ਏਅਰ ਇੰਡੀਆ ਤੇ ਇੰਡੀਗੋ ਸਣੇ ਦੁਨੀਆ ਭਰ ਵਿੱਚ ਹਜ਼ਾਰਾਂ ਜਹਾਜ਼ ਪ੍ਰਭਾਵਿਤ ਹੋਣ ਦਾ ਖਦਸ਼ਾ, ਭਾਰਤ 'ਚ ਕੀ ਹੋਵੇਗਾ ਅਸਰ

ਏਅਰਬਸ ਨੇ ਆਪਣੇ ਹਜ਼ਾਰਾਂ ਜਹਾਜ਼ਾਂ ਲਈ ਇੱਕ ਸਾਫਟਵੇਅਰ ਅੱਪਡੇਟ ਦਾ ਐਲਾਨ ਕੀਤਾ ਹੈ। ਇਸ ਦਾ ਕਾਰਨ ਸੂਰਜ ਤੋਂ ਨਿਕਲਣ ਵਾਲੀ ਤੇਜ਼ ਰੇਡੀਏਸ਼ਨ ਨੂੰ ਦੱਸਿਆ ਗਿਆ ਹੈ, ਜਿਸ ਨਾਲ ਉਡਾਣ ਕੰਟਰੋਲ (ਫਲਾਈਟ ਕੰਟਰੋਲ) ਲਈ ਲੋੜੀਂਦਾ ਡਾਟਾ ਕਰਪਟ ਹੋ ਸਕਦਾ ਹੈ।

ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਦੁਨੀਆ ਭਰ ਵਿੱਚ ਲਗਭਗ 6,000 ਜਹਾਜ਼ ਪ੍ਰਭਾਵਿਤ ਹੋਣਗੇ।

ਅਮਰੀਕਨ ਏਅਰਲਾਈਨਜ਼, ਡੈਲਟਾ, ਏਅਰ ਇੰਡੀਆ ਅਤੇ ਵਿਜ਼ ਸਮੇਤ ਦੁਨੀਆ ਭਰ ਦੀਆਂ ਕਈ ਏਅਰਲਾਈਨਾਂ ਨੇ ਇਸ ਸਾਫਟਵੇਅਰ ਅੱਪਡੇਟ ਕਾਰਨ ਆਪਣੀਆਂ ਸੇਵਾਵਾਂ ਪ੍ਰਭਾਵਿਤ ਹੋਣ ਦੀ ਗੱਲ ਕਹੀ ਹੈ।

ਏਅਰ ਇੰਡੀਆ ਨੇ ਜਹਾਜ਼ ਨਿਰਮਾਤਾ ਕੰਪਨੀ ਏਅਰਬੱਸ ਦੇ ਨਿਰਦੇਸ਼ ਦੇ ਨਾਲ ਆਪਣੇ "ਨਿਰਧਾਰਿਤ ਆਪ੍ਰੇਸ਼ਨ ਵਿੱਚ ਦੇਰੀ" ਸਬੰਧੀ ਇੱਕ ਟਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ।

ਭਾਰਤੀ ਹਵਾਈ ਕੰਪਨੀਆਂ ਨੇ ਕੀ ਕਿਹਾ

ਏਅਰ ਇੰਡੀਆ ਨੇ ਐਕਸ 'ਤੇ ਪੋਸਟ 'ਚ ਲਿਖਿਆ, "ਸਾਨੂੰ ਏਅਰਬਸ ਦੇ ਇੱਕ ਨਿਰਦੇਸ਼ ਬਾਰੇ ਪਤਾ ਹੈ ਜੋ ਉਸ ਦੇ ਏ320 ਸ਼੍ਰੇਣੀ ਦੇ ਜਹਾਜ਼ਾਂ ਨਾਲ ਜੁੜਿਆ ਹੈ। ਇਹ ਫਿਲਹਾਲ ਏਅਰਲਾਈਨ ਆਪਰੇਟਰਾਂ ਨਾਲ ਸੇਵਾ ਵਿੱਚ ਹੈ। ਇਸ ਨਾਲ ਸਾਡੇ ਫਲੀਟ ਦੇ ਇੱਕ ਹਿੱਸੇ ਵਿੱਚ ਸਾਫਟਵੇਅਰ/ਹਾਰਡਵੇਅਰ ਰੀਅਲਾਈਨਮੈਂਟ ਹੋਵੇਗਾ, ਜਿਸਦੇ ਨਤੀਜੇ ਵਜੋਂ ਟਰਨਅਰਾਊਂਡ ਸਮਾਂ ਲੰਬਾ ਹੋਵੇਗਾ ਅਤੇ ਸਾਡੇ ਨਿਰਧਾਰਿਤ ਆਪ੍ਰੇਸ਼ਨਾਂ ਵਿੱਚ ਦੇਰੀ ਹੋਵੇਗੀ।"

ਇੰਡੀਗੋ ਨੇ ਵੀ ਐਕਸ 'ਤੇ ਪੋਸਟ ਕੀਤਾ, "ਏਅਰਬਸ ਨੇ ਗਲੋਬਲ ਏ320 ਫਲੀਟ ਲਈ ਇੱਕ ਤਕਨੀਕੀ ਐਡਵਾਇਜ਼ਰੀ ਜਾਰੀ ਕੀਤੀ ਹੈ। ਅਸੀਂ ਸਾਰੇ ਸੁਰੱਖਿਆ ਪ੍ਰੋਟੋਕੋਲ ਦੇ ਅਨੁਸਾਰ, ਪੂਰੀ ਮਿਹਨਤ ਅਤੇ ਧਿਆਨ ਨਾਲ ਆਪਣੇ ਜਹਾਜ਼ਾਂ 'ਤੇ ਜ਼ਰੂਰੀ ਅਪਡੇਟਾਂ ਨੂੰ ਪੂਰਾ ਕਰ ਰਹੇ ਹਾਂ।"

ਇੰਡੀਗੋ ਨੇ ਕੁਝ ਉਡਾਣ ਸਮਾਂ-ਸਾਰਣੀਆਂ ਵਿੱਚ ਮਾਮੂਲੀ ਤਬਦੀਲੀਆਂ ਦੀ ਗੱਲ ਕਹੀ ਹੈ ਅਤੇ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਪਹੁੰਚਣ ਤੋਂ ਪਹਿਲਾਂ ਏਅਰਲਾਈਨ ਦੀ ਐਪ ਜਾਂ ਵੈੱਬਸਾਈਟ 'ਤੇ ਆਪਣੀ ਉਡਾਣ ਦਾ ਸਟੇਟਸ ਦੇਖਣ ਦੀ ਅਪੀਲ ਕੀਤੀ ਹੈ।

ਸਹਾਇਤਾ ਲਈ, 011-69329333, 011-69329999 'ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ।

ਹੋਰ ਦੇਸ਼ਾਂ ਦੀਆਂ ਹਵਾਈ ਕੰਪਨੀਆਂ ਨੇ ਕੀ ਦੱਸਿਆ

ਬ੍ਰਿਟਿਸ਼ ਏਅਰਲਾਈਨ ਈਜ਼ੀਜੈੱਟ ਦਾ ਕਹਿਣਾ ਹੈ ਕਿ ਉਸ ਨੇ ਜ਼ਰੂਰੀ ਸਾਫਟਵੇਅਰ ਅਪਡੇਟ ਕਰ ਲਏ ਹਨ ਅਤੇ ਸ਼ਨੀਵਾਰ ਨੂੰ ਸਾਰੀਆਂ ਉਡਾਣਾਂ ਨੂੰ ਆਮ ਤੌਰ 'ਤੇ ਚਲਾਉਣ ਦੀ ਯੋਜਨਾ ਬਣਾਈ ਹੈ।

ਲੰਡਨ ਦੇ ਹੀਥਰੋ ਹਵਾਈ ਅੱਡੇ ਵੱਲੋਂ ਕਿਹਾ ਗਿਆ ਹੈ ਕਿ ਇਸ ਦੇ ਫਲਾਈਟ ਆਪ੍ਰਰੇਸ਼ਨ ਪ੍ਰਭਾਵਿਤ ਨਹੀਂ ਹੋਣਗੇ, ਜਦਕਿ ਗੈਟਵਿਕ ਨੇ ਕੁਝ ਸਮੱਸਿਆਵਾਂ ਦਾ ਖਦਸ਼ਾ ਪ੍ਰਗਟਾਇਆ ਹੈ।

ਬ੍ਰਿਟਿਸ਼ ਟਰਾਂਸਪੋਰਟ ਮੰਤਰੀ ਹੇਡੀ ਅਲੈਗਜ਼ੈਂਡਰ ਨੇ ਕਿਹਾ ਕਿ ਯੂਕੇ ਏਅਰਲਾਈਨਾਂ 'ਤੇ ਪ੍ਰਭਾਵ ਸੀਮਤ ਜਾਪਦਾ ਹੈ। ਉਨ੍ਹਾਂ ਯਾਤਰੀਆਂ ਨੂੰ ਵਧੇਰੇ ਜਾਣਕਾਰੀ ਲਈ ਆਪਣੀਆਂ ਏਅਰਲਾਈਨਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ।

ਸੂਰਜੀ ਰੇਡੀਏਸ਼ਨ ਜਹਾਜ਼ ਇਲੈਕਟ੍ਰਾਨਿਕਸ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ?

ਸਾਬਕਾ ਕਵਾਂਟਾਸ ਕਪਤਾਨ ਡਾਕਟਰ ਇਆਨ ਗੇਟਲੀ ਨੇ 'ਹਵਾਬਾਜ਼ੀ ਵਿੱਚ ਬ੍ਰਹਿਮੰਡੀ ਅਤੇ ਸੂਰਜੀ ਰੇਡੀਏਸ਼ਨ' ਵਿਸ਼ੇ ਵਿੱਚ ਪੀਐਚਡੀ ਕੀਤੀ ਹੋਈ ਹੈ।

ਬੀਬੀਸੀ ਦੇ ਬਿਜ਼ਨਸ ਪੱਤਰਕਾਰ ਥੀਓ ਲੈਗੇਟ ਮੁਤਾਬਕ, ਉਹ ਕਹਿੰਦੇ ਹਨ ਕਿ ਉਡਾਣਾਂ ਕੋਰੋਨਲ ਮਾਸ ਇਜੈਕਸ਼ਨ (ਸੀਐਮਈ) ਦੁਆਰਾ ਪ੍ਰਭਾਵਿਤ ਹੋ ਸਕਦੀਆਂ ਹਨ, ਜੋ ਕਿ ਉਦੋਂ ਹੁੰਦਾ ਹੈ ਜਦੋਂ ਸੂਰਜ ਤੋਂ ਪਲਾਜ਼ਮਾ ਨੂੰ ਪੁਲਾੜ (ਸਪੇਸ) ਵਿੱਚ ਬਾਹਰ ਕੱਢਿਆ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਸੀਐਮਈ ਦੀ ਤੀਬਰਤਾ ਜਿੰਨੀ ਜ਼ਿਆਦਾ ਹੋਵੇਗੀ, ਓਨੀ ਹੀ ਜ਼ਿਆਦਾ ਸੰਭਾਵਨਾ ਹੈ ਕਿ 28,000 ਫੁੱਟ (8.5 ਕਿਲੋਮੀਟਰ) ਤੋਂ ਉੱਪਰ ਸੈਟੇਲਾਈਟਾਂ ਅਤੇ ਹਵਾਈ ਜਹਾਜ਼ ਇਲੈਕਟ੍ਰਾਨਿਕਸ ਨਾਲ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਇੱਕ ਸੀਐਮਈ, ਬਹੁਤ ਜ਼ਿਆਦਾ ਚਾਰਜ ਵਾਲੇ ਕਣ ਛੱਡਦਾ ਹੈ ਜੋ ਧਰਤੀ ਦੇ ਵਾਯੂਮੰਡਲ ਵਿੱਚ ਸ਼ੂਟ ਕਰਦੇ ਹਨ।

ਇਹ ਉੱਪਰਲੇ ਵਾਯੂਮੰਡਲ ਵਿੱਚ ਵਧੇਰੇ ਚਾਰਜ ਵਾਲੇ ਕਣ ਬਣਾਉਂਦੇ ਹਨ, ਜੋ ਜਹਾਜ਼ ਇਲੈਕਟ੍ਰਾਨਿਕਸ ਵਿੱਚ ਵਿਘਨ ਪਾ ਸਕਦੇ ਹਨ।

ਸਾਬਕਾ ਪਾਇਲਟ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਖੋਜ 2003 ਵਿੱਚ ਐਲਏ ਅਤੇ ਨਿਊਯਾਰਕ ਵਿਚਕਾਰ ਇੱਕ ਉਡਾਣ ਤੋਂ ਬਾਅਦ ਸ਼ੁਰੂ ਹੋਈ ਸੀ, ਜਿੱਥੇ ਉਨ੍ਹਾਂ ਨੇ ਇਸ ਘਟਨਾ ਦਾ ਖੁਦ ਅਨੁਭਵ ਕੀਤਾ ਸੀ।

ਏਅਰਬਸ ਨੂੰ ਸਮੱਸਿਆ ਦਾ ਪਤਾ ਕਿਵੇਂ ਲੱਗਿਆ?

ਇਹ ਦਿੱਕਤ ਉਦੋਂ ਸਾਹਮਣੇ ਆਈ ਸੀ ਜਦੋਂ ਅਕਤੂਬਰ ਵਿੱਚ ਮੈਕਸੀਕੋ ਤੋਂ ਸੰਯੁਕਤ ਰਾਜ ਅਮਰੀਕਾ ਜਾ ਰਹੇ ਇੱਕ ਜੈੱਟਬਲੂ ਜਹਾਜ਼ ਦੀ 'ਉਚਾਈ ਵਿੱਚ ਅਚਾਨਕ ਗਿਰਾਵਟ' ਆ ਗਈ।

ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਉਸ ਸਮੇਂ ਦੀਆਂ ਰਿਪੋਰਟਾਂ ਅਨੁਸਾਰ, ਇਸ ਕਾਰਨ 15 ਤੋਂ 20 ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਸਨ।

ਮੰਨਿਆ ਜਾਂਦਾ ਹੈ ਕਿ ਇਹ ਘਟਨਾ ਤੇਜ਼ ਸੂਰਜੀ ਰੇਡੀਏਸ਼ਨ ਕਾਰਨ ਹੋਈ ਸੀ, ਜਿਸਨੇ ਜਹਾਜ਼ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਨ ਲਈ ਵਰਤੇ ਜਾਂਦੇ ਕੰਪਿਊਟਰ ਵਿੱਚ ਡਾਟਾ ਨੂੰ ਕਰਪਟ ਕਰ ਦਿੱਤਾ ਸੀ।

ਅੱਪਡੇਟ ਪੂਰਾ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ?

ਇਹ ਦਿੱਕਤ ਲਗਭਗ 6,000 ਜਹਾਜ਼ਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਬੀਬੀਸੀ ਦੇ ਬਿਜ਼ਨਸ ਪੱਤਰਕਾਰ ਥੀਓ ਲੈਗੇਟ ਮੁਤਾਬਕ, ਇਸ ਨੂੰ ਠੀਕ ਕਰਨ ਲਈ ਜ਼ਿਆਦਾਤਰ ਜਹਾਜ਼ਾਂ ਲਈ ਨਵੇਂ ਕੰਪਿਊਟਰ ਸੌਫਟਵੇਅਰ ਨੂੰ ਅੱਪਡੇਟ ਕਰਨਾ ਪਵੇਗਾ। ਇਸ ਵਿੱਚ ਆਮ ਤੌਰ 'ਤੇ ਲਗਭਗ ਤਿੰਨ ਘੰਟੇ ਲੱਗਣੇ ਚਾਹੀਦੇ ਹਨ।

ਪਰ ਲਗਭਗ 900 ਪੁਰਾਣੇ ਜਹਾਜ਼ਾਂ ਲਈ ਕੰਪਿਊਟਰਾਂ ਨੂੰ ਵੀ ਬਦਲਣ ਦੀ ਲੋੜ ਹੋਵੇਗੀ ਅਤੇ ਇਹ ਕੰਮ ਪੂਰਾ ਹੋਣ ਤੱਕ ਇਨ੍ਹਾਂ ਜਹਾਜ਼ਾਂ ਰਾਹੀਂ ਯਾਤਰੀ ਉਡਾਣਾਂ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਸ ਵਿੱਚ ਕਿੰਨਾ ਸਮਾਂ ਲੱਗੇਗਾ, ਇਹ ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਕੰਪਿਊਟਰ ਕਿੰਨੇ ਸਮੇਂ 'ਚ ਬਦਲੇ ਜਾਣਗੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)