ਬੇਅਦਬੀਆਂ ਉੱਤੇ ਮਾਫ਼ੀ ਮੰਗਣ ਦੇ ਨਾਲ ਸੁਖਬੀਰ ਬਾਦਲ ਨੂੰ ਹੋਰ ਕੀ ਕਰਨਾ ਚਾਹੀਦਾ ਸੀ, ਮਾਹਿਰਾਂ ਤੋਂ ਜਾਣੋ

- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਬੇਅਦਬੀਆਂ ਲਈ ਮੁਆਫ਼ੀ ਮੰਗੀ ਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਮੁਆਫ਼ੀ ਪਾਰਟੀ ਦੇ 103ਵੇਂ ਸਥਾਪਨਾ ਦਿਵਸ ਉੱਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗੀ ਹੈ।
ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਸਮੂਹ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਆਪਸੀ ਗਿਲੇ ਸ਼ਿਕਵੇ ਭੁੱਲਾ ਕੇ ਇੱਕ ਮੰਚ ਉੱਤੇ ਇਕੱਠੇ ਹੋਣ ਦੀ ਅਪੀਲ ਵੀ ਕੀਤੀ।
ਸੁਖਬੀਰ ਸਿੰਘ ਬਾਦਲ ਨੇ ਕੀ ਆਖਿਆ
ਸੁਖਬੀਰ ਬਾਦਲ ਨੇ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਸਾਰੀ ਉਮਰ ਮਲਾਲ ਰਿਹਾ ਕਿ ਉਨ੍ਹਾਂ ਦੇ ਮੁੱਖ ਮੰਤਰੀ ਹੁੰਦਿਆਂ ਬੇਅਦਬੀ ਹੋਈ ਤੇ ਉਹ ਇਸ ਦਾ ਇਨਸਾਫ਼ ਲੋਕਾਂ ਨੂੰ ਨਹੀਂ ਦੇ ਸਕੇ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹੇ ਹਾਲਤ ਪੈਦਾ ਕਰ ਦਿੱਤੇ ਗਏ ਕਿ ਉਨ੍ਹਾਂ ਨੂੰ ਇਹ ਕੇਸ ਸੀਬੀਆਈ ਨੂੰ ਸੌਂਪਣਾ ਪਿਆ ਤੇ ਉਹ ਖ਼ੁਦ ਦੋਸ਼ੀਆਂ ਨੂੰ ਫੜ੍ਹ ਕੇ ਉਨ੍ਹਾਂ ਦੇ ਕੀਤੇ ਦੀ ਸਜ਼ਾ ਨਹੀਂ ਦੇ ਸਕੇ।
ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਜ਼ਿੰਮੇਵਾਰੀ ਲੈਂਦਿਆਂ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋ ਕੇ ਮੁਆਫ਼ੀ ਮੰਗਦਿਆਂ ਕਿਹਾ, “ਸਾਡੇ ਸ਼ਾਸਨ ਦੌਰਾਨ ਹੋਈ ਬੇਅਦਬੀ ਲਈ ਅਸੀਂ ਮੁਆਫ਼ੀ ਮੰਗਦੇ ਹਾਂ, ਅਸੀਂ ਦੋਸ਼ੀਆਂ ਨੂੰ ਫੜ੍ਹ ਨਹੀਂ ਸਕੇ, ਇਸ ਦਾ ਅਫ਼ਸੋਸ ਹੈ।”
"ਸਾਡੀ ਸਰਕਾਰ ਦੌਰਾਨ ਜੇਕਰ ਅਸੀਂ ਕਿਸੇ ਦਾ ਦਿਲ ਦੁਖਾਇਆ ਹੋਏ ਤਾਂ ਮੈਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ।“
ਇਸ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਨੇ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਨੂੰ ਇੱਕ ਮੰਚ ਉੱਤੇ ਇਕੱਠੇ ਹੋਣ ਦੀ ਅਪੀਲ ਵੀ ਕੀਤੀ।
ਇਸ ਤੋਂ ਬਾਅਦ ਅਕਾਲੀ ਦਲ ਤੋਂ ਨਾਰਾਜ਼ ਚੱਲੇ ਆ ਰਹੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਦੇਸ ਰਾਜ ਧੁੱਗਾ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਘੁੰਮਣ ਮੁੜ ਅਕਾਲੀ ਦਲ ਵਿਚ ਸ਼ਾਮਲ ਹੋਏ।
ਅਕਾਲੀ ਦਲ ਦਾ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਦੀ ਮੁਆਫ਼ੀ ਮੰਗਣ ਤੋਂ ਪੁਰਾਣੇ ਆਗੂ ਮੁੜ ਪਾਰਟੀ ਵਿੱਚ ਸ਼ਾਮਲ ਹੋਏ ਹਨ।
ਸੁਖਬੀਰ ਬਾਦਲ ਦੀ ਮੁਆਫ਼ੀ ਦੇ ਕੀ ਹਨ ਸਿਆਸੀ ਮਾਅਨੇ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੰਗੀ ਗਈ ਮੁਆਫ਼ੀ ਦੇ ਪਾਰਟੀ ਨੂੰ ਕੀ ਫ਼ਾਇਦਾ ਹੋਵੇਗਾ ਇਸ ਬਾਰੇ ਅਸੀਂ ਵੱਖ ਵੱਖ ਮਾਹਿਰਾਂ ਦੇ ਨਾਲ ਗੱਲਬਾਤ ਕੀਤੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਾਜਨੀਤੀ ਸ਼ਾਸਤਰ ਦੇ ਸਾਬਕਾ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਇਸ ਮੁਆਫ਼ੀ ਨਾਲ ਉਸ ਨੂੰ ਸਿਆਸੀ ਦੌਰ ਉੱਤੇ ਕੋਈ ਵੀ ਫ਼ਾਇਦਾ ਨਹੀਂ ਹੋਣਾ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਪ੍ਰੋਫੈਸਰ ਜਗਰੂਪ ਸੇਖੋਂ ਨੇ ਆਖਿਆ. "ਅਕਾਲੀ ਦਲ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਬੇਅਦਬੀ ਤੋਂ ਇਲਾਵਾ ਗੈਂਗਸਟਰ, ਬੇਰੁਜ਼ਗਾਰੀ, ਖੇਤੀਬਾੜੀ ਦਾ ਡਿੱਗਦਾ ਗਰਾਫ਼, ਪਾਰਟੀ ਨੂੰ ਕੰਪਨੀ ਵਾਂਗ ਚਲਾਉਣਾ ਵਰਗੀਆਂ ਸਮੱਸਿਆਵਾਂ ਵੀ ਸਾਹਮਣੇ ਆਈਆਂ ਇਸ ਦੇ ਲਈ ਵੀ ਪਾਰਟੀ ਨੂੰ ਮੰਗਣੀ ਹੋਵੇਗੀ।"
ਪ੍ਰੋਫੈਸਰ ਸੇਖੋਂ ਮੁਤਾਬਕ ਜਿਸ ਸਮੇਂ ਅਕਾਲੀ ਦਲ ਦਾ ਰਾਜ ਸੀ ਉਸ ਸਮੇਂ ਬੇਅਦਬੀ ਦਾ ਮੁੱਦਾ ਬਹੁਤ ਵੱਡਾ ਸੀ ਪਰ ਸਮਾਂ ਬਦਲਣ ਦੇ ਨਾਲ ਹੁਣ ਲੋਕਾਂ ਦੇ ਸਾਹਮਣੇ ਕਈ ਹੋਰ ਸਮੱਸਿਆਵਾਂ ਹਨ ਜੋ ਬੇਅਦਬੀ ਤੋ ਵੀ ਜ਼ਿਆਦਾ ਮਹੱਤਵਪੂਰਨ ਹਨ।
ਇਸ ਕਰਕੇ ਅਕਾਲੀ ਦਲ ਦਾ ਹੁਣ ਮੁਆਫ਼ੀ ਮੰਗਣ ਦਾ ਕੋਈ ਫ਼ਾਇਦਾ ਪਾਰਟੀ ਨੂੰ ਨਹੀਂ ਹੋਵੇਗਾ।

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਰਾਜਨੀਤੀ ਵਿੱਚ ਹਰ ਕੰਮ ਵੋਟਾਂ ਨਾਲ ਜੋੜ ਕੇ ਕੀਤਾ ਜਾਂਦਾ ਹੈ ਅਤੇ ਅਕਾਲੀ ਦਲ ਦੀ ਮੁਆਫ਼ੀ ਵੀ ਸਿਆਸੀ ਤੌਰ ਉੱਤੇ ਹੀ ਦੇਖਣੀ ਹੋਵੇਗੀ।
ਉਨ੍ਹਾਂ ਆਖਿਆ, "ਅਕਾਲੀ ਦਲ ਦਾ ਗਰਾਫ਼ ਜਿਸ ਤਰੀਕੇ ਨਾਲ ਡਿਗਦਾ ਜਾ ਰਿਹਾ ਸੀ ਪਾਰਟੀ ਪ੍ਰਧਾਨ ਨੇ ਉਸੇ ਸੰਦਰਭ ਵਿੱਚ ਇਹ ਮੁਆਫ਼ੀ ਮੰਗੀ ਹੈ। ਇਸ ਦਾ ਸਿਆਸੀ ਫ਼ਾਇਦਾ ਪਾਰਟੀ ਨੂੰ ਕਿੰਨਾ ਹੁੰਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ।"
"ਜਿਸ ਤਰੀਕੇ ਨਾਲ ਪਾਰਟੀ ਦਾ ਗਰਾਫ਼ ਲਗਾਤਾਰ ਥੱਲੇ ਜਾ ਰਿਹਾ ਸੀ ਉਸ ਵਿੱਚ ਇੱਕ ਵੱਡਾ ਕਾਰਨ ਬਹਿਬਲਾਂ ਕਲਾਂ ਅਤੇ ਬਰਗਾੜੀ ਦੀਆਂ ਘਟਨਾਵਾਂ ਵੀ ਹਨ।"
ਜਗਤਾਰ ਸਿੰਘ ਮੁਤਾਬਕ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਵਾਲਾ ਰਿਹਾ ਹੈ ਚੰਗਾ ਹੁੰਦਾ ਸੁਖਬੀਰ ਸਿੰਘ ਬਾਦਲ ਮੁਆਫ਼ੀ ਦੇ ਨਾਲ ਮੁੱਖ ਮੰਤਰੀ ਨਾ ਬਣਨ ਦਾ ਐਲਾਨ ਵੀ ਕਰਦੇ ਤਾਂ ਪਾਰਟੀ ਮੁੜ ਤੋਂ ਸੂਬੇ ਵਿੱਚ ਸੁਰਜੀਤ ਹੋ ਜਾਣੀ ਸੀ।
ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਵਿਚੋਂ 3 ਸੀਟਾਂ ਉੱਤੇ ਖੜ੍ਹਾ ਹੈ ਅਤੇ ਅਜਿਹਾ ਅਕਾਲੀ ਦਲ ਦੇ ਇਤਿਹਾਸ ਵਿੱਚ ਕਦੇ ਵੀ ਨਹੀਂ ਹੋਇਆ।
ਉਨ੍ਹਾਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਉੱਤੇ ਕਾਫ਼ੀ ਸਮੇਂ ਤੋਂ ਪਾਰਟੀ ਵਿਚਲੇ ਆਗੂਆਂ ਦਾ ਮੁਆਫ਼ੀ ਮੰਗਣ ਦਾ ਪ੍ਰੈਸ਼ਰ ਸੀ ਇਸ ਕਰ ਕੇ ਪਾਰਟੀ ਦੀ ਗੁਆਚੀ ਸ਼ਾਖ਼ ਨੂੰ ਬਚਾਉਣ ਦੇ ਲਈ ਇਹ ਕਦਮ ਚੁੱਕਿਆ ਗਿਆ ਹੈ।
ਬਾਦਲ ਦੀ ਮੁਆਫ਼ੀ ‘ਤੇ ਸੰਧਵਾਂ ਕੀ ਬੋਲੇ
ਸੁਖਬੀਰ ਬਾਦਲ ਦੀ ਮੁਆਫ਼ੀ ਬਾਰੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ।
ਉਨ੍ਹਾਂ ਨੇ ਕਿਹਾ, "ਸਾਲ 2015 ਵਿੱਚ ਸੁਖਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਨੱਕ ਹੇਠਾਂ ਪਾਵਨ ਪਵਿੱਤਰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਲੜੀਵਾਰ ਘਟਨਾਵਾਂ ਵਾਪਰੀਆਂ।"
"ਇਸ ਸਾਰੇ ਘਟਨਾਕ੍ਰਮ ਵਿੱਚ ਪੰਜਾਬ ਸਰਕਾਰ ਨੇ ਪੂਰੀ ਤਰ੍ਹਾਂ ਲਾਪਰਵਾਹੀ ਵਾਲਾ ਵਤੀਰਾ ਅਪਣਾਇਆ, ਜਿਸ ਕਾਰਨ ਇਨ੍ਹਾਂ ਸਮਾਜ ਦੋਖੀ ਦੁਸ਼ਟ ਤੱਤਾਂ ਦੇ ਹੌਂਸਲੇ ਵਧੇ।"
ਸਪੀਕਰ ਨੇ ਕਿਹਾ ਕਿ ਬਾਦਲ ਸਰਕਾਰ ਵਿੱਚ ਗ੍ਰਹਿ ਵਿਭਾਗ ਸੁਖਬੀਰ ਬਾਦਲ ਕੋਲ ਸੀ ਅਤੇ ਇਨ੍ਹਾਂ ਵੱਲੋਂ ਆਖਿਆ ਜਾਂਦਾ ਸੀ ਕਿ ਪੰਜਾਬ ਵਿੱਚ ਸਾਡੇ ਹੁਕਮ ਬਿਨਾਂ ਪੱਤਾ ਨਹੀਂ ਹਿੱਲਦਾ।
ਸੰਧਵਾ ਨੇ ਸਵਾਲ ਕੀਤਾ, "ਸੁਖਬੀਰ ਬਾਦਲ ਜੀ ਤੁਹਾਡੇ ਰਾਜ ਭਾਗ ਵੇਲੇ ਹੋਈਆਂ ਬੇਅਦਬੀਆਂ ਲਈ ਤਾਂ ਤੁਸੀਂ ਆਪਣੇ ਸਿਆਸੀ ਮੁਫਾਦਾਂ ਖ਼ਾਤਰ ਮੁਆਫ਼ੀ ਮੰਗ ਲਈ ਹੈ।“
"ਪਰ ਬੇਅਦਬੀ ਦਾ ਇਨਸਾਫ਼ ਲੈਣ ਲਈ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਂਕ ਵਿਖੇ ਇਕੱਤਰ ਹੋਈ ਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਦੇ ਸ਼ਾਂਤਮਈ ਇਕੱਠ ਉਪਰ ਅੰਮ੍ਰਿਤ ਵੇਲੇ ਗੋਲੀਆਂ ਵਰ੍ਹਾਉਣ ਅਤੇ ਦੋ ਗੁਰੂ ਪਿਆਰੇ ਸਿੰਘਾਂ ਭਾਈ ਗੁਰਜੀਤ ਸਿੰਘ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕੀਤੇ ਜਾਣ ਲਈ ਮੁਆਫ਼ੀ ਕੌਣ ਮੰਗੇਗਾ?"
ਪੰਜਾਬ ਵਿੱਚ ਅਕਾਲੀ ਦਲ ਦੀ ਮੌਜੂਦਾ ਸਥਿਤੀ
ਇਸ ਸਮੇਂ ਪੰਜਾਬ ਵਿਧਾਨ ਸਭਾ ਵਿੱਚ ਅਕਾਲੀ ਦਲ-ਬਸਪਾ ਗੱਠਜੋੜ ਦੇ ਤਿੰਨ ਵਿਧਾਇਕ ਹਨ।
ਲੋਕ ਸਭਾ ਵਿੱਚ ਬਠਿੰਡਾ (ਹਰਸਿਮਰਤ ਕੌਰ ਬਾਦਲ) ਅਤੇ ਫ਼ਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੁਮਾਇੰਦਗੀ ਕਰ ਰਹੇ ਹਨ। ਪੰਜਾਬ ਵਿਧਾਨ ਸਭਾ ਵਿੱਚ ਪਾਰਟੀ ਵਿਰੋਧੀ ਧਿਰ ਦਾ ਰੁਤਬਾ ਵੀ ਪਿਛਲੇ ਦਸ ਸਾਲਾਂ ਤੋਂ ਖੋਹੀ ਬੈਠੀ ਹੈ।
ਸ਼੍ਰੋਮਣੀ ਅਕਾਲੀ ਦਲ ਕਿਵੇਂ ਘਿਰਿਆ ਬੇਅਦਬੀ ਦੇ ਮਾਮਲੇ ਵਿੱਚ
ਅਕਾਲੀ ਦਲ ਜਿਸ ਬੇਅਦਬੀ ਦੀ ਘਟਨਾ ਦਾ ਜ਼ਿਕਰ ਕਰ ਰਿਹਾ ਹੈ ਉਹ 2015 ਵਿੱਚ ਬਰਗਾੜੀ ਬੇਅਦਬੀ ਤੇ ਬਹਿਬਲਕਲਾਂ-ਕੋਟਕਪੂਰਾ ਗੋਲੀ ਕਾਂਡ ਨਾਲ ਸਬੰਧਿਤ ਹਨ।
ਇਸ ਘਟਨਾ ਤਹਿਤ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਲਾਪਤਾ ਹੋਈ। 12 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਫ਼ਰੀਦਕੋਟ ਦੇ ਬਰਗਾੜੀ ਪਿੰਡ ਵਿੱਚੋਂ ਮਿਲੇ।
14 ਅਕਤੂਬਰ 2015 ਨੂੰ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਟਕਪੂਰਾ 'ਚ ਸਿੱਖ ਜਥੇਬੰਦੀਆਂ ਨੇ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਲੋਕਾਂ ਉੱਤੇ ਲਾਠੀਚਾਰਜ ਕੀਤਾ।
ਇਸੇ ਦਿਨ ਬਹਿਬਲ ਕਲਾਂ ਵਿੱਚ ਸਿੱਖਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ 'ਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚ ਦੋ ਸਿੱਖ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ।
ਹਾਲਾਂਕਿ, ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜਾਂਚ ਵੀ ਕਰਵਾਈ ਸੀ ਪਰ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ।
ਪਿਛਲੇ ਕਾਫ਼ੀ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਿਆਸੀ ਤੌਰ ਉੱਤੇ ਘਿਰਿਆ ਹੋਇਆ ਸੀ।
ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਵੀ ਇਸੀ ਮਾਮਲੇ ਉੱਤੇ ਅਕਾਲੀ ਦਲ ਨੂੰ ਘੇਰਦੀਆਂ ਰਹੀਆਂ ਹਨ। ਇਸ ਕਰ ਕੇ ਅਕਾਲੀ ਦਲ ਦੇ ਪ੍ਰਧਾਨ ਨੂੰ ਬੇਅਦਬੀ ਦੀਆਂ ਘਟਨਾਵਾਂ ਵਿੱਚ ਲੋਕਾਂ ਨੂੰ ਇਨਸਾਫ਼ ਨੇ ਦੇਣ ਦੀ ਮੁਆਫ਼ੀ ਲੋਕਾਂ ਤੋਂ ਮੰਗੀ ਹੈ।














