ਕੀ ਪੰਜਾਬ ’ਚ ਜੋੜਿਆਂ ਦੀ ਬੱਚੇ ਪੈਦਾ ਕਰਨ ਦੀ ਸਮਰੱਥਾ ਘੱਟ ਰਹੀ ਹੈ, ਵਿਧਾਨ ਸਭਾ ’ਚ ਪੇਸ਼ ਹੋਏ ਹੈਰਾਨੀਜਨਕ ਅੰਕੜੇ

    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਸਿਹਤ ਮੰਤਰੀ ਨੇ ਬੀਤੇ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਬੋਲਦਿਆਂ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਵਿੱਚ ਰਹਿਣ ਵਾਲੇ 40 ਫ਼ੀਸਦ ਉੱਚ ਵਰਗ ਦੇ ਘਰਾਂ ਦੇ ਜੋੜਿਆਂ ਨੂੰ ਬੱਚਾ ਪੈਦਾ ਕਰਨ ਲਈ ਡਾਕਟਰੀ ਸਹਾਇਤਾ ਲੈਣੀ ਪੈ ਰਹੀ ਹੈ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਿਹਤ ਸਬੰਧੀ ਇਹ ਦਿੱਕਤਾਂ ਵਾਤਾਵਰਣ ਦੇ ਦੂਸ਼ਿਤ ਜਾਂ ਜ਼ਹਿਰੀਲੇ ਹੋਣ ਕਰਕੇ ਹੋ ਰਹੀਆਂ ਹਨ।

ਉਹ ਕਹਿੰਦੇ ਹਨ ਕਿ ਇਨ੍ਹਾਂ ਪਰਿਵਾਰਾਂ ਨੂੰ ‘ਅਸਿਸਟਿਡ ਫਰਟੀਲਾਈਜ਼ੇਸ਼ਨ’ ਜਾਂ ਆਈਵੀਐੱਫ ਸਣੇ ਹੋਰ ਤਕਨੀਕਾਂ ਦੀ ਲੋੜ ਪੈਂਦੀ ਹੈ।

ਡਾ. ਬਲਬੀਰ ਸਿੰਘ ਨੇ ਅੱਗੇ ਕਿਹਾ ਇਸੇ ਕਾਰਨ ਬੱਚੇ ਸਮੇਂ ਤੋਂ ਪਹਿਲਾਂ ਪੈਦਾ ਹੋ ਰਹੇ ਹਨ ਅਤੇ ਪੰਜਾਬ ਵਿੱਚ ‘ਨਿਓਨੈਟਲ ਕੇਂਦਰਾਂ, ਇੰਟੈਂਸਿਵ ਕੇਅਰ ਕੇਂਦਰਾਂ’ ਅਤੇ ਆਈਵੀਐੱਫ ਕੇਂਦਰਾਂ ਵਿੱਚ ਡਾਕਟਰੀ ਸਹਾਇਤਾ ਲਈ ਜਾਣ ਵਾਲੇ ਲੋਕਾਂ ਦੀ ਗਿਣਤੀ ਵੱਧ ਗਈ ਹੈ।

ਨਿਓਨੈਟਲ ਕੇਂਦਰ ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਹੁੰਦੇ ਹਨ।

ਆਈਵੀਐੱਫ ਤਕਨੀਕ ਵਿੱਚ ਅੰਡੇ ਅਤੇ ਸ਼ੁਕਰਾਣੂਆਂ ਨੂੰ ਲੈਬ ਵਿੱਚ ਰੱਖਿਆ ਜਾਂਦਾ ਹੈ। ਇਸ ਤੋਂ ਭਰੂਣ ਤਿਆਰ ਹੋਣ ਤੋਂ ਬਾਅਦ ਇਸ ਨੂੰ ਔਰਤ ਦੀ ਬੱਚੇਦਾਨੀ ਵਿੱਚ ਰੱਖਿਆ ਜਾਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਆਈਵੀਐੱਫ ਕੇਂਦਰਾਂ ਦੀਆਂ ਮਸ਼ਹੂਰੀਆਂ ਟੀਵੀ ਚੈਨਲਾਂ ਉੱਤੇ ਪ੍ਰਾਈਮ-ਟਾਈਮ ਉੱਤੇ ਦਿਖਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਦੇ ਦੂਸ਼ਿਤ ਹੋਣ ਦਾ ਅਸਰ ਮਨੁੱਖਾਂ ਦੇ ਨਾਲ-ਨਾਲ ਜਾਨਵਰਾਂ ਉੱਤੇ ਵੀ ਪਿਆ ਹੈ।

ਸਿਹਤ ਮੰਤਰੀ ਪੰਜਾਬ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਵੱਲੋਂ ਪੇਸ਼ ਕੀਤੇ ਗਏ ਮਤੇ ਉੱਤੇ ਬੋਲ ਰਹੇ ਸਨ।

ਬੰਗਾ ਹਲਕੇ ਤੋਂ ਵਿਧਾਇਕ ਸੁਖਵਿੰਦਰ ਸੁੱਖੀ ਨੇ ਪੰਜਾਬ ਸਰਕਾਰ ਵੱਲੋਂ ਰੁੱਖ ਲਗਾਏ ਜਾਣ ਅਤੇ ਰੁੱਖ ਕੱਟਣ ਉੱਤੇ ਸਖ਼ਤ ਕਾਨੂੰਨਾਂ ਨਾਲ ਰੋਕ ਲਗਾਉਣ ਦੀ ਮੰਗ ਕੀਤੀ।

ਪੰਜਾਬ ਦੇ ਹੋਰ ਵਿਧਾਇਕ ਵੀ ਇਸ ਮਸਲੇ ਬਾਰੇ ਬੋਲੇ।

ਇਸ ਚਰਚਾ ਦੌਰਾਨ ਪੰਜਾਬ ਦੀ ਖੇਤੀਬਾੜੀ, ਖ਼ੁਰਾਕ, ਪਸ਼ੂ-ਪਾਲਣ, ਫ਼ਸਲੀ ਵੰਨ-ਸੁਵੰਨਤਾ, ਕੀਟ-ਪਤੰਗਿਆਂ ਅਤੇ ਹੋਰ ਵਿਸ਼ਿਆਂ ਉੱਤੇ ਵੀ ਵਿਧਾਇਕਾਂ ਨੇ ਚਿੰਤਾ ਜ਼ਾਹਰ ਕੀਤੀ।

ਆਈਵੀਐੱਫ ਤਕਨੀਕ ਵਿੱਚ ਅੰਡੇ ਅਤੇ ਸ਼ੁਕਰਾਣੂਆਂ ਨੂੰ ਲੈਬ ਵਿੱਚ ਰੱਖਿਆ ਜਾਂਦਾ ਹੈ। ਇਸ ਤੋਂ ਭਰੂਣ ਤਿਆਰ ਹੋਣ ਤੋਂ ਬਾਅਦ ਇਸ ਨੂੰ ਔਰਤ ਦੀ ਬੱਚੇਦਾਨੀ ਵਿੱਚ ਰੱਖਿਆ ਜਾਂਦਾ ਹੈ।

ਬੀਬੀਸੀ ਨੇ ਇਸ ਬਾਰੇ ਡਾ. ਸ਼ਿਵਾਨੀ ਗਰਗ ਅਤੇ ਖੇਤੀ ਵਿਰਾਸਤ ਮਿਸ਼ਨ ਦੇ ਡਾਇਰੈਕਟਰ ਉਮੇਂਦਰ ਦੱਤ ਨਾਲ ਇਸ ਬਾਰੇ ਗੱਲ ਕੀਤੀ।

'ਮੁੱਖ ਕਾਰਨ ਖ਼ੁਰਾਕ ਨਾਲ ਜੁੜਿਆ ਹੈ'

ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਵਿਚਲੇ ਇਸਤਰੀ ਰੋਗਾਂ ਦੀ ਮਾਹਰ ਡਾਕਟਰ ਸ਼ਿਵਾਨੀ ਗਰਗ ਕਹਿੰਦੇ ਹਨ ਕਿ ਉਹ ਸਿਹਤ ਮੰਤਰੀ ਦੇ ਬਿਆਨ ਨਾਲ ਇਤਫ਼ਾਕ ਰੱਖਦੇ ਹਨ।

ਉਹ ਕਹਿੰਦੇ ਹਨ ਕਿ 'ਇਨਫਰਟਿਲਿਟੀ' ਜਾਂ ਜੋੜਿਆਂ ਨੂੰ ਬੱਚਾ ਪੈਦਾ ਕਰਨ ਵਿੱਚ ਦਿੱਕਤ ਹੋਣਾ, ਪੂਰੇ ਭਾਰਤ ਅਤੇ ਖ਼ਾਸ ਕਰਕੇ ਪੰਜਾਬ ਵਿੱਚ ਵੱਧ ਰਿਹਾ ਹੈ।

ਇਸ ਦਾ ਕਾਰਨ ਦੱਸਦੇ ਹਨ, "ਇਸ ਦਾ ਮੁੱਖ ਕਾਰਨ ਖ਼ੁਰਾਕ ਨਾਲ ਜੁੜਿਆ ਹੋਇਆ ਹੈ, ਨੌਜਵਾਨਾਂ ਵਿੱਚ ਜੰਕ ਫੁਡ, ਰਿਫਾਇੰਡ ਆਟਾ ਜਾਂ ਮੈਦੇ ਸਣੇ ਪੈਕਟਬੰਦ ਖਾਣੇ ਦੀ ਖ਼ਪਤ ਵੱਧ ਰਹੀ ਹੈ।"

ਉਹ ਕਹਿੰਦੇ ਹਨ ਨੌਜਵਾਨਾਂ ਵਿੱਚ ਸ਼ਰਾਬ ਦਾ ਸੇਵਨ ਵੀ ਵੱਧ ਰਿਹਾ ਹੈ ਜਿਸ ਕਰ ਪ੍ਰਜਨਨ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ, ਜੋ ਪਹਿਲਾਂ ਨਹੀਂ ਸੀ।

ਉਹ ਅੱਗੇ ਦੱਸਦੇ ਹਨ, "ਮੈਨੂੰ ਇਸ ਗੱਲ ਦੀ ਵਧੇਰੇ ਚਿੰਤਾ ਹੈ ਕਿ ਜੇ ਕੋਈ ਵਿਅਕਤੀ ਸਿਹਤਮੰਦ ਜ਼ਿੰਦਗੀ ਜਿਉਣ ਦੀ ਕੋਸ਼ਿਸ ਵੀ ਕਰਦਾ ਹੈ ਤਾਂ ਕੀ ਸਾਡੀ ਆਮ ਖ਼ੁਰਾਕ ਸਿਹਤ ਲਈ ਠੀਕ ਹੈ ਜਾਂ ਨਹੀਂ।"

ਉਹ ਕਹਿੰਦੇ ਹਨ, "ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਸਬਜ਼ੀਆਂ ਅਤੇ ਫਲਾਂ ਉੱਤੇ ਵਰਤੇ ਜਾਂਦੇ ਕੀਟਨਾਸ਼ਕ ਸਿਹਤ ਲਈ ਠੀਕ ਹਨ ਜਾਂ ਨਹੀਂ ਕਿਤੇ ਉਹ ਤਾਂ ਅਜਿਹੀਆਂ ਦਿੱਕਤਾਂ ਦਾ ਕਾਰਨ ਤਾਂ ਨਹੀਂ ਬਣ ਰਹੇ।"

ਇਸ ਦੇ ਨਾਲ ਬੱਚਾ ਪੈਦਾ ਕਰਨ ਸਬੰਧੀ ਦਿੱਕਤਾਂ ਹੀ ਨਹੀਂ ਸਗੋਂ ਇਸਤਰੀਆਂ ਲਈ ਹੋਰ ਰੋਗਾਂ ਦਾ ਵੀ ਕਾਰਨ ਬਣ ਸਕਦਾ ਹੈ।

ਕੀਟਨਾਸ਼ਕਾਂ ਦਾ ਕੀ ਰੋਲ

ਖ਼ੇਤੀ ਵਿਰਾਸਤ ਮਿਸ਼ਨ ਦੇ ਡਾਇਰੈਕਟਰ ਉਮੇਂਦਰ ਦੱਤ ਨੇ ਕਿਹਾ ਕਿ ਉਹ ਸਿਹਤ ਮੰਤਰੀ ਵੱਲੋਂ ਦੱਸੇ ਗਏ ਅੰਕੜੇ ਨੂੰ ਸਹੀ ਮੰਨਦੇ ਹਨ।

ਖੇਤੀ ਵਿਰਾਸਤ ਮਿਸ਼ਨ ਸੰਸਥਾ ਹੰਢਣਸਾਰ ਖੇਤੀਬਾੜੀ, ਖਾਦਾਂ ਅਤੇ ਰਸਾਇਣਾਂ ਦੀ ਵਰਤੋਂ ਨੂੰ ਘਟਾਉਣ, ਰਵਾਇਤੀ ਅਨਾਜਾਂ ਨੂੰ ਮੁੜ ਪ੍ਰਚਲਿਤ ਕਰਨ ਅਤੇ ਹੋਰ ਟੀਚਿਆਂ ਉੱਤੇ ਕੰਮ ਕਰਦੀ ਹੈ।

ਉਮੇਂਦਰ ਦੱਤ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਇਹ ਫ਼ੀਸਦੀ 40 ਤੋਂ ਵੀ ਵੱਧ ਹੋ ਸਕਦੀ ਹੈ।

ਇਸ ਦੇ ਕਾਰਨਾਂ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, "ਇਸ ਦਾ ਕਾਰਨ ਟੋਕਸਿਨਸ ਹਨ. ..ਕੀਟਨਾਸ਼ਕ ਹਨ.. ਉਹ ਰੀਪ੍ਰੋਡਕਟਵਿ(ਪ੍ਰਜਨਨ) ਟੋਕਸਿਨਸ ਹਨ, ਇਹ ਸ਼ੁਕਰਾਣੂਆਂ ਨੂੰ ਵੀ ਘੱਟ ਕਰਦੇ ਹਨ ਅਤੇ ਅੰਡੇ ਬਣਨ ਦੀ ਪ੍ਰਕਿਰਿਆ ਉੱਤੇ ਵੀ ਅਸਰ ਪਾਉਂਦੇ ਹਨ।"

ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਜਗ੍ਹਾ-ਜਗ੍ਹਾ ਆਈਵੀਐੱਫ ਸੈਂਟਰ ਤਾਂ ਖੁੱਲ੍ਹ ਹੀ ਰਹੇ ਹਨ, ਪਰ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਡਵੈਲਪਮੈਂਟ (ਵਿਕਾਸ) ਉੱਤੇ ਜੋ ਅਸਰ ਪੈ ਰਿਹਾ ਹੈ, ਉਹ ਵੱਧ ਮਹੱਤਵਪੂਰਨ ਹੈ।

ਸਰਕਾਰ ਨੂੰ ਕੀ ਕਰਨਾ ਚਾਹੀਦਾ

ਇਸ ਦੇ ਬਚਾਅ ਜਾਂ ਸੁਧਾਰ ਬਾਰੇ ਉਮੇਂਦਰ ਕਹਿੰਦੇ ਹਨ, "ਪੰਜਾਬ ਨੂੰ ਕੀਟਨਾਸ਼ਕ ਜਾਂ ਖੇਤੀਬਾੜੀ ਵਿੱਚ ਵਰਤੇ ਜਾਂਦੇ ਰਸਾਇਣਾਂ ਦੀ ਵਰਤੋਂ ਘਟਾਉਣੀ ਹੀ ਪਵੇਗੀ, ਕਿਉਂਕਿ ਪੰਜਾਬੀਆਂ ਦੀ ਭੋਜਨ ਲੜੀ ਵਿੱਚ ਬਹੁਤ ਰਸਾਇਣ ਹਨ।"

ਪੰਜਾਬ ਸਰਕਾਰ ਨੂੰ ਇਸ ਬਾਰੇ ਕੀ ਯਤਨ ਕਰਨੇ ਚਾਹੀਦੇ ਹਨ, ਇਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ, "ਪੰਜਾਬ ਨੂੰ 10 ਸਾਲਾਂ ਦੀ ਯੋਜਨਾ ਬਣਾਉਣੀ ਚਾਹੀਦੀ ਹੈ ਅਤੇ ਹਰ ਸਾਲ ਕੀਟਨਾਸ਼ਕਾਂ ਦੀ ਵਰਤੋਂ 10 ਫ਼ੀਸਦ ਘਟਾਉਣੀ ਚਾਹੀਦੀ ਹੈ।"

ਉਹ ਕਹਿੰਦੇ ਹਨ ਕਿ ਸਰਕਾਰ ਨੂੰ ਸੰਸਥਾਵਾਂ ਨਾਲ ਰਲਕੇ ਇੱਕ ਮੁਹਿੰਮ ਚਲਾਉਣੀ ਚਾਹੀਦੀ ਹੈ।

ਆਈਵੀਐੱਫ ਕੇਂਦਰਾਂ ਵਿੱਚ ਵਾਧਾ ਹੋਣ ਦਾ ਇਹ ਵੀ ਇੱਕ ਕਾਰਨ

ਆਈਵੀਐੱਫ ਕੇਂਦਰਾਂ ਦੀ ਗਿਣਤੀ ਵਿੱਚ ਹੋ ਰਹੇ ਵਾਧੇ ਬਾਰੇ ਡਾ. ਸ਼ਿਵਾਨੀ ਕਹਿੰਦੇ ਹਨ ਬੱਚਾ ਪੈਦਾ ਕਰਨ ਲਈ ਡਾਕਟਰੀ ਸਹਾਇਤਾ ਜਿਸ ਨੂੰ ਕਿ 'ਏਆਰਟੀ ਅਸਿਸਟਿਡ ਰਿਪਰੋਡਕਟਿਵ ਤਕਨੀਕ' ਵੀ ਕਿਹਾ ਜਾਂਦਾ ਹੈ ਵਿੱਚ ਦਵਾਈਆਂ, ਟੀਕੇ, ਆਈਯੂਆਈ (ਇੰਟ੍ਰਾ ਯੂਟ੍ਰੀਨ ਇਨਸੈਮੀਨੇਸ਼ਨ) ਵੀ ਸ਼ਾਮਲ ਹੈ।

ਉਹ ਕਹਿੰਦੇ ਹਨ ਕਿ ਇਹ ਡਾਕਟਰੀ ਸਹਾਇਤੀ ਕਾਨੂੰਨ ਮੁਤਾਬਕ ਏਆਰਟੀ ਲੈਵਲ -1 ਕਲੀਨਿਕ ਵਿੱਚ ਹੋ ਜਾਂਦੀ ਹੈ,ਏਆਰਟੀ ਬਿੱਲ ਦੇ ਮੁਤਾਬਕ ਆਈਵੀਐਫ ਏਆਰਟੀ-2 ਕੇਂਦਰ ਵਿੱਚ ਹੀ ਹੋ ਸਕਦੀ ਹੈ, ਇਸੇ ਲਈ ਵੱਖਰੇ ਆਈਵੀਐੱਫ ਕੇਂਦਰਾਂ ਦਾ ਹੋਣਾ ਜ਼ਰੂਰੀ ਹੈ।

ਆਈਵੀਐਫ ਕੇਂਦਰਾਂ ਨੂੰ ਸਰਕਾਰੀ ਹਦਾਇਤਾਂ ਅਤੇ ਮਿਆਰ ਦੀ ਪਾਲਣਾ ਕਰਨੀ ਜ਼ਰੂਰੀ ਹੈ।

ਪੰਜਾਬ ਵਿੱਚ ਨਿਓਨੈਟਲ ਕੇਂਦਰਾਂ ਦੇ ਵਧਣ ਬਾਰੇ ਉਹ ਕਹਿੰਦੇ ਹਨ, "ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਨਿਓਨੈਟਲ ਕੇਂਦਰਾਂ ਦੀ ਲੋੜ ਪੈਂਦੀ ਹੈ, ਕਿਉਂਕਿ ਆਈਵੀਐੱਫ ਤਕਨੀਕ ਰਾਹੀਂ ਜੌੜੇ (ਟਵਿਨਸ) ਜਾਂ ਤਿੰਨ ਬੱਚੇ ਪੈਦਾ ਹੋਣ ਦੇ ਕੇਸ ਵੱਧ ਰਹੇ ਹਨ, ਇਨ੍ਹਾਂ ਕੇਂਦਰਾਂ ਦੀ ਲੋੜ ਪੈਂਦੀ ਹੈ।"

ਉਹ ਕਹਿੰਦੇ ਹਨ, "ਕਈ ਵਾਰੀ ਆਈਵੀਐੱਫ ਪ੍ਰੈੱਗਨੈਂਸੀ ਵਿੱਚ ਕਈ ਦਿੱਕਤਾ ਆਉਂਦੀਆਂ ਹਨ, ਆਈਵੀਐੱਫ ਤਕਨੀਕ ਅਪਣਾਉਣ ਵਾਲੇ ਬਹੁਤੇ ਜੋੜੇ ਵੱਧ ਉਮਰ ਦੇ ਹੁੰਦੇ ਹਨ ਜਿਸ ਕਾਰਨ ਸਿਹਤ ਸਬੰਧੀ ਖ਼ਤਰੇ ਵੀ ਵੱਧ ਜਾਂਦੇ ਹਨ। ਇਸ ਲਈ ਸਮੇਂ ਤੋਂ ਪਹਿਲਾਂ ਜੰਮਣ ਪੀੜਾਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।"

ਆਈਵੀਐੱਫ ਤਕਨੀਕ ਕੀ ਹੈ?

ਆਈਵੀਐੱਫ ਦੀ ਵਰਤੋਂ ਉਦੋਂ ਹੁੰਦੀ ਹੈ ਜਦੋਂ ਜਾਂ ਤਾਂ ਕੁਦਰਤੀ ਢੰਗ ਨਾਲ ਗਰਭਧਾਰਨ ਨਹੀਂ ਹੁੰਦਾ ਜਾਂ ਗਰਭਧਾਰਨ ਦੇ ਹੋਰ ਸਾਰੇ ਤਰੀਕਿਆਂ ਵਿੱਚ ਸਫ਼ਲਤਾ ਹਾਸਲ ਨਹੀਂ ਹੁੰਦੀ।

ਆਈਵੀਐੱਫ ਤਕਨੀਕ ਅਤੇ ਇਸ ਦੀ ਸ਼ੁਰੂਆਤ ਬਾਰੇ ਡਾਕਟਰ ਨਯਨਾ ਪਟੇਲ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਇਸ ਦੀ ਸ਼ੁਰੂਆਤ 1978 'ਚ ਹੋਈ ਸੀ।

ਗੁਜਰਾਤ ਦੇ ਆਨੰਦ ਵਿੱਚ ਆਕਾਂਕਸ਼ਾ ਹਸਪਤਾਲ ਅਤੇ ਖੋਜ ਸੰਸਥਾਨ ਦੇ ਮੈਡੀਕਲ ਡਾਇਰੈਕਟਰ ਡਾ. ਪਟੇਲ ਨੇ ਦੱਸਿਆ ਸੀ, "ਆਈਵੀਐੱਫ ਦੀ ਵਰਤੋਂ ਉਨ੍ਹਾਂ ਔਰਤਾਂ ਦੇ ਮਾਮਲੇ ਵਿੱਚ ਕੀਤੀ ਜਾਂਦੀ ਹੈ, ਜਿਨ੍ਹਾਂ ਦੀਆਂ ਟਿਊਬਾਂ ਇਨਫੈਕਸ਼ਨ ਜਾਂ ਕਿਸੇ ਹੋਰ ਕਾਰਨ ਕਰਕੇ ਖਰਾਬ ਹੋ ਜਾਂਦੀਆਂ ਹਨ।"

ਉਨ੍ਹਾਂ ਦੱਸਿਆ ਸੀ ਕਿ ਇਸ ਦੌਰਾਨ ਲੈਬ ਵਿੱਚ ਅੰਡੇ ਅਤੇ ਸ਼ੁਕਰਾਣੂਆਂ ਨੂੰ ਰੱਖਿਆ ਜਾਂਦਾ ਹੈ ਜਿਸ ਤੋਂ ਭਰੂਣ ਤਿਆਰ ਹੁੰਦਾ ਹੈ।

ਉਨ੍ਹਾਂ ਦੱਸਿਆ ਸੀ ਕਿ ਜਦੋਂ ਭਰੂਣ ਤਿਆਰ ਹੋ ਜਾਂਦਾ ਹੈ ਤਾਂ ਇਸ ਨੂੰ ਔਰਤ ਦੀ ਬੱਚੇਦਾਨੀ ਵਿੱਚ ਰੱਖਿਆ ਹੈ।

ਉਹ ਕਹਿੰਦੇ ਹਨ ਕਿ ਇਸ ਤਕਨੀਕ ਨੇ ਬਹੁਤ ਸਾਰੇ ਜੋੜਿਆਂ ਨੂੰ ਮਾਤਾ-ਪਿਤਾ ਬਣਨ ਦੀ ਖੁਸ਼ੀ ਦਿੱਤੀ ਹੈ ਅਤੇ ਔਰਤਾਂ ਤੋਂ ਬਾਂਝਪਨ ਦਾ ਕਲੰਕ ਦੂਰ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)