ਕੈਨੇਡਾ: ਪੰਜਾਬੀ ਮੂਲ ਦੇ ਰੂਬੀ ਢੱਲਾ ਪੀਐੱਮ ਬਣਨ ਦੀ ਰੇਸ 'ਚ, ਪਰਵਾਸ ਬਾਰੇ ਅਜਿਹਾ ਕੀ ਕਿਹਾ ਕਿ ਉਨ੍ਹਾਂ ਨੂੰ 'ਫੀਮੇਲ ਡੌਨਲਡ ਟਰੰਪ' ਕਿਹਾ ਜਾਣ ਲੱਗਿਆ

ਤਸਵੀਰ ਸਰੋਤ, Rubi Dhalla/FB
- ਲੇਖਕ, ਤਨੀਸ਼ਾ ਚੌਹਾਨ
- ਰੋਲ, ਬੀਬੀਸੀ ਪੱਤਰਕਾਰ
ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਲੱਗੇ ਤਿੰਨ ਵਾਰ ਦੇ ਸੰਸਦ ਮੈਂਬਰ ਅਤੇ ਪੰਜਾਬੀ ਮੂਲ ਦੇ ਰੂਬੀ ਢੱਲਾ ਕਹਿੰਦੇ ਹਨ ਕਿ ਕੈਨੇਡਾ ਦੇ ਪੀਐੱਮ ਦੀ ਚੋਣ ਸਮੇਂ ਇਸ ਵਾਰ ਦੇਸ਼ ਇੱਕ ਇਤਿਹਾਸ ਸਿਰਜੇਗਾ ਕਿਉਂਕਿ ਉਹ ਪਹਿਲੀ ਇਮੀਗ੍ਰੈਂਟ ਅਤੇ ਪਹਿਲੀ ਔਰਤ ਹਨ ਇਸ ਅਹੁਦੇ ਲਈ ਚੋਣ ਮੈਦਾਨ 'ਚ ਉਤਰੇ ਹਨ।
ਰੂਬੀ ਢੱਲਾ ਕਹਿ ਰਹੇ ਹਨ ਕਿ ਕੈਨੇਡਾ ਵਿੱਚ ਗ਼ੈਰ-ਕਾਨੂੰਨੀ ਪਰਵਾਸ ਲਈ ਥਾਂ ਨਹੀਂ ਹੋਣੀ ਚਾਹੀਦੀ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਰੂਬੀ ਢੱਲਾ ਨੇ ਕਿਹਾ ਕਿ ਕੈਨੇਡਾ ਆਉਣ ਲਈ ਬਹੁਤ ਸਾਰੇ ਕਾਨੂੰਨੀ ਰਾਹ ਹਨ ਪਰ ਗੈਰ-ਕਾਨੂੰਨੀ ਢੰਗ ਨਾਲ ਆਉਣ ਵਾਲਿਆਂ ਨੂੰ ਡਿਪੋਟ ਕੀਤਾ ਜਾਣਾ ਚਾਹੀਦਾ ਹੈ ਅਤੇ ਮਨੁੱਖੀ ਤਸਕਰੀ 'ਤੇ ਵੀ ਰੋਕ ਲੱਗਣੀ ਚਾਹੀਦੀ ਹੈ।
ਹਲਾਂਕਿ ਢੱਲਾ ਕਹਿੰਦੇ ਹਨ ਕਿ ਕੈਨੇਡਾ ਨੂੰ ਪਰਵਾਸ ਨੀਤੀ ਬਣਾਉਣ ਸਮੇਂ, ਦੇਸ਼ ਦੇ ਨਾਗਰਿਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਰੂਬੀ ਨੇ ਬੀਬੀਸੀ ਨਾਲ ਆਪਣੇ ਸਿਆਸੀ ਸਫ਼ਰ ਅਤੇ ਭਵਿੱਖ ਦੀ ਰਣਨੀਤੀ ਬਾਰੇ ਵੀ ਚਰਚਾ ਕੀਤੀ।

ਕੈਨੇਡਾ ਦੇ ਪੀਐੱਮ ਦੇ ਅਹੁਦੇ ਦੀ ਦੌੜ 'ਚ ਕਿਵੇਂ ਆਏ?
ਰੂਬੀ ਢੱਲਾ ਨੇ ਕਿਹਾ ਕਿ ਇਹ ਦੌੜ ਉਹਨਾਂ ਦੀ ਲਿਬਰਲ ਲੀਡਰਸ਼ਿਪ ਲਈ ਅਤੇ ਕੈਨੇਡਾ ਦੇ ਪੀਐੱਮ ਵਾਸਤੇ ਬਹੁਤ ਹੀ ਮਹੱਤਵਪੂਰਨ ਹੈ।
ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ, ਰੀਅਲ ਅਸਟੇਟ ਅਤੇ ਹੋਰ ਖੇਤਰਾਂ 'ਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਉਹ ਭਲੀ-ਭਾਂਤੀ ਜਾਣੂ ਹਨ।
ਢੱਲਾ ਕਹਿੰਦੇ ਹਨ, "ਬਤੌਰ ਐੱਮਪੀ ਤਿੰਨ ਵਾਰ ਸੰਸਦ 'ਚ ਸੇਵਾਵਾਂ ਨਿਭਾਉਣ ਕਰਕੇ ਮੈਨੂੰ ਤਜ਼ਰਬਾ ਹੋ ਗਿਆ ਹੈ ਕਿ ਪਾਰਲੀਮੈਂਟ 'ਚ ਲੈਜੀਸਲੇਟਿਵ 'ਚ ਵੱਖ-ਵੱਖ ਚੁਣੌਤੀਆਂ ਨਾਲ ਕਿਵੇਂ ਨਜਿੱਠਣਾ ਹੈ।"
"ਕੌਮਾਂਤਰੀ ਪੱਧਰ 'ਤੇ ਵੀ ਮੈਂ ਬਹੁਤ ਸਾਰਾ ਕੰਮ ਕੀਤਾ ਹੈ, ਜਿਸ ਕਰਕੇ ਦੁਨੀਆ ਦੇ ਸਿਖਰਲੇ ਆਗੂਆਂ ਅਤੇ ਵਪਾਰਕ ਭਾਈਚਾਰੇ ਦੇ ਲੋਕਾਂ ਨਾਲ ਮੇਰੇ ਵਧੀਆ ਸਬੰਧ ਹਨ। ਇਸ ਲਈ ਕੈਨੇਡਾ ਨੂੰ ਇਸ ਦਾ ਫ਼ਾਇਦਾ ਹੋ ਸਕਦਾ ਹੈ। ਕੈਨੇਡਾ 'ਚ ਮੌਜੂਦ ਮੇਰੇ ਸਮਰਥਕਾਂ ਨੇ ਮੈਨੂੰ ਬਹੁਤ ਉਤਸ਼ਾਹਿਤ ਕੀਤਾ ਹੈ।"
ਰੂਬੀ ਢੱਲਾ ਨੇ ਅੱਗੇ ਕਿਹਾ, “ਅੱਜ 2025 ਆ ਗਿਆ ਹੈ ਅਤੇ ਪੀਐਮ ਦੀ ਦੌੜ 'ਚ ਕੋਈ ਵੀ ਉਮੀਦਵਾਰ ਅਜਿਹਾ ਨਹੀਂ ਹੈ ਜੋ ਕਿ ਆਪਣੇ ਸੱਭਿਆਚਾਰ ਭਾਈਚਾਰੇ ਨਾਲ ਸਬੰਧਤ ਸੀ। ਇਸ ਲਈ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਮੈਂ ਇਸ ਦੌੜ ਦਾ ਹਿੱਸਾ ਬਣਨ ਬਾਰੇ ਸੋਚਿਆ।”
“ਇਸ ਵਾਰ ਅਸੀਂ ਇੱਕ ਇਤਿਹਾਸ ਸਿਰਜਣ ਚੱਲੇ ਹਾਂ ਕਿਉਂਕਿ ਮੈਂ ਪਹਿਲੀ ਇਮੀਗ੍ਰੈਂਟ, ਪਹਿਲੀ ਔਰਤ ਹਾਂ ਜੋ ਕਿ ਲਿਬਰਲ ਪਾਰਟੀ ਲਈ ਪੀਐਮ ਦੇ ਅਹੁਦੇ ਲਈ ਚੋਣ ਮੈਦਾਨ 'ਚ ਉਤਰੀ ਹਾਂ।”

ਤਸਵੀਰ ਸਰੋਤ, Rubi Dhalla/FB
'ਮੌਜੂਦਾ ਨੀਤੀਆਂ ਨਾਲ ਲੋਕਾਂ ਦਾ ਬਹੁਤ ਨੁਕਸਾਨ ਹੋਇਆ'

ਤਸਵੀਰ ਸਰੋਤ, Rubi Dhalla/FB
ਰੂਬੀ ਢੱਲਾ ਨੇ ਕਿਹਾ ਕਿ ਮੌਜੂਦਾ ਸਮੇਂ ਜੋ ਨੀਤੀਆਂ ਲਾਗੂ ਹਨ, ਉਨ੍ਹਾਂ ਕਰਕੇ ਲੋਕਾਂ ਨੂੰ ਬਹੁਤ ਨੁਕਸਾਨ ਹੋਇਆ ਹੈ ਅਤੇ ਅਜੇ ਵੀ ਜਾਰੀ ਹੈ। ਇਨ੍ਹਾਂ ਨੀਤੀਆਂ ਨੇ ਦੇਸ਼ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਢੱਲਾ ਅਨੁਸਾਰ, "ਪ੍ਰਧਾਨ ਮੰਤਰੀ ਦੀ ਦੌੜ 'ਚ ਇਸ ਸਮੇਂ 5 ਉਮੀਦਵਾਰ ਚੋਣ ਮੈਦਾਨ 'ਚ, ਜਿਨ੍ਹਾਂ 'ਚੋਂ 4 ਉਹ ਉਮੀਦਵਾਰ ਹਨ, ਜੋ ਕਿ ਮੰਤਰੀ, ਐੱਮਪੀ ਜਾਂ ਫ਼ਿਰ ਬਤੌਰ ਸਿਆਸੀ ਸਲਾਹਕਾਰ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਚਾਰਾਂ ਨੇ ਟਰੂਡੋ ਨਾਲ ਕੰਮ ਕੀਤਾ ਹੈ।"
ਉਨ੍ਹਾਂ ਅੱਗੇ ਦੱਸਿਆ ਕਿ ਉਹ ਇੱਕਲੇ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਨੇ ਮੌਜੂਦਾ ਟਰੂਡੋ ਸਰਕਾਰ ਨਾਲ ਕੰਮ ਨਹੀਂ ਕੀਤਾ ਹੈ, ਜਿਸ ਕਰਕੇ ਲੋਕ ਉਨ੍ਹਾਂ ਦੇ ਨਾਲ ਹਨ।
"ਮੈਂ ਉਨ੍ਹਾਂ ਲਈ ਨਵਾਂ ਚਹਿਰਾ ਹਾਂ, ਮੈਂ ਨਵੇਂ ਵੀਜ਼ਨ ਤੇ ਆਈਡੀਆ ਦੇ ਨਾਲ ਆਈ ਹਾਂ।"
ਰੂਬੀ ਢੱਲਾ ਨੇ ਦੱਸਿਆ ਕਿ 14 ਸਾਲ ਦੀ ਉਮਰ ਤੋਂ ਹੀ ਉਨ੍ਹਾਂ ਨੇ ਪਾਰਟੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਕੁਝ ਨਿਰਾਸ਼ ਹੁੰਦਿਆ ਉਨ੍ਹਾਂ ਕਿਹਾ ਕਿ ਜੋ ਪਾਰਟੀ ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦੌਰ 'ਚ ਵੇਖੀ ਸੀ, ਉਸ ਦੀ ਦਿਸ਼ਾ ਹੁਣ ਬਦਲ ਚੁੱਕੀ ਹੈ।
ਰੂਬੀ ਕਹਿੰਦੇ ਹਨ, "ਇਸ ਲਈ ਮੈਂ ਪਾਰਟੀ ਨੂੰ ਮੁੜ ਉਸ ਦੇ ਮੂਲ ਉਦੇਸ਼ਾਂ ਵੱਲ ਲਿਆਉਣ ਲਈ ਵਚਨਬੱਧ ਹਾਂ।"

ਤਸਵੀਰ ਸਰੋਤ, Rubi Dhalla/FB
1984 'ਚ ਇੰਦਰਾ ਗਾਂਧੀ ਨੂੰ ਕਿਉਂ ਲਿਖਿਆ ਪੱਤਰ
ਰੂਬੀ ਢੱਲਾ ਨੇ 1984 'ਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਨੂੰ ਇੱਕ ਪੱਤਰ ਲਿਖਿਆ ਸੀ। ਉਹਨਾਂ ਕਿਹਾ, "ਉਸ ਸਮੇਂ ਮੈਂ ਦਸ ਸਾਲਾਂ ਦੀ ਸੀ ਅਤੇ ਮੇਰੇ ਮਾਤਾ ਜੀ ਮੈਨੂੰ ਅਤੇ ਮੇਰੇ ਭਰਾ ਨੂੰ ਰੋਜ਼ ਰਾਤ ਨੂੰ ਖਬਰਾਂ ਸੁਣਨ ਲਈ ਕਿਹਾ ਕਰਦੇ ਸਨ।"
ਢੱਲਾ ਦੱਸਦੇ ਹਨ, "ਉਸ ਸਮੇਂ 1984 ਦੇ ਦੰਗੇ ਹੋਏ ਅਤੇ ਬਹੁਤ ਸਾਰੇ ਲੋਕਾਂ ਦੇ ਘਰ ਤਬਾਹ ਹੋ ਗਏ। ਇਸ ਭਾਰੀ ਜਾਨ ਤੇ ਮਾਲ ਦੇ ਨੁਕਸਾਨ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਮੈਂ ਤਤਕਾਲੀ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਰਾਹੀਂ ਅਪੀਲ ਕੀਤੀ ਕਿ ਸਿੱਖਾਂ 'ਤੇ ਹੋ ਰਹੇ ਜ਼ੁਲਮ ਨੂੰ ਰੋਕਿਆ ਜਾਵੇ, ਕਿਉਂਕਿ ਇਹ ਕਾਰਵਾਈ ਸਵੀਕਾਰਯੋਗ ਨਹੀਂ ਹੈ।"
"ਬਾਅਦ 'ਚ ਮਰਹੂਮ ਇੰਦਰਾ ਗਾਂਧੀ ਨੇ ਮੇਰੇ ਪੱਤਰ 'ਤੇ ਕਾਰਵਾਈ ਕਰਦਿਆਂ ਇੱਕ ਪ੍ਰੈਸ ਕਾਨਫਰੰਸ ਬੁਲਾਈ।"
ਉਨ੍ਹਾਂ ਅੱਗੇ ਕਿਹਾ, "ਮੇਰੀ ਇਸ ਪਹਿਲ ਨੇ ਮੈਨੂੰ ਇੱਕ ਸਬਕ ਦਿੱਤਾ ਕਿ ਜੇਕਰ ਤੁਹਾਡੇ ਮਨ ਅੰਦਰ ਕੋਈ ਗੱਲ ਪਰੇਸ਼ਾਨ ਕਰ ਰਹੀ ਹੈ ਜਾਂ ਤੁਸੀਂ ਕੁਝ ਬਦਲਾਅ ਚਾਹੁੰਦੇ ਹਾਂ ਤਾਂ ਤੁਹਾਡੀ ਉਮਰ, ਅਮੀਰ-ਗਰੀਬ ਹੋਣ ਦੀ ਸਥਿਤੀ ਅਤੇ ਤੁਸੀਂ ਦੁਨੀਆ ਦੇ ਕਿਹੜੇ ਹਿੱਸੇ 'ਚ ਰਹਿੰਦੇ ਹੋ, ਇਹ ਸਾਰੇ ਪੱਖ ਉਸ ਪਹਿਲ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ ਹਨ।"
'ਗੈਰ-ਕਾਨੂੰਨੀ ਢੰਗ ਨਾਲ ਆਉਣ ਵਾਲੇ ਡਿਪੋਟ ਕੀਤੇ ਜਾਣ'

ਤਸਵੀਰ ਸਰੋਤ, Rubi Dhalla/FB
ਰੂਬੀ ਢੱਲਾ ਦਾ ਆਪਣਾ ਪਰਿਵਾਰ ਕੈਨੇਡਾ 'ਚ ਪੰਜਾਬ ਤੋਂ ਪਰਵਾਸ ਕਰ ਪਹੁੰਚਿਆ ਸੀ।
ਉਨ੍ਹਾਂ ਨੇ ਇਮੀਗ੍ਰੈਂਸ਼ਨ ਬਾਰੇ ਗੱਲ ਕਰਦਿਆਂ ਕਿਹਾ,"ਕੈਨੇਡਾ 'ਚ ਦੁਨੀਆ ਭਰ ਤੋਂ ਲੋਕ ਆਉਂਦੇ ਹਨ ਅਤੇ ਇੱਥੇ ਆ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਦੇ ਹਨ। ਕੈਨੇਡਾ ਨੇ ਇੱਥੇ ਆਏ ਪਰਵਾਸੀਆਂ ਦੀਆਂ ਇੱਛਾਵਾਂ, ਸੁਪਨਿਆਂ ਨੂੰ ਅਮਲੀ ਜਾਮਾ ਪਹਿਣਾਉਣ 'ਚ ਬਹੁਤ ਮਦਦ ਕੀਤੀ ਹੈ।"
ਉਨ੍ਹਾਂ ਅੱਗੇ ਕਿਹਾ ਕਿ ਕੈਨੇਡਾ 'ਚ ਆਉਣ ਲਈ ਬਹੁਤ ਸਾਰੇ ਕਾਨੂੰਨੀ ਰਾਹ ਹਨ, ਜਿਵੇਂ ਕਿ ਫੈਮਿਲੀ ਰੀਯੂਨੀਫਿਕੇਸ਼ਨ, ਇਕੋਨੋਮਿਕ ਇਨਵੇਸਟਮੈਂਟ ਪ੍ਰੋਗਰਾਮ, ਸਟੂਡੈਂਟ ਵੀਜ਼ਾ, ਵਰਕ ਪਰਮਿਟ ਆਦਿ ਪਰ ਜੋ ਪਰਵਾਸੀ ਗੈਰ-ਕਾਨੂੰਨੀ ਢੰਗ ਨਾਲ ਆਉਂਦੇ ਹਨ, ਉਨ੍ਹਾਂ ਨੂੰ ਡਿਪੋਟ ਕੀਤਾ ਜਾਣਾ ਚਾਹੀਦਾ ਹੈ। ਮਨੁੱਖੀ ਤਸਕਰੀ 'ਤੇ ਵੀ ਰੋਕ ਲੱਗਣੀ ਚਾਹੀਦੀ ਹੈ।
ਰੂਬੀ ਢੱਲਾ ਨੇ ਕਿਹਾ ਕਿ ਉਹ ਇਮੀਗ੍ਰੈਂਟ ਦੇ ਖ਼ਿਲਾਫ਼ ਨਹੀਂ ਹਨ ਬਲਕਿ ਉਹ ਗੈਰ-ਕਾਨੂੰਨੀ ਪ੍ਰਵਾਸ ਦਾ ਵਿਰੋਧ ਕਰਦੇ ਹਨ ਤਾਂ ਜੋ ਸੀਮਤ ਸਰੋਤਾਂ ਦੀ ਵਰਤੋਂ ਦੇਸ਼ ਦੇ ਵਿਕਾਸ ਲਈ ਕੀਤੀ ਜਾ ਸਕੇ।
ਟਰੰਪ ਦੇ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਦੇ ਬਿਆਨ 'ਤੇ ਕੀ ਕਿਹਾ

ਤਸਵੀਰ ਸਰੋਤ, Rubi Dhalla/FB
ਰੂਬੀ ਢੱਲਾ ਕਹਿੰਦੇ ਹਨ,"ਜੇਕਰ ਮੈਂ ਕੈਨੇਡਾ ਦੀ ਪ੍ਰਧਾਨ ਮੰਤਰੀ ਬਣਦੀ ਹਾਂ ਤਾਂ ਮੈਂ ਅਜਿਹਾ ਕਦੇ ਵੀ ਨਹੀਂ ਹੋਣ ਦੇਵਾਂਗੀ। ਮੈਂ ਆਪਣੇ ਦੇਸ਼ ਦੀ ਰੱਖਿਆ ਕਰਾਂਗੀ ਅਤੇ ਇਸ ਦੀ ਸੁਰੱਖਿਆ ਲਈ ਲੜ੍ਹਾਂਗੀ।"
"ਲੋੜ ਪਈ ਤਾਂ ਮੈਂ ਡੋਨਲਡ ਟਰੰਪ ਨਾਲ ਕੈਨੇਡਾ ਦੇ ਲਈ ਸਭ ਤੋਂ ਫਾਇਦੇਮੰਦ ਸਮਝੌਤਾ ਕਰਨ ਲਈ ਤਿਆਰ ਰਹਾਂਗੀ ਤਾਂ ਜੋ ਕੈਨੇਡਾ ਨਿਵਾਸੀਆਂ ਨੂੰ ਉਸ ਦਾ ਲਾਭ ਪਹੁੰਚੇ।"
ਇਮੀਗ੍ਰੇਸ਼ਨ ਨੀਤੀਆਂ ਬਾਰੇ ਕੀ ਕਿਹਾ
ਰੂਬੀ ਢੱਲਾ ਨੇ ਕਿਹਾ ਕਿ ਇਮੀਗ੍ਰੇਸ਼ਨ ਨੀਤੀਆਂ ਨੂੰ ਬਹੁਤ ਸੋਚ-ਸਮਝ ਕੇ ਤਿਆਰ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ, "ਪਿਛਲੇ 10 ਸਾਲਾਂ 'ਚ ਬਹੁਤ ਸਾਰੀਆਂ ਅਜਿਹੀਆਂ ਇਮੀਗ੍ਰੇਸ਼ਨ ਨੀਤੀਆਂ ਬਣੀਆਂ ਹਨ, ਜਿਨ੍ਹਾਂ ਨੇ ਦੁਨੀਆ ਭਰ ਤੋਂ ਇੱਥੇ ਆਏ ਲੋਕਾਂ ਨਾਲ ਬੇਇਨਸਾਫ਼ੀ ਕੀਤੀ ਹੈ। ਇਹ ਸਭ ਯੋਜਨਾ ਦੀ ਘਾਟ ਕਰਕੇ ਹੋਇਆ ਹੈ। ਦੇਸ਼ ਦਾ ਬੁਨਿਆਦੀ ਢਾਂਚਾ ਵੀ ਪ੍ਰਭਾਵਿਤ ਹੋਇਆ ਹੈ।"
ਕੀ ਟਰੂਡੋ ਦੀਆਂ ਇਮੀਗ੍ਰੇਂਸਨ ਨੀਤੀਆਂ ਨੇ ਨਾਕਾਰਤਮਕ ਪ੍ਰਭਾਵ ਪਾਇਆ
ਰੂਬੀ ਢੱਲਾ ਨੇ ਕਿਹਾ ਕਿ ਟਰੂਡੋ ਦੇ ਕਾਰਜਕਾਲ ਦੌਰਾਨ ਬਣੀਆਂ ਇਮੀਗ੍ਰੇਸ਼ਨ ਸਬੰਧੀ ਨੀਤੀਆਂ ਨੇ ਲਿਬਰਲ ਪਾਰਟੀ ਦੀ ਪੋਲ ਨੂੰ ਪ੍ਰਭਾਵਿਤ ਕੀਤਾ ਹੈ।
"ਪਿਛਲੇ ਕੁਝ ਸਮੇਂ ਤੋਂ ਇਹ ਹੋ ਰਿਹਾ ਹੈ ਕਿ ਇੱਕ ਨੀਤੀ ਬਣਦੀ ਸੀ ਤੇ ਤੁਰੰਤ ਉਸ ਨੂੰ ਰੱਦ ਕਰ ਦਿੱਤਾ ਜਾਂਦਾ ਸੀ। ਇਸ ਲਈ ਲੋਕਾਂ ਨੂੰ ਇਨ੍ਹਾਂ ਨੀਤੀਆਂ ਸਬੰਧੀ ਬਹੁਤ ਦੁਵਿਧਾ ਦਾ ਸਾਹਮਣਾ ਕਰਨਾ ਪਿਆ।"
ਹਰਦੀਪ ਨਿੱਝਰ ਕਤਲ ਮਾਮਲੇ ਬਾਰੇ ਕੀ ਕਿਹਾ?
ਰੂਬੀ ਢੱਲਾ ਨੇ ਕਿਹਾ, "ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਅਤੇ ਪਾਰਟੀ ਦੇ ਲੀਡਰ ਦੇ ਤੌਰ 'ਤੇ ਮੇਰੀ ਵਫਾਦਾਰੀ, ਮੇਰੀ ਤਰਜ਼ੀਹ ਕੈਨੇਡਾ ਅਤੇ ਇੱਥੋਂ ਦੇ ਨਾਗਰਿਕਾਂ ਪ੍ਰਤੀ ਹੈ। ਮੈਂ ਦੇਸ਼ ਦੇ ਨਾਗਰਿਕਾਂ ਦੀ ਰੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਮੇਸ਼ਾ ਵਚਨਬੱਧ ਰਹਾਂਗੀ।"
ਉਨ੍ਹਾਂ ਅੱਗੇ ਕਿਹਾ, "ਮੈਂ ਅਜੇ ਪ੍ਰਧਾਨ ਮੰਤਰੀ ਨਹੀਂ ਬਣੀ ਹਾਂ। ਟਰੂਡੋ ਪੀਐੱਮ ਹਨ ਅਤੇ ਉਨ੍ਹਾਂ ਕੋਲ ਹੀ ਸਾਰੀ ਜਾਣਕਾਰੀ ਹੈ। ਇਸ ਲਈ ਜੇਕਰ ਮੈਂ ਪ੍ਰਧਾਨ ਮੰਤਰੀ ਦੀ ਦੌੜ 'ਚ ਜੇਤੂ ਬਣਦੀ ਹਾਂ ਤਾਂ ਮੈਂ ਭਰੋਸਾ ਦਿੰਦੀ ਹਾਂ ਕਿ ਮੈਂ ਇਸ ਮੁੱਦੇ 'ਤੇ ਖੁੱਲ੍ਹ ਕੇ ਗੱਲ ਕਰਾਂਗੀ। ਹੁਣ ਮੈਂ ਸਿਰਫ਼ ਇਹ ਹੀ ਕਹਿ ਸਕਦੀ ਹਾਂ ਕਿ ਕੈਨੇਡਾ ਅਤੇ ਕੈਨੇਡਾ ਦੇ ਹਰ ਨਾਗਰਿਕ ਦੀ ਸੁਰੱਖਿਆ ਮੇਰੀ ਤਰਜੀਹ ਹੈ।"

ਭਾਰਤ-ਕੈਨੇਡਾ ਸਬੰਧਾਂ ਨੂੰ ਮੁੜ ਮਜ਼ਬੂਤ ਕਿਵੇਂ ਕੀਤਾ ਜਾਵੇ?
ਡੌਨਲਡ ਟਰੰਪ ਵੱਲੋਂ ਕੈਨੇਡਾ 'ਤੇ 25 ਫ਼ੀਸਦ ਟੈਰਿਫ ਟੈਕਸ ਲਗਾਉਣ ਦੀ ਗੱਲ ਦੀ ਮਿਸਾਲ ਦਿੰਦਿਆ ਰੂਬੀ ਢੱਲਾ ਨੇ ਕਿਹਾ ਕਿ ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਕਿਸੇ ਵੀ ਦੇਸ਼ ਨੂੰ ਕਦੇ ਵੀ ਕਿਸੇ ਇੱਕ ਆਰਥਿਕਤਾ 'ਤੇ ਨਿਰਭਰ ਨਹੀਂ ਹੋਣਾ ਚਾਹੀਦਾ ਹੈ।"
"ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਸਬੰਧਾਂ, ਸਾਂਝੇਦਾਰੀ ਨੂੰ ਦੁਨੀਆ ਦੇ ਦੂਜੇ ਦੇਸ਼ਾਂ ਨਾਲ ਵਧਾਉਣਾ ਚਾਹੀਦਾ ਹੈ ਤਾਂ ਜੋ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕੀਤਾ ਜਾ ਸਕੇ।"
ਉਨ੍ਹਾਂ ਅੱਗੇ ਕਿਹਾ, "ਭਾਰਤ ਦੇ ਨਾਲ ਚੀਨ, ਸਾਉਦੀ ਅਰਬ , ਸੰਯੁਕਤ ਅਰਬ ਅਮੀਰਾਤ, ਹੋਰ ਯੂਰਪੀਅਨ ਮੁਲਕਾਂ ਨਾਲ ਵੀ ਕੈਨੇਡਾ ਦੇ ਸਬੰਧਾਂ 'ਚ ਸੁਧਾਰ ਕਰਨਾ ਅਤੇ ਉਨ੍ਹਾਂ ਨੂੰ ਸਕਾਰਾਤਮਕ ਢੰਗ ਨਾਲ ਅੱਗੇ ਵਧਾਉਣਾ ਬਹੁਤ ਜ਼ਰੂਰੀ ਹੈ।"
ਕੀ ਕੈਨੇਡਾ ਖਾਲੀਸਤਾਨ ਦਾ ਹਿਮਾਇਤੀ ਹੈ?
ਇਸ ਸਵਾਲ ਦੇ ਜਵਾਬ 'ਚ ਰੂਬੀ ਢੱਲਾ ਨੇ ਕੋਈ ਸਿੱਧੀ ਪ੍ਰਤੀਕਿਰਿਆ ਨਹੀਂ ਦਿੱਤੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਚੋਣ ਪ੍ਰਚਾਰ ਕੈਨੇਡਾ 'ਚ ਵੱਧ ਰਹੀ ਮਹਿੰਗਾਈ, ਕ੍ਰਾਈਮ ਅਤੇ ਇਸ ਤਰ੍ਹਾਂ ਦੇ ਹੋਰ ਅਹਿਮ ਮੁੱਦਿਆਂ 'ਤੇ ਕੇਂਦਰਿਤ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













