You’re viewing a text-only version of this website that uses less data. View the main version of the website including all images and videos.
‘ਅਣਖ’ ਖਾਤਰ ਕੁੜੀ ਦਾ ਕਤਲ ਹੋਇਆ, ਲਾਸ਼ ਨੂੰ ਮੋਟਰਸਾਈਕਲ ਨਾਲ ਬੰਨ ਕੇ ਘੜੀਸਿਆ ਗਿਆ, ਪੂਰਾ ਮਾਮਲਾ ਜਾਣੋ
ਅੰਮ੍ਰਿਤਸਰ ਵਿੱਚ ਇੱਕ ਨਿਹੰਗ ਸਿੰਘ ਵੱਲੋਂ ਕਥਿਤ ਤੌਰ ‘ਤੇ ਆਪਣੀ ਜਵਾਨ ਧੀ ਨੂੰ ਬੇਰਹਿਮੀ ਨਾਲ ਕਤਲ ਕਰਕੇ ਮੋਟਰਸਾਈਕਲ ਪਿੱਛੇ ਬੰਨ੍ਹ ਕੇ ਘੜੀਸਣ ਦਾ ਮਾਮਲਾ ਸਾਹਮਣੇ ਆਇਆ ਹੈ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਅਨੁਸਾਰ ਇਹ ਦਿਲ ਦਹਿਲਾਉਣ ਵਾਲੀ ਘਟਨਾ ਅੰਮ੍ਰਿਤਸਰ ਜ਼ਿਲ੍ਹੇ ਦੇ ਮੁੱਛਲ ਪਿੰਡ ਵਿੱਚ ਵੀਰਵਾਰ ਨੂੰ ਦੁਪਹਿਰ ਵੇਲੇ ਵਾਪਰੀ ਸੀ।
ਮੁੱਛਲ ਪਿੰਡ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਕਸਬੇ ਦੇ ਨੇੜੇ ਪੈਂਦਾ ਹੈ।
ਪੁਲਿਸ ਨੇ ਮੁਲਜ਼ਮ ਨਿਹੰਗ ਸਿੰਘ ਨੂੰ ਕਤਲ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਵੀ ਕਰ ਲਿਆ ਹੈ। ਨਿਹੰਗ ਸਿੰਘ ਦੀ ਪਛਾਣ ਦਲਬੀਰ ਸਿੰਘ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਮ੍ਰਿਤਕ ਕੁੜੀ ਬਿਨਾਂ ਦੱਸੇ ਘਰੋਂ ਚਲੀ ਗਈ ਸੀ ਜਦੋਂ ਉਹ ਘਰ ਵਾਪਸ ਆਈ ਤਾਂ ਪਿਤਾ ਨੇ ਗੁੱਸੇ ਵਿੱਚ ਆ ਕੇ ਉਸ ਦਾ ਕਤਲ ਕਰ ਦਿੱਤਾ।
ਪੁਲਿਸ ਨੇ ਦੱਸਿਆ ਕਿ ਕਿਰਪਾਨ ਨਾਲ ਵਾਰ ਕਰਕੇ ਕਤਲ ਕਰਨ ਤੋਂ ਬਾਅਦ ਕੁੜੀ ਦੇ ਪਿਤਾ ਨੇ ਉਸ ਦੀ ਲਾਸ਼ ਨੂੰ ਆਪਣੇ ਘਰ ਤੋਂ ਥੋੜ੍ਹੀ ਹੀ ਦੂਰ ਰੇਲਵੇ ਲਾਈਨਾਂ ‘ਤੇ ਸੁੱਟ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਦੀ ਹਿਰਾਸਤ ਵਿੱਚ ਮੁਲਜ਼ਮ ਦਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਬੋਲਦਿਆਂ ਕਿਹਾ, “ਮੈਨੂੰ ਕਤਲ ਦਾ ਕੋਈ ਪਛਤਾਵਾ ਨਹੀਂ ਹੈ।”
ਇਹ ਵੀ ਪੜ੍ਹੋ:
ਸੀਸੀਟੀਵੀ ਵਿੱਚ ਘਟਨਾ ਰਿਕਾਰਡ ਹੋਈ
ਮੁੱਛਲ ਪਿੰਡ ਤਰਸਿੱਕਾ ਥਾਣੇ ਦੇ ਅਧੀਨ ਆਉਂਦਾ ਹੈ। ਥਾਣਾ ਇੰਚਾਰਜ, ਏਐਸਆਈ ਅਵਤਾਰ ਸਿੰਘ ਨੇ ਦੱਸਿਆ, “ਵੀਰਵਾਰ ਸਾਨੂੰ ਇਹ ਜਾਣਕਾਰੀ ਮਿਲੀ ਕਿ ਪਿੰਡ ਮੁੱਛਲ ਦੇ ਰਹਿਣ ਵਾਲੇ ਇੱਕ ਨਿਹੰਗ ਸਿੰਘ ਨੇ ਆਪਣੀ ਧੀ ਦਾ ਪਹਿਲਾਂ ਤਲਵਾਰ ਨਾਲ ਕਤਲ ਕੀਤਾ, ਫਿਰ ਉਸ ਨੂੰ ਮੋਟਰਸਾਈਕਲ ਪਿੱਛੇ ਬੰਨ੍ਹ ਕੇ ਘੜੀਸਿਆ।”
ਉਨ੍ਹਾਂ ਦੱਸਿਆ ਕਿ ਮੁਲਜ਼ਮ ਪਿੰਡ ਦੇ ਨਜ਼ਨੀਕ ਇੱਕ ਰੇਲਵੇ ਫਾਟਕ ਤੱਕ ਮੋਟਰਸਾਈਕਲ ਨਾਲ ਕੁੜੀ ਨੂੰ ਘੜੀਸਦਾ ਹੋਇਆ ਲੈ ਗਿਆ ਅਤੇ ਰੇਲਵੇ ਲਾਈਨਾਂ ਉੱਤੇ ਉਸ ਨੂੰ ਸੁੱਟ ਦਿੱਤਾ।
“ਇਸ ਤੋਂ ਬਾਅਦ ਅਸੀਂ ਘਟਨਾ ਵਾਲੀ ਥਾਂ ‘ਤੇ ਗਏ ਜਿੱਥੇ ਦੇਖਿਆ ਕਿ ਕੁੜੀ ਦੀ ਲਾਸ਼ ਬੁਰੀ ਹਾਲਤ ਵਿੱਚ ਸੀ। ਕੁੜੀ ਦੇ ਪਿਤਾ ਨੂੰ ਗ੍ਰਿੁਫ਼ਤਾਰ ਕਰ ਲਿਆ ਗਿਆ ਹੈ।”
ਥਾਣਾ ਇੰਚਾਰਜ ਨੇ ਅੱਗੇ ਦੱਸਿਆ, "ਹੁਣ ਤੱਕ ਸਾਡੀ ਤਫ਼ਤੀਸ਼ ਵਿੱਚ ਇਹ ਸਾਹਮਣੇ ਆਇਆ ਹੈ ਕਿ ਇੱਕ ਦਿਨ ਪਹਿਲਾਂ ਕੁੜੀ ਘਰ ਤੋਂ ਬਿਨਾਂ ਦੱਸੇ ਕਿਤੇ ਚਲੀ ਗਈ ਸੀ। ਵੀਰਵਾਰ ਜਦੋਂ ਦੁਪਹਿਰ 2:15 ਦੇ ਕਰੀਬ ਉਹ ਘਰ ਵਾਪਸ ਆਈ ਤਾਂ ਪਿੳ-ਧੀ ਦੇ ਵਿੱਚ ਤਕਰਾਰ ਹੋ ਗਿਆ।”
ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਘਰ ਤੋਂ ਬਾਹਰ ਜਾ ਕੇ ਕੁੜੀ ਨੂੰ ਕਿਰਪਾਨ ਨਾਲ ਵੱਢ ਦਿੱਤਾ ਅਤੇ ਉਸ ਤੋਂ ਬਾਅਦ ਕੁੜੀ ਦੇ ਪੈਰ ਬੰਨ੍ਹ ਕੇ ਮੋਟਰਸਾਈਕਲ ਦੇ ਪਿੱਛੇ ਘੜੀਸਦਾ ਹੋਇਆ ਫਾਟਕ ਤੱਕ ਲੈ ਗਿਆ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਵੱਲੋਂ ਮੋਟਰਸਾਈਕਲ ਪਿੱਛੇ ਕੁੜੀ ਨੂੰ ਘੜੀਸਦਿਆਂ ਦੀ ਰਿਕਾਰਡਿੰਗ ਸੀਸੀਟੀਵੀ ਵਿੱਚ ਵੀ ਕੈਦ ਹੋਈ ਹੈ, ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ।
"ਅਣਖ ਕਾਰਨ ਪਿਤਾ ਨੇ ਕੀਤਾ ਕਤਲ"
ਖਬਰ ਏਜੰਸੀ ਏਐਨਆਈ ਨੂੰ ਕੁੜੀ ਦੀ ਮਾਂ ਨੇ ਦੱਸਿਆ, “ਕੁੜੀ ਤਕਰੀਬਨ 2-3 ਦਿਨ ਪਹਿਲਾਂ ਘਰ ਛੱਡ ਕੇ ਚਲੀ ਗਈ ਸੀ ਤੇ ਅਸੀਂ ਉਸ ਦੀ ਭਾਲ ਕਰਦੇ ਰਹੇ ਅਤੇ ਵੀਰਵਾਰ ਦੁਪਹਿਰ ਨੂੰ ਉਹ ਆਪਣੇ ਆਪ ਘਰ ਵਾਪਸ ਆ ਗਈ।”
ਉੁਨ੍ਹਾਂ ਦੱਸਿਆ “ਜਦੋਂ ਉਹ ਘਰ ਪਰਤੀ ਤਾਂ ਉਸ ਦੇ ਪਿਤਾ ਨੇ ਉਸ ਨੂੰ ਆਉਂਦੀ ਨੂੰ ਦੇਖਿਆ ਤੇ ਗੁੱਸੇ ਵਿੱਚ ਆ ਕੇ ਇਹ ਕਾਰਾ ਕੀਤਾ, ਉਸ ਨੇ ਸਾਨੂੰ ਕੁੜੀ ਤੱਕ ਪਹੁੰਚਣ ਵੀ ਨਹੀਂ ਦਿੱਤਾ।”
ਉਨਾਂ ਕਿਹਾ, “ਪਿਤਾ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ ਪਰ ਇਹ ਉਨ੍ਹਾਂ (ਪਿਤਾ) ਨੂੰ ਹੀ ਪਤਾ ਹੈ ਕਿ ਕੀ ਕੀਤਾ ਅਤੇ ਕਿਉਂ ਕੀਤਾ, ਉਨ੍ਹਾਂ ਇਹ ਸਭ ਸਾਨੂੰ ਬਿਨਾਂ ਦੱਸੇ ਕੀਤਾ ਅਤੇ ਸਾਨੂੰ ਅੱਗੇ ਵੇਖਣ ਵੀ ਨਾ ਦਿੱਤਾ।”
ਕੁੜੀ ਦੇ ਦਾਦਾ ਜੋਗਿੰਦਰ ਸਿੰਘ ਨੇ ਬੀਬੀਸੀ ਨੂੰ ਦੱਸਿਆ, “ਜਦੋਂ ਉਹ ਘਰ ਆਈ ਤਾਂ ਉਸ ਦੇ ਪਿਤਾ ਨੇ ਕਿਹਾ ਕਿ…ਜੇ ਤੂੰ ਚਲੀ ਹੀ ਗਈ ਸੀ ਤਾਂ ਫੇਰ ਤੂੰ ਆਈ ਕਿਉਂ ? ਤੂੰ ਨਿਕਲ ਜਾ ਬਾਹਰ।”
ਉਨ੍ਹਾਂ ਦੱਸਿਆ ਕਿ ਉਸ ਦੇ ਪਿਤਾ ਕੋਲ ਕਿਰਪਾਨ ਸੀ ਜਿਸ ਨਾਲ ਵਾਰ ਕਰਕੇ ਉਸ ਨੇ ਕੁੜੀ ਨੂੰ ਮਾਰ ਦਿੱਤਾ।
ਰੇਲਵੇ ਮੁਲਾਜ਼ਮ ਨੇ ਦੱਸਿਆ ਅੱਖੀਂ ਡਿੱਠਾ ਹਾਲ
ਰੇਲਵੇ ਫਾਟਕ ‘ਤੇ ਤਾਇਨਾਤ ਮੁਲਾਜ਼ਮ ਕੁਲਦੀਪ ਸਿੰਘ ਨੇ ਬੀਬੀਸੀ ਨੂੰ ਅੱਖੀਂ ਡਿੱਠਾ ਹਾਲ ਦੱਸਿਆ, “ਇਹ 10 ਅਗਸਤ ਨੂੰ ਦੁਪਹਿਰੇ ਤਕਰੀਬਨ ਢਾਈ ਵਜੇ ਦੀ ਗੱਲ ਹੈ, ਮੈਂ ਗੇਟ ਕੋਲ ਬੈਠਾ ਬਾਹਰ ਦੇਖ ਰਿਹਾ ਸੀ ਤੇ ਮੈਨੂੰ ਇੰਝ ਲੱਗਿਆ ਕਿ ਰੇਲਵੇ ਲਾਈਨਾਂ ਉੱਤੇ ਕੋਈ ਜਨਾਨੀ ਡਿੱਗੀ ਪਈ ਹੈ।”
“ਜਦੋਂ ਮੈਂ ਬਾਹਰ ਜਾ ਕੇ ਵੇਖਿਆ ਤਾਂ ਹੋਰ ਲੋਕ ਵੀ ਆ ਗਏ, ਉਥੇ ਵੇਖਿਆ ਕਿ ਕੁੜੀ ਬਿਲਕੁਲ ਰੇਲਵੇ ਪੱਟੜੀ ਦੇ ਵਿਚਕਾਰ ਡਿੱਗੀ ਹੈ।”
ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਚਲਾਉਣ ਵਾਲਾ ਨਿਹੰਗ ਸਿੰਘ ਦੇ ਬਾਣੇ ਵਿੱਚ ਸੀ, ਉਸ ਨੇ ਕੁੜੀ ਨੂੰ ਸੁੱਟ ਕੇ ਮੋਟਰਸਾਈਕਲ ਪਿੱਛੇ ਮੋੜ ਲਿਆ।
ਉਨ੍ਹਾਂ ਕਿਹਾ, “ਮੈਨੂੰ ਲੱਗਿਆ ਕਿ ਕੁੜੀ ਮੋਟਰਸਾਈਕਲ ਤੋਂ ਡਿੱਗ ਪਈ ਹੈ ‘ਤੇ ਕੋਈ ਕੱਪੜਾ ਮੋਟਰਸਾਈਕਲ ਨਾਲ ਫਸਿਆ ਹੋਇਆ ਹੈ, ਨਿਹੰਗ ਸਿੰਘ ਨੇ ਜਦੋਂ ਕੁੜੀ ਨਾਲ ਬੰਨ੍ਹਿਆ ਹੋਇਆ ਪਰਨਾ ਆਪਣੀ ਕਿਰਪਾਨ ਨਾਲ ਕੱਟਿਆ, ਤਾਂ ਮੈਂ ਉਸ ਨੂੰ ਰੋਕਿਆ, ਪਰ ਉਹ ਚਲਾ ਗਿਆ।”
ਉਸ ਤੋਂ ਬਾਅਦ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਕੁੜੀ ਮਰੀ ਹੋਈ ਹੈ ਜਿਸ ਮਗਰੋਂ ਲਾਸ਼ ਨੂੰ ਰੇਲਵੇ ਅਧਿਕਾਰੀਆਂ ਵੱਲੋਂ ਪੱਟੜੀ ਤੋਂ ਹਟਾਇਆ ਗਿਆ, ਫਿਰ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ।
ਪੁਲਿਸ ਨੂੰ ਮਿਲਿਆ ਇੱਕ ਦਿਨ ਦਾ ਰਿਮਾਂਡ
ਤਰਸਿੱਕਾ ਥਾਣਾ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਸ਼ੁੱਕਰਵਾਰ ਨੂੰ ਬਾਬਾ ਬਕਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਅਦਾਲਤ ਵੱਲੋਂ ਮੁਲਜ਼ਮ ਨੂੰ ਇੱਕ ਦਿਨ ਲਈ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਜਾਰੀ ਹੈ ਅਤੇ ਪੁਲਿਸ ਸੁਰੱਖਿਆ ਵਿੱਚ ਹੀ ਮ੍ਰਿਤਕ ਕੁੜੀ ਦਾ ਅੰਤਿਮ ਸੰਸਕਾਰ ਕਰਵਾਇਆ ਜਾਵੇਗਾ।