁਕਤ ਰਾਸ਼ਟਰ ਨੇ ਇਸ ਦੇ ਲਈ ਸਭ ਤੋਂ ਪਹਿਲੀ ਥੀਮ 1996 ਵਿੱਚ ਰੱਖੀ ਸੀ, ਜਿਸ ਦਾ ਨਾਂ ਸੀ - ‘ਗੁਜ਼ਰੇ ਹੋਏ ਸਮੇਂ ਦਾ ਜਸ਼ਨ ਅਤੇ ਭਵਿੱਖ ਲਈ ਯੋਜਨਾਬੰਦੀ’।

ਅੱਜ, ਅੰਤਰਰਾਸ਼ਟਰੀ ਮਹਿਲਾ ਦਿਵਸ ਸਮਾਜ, ਸਿਆਸਤ ਅਤੇ ਆਰਥਿਕ ਖੇਤਰ ਵਿੱਚ ਔਰਤਾਂ ਦੀ ਤਰੱਕੀ ਦਾ ਜਸ਼ਨ ਮਨਾਉਣ ਦਾ ਦਿਨ ਬਣ ਚੁੱਕਿਆ ਹੈ। ਜਦਕਿ ਇਸ ਦੀਆਂ ਸਿਆਸੀ ਜੜ੍ਹਾਂ ਔਰਤਾਂ ਅਤੇ ਮਰਦਾਂ ਵਿਚਕਾਰ ਅਸਮਾਨਤਾ ਬਾਰੇ ਜਾਗਰੂਕਤਾ ਫੈਲਾਉਣ ਦੀਆਂ ਹਨ, ਇਸ ਦਾ ਮਤਲਬ ਇਹ ਹੈ ਕਿ ਹੜਤਾਲਾਂ ਅਤੇ ਵਿਰੋਧ ਪ੍ਰਦਰਸ਼ਨ ਆਯੋਜਿਤ ਕਰਕੇ ਔਰਤਾਂ ਅਤੇ ਮਰਦਾਂ ਵਿਚਕਾਰ ਉਸ ਅਸਮਾਨਤਾ ਪ੍ਰਤੀ ਜਾਗਰੂਕਤਾ ਫੈਲਾਉਣਾ, ਜੋ ਅੱਜ ਵੀ ਜਾਰੀ ਹੈ।

ਸਿਰਫ਼ 8 ਮਾਰਚ ਹੀ ਕਿਉਂ?

ਅੰਤਰਰਾਸ਼ਟਰੀ ਮਹਿਲਾ ਦਿਵਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2022 ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਔਰਤਾਂ ਵਿਰੁੱਧ ਹਿੰਸਾ ਵਿਰੁੱਧ ਮੈਕਸੀਕੋ ਵਿੱਚ ਪ੍ਰਦਰਸ਼ਨ ਕਰਦੀਆਂ ਔਰਤਾਂ

ਜਦੋਂ ਕਲਾਰਾ ਜੇਟਕਿਨ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਸੁਝਾਅ ਦਿੱਤਾ ਸੀ, ਤਾਂ ਉਨ੍ਹਾਂ ਦੇ ਮਨ ਵਿੱਚ ਕੋਈ ਖਾਸ ਤਾਰੀਖ ਨਹੀਂ ਸੀ।

ਅੰਤਰਰਾਸ਼ਟਰੀ ਮਹਿਲਾ ਦਿਵਸ ਤਾਂ 1917 ਵਿੱਚ ਜਾ ਕੇ ਤੈਅ ਹੋਇਆ ਸੀ, ਜਦੋਂ ਰੂਸ ਦੀਆਂ ਔਰਤਾਂ ਨੇ 'ਰੋਟੀ ਅਤੇ ਅਮਨ' ਦੀ ਮੰਗ ਕਰਦੇ ਹੋਏ ਜ਼ਾਰ ਦੇ ਸ਼ਾਸਨ ਵਿਰੁੱਧ ਹੜਤਾਲ ਕੀਤੀ ਸੀ। ਇਸ ਤੋਂ ਬਾਅਦ ਜ਼ਾਰ ਨਿਕੋਲਸ ਦੂਜੇ ਨੂੰ ਆਪਣੀ ਗੱਦੀ ਛੱਡਣੀ ਪਈ ਸੀ।

ਉਸ ਤੋਂ ਬਾਅਦ ਬਣੀ ਅਸਥਾਈ ਸਰਕਾਰ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ।

ਲੋਕ ਇਸ ਦਿਨ ਬੈਂਗਣੀ ਰੰਗ ਦੇ ਕੱਪੜੇ ਕਿਉਂ ਪਹਿਨਦੇ ਹਨ?

ਅੰਤਰਰਾਸ਼ਟਰੀ ਮਹਿਲਾ ਦਿਵਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਜਾਮਨੀ ਰੰਗ ਪਹਿਨਿਆ ਜਾਂਦਾ ਹੈ

ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਅਕਸਰ ਜਾਮਨੀ ਰੰਗ ਨਾਲ ਪਛਾਣਿਆ ਜਾਂਦਾ ਹੈ ਕਿਉਂਕਿ ਇਸ ਨੂੰ 'ਨਿਆਂ ਅਤੇ ਸਨਮਾਨ' ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵੈੱਬਸਾਈਟ ਅਨੁਸਾਰ, ਜਾਮਨੀ, ਹਰਾ ਅਤੇ ਸਫ਼ੇਦ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਰੰਗ ਹਨ।

ਵੈੱਬਸਾਈਟ ਮੁਤਾਬਕ, 'ਜਾਮਨੀ ਰੰਗ ਨਿਆਂ ਅਤੇ ਸਨਮਾਨ ਦਾ ਪ੍ਰਤੀਕ ਹੈ। ਹਰਾ ਰੰਗ ਉਮੀਦ ਜਗਾਉਣ ਵਾਲਾ ਹੈ ਅਤੇ ਸਫ਼ੇਦ ਰੰਗ ਸ਼ੁੱਧਤਾ ਦਾ ਪ੍ਰਤੀਕ ਹੈ।

ਹਾਲਾਂਕਿ, ਇਸ ਰੰਗ ਨਾਲ ਸਬੰਧਤ ਪਰਿਕਲਪਨਾ ਨੂੰ ਲੈ ਕੇ ਵਿਵਾਦ ਵੀ ਹੈ। ਮਹਿਲਾ ਅਧਿਕਾਰ ਕਾਰਕੁਨਾਂ ਦਾ ਕਹਿਣਾ ਹੈ ਕਿ "ਮਹਿਲਾ ਦਿਵਸ ਨਾਲ ਸਬੰਧਤ ਇਨ੍ਹਾਂ ਰੰਗਾਂ ਦੀ ਸ਼ੁਰੂਆਤ ਬਰਤਾਨੀਆ ਵਿੱਚ 1908 ਵਿੱਚ ਔਰਤਾਂ ਦੇ ਸਮਾਜਿਕ ਅਤੇ ਸਿਆਸੀ ਸੰਘ (ਡਬਲਯੂਐਸਪੀਯੂ) ਨਾਲ ਹੋਈ ਸੀ।"

ਲਾਈਨ
  • ਪਿਛਲੀ ਇੱਕ ਸਦੀ ਤੋਂ 8 ਮਾਰਚ ਨੂੰ ਮਹਿਲਾਵਾਂ ਲਈ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ
  • ਇਸ ਦਿਨ ਨੂੰ ਖਾਸ ਬਣਾਉਣ ਦੀ ਸ਼ੁਰੂਆਤ ਅੱਜ ਤੋਂ 115 ਸਾਲ ਪਹਿਲਾਂ ਭਾਵ 1908 ਵਿੱਚ ਹੋਈ ਸੀ
  • ਅੰਤਰਰਾਸ਼ਟਰੀ ਮਹਿਲਾ ਦਿਵਸ ਜਾਂ ਮਹਿਲਾ ਦਿਵਸ, ਮਜ਼ਦੂਰਾਂ ਦੇ ਅੰਦੋਲਨ ਤੋਂ ਉਤਪੰਨ ਹੋਇਆ ਦਿਨ ਹੈ
  • ਬਾਅਦ ਵਿੱਚ ਸੰਯੁਕਤ ਰਾਸ਼ਟਰ ਵੱਲੋਂ ਇਸ ਨੂੰ ਇੱਕ ਸਾਲਾਨਾ ਜਸ਼ਨ ਵਜੋਂ ਮਾਨਤਾ ਦੇ ਦਿੱਤੀ ਗਈ
  • ਕਈ ਦੇਸ਼ਾਂ ਵਿੱਚ, ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਰਾਸ਼ਟਰੀ ਛੁੱਟੀ ਰਹਿੰਦੀ ਹੈ
  • ਅੰਤਰਰਾਸ਼ਟਰੀ ਮਹਿਲਾ ਦਿਵਸ 2023 ਲਈ ਸੰਯੁਕਤ ਰਾਸ਼ਟਰ ਦੀ ਥੀਮ 'ਡਿਜੀਟਆਲ: ਲਿੰਗ ਸਮਾਨਤਾ ਲਈ ਖੋਜ ਅਤੇ ਤਕਨੀਕ' ਹੈ
ਲਾਈਨ

ਕੀ ਕੋਈ ਅੰਤਰਰਾਸ਼ਟਰੀ ਪੁਰਸ਼ ਦਿਵਸ ਵੀ ਮਨਾਇਆ ਜਾਂਦਾ ਹੈ?

ਜੀ ਹਾਂ, ਅੰਤਰਰਾਸ਼ਟਰੀ ਪੁਰਸ਼ ਦਿਵਸ ਵੀ ਹੈ, ਜੋ 19 ਨਵੰਬਰ ਨੂੰ ਮਨਾਇਆ ਜਾਂਦਾ ਹੈ।

ਹਾਲਾਂਕਿ, ਇਸ ਨੂੰ ਮਨਾਉਣ ਦੀ ਪ੍ਰਥਾ ਬਹੁਤੀ ਪੁਰਾਣੀ ਨਹੀਂ ਹੈ। ਅੰਤਰਰਾਸ਼ਟਰੀ ਪੁਰਸ਼ ਦਿਵਸ ਮਨਾਉਣ ਦੀ ਸ਼ੁਰੂਆਤ 1990 ਦੇ ਦਹਾਕੇ ਵਿੱਚ ਹੋਈ ਸੀ ਅਤੇ ਅਜੇ ਇਸ ਨੂੰ ਸੰਯੁਕਤ ਰਾਸ਼ਟਰ ਵੱਲੋਂ ਮਾਨਤਾ ਵੀ ਨਹੀਂ ਮਿਲੀ ਹੈ।

ਬ੍ਰਿਟੇਨ ਸਮੇਤ ਦੁਨੀਆਂ ਦੇ 80 ਤੋਂ ਵੱਧ ਦੇਸ਼ਾਂ ਦੇ ਲੋਕ ਅੰਤਰਰਾਸ਼ਟਰੀ ਪੁਰਸ਼ ਦਿਵਸ ਮਨਾਉਂਦੇ ਹਨ।

ਅੰਤਰਰਾਸ਼ਟਰੀ ਪੁਰਸ਼ ਦਿਵਸ ਦੇ ਆਯੋਜਕਾਂ ਅਨੁਸਾਰ, ਇਹ ਦਿਨ 'ਮਰਦਾਂ ਦੀ ਦੁਨੀਆਂ ਵਿੱਚ, ਆਪਣੇ ਪਰਿਵਾਰ ਅਤੇ ਭਾਈਚਾਰੇ 'ਚ ਸਕਾਰਾਤਮਕ ਕਦਰਾਂ-ਕੀਮਤਾਂ ਦੇ ਯੋਗਦਾਨ' ਦੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ।

ਇਸ ਦਾ ਉਦੇਸ਼ ਦੁਨੀਆਂ ਨੂੰ ਸਕਾਰਾਤਮਕ ਪੁਰਸ਼ ਰੋਲ ਮਾਡਲਾਂ ਬਾਰੇ ਦੱਸਣਾ, ਮਰਦਾਂ ਦੀ ਬਿਹਤਰੀ ਲਈ ਜਾਗਰੂਕਤਾ ਫੈਲਾਉਣਾ ਅਤੇ ਔਰਤਾਂ ਅਤੇ ਮਰਦਾਂ ਦੇ ਆਪਸੀ ਰਿਸ਼ਤੇ ਨੂੰ ਸੁਧਾਰਨਾ ਹੈ।

ਮਹਿਲਾ ਦਿਵਸ ਕਿਵੇਂ ਮਨਾਇਆ ਜਾਂਦਾ ਹੈ?

ਅੰਤਰਰਾਸ਼ਟਰੀ ਮਹਿਲਾ ਦਿਵਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2022 ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਜਦੋਂ ਔਰਤਾਂ ਅਤੇ ਬੱਚੇ ਹੰਗਰੀ ਤੋਂ ਯੂਕਰੇਨ ਪਹੁੰਚੇ ਤਾਂ ਉਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ

ਕਈ ਦੇਸ਼ਾਂ ਵਿੱਚ, ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਰਾਸ਼ਟਰੀ ਛੁੱਟੀ ਰਹਿੰਦੀ ਹੈ। ਇਨ੍ਹਾਂ ਦੇਸ਼ਾਂ ਵਿੱਚ ਰੂਸ ਵੀ ਸ਼ਾਮਲ ਹੈ, ਜਿੱਥੇ 8 ਮਾਰਚ ਦੇ ਨੇੜੇ-ਤੇੜੇ ਦੇ ਦਿਨਾਂ 'ਚ ਫੁੱਲਾਂ ਦੀ ਵਿਕਰੀ ਦੁੱਗਣੀ ਹੋ ਜਾਂਦੀ ਹੈ।

ਚੀਨ 'ਚ, ਨੈਸ਼ਨਲ ਕੌਂਸਲ ਦੇ ਸੁਝਾਅ 'ਤੇ 8 ਮਾਰਚ ਨੂੰ ਬਹੁਤ ਸਾਰੀਆਂ ਮਹਿਲਾਵਾਂ ਨੂੰ ਅੱਧੇ ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ।

ਇਟਲੀ ਵਿੱਚ 8 ਮਾਰਚ ਨੂੰ ਔਰਤਾਂ ਨੂੰ ਮੀਮੋਸਾ ਦੇ ਫੁੱਲ ਦੇ ਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਪਰੰਪਰਾ ਕਦੋਂ ਸ਼ੁਰੂ ਹੋਈ, ਪਰ ਇਹ ਮੰਨਿਆ ਜਾਂਦਾ ਹੈ ਕਿ ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਰੋਮ ਤੋਂ ਸ਼ੁਰੂ ਹੋਈ ਸੀ।

ਅਮਰੀਕਾ ਵਿੱਚ ਮਾਰਚ ਦਾ ਮਹੀਨਾ ਔਰਤਾਂ ਦੀ ਤਾਰੀਖ ਦਾ ਮਹੀਨਾ ਹੁੰਦਾ ਹੈ। ਹਰ ਸਾਲ ਰਾਸ਼ਟਰਪਤੀ ਵੱਲੋਂ ਇੱਕ ਘੋਸ਼ਣਾ ਕੀਤੀ ਜਾਂਦੀ ਹੈ, ਜਿਸ ਵਿੱਚ ਅਮਰੀਕੀ ਔਰਤਾਂ ਦੀਆਂ ਪ੍ਰਾਪਤੀਆਂ ਦੀ ਵਡਿਆਈ ਕੀਤੀ ਜਾਂਦੀ ਹੈ।

ਅੰਤਰਰਾਸ਼ਟਰੀ ਮਹਿਲਾ ਦਿਵਸ 2023 ਦੀ ਥੀਮ ਕੀ ਹੈ?

ਅੰਤਰਰਾਸ਼ਟਰੀ ਮਹਿਲਾ ਦਿਵਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਸਾਲ ਦੀ ਥੀਮ 'ਡਿਜੀਟਆਲ: ਲਿੰਗ ਸਮਾਨਤਾ ਲਈ ਖੋਜ ਅਤੇ ਤਕਨੀਕ' ਹੈ

ਅੰਤਰਰਾਸ਼ਟਰੀ ਮਹਿਲਾ ਦਿਵਸ 2023 ਲਈ ਸੰਯੁਕਤ ਰਾਸ਼ਟਰ ਦੀ ਥੀਮ 'ਡਿਜੀਟਆਲ: ਲਿੰਗ ਸਮਾਨਤਾ ਲਈ ਖੋਜ ਅਤੇ ਤਕਨੀਕ' ਹੈ। ਇਸ ਥੀਮ ਦਾ ਉਦੇਸ਼ ਤਕਨੀਕੀ ਅਤੇ ਔਨਲਾਈਨ ਸਿੱਖਿਆ ਦੇ ਖੇਤਰ ਵਿੱਚ ਕੁੜੀਆਂ ਅਤੇ ਔਰਤਾਂ ਦੇ ਯੋਗਦਾਨ ਨੂੰ ਸਵੀਕਾਰ ਕਰਨਾ ਅਤੇ ਉਨ੍ਹਾਂ ਦਾ ਜਸ਼ਨ ਮਨਾਉਣਾ ਹੈ।

ਇਸ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਔਰਤਾਂ ਅਤੇ ਕੁੜੀਆਂ ਦੀ ਅਸਮਾਨਤਾ 'ਤੇ ਡਿਜੀਟਲ ਲਿੰਗ ਅੰਤਰ ਦੇ ਪ੍ਰਭਾਵ ਦੀ ਵੀ ਜਾਂਚ ਕੀਤੀ ਜਾਵੇਗੀ। ਕਿਉਂਕਿ, ਸੰਯੁਕਤ ਰਾਸ਼ਟਰ ਦਾ ਅੰਦਾਜ਼ਾ ਹੈ ਕਿ ਜੇਕਰ ਔਨਲਾਈਨ ਸੰਸਾਰ ਤੱਕ ਔਰਤਾਂ ਦੀ ਪਹੁੰਚ ਦੀ ਕਮੀ ਨੂੰ ਦੂਰ ਨਾ ਕੀਤਾ ਗਿਆ, ਤਾਂ ਇਸ ਨਾਲ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਦੇ ਕੁੱਲ ਘਰੇਲੂ ਉਤਪਾਦ ਨੂੰ 1.5 ਖਰਬ ਡਾਲਰ ਦਾ ਨੁਕਸਾਨ ਹੋਵੇਗਾ।

ਹਾਲਾਂਕਿ, ਇਸ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਹੋਰ ਮੁੱਦੇ ਵੀ ਚਰਚਾ 'ਚ ਹਨ। ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵੈੱਬਸਾਈਟ 'ਤੇ ਕਿਹਾ ਗਿਆ ਹੈ ਕਿ ਇਸ ਨੂੰ 'ਔਰਤਾਂ ਲਈ ਸਕਾਰਾਤਮਕ ਬਦਲਾਅ ਲਿਆਉਣ ਲਈ ਮੰਚ' ਵਜੋਂ ਬਣਾਇਆ ਗਿਆ ਹੈ।

ਇਸ ਵੈੱਬਸਾਈਟ ਨੇ ਆਪਣੀ ਥੀਮ #EmbraceEquity ਨੂੰ ਚੁਣਿਆ ਹੈ, ਜਿਸ ਦਾ ਮਤਲਬ ਹੈ - ਸਮਾਨਤਾ ਨੂੰ ਅਪਣਾਓ।

ਇਸ ਨਾਲ ਜੁੜੀਆਂ ਸੰਸਥਾਵਾਂ ਅਤੇ ਪ੍ਰੋਗਰਾਮਾਂ ਰਾਹੀਂ ਔਰਤਾਂ ਦੀਆਂ ਘਿਸੀ ਪਿਟੀ ਲਿੰਗਕ ਭੂਮਿਕਾਵਾਂ ਨੂੰ ਚੁਣੌਤੀ ਦੇਣ, ਵਿਤਕਰੇ ਵਿਰੁੱਧ ਆਵਾਜ਼ ਬੁਲੰਦ ਕਰਨ, ਪੱਖਪਾਤ ਵੱਲ ਧਿਆਨ ਦਿਵਾਉਣ ਅਤੇ ਔਰਤਾਂ ਨੂੰ ਹਰ ਖੇਤਰ ਵਿੱਚ ਸ਼ਾਮਲ ਕਰਨ ਲਈ ਆਵਾਜ਼ ਚੁੱਕੀ ਜਾਵੇਗੀ।

ਮਹਿਲਾ ਦਿਵਸ ਦੀ ਲੋੜ ਕਿਉਂ ਹੈ?

ਅੰਤਰਰਾਸ਼ਟਰੀ ਮਹਿਲਾ ਦਿਵਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਿਲਾਵਾਂ ਦੇ ਹੱਕਾਂ ਲਈ ਪ੍ਰਦਰਸ਼ਨ ਕਰਦਿਆਂ ਔਰਤਾਂ

ਪਿਛਲੇ ਇੱਕ ਸਾਲ ਦੌਰਾਨ ਅਫਗਾਨਿਸਤਾਨ, ਇਰਾਨ, ਯੂਕਰੇਨ ਅਤੇ ਅਮਰੀਕਾ ਵਰਗੇ ਕਈ ਦੇਸ਼ਾਂ ਵਿੱਚ ਔਰਤਾਂ ਆਪਣੇ ਦੇਸ਼ਾਂ ਵਿੱਚ ਜੰਗ, ਹਿੰਸਾ ਅਤੇ ਨੀਤੀਗਤ ਤਬਦੀਲੀਆਂ ਦਰਮਿਆਨ ਆਪਣੇ ਹੱਕਾਂ ਲਈ ਲੜਦੀਆਂ ਰਹੀਆਂ ਹਨ।

ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸੱਤਾ ਵਿੱਚ ਵਾਪਸੀ ਨੇ ਮਨੁੱਖੀ ਅਧਿਕਾਰਾਂ ਦੀ ਤਰੱਕੀ ਨੂੰ ਰੋਕ ਦਿੱਤਾ ਹੈ। ਕਿਉਂਕਿ ਔਰਤਾਂ ਅਤੇ ਕੁੜੀਆਂ ਨੂੰ ਉੱਚ ਸਿੱਖਿਆ ਹਾਸਲ ਕਰਨ ਤੋਂ ਵੀ ਰੋਕਿਆ ਗਿਆ ਹੈ।

ਉਨ੍ਹਾਂ ਲਈ ਘਰ ਤੋਂ ਬਾਹਰ ਜ਼ਿਆਦਾਤਰ ਕੰਮ ਕਰਨ 'ਤੇ ਅਤੇ ਕਿਸੇ ਪੁਰਸ਼ ਸਰਪ੍ਰਸਤ ਤੋਂ ਬਿਨਾਂ ਲੰਬੀ ਦੂਰੀ ਦੀ ਯਾਤਰਾ ਕਰਨ 'ਤੇ ਪਾਬੰਦੀ ਹੈ।

ਤਾਲਿਬਾਨ ਨੇ ਔਰਤਾਂ ਨੂੰ ਹੁਕਮ ਜਾਰੀ ਕੀਤਾ ਹੈ ਕਿ ਉਹ ਘਰ ਦੇ ਬਾਹਰ ਜਾਂ ਹੋਰ ਲੋਕਾਂ ਦੇ ਸਾਹਮਣੇ ਆਪਣਾ ਪੂਰਾ ਚਿਹਰਾ ਢਕ ਕਰ ਰੱਖਣ।

ਮਹਸਾ ਅਮੀਨੀ

ਤਸਵੀਰ ਸਰੋਤ, MAHSA AMINI FAMILY

ਤਸਵੀਰ ਕੈਪਸ਼ਨ, ਮਹਸਾ ਅਮੀਨੀ

ਇਰਾਨ ਵਿੱਚ 22 ਸਾਲਾ ਮਹਸਾ ਅਮੀਨੀ ਦੀ ਮੌਤ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਮਹਸਾ ਨੂੰ 13 ਸਤੰਬਰ 2022 ਨੂੰ ਈਰਾਨ ਦੀ ਮੋਰੈਲ ਪੁਲਿਸ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ 'ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਜਨਤਕ ਥਾਵਾਂ 'ਤੇ ਔਰਤਾਂ ਦੇ ਵਾਲਾਂ ਨੂੰ ਸਕਾਰਫ਼ ਨਾਲ ਢੱਕਣ ਦੇ ਸਖ਼ਤ ਨਿਯਮ ਨੂੰ ਤੋੜਿਆ ਸੀ।

ਉਦੋਂ ਤੋਂ ਹੀ ਪੂਰੇ ਈਰਾਨ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ, ਜਿਸ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ। ਈਰਾਨ ਵਿੱਚ ਬਹੁਤ ਸਾਰੀਆਂ ਔਰਤਾਂ ਅਤੇ ਮਰਦ ਹੁਣ ਔਰਤਾਂ ਲਈ ਬਿਹਤਰ ਅਧਿਕਾਰਾਂ ਦੀ ਮੰਗ ਕਰ ਰਹੇ ਹਨ। ਉਹ ਮੌਜੂਦਾ ਸਿਆਸੀ ਲੀਡਰਸ਼ਿਪ ਵਿੱਚ ਵੀ ਬਦਲਾਅ ਚਾਹੁੰਦੇ ਹਨ।

ਪ੍ਰਦਰਸ਼ਨਕਾਰੀਆਂ ਦਾ ਨਾਅਰਾ 'ਔਰਤਾਂ, ਜ਼ਿੰਦਗੀ, ਆਜ਼ਾਦੀ' ਹੈ। ਈਰਾਨ ਦੀ ਸਰਕਾਰ ਇਨ੍ਹਾਂ ਪ੍ਰਦਰਸ਼ਨਾਂ ਨੂੰ 'ਦੰਗੇ' ਕਹਿ ਕੇ ਪ੍ਰਦਰਸ਼ਨਕਾਰੀਆਂ ਨਾਲ ਬਹੁਤ ਸਖ਼ਤੀ ਨਾਲ ਪੇਸ਼ ਆ ਰਹੀ ਹੈ।

ਵਿਰੋਧ ਪ੍ਰਦਰਸ਼ਨਾਂ ਅਤੇ ਉਨ੍ਹਾਂ ਨੂੰ ਕੁਚਲਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਹੁਣ ਤੱਕ 500 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।

24 ਫਰਵਰੀ 2022 ਨੂੰ, ਰੂਸੀ ਫੌਜ ਨੇ ਯੂਕਰੇਨ 'ਤੇ ਹਮਲਾ ਕਰ ਦਿੱਤਾ ਸੀ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਦੇ ਅਨੁਸਾਰ, ਯੁੱਧ ਸ਼ੁਰੂ ਹੋਣ ਤੋਂ ਬਾਅਦ ਯੂਕਰੇਨ ਵਿੱਚ ਖਾਣੇ ਦੀ ਕਮੀ, ਕੁਪੋਸ਼ਣ ਅਤੇ ਗਰੀਬੀ ਦੇ ਮਾਮਲੇ ਵਿੱਚ ਪੁਰਸ਼ਾਂ ਅਤੇ ਔਰਤਾਂ ਵਿੱਚ ਪਾੜਾ ਵਧਿਆ ਹੈ।

ਜੰਗ ਕਾਰਨ ਕੀਮਤਾਂ ਵਿੱਚ ਵਾਧਾ ਹੋਇਆ ਹੈ ਅਤੇ ਵਸਤਾਂ ਦੀ ਕਮੀ ਦੇ ਕਾਰਨ, ਯੂਕਰੇਨ ਵਿੱਚ ਔਰਤਾਂ ਦੇ ਖਿਲਾਫ ਹਿੰਸਾ ਦੀਆਂ ਘਟਨਾਵਾਂ ਵਿੱਚ ਵੀ ਬਹੁਤ ਵਾਧਾ ਹੋਇਆ ਹੈ।

24 ਜੂਨ, 2022 ਨੂੰ, ਅਮਰੀਕਾ ਦੀ ਸੁਪਰੀਮ ਕੋਰਟ ਨੇ ਰੋ ਬਨਾਮ ਵੇਡ ਦੇ ਇਤਿਹਾਸਕ ਕਾਨੂੰਨ ਨੂੰ ਉਲਟਾ ਦਿੱਤਾ। ਇਸ ਕਾਨੂੰਨ ਤਹਿਤ ਅਮਰੀਕੀ ਔਰਤਾਂ ਨੂੰ ਗਰਭਪਾਤ ਦਾ ਅਧਿਕਾਰ ਪ੍ਰਾਪਤ ਸੀ।

ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਪੂਰੇ ਅਮਰੀਕਾ 'ਚ ਇਸ ਦੇ ਖਿਲਾਫ ਵਿਰੋਧ ਜਤਾਇਆ ਗਿਆ। ਬਹੁਤ ਸਾਰੀਆਂ ਅਮਰੀਕੀ ਔਰਤਾਂ ਗਰਭਪਾਤ ਲਈ ਮੈਕਸੀਕੋ ਜਾਣ ਦੀ ਚੋਣ ਕਰ ਰਹੀਆਂ ਹਨ। ਕਿਉਂਕਿ, 2021 ਵਿੱਚ ਇੱਕ ਇਤਿਹਾਸਕ ਫੈਸਲੇ ਤੋਂ ਬਾਅਦ, ਮੈਕਸੀਕੋ ਵਿੱਚ ਗਰਭਪਾਤ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਸੀ।

ਹਾਲਾਂਕਿ, ਪਿਛਲੇ ਕੁਝ ਸਾਲਾਂ ਦੌਰਾਨ ਔਰਤਾਂ ਦੀ ਸਥਿਤੀ ਵਿੱਚ ਵੀ ਸੁਧਾਰ ਹੋਇਆ ਹੈ।

ਦਸ ਸਾਲਾਂ ਦੇ ਸੰਘਰਸ਼ ਤੋਂ ਬਾਅਦ, ਨਵੰਬਰ 2022 ਵਿੱਚ ਯੂਰਪੀਅਨ ਸੰਸਦ ਨੇ ਇੱਕ ਕਾਨੂੰਨ ਪਾਸ ਕੀਤਾ। ਇਸ ਨਾਲ 2026 ਤੱਕ ਜਨਤਕ ਵਪਾਰ ਕਰਨ ਵਾਲੀਆਂ ਕੰਪਨੀਆਂ ਦੇ ਬੋਰਡਾਂ ਵਿੱਚ ਔਰਤਾਂ ਦੀ ਵਧੇਰੇ ਪ੍ਰਤੀਨਿਧਤਾ ਯਕੀਨੀ ਹੋਵੇਗੀ।

ਯੂਰਪੀਅਨ ਸੰਘ ਨੇ ਕਿਹਾ, "ਉੱਪਰਲੇ ਅਹੁਦਿਆਂ 'ਤੇ ਬੈਠਣ ਦੀ ਕਾਬਲੀਅਤ ਰੱਖਣ ਵਾਲੀਆਂ ਅਜਿਹੀਆਂ ਬਹੁਤ ਸਾਰੀਆਂ ਔਰਤਾਂ ਹਨ ਅਤੇ ਆਪਣੇ ਨਵੇਂ ਯੂਰਪੀਅਨ ਕਾਨੂੰਨ ਨਾਲ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਇਨ੍ਹਾਂ ਔਰਤਾਂ ਨੂੰ ਉਨ੍ਹਾਂ ਅਹੁਦਿਆਂ 'ਤੇ ਪਹੁੰਚਣ ਦਾ ਅਸਲ ਮੌਕਾ ਮਿਲੇ।"

ਅੰਤਰਰਾਸ਼ਟਰੀ ਮਹਿਲਾ ਦਿਵਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਾਲਿਬਾਨ ਦੇ ਰਾਜ ਅੰਦਰ ਔਰਤਾਂ ਨੂੰ ਬਹੁਤ ਪਾਬੰਦੀਆਂ ਵਿੱਚ ਰਹਿਣਾ ਪੈਂਦਾ ਹੈ

ਇਸ ਦੌਰਾਨ, ਅਰਮੀਨੀਆ ਅਤੇ ਕੋਲੰਬੀਆ ਵਿੱਚ ਪੈਟਰਨਿਟੀ ਲੀਵ ਨਾਲ ਸਬੰਧਤ ਕਾਨੂੰਨ ਵੀ ਬਦਲੇ ਗਏ ਹਨ। ਇਸ ਦੇ ਨਾਲ ਹੀ ਸਪੇਨ ਨੇ ਮਾਹਵਾਰੀ 'ਤੇ ਛੁੱਟੀ ਲੈਣ ਅਤੇ ਗਰਭਪਾਤ ਦੀਆਂ ਸਹੂਲਤਾਂ ਵਧਾਉਣ ਲਈ ਕਾਨੂੰਨ ਪਾਸ ਕੀਤਾ ਹੈ।

ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਦੱਸਿਆ ਹੈ ਕਿ ਬੀਜਿੰਗ ਵਿੱਚ 2022 'ਚ ਹੋਈਆਂ ਵਿੰਟਰ ਓਲੰਪਿਕ ਖੇਡਾਂ ਸਭ ਤੋਂ ਵੱਧ ਲਿੰਗ-ਸੰਤੁਲਿਤ ਸਨ।

ਇਨ੍ਹਾਂ ਖੇਡਾਂ ਵਿੱਚ ਸ਼ਾਮਲ ਕੁੱਲ ਖਿਡਾਰੀਆਂ ਵਿੱਚੋਂ 45 ਫੀਸਦੀ ਮਹਿਲਾ ਅਥਲੀਟ ਸਨ। ਭਾਵੇਂ ਔਰਤ-ਮਰਦ ਵਿਚਕਾਰ ਲਿੰਗਕ ਬਰਾਬਰੀ ਪੂਰੀ ਤਰ੍ਹਾਂ ਹਾਸਲ ਨਹੀਂ ਹੋ ਸਕੀ, ਪਰ ਨਵੇਂ ਦਿਸ਼ਾ-ਨਿਰਦੇਸ਼ਾਂ ਰਾਹੀਂ ਮਹਿਲਾ ਖੇਡਾਂ ਦੀ ਸੰਤੁਲਿਤ ਰਿਪੋਰਟਿੰਗ ਨੂੰ ਉਤਸ਼ਾਹਿਤ ਜ਼ਰੂਰ ਕੀਤਾ ਗਿਆ।

ਅੰਤਰਰਾਸ਼ਟਰੀ ਮਹਿਲਾ ਦਿਵਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਮਹਿਲਾ ਫੁਟਬਾਲ ਟੀਮ ਨੇ ਬਰਾਬਰ ਤਨਖਾਹ ਲਈ ਲੜਾਈ ਜਿੱਤੀ

2023 ਦੇ ਫੀਫਾ ਮਹਿਲਾ ਫੁੱਟਬਾਲ ਵਿਸ਼ਵ ਕੱਪ ਦਾ ਵਿਸਤਾਰ ਕੀਤਾ ਗਿਆ ਹੈ। ਹੁਣ ਇਸ ਵਿੱਚ 36 ਟੀਮਾਂ ਹਿੱਸਾ ਲੈ ਰਹੀਆਂ ਹਨ।

ਇਸ ਮੁਕਾਬਲੇ ਤੋਂ ਪਹਿਲਾਂ ਅਮਰੀਕਾ ਦੇ ਫੁੱਟਬਾਲ ਪਰਿਸੰਘ ਨੇ ਇਤਿਹਾਸਕ ਸਮਝੌਤਾ ਕੀਤਾ ਹੈ।

ਇਸ ਦੇ ਤਹਿਤ ਮਹਿਲਾ ਅਤੇ ਪੁਰਸ਼ ਟੀਮਾਂ ਨੂੰ ਬਰਾਬਰ ਭੁਗਤਾਨ ਕੀਤਾ ਜਾਵੇਗਾ। ਇਹ ਪਹਿਲੀ ਵਾਰ ਹੈ ਜਦੋਂ ਔਰਤਾਂ ਅਤੇ ਪੁਰਸ਼ਾਂ ਨੂੰ ਕਿਸੇ ਵੀ ਖੇਡ ਵਿੱਚ ਬਰਾਬਰ ਪੈਸਾ ਮਿਲੇਗਾ।

ਮਹਿਲਾ ਖਿਡਾਰੀਆਂ ਨੇ ਬਰਾਬਰ ਤਨਖਾਹ ਦੀ ਮੰਗ ਨੂੰ ਲੈ ਕੇ ਕਈ ਮੁਕੱਦਮੇ ਦਰਜ ਕਰਵਾਏ ਸਨ। ਉਹ ਪੰਜ ਸਾਲ ਤੋਂ ਵੱਧ ਸਮੇਂ ਤੋਂ ਆਪਣੇ ਹੱਕਾਂ ਲਈ ਲੜ ਰਹੀਆਂ ਸਨ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)