ਸਾਜਿਦ ਅਤੇ ਨਵੀਦ ਅਕਰਮ: ਆਸਟ੍ਰੇਲੀਆ ਦੇ ਬੋਂਡਾਈ ਬੀਚ 'ਤੇ ਹਮਲਾ ਕਰਨ ਵਾਲੇ ਪਿਤਾ-ਪੁੱਤ ਦੀ ਜੋੜੀ ਬਾਰੇ ਕੀ ਪਤਾ ਲੱਗਿਆ

ਆਸਟ੍ਰੇਲੀਆ ਦੇ ਸਿਡਨੀ ਦੇ ਬੋਂਡਾਈ ਬੀਚ 'ਤੇ ਐਤਵਾਰ ਨੂੰ ਗੋਲੀਬਾਰੀ ਕਰਨ ਵਾਲੇ ਦੋ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ। ਸਥਾਨਕ ਮੀਡੀਆ ਨੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ ਦੱਸਿਆ ਹੈ।

ਪਿਤਾ ਦਾ ਨਾਮ ਸਾਜਿਦ ਅਕਰਮ ਹੈ ਜਿਨ੍ਹਾਂ ਦੀ ਉਮਰ 50 ਸਾਲ ਹੈ। ਪੁੱਤ ਦਾ ਨਾਮ ਨਵੀਦ ਅਕਰਮ ਹੈ, ਜਿਨ੍ਹਾਂ ਦੀ ਉਮਰ 24 ਸਾਲ ਦੱਸੀ ਗਈ ਹੈ।

ਇਸ ਤੋਂ ਪਹਿਲਾਂ ਪੁਲਿਸ ਨੇ ਕਿਹਾ ਸੀ ਕਿ ਪਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਪੁੱਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਐਤਵਾਰ ਨੂੰ ਯਹੂਦੀ ਤਿਉਹਾਰ ਹਨੂਕਾ ਦੌਰਾਨ ਬੋਂਡਾਈ ਬੀਚ 'ਤੇ ਬੰਦੂਕਧਾਰੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਪੰਦਰਾਂ ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ।

ਹਮਲਾਵਰਾਂ ਨੇ ਕਥਿਤ ਤੌਰ 'ਤੇ ਇਸਲਾਮਿਕ ਸਟੇਟ (ਆਈਐੱਸ) ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕੀ ਸੀ। ਕਥਿਤ ਤੌਰ 'ਤੇ ਉਨ੍ਹਾਂ ਦੀ ਕਾਰ ਵਿੱਚੋਂ ਆਈਐੱਸ ਦੇ ਝੰਡੇ ਵੀ ਮਿਲੇ ਹਨ।

'ਹਥਿਆਰਾਂ ਦਾ ਲਾਇਸੈਂਸ ਸੀ'

ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸਟੇਟ ਦੇ ਪੁਲਿਸ ਕਮਿਸ਼ਨਰ ਮੇਲ ਲੈਨਨ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਾਜਿਦ ਅਕਰਮ ਕੋਲ ਸ਼ਿਕਾਰ ਕਰਨ ਵਾਲੇ ਹਥਿਆਰਾਂ ਦਾ ਲਾਇਸੈਂਸ ਸੀ ਅਤੇ ਉਹ ਇੱਕ ਗਨ ਕਲੱਬ ਦੇ ਮੈਂਬਰ ਸਨ।

ਇੱਕ ਸੀਨੀਅਰ ਅਧਿਕਾਰੀ ਨੇ ਆਸਟ੍ਰੇਲੀਆਈ ਬਰਾਡਕਾਸਟਰ ਏਬੀਸੀ ਨਿਊਜ਼ ਨੂੰ ਦੱਸਿਆ ਕਿ ਬੋਂਡਾਈ ਬੀਚ 'ਤੇ ਹਮਲਾ ਕਰਨ ਵਾਲੇ ਹਮਲਾਵਰਾਂ ਦੀ ਕਾਰ ਵਿੱਚੋਂ ਇਸਲਾਮਿਕ ਸਟੇਟ (ਆਈਐੱਸ) ਦੇ ਦੋ ਝੰਡੇ ਮਿਲੇ ਹਨ।

ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਮੁਤਾਬਕ, ਸਾਜਿਦ ਅਕਰਮ 1998 ਵਿੱਚ ਵਿਦਿਆਰਥੀ ਵੀਜ਼ੇ 'ਤੇ ਆਸਟ੍ਰੇਲੀਆ ਆਏ ਸਨ। ਸਾਲ 2001 ਵਿੱਚ ਉਨ੍ਹਾਂ ਦੇ ਵੀਜ਼ੇ ਨੂੰ ਪਾਰਟਨਰ ਵੀਜ਼ੇ ਵਿੱਚ ਬਦਲ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਉਨਾਂ ਨੂੰ ਰੈਜ਼ੀਡੈਂਟ ਰਿਟਰਨ ਵੀਜ਼ਾ ਦਿੱਤਾ ਗਿਆ ਸੀ।

ਉਨ੍ਹਾਂ ਦੇ ਪੁੱਤ ਨਵੀਦ ਅਕਰਮ ਦਾ ਜਨਮ ਆਸਟ੍ਰੇਲੀਆ ਵਿੱਚ ਹੋਇਆ ਸੀ ਅਤੇ ਉਹ ਉਸੇ ਦੇਸ਼ ਦਾ ਨਾਗਰਿਕ ਹੈ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਅਕਰਮ ਪਹਿਲੀ ਵਾਰ ਅਕਤੂਬਰ 2019 ਵਿੱਚ ਸੁਰੱਖਿਆ ਏਜੰਸੀਆਂ ਦੇ ਧਿਆਨ ਵਿੱਚ ਆਇਆ ਸੀ। ਉਸ ਸਮੇਂ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਉਸ ਦੇ ਲਗਾਤਾਰ ਖ਼ਤਰਾ ਪੈਦਾ ਕਰਨ ਜਾਂ ਹਿੰਸਾ ਵਿੱਚ ਸ਼ਾਮਲ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ ਸੀ।

ਏਬੀਸੀ ਨਿਊਜ਼ ਮੁਤਾਬਕ, ਘਟਨਾ ਵਾਲੀ ਥਾਂ ਤੋਂ ਮਿਲੀ ਫ਼ੁਟੇਜ ਵਿੱਚ ਕਾਰ ਦੇ ਹੁੱਡ 'ਤੇ ਇੱਕ ਝੰਡਾ ਸਾਫ਼ ਦਿਖਾਈ ਦੇ ਰਿਹਾ ਹੈ।

ਬੰਦੂਕਧਾਰੀਆਂ ਵਿੱਚੋਂ ਇੱਕ ਨਵੀਦ ਅਕਰਮ ਤੋਂ ਪਹਿਲਾਂ ਸਿਡਨੀ ਸਥਿਤ ਇੱਕ ਆਈਐੱਸਆਈਐੱਸ ਨਾਲ ਜੁੜੇ ਸੈੱਲ ਨਾਲ ਨੇੜਲੇ ਸਬੰਧਾਂ ਲਈ ਪੁੱਛਗਿੱਛ ਕੀਤੀ ਜਾ ਚੁੱਕੀ ਹੈ।

ਏਬੀਸੀ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆਈ ਪੁਲਿਸ ਦਾ ਮੰਨਣਾ ਹੈ ਕਿ 'ਦੋਵਾਂ ਬੰਦੂਕਧਾਰੀਆਂ ਨੇ ਆਈਐੱਸ ਅੱਤਵਾਦੀ ਸੰਗਠਨ ਪ੍ਰਤੀ ਵਫ਼ਾਦਾਰੀ ਦੀ ਸਹੁੰ ਖਾਧੀ ਸੀ।'

'ਕੁਰਾਨ ਪੜ੍ਹਨ ਵਾਲਾ ਹਰ ਵਿਅਕਤੀ ਜ਼ਰੂਰੀ ਨਹੀਂ ਕੋਈ ਉਸ ਨੂੰ ਸਮਝਦਾ ਵੀ ਹੋਵੇ'

ਏਬੀਸੀ ਦੀ ਰਿਪੋਰਟ ਮੁਤਾਬਕ ਨਵੀਦ ਅਕਰਮ ਨੇ 2019 ਦੇ ਅਖੀਰ ਵਿੱਚ ਅਰਜ਼ੀ ਦੇਣ ਤੋਂ ਬਾਅਦ ਪੱਛਮੀ ਸਿਡਨੀ ਦੇ ਅਲ ਮੁਰਾਦ ਇੰਸਟੀਚਿਊਟ ਵਿੱਚ ਇੱਕ ਸਾਲ ਲਈ ਕੁਰਾਨ ਅਤੇ ਅਰਬੀ ਭਾਸ਼ਾ ਦੀ ਪੜ੍ਹਾਈ ਕੀਤੀ ਸੀ।

ਸੰਸਥਾ ਦੇ ਸੰਸਥਾਪਕ ਐਡਮ ਇਸਮਾਈਲ ਨੇ ਬੋਂਡਾਈ ਗੋਲੀਬਾਰੀ ਨੂੰ 'ਭਿਆਨਕ ਸਦਮਾ' ਦੱਸਿਆ ਅਤੇ ਕਿਹਾ ਕਿ ਇਸਲਾਮ ਵਿੱਚ ਅਜਿਹੇ ਹਮਲੇ ਸਖ਼ਤੀ ਨਾਲ ਵਰਜਿਤ ਹਨ।

ਉਨ੍ਹਾਂ ਨੇ ਸੋਮਵਾਰ ਨੂੰ ਕਿਹਾ, "ਮੈਨੂੰ ਇਹ ਬਿਲਕੁਲ ਹੈਰਾਨ ਕਰਨ ਵਾਲਾ ਲੱਗਦਾ ਹੈ ਕਿ ਉਹ ਜਿਸ ਕੁਰਾਨ ਨੂੰ ਪੜ੍ਹਨਾ ਸਿੱਖ ਰਿਹਾ ਸੀ, ਉਹ ਸਪੱਸ਼ਟ ਤੌਰ 'ਤੇ ਕਹਿੰਦਾ ਹੈ ਕਿ ਇੱਕ ਨਿਰਦੋਸ਼ ਵਿਅਕਤੀ ਨੂੰ ਮਾਰਨਾ ਸਾਰੀ ਮਨੁੱਖਤਾ ਨੂੰ ਮਾਰਨ ਦੇ ਬਰਾਬਰ ਹੈ।"

ਉਨ੍ਹਾਂ ਕਿਹਾ, "ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਕੱਲ੍ਹ ਬੋਂਡਾਈ ਵਿੱਚ ਜੋ ਹੋਇਆ ਉਹ ਇਸਲਾਮ ਵਿੱਚ ਪੂਰੀ ਤਰ੍ਹਾਂ ਵਰਜਿਤ ਹੈ। ਕੁਰਾਨ ਦਾ ਪਾਠ ਕਰਨ ਵਾਲਾ ਹਰ ਕੋਈ ਇਸ ਨੂੰ ਨਹੀਂ ਸਮਝਦਾ ਜਾਂ ਇਸ ਦੀਆਂ ਸਿੱਖਿਆਵਾਂ ਅਨੁਸਾਰ ਨਹੀਂ ਜੀਉਂਦਾ। ਬਦਕਿਸਮਤੀ ਨਾਲ ਇਸ ਮਾਮਲੇ ਵਿੱਚ ਵੀ ਇਹੀ ਹੁੰਦਾ ਜਾਪਦਾ ਹੈ।"

ਸਿਡਨੀ ਮਾਰਨਿੰਗ ਹੇਰਾਲਡ ਮੁਤਾਬਕ ਇੱਕ ਔਰਤ ਜਿਸਨੇ ਖ਼ੁਦ ਨੂੰ ਇੱਕ ਬੰਦੂਕਧਾਰੀ ਦੀ ਪਤਨੀ ਅਤੇ ਦੂਜੇ ਦੀ ਮਾਂ ਦੱਸਿਆ ਨੇ ਐਤਵਾਰ ਸ਼ਾਮ ਨੂੰ ਅਖਬਾਰ ਨੂੰ ਦੱਸਿਆ ਕਿ ਦੋਵਾਂ ਨੇ ਕਿਹਾ ਸੀ ਕਿ ਉਹ ਬੋਂਡਾਈ ਜਾਣ ਤੋਂ ਪਹਿਲਾਂ ਮੱਛੀਆਂ ਫ਼ੜਨ ਲਈ ਜਾਣ ਵਾਲੇ ਸਨ।

ਖ਼ਬਰ ਏਜੰਸੀ ਰਾਇਟਰਜ਼ ਨੇ ਬੋਨੀਰਿਗ ਨੂੰ ਇੱਕ ਮਿਹਨਤਕਸ਼ ਲੋਕਾਂ ਦਾ ਨਸਲੀ ਵਿਭਿੰਨਤਤਾ ਖ਼ੂਬਸੂਰਤ ਇਲਾਕਾ ਦੱਸਿਆ ਹੈ।

ਸਥਾਨਕ ਨਿਵਾਸੀਆਂ ਨੇ ਏਜੰਸੀ ਨੂੰ ਦੱਸਿਆ ਕਿ ਅਕਰਮ ਪਰਿਵਾਰ ਆਮ ਤੌਰ 'ਤੇ ਆਪਣੇ ਆਪ ਵਿੱਚ ਸੀਮਤ ਰਹਿੰਦਾ ਸੀ, ਪਰ ਇਲਾਕੇ ਦੇ ਕਿਸੇ ਵੀ ਆਮ ਪਰਿਵਾਰ ਵਾਰਗਾ ਲੱਗਦਾ ਸੀ।

66 ਸਾਲਾ ਲੇਮਾਨਤੁਆ ਫਾਤੂ ਨੇ ਕਿਹਾ, "ਮੈਂ ਹਮੇਸ਼ਾ ਉਸ ਆਦਮੀ, ਔਰਤ ਅਤੇ ਉਨ੍ਹਾਂ ਦੇ ਪੁੱਤ ਨੂੰ ਦੇਖਿਆ। ਉਹ ਬਿਲਕੁਲ ਆਮ ਲੋਕ ਸਨ।"

ਹਮਲਾਵਰਾਂ ਨੇ ਘਟਨਾ ਸਥਾਨ ਦੇ ਨੇੜੇ ਇੱਕ ਕਮਰਾ ਕਿਰਾਏ 'ਤੇ ਲਿਆ ਹੋਇਆ ਸੀ

ਬੀਚ ਦੇ ਨੇੜੇ ਘਰ ਕਿਰਾਏ 'ਤੇ ਲੈਣ ਤੋਂ ਪਹਿਲਾਂ, ਹਮਲਾਵਰ ਸਿਡਨੀ ਦੇ ਬਾਹਰਵਾਰ ਬੋਨੀਰਿਗ ਵਿੱਚ ਰਹਿੰਦੇ ਸਨ, ਜੋ ਕਿ ਬੋਂਡਾਈ ਬੀਚ ਤੋਂ ਤਕਰੀਬਨ ਇੱਕ ਘੰਟੇ ਦੀ ਦੂਰੀ 'ਤੇ ਹੈ।

ਸਾਜਿਦ ਅਤੇ ਨਵੀਦ ਅਕਰਮ ਕੁਝ ਹਫ਼ਤੇ ਪਹਿਲਾਂ ਤੱਕ ਉੱਥੇ ਹੀ ਰਹਿੰਦੇ ਸਨ। ਇਸ ਤੋਂ ਬਾਅਦ ਉਹ ਹਮਲੇ ਵਾਲੀ ਥਾਂ ਦੇ ਨੇੜੇ ਕੈਂਪਸੀ ਵਿੱਚ ਇੱਕ ਕਿਰਾਏ ਦੀ ਜਗ੍ਹਾ 'ਤੇ ਰਹਿਣ ਚਲੇ ਗਏ ਸਨ।

ਬੀਬੀਸੀ ਪੱਤਰਕਾਰ ਕੇਟੀ ਵਾਟਸਨ ਬੋਨੀਰਿਗ ਵਿੱਚ ਉਨ੍ਹਾਂ ਦੇ ਘਰ ਗਈ ਸੀ।

ਉਹ ਕਹਿੰਦੀ ਹੈ, "ਪੁਲਿਸ ਨੇ ਰਾਤ ਨੂੰ ਇਸ ਘਰ 'ਤੇ ਛਾਪਾ ਮਾਰਿਆ। ਇੱਥੇ ਰਹਿਣ ਵਾਲੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਇਲਜ਼ਾਮ ਦੇ ਰਿਹਾ ਕਰ ਦਿੱਤਾ ਗਿਆ ਅਤੇ ਉਹ ਦੁਬਾਰਾ ਘਰ ਦੇ ਅੰਦਰ ਵਾਪਸ ਆ ਗਏ।"

'ਅਹਿਮਦ ਅਸਲ ਜ਼ਿੰਦਗੀ ਦਾ ਹੀਰੋ ਹੈ'

ਇਸ ਦੌਰਾਨ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਹਸਪਤਾਲ ਵਿੱਚ ਅਹਿਮਦ ਅਲ ਅਹਿਮਦ ਨੂੰ ਮਿਲਣ ਲਈ ਕਿਹਾ, ਜਿਸਨੇ ਇੱਕ ਬੰਦੂਕਧਾਰੀ ਨੂੰ ਸਫਲਤਾਪੂਰਵਕ ਨਿਹੱਥਾ ਕਰ ਦਿੱਤਾ ਸੀ।

ਮਿੰਸ ਨੇ ਲਿਖਿਆ, "ਅਹਿਮਦ ਇੱਕ ਅਸਲ ਜ਼ਿੰਦਗੀ ਦਾ ਹੀਰੋ ਹੈ। ਕੱਲ੍ਹ ਰਾਤ ਉਸ ਦੀ ਅਸਾਧਾਰਨ ਬਹਾਦਰੀ ਨੇ ਆਪਣੀ ਜਾਨ ਨੂੰ ਬਹੁਤ ਜ਼ਿਆਦਾ ਜੋਖਮ ਵਿੱਚ ਪਾ ਕੇ, ਇੱਕ ਅੱਤਵਾਦੀ ਨੂੰ ਨਿਹੱਥਾ ਕਰ ਦਿੱਤਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਨਾਲ ਅਣਗਿਣਤ ਜਾਨਾਂ ਬਚਾਈਆਂ ਗਈਆਂ।"

"ਹੁਣ ਉਸਦੇ ਨਾਲ ਸਮਾਂ ਬਿਤਾਉਣਾ ਅਤੇ ਨਿਊ ਸਾਊਥ ਵੇਲਜ਼ ਦੇ ਲੋਕਾਂ ਵੱਲੋਂ ਉਸਦਾ ਧੰਨਵਾਦ ਕਰਨਾ ਮੇਰੇ ਲਈ ਇੱਕ ਮਾਣ ਵਾਲੀ ਗੱਲ ਹੈ।"

"ਜੇ ਅਹਿਮਦ ਕੋਲ ਇਹ ਨਿਰਸਵਾਰਥ ਹਿੰਮਤ ਨਾ ਹੁੰਦੀ, ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹੋਰ ਬਹੁਤ ਸਾਰੀਆਂ ਜਾਨਾਂ ਚਲੀਆਂ ਜਾਂਦੀਆਂ।"

ਬੀਬੀਸੀ ਵੱਲੋਂ ਪ੍ਰਮਾਣਿਤ ਵੀਡੀਓ ਵਿੱਚ ਅਹਿਮਦ ਬੰਦੂਕਧਾਰੀ ਵੱਲ ਭੱਜਦਾ ਹੋਇਆ, ਉਸ ਦਾ ਹਥਿਆਰ ਖੋਹ ਕੇ ਅਤੇ ਫਿਰ ਉਸਨੂੰ ਵਾਪਸ ਉਸ ਵੱਲ ਮੋੜਦਾ ਹੋਇਆ ਨਜ਼ਰ ਆਉਂਦਾ ਹੈ, ਜਿਸ ਨਾਲ ਹਮਲਾਵਰ ਪਿੱਛੇ ਹਟਣ ਲਈ ਮਜਬੂਰ ਹੋ ਗਿਆ ਹੈ।

ਦੋ ਬੱਚਿਆਂ ਦਾ ਪਿਤਾ ਅਹਿਮਦ ਫਲਾਂ ਦੀ ਦੁਕਾਨ ਚਲਾਉਂਦੇ ਹਨ ਅਤੇ ਇਸ ਸਮੇਂ ਹਸਪਤਾਲ ਵਿੱਚ ਦਾਖਲ ਹੈ।

ਉਨ੍ਹਾਂ ਦੇ ਪਰਿਵਾਰ ਨੇ 7ਨਿਊਜ਼ ਆਸਟ੍ਰੇਲੀਆ ਨੂੰ ਦੱਸਿਆ ਕਿ ਉਸਦੀ ਬਾਂਹ ਅਤੇ ਹੱਥ ਵਿੱਚ ਗੋਲੀ ਲੱਗਣ ਦੇ ਜ਼ਖ਼ਮਾਂ ਦੀ ਸਰਜਰੀ ਕੀਤੀ ਗਈ ਹੈ।

ਅਹਿਮਦ ਦੇ ਚਚੇਰੇ ਭਰਾ ਮੁਸਤਫਾ ਨੇ ਐਤਵਾਰ ਦੇਰ ਰਾਤ 7ਨਿਊਜ਼ ਆਸਟ੍ਰੇਲੀਆ ਨੂੰ ਦੱਸਿਆ, "ਉਹ ਇੱਕ ਹੀਰੋ ਹੈ, 100 ਫ਼ੀਸਦ ਹੀਰੋ। ਉਸਨੂੰ ਦੋ ਵਾਰ ਗੋਲੀ ਮਾਰੀ ਗਈ, ਇੱਕ ਉਸਦੀ ਬਾਂਹ ਵਿੱਚ ਅਤੇ ਇੱਕ ਉਸਦੇ ਹੱਥ ਵਿੱਚ।"

ਸੋਮਵਾਰ ਸਵੇਰੇ ਇੱਕ ਅਪਡੇਟ ਵਿੱਚ ਮੁਸਤਫਾ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਉਹ ਠੀਕ ਹੋ ਜਾਵੇਗਾ। ਮੈਂ ਉਸਨੂੰ ਕੱਲ੍ਹ ਰਾਤ ਮਿਲਿਆ ਸੀ। ਉਹ ਠੀਕ ਸੀ, ਪਰ ਅਸੀਂ ਡਾਕਟਰ ਦੀ ਅਪਡੇਟ ਦੀ ਉਡੀਕ ਕਰ ਰਹੇ ਹਾਂ।"

ਅਹਿਮਦ ਵੱਲੋਂ ਹਮਲਾਵਰ ਤੋਂ ਬੰਦੂਕ ਖੋਹਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਸ਼ੇਅਰ ਕੀਤੀ ਜਾ ਰਹੀ ਹੈ।

ਇਸ ਵਿੱਚ ਇੱਕ ਹਮਲਾਵਰ ਨੂੰ ਇੱਕ ਛੋਟੇ ਫੁੱਟਬ੍ਰਿਜ ਦੇ ਨੇੜੇ ਇੱਕ ਖਜੂਰ ਦੇ ਦਰੱਖਤ ਦੇ ਪਿੱਛੇ ਖੜ੍ਹਾ ਅਤੇ ਗੋਲੀਆਂ ਚਲਾਉਂਦੇ ਦਿਖਾਇਆ ਗਿਆ ਹੈ। ਹਮਲਾਵਰ ਦੀ ਦਿਸ਼ਾ ਕੈਮਰੇ ਦੇ ਫਰੇਮ ਤੋਂ ਬਾਹਰ ਹੈ।

ਅਹਿਮਦ ਇੱਕ ਖੜ੍ਹੀ ਕਾਰ ਦੇ ਪਿੱਛੇ ਲੁਕਿਆ ਹੋਇਆ ਸੀ। ਫਿਰ ਉਸਨੂੰ ਹਮਲਾਵਰ 'ਤੇ ਹਮਲਾ ਕਰਦੇ ਅਤੇ ਉਸ ਨੂੰ ਫੜਦੇ ਦੇਖਿਆ ਗਿਆ ਹੈ।

ਉਹ ਹਮਲਾਵਰ ਤੋਂ ਬੰਦੂਕ ਖੋਹਣ ਵਿੱਚ ਕਾਮਯਾਬ ਹੋ ਜਾਂਦਾ ਹੈ, ਉਸਨੂੰ ਜ਼ਮੀਨ 'ਤੇ ਧੱਕਾ ਦਿੰਦਾ ਹੈ ਅਤੇ ਉਸ ਵੱਲ ਇਸ਼ਾਰਾ ਕਰਦਾ ਹੈ। ਫਿਰ ਹਮਲਾਵਰ ਪੁਲ ਵੱਲ ਪਿੱਛੇ ਹਟਣਾ ਸ਼ੁਰੂ ਕਰ ਦਿੰਦਾ ਹੈ।

ਇਸ ਤੋਂ ਬਾਅਦ ਅਹਿਮਦ ਆਪਣਾ ਹਥਿਆਰ ਹੇਠਾਂ ਕਰ ਦਿੰਦੇ ਹਨ ਅਤੇ ਇੱਕ ਹੱਥ ਹਵਾ ਵਿੱਚ ਚੁੱਕ ਲੈਂਦੇ ਹਨ, ਜਿਸ ਤੋਂ ਇਹ ਲੱਗਦਾ ਹੈ ਕਿ ਉਹ ਪੁਲਿਸ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਉਹ ਹਮਲਾਵਰਾਂ ਵਿੱਚੋਂ ਨਹੀਂ ਹੈ।

ਬਾਅਦ ਵਿੱਚ, ਉਹੀ ਹਮਲਾਵਰ ਪੁਲ 'ਤੇ ਇੱਕ ਹੋਰ ਹਥਿਆਰ ਚੁੱਕਦਾ ਅਤੇ ਦੁਬਾਰਾ ਗੋਲੀਬਾਰੀ ਕਰਦਾ ਦਿਖਾਈ ਦਿੰਦਾ ਹੈ।

ਇੱਕ ਦੂਜਾ ਬੰਦੂਕਧਾਰੀ ਵੀ ਪੁਲ ਤੋਂ ਗੋਲੀਬਾਰੀ ਜਾਰੀ ਰੱਖਦਾ ਹੈ। ਵੀਡੀਓ ਵਿੱਚ ਇਹ ਸਪੱਸ਼ਟ ਨਹੀਂ ਹੁੰਦਾ ਕਿ ਹਮਲਾਵਰ ਕਿਸ ਵੱਲ ਜਾਂ ਕਿਸ ਦਿਸ਼ਾ ਵਿੱਚ ਗੋਲੀਬਾਰੀ ਕਰ ਰਹੇ ਸਨ।

ਹਮਲੇ ਵਿੱਚ ਮਾਰੀ ਗਈ ਸਭ ਤੋਂ ਛੋਟੀ ਬੱਚੀ, ਮਹਿਜ਼ 10 ਸਾਲਾਂ ਦੀ ਸੀ

ਐਤਵਾਰ ਦੇ ਹਮਲੇ ਦਾ ਸਭ ਤੋਂ ਛੋਟੀ ਉਮਰ ਦਾ ਸ਼ਿਕਾਰ ਇੱਕ ਕੁੜੀ ਸੀ।

ਉਸਦੀ ਅਧਿਆਪਕਾ ਨੇ ਕਿਹਾ, "ਉਹ ਇੱਕ ਹੁਸ਼ਿਆਰ, ਖੁਸ਼ ਅਤੇ ਜ਼ਿੰਦਗੀ ਨਾਲ ਭਰਪੂਰ ਕੁੜੀ ਸੀ।"

ਅਧਿਆਪਕਾ ਨੇ ਇਹ ਟਿੱਪਣੀ 10 ਸਾਲਾ ਮਾਟਿਲਡਾ ਦੇ ਪਰਿਵਾਰ ਲਈ ਬਣਾਏ ਗਏ ਗੋਫ਼ੰਡਮੀ ਪੰਨੇ 'ਤੇ ਪੋਸਟ ਕੀਤੀ।

ਉਨ੍ਹਾਂ ਨੇ ਲਿਖਿਆ "ਕੱਲ੍ਹ, ਹਨੁਕਾਹ ਮਨਾਉਂਦੇ ਸਮੇਂ, ਉਸਦੀ ਨੰਨੀ ਜਿਹੀ ਜਾਨ ਦੁਖਦਾਈ ਢੰਗ ਨਾਲ ਲੈ ਲਈ ਗਈ। ਉਸਦੀ ਯਾਦ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗੀ।"

ਇਸ ਤੋਂ ਪਹਿਲਾਂ, ਮਾਟਿਲਡਾ ਦੀ ਮਾਸੀ ਨੇ ਏਬੀਸੀ ਨਿਊਜ਼ ਨੂੰ ਦੱਸਿਆ ਸੀ ਕਿ ਉਹ ਇੱਕ ਬਹੁਤ ਮਿਲਣਸਾਰ ਕੁੜੀ ਸੀ ਜਿਸਨੂੰ ਸਕੂਲ ਬਹੁਤ ਪਸੰਦ ਸੀ ਅਤੇ ਉਸਦੇ ਬਹੁਤ ਸਾਰੇ ਦੋਸਤ ਸਨ।

ਉਸਦੀ ਮਾਸੀ ਨੇ ਮੀਡੀਆ ਨੂੰ ਬੇਨਤੀ ਕੀਤੀ ਸੀ ਕਿ ਉਹ ਮਾਟਿਲਡਾ ਦਾ ਆਖਰੀ ਨਾਮ ਨਾ ਵਰਤੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)