ਈਲੋਨ ਮਸਕ ਕੁਝ ਅਮਰੀਕੀ ਵੋਟਰਾਂ ਨੂੰ ਲੱਖਾਂ ਡਾਲਰ ਕਿਉਂ ਦੇ ਰਹੇ ਹਨ, ਕੀ ਇਹ ਕਾਨੂੰਨੀ ਹੈ

    • ਲੇਖਕ, ਸੈਮ ਕੈਬਰਾਲ, ਜੇਮਜ਼ ਫਿਟਜ਼ਗੇਰਾਲਡ ਅਤੇ ਜੇਕ ਹੌਰਟਨ
    • ਰੋਲ, ਬੀਬੀਸੀ ਨਿਊਜ਼

5 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਚੋਣਾਂ ਤੋਂ ਪਹਿਲਾਂ ਅਰਬਪਤੀ ਈਲੋਨ ਮਸਕ ਨੇ ਐਲਾਨ ਕੀਤਾ ਹੈ ਕਿ ਜੋ ਵੋਟਰ ਉਸ ਦੀ ਪਟੀਸ਼ਨ ’ਤੇ ਦਸਤਖ਼ਤ ਕਰੇਗਾ ਉਸ ਨੂੰ 1 ਮਿਲੀਅਨ ਅਮਰੀਕੀ ਡਾਲਰ ਇਨਾਮ ਵਜੋਂ ਦਿੱਤੇ ਜਾਣਗੇ।

ਮਸਕ ਦੇ ਇਸ ਸਵਿੰਗ-ਸਟੇਟ ਵੋਟਰਾਂ ਨੂੰ ਦਿੱਤੇ ਜਾਣ ਵਾਲੇ ਨਕਦ ਪ੍ਰੋਤਸਾਹਨ ਦੇ ਕਾਨੂੰਨੀ ਹੋਣ ਬਾਰੇ ਸਵਾਲ ਚੁੱਕੇ ਜਾ ਰਹੇ ਹਨ।

ਦਰਅਸਲ ਅਮਰੀਕੀ ਅਰਬਪਤੀ ਕਾਰੋਬਾਰੀ ਈਲੋਨ ਮਸਕ ਨੇ ਐਲਾਨ ਕੀਤਾ ਹੈ ਕਿ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਤੱਕ ਹਰ ਰੋਜ਼ ਉਹ ਸੱਤ ਸਵਿੰਗ ਰਾਜਾਂ ਦੇ ਕਿਸੇ ਇੱਕ ਰਜਿਸਟਰਡ ਵੋਟਰ ਨੂੰ 10 ਲੱਖ ਅਮਰੀਕੀ ਡਾਲਰ ਯਾਨੀ ਲਗਭਗ 8.5 ਕਰੋੜ ਰੁਪਏ ਇਨਾਮ ਵਜੋਂ ਦੇਣਗੇ।

ਇਹ ਪਟੀਸ਼ਨ ਮਸਕ ਦੇ ਚੋਣ ਮੁਹਿੰਮ ਗਰੁੱਪ ਅਮਰੀਕਾ ਪੀਏਸੀ ਦੁਆਰਾ ਬਣਾਈ ਗਈ ਹੈ। ਅਮਰੀਕਾ ਪੀਏਸੀ ਗਰੁੱਪ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਦਾ ਸਮਰਥਨ ਕਰਨ ਲਈ ਸਥਾਪਤ ਕੀਤੀ ਗਿਆ ਹੈ।

ਪੈਨਸਿਲਵੇਨੀਆ ਦੇ ਵੋਟਰਾਂ ਨੂੰ ਪਟੀਸ਼ਨ ’ਤੇ ਦਸਤਖਤ ਕਰਨ ਲਈ ਨਕਦ ਰਕਮ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇੱਕ ਦਿਨ ਵਿੱਚ ਬਿਨਾਂ ਕਿਸੇ ਤਰਤੀਬ ਦੇ ਸਵਿੰਗ-ਸਟੇਟ ਦਸਤਖਤ ਕਰਨ ਵਾਲੇ ਇੱਕ ਵੋਟਰ ਨੂੰ ਚੁਣ ਕੇ 1 ਮਿਲੀਅਨ ਡਾਲਰ ਦਾ ਇਨਾਮ ਦਿੱਤਾ ਜਾਵੇਗਾ।

ਪਰ ਕਾਨੂੰਨੀ ਮਾਹਰਾਂ ਨੇ ਸੁਝਾਅ ਦਿੱਤਾ ਹੈ ਕਿ ਕਿਸੇ ਵੀ ਅਜਿਹੇ ਕੰਮ ਲਈ ਪੈਸੇ ਦੀ ਪੇਸ਼ਕਸ਼ ਕਰਨਾ ਅਮਰੀਕੀ ਕਾਨੂੰਨ ਦੀ ਉਲੰਘਣਾ ਹੋ ਸਕਦਾ ਹੈ। ਬੀਬੀਸੀ ਨਿਊਜ਼ ਨੇ ਮਸਕ ਦੀ ਟੀਮ ਅਤੇ ਅਮਰੀਕਾ ਪੀਏਸੀ ਦਾ ਪੱਖ ਲੈਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਹੈ।

ਮਸਕ ਦੀ ਪੇਸ਼ਕਸ਼ ਕੀ ਹੈ?

ਅਮਰੀਕਾ ਪੀਏਸੀ ਦੁਆਰਾ ਬਣਾਈ ਗਈ ਪਟੀਸ਼ਨ ਛੇ ਸਵਿੰਗ ਰਾਜਾਂ- ਜਾਰਜੀਆ, ਨੇਵਾਡਾ, ਐਰੀਜ਼ੋਨਾ, ਮਿਸ਼ੀਗਨ, ਵਿਸਕਾਨਸਿਨ ਅਤੇ ਉੱਤਰੀ ਕੈਰੋਲੀਨਾ ਵਿੱਚ ਵੋਟਰਾਂ ਨੂੰ ‘ਬੋਲਣ ਦੀ ਆਜ਼ਾਦੀ ਅਤੇ ਹਥਿਆਰ ਰੱਖਣ ਦੇ ਅਧਿਕਾਰ’ ਦੇ ਹੱਕ ਵਿੱਚ ਦਸਤਖਤ ਕਰਨ ਲਈ ਉਤਸ਼ਾਹਿਤ ਕਰਦੀ ਹੈ।

ਜੋ ਸਾਈਨਅੱਪ ਕਰਨ ਵਾਲੇ ਕਿਸੇ ਹੋਰ ਵੋਟਰ ਨੂੰ ਰੈਫਰ ਕਰਦੇ ਹਨ, ਉਸ ਵਿਅਕਤੀ ਨੂੰ 47 ਅਮਰੀਕੀ ਡਾਲਰ ਦੀ ਰਕਮ ਦੇਣ ਦਾ ਵਾਅਦਾ ਕੀਤਾ ਗਿਆ ਹੈ।

ਦਸਤਖਤ ਕਰਨ ਜਾਂ ਹਵਾਲਾ ਦੇਣ ਲਈ 100 ਅਮਰੀਕੀ ਡਾਲਰ ਦੀ ਰਕਮ ਪੈਨਸਿਲਵੇਨੀਆ ਵਿੱਚ ਪੇਸ਼ ਕੀਤੀ ਗਈ ਹੈ। ਇਹ ਸੂਬਾ ਚੋਣਾਂ ਦਾ ਅਸਲ ਅਖਾੜਾ ਹੈ। ਟਰੰਪ ਅਤੇ ਹੈਰਿਸ ਦੀਆਂ ਕੈਂਪੇਨ ਟੀਮਾਂ ਦਾ ਮੰਨਣਾ ਹੈ ਕਿ ਸੰਭਾਵੀ ਤੌਰ ’ਤੇ ਇਹ ਰਾਜ ਅਖੀਰ ਵਿੱਚ ਜਿੱਤ ਦਾ ਫ਼ੈਸਲਾ ਕਰ ਸਕਦਾ ਹੈ।

ਅਮਰੀਕਾ ਪੀਏਸੀ ਦਾ ਕਹਿਣਾ ਹੈ ਕਿ ਪਟੀਸ਼ਨ ’ਤੇ ਦਸਤਖਤ ਕਰਨ ਵਾਲੇ ਅਮਰੀਕੀ ਸੰਵਿਧਾਨ ਦੀਆਂ ਪਹਿਲੀ ਅਤੇ ਦੂਜੀ ਸੋਧਾਂ ਨੂੰ ਸਮਰਥਨ ਦੇਣ ਦਾ ਸੰਕੇਤ ਦੇ ਰਹੇ ਹਨ।

ਪੋਲਿੰਗ ਵਾਲੇ ਦਿਨ 5 ਨਵੰਬਰ ਤੱਕ ਹਰ ਦਿਨ ਸਵਿੰਗ ਰਾਜਾਂ ਵਿੱਚੋਂ ਹਸਤਾਖਰ ਕਰਨ ਵਾਲੇ ਕਿਸੇ ਇੱਕ ਨੂੰ ਚੁਣ ਕੇ 10 ਲੱਖ ਅਮਰੀਕੀ ਡਾਲਰ ਇਨਾਮ ਦਿੱਤਾ ਜਾਵੇਗਾ।

ਪੈਨਸਿਲਵੇਨੀਆ ਵਿੱਚ 19 ਅਕਤੂਬਰ ਨੂੰ ਇੱਕ ਟਾਊਨ ਹਾਲ ਇਵੈਂਟ ਵਿੱਚ ਹਾਜ਼ਰ ਹੋਈ ਇੱਕ ਅਮਰੀਕੀ ਔਰਤ ਨੂੰ ਤੋਹਫ਼ੇ ਵਜੋਂ ਪਹਿਲਾ ਲਾਟਰੀ-ਸਟਾਈਲ ਜੰਬੋ ਚੈੱਕ ਸੌਂਪਿਆ ਗਿਆ ਸੀ।

ਕੀ ਇਹ ਕਾਨੂੰਨੀ ਹੈ?

ਪਾਲ ਸ਼ਿਫ ਬਰਮਨ, ਜੌਰਜ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਕਾਨੂੰਨ ਦੇ ਵਾਲਟਰ ਐਸ.ਕਾਕਸ ਪ੍ਰੋਫੈਸਰ ਹਨ। ਉਹ ਕਹਿੰਦੇ ਹਨ, "ਮੇਰਾ ਮੰਨਣਾ ਹੈ ਕਿ ਈਲੋਨ ਮਸਕ ਦੀ ਪੇਸ਼ਕਸ਼ ਸੰਭਾਵਿਤ ਤੌਰ ’ਤੇ ਗੈਰ-ਕਾਨੂੰਨੀ ਹੈ।"

ਉਨ੍ਹਾਂ ਨੇ ਚੋਣ ਕਾਨੂੰਨ ਦੇ ਯੂਐੱਸ ਕੋਡ ਦਾ ਹਵਾਲਾ ਦਿੱਤਾ, ਜਿਸ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਜੋ "ਵੋਟ ਲਈ ਰਜਿਸਟ੍ਰੇਸ਼ਨ ਕਰਨ ਜਾਂ ਵੋਟ ਪਾਉਣ ਲਈ ਪੈਸੇ ਦਾ ਭੁਗਤਾਨ ਕਰਦਾ ਹੈ ਜਾਂ ਭੁਗਤਾਨ ਕਰਨ ਦੀ ਪੇਸ਼ਕਸ਼ ਕਰਦਾ ਹੈ ਜਾਂ ਭੁਗਤਾਨ ਸਵੀਕਾਰ ਕਰਦਾ ਹੈ", ਉਸ ਨੂੰ ਸੰਭਾਵੀ 10,000 ਅਮਰੀਕੀ ਡਾਲਰ ਜੁਰਮਾਨਾ ਜਾਂ ਪੰਜ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।

ਬਰਮਨ ਨੇ ਬੀਬੀਸੀ ਨੂੰ ਦੱਸਿਆ, "ਉਸਦੀ ਪੇਸ਼ਕਸ਼ ਸਿਰਫ ਰਜਿਸਟਰਡ ਵੋਟਰਾਂ ਲਈ ਖੁੱਲ੍ਹੀ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਉਸਦੀ ਪੇਸ਼ਕਸ਼ ਇਸ ਵਿਵਸਥਾ ਦੀ ਉਲੰਘਣਾ ਕਰਦੀ ਹੈ।"

ਅਮਰੀਕੀ ਨਿਆਂ ਵਿਭਾਗ ਨੇ ਇਸ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਫੈਡਰਲ ਚੋਣ ਕਮਿਸ਼ਨ (ਐੱਫਈਸੀ) ਨਾਲ ਟਿੱਪਣੀ ਲਈ ਸੰਪਰਕ ਕੀਤਾ ਗਿਆ ਹੈ।

ਐੱਫਈਸੀ ਦੇ ਇੱਕ ਸਾਬਕਾ ਚੇਅਰਮੈਨ ਨੇ ਸੁਝਾਅ ਦਿੱਤਾ ਕਿ ਮਸਕ ਇਸ ਰਣਨੀਤੀ ਨਾਲ ਕਾਨੂੰਨੀ ਤੌਰ ’ਤੇ ਬਚ ਨਿਕਲਣਗੇ ਕਿਉਂਕਿ ਇਸ ਵਿੱਚ ਕਿਸੇ ਨੂੰ ਵੀ ਵੋਟ ਰਜਿਸਟਰ ਕਰਨ ਜਾਂ ਵੋਟ ਪਾਉਣ ਲਈ ਸਿੱਧੇ ਤੌਰ 'ਤੇ ਭੁਗਤਾਨ ਨਹੀਂ ਕੀਤਾ ਜਾ ਰਿਹਾ ਹੈ।

ਬ੍ਰੈਡ ਸਮਿਥ ਨੇ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਇਹ ਪੇਸ਼ਕਸ਼ ਕੁਝ ਹੱਦ ਤੱਕ ਅਸਪੱਸ਼ਟ ਹੈ ਪਰ "ਇਹ ਤੈਅ ਹੱਦ ਦੇ ਬਹੁਤੇ ਨੇੜੇ ਨਹੀਂ ਹੈ।”

ਉਨ੍ਹਾਂ ਨੇ ਅੱਗੇ ਕਿਹਾ, “ਉਹ (ਮਸਕ) ਵੋਟਰਾਂ ਨੂੰ ਵੋਟ ਪਾਉਣ ਲਈ ਰਜਿਸਟਰ ਕਰਨ ਲਈ ਭੁਗਤਾਨ ਨਹੀਂ ਕਰ ਰਹੇ ਹਨ। ਉਹ ਉਨ੍ਹਾਂ ਨੂੰ ਇੱਕ ਪਟੀਸ਼ਨ ’ਤੇ ਦਸਤਖਤ ਕਰਨ ਲਈ ਭੁਗਤਾਨ ਕਰ ਰਹੇ ਹਨ ਅਤੇ ਉਹ ਸਿਰਫ ਇਹ ਚਾਹੁੰਦੇ ਹਨ ਕਿ ਉਹੀ ਲੋਕ ਪਟੀਸ਼ਨ 'ਤੇ ਦਸਤਖਤ ਕਰਨ, ਜਿਨ੍ਹਾਂ ਕੋਲ ਵੋਟ ਪਾਉਣ ਦਾ ਅਧਿਕਾਰ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਉਹ ਇੱਥੇ ਠੀਕ ਹਨ।"

ਨਾਰਥਵੈਸਟਰਨ ਯੂਨੀਵਰਸਿਟੀ ਦੇ ਚੋਣ ਕਾਨੂੰਨ ਦੇ ਪ੍ਰੋਫੈਸਰ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਸੰਦਰਭ ਮਹੱਤਵਪੂਰਨ ਹੈ।

ਮਾਈਕਲ ਕੰਗ ਕਹਿੰਦੇ ਹਨ, “ਮੈਂ ਇਨ੍ਹਾਂ ਵਿਚਾਰਾਂ ਨੂੰ ਸਮਝਦਾ ਹਾਂ ਕਿ ਇਹ ਗੈਰ-ਕਾਨੂੰਨੀ ਨਹੀਂ ਹੈ, ਪਰ ਮੈਨੂੰ ਲੱਗਦਾ ਹੈ ਕਿ ਇੱਥੇ ਇਹ ਸਪੱਸ਼ਟ ਤੌਰ ’ਤੇ ਲੋਕਾਂ ਨੂੰ ਵੋਟ ਪਾਉਣ ਲਈ ਰਜਿਸਟਰ ਕਰਨ ਲਈ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ ਜੋ ਕਿ ਕਾਨੂੰਨੀ ਤੌਰ ’ਤੇ ਸਮੱਸਿਆ ਵਾਲਾ ਹੈ।"

ਨਾਨ ਪਾਰਟੀਸਨ ਕੈਂਪੇਨ ਲੀਗਲ ਸੈਂਟਰ ਦੇ ਅਦਵ ਨੋਟੀ ਦੱਸਦੇ ਹਨ,"ਮਸਕ ਦੀ ਸਕੀਮ ਸੰਘੀ ਕਾਨੂੰਨ ਦੀ ਉਲੰਘਣਾ ਕਰਦੀ ਹੈ ਅਤੇ ਨਿਆਂ ਵਿਭਾਗ ਦੁਆਰਾ ਸਿਵਲ ਜਾਂ ਅਪਰਾਧਿਕ ਪਰਿਵਰਤਨ ਦੇ ਅਧੀਨ ਹੈ।”

ਅਦਵ ਨੋਟੀ ਨੇ ਬੀਬੀਸੀ ਨੂੰ ਦੱਸਿਆ, "ਇਸ ਸ਼ਰਤ ’ਤੇ ਪੈਸੇ ਦੇਣਾ ਗੈਰ-ਕਾਨੂੰਨੀ ਹੈ ਕਿ ਪੈਸੇ ਲੈਣ ਵਾਲੇ ਨੂੰ ਵੋਟਰ ਵਜੋਂ ਰਜਿਸਟਰ ਹੋਣਾ ਪਵੇਗਾ।"

ਪ੍ਰੋਫੈਸਰ ਜੇਰੇਮੀ ਪੌਲ ਨਾਰਥਈਸਟਰਨ ਯੂਨੀਵਰਸਿਟੀ ਸਕੂਲ ਆਫ਼ ਲਾਅ ਵਿੱਚ ਸੰਵਿਧਾਨਕ ਕਾਨੂੰਨ ਦੇ ਪ੍ਰੋਫੇਸਰ ਹਨ। ਉਨ੍ਹਾਂ ਨੇ ਬੀਬੀਸੀ ਨੂੰ ਇੱਕ ਈਮੇਲ ਰਾਹੀਂ ਦੱਸਿਆ ਕਿ ਮਸਕ ਇੱਕ ਕਾਨੂੰਨੀ ਖਾਮੀ ਦਾ ਫਾਇਦਾ ਉਠਾ ਰਹੇ ਹਨ।

ਉਨ੍ਹਾਂ ਨੇ ਅੱਗੇ ਕਿਹਾ, "ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਇਹ ਪੇਸ਼ਕਸ਼ ਗੈਰ-ਕਾਨੂੰਨੀ ਹੋ ਸਕਦੀ ਹੈ, ਪਰ ਇਹ ਮਿੱਥ ਕੇ ਬਣਾਈ ਗਈ ਹੈ ਕਿ ਇਹ ਕਾਨੂੰਨ ਦੇ ਦਾਇਰੇ ਵਿੱਚ ਹੀ ਰਹੇ। ਉਹਨਾਂ ਦਾ ਮੰਨਣਾ ਹੈ ਕਿ ਇਸ ਬਾਰੇ ਅਦਾਲਤ ਵਿੱਚ ਕੇਸ ਸਾਬਤ ਕਰਨਾ ਵੀ ਮੁਸ਼ਕਲ ਹੋਵੇਗਾ।"

ਡੈਮੋਕਰੇਟਸ ਨੇ ਕੀ ਕਿਹਾ ਹੈ?

ਪੈਨਸਿਲਵੇਨੀਆ ਦੇ ਗਵਰਨਰ ਜੋਸ਼ ਸ਼ਾਪੀਰੋ, ਇੱਕ ਡੈਮੋਕਰੇਟ ਹਨ। ਉਹਨਾਂ ਨੇ ਇਸ ਕਦਮ ਨੂੰ "ਬਹੁਤ ਚਿੰਤਾਜਨਕ" ਦੱਸਿਆ ਹੈ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਜਾਂਚ ਕਰਨ ਲਈ ਵੀ ਕਿਹਾ ਹੈ।

ਮਸਕ ਨੇ ਜਵਾਬ ਵਿੱਚ ਕਿਹਾ ਕਿ ਇਹ ਚਿੰਤਾਜਨਕ ਹੈ ਕਿ ਉਹਨਾਂ ਨੇ ਅਜਿਹਾ ਕਿਹਾ ਹੈ।

ਪਿਛਲੇ ਲੰਬੇ ਸਮੇਂ ਤੋਂ ਕਮਲਾ ਹੈਰਿਸ ਲਈ ਮੁਹਿੰਮ ਚਲਾਉਣ ਵਾਲੇ ਅਰਬਪਤੀ ਨਿਵੇਸ਼ਕ ਮਾਰਕ ਕਿਊਬਨ ਨੇ ਕਿਹਾ ਕਿ ਪੇਸ਼ਕਸ਼ ਵੱਖਰੀ ਤੇ ਮਾਯੂਸ ਕਰਨ ਵਾਲੀ ਦੋਵੇਂ ਹੈ।

ਸੀਐੱਨਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, “ਤੁਸੀਂ ਅਜਿਹਾ ਸਿਰਫ਼ ਇਸ ਲਈ ਕਰਦੇ ਹੋ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅਜਿਹਾ ਕਰ ਲਵੋਗੇ, ਪਰ ਅਜਿਹਾ ਜੂਆ ਖੇਡਣਾ ਬੁਰਾ ਵਿਚਾਰ ਨਹੀਂ ਹੈ। ਇਹ ਕੰਮ ਕਰੇਗਾ ਜਾਂ ਨਹੀਂ, ਇਹ ਵੱਖਰੀ ਗੱਲ ਹੈ। ਇਹ ਆਸਾਨੀ ਨਾਲ ਉਲਟਾ ਵੀ ਪੈ ਸਕਦਾ ਹੈ।”

ਕੀ ਅਜਿਹੀ ਕੋਈ ਮਿਸਾਲ ਹੈ?

ਮਸਕ ਨੇ ਆਲੋਚਨਾ ਦਾ ਜਵਾਬ ਦਿੰਦੇ ਹੋਏ ਤਰਕ ਦਿੱਤਾ ਕਿ ਡੈਮੋਕਰੇਟ ਅਤੇ ਉਹਨਾਂ ਦੇ ਦਾਨੀਆਂ ਨੇ ਅਤੀਤ ਵਿੱਚ ਅਜਿਹੀਆਂ ਪਹਿਲਕਦਮੀਆਂ ਨੂੰ ਫ਼ੰਡ ਦਿੱਤਾ ਹੈ।

ਐਕਸ ਉੱਤੇ ਉਹਨਾਂ ਨੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੇਟਾ ਦੇ ਬੌਸ ਮਾਰਕ ਜ਼ਕਰਬਰਗ ਨੇ 2020 ਵਿੱਚ ਵੀ ਅਜਿਹਾ ਕੀਤਾ ਸੀ।

ਜ਼ਕਰਬਰਗ ਨੇ 2020 ਦੀਆਂ ਚੋਣਾਂ ਵਿੱਚ $400 ਮਿਲੀਅਨ ਦਾ ਦਾਨ ਕੀਤਾ ਸੀ ਪਰ ਇਹ ਪੋਸਟਲ ਬੈਲਟ ਦੇ ਆਲੇ ਦੁਆਲੇ ਲੌਜਿਸਟਿਕਸ ਵਿੱਚ ਮਦਦ ਕਰਨ ਲਈ ਦੋ ਗੈਰ-ਪੱਖਪਾਤੀ ਸੰਸਥਾਵਾਂ ਨੂੰ ਦਿੱਤਾ ਗਿਆ ਸੀ। ਇਹ ਸਿੱਧੇ ਤੌਰ 'ਤੇ ਵੋਟਰਾਂ ਨੂੰ ਨਹੀਂ ਦਿੱਤਾ ਗਿਆ ਸੀ।

ਡੈਮੋਕਰੇਟਿਕ ਪਾਰਟੀ ਨੇ ਸਮਰਥਕਾਂ ਨੂੰ ਲਾਮਬੰਦ ਕਰਨ ਲਈ ਪਿਛਲੀਆਂ ਚੋਣਾਂ ਸਮੇਂ ਪਹਿਲਕਦਮੀਆਂ ਵਿੱਚ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ 2022 ਦੀਆਂ ਅਮਰੀਕੀ ਮੱਧਕਾਲੀ ਚੋਣਾਂ ਵਿੱਚ $25 ਮਿਲੀਅਨ ਦੀ ਵੋਟਰ ਰਜਿਸਟ੍ਰੇਸ਼ਨ ਮੁਹਿੰਮ ਕੀਤੀ।

ਹਾਲਾਂਕਿ ਇਹ ਪੈਸਾ ਵੀ ਸਿੱਧੇ ਤੌਰ 'ਤੇ ਵੋਟਰਾਂ ਨੂੰ ਨਹੀਂ ਦਿੱਤਾ ਗਿਆ। ਫੰਡਿੰਗ ਉਹਨਾਂ ਪਹਿਲਕਦਮੀਆਂ ਵੱਲ ਗਈ ਜੋ ਵੋਟਰਾਂ ਨੂੰ ਰਜਿਸਟਰ ਕਰਨ ਲਈ ਉਤਸ਼ਾਹਿਤ ਕਰਦੇ ਹਨ, ਜਿਵੇਂ ਕਿ ਲੋਕਾਂ ਨੂੰ ਦਰਵਾਜ਼ੇ ਖੜਕਾਉਣ ਅਤੇ ਟੈਲੀਵਿਜ਼ਨ ਅਤੇ ਡਿਜੀਟਲ ਇਸ਼ਤਿਹਾਰਬਾਜ਼ੀ ਕਰਨ ਲਈ ਨਿਯੁਕਤ ਕਰਨਾ।

ਪ੍ਰੋ. ਕੰਗ ਕਹਿੰਦੇ ਹਨ, "ਵੋਟਰਾਂ ਨੂੰ ਰਜਿਸਟਰ ਕਰਨ ਲਈ ਲੋਕਾਂ ਨੂੰ ਭੁਗਤਾਨ ਕਰਨਾ ਕਾਨੂੰਨੀ ਹੈ, ਪਰ ਤੁਸੀਂ ਰਜਿਸਟਰ ਕਰਨ ਲਈ ਲੋਕਾਂ ਨੂੰ ਸਿੱਧੇ ਤੌਰ 'ਤੇ ਭੁਗਤਾਨ ਨਹੀਂ ਕਰ ਸਕਦੇ।"

ਮਸਕ ਨੇ ਹੋਰ ਕੀ ਕੀਤਾ?

ਜਦੋਂ ਟਰੰਪ ਰਾਸ਼ਟਰਪਤੀ ਸਨ ਤਾਂ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਈਲੋਨ ਮਸਕ ਦੇ ਰਿਸ਼ਤੇ ਉਨ੍ਹਾਂ ਨਾਲ ਕੋਈ ਬਹੁਤ ਚੰਗੇ ਨਹੀਂ ਸਨ। ਪਰ ਥੋੜੇ ਸਾਲਾਂ ਵਿੱਚ ਮਸਕ ਨੇ ਡੇਮੋਕ੍ਰੇਟਸ ਪ੍ਰਤੀ ਆਪਣੀ ਨਰਾਜ਼ਗੀ ਨੂੰ ਖੁੱਲ੍ਹ ਕੇ ਜ਼ਾਹਰ ਕੀਤਾ।

2022 ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ, ਉਹਨਾਂ ਨੇ ਐਲਾਨ ਕੀਤਾ ਕਿ ਉਹਨਾਂ ਨੇ ਪਾਰਟੀ ਛੱਡ ਦਿੱਤੀ ਹੈ ਅਤੇ ਆਪਣੇ ਸਮਰਥਕਾਂ ਨੂੰ ਰਿਪਬਲਿਕਨ ਨੂੰ ਵੋਟ ਦੇਣ ਲਈ ਉਤਸ਼ਾਹਿਤ ਕੀਤਾ ਸੀ।

ਇਸ ਸਾਲ ਮਸਕ ਨੇ ਆਪਣੇ ਆਪ ਨੂੰ ਅਮਰੀਕੀ ਰਾਜਨੀਤੀ ਵਿੱਚ ਸ਼ਾਮਲ ਕਰ ਲਿਆ ਹੈ। ਇਸ ਤੋਂ ਪਹਿਲਾਂ ਉਹ ਕਦੇ ਇਸ ਵਿੱਚ ਨਹੀਂ ਸਨ। ਇਸਦੇ ਲਈ ਕਈ ਰਿਪਬਲਿਕਨਾਂ ਵੱਲੋਂ ਦਾਨ ਅਤੇ ਸੋਸ਼ਲ ਮੀਡੀਆ ਪੋਸਟਾਂ ਪਾ ਕੇ ਸਮਰਥਨ ਵੀ ਕੀਤਾ ਗਿਆ ਹੈ।

ਪਿਛਲੇ ਹਫ਼ਤੇ ਦੀਆਂ ਟਿੱਪਣੀਆਂ ਵਿੱਚ ਮਸਕ ਨੇ ਅਮਰੀਕਾ-ਮੈਕਸੀਕੋ ਸਰਹੱਦ ਦੇ ਬਹੁਤ ਸਾਰੇ ਹਿੱਸੇ ਨੂੰ ਫਿਲਮ “ਵਰਲਡ ਵਾਰ ਜ਼ੈੱਡ” ਦੇ ਬਰਾਬਰ ਦੱਸਿਆ।

ਮਸਕ ਨੇ ਰਾਸ਼ਟਰਪਤੀ ਅਹੁਦੇ ਲਈ ਟਰੰਪ ਦੀ 2024 ਦੀ ਮੁਹਿੰਮ ਦਾ ਸਮਰਥਨ ਕਰਨ ਦੇ ਉਦੇਸ਼ ਨਾਲ ਜੁਲਾਈ ਵਿੱਚ ਅਮਰੀਕਾ ਪੀਏਸੀ ਦੀ ਸ਼ੁਰੂਆਤ ਕੀਤੀ ਸੀ। ਉਹ ਹੁਣ ਤੱਕ ਇਸ ਸਮੂਹ ਨੂੰ ਘੱਟੋ-ਘੱਟ 75 ਮਿਲੀਅਨ ਡਾਲਰ ਦਾਨ ਕਰ ਚੁੱਕੇ ਹਨ।

ਅਮਰੀਕਾ ਪੀਏਸੀ ਦੀ ਵੈੱਬਸਾਈਟ ਮੁਤਾਬਕ ਉਹ, “ਸੁਰੱਖਿਅਤ ਸਰਹੱਦਾਂ, ਸੁਰੱਖਿਅਤ ਸ਼ਹਿਰ, ਬੋਲਣ ਦੀ ਆਜ਼ਾਦੀ, ਸਮਝਦਾਰੀ ਨਾਲ ਖਰਚ, ਨਿਰਪੱਖ ਨਿਆਂ ਪ੍ਰਣਾਲੀ ਅਤੇ ਸਵੈ-ਸੁਰੱਖਿਆ ਚਾਹੁੰਦੇ ਹਨ।”

ਟਰੰਪ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਮਿਸਟਰ ਮਸਕ ਨੇ ਕੀ ਦਿੱਤਾ ਹੈ, ਪਰ ਮਸਕ ਇੱਕ ਚੰਗੇ ਦੋਸਤ ਹਨ।

ਹਾਲ ਹੀ ਦੇ ਕੁਝ ਹਫ਼ਤਿਆਂ ਵਿੱਚ, ਮਸਕ ਪਹਿਲੀ ਵਾਰ ਚੋਣ ਮੁਹਿੰਮ ਵਿੱਚ ਦਿਖਾਈ ਦਿੱਤੇ ਹਨ। ਉਹ ਪਹਿਲਾਂ ਟਰੰਪ ਦੇ ਨਾਲ ਦਿਖੇ ਅਤੇ ਹਾਲ ਹੀ ਵਿੱਚ ਟਾਊਨ ਹਾਲ ਵਿੱਚ ਇਕੱਲੇ ਦਿਖਾਈ ਦਿੱਤੇ ਹਨ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)