ਬਠਿੰਡਾ: ਅਣਖ ਖ਼ਾਤਰ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਉਸ ਦੀ ਪਤਨੀ ਦਾ ਕਤਲ, ਪਿੰਡ ਵਾਲਿਆਂ ਨੇ ਜਾਣੋ ਕੀ ਦੱਸਿਆ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਬਠਿੰਡਾ ਵਿੱਚ ਪੈਂਦੇ ਪਿੰਡ ਤੁੰਗਵਾਲੀ ਦੇ ਬਾਹਰਵਾਰ ਬਣੇ ਘਰਾਂ ਵਿਚ ਸੰਨਾਟਾ ਪਸਰਿਆ ਹੋਇਆ ਹੈ। ਕੁਝ ਔਰਤਾਂ ਇੱਕ ਗਲ਼ੀ ਦੇ ਮੋੜ 'ਤੇ ਖੜ੍ਹੀਆਂ ਇੱਕ-ਦੂਜੇ ਨਾਲ ਹੌਲੀ-ਹੌਲੀ ਗੱਲਾਂ ਕਰ ਰਹੀਆਂ ਸਨ।

ਉਂਝ, ਘਟਨਾ ਵਾਲੀ ਥਾਂ ਦੇ ਨੇੜਲੇ ਘਰਾਂ ਦੇ ਦਰਵਾਜ਼ੇ ਲਗਭਗ ਬੰਦ ਹੀ ਸਨ।

ਦਰਅਸਲ, 3 ਦਸੰਬਰ ਨੂੰ ਇੱਕ ਜੋੜੇ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਛਾਇਆ ਹੋਇਆ ਹੈ।

ਇਹ ਘਟਨਾ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਤੁੰਗਵਾਲੀ ਦੇ ਦਸ਼ਮੇਸ਼ ਨਗਰ ਦੀ ਹੈ।

ਕੀ ਹੈ ਮਾਮਲਾ

ਸਾਲ 2019 ਵਿਚ ਜਗਮੀਤ ਸਿੰਘ ਤੇ ਬੇਅੰਤ ਕੌਰ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ। ਜਿਸ ਤੋਂ ਬਾਅਦ ਲੰਘੀ 3 ਦਸੰਬਰ ਨੂੰ ਦੋਵਾਂ ਜੀਆਂ ਨੂੰ ਕੁਹਾੜੀ ਨਾਲ ਵੱਢ ਕੇ ਮਾਰ ਦਿੱਤਾ ਗਿਆ ਹੈ।

ਇਸ ਪੂਰੀ ਵਾਰਦਾਤ ਨੂੰ ਲੈ ਕੇ ਨਥਾਣਾ ਵਿਖੇ ਕੇਸ ਵੀ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਜਗਮੀਤ ਸਿੰਘ ਤੇ ਬੇਅੰਤ ਕੌਰ ਨੂੰ ਕਤਲ ਕਰਨ ਲਈ ਕਸੀਏ, ਰਾਡ ਤੇ ਡਾਂਗ ਦੀ ਵਰਤੋਂ ਕੀਤੀ ਗਈ ਸੀ।

ਕਤਲ ਕੀਤਾ ਗਿਆ ਜੋੜਾ ਦਲਿਤ ਵਰਗ ਨਾਲ ਸਬੰਧਤ ਸੀ ਅਤੇ ਕਤਲ ਦਾ ਇਲਜ਼ਾਮ ਮ੍ਰਿਤਕ ਕੁੜੀ ਦੇ ਸਕੇ ਭਰਾ 'ਤੇ ਲਗਾਇਆ ਜਾ ਰਿਹਾ ਹੈ।

ਕਿਹਾ ਜਾ ਰਿਹਾ ਹੈ ਕਿ ਉਸ ਨੇ ਆਪਣੇ ਸ਼ਰੀਕੇ ਦੇ ਕੁਝ ਲੋਕਾਂ ਨਾਲ ਰਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਇਸ ਘਟਨਾ ਵਿਚ ਮਾਰਿਆ ਗਿਆ ਜਗਮੀਤ ਸਿੰਘ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ ਤੇ ਇਸ ਸਮੇਂ ਉਹ ਬਠਿੰਡਾ ਦੀ ਪੁਲਿਸ ਲਾਈਨ ਵਿਚ ਤੈਨਾਤ ਸੀ।

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਕੁੜੀ ਬੇਅੰਤ ਕੌਰ ਸਿਹਤ ਵਿਭਾਗ ਨਾਲ ਜੁੜੀ ਹੋਈ ਸੀ।

ਪਿੰਡ ਵਿੱਚ ਸਹਿਮ ਦਾ ਮਾਹੌਲ

ਬੀਬੀਸੀ ਦੀ ਟੀਮ ਪਿੰਡ ਦੇ ਅੰਦਰ ਪਹੁੰਚੀ ਤਾਂ ਤੀਵੀਆਂ ਇਕੱਠੀਆਂ ਹੋ ਕੇ ਗੱਲਾਂ ਕਰ ਰਹੀਆਂ ਸਨ।

ਜਦੋਂ ਅਸੀਂ ਅੱਗੇ ਵਧ ਕੇ ਉਨ੍ਹਾਂ ਨਾਲ ਗੱਲ ਕਰਨ ਦਾ ਯਤਨ ਕੀਤਾ ਤਾਂ ਇੱਕ ਬਜ਼ੁਰਗ ਔਰਤ ਨੇ ਸਿਰਫ਼ ਇਹੀ ਕਿਹਾ, "ਭਾਈ ਸਾਡੇ ਪਿੰਡ ਤਾਂ ਕਹਿਰ ਵਰਤ ਗਿਆ ਹੈ, ਤੈਨੂੰ ਕੀ ਦੱਸਾਂ।"

ਸਿਰਫ਼ ਇਹ ਗੱਲ ਕਹਿ ਕੇ ਬਿਰਧ ਮਾਤਾ ਰੋਣ ਲੱਗ ਪਈ। ਬਾਅਦ ਵਿਚ ਦੱਸਿਆ ਗਿਆ ਕਿ ਇਹ ਔਰਤ ਪੀੜਤ ਪਰਿਵਾਰ ਦੇ ਸਕੇ-ਸਬੰਧੀਆਂ ਵਿੱਚੋਂ ਹੀ ਸੀ।

ਪਿੰਡ ਵਿਚ ਮੈਨੂੰ ਗਲੀਆਂ ਵਿੱਚੋਂ ਲੰਘਦੇ ਕੁਝ ਪੁਰਸ਼ ਵੀ ਮਿਲੇ ਪਰ ਉਹ ਇਸ ਵਾਰਦਾਤ ਬਾਰੇ ਬੋਲਣ ਤੋਂ ਬਚਦੇ ਨਜ਼ਰ ਆਏ।

ਮੈਂ ਥੋੜ੍ਹਾ ਅੱਗੇ ਗਿਆ ਤਾਂ ਇੱਕ ਵਿਅਕਤੀ ਘਟਨਾ ਵਾਲੀ ਜਗ੍ਹਾ ਨੇੜੇ ਖੜ੍ਹਾ ਖੇਤ ਦੀ ਕੱਚੀ ਪਹੀ 'ਤੇ ਪਏ ਖ਼ੂਨ ਦੇ ਧੱਬਿਆਂ ਨੂੰ ਭਰੀਆਂ ਅੱਖਾਂ ਨਾਲ ਦੇਖ ਰਿਹਾ ਸੀ।

ਮੈਂ ਇਸ ਵਿਅਕਤੀ ਕੋਲ ਜਾ ਕੇ ਕਿਹਾ, "ਬਾਈ ਜੀ ਬਹੁਤ ਮਾੜੀ ਗੱਲ ਹੋਈ ਹੈ" ਤਾਂ ਉਸ ਨੇ ਅੱਗੇ ਗੱਲ ਤੋਰ ਲਈ।

ਇਸ ਵਿਅਕਤੀ ਨੇ ਆਪਣਾ ਨਾਂ ਨੱਥਾ ਸਿੰਘ ਦੱਸਿਆ ਤੇ ਉਹ ਪਿੰਡ ਦੀ ਪੰਚਾਇਤ ਦੇ ਮੈਂਬਰ ਹਨ।

ਨੱਥਾ ਸਿੰਘ ਨੇ ਦੱਸਿਆ ਕਿ ਕਤਲ ਦੀ ਇਹ ਵਾਰਦਾਤ ਐਤਵਾਰ ਦੀ ਰਾਤ ਨੂੰ ਸਾਢੇ 9 ਤੋਂ 10 ਵਜੇ ਦੇ ਕਰੀਬ ਵਾਪਰੀ ਸੀ ਪਰ ਇਸ ਬਾਰੇ ਪਿੰਡ ਦੇ ਬਹੁਤੇ ਲੋਕਾਂ ਨੂੰ ਸੋਮਵਾਰ ਸਵੇਰੇ ਹੀ ਪਤਾ ਲੱਗਿਆ।

ਉਹ ਅੱਗੇ ਦੱਸਦੇ ਹਨ, "ਗੱਲ ਤਾਂ ਕੋਈ ਖ਼ਾਸ ਨਹੀਂ ਸੀ, ਬੱਸ ਅਣਖ ਨੇ ਹੀ ਦੋ ਹੱਸਦੇ-ਵਸਦੇ ਪਰਿਵਾਰਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ।"

ਉਹ ਆਪਣੀ ਗੱਲ ਜਾਰੀ ਰੱਖਦੇ ਹੋਏ ਕਹਿੰਦੇ ਹਨ, "ਮੁੰਡਾ-ਕੁੜੀ ਤੇ ਕੁੜੀ ਦਾ ਭਰਾ ਬਲਕਰਨ ਸਿੰਘ ਥੋੜ੍ਹਾ-ਬਹੁਤ ਅੱਗੇ-ਪਿੱਛੇ ਜਮਾਤਾਂ ਵਿਚ ਪੜ੍ਹਦੇ ਰਹੇ ਹਨ। ਮੁੰਡੇ ਤੇ ਕੁੜੀ ਦੇ ਘਰ ਨੇੜੇ-ਨੇੜੇ ਹਨ। ਬੱਸ, ਇੱਥੋਂ ਹੀ ਦੋਵੇਂ ਇੱਕ-ਦੂਜੇ ਦੇ ਨੇੜੇ ਹੋ ਗਏ ਸਨ।"

"ਸਾਨੂੰ ਤਾਂ ਲਗਦਾ ਹੈ ਕੇ ਬਲਕਰਨ ਇਸੇ ਗੱਲ ਦਾ ਗੁੱਸਾ ਖਾ ਗਿਆ ਕਿ ਜਗਮੀਤ ਉਸ ਨਾਲ ਪੜ੍ਹਦਾ ਰਿਹਾ ਸੀ ਤੇ ਉਸ ਨੇ ਉਸ ਦੀ ਭੈਣ ਨਾਲ ਵਿਆਹ ਕਿਉਂ ਕਰਵਾਇਆ ਸੀ।"

ਫਿਰ ਅਸੀਂ ਪਿੰਡ ਦੀ ਸਰਪੰਚ ਵੀਰਪਾਲ ਕੌਰ ਮਾਨ ਦੇ ਘਰ ਪਹੁੰਚੇ ਤਾਂ ਉੱਥੇ ਸਰਪੰਚ ਦੇ ਪਤੀ ਸੁਖਵਿੰਦਰ ਸਿੰਘ ਨਾਲ ਮੁਲਾਕਾਤ ਹੋਈ।

ਉਨਾਂ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਜਗਮੀਤ ਸਿੰਘ ਦਾ ਪਰਿਵਾਰ ਜ਼ਿਲ੍ਹਾ ਫਰੀਦਕੋਟ ਅਧੀਨ ਪੈਂਦੇ ਪਿੰਡ ਦਬੜੀਖਾਨਾ ਦਾ ਰਹਿਣ ਵਾਲਾ ਸੀ।

ਉਹ ਦੱਸਦੇ ਹਨ, "ਅਸਲ ਵਿਚ ਪਿੰਡ ਤੁੰਗਵਾਲੀ ਵਿਚ ਜਗਮੀਤ ਦੀ ਮਾਸੀ ਰਹਿੰਦੇ ਸਨ। ਕੁਝ ਸਾਲ ਪਹਿਲਾਂ ਜਗਮੀਤ ਸਿੰਘ ਦਾ ਪਰਿਵਾਰ ਵੀ ਤੁੰਗਵਾਲੀ ਵਿਖੇ ਆ ਕੇ ਰਹਿਣ ਲੱਗ ਪਿਆ ਸੀ।"

ਸੁਖਵਿੰਦਰ ਸਿੰਘ ਦੱਸਦੇ ਹਨ ਕਿ ਸਾਲ 2019 ਵਿਚ ਜਗਮੀਤ ਸਿੰਘ ਤੇ ਬੇਅੰਤ ਕੌਰ ਨੇ ਕੋਰਟ ਵਿਚ ਆਪਣੀ ਮੈਰਿਜ ਰਜਿਸਟਰਡ ਕਰਵਾ ਲਈ ਸੀ ਪਰ ਇਸ ਦੀ ਭਣਕ ਬਾਅਦ ਵਿਚ ਪਰਿਵਾਰ ਵਾਲਿਆਂ ਨੂੰ ਲੱਗੀ ਸੀ।

ਉਨ੍ਹਾਂ ਮੁਤਾਬਕ, "ਇਸ ਤੋਂ ਬਾਅਦ ਜਗਮੀਤ ਸਿੰਘ ਪਿੰਡ ਤੁੰਗਵਾਲੀ ਤੋਂ ਬਠਿੰਡਾ ਸ਼ਿਫਟ ਹੋ ਗਿਆ ਸੀ ਪਰ ਬੇਅੰਤ ਕੌਰ ਆਪਣੇ ਪੇਕੇ ਘਰ ਹੀ ਰਹਿੰਦੀ ਰਹੀ ਸੀ।"

"ਫਿਰ ਅਚਾਨਕ ਵਿਆਹ ਤੋਂ ਐਨੇ ਸਾਲਾਂ ਬਾਅਦ ਇਹ ਭਾਣਾ ਕਿਵੇਂ ਵਰਤ ਗਿਆ, ਇਸ ਬਾਰੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ।"

ਮ੍ਰਿਤਕਾ ਦਾ ਭਰਾ ਗ੍ਰਿਫ਼ਤਾਰ

ਜ਼ਿਲ੍ਹਾ ਬਠਿੰਡਾ ਦੇ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਜਗਮੀਤ ਸਿੰਘ 3 ਦਸੰਬਰ ਨੂੰ ਆਪਣੀ ਪਤਨੀ ਨੂੰ ਮਿਲਣ ਲਈ ਪਿੰਡ ਤੁੰਗਵਾਲੀ ਦਸਮੇਸ਼ ਨਗਰ ਗਿਆ ਸੀ, ਜਿੱਥੇ ਉਸ ਨੂੰ ਤੇ ਉਸ ਦੀ ਪਤਨੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।

ਐੱਸਐੱਸਪੀ ਮੁਤਾਬਕ ਕੁੜੀ ਨੂੰ ਉਸ ਦੇ ਮਾਪਿਆਂ ਨੇ ਸਮਝਾਇਆ ਸੀ ਕਿ ਘਰ ਵਿਚ ਹਾਲੇ ਉਸ ਦੀ ਛੋਟੀ ਭੈਣ ਦਾ ਵਿਆਹ ਕਰਨਾ ਹੈ, ਇਸ ਲਈ ਉਹ ਆਪਣੇ ਪਤੀ ਨਾਲ ਨਾ ਜਾਵੇ।

ਐੱਸਐੱਸਪੀ ਕਹਿੰਦੇ ਹਨ, "ਇਹ ਗੱਲ ਮੰਨ ਕੇ ਕੁੜੀ ਆਪਣੇ ਪੇਕੇ ਘਰ ਹੀ ਰਹਿ ਰਹੀ ਸੀ ਪਰ ਹੌਲਦਾਰ ਜਗਮੀਤ ਸਿੰਘ ਆਪਣੀ ਪਤਨੀ ਨੂੰ ਮਿਲਣ ਲਈ ਜਾਂਦਾ ਰਹਿੰਦਾ ਸੀ। ਇਸ ਗੱਲ ਨੂੰ ਲੈ ਕੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਕਈ ਵਾਰ ਰੋਕਿਆ ਵੀ ਸੀ।"

ਉਨਾਂ ਦੱਸਿਆ, "ਕੁੜੀ ਦਾ ਭਰਾ ਬਲਕਰਨ ਸਿੰਘ ਪਿੰਡ ਵਿਚ ਆਰਐੱਮਪੀ ਡਾਕਟਰ ਵਜੋਂ ਕੰਮ ਕਰਦਾ ਸੀ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਮ੍ਰਿਤਕ ਕੁੜੀ ਦੇ ਚਾਚਾ ਕਿਰਪਾਲ ਸਿੰਘ ਨੂੰ ਵੀ ਕਾਬੂ ਕੀਤਾ ਗਿਆ ਹੈ ਜਦਕਿ ਇਸ ਮਾਮਲੇ ਵਿਚ ਨਾਮਜ਼ਦ ਇੱਕ ਜਣਾ ਹਾਲੇ ਫਰਾਰ ਹੈ।"

ਘਟਨਾ ਵਾਲੇ ਦਿਨ ਪੁਲਿਸ ਮੁਲਾਜ਼ਮ ਜਗਮੀਤ ਸਿੰਘ ਰਾਤ ਸਮੇਂ ਆਪਣੀ ਕਾਰ 'ਤੇ ਪਿੰਡ ਤੁੰਗਵਾਲੀ ਆਪਣੀ ਪਤਨੀ ਦੇ ਘਰ ਗਿਆ ਸੀ।

ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਜਦੋਂ ਕੁੜੀ ਦੇ ਭਰਾ, ਚਾਚੇ ਤੇ ਚਾਚੇ ਦੇ ਮੁੰਡੇ ਨੇ ਜਗਮੀਤ ਦੀ ਕਾਰ ਨੂੰ ਘੇਰ ਲਿਆ ਤੇ ਉਸ ਉੱਪਰ ਹਮਲਾ ਕਰ ਦਿੱਤਾ।

"ਇਸ ਸਮੇਂ ਪਏ ਰੌਲੇ-ਰੱਪੇ ਦੌਰਾਨ ਜਗਮੀਤ ਸਿੰਘ ਦੀ ਪਤਨੀ ਉਸ ਨੂੰ ਬਚਾਉਣ ਲਈ ਘਰ ਤੋਂ ਬਾਹਰ ਆ ਗਈ ਤੇ ਹਮਲਾਵਰਾਂ ਨੇ ਉਸ ਨੂੰ ਵੀ ਕਤਲ ਕਰ ਦਿੱਤਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)