ਉਹ ਪੰਜਾਬੀ ਸਿੱਖ ਜਿਨ੍ਹਾਂ ਕਰਕੇ ਬਦਲੀ ਗਈ ਕੈਨੇਡੀਆਈ ਰੌਇਲ ਪੁਲਿਸ ਦੀ ਵਰਦੀ, ਟਰੂਡੋ ਨੇ ਬਣਾਇਆ ਸੈਨੇਟਰ

    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਆਰਸੀਐੱਮਪੀ ਕੈਨੇਡਾ ਦਾ ਨਮੂਨਾ ਹੈ ਕਈਆਂ ਦੇ ਮਨਾਂ ਵਿੱਚ ਇਹ ਗਿਲਾ ਸੀ ਕਿ ਬਲਤੇਜ ਸਿੰਘ ਨੇ ਸਾਡਾ ਮੁਲਕ ਬਦਲ ਦਿੱਤਾ ਹੈ… ਵਰਦੀ ਬਦਲ ਦਿੱਤੀ ਹੈ।"

ਇਹ ਬੋਲ ਕੈਨੇਡਾ ਦੀ 'ਰੋਇਲ ਕੈਨੇਡੀਅਨ ਮਾਊਂਟਿਡ ਪੁਲਿਸ(ਆਰਸੀਐੱਮਪੀ)' ਵਿੱਚ ਨੌਕਰੀ ਕਰਨ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਬਣੇ ਬਲਤੇਜ ਸਿੰਘ ਢਿੱਲੋਂ ਦੇ ਹਨ।

ਲਾਲ ਰੰਗ ਦੀ ਜੈਕਟ ਅਤੇ 'ਹੈਟ' ਕੈਨੇਡਾ ਦੇ ਵੱਕਾਰੀ ਪੁਲਿਸ ਬਲ 'ਰੋਇਲ ਕੈਨੇਡੀਅਨ ਮਾਊਂਟਿਡ ਪੁਲਿਸ(ਆਰਸੀਐੱਮਪੀ)' ਦੀ ਪਛਾਣ ਹੈ।

ਬਲਤੇਜ ਸਿੰਘ ਨੂੰ ਟੋਪੀ ਦੀ ਥਾਂ ਦਸਤਾਰ ਬੰਨ੍ਹ ਕੇ ਨੌਕਰੀ ਕਰਨ ਦੀ ਇਜਾਜ਼ਤ ਦੇਣਾ ਕੈਨੇਡਾ ਵਿੱਚ ਸਾਲ 1990 'ਚ ਵੱਡਾ ਮਸਲਾ ਬਣਿਆ ਸੀ।

ਇਸ ਨੂੰ 'ਕੈਨੇਡੀਆਈ ਪਛਾਣ' ਨੂੰ 'ਖ਼ਤਰਾ' ਤੱਕ ਦੱਸਿਆ ਗਿਆ ਸੀ।

ਹਾਲ ਹੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਲਤੇਜ ਸਿੰਘ ਢਿੱਲੋਂ ਨੂੰ ਕੈਨੇਡਾ 'ਚ ਸੈਨੇਟਰ ਵਜੋਂ ਨਾਮਜ਼ਦ ਕੀਤਾ ਹੈ।

ਕੈਨੇਡੀਆਈ ਸੈਨੇਟ ਸੰਸਦ ਵੱਲੋਂ ਪਾਸ ਕੀਤੇ ਗਏ ਬਿੱਲਜ਼ ਨੂੰ ਆਖ਼ਰੀ ਪ੍ਰਵਾਨਗੀ ਦਿੰਦੀ ਹੈ। ਕੈਨੇਡਾ ਵਿੱਚ ਸੈਨੇਟਰਾਂ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੀ ਸਿਫ਼ਾਰਿਸ਼ ਉੱਤੇ ਕੀਤੀ ਜਾਂਦੀ ਹੈ।

ਬਲਤੇਜ ਸਿੰਘ ਢਿੱਲੋਂ ਨੇ ਆਰਸੀਐੱਮਪੀ ਦੇ ਪਹਿਲੇ ਦਸਤਾਰਧਾਰੀ ਅਫ਼ਸਰ ਬਣਨ ਦੀ ਆਪਣੀ ਕਹਾਣੀ ਅਤੇ ਕੈਨੇਡਾ ਵਿੱਚ ਨਸਲਵਾਦ ਬਾਰੇ ਆਪਣੇ ਤਜਰਬੇ ਬੀਬੀਸੀ ਪੰਜਾਬੀ ਨਾਲ ਸਾਂਝੇ ਕੀਤੇ।

ਮਲੇਸ਼ੀਆ ਤੋਂ ਕੈਨੇਡਾ ਤੇ ਫ਼ਿਰ ਆਰਸੀਐੱਮਪੀ

ਸਾਲ 1966 ਵਿੱਚ ਮਲੇਸ਼ੀਆ ਵਿੱਚ ਜੰਮੇ ਬਲਤੇਜ ਸਿੰਘ ਢਿੱਲੋਂ ਦਾ ਪਰਿਵਾਰ ਸਾਲ 1983 ਵਿੱਚ ਕੈਨੇਡਾ ਆ ਗਿਆ ਸੀ।

ਬਲਤੇਜ ਦੱਸਦੇ ਹਨ, "ਆਪਣੀ ਮੁੱਢਲੀ ਪੜ੍ਹਾਈ ਤੋਂ ਬਾਅਦ ਮੈਂ ਵਕੀਲ ਬਣਨ ਲਈ ਕਾਲਜ ਵਿੱਚ ਦਾਖ਼ਲਾ ਲਿਆ।ਇਸ ਦੌਰਾਨ ਮੈਨੂੰ ਮੇਰੇ ਪ੍ਰੋਫ਼ੈਸਰ ਵੱਲੋਂ ਤਜਰਬੇ ਲਈ ਆਰਸੀਐੱਮਪੀ ਨਾਲ ਬਤੌਰ ਵਲੰਟੀਅਰ ਵਜੋਂ ਕੰਮ ਕਰਨ ਦੀ ਸਲਾਹ ਦਿੱਤੀ।"

ਉਨ੍ਹਾਂ ਕਿਹਾ ਕਿ ਉਸ ਵੇਲੇ ਆਰਸੀਐੱਮਪੀ ਨੂੰ ਪੰਜਾਬੀ ਅਤੇ ਅੰਗ੍ਰੇਜ਼ੀ ਦੋਵੇਂ ਭਾਸ਼ਾਵਾਂ ਬੋਲਣ ਸਮਝਣ ਵਾਲਿਆਂ ਦੀ ਲੋੜ ਸੀ ਅਤੇ ਮੇਰੀ ਇਸ ਲਈ ਚੋਣ ਹੋਈ।

ਉਹ ਦੱਸਦੇ ਹਨ ਕਿ ਇਸ ਦੌਰਾਨ ਉਨ੍ਹਾਂ ਦੀ ਆਰਸੀਐੱਮਪੀ ਦੇ ਅਫ਼ਸਰਾਂ ਨਾਲ ਜਾਣ-ਪਛਾਣ ਹੋਈ ਅਤੇ ਉਨ੍ਹਾਂ ਨੇ 1980ਵਿਆਂ ਦੇ ਅਖ਼ੀਰ ਵਿੱਚ ਕੈਨੇਡੀਆਈ ਪੁਲਿਸ ਵਿੱਚ ਅਪਲਾਈ ਕੀਤਾ।

ਉਨ੍ਹਾਂ ਅੱਗੇ ਕਿਹਾ, "ਮੈਂ ਆਰਸੀਐੱਮਪੀ ਲਈ ਸਾਰੀਆਂ ਪ੍ਰਿਖਿਆਂਵਾਂ ਪਾਸ ਕਰ ਲਈਆਂ ਅਤੇ ਮੇਰੀ ਚੋਣ ਕਰ ਲਈ ਗਈ, ਇਸ ਮਗਰੋਂ ਕੁਝ ਪਲਾਂ ਲਈ ਮੈਨੂੰ ਬੇਹੱਦ ਖੁਸ਼ੀ ਹੋਈ।"

ਉਹ ਦੱਸਦੇ ਹਨ, "ਪਰ ਮੈਨੂੰ ਦੱਸਿਆ ਗਿਆ ਕਿ ਵਰਦੀ ਦੀ ਨੀਤੀ ਦੇ ਤਹਿਤ ਮੈਨੂੰ ਆਪਣੀ ਪੱਗ ਲਾਹੁਣੀ ਪਵੇਗੀ, ਵਾਲ ਕਟਵਾਉਣੇ ਪੈਣਗੇ ਅਤੇ ਦਾੜ੍ਹੀ ਸ਼ੇਵ ਕਰਵਾਉਣੀ ਪਵੇਗੀ।"

"ਮੈਨੂੰ ਇਹ ਜਾਣਕਾਰੀ ਦੇਣ ਵਾਲਾ ਅਧਿਕਾਰੀ ਮੇਰਾ ਦੋਸਤ ਸੀ, ਜਦੋਂ ਉਨ੍ਹਾਂ ਨੇ ਮੈਨੂੰ ਇਹ ਦੱਸਿਆ ਤਾਂ ਗੱਲ ਇੱਥੇ ਹੀ ਖੜ੍ਹ ਗਈ… ਸੁੰਨ ਪਸਰ ਗਈ ਸਾਡੇ ਕੋਲ ਗੱਲ ਕਰਨ ਲਈ ਕੁਝ ਵੀ ਨਹੀਂ ਸੀ।"

ਕੈਨੇਡਾ ਵਿੱਚ ਕੀ ਮਾਹੌਲ ਬਣਿਆ

ਬਲਤੇਜ ਦੱਸਦੇ ਹਨ ਕਿ ਇਹ ਗੱਲ ਆਰਸੀਐੱਮਪੀ ਦੇ ਕਮਿਸ਼ਨਰ ਤੱਕ ਪਹੁੰਚੀ ਕਿ ਉਨ੍ਹਾਂ ਨੇ ਧਾਰਮਿਕ ਕਾਰਨਾਂ ਕਰਕੇ ਨੌਕਰੀ ਤੋਂ ਨਾਂਹ ਕਰ ਦਿੱਤਾ।

ਇਸ ਮਗਰੋਂ ਉਨ੍ਹਾਂ ਨੇ ਇਸ ਵਿੱਚ ਪੜਤਾਲ ਸ਼ੁਰੂ ਕੀਤੀ।

"ਇਸ ਮਗਰੋਂ ਇਹ ਮੁੱਦਾ ਕੈਨੇਡਾ ਵਿਆਪੀ ਮੁੱਦਾ ਬਣ ਗਿਆ।"

ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਕਈ ਕੈਨੇਡੀਆਈ ਹਲਕਿਆਂ ਵਿੱਚੋਂ ਵਿਰੋਧ ਅਤੇ ਨਫ਼ਰਤ ਦਾ ਸਾਹਮਣਾ ਕਰਨਾ ਪਿਆ ਇਸ ਦੇ ਖ਼ਿਲਾਫ਼ ਪਟੀਸ਼ਨਾਂ ਪਾਈਆਂ ਗਈਆਂ ਅਤੇ 'ਨੋ ਟੂ ਟਰਬਨਜ਼' ਦੇ ਬੋਰਡ ਸੜਕਾਂ ਉੱਤੇ ਲਾਏ ਗਏ।

ਉਹ ਅੱਗੇ ਦੱਸਦੇ ਹਨ, "ਇੱਕ ਪੋਸਟਰ ਬਣਾਇਆ ਗਿਆ ਜਿਸ ਵਿੱਚ ਇੱਕ ਸ਼ਖ਼ਸ ਟੇਢੀ ਜਿਹੀ ਪੱਗ ਬੰਨ੍ਹਕੇ ਤਲਵਾਰ ਫੜੀ ਦਿਖਾਇਆ ਗਿਆ ਇਸ ਉੱਤੇ ਲਿਖਿਆ ਗਿਆ ਕਿ 'ਸਰਜੈਂਟ ਕੈਮਲ ਡੰਗ' ਅਤੇ ਥੱਲੇ ਲਿਖਿਆ ਗਿਆ 'ਡਜ਼ ਦਿਸ ਮੇਕ ਯੂ ਕੈਨੇਡੀਅਨ ਆਰ ਸਿੱਕ'।"

ਉਨ੍ਹਾਂ ਦੱਸਿਆ ਕਿ ਡੇਢ ਸਾਲ ਦੇ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਧਮਕੀਆਂ ਵੀ ਮਿਲੀਆਂ ਪਰ ਉਨ੍ਹਾਂ ਨੇ ਰੇਡੀਓ ਅਤੇ ਅਖ਼ਬਾਰਾਂ ਵਿੱਚ ਆਪਣਾ ਪੱਖ ਰੱਖਣਾ ਜਾਰੀ ਰੱਖਿਆ।

ਕਿਵੇਂ ਮਿਲੀ ਪੱਗ ਬੰਨ੍ਹਕੇ ਡਿਊਟੀ ਕਰਨ ਦੀ ਇਜਾਜ਼ਤ

ਬਲਤੇਜ ਦੱਸਦੇ ਹਨ ਕਿ ਕੁਝ ਸਮਾਂ ਇਹ ਜੱਦੋ-ਜਹਿਦ ਚੱਲਣ ਤੋਂ ਬਾਅਦ ਉਨ੍ਹਾਂ ਨੂੰ ਸਫ਼ਲਤਾ ਮਿਲੀ।

ਉਹ ਦੱਸਦੇ ਹਨ ਕਿ ਕੈਨੇਡੀਆਈ ਚਾਰਟਰ ਵਿੱਚ ਲਿਖਿਆ ਗਿਆ ਹੈ ਕਿ ਹਰੇਕ ਵਿਅਕਤੀ ਨੂੰ ਇਹ ਹੱਕ ਹੈ ਕਿ ਉਹ ਜੇਕਰ ਕੋਈ ਨੌਕਰੀ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਆਪਣਾ ਧਰਮ ਛੱਡਣ ਦੀ ਲੋੜ ਨਹੀਂ ਹੈ।

"ਇਹ ਗੱਲ ਸਾਹਮਣੇ ਆਉਣ ਉੱਤੇ ਨਿਆਂ ਮਹਿਕਮੇ ਦੇ ਵਕੀਲ ਨੇ ਕਮਿਸ਼ਨਰ ਨੂੰ ਨੀਤੀ ਬਦਲਣ ਦੀ ਸਲਾਹ ਦਿੱਤੀ।"

"ਉਸ ਵੇਲੇ ਪਾਰਲੀਮੈਂਟ ਵਿੱਚ ਪਬਲਿਕ ਸੇਫ਼ਟੀ ਮੰਤਰੀ ਨੇ ਐਲਾਨ ਕੀਤਾ ਕਿ ਸਿੱਖ ਆਰਸੀਐੱਮਪੀ ਵਿੱਚ ਦਸਤਾਰ ਸਜਾ ਕੇ ਨੌਕਰੀ ਕਰ ਸਕਦੇ ਹਨ ਤੇ ਇਸ ਮਗਰੋਂ ਮੈਂ ਸਹੁੰ ਚੁੱਕੀ।"

ਬਲਤੇਜ ਦੱਸਦੇ ਹਨ ਕਿ ਉਨ੍ਹਾਂ ਨੂੰ ਆਰਸੀਐੱਮਪੀ ਦੇ ਬਾਹਰ ਹੀ ਨਹੀਂ ਆਰਸੀਐੱਮਪੀ ਵਿੱਚ ਵੀ ਨਸਲਵਾਦ ਦਾ ਸਾਹਮਣਾ ਕਰਨਾ ਪਿਆ।

ਉਹ ਦੱਸਦੇ ਹਨ ਕਿ ਕਈਆਂ ਨੂੰ ਇਸ ਗੱਲ ਦਾ ਮਲਾਲ ਸੀ ਕਿ 'ਮੈਂ ਉਨ੍ਹਾਂ ਦੀ ਕੌਮੀ ਵਰਦੀ ਬਦਲ ਦਿੱਤੀ ਹੈ।'

ਉਹ ਕਹਿੰਦੇ ਹਨ, "ਆਰਸੀਐੱਮਪੀ ਕੈਨੇਡਾ ਦਾ ਨਮੂਨਾ ਹੈ ਕਈਆਂ ਦੇ ਮਨਾਂ ਵਿੱਚ ਇਹ ਗਿਲਾ ਸੀ ਕਿ ਬਲਤੇਜ ਸਿੰਘ ਨੇ ਸਾਡਾ ਮੁਲਕ ਬਦਲ ਦਿੱਤਾ ਹੈ… ਵਰਦੀ ਬਦਲ ਦਿੱਤੀ ਹੈ, ਕਈ ਥਾਵਾਂ ਉੱਤੇ ਮੈਨੂੰ ਨਸਲਵਾਦ ਦਾ ਸਾਹਮਣਾ ਕਰਨਾ ਪਿਆ।"

ਉਹ ਦੱਸਦੇ ਹਨ ਕਿ ਕੁਝ ਚਿਰ ਨੌਕਰੀ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਨਾਲ ਕੰਮ ਕਰਦੇ ਇੱਕ ਅਫ਼ਸਰ ਦੇ ਮੇਰੇ ਪ੍ਰਤੀ ਨਸਲੀ ਭੇਦਭਾਵ ਕਰਨ ਬਾਰੇ ਪਤਾ ਲੱਗਾ ਜਿਸ ਮਗਰੋਂ ਮੈਂ ਉਕਤ ਅਫ਼ਸਰ ਦੀ ਸ਼ਿਕਾਇਤ ਕੀਤੀ।

ਉਹ ਕਹਿੰਦੇ ਹਨ ਇਹੋ ਜਿਹੀਆਂ ਕਈ ਮਿਸਾਲਾਂ ਹਨ।

'ਮੈਂ ਵਰਦੀ ਬਦਲਣ ਨਹੀ ਆਇਆ ਸੀ'

ਬਲਤੇਜ ਦੱਸਦੇ ਹਨ ਕਿ ਹਾਲਾਂਕਿ ਦਸਤਾਰ ਸਜਾ ਕੇ ਨੌਕਰੀ ਕਰਨ ਨੂੰ ਉਹ ਵੱਡੀ ਉਪਲਬਧੀ ਮੰਨਦੇ ਹਨ ਪਰ ਉਨ੍ਹਾਂ ਦਾ ਟੀਚਾ ਸਿਰਫ਼ ਇਹ ਹੀ ਨਹੀਂ ਸੀ।

ਉਹ ਕਹਿੰਦੇ ਹਨ, "ਮੈਨੂੰ ਕਈ ਸੈਕਸ਼ਨਾਂ ਵਿੱਚ ਕੰਮ ਕਰਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਪਰ ਮੈਂ ਕਾਨੂੰਨੀ ਹੱਕਾਂ ਦਾ ਹਵਾਲਾ ਦੇ ਕੇ ਆਪਣਾ ਕੰਮ ਜਾਰੀ ਰੱਖਿਆ।"

"ਮੇਰਾ ਇਹ ਫ਼ਿਕਰ ਸੀ ਬਲਤੇਜ ਸਿੰਘ ਨੂੰ ਸਿਰਫ਼ ਇਸ ਲਈ ਨਾ ਯਾਦ ਕੀਤਾ ਜਾਵੇ ਉਹ ਇੱਕ ਚੰਗਾ ਪੁਲਿਸ ਅਫ਼ਸਰ ਸੀ।"

ਉਹ ਦੱਸਦੇ, "ਮੈਂ ਇਸ ਕੰਮ ਵਿੱਚ ਵਰਦੀ ਬਦਲਣ ਅਤੇ ਚਰਚਾ ਵਿੱਚ ਆਉਣ ਲਈ ਨਹੀਂ ਬਲਕਿ ਇੱਕ ਪੁਲਿਸ ਅਫ਼ਸਰ ਵਜੋਂ ਸੇਵਾ ਨਿਭਾਉਣ ਆਇਆ ਸੀ।"

ਸੈਨੇਟਰ ਵਜੋਂ ਕੀ ਹੈ ਟੀਚਾ

ਬਲਤੇਜ ਸਿੰਘ ਢਿੱਲੋਂ ਦੱਸਦੇ ਹਨ ਕਿ ਇੱਕ ਸੈਨੇਟਰ ਵਜੋਂ ਉਹ ਇੱਕ ਸੈਨੇਟਰ ਵਜੋਂ ਕੈਨੇਡਾ ਵਿੱਚ ਬਣਨ ਵਾਲੇ ਕਾਨੂੰਨਾਂ ਬਾਰੇ ਇਹ ਯਕੀਨੀ ਬਣਾਉਣਗੇ ਕਿ ਉਹ ਸਾਰੇ ਕੈਨੇਡੀਆਈ ਲੋਕਾਂ ਲਈ ਬਰਾਬਰ ਹੋਵੇ।

ਉਹ ਦੱਸਦੇ ਹਨ ਕਿ ਉਹ 'ਸਰਬੱਤ ਦਾ ਭਲਾ' ਵਿੱਚ ਯਕੀਨ ਰੱਖਦੇ ਹਨ ਅਤੇ ਨਸਲੀ ਘੱਟਗਿਣਤੀਆਂ ਤੇ ਹਾਸ਼ੀਏ ਉੱਤੇ ਪਏ ਹੋਰ ਭਾਈਚਾਰਿਆਂ ਦੀ ਆਵਾਜ਼ ਬਣਨਗੇ।

ਉਹ ਦੱਸਦੇ ਹਨ ਕਿ ਉਹ ਪੰਜਾਬੀ ਭਾਈਚਾਰੇ ਵਿੱਚ ਵੀ ਐਕਟਿਵ ਰਹਿਣਗੇ।

ਕੈਨੇਡਾ ਵਿੱਚ ਪੰਜਾਬੀਆਂ ਦੀ ਅਪਰਾਧ ਵਿੱਚ ਸ਼ਮੂਲੀਅਤ ਬਾਰੇ ਕੀ ਕਿਹਾ?

ਬਲਤੇਜ ਕਹਿੰਦੇ ਹਨ ਕਿ ਹਾਲਾਂਕਿ ਕੈਨੇਡਾ ਵਿੱਚ ਵੱਡੀ ਗਿਣਤੀ ਪੰਜਾਬੀ ਨੌਜਵਾਨ ਮਿਹਨਤੀ ਹਨ ਅਤੇ ਚੰਗੇ ਅਹੁਦਿਆਂ ਉੱਤੇ ਪਹੁੰਚੇ ਹਨ।

ਉਹ ਮੰਨਦੇ ਹਨ ਕੈਨੇਡਾ ਵਿੱਚ ਅਪਰਾਧਿਕ ਸਮੂਹਾਂ ਵਿੱਚ ਪੰਜਾਬੀਆਂ ਦੀ ਗਿਣਤੀ ਵਧੀ ਹੈ ਅਤੇ ਇਸ ਬਾਰੇ ਪੰਜਾਬੀ ਭਾਈਚਾਰੇ ਦੀਆਂ ਸੰਸਥਾਵਾਂ ਅਤੇ ਮਾਪਿਆਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)