You’re viewing a text-only version of this website that uses less data. View the main version of the website including all images and videos.
ਭਾਰਤੀ ਮੂਲ ਦਾ ਜੋੜਾ ਕੌਣ ਹੈ ਜਿਸ ਨੇ ਅਰਬਾਂ ਦੇ ਨਸ਼ੇ ਦੀ ਤਸਕਰੀ ਲਈ ਫਰਜ਼ੀ ਕੰਪਨੀ ਬਣਾਈ
ਬ੍ਰਿਟੇਨ ਦੀ ਕੌਮੀ ਅਪਰਾਧ ਏਜੰਸੀ ਮੁਤਾਬਕ ਭਾਰਤੀ ਮੂਲ ਦੇ ਇੱਕ ਜੋੜੇ ਨੂੰ ਕੋਕੇਨ ਦੀ ਇੱਕ ਬਹੁਤ ਵੱਡੀ ਖੇਪ ਆਸਟ੍ਰੇਲੀਆ ਭੇਜਣ ਦੇ ਮਾਮਲੇ ਵਿੱਚ 33 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਜੋੜਾ ਲਗਭਗ ਅੱਧਾ ਟਨ ਕੋਕੀਨ ਦੀ ਤਸਕਰੀ ਕਰਕੇ ਆਸਟ੍ਰੇਲੀਆ ਭੇਜਣ ਵਿੱਚ ਸ਼ਾਮਲ ਸੀ। ਆਰਤੀ ਧੀਰ ਦੀ ਉਮਰ 59 ਸਾਲ ਸੀ ਜਦਕਿ ਕਵਲਜੀਤਸਿਹ ਰਾਇਜਾਦਾ ਦੀ ਉਮਰ 35 ਸਾਲ ਹੈ।
ਭਾਰਤ ਨੇ ਸਾਲ 2017 ਵਿੱਚ ਬ੍ਰਿਟੇਨ ਤੋਂ ਇੱਕ ਬੱਚੇ ਦੇ ਕਤਲ ਦੇ ਮਾਮਲੇ ਵਿੱਚ ਹਵਾਲਗੀ ਦੀ ਮੰਗ ਕੀਤੀ ਸੀ। ਇਲਜ਼ਾਮ ਸੀ ਕਿ ਜੋੜੇ ਨੇ ਗੁਜਰਾਤ ਵਿੱਚ ਇੱਕ ਬੱਚੇ ਨੂੰ ਗੋਦ ਲਿਆ ਅਤੇ ਫਿਰ ਬੀਮੇ ਦੀ ਰਕਮ ਲਈ ਉਸਦਾ ਕਤਲ ਕਰਵਾ ਦਿੱਤਾ।
ਕੋਕੀਨ ਬਾਹਰ ਭੇਜਣ ਲਈ ਬਣਾਈ ਕੰਪਨੀ
ਬ੍ਰਿਟੇਨ ਦੀ ਅਪਰਾਧ ਏਜੰਸੀ ਦੀ ਜਾਂਚ ਵਿੱਚ ਪਤਾ ਲਾਇਆ ਕਿ ਦੋਵੇਂ ਜਣੇ ਉਸ ਫਰੰਟ ਕੰਪਨੀ ਨਾਲ ਜੁੜੇ ਹੋਏ ਸਨ ਜਿਸ ਨੇ ਸਾਲ 2021 ਦੇ ਮਈ ਵਿੱਚ ਧਾਤ ਦੇ ਔਜਾਰਾਂ ਦੇ ਡੱਬਿਆਂ ਦੇ ਓਹਲੇ ਵਿੱਚ ਹਵਾਈ ਜਹਾਜ਼ ਰਾਹੀਂ ਨਸ਼ੇ ਵਿਦੇਸ਼ ਭੇਜੇ ਸੀ। ਇਹ ਖੇਪ ਆਸਟ੍ਰੇਲੀਆ ਦੀ ਸਰਹੱਦੀ ਸੁਰੱਖਿਆ ਫੋਰਸ ਨੇ ਸਾਲ 2021 ਦੇ ਮਈ ਵਿੱਚ ਕੋਕੀਨ ਜ਼ਬਤ ਕੀਤੀ ਸੀ।
ਜਦੋਂ ਬ੍ਰਿਟੇਨ ਤੋਂ ਵਪਾਰਕ ਜਹਾਜ਼ ਤੋਂ ਭੇਜੇ ਔਜਾਰਾਂ ਦੇ ਛੇ ਡੱਬਿਆਂ ਨੂੰ ਖੋਲ੍ਹਿਆ ਗਿਆ ਤਾਂ ਉਨ੍ਹਾਂ ਵਿੱਚੋਂ 524 ਕਿੱਲੋਗ੍ਰਾਮ ਕੋਕੀਨ ਨਿਕਲੀ।
ਆਸਟ੍ਰੇਲੀਆ ਵਿੱਚ ਕੋਕੀਨ ਦੀ ਕੀਮਤ ਬ੍ਰਿਟੇਨ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਜਿੱਥੇ ਬ੍ਰਿਟੇਨ ਦੇ ਥੋਕ ਬਜ਼ਾਰ ਵਿੱਚ ਇੱਕ ਕਿੱਲੋ ਕੋਕੀਨ 26 ਹਜ਼ਾਰ ਪੌਂਡ ਦੀ ਹੈ ਉੱਥੇ ਹੀ ਆਸਟ੍ਰੇਲੀਆ ਵਿੱਚ 11,00,00 ਪੌਂਡ ਦੀ ਹੈ। ਰਾਜਧਾਨੀ ਸਿਡਨੀ ਤੋਂ ਫੜੀ ਗੋਈ ਕੋਕੀਨ ਦੀ ਆਸਟਰੇਲੀਆਈ ਬਜ਼ਾਰ ਵਿੱਚ ਕੀਮਤ 57 ਮਿਲੀਅਨ ਪੌਂਡ (ਲਗਭਗ 6 ਅਰਬ ਭਾਰਤੀ ਰੁਪਏ) ਸੀ।
ਜਾਂਚ ਦੌਰਾਨ ਖੇਪ ਦਾ ਸੰਬੰਧ ਧੀਰ ਅਤੇ ਰਾਇਜਾਦਾ ਨਾਲ ਸਾਬਤ ਹੋਇਆ। ਦੋਵਾਂ ਨੇ ਇਹ ਨਸ਼ੇ ਬਾਹਰ ਭੇਜਣ ਲਈ ਹੀ ਇਹ ਕੰਪਨੀ ਕਾਇਮ ਕੀਤੀ ਸੀ।
ਸਾਲ 2015 ਵਿੱਚ ਕੰਪਨੀ ਦੇ ਬਣਨ ਤੋਂ ਵੱਖ-ਵੱਖ ਸਮਿਆਂ ਦੌਰਾਨ ਇਸ ਦੇ ਨਿਰਦੇਸ਼ਕ ਰਹੇ ਸਨ।
ਬਕਸਿਆਂ ਨੂੰ ਜਿਸ ਪਲਾਸਟਿਕ ਵਿੱਚ ਲਪੇਟਿਆ ਗਿਆ ਸੀ ਉਸ ਉੱਪਰੋਂ ਰਾਏਜਾਦਾ ਦੀਆਂ ਉਂਗਲੀਆਂ ਦੇ ਨਿਸ਼ਾਨ ਮਿਲੇ ਸਨ। ਜਦਕਿ ਫੜੇ ਗਏ ਮਾਲ ਦੀਆਂ ਰਸੀਦਾਂ ਜੋੜੇ ਦੇ ਘਰੋਂ ਬਰਾਮਦ ਕੀਤੀਆਂ ਗਈਆਂ।
ਘਰੋਂ ਕੀ ਕੁਝ ਬਰਾਮਦ ਕੀਤਾ ਗਿਆ
ਧੀਰ ਅਤੇ ਰਾਏਜਾਦਾ ਨੂੰ ਜਦੋਂ ਜੂਨ 2021 ਵਿੱਚ ਹਾਨਵੈਲ ਵਿਚਲੇ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਤਾਂ 5000 ਪੌਂਡ ਦੀਆਂ ਗੋਲਡ ਪਲੇਟਡ ਸਿਲਵਰ ਬਾਰਸ, 13000 ਪੌਂਡ ਦੀ ਨਗਦੀ ਅਤੇ 60000 ਪੌਂਡ ਇੱਕ ਬਕਸੇ ਦੀ ਤਿਜੋਰੀ ਵਿੱਚੋਂ ਬਰਾਮਦ ਕੀਤਾ ਗਿਆ।
ਹੋਰ ਜਾਂਚ ਵਤੋਂ ਬਾਅਦ ਦੋਵਾਂ ਨੂੰ ਫਰਵਰੀ 2023 ਵਿੱਚ ਮੁੜ ਗ੍ਰਿਫ਼ਾਤਾਰ ਕੀਤਾ ਗਿਆ। ਇਸ ਵਾਰ ਲਗਭਗ 30 ਲੱਖ ਪੌਂਡ ਦੀ ਨਗਦੀ ਬਰਾਮਦ ਕੀਤੀ ਗਈ। ਰਾਏਜਾਦਾ ਨੇ ਇਹ ਘਰ ਆਪਣੀ ਮਾਂ ਦੇ ਨਾਮ ਉੱਪਰ ਕਿਰਾਏ ਤੇ ਲਿਆ ਹੋਇਆ ਸੀ।
ਹੋਰ ਜਾਂਚ ਤੋਂ ਸਾਹਮਣੇ ਆਇਆ ਕਿ ਰਾਏਜਾਦਾ ਨੇ 8,00,000 ਪੌਂਡ ਦਾ ਇੱਕ ਘਰ ਅਤੇ 62,000 ਪੌਂਡ ਦੀ ਇੱਕ ਲੈਂਡ ਰੋਵਰ ਵੀ ਖ਼ਰੀਦੀ ਸੀ।
ਬਰਾਮਦਗੀਆਂ ਅਤੇ ਜਾਂਚ ਵਿੱਚ ਸਾਹਮਣੇ ਆਏ ਸੌਦੇ ਉਨ੍ਹਾਂ ਵੱਲੋਂ ਆਮਦਨ ਕਰ ਵਿੱਚ ਦੱਸੀ ਆਮਦਨੀ ਤੋਂ ਬਹੁਤ ਜ਼ਿਆਦਾ ਸਨ।
ਜਾਂਚ ਵਿੱਚ ਪਤਾ ਚੱਲਿਆ ਕਿ ਜੋੜੇ ਨੇ ਸਾਲ 2019 ਤੋਂ 2022 ਦੌਰਾਨ 18 ਵੱਖ-ਵੱਖ ਬੈਂਕ ਖਾਤਿਆਂ ਵਿੱਚ ਲਗਭਗ 7,40,000 ਪੌਂਡ ਨਗਦ ਜਮ੍ਹਾਂ ਕਰਵਾਏ ਸਨ। ਇਸ ਨਾਲ ਉਨ੍ਹਾਂ ਉੱਤੇ ਮਨੀ ਲਾਂਡਰਿੰਗ ਦੇ ਇਲਜ਼ਾਮ ਵੀ ਲਗਾ ਦਿੱਤੇ ਗਏ।
ਧੀਰ ਅਤੇ ਰਾਏਜਾਦਾ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ। ਨੈਸ਼ਨਲ ਕਰਾਈਮ ਏਜੰਸੀ ਹੁਣ ਉਨ੍ਹਾਂ ਦੀਆਂ ਜਾਇਦਾਦਾਂ ਜਬਤ ਕਰਨ ਦੀ ਕਾਰਵਾਈ ਵਿੱਚ ਅੱਗੇ ਵਧੇਗੀ।
ਏਜੰਸੀ ਦੇ ਸੀਨੀਅਰ ਜਾਂਚ ਅਧਿਕਾਰੀ ਪੀਰਿਸ ਫਿਲਿਪ ਨੇ ਦੱਸਿਆ, ਆਰਤੀ ਧੀਰ ਅਤੇ ਕਵਲਜੀਤਸਿੰਹ ਰਾਏਜਾਦਾ ਨੇ ਹਵਾਈ ਮਾਲ-ਵਾਹਨ ਖੇਤਰ ਦੇ ਆਪਣੇ ਅੰਦਰੂਨੀ ਸਮਝ ਦੀ ਵਰਤੋਂ ਲੱਖਾਂ ਪੌਂਡ ਦੀ ਕੋਕੀਨ ਬ੍ਰਿਟੇਨ ਤੋਂ ਆਸਟ੍ਰੇਲੀਆ ਭੇਜਣ ਲਈ ਕੀਤੀ। ਜਿੱਥੇ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦਾ ਬਹੁਤ ਜ਼ਿਆਦਾ ਮੁਨਾਫ਼ਾ ਹੋਵੇਗਾ।
“ਆਪਣਾ ਗੈਰ-ਕਨੂੰਨੀ ਮੁਨਾਫਾ ਨਗਦੀ ਦੇ ਰੂਪ ਵਿੱਚ ਆਪਣੇ ਘਰ ਵਿੱਚ ਰੱਖਿਆ ਅਤੇ ਜਾਇਦਾਦ, ਆਪਣਾ ਧਨ ਲੁਕੋਣ ਦੀ ਕੋਸ਼ਿਸ਼ ਵਿੱਚ ਸੋਨਾ ਅਤੇ ਚਾਂਦੀ ਖ਼ਰੀਦੀ। ਉਨ੍ਹਾਂ ਨੂੰ ਲਗਦਾ ਸੀ ਕਿ ਉਹ ਨਸ਼ੇ ਦੇ ਕਾਰੋਬਾਰ ਤੋਂ ਦੀ ਅੱਗ ਤੋਂ ਕੱਢ ਲਏ ਗਏ ਪਰ ਉਨ੍ਹਾਂ ਦਾ ਲਾਲਚ ਇਸ ਨੂੰ ਹਵਾ ਦੇ ਰਿਹਾ ਸੀ।”
ਫਿਲਿਪ ਨੇ ਅੱਗੇ ਦੱਸਿਆ ਕਿ ਧੀਰ ਅਤੇ ਰਾਏਜਾਦਾ ਵੱਲੋਂ ਕਾਇਮ ਕੀਤੀ ਸਪਲਾਈ ਚੇਨ ਨੂੰ ਤੋੜਨ ਅਤੇ ਉਨ੍ਹਾਂ ਨੂੰ ਨਿਆਂ ਤੱਕ ਲਿਆਉਣ ਲਈ ਐਨਸੀਏ ਨੇ ਆਸਟ੍ਰੇਲੀਆ ਅਤੇ ਯੂਕੇ ਬਾਰਡਰ ਫੋਰਸ ਵਿੱਚ ਸਾਡੇ ਹਿੱਸੇਦਾਰਾਂ ਨਾਲ ਮਿਲ-ਵਰਤ ਕੇ ਕੰਮ ਕੀਤਾ।”
ਭਾਰਤ ਨੇ ਕਿਉਂ ਮੰਗੀ ਸੀ ਜੋੜੇ ਦੀ ਹਵਾਲਗੀ
ਸਾਲ 2022 ਵਿੱਚ ਜਦੋਂ ਆਰਤੀ 55 ਅਤੇ ਰਾਏਜਾਦਾ 30 ਸਾਲ ਦੇ ਸਨ, ਉੱਪਰ 11 ਸਾਲਾ ਬੱਚੇ ਗੋਪਾਲ ਨੂੰ ਬੀਮੇ ਦੀ ਰਕਮ ਲਈ ਕਤਲ ਕਰਵਾਉਣ ਦੇ ਇਲਜ਼ਾਮ ਲੱਗੇ ਸਨ।
ਗੋਪਾਲ ਸੇਜਨੀ ਦਾ ਕਤਲ ਸੰਨ 2017 ਵਿੱਚ ਕੀਤਾ ਗਿਆ ਸੀ।
ਜੋੜੇ ਨੇ ਗੁਜਰਾਤ ਜਾ ਕੇ ਇੱਕ ਸਥਾਨਕ ਅਖ਼ਬਾਰ ਵਿੱਚ ਇਸ਼ਤਿਹਾਰ ਦਿੱਤਾ ਕਿ ਉਹ ਇੱਕ ਬੱਚਾ ਗੋਦ ਲੈਣਾ ਚਾਹੁੰਦੇ ਹਨ, ਜਿਸ ਨੂੰ ਉਹ ਆਪਣੇ ਨਾਲ ਬ੍ਰਿਟੇਨ ਲੈ ਜਾਣਗੇ ਅਤੇ ਵਧੀਆ ਜ਼ਿੰਦਗੀ ਦੇਣਗੇ।
ਜੋੜੇ ਨੇ ਸਾਲ 2015 ਵਿੱਚ ਹਨਵੈੱਲ ਤੋਂ ਗੁਜਰਾਤ ਜਾ ਕੇ ਗੋਪਾਲ ਦੇ ਪਰਿਵਾਰ ਨੂੰ ਮਿਲੇ। ਗੋਪਾਲ ਗੁਜਰਾਤ ਵਿੱਚ ਆਪਣੀ ਵੱਡੀ ਭੈਣ ਅਤੇ ਜੀਜੇ ਨਾਲ ਰਹਿੰਦਾ ਸੀ।
ਗੁਜਰਾਤ ਪੁਲਿਸ ਦਾ ਕਹਿਣਾ ਸੀ ਕਿ ਧੀਰ ਅਤੇ ਰਾਏਜਾਦਾ ਦੀ ਬ੍ਰਿਟੇਨ ਵਿੱਚ ਆਪਣੀ ਕੋਈ ਔਲਾਦ ਨਹੀਂ ਸੀ। ਅਸਲ ਵਿੱਚ ਉਨ੍ਹਾਂ ਦੀ ਬੱਚੇ ਲਈ ਹੋਰ ਹੀ ਯੋਜਨਾ ਸੀ।
ਜੂਨਾਗੜ ਪੁਲਿਸ ਦੇ ਸੌਰਭ ਸਿੰਘ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਗੋਪਾਲ ਨੂੰ ਗੋਦ ਲੈਣ ਤੋਂ ਬਾਅਦ ਧੀਰ ਨੇ ਬੱਚੇ ਦਾ 150000 ਪੌਂਡ ਦਾ ਬੀਮਾ ਕਰਵਾਇਆ ਅਤੇ 15000 ਦੀਆਂ ਦੋ ਕਿਸ਼ਤਾਂ ਵੀ ਭਰੀਆਂ।
ਬੀਮੇ ਦੀ ਰਕਮ ਦਸ ਸਾਲ ਬਾਅਦ ਜਾਂ ਮੌਤ ਦੀ ਸੂਰਤ ਵਿੱਚ ਮਿਲਣੀ ਸੀ।
ਰਸਮੀ ਕਾਰਵਾਈਆਂ ਪੂਰੀਆਂ ਕਰਕੇ ਦੋਵੇਂ ਜਣੇ ਤਾਂ ਬ੍ਰਿਟੇਨ ਪਰਤ ਗਏ ਪਰ ਗੋਪਾਲ ਵੀਜ਼ਾ ਪ੍ਰਕਿਰਿਆ ਕਾਰਨ ਭਾਰਤ ਵਿੱਚ ਹੀ ਰਿਹਾ।
ਅੱਠ ਫਰਵਰੀ 2017 ਨੂੰ ਗੋਪਾਲ ਦੋ ਮੋਟਰ ਸਾਈਕਲ ਸਵਾਰਾਂ ਵੱਲੋਂ ਅਗਵਾ ਕਰ ਲਿਆ ਗਿਆ ਅਤੇ ਫਿਰ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ।
ਉਸਦੇ ਜੀਜੇ ਹਰਸੁੱਖ ਕਾਰਦਾਨੀ ਨੇ ਜਦੋਂ ਗੋਪਾਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਉੱਪਰ ਵੀ ਹਮਲਾ ਕੀਤਾ ਗਿਆ। ਇੱਕ ਮਹੀਨੇ ਬਾਅਦ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦੋਵਾਂ ਦੀ ਗੁਜਰਾਤ ਦੇ ਹਸਪਤਾਲ ਵਿੱਚ ਮੌਤ ਹੋ ਗਈ।
ਭਾਰਤ ਸਰਕਾਰ ਦੇ ਕਹਿਣ ਤੇ ਧੀਰ ਅਤੇ ਰਾਏਜਾਦਾ ਨੂੰ ਬ੍ਰਿਟੇਨ ਵਿੱਚ ਜੂਨ 2017 ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਭਾਰਤ ਵਿੱਚ ਉਨ੍ਹਾਂ ਉੱਪਰ ਅਗਵਾ ਅਤੇ ਕਤਲ ਸਮੇਤ ਛੇ ਇਲਜ਼ਾਮ ਸਨ।
ਹਾਲਾਂਕਿ ਬਾਅਦ ਵਿੱਚ ਮਨੁੱਖੀ ਅਧਿਕਾਰਾਂ ਦੀ ਬੁਨਿਆਦ ਉੱਪਰ ਬ੍ਰਿਟੇਨ ਦੀ ਅਦਾਲਤ ਨੇ ਜੋੜੇ ਨੂੰ ਭਾਰਤ ਦੇ ਹਵਾਲੇ ਕਰਨ ਤੋਂ ਰੋਕ ਲਗਾ ਦਿੱਤੀ ਸੀ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)