ਬੂਟਾ ਸਿੰਘ ਸ਼ਾਦ ਨਹੀਂ ਰਹੇ: ਪੰਜਾਬੀ ਨਾਵਲਕਾਰ ਦੀ ਬਠਿੰਡੇ ਤੋਂ ਬਾਲੀਵੁੱਡ ਤੱਕ ਪਰਵਾਜ਼ ਦੀ ਕਹਾਣੀ

ਤਸਵੀਰ ਸਰੋਤ, Prabhu Dyal/BBC
- ਲੇਖਕ, ਅਵਤਾਰ ਸਿੰਘ ਭੰਵਰਾ
- ਰੋਲ, ਬੀਬੀਸੀ ਪੰਜਾਬੀ ਲਈ
ਪੰਜਾਬੀ ਦੇ ਸਿਰਮੌਰ ਨਾਵਲਕਾਰ ਬੂਟਾ ਸਿੰਘ ਸ਼ਾਦ ਨਹੀਂ ਰਹੇ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਕਲਾ ਤੇ ਸਾਹਿਤ ਜਗਤ ਵਿੱਚ ਸੋਗ ਦੀ ਲਹਿਰ ਹੈ।
ਪੰਜਾਬੀ ਨਾਵਲਕਾਰੀ ਵਿੱਚ ਮਾਲਵੇ ਦੇ ਨਾਵਲਨਿਗ਼ਾਰ ਤੇ ਕਹਾਣੀਕਾਰ ਹੋਣ ਦੇ ਨਾਲ-ਨਾਲ ਬੂਟਾ ਸਿੰਘ ਸ਼ਾਦ ਉਮਦਾ ਫ਼ਿਲਮਸਾਜ਼, ਨਿਰਦੇਸ਼ਕ, ਅਦਾਕਾਰ ਅਤੇ ਸੰਵਾਦਕਾਰ ਵੀ ਸਨ।
ਬੰਬਈ (ਹੁਣ ਮੁੰਬਈ) ਵਿੱਚ ਲਗਭਗ 47 ਸਾਲ ਗੁਜ਼ਾਰਨ ਤੋਂ ਬਾਅਦ ਬੂਟਾ ਸਿੰਘ ਸ਼ਾਦ ਅੱਜ ਕੱਲ੍ਹ ਆਪਣੇ ਭਤੀਜਿਆਂ ਕੋਲ ਪਿੰਡ ਕੂਮਥਲਾਂ, ਜ਼ਿਲ੍ਹਾ ਸਿਰਸਾ (ਹਰਿਆਣਾ) ਵਿੱਚ ਰਹਿ ਰਹੇ ਸਨ।
ਸ਼ਾਦ ਦੇ ਭਤੀਜੇ ਨੈਬ ਸਿੰਘ ਬਰਾੜ ਮੁਤਾਬਕ ਭਾਵੇਂ ਉਹ ਸਰੀਰਿਕ ਤੌਰ ’ਤੇ ਢਿੱਲੇ ਰਹਿੰਦੇ ਸਨ, ਪਰ ਆਪਣੇ ਆਉਣ ਵਾਲੇ ਨਵੇਂ ਨਾਵਲ ਨੂੰ ਮੁਕੰਮਲ ਕਰਨ ਵਿੱਚ ਰੁਝੇ ਰਹਿੰਦੇ ਸਨ।

ਤਸਵੀਰ ਸਰੋਤ, Prabhu Dyal/BBC
ਬੂਟਾ ਸਿੰਘ ਦਾ ਪਿਛੋਕੜ ਤੇ ਕਿਵੇਂ ਜੁੜਿਆ 'ਸ਼ਾਦ' ਤਖ਼ੱਲਸ
ਬੂਟਾ ਸਿੰਘ ਬਰਾੜ ਉਰਫ਼ ਬੂਟਾ ਸਿੰਘ ‘ਸ਼ਾਦ’ ਉਰਫ਼ ਬੀ. ਐੱਸ. ‘ਸ਼ਾਦ’ ਦਾ ਜਨਮ 12 ਨਵੰਬਰ 1943 ਨੂੰ ਹੋਇਆ।
ਮਾਲਵੇ ਦੇ ਪਿੰਡ ਦਾਨ ਸਿੰਘ ਵਾਲਾ (ਬਠਿੰਡਾ) ਦੇ ਜੱਟ ਸਿੱਖ ਪਰਿਵਾਰ ਨਾਲ ਸੰਬੰਧਤ ਬੂਟਾ ਸਿੰਘ ‘ਸ਼ਾਦ' ਦੇ ਪਿਤਾ ਸੰਤਾ ਸਿੰਘ ਅਤੇ ਮਾਤਾ ਹਰਨਾਮ ਕੌਰ ਸਨ।
‘ਸ਼ਾਦ’ ਬੂਟਾ ਸਿੰਘ ਦਾ ਕਲਮੀ ਤਖ਼ੱਲਸ ਹੈ, ਜਿਸ ਦਾ ਅਰਥ ‘ਖ਼ੁਸ਼’ ਹੁੰਦਾ ਹੈ। ਉਹਨਾਂ ਦਾ ਫ਼ਿਲਮੀ ਨਾਮ ਪਹਿਲਾਂ ‘ਹਰਵਿੰਦਰ’ ਤੇ ਫਿਰ ‘ਹਰਿੰਦਰ’ ਰਿਹਾ।
ਉਨ੍ਹਾਂ ਨੇ ਦਸਵੀਂ ਜਮਾਤ ਆਪਣੇ ਪਿੰਡੋਂ, ਬੀਏ ਰਾਜਿੰਦਰਾ ਕਾਲਜ ਬਠਿੰਡਾ ਅਤੇ ਐੱਮ. ਏ. ਅੰਗਰੇਜ਼ੀ, ਡੀ. ਏ. ਵੀ. ਕਾਲਜ ਦੇਹਰਾਦੂਨ ਤੋਂ ਪਾਸ ਕੀਤੀ।
ਇਸ ਮਗਰੋਂ ਉਨ੍ਹਾਂ ਨੇ ਗੁਰੂ ਕਾਸ਼ੀ ਕਾਲਜ, ਤਲਵੰਡੀ ਸਾਬੋ, ਬਰਜਿੰਦਰਾ ਕਾਲਜ, ਫ਼ਰੀਦਕੋਟ, ਗੁਰੂ ਨਾਨਕ ਕਾਲਜ, ਕਿੱਲਿਆਂਵਾਲੀ (ਡੱਬਵਾਲੀ), ਖਾਲਸਾ ਕਾਲਜ ਫਾਰ ਵਿਮੈਨ, ਸਿੱਧਵਾਂ ਖੁਰਦ ਵਿੱਚ ਪੜ੍ਹਾਇਆ ਸੀ।

ਬੂਟਾ ਸਿੰਘ ‘ਸ਼ਾਦ’ ਬਾਰੇ ਖਾਸ ਗੱਲਾਂ :
- ਬੂਟਾ ਸਿੰਘ ‘ਸ਼ਾਦ’ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਅਤੇ ਫਿਲਮਸਾਜ ਸਨ।
- ਉਨ੍ਹਾਂ ਦਾ ਜਨਮ 12 ਨਵੰਬਰ 1943 ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ 'ਚ ਹੋਇਆ ਸੀ।
- ਸ਼ਾਦ 16 ਘੰਟੇ ਰੋਜ਼ ਲਿਖਣ ਵਾਲੇ ਅਤੇ ‘ਕਸਮ ਵਰਦੀ ਕੀ’ ਵਰਗੀਆਂ ਫਿਲਮਾ ਦੇ ਨਿਰਮਾਤਾ ਸਨ।
- ਬੂਟਾ ਸਿੰਘ ਸ਼ਾਦ ਦੇ ਬਰਾੜ ਪ੍ਰੋਡਕਸ਼ਨਜ਼ ਦੀ ਪਹਿਲੀ ਹਿੰਦੀ ਫ਼ਿਲਮ ‘ਕੋਰਾ ਬਦਨ’(1974) ਸੀ।
- ਪੰਜਾਬ ਦਾ ਵੱਡਾ ਪਾਠਕ ਵਰਗ ਅੱਜ ਵੀ ਬੂਟਾ ਸਿੰਘ ਸ਼ਾਦ ਦੇ ਨਾਵਲਾਂ ਨਾਲ ਜੁੜਿਆ ਹੈ।

ਫ਼ਿਲਮਾਂ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ
ਬੂਟਾ ਸਿੰਘ ‘ਸ਼ਾਦ ਅਧਿਆਪਨ ਦੇ ਕਿੱਤੇ ਦੌਰਾਨ ਹੀ ਫ਼ਿਲਮਾਂ ਵੱਲ ਕਾਫੀ ਖਿਚੇ ਗਏ ਅਤੇ ਗਹਿਰੀ ਦਿਲਚਸਪੀ ਹੋ ਗਈ ਸੀ। ਇਸੇ ਤਰ੍ਹਾਂ ਸ਼ੌਕ ਵਜੋਂ ਉਨ੍ਹਾਂ ਨੇ ਫ਼ਿਲਮ ਲਾਈਨ ਅਖ਼ਤਿਆਰ ਕਰ ਲਈ ਅਤੇ 1970 ਵਿਚ ਫ਼ਿਲਮਾਂ ਦੀ ਨਗਰੀ ਬੰਬਈ ਵੱਲ ਰੁਖ਼ ਕਰ ਲਿਆ।
ਉਨ੍ਹਾਂ ਦੀ ਪਹਿਲੀ ਪੰਜਾਬੀ ਫ਼ਿਲਮ ਆਪਣੀ ਬਰਾੜ ਪ੍ਰੋਡਕਸ਼ਨ ‘ਕੁੱਲੀ ਯਾਰ ਦੀ’ (1970) ਤਹਿਤ ਆਈ ਸੀ।
ਉਨ੍ਹਾਂ ਦੇ ਪੰਜਾਬੀ ਨਾਵਲ ‘ਅੱਧੀ ਰਾਤ ਪਹਿਰ ਦਾ ਤੜਕਾ’ ’ਤੇ ਬਣਾਈ ਇਸ ਫ਼ਿਲਮ ਵਿੱਚ ਉਨ੍ਹਾਂ ਨੇ ਹਰਵਿੰਦਰ ਨਾਂ ਨਾਲ ‘ਪਹਿਲੇ ਸਿੱਖ ਹੀਰੋ’ ਵਜੋਂ ਅਦਾਕਾਰੀ ਕੀਤੀ ਅਤੇ ਹੀਰੋਇਨ ਦਾ ਕਿਰਦਾਰ ਇੰਦਰਾ ਬਿੱਲੀ ਨੇ ਨਿਭਾਇਆ ਸੀ।
ਫ਼ਿਲਮ ਵਿੱਚ ਬੂਟਾ ਸਿੰਘ ਸ਼ਾਦ ਨੇ ਮੁਹੰਮਦ ਸਦੀਕ ‘ਰਾਮਪੁਰੀ’, ਰਣਜੀਤ ਕੌਰ, ਗੁਰਚਰਨ ਸਿੰਘ ਪੋਹਲੀ ਤੋਂ ਬਿਨਾਂ ਸਰੂਪ ਪਰਿੰਦਾ ਨੂੰ ਪੇਸ਼ ਕੀਤਾ।
ਉਨ੍ਹਾਂ ਦੀ ਫਿਲਮ ਨੂੰ ਹੁੰਗਾਰਾ ਮਿਲਣ ਮਗਰੋਂ ਸ਼ਾਦ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਨਾਵਲ ਲਿਖਣ ਦੇ ਨਾਲ-ਨਾਲ ਫ਼ਿਲਮਾਂ ਬਣਾਉਣ ਦਾ ਸਿਲਸਿਲਾ ਜਾਰੀ ਰੱਖਿਆ।
ਦੂਜੀ ਰੰਗਦਾਰ ਧਾਰਮਿਕ ਪੰਜਾਬੀ ਫ਼ਿਲਮ ‘ਮਿੱਤਰ ਪਿਆਰੇ ਨੂੰ’ (1975) ਆਈ ਸੀ। ਇਹ ਫ਼ਿਲਮ ਵੀ ਬੂਟਾ ਸਿੰਘ ਸ਼ਾਦ ਦੇ ਪੰਜਾਬੀ ਨਾਵਲ ‘ਮਿੱਤਰ ਪਿਆਰੇ’ (1970) ’ਤੇ ਆਧਾਰਿਤ ਸੀ।
ਤੀਜੀ ਪੰਜਾਬੀ ਫ਼ਿਲਮ ‘ਸੱਚਾ ਮੇਰਾ ਰੂਪ ਹੈ’ (1976) ਸੀ। ਬੰਬਈ ਦੀ ਪਹਿਲੀ ਪੰਜਾਬੀ ਫ਼ਿਲਮ ‘ਵੈਰੀ’ (1992), ਫ਼ਿਲਮ ‘ਲਾਲੀ’ (1997) ਦੇ ਕਹਾਣੀਨਵੀਸ, ਫ਼ਿਲਮਸਾਜ਼ ਵੀ ਬੂਟਾ ਸਿੰਘ ਸ਼ਾਦ ਸਨ।

ਤਸਵੀਰ ਸਰੋਤ, Prabhu Dyal/BBC
ਹਿੰਦੀ ਫਿਲਮਾਂ ਦਾ ਸਫ਼ਰ
ਸ਼ਾਦ ਦੇ ਬਰਾੜ ਪ੍ਰੋਡਕਸ਼ਨਜ਼ ਦੀ ਪਹਿਲੀ ਹਿੰਦੀ ਫ਼ਿਲਮ ‘ਕੋਰਾ ਬਦਨ’ (1974) ਸੀ।
ਇਹ ਫ਼ਿਲਮ ਸ਼ਾਦ ਦੇ ਪੰਜਾਬੀ ਨਾਵਲ ‘ਕੋਰਾ ਬਦਨ’ (1969) ’ਤੇ ਆਧਾਰਿਤ ਸੀ। ਬਰਾੜ ਪ੍ਰੋਡਕਸ਼ਨਜ਼ ਦੀ ਹੀ ਸੁਰਿੰਦਰ ਮੋਹਨ ਵੱਲੋਂ ਨਿਰਦੇਸ਼ਿਤ ਫ਼ਿਲਮ ‘ਨਿਸ਼ਾਨ’ (1983) ਦੇ ਫ਼ਿਲਮਸਾਜ਼ ਸ਼ਾਦ ਸਨ।
ਆਪਣੇ ਬੈਨਰ ਦੀ ਹੀ ਤੀਜੀ ਫ਼ਿਲਮ ਕੇ. ਬਪੀਹਾ ਨਿਰਦੇਸ਼ਿਤ ‘ਹਿੰਮਤ ਔਰ ਮਿਹਨਤ’ (1987) ਸੀ।
ਫ਼ਿਲਮਸਾਜ਼ ਬੀ.ਐੱਸ. ਸ਼ਾਦ, ਗੀਤ ਇੰਦੀਵਰ ਤੇ ਸੰਗੀਤ ਭੱਪੀ ਲਹਿਰੀ ਨੇ ਦਿੱਤਾ ਸੀ।
ਫ਼ਿਲਮ ਵਿੱਚ ਜਤਿੰਦਰ, ਸ੍ਰੀਦੇਵੀ, ਸ਼ਮੀ ਕਪੂਰ, ਰਾਜ ਕਿਰਨ ਦਿਵਯਾ ਰਾਣਾ, ਕਾਦਰ ਖ਼ਾਨ, ਸ਼ਕਤੀ ਦੀ ਪੇਸ਼ਕਾਰੀ ਸੀ।
ਹਿੰਦੀ ਫ਼ਿਲਮ ‘ਕਸਮ ਵਰਦੀ ਕੀ’ (1989) ਦੇ ਫ਼ਿਲਮਸਾਜ਼ ਬੀ. ਐੱਸ. ਸ਼ਾਦ ਤੇ ਜਿੰਮੀ ਨਰੂਲਾ ਸਨ। ਫ਼ਿਲਮ ਵਿਚ ਜਤਿੰਦਰ, ਚੰਕੀ ਪਾਂਡੇ, ਭਾਨੂੰ ਪ੍ਰਿਆ, ਫ਼ਰਹਾ ਨਾਜ਼, ਅਨੁਪਮ ਖੇਰ, ਰਜ਼ਾ ਮੁਰਾਦ ਨੇ ਅਹਿਮ ਕਿਰਦਾਰ ਨਿਭਾਏ।
ਅਮਿਤ ਬਰਾੜ ਆਰਟਸ, ਬੰਬਈ ਐੱਸ. ਏ. ਚੰਦਰ ਸ਼ੇਖਰ ਨਿਰਦੇਸ਼ਿਤ ਫ਼ਿਲਮ ‘ਇਨਸਾਫ਼ ਕੀ ਦੇਵੀ’ (1992) ਦੇ ਫ਼ਿਲਮਸਾਜ਼ ਬੀ. ਐੱਸ. ਸ਼ਾਦ ਤੇ ਸ਼ਬਨਮ ਕਪੂਰ, ਮੁਕਾਲਮੇ ਸ਼ਬਦ ਕੁਮਾਰ, ਗੀਤ ਇੰਦੀਵਰ ਅਤੇ ਸੰਗੀਤ ਭੱਪੀ ਲਹਿਰੀ ਨੇ ਦਿੱਤਾ।
ਬੂਟਾ ਸਿੰਘ ਸ਼ਾਦ ਪੰਜਾਬੀ ਫ਼ਿਲਮਾਂ ਨੂੰ ਕਿੱਤਾ ਨਹੀਂ ਸ਼ੌਕ ਦੀ ਪੂਰਤੀ ਵਜੋਂ ਮੰਨਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਹਿੰਦੀ ਫ਼ਿਲਮਾਂ ਬਗ਼ੈਰ ਗਤੀ ਨਹੀਂ।

ਤਸਵੀਰ ਸਰੋਤ, Prabhu Dyal/BBC
ਬੂਟਾ ਸਿੰਘ ਸ਼ਾਦ ਦੇ ਚਰਚਿਤ ਨਾਵਲ
ਪੱਤਰਕਾਰ ਮਨਦੀਪ ਸਿੱਧੂ ਨੇ ਦੱਸਿਆ ਕਿ ਇੱਕ ਮੁਲਾਕਾਤ ਵਿੱਚ ਬੂਟਾ ਸਿੰਘ ਸ਼ਾਦ ਨੇ ਦੱਸਿਆ ਸੀ ਕਿ ਉਹ ਪੰਜਾਬੀ ਨਾਵਲ ਲਈ ਰੋਜ਼ਾਨਾ 16 ਘੰਟੇ ਲਿਖਦੇ ਸਨ।
‘ਅੱਧੀ ਰਾਤ ਪਹਿਰ ਦਾ ਤੜਕਾ’ 16 ਦਿਨਾਂ ’ਚ ਲਿਖਿਆ।
‘ਕੁੱਤਿਆਂ ਵਾਲੇ ਸਰਦਾਰ’ ਨਾਵਲ ਪੌਣੇ ਚਾਰ ਦਿਨਾਂ ਵਿੱਚ ਲਿਖਿਆ।
‘ਕਾਲੀ ਬੋਲੀ ਰਾਤ’ ਦਸ ਦਿਨਾਂ ਵਿੱਚ ਲਿਖ ਦਿੱਤਾ ਸੀ। ਨਾਵਲ ‘ਰੋਹੀ ਦਾ ਫੁੱਲ’ ਚਾਰ ਦਿਨਾਂ ਵਿੱਚ ਲਿਖਿਆ ਜੋ ਬੜਾ ਪਸੰਦ ਕੀਤਾ ਗਿਆ।
ਸ਼ਾਦ ਦੇ ਨਾਵਲਾਂ ਦੀ ਵਿਸ਼ੇਸ਼ਤਾ ਇਹ ਰਹੀ ਹੈ ਕਿ ਉਹ ਰਿਲੀਜ਼ ਹੁੰਦਿਆਂ ਹੀ ਵਿਕ ਜਾਂਦੇ ਸਨ। ਉਨ੍ਹਾਂ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਉਹਨਾਂ ਦੇ ਨਾਵਲਾਂ ਦੀ ਪਾਠਕਾਂ ਦੇ ਵੱਡੇ ਪੱਧਰ ਤੱਕ ਪਹੁੰਚ ਹੋਣ ਦੇ ਬਾਵਜੂਦ ਪੰਜਾਬੀ ਨਾਵਲ ਤੇ ਪੰਜਾਬੀ ਕਹਾਣੀ ਵਿੱਚ ਕਿਤੇ ਵੀ ਜ਼ਿਕਰਯੋਗ ਸਥਾਨ ਨਹੀਂ ਹੈ।
ਪੰਜਾਬ ਦਾ ਵੱਡਾ ਪਾਠਕ ਵਰਗ ਅੱਜ ਵੀ ਬੂਟਾ ਸਿੰਘ ਸ਼ਾਦ ਦੇ ਨਾਵਲਾਂ ਨਾਲ ਜੁੜਿਆ ਹੈ।












