ਟਰੰਪ ਨੂੰ ਨੋਬਲ ਪੁਰਸਕਾਰ ਦੇਣ ਦੀ ਚਰਚਾ ਵਿਚਾਲੇ ਉਨ੍ਹਾਂ 6 ਹਸਤੀਆਂ ਬਾਰੇ ਜਾਣੋ ਜਿਨ੍ਹਾਂ ਨੂੰ ਨੋਬਲ ਪੁਰਸਕਾਰ ਮਿਲਣ 'ਤੇ ਸਵਾਲ ਖੜ੍ਹੇ ਹੋਏ

ਇਜ਼ਰਾਇਲੀ ਪੀਐੱਮ ਬੇਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਉਨ੍ਹਾਂ ਨੇ ਨੋਬਲ ਪੁਰਸਕਾਰ ਦੇਣ ਵਾਲੀ ਕਮੇਟੀ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਇਸ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਨਾਮ ਦੀ ਪੇਸ਼ਕਸ਼ ਕੀਤੀ ਹੈ।

ਉਨ੍ਹਾਂ ਲਿਖਿਆ ਹੈ,"ਉਹ ਇੱਕ ਦੇਸ਼ ਵਿੱਚ ਅਤੇ ਇੱਕ ਤੋਂ ਬਾਅਦ ਇੱਕ ਖੇਤਰ ਵਿੱਚ ਸ਼ਾਂਤੀ ਸਥਾਪਿਤ ਕਰ ਰਹੇ ਹਨ।"

ਇਸ ਮੁਲਾਂਕਣ ਵਿੱਚ ਨੇਤਨਯਾਹੂ ਇਕੱਲੇ ਨਹੀਂ ਹਨ। ਜੂਨ ਮਹੀਨੇ ਪਾਕਿਸਤਾਨ ਨੇ ਵੀ ਐਲਾਨ ਕੀਤਾ ਸੀ ਕਿ ਉਹ ਟਰੰਪ ਨੂੰ ਇਸ ਪੁਰਸਕਾਰ ਲਈ ਨਾਮਜ਼ਦ ਕਰਨ ਦੀ ਯੋਜਨਾ ਵੀ ਬਣਾ ਰਿਹਾ ਹੈ।

ਇਸਲਾਮਾਬਾਦ ਨੇ ਇਸ ਪਿੱਛੇ ਮਈ ਮਹੀਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਦੀ ਗੱਲਬਾਤ ਵਿੱਚ ਨਿਭਾਈ ਗਈ ਟਰੰਪ ਦੀ ਭੂਮਿਕਾ ਦਾ ਹਵਾਲਾ ਦਿੱਤਾ ਸੀ।

ਪਾਕਿਸਤਾਨ ਦੇ ਇਸ ਐਲਾਨ ਤੋਂ ਇੱਕ ਦਿਨ ਬਾਅਦ ਹੀ ਅਮਰੀਕਾ ਵੱਲੋਂ ਗੁਆਂਢੀ ਦੇਸ਼ ਈਰਾਨ ਵਿੱਚ ਪਰਮਾਣੂ ਥਾਵਾਂ 'ਤੇ ਬੰਬਾਰੀ ਕਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸਦੀ ਤੇਜ਼ੀ ਨਾਲ ਆਲੋਚਨਾ ਹੋਣ ਲੱਗੀ।

ਦੁਨੀਆ ਦੇ ਸਭ ਤੋਂ ਵੱਕਾਰੀ ਪੁਰਸਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਨੋਬਲ ਸ਼ਾਂਤੀ ਪੁਰਸਕਾਰ ਮਰਹੂਮ ਸਵੀਡਿਸ਼ ਵਿਗਿਆਨੀ, ਕਾਰੋਬਾਰੀ ਅਤੇ ਪਰਉਪਕਾਰੀ ਅਲਫ੍ਰੇਡ ਨੋਬਲ ਵੱਲੋਂ ਬਣਾਏ ਗਏ ਛੇ ਪੁਰਸਕਾਰਾਂ ਵਿੱਚੋਂ ਇੱਕ ਹੈ।

ਜੇਤੂਆਂ ਦੀ ਚੋਣ ਨਾਰਵੇਈ ਸੰਸਦ ਵੱਲੋਂ ਕੀਤੀ ਗਈ ਪੰਜ ਲੋਕਾਂ ਦੀ ਕਮੇਟੀ ਕਰਦੀ ਹੈ।

ਟਰੰਪ ਦੇ ਪੁਰਸਕਾਰ ਲਈ ਚੁਣੇ ਜਾਣ ਤੋਂ ਪਹਿਲਾਂ ਹੀ ਇਸ ਸੁਝਾਅ ਦੀ ਅਲੋਚਣਾ ਸ਼ੁਰੂ ਹੋ ਗਈ ਹੈ।

ਅਸਲ ਵਿੱਚ ਤਾਂ ਸ਼ਾਂਤੀ ਖੇਤਰ ਵਿੱਚ ਲਈ ਦਿੱਤਾ ਜਾਣ ਵਾਲਾ ਇਹ ਪੁਰਸਕਾਰ, ਬਾਕੀ ਪੰਜ ਖੇਤਰਾਂ ਦੇ ਮੁਕਾਬਲੇ ਜ਼ਿਆਦਾ ਵਿਵਾਦਾਂ ਵਿੱਚ ਘਿਰਿਆ ਰਹਿੰਦਾ ਹੈ।

ਇਸ ਰਿਪੋਰਟ ਵਿੱਚ ਆਪਾਂ ਛੇ ਸਭ ਤੋਂ ਵਿਵਾਦਿਤ ਮਾਮਲਿਆਂ ਦੀ ਗੱਲ ਕਰਾਂਗੇ।

ਬਰਾਕ ਓਬਾਮਾ

ਬਹੁਤ ਸਾਰੇ ਲੋਕ ਹੈਰਾਨ ਰਹਿ ਗਏ ਸਨ ਜਦੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ 2009 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ, ਇੱਥੋਂ ਤੱਕ ਕਿ ਉਹ ਖ਼ੁਦ ਵੀ ਹੈਰਾਨ ਸਨ।

ਓਬਾਮਾ ਨੇ ਆਪਣੀ 2020 ਵਿੱਚ ਲਿਖੀ ਕਿਤਾਬ ਵਿੱਚ ਵੀ ਲਿਖਿਆ ਸੀ ਕਿ ਇਸ ਐਲਾਨ ਪ੍ਰਤੀ ਉਨ੍ਹਾਂ ਦੀ ਪਹਿਲੀ ਪ੍ਰਤੀਕਿਰਿਆ ਇਹ ਪੁੱਛਣਾ ਸੀ, "ਕਿਸ ਲਈ?"

ਯਾਨੀ ਉਨ੍ਹਾਂ ਪੁੱਛਿਆ ਕਿ ਉਨ੍ਹਾਂ ਨੂੰ ਇਹ ਪੁਰਸਕਾਰ ਕਿਸ ਖੇਤਰ ਵਿੱਚ ਦਿੱਤਾ ਜਾ ਰਿਹਾ ਹੈ।

ਜਦੋਂ ਇਹ ਐਲਾਨ ਹੋਇਆ ਉਸ ਸਮੇਂ ਤੱਕ ਉਹ ਮਹਿਜ਼ ਨੌਂ ਮਹੀਨੇ ਹੀ ਅਹੁਦੇ 'ਤੇ ਰਹੇ ਸਨ ਅਤੇ ਆਲੋਚਕਾਂ ਨੇ ਇਸ ਫ਼ੈਸਲੇ ਨੂੰ ਸਮੇਂ ਤੋਂ ਪਹਿਲਾਂ ਲਿਆ ਗਿਆ ਫ਼ੈਸਲਾ ਦੱਸਿਆ ਸੀ।

ਦਰਅਸਲ, ਨਾਮਜ਼ਦਗੀਆਂ ਜਮ੍ਹਾ ਕਰਨ ਦੀ ਆਖਰੀ ਮਿਤੀ ਓਬਾਮਾ ਦੇ ਸਹੁੰ ਚੁੱਕਣ ਤੋਂ ਸਿਰਫ਼ 12 ਦਿਨ ਬਾਅਦ ਹੀ ਖ਼ਤਮ ਹੋ ਗਈ ਸੀ।

2015 ਵਿੱਚ, ਨੋਬਲ ਇੰਸਟੀਚਿਊਟ ਦੇ ਸਾਬਕਾ ਡਾਇਰੈਕਟਰ ਗੀਅਰ ਲੁੰਡੇਸਟੈਡ ਨੇ ਬੀਬੀਸੀ ਨੂੰ ਸੁਝਾਅ ਦਿੱਤਾ ਕਿ ਪੁਰਸਕਾਰ ਦਾ ਫ਼ੈਸਲਾ ਕਰਨ ਵਾਲੀ ਕਮੇਟੀ ਨੂੰ ਆਪਣੇ ਫ਼ੈਸਲੇ 'ਤੇ ਪਛਤਾਵਾ ਹੈ।

ਰਾਸ਼ਟਰਪਤੀ ਓਬਾਮਾ ਦੇ ਦੋ ਕਾਰਜਕਾਲਾਂ ਦੌਰਾਨ ਅਮਰੀਕੀ ਫ਼ੌਜਾਂ ਅਫਗਾਨਿਸਤਾਨ, ਇਰਾਕ ਅਤੇ ਸੀਰੀਆ ਵਿੱਚ ਜੰਗ ਵਿੱਚ ਸ਼ਾਮਲ ਸਨ।

ਯਾਸਰ ਅਰਾਫ਼ਾਤ

ਮਰਹੂਮ ਫ਼ਲਸਤੀਨੀ ਆਗੂ ਯਾਸਰ ਅਰਾਫ਼ਾਤ ਨੂੰ 1994 ਵਿੱਚ ਓਸਲੋ ਸ਼ਾਂਤੀ ਸਮਝੌਤੇ 'ਤੇ ਉਨ੍ਹਾਂ ਦੇ ਕੰਮ ਲਈ ਤਤਕਾਲੀ ਇਜ਼ਰਾਇਲੀ ਪ੍ਰਧਾਨ ਮੰਤਰੀ ਯਿਤਜ਼ਾਕ ਰਾਬਿਨ ਅਤੇ ਇਜ਼ਰਾਇਲੀ ਵਿਦੇਸ਼ ਮੰਤਰੀ ਸ਼ਿਮੋਨ ਪੇਰੇਸ ਦੇ ਨਾਲ ਇਹ ਇਨਾਮ ਦਿੱਤਾ ਗਿਆ ਸੀ।

ਯਾਸਰ ਅਰਾਫ਼ਾਤ ਨੇ 1990 ਦੇ ਦਹਾਕੇ ਵਿੱਚ ਇਜ਼ਰਾਇਲੀ-ਫ਼ਲਸਤੀਨੀ ਸੰਘਰਸ਼ ਦੇ ਹੱਲ ਦੀ ਉਮੀਦ ਦੀ ਪੇਸ਼ਕਸ਼ ਕੀਤੀ ਸੀ।

ਯਾਸਰ ਅਰਾਫਾਤ, ਪਹਿਲਾਂ ਅਰਧ ਸੈਨਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ। ਇਸ ਲਈ ਉਨ੍ਹਾਂ ਨੂੰ ਇਨਾਮ ਦੇਣ ਦੇ ਫ਼ੈਸਲੇ ਦੀ ਇਜ਼ਰਾਇਲ ਅਤੇ ਇਸ ਤੋਂ ਬਾਹਰ ਸਖ਼ਤ ਆਲੋਚਨਾ ਹੋਈ।

ਦਰਅਸਲ, ਅਰਾਫਾਤ ਦੀ ਨਾਮਜ਼ਦਗੀ ਨੇ ਨੋਬਲ ਕਮੇਟੀ ਦੇ ਅੰਦਰ ਹੀ ਹਲਚਲ ਮਚਾ ਦਿੱਤੀ।

ਕਮੇਟੀ ਦੇ ਇੱਕ ਮੈਂਬਰ, ਨਾਰਵੇਈ ਸਿਆਸਤਦਾਨ ਕੇਰ ਕ੍ਰਿਸਟੀਅਨਸਨ ਨੇ ਅਰਾਫਾਤ ਨੂੰ ਸ਼ਾਂਤੀ ਪੁਰਸਕਾਰ ਦਿੱਤੇ ਜਾਣ ਦੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ ਸੀ।

ਹੈਨਰੀ ਕਿਸਿੰਗਰ

1973 ਵਿੱਚ ਸਾਂਤੀ ਪੁਰਸਕਾਰ, ਉਸ ਸਮੇਂ ਦੇ ਅਮਰੀਕੀ ਵਿਦੇਸ਼ ਮੰਤਰੀ ਹੈਨਰੀ ਕਿਸਿੰਗਰ ਨੂੰ ਦਿੱਤਾ ਗਿਆ ਸੀ।

ਪੁਰਸਕਾਰ ਦੇ ਇਸ ਫ਼ੈਸਲੇ ਦੀ ਅਲੋਚਣਾ ਹੋਈ ਕਿਉਂਕਿ ਕਿਸਿੰਗਰ ਅਮਰੀਕੀ ਵਿਦੇਸ਼ ਨੀਤੀ ਦੇ ਕੁਝ ਸਭ ਤੋਂ ਵਿਵਾਦਪੂਰਨ ਫ਼ੈਸਲਿਆਂ ਜਿਵੇਂ ਕਿ ਕੰਬੋਡੀਆ ਵਿੱਚ ਗੁਪਤ ਬੰਬਾਰੀ ਮੁਹਿੰਮਾਂ ਅਤੇ ਦੱਖਣੀ ਅਮਰੀਕਾ ਵਿੱਚ ਕਾਤਲਾਨਾ ਫ਼ੌਜੀ ਸ਼ਾਸਨਾਂ ਦਾ ਸਮਰਥਨ ਕਰਨਾ ਵੀ ਸ਼ਾਮਲ ਸੀ।

ਕਿਸਿੰਗਰ ਨੂੰ ਵੀਅਤਨਾਮ ਜੰਗ ਵਿੱਚ ਜੰਗਬੰਦੀ ਦੀ ਗੱਲਬਾਤ ਵਿੱਚ ਭੂਮਿਕਾ ਲਈ ਉੱਤਰੀ ਵੀਅਤਨਾਮੀ ਆਗੂ ਲੇ ਡੁਕ ਥੋ ਨਾਲ ਸਾਂਝੇ ਤੌਰ 'ਤੇ ਇਨਾਮ ਦਿੱਤਾ ਗਿਆ ਸੀ।

ਨੋਬਲ ਪੁਰਸਕਾਰ ਕਮੇਟੀ ਦੇ ਦੋ ਮੈਂਬਰਾਂ ਨੇ ਇਸ ਫ਼ੈਸਲੇ ਦੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ ਸੀ। ਨਿਊਯਾਰਕ ਟਾਈਮਜ਼ ਨੇ ਇਸ ਖ਼ਬਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਪੁਰਸਕਾਰ ਨੂੰ 'ਨੋਬਲ ਜੰਗ ਪੁਰਸਕਾਰ' ਕਰਾਰ ਦਿੱਤਾ ਸੀ।

ਐਬੀ ਅਹਿਮਦ

2019 ਵਿੱਚ, ਇਥੋਪੀਆ ਦੇ ਪ੍ਰਧਾਨ ਮੰਤਰੀ ਨੂੰ ਗੁਆਂਢੀ ਦੇਸ਼ ਏਰੀਟਰੀਆ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਸਰਹੱਦੀ ਟਕਰਾਅ ਨੂੰ ਹੱਲ ਕਰਨ ਵਿੱਚ ਨਿਭਾਏ ਉਨ੍ਹਾਂ ਦੇ ਯਤਨਾਂ ਲਈ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਪਰ ਇੱਕ ਸਾਲ ਦੇ ਅੰਦਰ-ਅੰਦਰ ਹੀ ਸਵਾਲ ਖੜੇ ਹੋਣ ਲੱਗੇ ਕਿ ਕੀ ਇਹ ਸਹੀ ਫ਼ੈਸਲਾ ਸੀ।

ਕੌਮਾਂਤਰੀ ਭਾਈਚਾਰਾ ਅਬੀ ਅਹਿਮਦ ਵੱਲੋਂ ਟਿਗ੍ਰੇ ਦੇ ਉੱਤਰੀ ਖੇਤਰ ਵਿੱਚ ਫ਼ੌਜਾਂ ਦੀ ਤਾਇਨਾਤੀ ਦੀ ਆਲੋਚਨਾ ਕਰ ਰਿਹਾ ਸੀ।

ਇਸ ਨਾਲ ਇੱਕ ਘਰੇਲੂ ਯੁੱਧ ਸ਼ੁਰੂ ਹੋ ਗਿਆ ਜਿਸ ਵਿੱਚ ਲੱਖਾਂ ਲੋਕ ਭੋਜਨ, ਦਵਾਈ ਅਤੇ ਹੋਰ ਬੁਨਿਆਦੀ ਸੇਵਾਵਾਂ ਤੋਂ ਵਾਂਝੇ ਰਹਿ ਗਏ ਅਤੇ ਮੰਨਿਆ ਜਾਂਦਾ ਹੈ ਕਿ ਲੱਖਾਂ ਲੋਕ ਮਾਰੇ ਗਏ ਸਨ।

ਆਂਗ ਸਾਨ ਸੂ ਕੀ

ਬਰਮੀ ਸਿਆਸਤਦਾਨ ਨੂੰ 1991 ਵਿੱਚ ਮਿਆਂਮਾਰ ਵਿੱਚ ਫ਼ੌਜੀ ਸ਼ਾਸਨ ਵਿਰੁੱਧ ਆਪਣੇ ਅਹਿੰਸਕ ਸੰਘਰਸ਼ ਲਈ ਨੋਬਲ ਸ਼ਾਂਤੀ ਪੁਰਸਕਾਰ ਨਾਲ ਨਵਾਜ਼ਿਆ ਗਿਆ ਸੀ।

ਪਰ 20 ਸਾਲਾਂ ਤੋਂ ਵੱਧ ਸਮੇਂ ਬਾਅਦ, ਆਂਗ ਸਾਨ ਸੂ ਕੀ ਆਪਣੇ ਦੇਸ਼ ਵਿੱਚ ਮੁਸਲਿਮ ਰੋਹਿੰਗਿਆ ਲੋਕਾਂ ਦੇ ਸਮੂਹਿਕ ਕਤਲੇਆਮ ਅਤੇ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਜਿਸ ਨੂੰ ਸੰਯੁਕਤ ਰਾਸ਼ਟਰ ਨੇ 'ਨਸਲਕੁਸ਼ੀ' ਦੱਸਿਆ ਹੈ, ਵਿਰੁੱਧ ਬੋਲਣ ਵਿੱਚ ਅਸਫ਼ਲ ਰਹੇ ਸਨ। ਇਸ ਲਈ ਉਨ੍ਹਾਂ ਨੂੰ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਇੱਥੋਂ ਤੱਕ ਕਿ ਉਨ੍ਹਾਂ ਤੋਂ ਪੁਰਸਕਾਰ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ ਸੀ, ਪਰ ਛੇ ਨੋਬਲ ਪੁਰਸਕਾਰਾਂ ਨੂੰ ਨਿਯਮਤ ਕਰਨ ਵਾਲੇ ਨਿਯਮ ਅਜਿਹੇ ਕਦਮ ਦੀ ਇਜਾਜ਼ਤ ਨਹੀਂ ਦਿੰਦੇ।

ਵਾਂਗਰੀ ਮਾਥਾਈ

ਕੀਨੀਆ ਦੀ ਮਰਹੂਮ ਕਾਰਕੁਨ 2004 ਵਿੱਚ ਨੋਬਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਅਫ਼ਰੀਕੀ ਔਰਤ ਬਣੀ।

ਜੀਵ-ਵਿਗਿਆਨੀ ਨੇ ਇਹ ਇਨਾਮ ਆਪਣੇ ਗ੍ਰੀਨ ਬੈਲਟ ਮੂਵਮੈਂਟ ਲਈ ਜਿੱਤਿਆ ਸੀ। ਇਸ ਮੁਹਿੰਮ ਤਹਿਤ ਲੱਖਾਂ ਰੁੱਖ ਲਗਾਏ ਜਾਂਦੇ ਹਨ।

ਪਰ ਉਨ੍ਹਾਂ ਦੀ ਜਿੱਤ ਦੀ ਜਾਂਚ ਉਦੋਂ ਹੋਈ ਜਦੋਂ ਐੱਚਆਈਵੀ ਅਤੇ ਏਡਜ਼ ਬਾਰੇ ਉਨ੍ਹਾਂ ਦੀਆਂ ਟਿੱਪਣੀਆਂ ਸਾਹਮਣੇ ਆਈਆਂ।

ਮਾਥਾਈ ਨੇ ਸੁਝਾਅ ਦਿੱਤਾ ਕਿ ਐੱਚਆਈਵੀ ਵਾਇਰਸ ਨੂੰ ਨਕਲੀ ਤੌਰ 'ਤੇ ਇੱਕ ਜੈਵਿਕ ਹਥਿਆਰ ਵਜੋਂ ਬਣਾਇਆ ਗਿਆ ਸੀ, ਜੋ ਸਿਆਹਫ਼ਾਮ ਲੋਕਾਂ ਨੂੰ ਤਬਾਹ ਕਰਨ ਲਈ ਤਿਆਰ ਕੀਤਾ ਗਿਆ ਸੀ।

ਉਨ੍ਹਾਂ ਦੇ ਦਾਅਵੇ ਦਾ ਸਮਰਥਨ ਕਰਨ ਲਈ ਕੋਈ ਵਿਗਿਆਨਕ ਸਬੂਤ ਨਹੀਂ ਹੈ।

ਧਿਆਨ ਦੇਣ ਯੋਗ ਭੁੱਲ: ਖਾਲੀ ਹੱਥ ਗਾਂਧੀ

ਨੋਬਲ ਪੁਰਸਕਾਰ ਆਪਣੀਆਂ ਕੁਝ ਭੁੱਲਾਂ ਲਈ ਵੀ ਅਲੋਚਣਾ ਦਾ ਸਾਹਮਣਾ ਕਰਦਾ ਹੈ।

ਅਲੋਚਕਾਂ ਮੁਤਾਬਕ ਸ਼ਾਂਤੀ ਸ਼੍ਰੇਣੀ ਵਿੱਚ, ਸ਼ਾਇਦ ਸਭ ਤੋਂ ਸਪੱਸ਼ਟ ਭੁੱਲ ਮੋਹਨ ਦਾਸ ਕਰਮਚੰਦ ਗਾਂਧੀ ਨੂੰ ਪੁਰਸਤਾਰ ਨਾ ਦੇਣ ਦੀ ਹੈ। ਪੰਜ ਵਾਰ ਨਾਮਜ਼ਦ ਹੋਣ ਦੇ ਬਾਵਜੂਦ, 20ਵੀਂ ਸਦੀ ਵਿੱਚ ਸ਼ਾਂਤੀਵਾਦੀ ਲਹਿਰਾਂ ਦਾ ਪ੍ਰਤੀਕ ਬਣੇ ਇਸ ਭਾਰਤੀ ਸਿਆਸਤਦਾਨ ਨੂੰ ਕਦੇ ਵੀ ਇਹ ਪੁਰਸਕਾਰ ਨਹੀਂ ਮਿਲਿਆ।

2006 ਵਿੱਚ ਨਾਰਵੇਈ ਇਤਿਹਾਸਕਾਰ ਗੇਰ ਲੁੰਡੇਸਟਾਡ, ਜੋ ਉਸ ਸਮੇਂ ਸ਼ਾਂਤੀ ਪੁਰਸਕਾਰ ਜੇਤੂਆਂ ਦੀ ਚੋਣ ਕਰਨ ਵਾਲੀ ਕਮੇਟੀ ਦੇ ਪ੍ਰਧਾਨ ਸਨ ਨੇ ਕਿਹਾ ਸੀ ਕਿ ਗਾਂਧੀ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਨਾ ਦੇਣਾ ਨੋਬਲ ਇਤਿਹਾਸ ਵਿੱਚ ਸਭ ਤੋਂ ਵੱਡੀ ਭੁੱਲ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)