ਸਾਬਕਾ ਫੌਜੀ ਵੱਲੋਂ ਪਤਨੀ ਅਤੇ ਸੱਸ ਦੇ ਕਥਿਤ ਕਤਲ ਤੋਂ ਬਾਅਦ ਖੁਦਕੁਸ਼ੀ ਕਰਨ ਦਾ ਕੀ ਹੈ ਪੂਰਾ ਮਾਮਲਾ

    • ਲੇਖਕ, ਗੁਰਪ੍ਰੀਤ ਸਿੰਘ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ

(ਖ਼ਬਰ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ)

ਗੁਰਦਾਸਪੁਰ ਪੁਲਿਸ ਮੁਤਾਬਕ ਸ਼ਹਿਰ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਇੱਕ ਸਾਬਕਾ ਫ਼ੌਜੀ ਵੱਲੋਂ ਪੁਲਿਸ ਦੀ ਮੌਜੂਦਗੀ ਵਿੱਚ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਲਿਸ ਮੁਤਾਬਕ ਖੁਦਕੁਸ਼ੀ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਨੇ ਆਪਣੀ ਪਤਨੀ ਅਕਵਿੰਦਰ ਕੌਰ ਅਤੇ ਆਪਣੀ ਸੱਸ ਗੁਰਜੀਤ ਕੌਰ ਦਾ ਕਤਲ ਕੀਤਾ ਸੀ। ਇਹ ਵਾਰਦਾਤ ਦੇਰ ਰਾਤ ਹੋਈ ਜਦੋਂ ਅਕਵਿੰਦਰ ਕੌਰ ਅਤੇ ਗੁਰਜੀਤ ਕੌਰ ਗੁੱਥੀ ਪਿੰਡ ਵਿੱਚ ਆਪਣੇ ਘਰ ਵਿੱਚ ਸਨ।

ਐੱਸਐੱਸਪੀ ਗੁਰਦਾਸਪੁਰ ਆਦਿਤਿਆ ਜੋ ਕਿ ਮੌਕੇ ਉੱਤੇ ਮੌਜੂਦ ਸਨ, ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਖੁਦਕੁਸ਼ੀ ਕਰਨ ਵਾਲੇ ਸ਼ਖ਼ਸ ਦੀ ਸ਼ਨਾਖ਼ਤ ਗੁਰਪ੍ਰੀਤ ਸਿੰਘ ਵੱਜੋਂ ਹੋਈ ਹੈ ਅਤੇ ਉਹ ਇੱਕ ਸਾਬਕਾ ਫ਼ੌਜੀ ਸੀ ਅਤੇ ਮੌਜੂਦਾ ਸਮੇਂ ਵਿੱਚ ਜੇਲ੍ਹ ਸੁਰੱਖਿਆ ਵਿਭਾਗ ਵਿੱਚ ਕੰਮ ਕਰ ਰਿਹਾ ਸੀ। ਗੁਰਪ੍ਰੀਤ ਸਿੰਘ ਸੈਂਟਰਲ ਜੇਲ੍ਹ ਗੁਰਦਾਸਪੁਰ 'ਚ ਬਤੌਰ ਗਾਰਡ ਤਾਇਨਾਤ ਸੀ।

ਐੱਸਐੱਸਪੀ ਆਦਿਤਿਆ ਮੁਤਾਬਕ ਪੁਲਿਸ ਨੂੰ ਦੇਰ ਰਾਤ ਜਾਣਕਾਰੀ ਮਿਲੀ ਸੀ ਕਿ ਗੁਰ੍ਰਪੀਤ ਸਿੰਘ ਜੇਲ੍ਹ ਤੋਂ ਹਥਿਆਰ ਲੈ ਕੇ ਫ਼ਰਾਰ ਹੋ ਗਿਆ ਹੈ, ਪੁਲਿਸ ਨੇ ਉਸ ਨੂੰ ਸਰੈਂਡਰ ਕਰਨ ਲਈ ਪ੍ਰੇਰਿਤ ਕੀਤਾ ਪਰ ਉਸ ਨੇ ਅਜਿਹਾ ਨਹੀਂ ਕੀਤਾ।

ਖੁਦਕੁਸ਼ੀ ਤੋਂ ਪਹਿਲਾਂ ਦਾ ਘਟਨਕ੍ਰਮ

ਐੱਸਐੱਸਪੀ ਆਦਿਤਿਆ ਮੁਤਾਬਕ ਪੁਲਿਸ ਨੂੰ ਦੇਰ ਰਾਤ ਜਾਣਕਾਰੀ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਜੇਲ੍ਹ ਤੋਂ ਹਥਿਆਰ ਲੈ ਕੇ ਫ਼ਰਾਰ ਹੋ ਗਿਆ ਸੀ ਅਤੇ ਉਸ ਨੇ ਆਪਣੀ ਪਤਨੀ ਅਤੇ ਸੱਸ ਨੂੰ ਉਨ੍ਹਾਂ ਦੀ ਗੁੱਥੀ ਪਿੰਡ ਵਿਚਲੀ ਰਿਹਾਇਸ਼ 'ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਇਸ ਤੋਂ ਫ਼ੌਰਨ ਬਾਅਦ ਪੁਲਿਸ ਦੀਆਂ ਵੱਖ-ਵੱਖ ਟੀਮਾਂ ਹਰਕਤ ਵਿੱਚ ਆਈਆਂ ਅਤੇ ਪੂਰੇ ਜ਼ਿਲ੍ਹੇ ਵਿੱਚ ਗੁਰਪ੍ਰੀਤ ਸਿੰਘ ਦੀ ਭਾਲ ਲਈ ਕੌਂਬਿੰਗ ਆਪ੍ਰੇਸ਼ਨ (ਭਾਲ ਕਰਨਾ) ਚਲਾਇਆ ਗਿਆ। ਜਿਸ ਦੌਰਾਨ ਸਾਹਮਣੇ ਆਇਆ ਕਿ ਉਹ ਆਪਣੇ ਗਲੀ ਨੰਬਰ 7 ਦੇ ਘਰ ਵਿੱਚ ਮੌਜੂਦ ਹੈ ਅਤੇ ਸਾਰੀਆਂ ਟੀਮਾਂ ਨੇ ਇੱਥੇ ਆ ਕੇ ਘੇਰਾਬੰਦੀ ਕੀਤੀ।

ਐੱਸਐੱਸਪੀ ਆਦਿਤਿਆ ਨੇ ਕਿਹਾ, "ਪੁਲਿਸ ਅਧਿਕਾਰੀਆਂ ਅਤੇ ਮੈਂ ਨਿੱਜੀ ਤੌਰ ਉੱਤੇ ਉਸ ਨਾਲ ਗੱਲਬਾਤ ਕਰਕੇ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਖੁਦਕੁਸ਼ੀ ਕਰ ਲਈ।"

ਐੱਸਐੱਸਪੀ ਆਦਿਤਿਆ ਨੇ ਪੁਸ਼ਟੀ ਕੀਤੀ ਕਿ ਗੁਰਪ੍ਰੀਤ ਸਿੰਘ ਕੋਲ ਏਕੇ 47 ਸੀ।

ਉਨ੍ਹਾਂ ਕਿਹਾ ਕਿ ਪੁਲਿਸ ਇਸ ਬਾਰੇ ਜਾਂਚ ਕਰ ਰਹੀ ਹੈ ਕਿ ਹਥਿਆਰ ਉਸ ਕੋਲ ਕਿਵੇਂ ਆਇਆ।

ਐੱਸਐੱਸਪੀ ਆਦਿਤਿਆ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਦੋਵਾਂ ਪਤੀ-ਪਤਨੀ ਦਾ ਆਪਸੀ ਝਗੜਾ ਸੀ ਜਿਸ ਸਬੰਧੀ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ।

ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਦਾ ਫ਼ਲੈਟ ਸੰਘਣੇ ਰਿਹਾਇਸ਼ੀ ਇਲਾਕੇ ਵਿੱਚ ਹੈ ਜਿਸ ਦੇ ਚਲਦਿਆਂ ਪੁਲਿਸ ਨੇ ਇਲਾਕੇ ਦੀ ਚਾਰੇ ਪਾਸਿਓਂ ਘੇਰਾਬੰਦੀ ਕੀਤੀ ਤਾਂ ਜੋ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਐੱਸਐੱਸਪੀ ਆਦਿਤਿਆ ਮੁਤਾਬਕ ਪੁਲਿਸ ਨੇ ਗੁਰਪ੍ਰੀਤ ਸਿੰਘ ਨੂੰ ਆਮਤ-ਸਮਰਪਣ ਕਰਨ ਲਈ ਪ੍ਰੇਰਿਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ।

ਪਰਿਵਾਰ ਨੇ ਕੀ ਦੱਸਿਆ

ਗੁਰਪ੍ਰੀਤ ਸਿੰਘ ਦੀ ਸਾਲੀ ਪਰਮਿੰਦਰ ਕੌਰ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸਦੀ ਭੈਣ ਅਕਵਿੰਦਰ ਕੌਰ ਦਾ ਵਿਆਹ ਸਾਲ 2016 ਚ ਹੋਇਆ ਸੀ।

ਉਨ੍ਹਾਂ ਦਾ ਦਾਅਵਾ ਹੈ ਕਿ ਦੋਵਾਂ ਪਤੀ-ਪਤਨੀ ਵਿਚਕਾਰ ਲੜਾਈ-ਝਗੜਾ ਰਹਿੰਦਾ ਸੀ ਅਤੇ 2020 ਤੋ ਅਕਵਿੰਦਰ ਕੌਰ ਇਸ ਨੂੰ ਛੱਡ ਆਪਣੇ ਪੇਕੇ ਮਾਂ ਗੁਰਜੀਤ ਕੌਰ ਕੋਲ ਰਹਿ ਰਹੀ ਸੀ।

ਪਰਮਿੰਦਰ ਕੌਰ ਦਾ ਦਾਅਵਾ ਹੈ ਕਿ ਅਕਵਿੰਦਰ ਕੌਰ ਅਤੇ ਗੁਰਪ੍ਰੀਤ ਕੌਰ ਦਾ ਅਦਾਲਤ 'ਚ ਵੀ ਕੇਸ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਕੇਸ ਵੀ ਹੋਇਆ ਅਤੇ ਮਾਮਲਾ ਮਹਿਲਾ ਮੰਡਲ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ।

ਗੁੱਥੀ ਪਿੰਡ ਦੇ ਵਾਸੀ ਅਤੇ ਗੁਰਜੀਤ ਕੌਰ ਦੇ ਰਿਸ਼ਤੇਦਾਰ ਦਰਬਾਰਾ ਸਿੰਘ ਨੇ ਦੱਸਿਆ ਕਿ ਤੜਕੇ ਸਾਢੇ ਤਿੰਨ ਵਜੇ ਦੇ ਕਰੀਬ ਸਾਨੂੰ ਗੋਲੀ ਚੱਲਣ ਦੀ ਆਵਾਜ਼ ਸੁਣੀ।

ਦਰਬਾਰਾ ਸਿੰਘ ਦਾ ਘਰ ਗੁਰਜੀਤ ਕੌਰ ਦੇ ਘਰ ਦੇ ਨੇੜੇ ਹੀ ਹੈ।

ਉਨ੍ਹਾਂ ਦੱਸਿਆ, "ਗੋਲੀਆਂ ਚੱਲਣ ਦੀ ਆਵਾਜ਼ ਸੁਣਨ ਤੋਂ ਬਾਅਦ ਅਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਫ਼ਿਰ ਪੁਲਿਸ ਦੇ ਕਹਿਣ ਉੱਤੇ ਹੀ ਮੁਹੱਲੇ ਵਾਲਿਆਂ ਨੇ ਘਰ ਦਾ ਦਰਵਾਜ਼ਾ ਤੋੜਿਆ ਅਤੇ ਅੰਦਰ ਦਾਖਲ ਹੋਈ।"

ਉਨ੍ਹਾਂ ਕਿਹਾ ਕਿ ਪੁਲਿਸ ਮੌਕੇ ਉੱਤੇ ਪਹੁੰਚ ਗਈ ਸੀ।

(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 18002333330 ਤੋਂ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)