ਬਾਗਬਾਨੀ ਕਰਨ ਵਾਲੇ ਲੋਕਾਂ ਵਿੱਚ ਕਿਹੜੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ

    • ਲੇਖਕ, ਜੂਲੀਆ ਹੌਟਜ਼
    • ਰੋਲ, ਬੀਬੀਸੀ ਪੱਤਰਕਾਰ

ਨਾਰਵੇ ਤੋਂ ਇੱਕ ਸੇਵਾਮੁਕਤ ਬਜ਼ੁਰਗ ਮਹਿਲਾ ਮੈਰੀਐਨ ਰੋਗਸਟੈਡ ਆਪਣੇ ਪੂਰੇ ਜੀਵਨ ਵਿੱਚ ਕੁਝ ਨਾ ਕੁਝ ਸਿੱਖਦੇ ਰਹੇ ਹਨ। ਉਨ੍ਹਾਂ ਨੇ ਪੰਜ ਦਹਾਕਿਆਂ ਤੱਕ ਸਵਿਟਜ਼ਰਲੈਂਡ ਵਿੱਚ ਇੱਕ ਹੋਟਲ ਕਲਰਕ ਵਜੋਂ ਕੰਮ ਕੀਤਾ, ਜਿੱਥੇ ਉਨ੍ਹਾਂ ਨੇ ਨਵੀਆਂ ਭਾਸ਼ਾਵਾਂ ਅਤੇ ਸੱਭਿਆਚਾਰਾਂ ਬਾਰੇ ਜਾਣਿਆ।

ਪਰ ਜਦੋਂ ਮੈਰੀਐਨ ਨਾਰਵੇ ਵਾਪਸ ਆਏ, ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੂੰ ਡਿਮੈਂਸ਼ੀਆ ਹੈ। ਇਸ ਤੋਂ ਮਗਰੋਂ ਉਹ ਇੱਕਦਮ ਹੀ ਅਲੱਗ-ਥਲੱਗ ਰਹਿਣ ਲੱਗ ਪਏ ਅਤੇ ਜੀਵਨ 'ਚ ਉਤਸ਼ਾਹ ਭਰਨ ਵਾਲੀਆਂ ਚੀਜ਼ਾਂ ਤੋਂ ਜਿਵੇਂ ਦੂਰ ਹੁੰਦੇ ਚਲੇ ਗਏ।

ਪਰ ਜਦੋਂ ਉਹ ਇੰਪਲਸਸੈਂਟਰ (ਓਸਲੋ ਤੋਂ ਬਾਹਰ ਇੱਕ ਛੋਟਾ "ਕੇਅਰ ਫਾਰਮ") ਵਿੱਚ ਸ਼ਾਮਲ ਹੋਏ ਤਾਂ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ।

ਇਸ ਕੇਅਰ ਫਾਰਮ ਦੀ ਸਥਾਪਨਾ ਹੈਨਰੀਟ ਬ੍ਰਿੰਗਸਜੋਰਡ ਨੇ ਕੀਤੀ ਸੀ, ਜੋ ਕਹਿੰਦੇ ਹਨ ਕਿ ਕੇਅਰ ਫਾਰਮ ਦਾ ਨਾਮ ਉਸੇ ਤਰੀਕੇ ਤੋਂ ਲਿਆ ਗਿਆ ਹੈ, ਜਿਸ ਤਰ੍ਹਾਂ ਇਹ ਲੋਕਾਂ ਦੇ ਕੰਮ ਕਰਨ ਅਤੇ ਦੂਜਿਆਂ ਨਾਲ ਜੁੜਨ ਦੀਆਂ ਇੱਛਾਵਾਂ ਨੂੰ ਪੂਰਾ ਕਰਦਾ ਹੈ।

ਹੈਨਰੀਟ ਕਹਿੰਦੇ ਹਨ, "ਮੇਰੇ ਮਾਪੇ ਬਾਗ਼ਬਾਨੀ ਪਸੰਦ ਕਰਦੇ ਸਨ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਡਿਮੈਂਸ਼ੀਆ ਵਾਲੇ ਲੋਕਾਂ ਲਈ ਕੰਮ ਕਰਨਾ ਬੰਦ ਕਰਨਾ ਅਤੇ ਸਮਾਜਿਕ ਜੀਵਨ ਤੋਂ ਦੂਰ ਹੋਣਾ ਕਿੰਨਾ ਔਖਾ ਹੈ।"

"ਇਸ ਲਈ, ਉਹ ਡਿਮੈਂਸ਼ੀਆ ਵਾਲੇ ਲੋਕਾਂ ਨੂੰ ਦੁਬਾਰਾ ਜ਼ਿੰਦਗੀ ਦਾ ਹਿੱਸਾ ਬਣਨ ਵਿੱਚ ਮਦਦ ਕਰਨਾ ਚਾਹੁੰਦੇ ਸਨ।"

ਸਾਲ 2015 ਵਿੱਚ, ਨਾਰਵੇ ਇੱਕ ਰਾਸ਼ਟਰੀ ਡਿਮੈਂਸ਼ੀਆ ਦੇਖਭਾਲ ਯੋਜਨਾ ਬਣਾਉਣ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਬਣ ਗਿਆ।

ਇਸ ਵਿੱਚ ਸਰਕਾਰ ਦੁਆਰਾ ਪੇਸ਼ ਕੀਤੀਆਂ ਜਾਂਦੀਆਂ ਡੇਅਕੇਅਰ ਸੇਵਾਵਾਂ ਜਿਵੇਂ ਕਿ ਇਨ ਪਾ ਟੁਨੇਟ ਭਾਵ "ਵਿਹੜੇ ਵਿੱਚ" ਜਾਂ ਦੇਖਭਾਲ ਫਾਰਮ ਸ਼ਾਮਲ ਹਨ।

ਹੁਣ, ਜਦੋਂ ਖੋਜਕਾਰ ਜ਼ਮੀਨ ਨਾਲ ਜੁੜੇ (ਖੇਤੀ/ਬਾਗ਼ਬਾਨੀ) ਕੰਮ ਕਰਨ ਦੇ ਵੱਡੇ ਲਾਭਾਂ ਨੂੰ ਪਛਾਣਦੇ ਹਨ, ਵਧੇਰੇ ਭਾਈਚਾਰੇ ਬਾਗ਼ਬਾਨੀ ਨੂੰ ਸਿਹਤ ਸੰਭਾਲ ਸਬੰਧੀ ਸੇਵਾਵਾਂ ਨਾਲ ਜੋੜ ਰਹੇ ਹਨ ਅਤੇ ਕੁਦਰਤ ਵਿੱਚ ਸਮਾਜਿਕ ਤੌਰ 'ਤੇ ਨਿਰਧਾਰਤ ਗਤੀਵਿਧੀਆਂ ਜਾਂ ਹਰੇ ਨੁਸਖ਼ਿਆਂ ਦੁਆਰਾ ਹਰ ਕਿਸਮ ਦੀਆਂ ਸਿਹਤ ਜ਼ਰੂਰਤਾਂ ਦਾ ਇਲਾਜ ਕਰਦੇ ਹਨ।

ਮੇਲਿਸਾ ਲੇਮ, ਵੈਨਕੂਵਰ ਵਿੱਚ ਸਥਿਤ ਇੱਕ ਪਰਿਵਾਰਕ ਡਾਕਟਰ ਅਤੇ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿੱਚ ਖੋਜਕਾਰ ਹਨ। ਉਹ ਕੁਦਰਤ-ਅਧਾਰਤ ਨੁਸਖ਼ਿਆਂ ਨਾਲ ਜੁੜੇ ਮੌਕਿਆਂ ਅਤੇ ਰੁਕਾਵਟਾਂ ਦੀ ਜਾਂਚ ਕਰਦੇ ਹਨ।

ਮੇਲਿਸਾ ਕਹਿੰਦੇ ਹਨ, "ਕੁਦਰਤੀ ਨੁਸਖ਼ੇ ਤਣਾਅ ਨੂੰ ਘਟਾਉਂਦੇ ਹੋਏ ਸਰੀਰਕ ਗਤੀਵਿਧੀ ਅਤੇ ਸਮਾਜਿਕ ਸੰਪਰਕ ਨੂੰ ਵਧਾ ਸਕਦੇ ਹਨ, ਜਿਸ ਦੇ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਕੰਟਰੋਲ ਕਰਨ ਅਤੇ ਸਿਹਤਮੰਦ ਵਜ਼ਨ ਲਈ ਕਈ ਸਕਾਰਾਤਮਕ ਪ੍ਰਭਾਵ ਹੁੰਦੇ ਹਨ। ਇਸ ਨਾਲ ਬਿਮਾਰੀਆਂ ਦਾ ਜੋਖ਼ਮ ਘਟ ਜਾਂਦਾ ਹੈ, ਜੋ ਕਿ ਡਿਮੈਂਸ਼ੀਆ ਦਾ ਕਾਰਨ ਬਣ ਸਕਦੀਆਂ ਹਨ।"

ਉਹ ਅੱਗੇ ਕਹਿੰਦੇ ਹਨ, "ਅਸੀਂ ਸਾਰੇ ਜਾਣਦੇ ਹਾਂ ਕਿ ਵਧੇਰੇ ਸਰੀਰਕ ਗਤੀਵਿਧੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਬਿਹਤਰ ਬਣਾਉਂਦੀ ਹੈ, ਪਰ ਬਾਗ਼ਬਾਨੀ ਉਨ੍ਹਾਂ ਲਾਭਾਂ ਨੂੰ ਹੋਰ ਵੀ ਵਧਾਉਂਦੀ ਹੈ।

ਨਵਾਂ ਡੇਟਾ ਅਜਿਹੇ ਫਾਇਦਿਆਂ 'ਤੇ ਰੌਸ਼ਨੀ ਪਾਉਂਦਾ ਹੈ ਜੋ ਬਾਗ਼ਬਾਨੀ ਵਿੱਚ ਸਮਾਂ ਬਿਤਾਉਣ ਨਾਲ ਮਿਲਦੇ ਹਨ।

ਆਪਣੀ ਤਰ੍ਹਾਂ ਦੇ ਇਸ ਪਹਿਲੇ ਅਧਿਐਨ ਵਿੱਚ, ਐਡਿਨਬਰਗ ਯੂਨੀਵਰਸਿਟੀ ਦੇ ਖੋਜਕਾਰ ਨੇ ਜਾਂਚ ਕੀਤੀ ਕਿ ਕੀ ਬਾਗ਼ਬਾਨੀ ਅਤੇ ਸਾਡੇ ਜੀਵਨ ਕਾਲ ਵਿੱਚ ਬੁੱਧੀ ਵਿੱਚ ਤਬਦੀਲੀਆਂ ਵਿਚਕਾਰ ਕੋਈ ਸਬੰਧ ਹੋ ਸਕਦਾ ਹੈ।

ਇਸ ਅਧਿਐਨ ਵਿੱਚ 11 ਅਤੇ 79 ਸਾਲ ਦੀ ਉਮਰ ਦੇ ਹਿੱਸੇਦਾਰਾਂ ਦੀ ਬੁੱਧੀ ਦਾ ਟੈਸਟ ਲੈਣ ਤੋਂ ਬਾਅਦ ਸਕੋਰਾਂ ਦੀ ਤੁਲਨਾ ਕੀਤੀ ਗਈ।

ਨਤੀਜਿਆਂ ਵਿੱਚ ਆਇਆ ਕਿ ਜਿਨ੍ਹਾਂ ਲੋਕਾਂ ਨੇ ਬਾਗ਼ਬਾਨੀ ਵਿੱਚ ਸਮਾਂ ਬਿਤਾਇਆ, ਉਨ੍ਹਾਂ ਨੇ ਆਪਣੀ ਬੋਧਾਤਮਕ ਯੋਗਤਾ ਵਿੱਚ ਜੀਵਨ ਭਰ ਵਿੱਚ, ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਸੁਧਾਰ ਦਿਖਾਇਆ ਜਿਨ੍ਹਾਂ ਨੇ ਕਦੇ ਬਾਗ਼ਬਾਨੀ ਨਹੀਂ ਕੀਤੀ ਜਾਂ ਬਹੁਤ ਘੱਟ ਕੀਤੀ।

ਅਧਿਐਨ ਦੀ ਮੁੱਖ ਖੋਜਕਰਤਾ ਜੈਨੀ ਕੋਰਲੀ ਨੇ ਇੱਕ ਪ੍ਰੈੱਸ ਰਿਲੀਜ਼ ਵਿੱਚ ਕਿਹਾ, "ਬਾਗ਼ਬਾਨੀ ਪ੍ਰੋਜੈਕਟਾਂ ਵਿੱਚ ਸ਼ਾਮਲ ਹੋਣਾ, ਪੌਦਿਆਂ ਬਾਰੇ ਸਿੱਖਣਾ ਅਤੇ ਆਮ ਤੌਰ 'ਤੇ ਬਾਗ਼ ਦੀ ਦੇਖਭਾਲ ਵਿੱਚ ਯਾਦਦਾਸ਼ਤ ਅਤੇ ਕਾਰਜਕਾਰੀ ਕਾਰਜ ਵਰਗੀਆਂ ਪ੍ਰਕਿਰਿਆਵਾਂ ਸ਼ਾਮਲ ਹੁੰਦੀਆਂ ਹਨ।"

ਕੋਰਲੀ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਕੁਝ ਲਾਭ "ਇਸ ਨੂੰ ਵਰਤੋ ਜਾਂ ਗੁਆ ਦਿਓ" ਬੋਧਾਤਮਕ ਢਾਂਚੇ ਤੋਂ ਆ ਸਕਦੇ ਹਨ, ਇੱਕ ਸਿਧਾਂਤ ਜੋ ਸੁਝਾਅ ਦਿੰਦਾ ਹੈ ਕਿ ਵੱਡੀ ਉਮਰ ਵਿੱਚ ਸਾਡੀਆਂ ਮਾਨਸਿਕ ਯੋਗਤਾਵਾਂ ਦੀ ਤਾਕਤ ਇਸ ਗੱਲ 'ਤੇ ਨਿਰਭਰ ਕਰਦੀਆਂ ਹਨ ਕਿ ਅਸੀਂ ਉਨ੍ਹਾਂ ਦੀ ਵਰਤੋਂ ਕਿੰਨੀ ਵਾਰ ਕਰਦੇ ਹਾਂ।"

"ਜਦੋਂ ਅਸੀਂ ਅਜਿਹੇ ਕੰਮ ਕਰਨ ਤੋਂ ਗੁਰੇਜ਼ ਕਰ ਜਾਂਦੇ ਹਾਂ ਜੋ ਸਾਡੇ ਦਿਮਾਗ਼ ਦੇ ਕੁਝ ਹਿੱਸਿਆਂ ਨੂੰ ਉਤੇਜਿਤ ਕਰਦੇ ਹਨ, ਤਾਂ ਸਾਡੇ ਦਿਮਾਗ਼ ਦੇ ਉਹ ਹਿੱਸੇ ਆਪਣੀ ਕਾਰਜਸ਼ੀਲਤਾ ਗੁਆਉਣਾ ਸ਼ੁਰੂ ਕਰ ਦਿੰਦੇ ਹਨ, ਪਰ ਨਿਯਮਿਤ ਤੌਰ 'ਤੇ ਇਨ੍ਹਾਂ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਜਿਵੇਂ ਕਿ ਕੋਈ ਸਮੱਸਿਆ ਹੱਲ ਕਰਨਾ, ਨਵਾਂ ਕੰਮ/ਕਲਾ ਸਿੱਖਣਾ ਜਾਂ ਰਚਨਾਤਮਕ ਹੋਣਾ ਵੱਡੀ ਉਮਰ ਵਿੱਚ ਉਲਟ ਪ੍ਰਭਾਵ ਪਾ ਸਕਦਾ ਹੈ।"

(ਭਾਵ ਦਿਮਾਗ਼ ਦੇ ਉਨ੍ਹਾਂ ਹਿੱਸਿਆਂ ਨੂੰ ਕਾਰਜਸ਼ੀਲ ਬਣਾ ਕੇ ਸਾਨੂੰ ਲਾਭ ਦੇ ਸਕਦਾ ਹੈ।)

ਸੰਯੁਕਤ ਰਾਜ ਅਮਰੀਕਾ ਵਿੱਚ 2002 ਵਿੱਚ 800 ਤੋਂ ਵੱਧ ਨਨਾਂ ਨੂੰ ਸ਼ਾਮਲ ਕਰ ਕੇ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਦਿਮਾਗ਼ ਨੂੰ ਉਤੇਜਿਤ ਕਰਨ ਵਾਲੀਆਂ ਗਤੀਵਿਧੀਆਂ ਵਿੱਚ ਅਕਸਰ ਹਿੱਸਾ ਲੈਣ ਨਾਲ ਅਲਜ਼ਾਈਮਰ ਰੋਗ (ਭੁੱਲਣ ਦੀ ਬਿਮਾਰੀ) ਦਾ ਖ਼ਤਰਾ ਘੱਟ ਜਾਂਦਾ ਹੈ।

ਜਾਪਾਨ ਵਿੱਚ ਬਜ਼ੁਰਗ ਬਾਲਗ਼ਾਂ ਦੇ ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਕਿ ਅਰਥਪੂਰਨ ਗਤੀਵਿਧੀਆਂ ਵਿੱਚ ਹਿੱਸੇਦਾਰੀ ਯਾਦਦਾਸ਼ਤ ਵਿੱਚ ਕਮੀ ਹੋਣ ਤੋਂ ਬਚਾ ਸਕਦੀ ਹੈ।

ਇਸ ਦੌਰਾਨ, ਹੋਰ ਖੋਜਾਂ ਵਿੱਚ ਦੇਖਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਬੋਧਾਤਮਕ ਤੌਰ 'ਤੇ ਉਤੇਜਕ ਗਤੀਵਿਧੀਆਂ ਵਿੱਚ ਹਿੱਸਾ ਲਿਆ, ਖ਼ਾਸ ਤੌਰ 'ਤੇ ਸਮਾਜਿਕ ਮਾਹੌਲ ਵਿੱਚ, ਉਨ੍ਹਾਂ ਵਿੱਚ ਬੋਧਾਤਮਕ, ਮੂਡ (ਵਿਵਹਾਰ), ਸੰਚਾਰ (ਦੂਜਿਆਂ ਨਾਲ ਗੱਲ-ਬਾਤ ਅਤੇ ਮੇਲਜੋਲ) ਦੇ ਮਾਮਲੇ ਵਿੱਚ ਸੁਧਾਰ ਹੋਇਆ।

ਬਾਗ਼ਬਾਨੀ ਦੇ ਖ਼ਾਸ ਬੋਧਾਤਮਕ ਲਾਭ ਨਜ਼ਰ ਆਉਂਦੇ ਹਨ। ਪਹਿਲੀ ਚੀਜ਼ ਇਹ, ਬਾਗ਼ਬਾਨੀ ਕਰਨ ਵਾਲੇ ਵਿਅਕਤੀ ਬ੍ਰੇਨ-ਡ੍ਰਾਈਵਡ ਨਿਊਰੋਟ੍ਰੋਫਿਕ ਫੈਕਟਰ (ਬੀਡੀਐੱਨਐੱਫ) ਦੇ ਨਰਵਸ ਦੇ ਪੱਧਰਾਂ ਵਿੱਚ ਵਾਧਾ ਮਹਿਸੂਸ ਕਰਦੇ ਹਨ। ਇਹ ਇੱਕ ਪ੍ਰੋਟੀਨ ਹੁੰਦਾ ਜੋ ਨਿਊਰੋਨਸ ਦੇ ਵਿਕਾਸ ਅਤੇ ਬਚਾਅ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਉਨ੍ਹਾਂ ਦੇ ਵੈਸਕੁਲਰ ਐਂਡੋਥੈਲਿਅਲ ਗ੍ਰੋਥ ਫੈਕਟਰ (ਵੀਈਜੀਐੱਫ) ਵਿੱਚ ਵੀ ਵਾਧਾ ਹੁੰਦਾ ਹੈ, ਜੋ ਕਿ ਬੋਧਾਤਮਕ ਕਾਰਜਸ਼ੀਲਤਾ ਨੂੰ ਬਿਹਤਰ ਬਣਾਉਣ ਨਾਲ ਜੁੜਿਆ ਇੱਕ ਪ੍ਰੋਟੀਨ ਹੈ।

ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੇ 2006 ਦੇ ਇੱਕ ਅਧਿਐਨ ਵਿੱਚ ਉਨ੍ਹਾਂ ਆਸਟ੍ਰੇਲੀਆਈ ਮਰਦਾਂ ਅਤੇ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਸੀ ਜੋ ਆਪਣੇ ਸੱਠਵਿਆਂ ਵਿੱਚ ਸਨ।

ਇਸ ਅਧਿਐਨ ਵਿੱਚ ਪਾਇਆ ਗਿਆ ਕਿ ਜਿਹੜੇ ਲੋਕ ਰੋਜ਼ਾਨਾ ਬਾਗ਼ਬਾਨੀ ਕਰਦੇ ਸਨ, ਉਨ੍ਹਾਂ ਵਿੱਚ ਉਨ੍ਹਾਂ ਲੋਕਾਂ ਨਾਲੋਂ ਡਿਮੈਂਸ਼ੀਆ ਹੋਣ ਦਾ ਜੋਖ਼ਮ 36 ਫੀਸਦੀ ਘੱਟ ਸੀ, ਜੋ ਬਾਗ਼ਬਾਨੀ ਨਹੀਂ ਕਰਦੇ ਸਨ।

ਬਾਗ਼ਬਾਨੀ ਨੂੰ ਧਿਆਨ ਵਿੱਚ ਸੁਧਾਰ, ਤਣਾਅ ਘਟਾਉਣ, ਰੀਡਿਊਸ ਫਾਲਸ (ਡਿੱਗਣ ਦਾ ਖ਼ਤਰਾ ਘਟਾਉਣ) ਅਤੇ ਦਵਾਈਆਂ 'ਤੇ ਨਿਰਭਰਤਾ ਘੱਟ ਕਰਨ ਲਈ ਵੀ ਲਾਭਦਾਇਕ ਦੇਖਿਆ ਗਿਆ।

ਇਨ੍ਹਾਂ ਵਿੱਚੋਂ ਕੁਝ ਬੋਧਾਤਮਕ ਲਾਭ ਤਾਂ ਸਿਰਫ਼ ਕੁਦਰਤ ਵਿੱਚ ਹੋਣ ਨਾਲ ਹੀ ਆ ਸਕਦੇ ਹਨ ਭਾਵ ਕੁਦਰਤ ਦੇ ਕਰੀਬ ਰਹਿਣ ਨਾਲ।

ਰੋਜਰ ਉਲਰਿਚ, ਸਿਹਤ ਪ੍ਰਣਾਲੀਆਂ ਨੂੰ ਡਿਜ਼ਾਈਨ ਕਰਨ ਦੇ ਵਿਸ਼ਵ ਮਾਹਰ ਹਨ ਅਤੇ ਸਵੀਡਨ ਵਿੱਚ ਚੈਲਮਰਸ ਯੂਨੀਵਰਸਿਟੀ ਵਿੱਚ ਆਰਕੀਟੈਕਚਰ ਦੇ ਪ੍ਰੋਫੈਸਰ ਹਨ।

ਉਹ ਉਨ੍ਹਾਂ ਪਹਿਲੇ ਲੋਕਾਂ ਵਿੱਚ ਇੱਕ ਹਨ, ਜਿਨ੍ਹਾਂ ਨੇ ਕੁਦਰਤ ਦੇ ਸੰਪਰਕ ਨੂੰ ਤਣਾਅ ਘਟਾਉਣ ਨਾਲ ਜੋੜ ਕੇ ਦੇਖਿਆ ਸੀ।

1980 ਅਤੇ 1990 ਦੇ ਦਹਾਕੇ ਦੌਰਾਨ, ਉਨ੍ਹਾਂ ਨੇ ਕਈ ਮਹੱਤਵਪੂਰਨ ਅਧਿਐਨ ਕੀਤੇ ਜੋ ਇਹ ਦਰਸਾਉਂਦੇ ਸਨ ਕਿ ਕਿਵੇਂ ਰੁੱਖਾਂ ਅਤੇ ਹੋਰ ਪੌਦਿਆਂ ਨੂੰ ਸਿਰਫ਼ ਇੱਕ ਖਿੜਕੀ ਵਿੱਚੋਂ ਵੀ ਦੇਖਣਾ ਕਿਸੇ ਵਿਅਕਤੀ ਦਾ ਦਰਦ ਘਟਾ ਸਕਦਾ ਹੈ, ਸਕਾਰਾਤਮਕ ਭਾਵਨਾਵਾਂ ਨੂੰ ਵਧਾ ਸਕਦਾ ਹੈ ਅਤੇ ਇਕਾਗਰਤਾ ਨੂੰ ਮਜ਼ਬੂਤ ਕਰ ਸਕਦਾ ਹੈ।

ਉਲਰਿਚ ਨੇ ਸੁਝਾਅ ਦਿੱਤਾ ਕਿ ਇਹ ਪ੍ਰਤੀਕਿਰਿਆਵਾਂ ਵਿਕਾਸ ਦੁਆਰਾ ਪ੍ਰੇਰਿਤ ਸਨ। ਕਿਉਂਕਿ ਤਣਾਅਪੂਰਨ ਸਥਿਤੀ ਤੋਂ ਉਭਰਨ ਦੀ ਯੋਗਤਾ ਜੀਣ ਲਈ ਅਨੁਕੂਲ ਸੀ, ਇਸ ਲਈ ਕੁਦਰਤੀ ਸਥਿਤੀਆਂ ਵਿੱਚ ਤਣਾਅ ਤੋਂ ਉਭਰਨ ਦੀ ਪ੍ਰਵਿਰਤੀ ਜੈਨੇਟਿਕ ਤੌਰ 'ਤੇ ਅਨੁਕੂਲ ਸੀ, ਪੀੜ੍ਹੀ ਦਰ ਪੀੜ੍ਹੀ ਚਲਦੀ ਆ ਰਹੀ ਸੀ।

ਇਹ ਸਮਝਿਆ ਜਾ ਸਕਦਾ ਹੈ ਕਿ ਕੁਦਰਤ ਦੀ ਛੋਟੀ ਖੁਰਾਕ ਵੀ ਆਧੁਨਿਕ ਮਨੁੱਖਾਂ ਵਿੱਚ ਤੰਦਰੁਸਤੀ ਨੂੰ ਕਿਵੇਂ ਸੁਧਾਰ ਲਿਆ ਸਕਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)