ਜਪਾਨੀ ਔਰਤਾਂ ਦੇ ਜਿਣਸੀ ਸ਼ੋਸ਼ਣ ਦੇ ਦਰਦਨਾਕ ਤਜਰਬੇ ਜਿਨ੍ਹਾਂ ਨੇ ਕਾਨੂੰਨ ਵਿੱਚ ਤਬਦੀਲੀ ਨੂੰ ਮਜਬੂਰ ਕੀਤਾ

- ਲੇਖਕ, ਸ਼ਾਇਮਾ ਖਲੀਲ ਦੁਆਰਾ
- ਰੋਲ, ਟੋਕੀਓ ਤੋਂ ਪੱਤਰਕਾਰ
ਰੀਨਾ ਗੋਨੋਈ ਦੇ ਦੋ ਸੁਪਨੇ ਸਨ.. ਇੱਕ ਸਿਪਾਹੀ ਬਣਨਾ ਅਤੇ ਦੂਜਾ, ਇੱਕ ਜੂਡੋ ਖਿਡਾਰੀ ਵਜੋਂ ਓਲੰਪਿਕ ਵਿੱਚ ਹਿੱਸਾ ਲੈਣਾ।
ਜਦੋਂ ਉਹ ਮਹਿਜ਼ 4 ਸਾਲਾਂ ਦੇ ਸਨ ਉਦੋਂ ਤੋਂ ਹੀ ਉਨ੍ਹਾਂ ਨੇ ਜੂਡੋ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੇ ਭਰਾ ਹੀ ਉਨ੍ਹਾਂ ਨੂੰ ਜੂਡੋ ਸਿਖਾਉਂਦੇ ਸਨ। ਜਦੋਂ ਰੀਨਾ ਨੇ ਪਹਿਲੀ ਵਾਰ ਸਿਪਾਹੀਆਂ ਨੂੰ ਕੋਈ ਕਾਰਵਾਈ ਕਰਦੇ ਦੇਖਿਆ ਸੀ, ਉਦੋਂ ਉਹ ਸਿਰਫ਼ 11 ਸਾਲ ਦੇ ਸਨ।
ਹਥਿਆਰਬੰਦ ਬਲਾਂ, ਜੋ ਕਿ ਜਪਾਨ ਵਿੱਚ ਸਵੈ-ਰੱਖਿਆ ਬਲਾਂ (ਐਸਡੀਐਫ) ਵਜੋਂ ਜਾਣੇ ਜਾਂਦੇ ਹਨ, ਨੇ 2011 ਦੇ ਭੂਚਾਲ ਅਤੇ ਸੁਨਾਮੀ ਦੀ ਤਬਾਹੀ ਤੋਂ ਬਾਅਦ ਇੱਕ ਨਿਕਾਸੀ ਕੇਂਦਰ ਵਿੱਚ ਗੋਨੋਈ ਅਤੇ ਉਨ੍ਹਾਂ ਦੇ ਪਰਿਵਾਰ ਦੀ ਮਦਦ ਕੀਤੀ ਸੀ।
23 ਸਾਲਾ ਗੋਨੋਈ, ਮਿਆਗੀ ਪ੍ਰੀਫੈਕਚਰ ਦੇ ਹਿਗਾਸ਼ੀ-ਮਾਤਸੁਸ਼ੀਮਾ ਦੇ ਰਹਿਣ ਵਾਲੇ ਹਨ। ਇਹ ਉਹ ਖੇਤਰ ਹੈ, ਜੋ ਉਸ ਤਬਾਹੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ।
ਗੋਨੋਈ ਕਹਿੰਦੇ ਹਨ ਕਿ ਸਹਾਇਤਾ ਕਰਮੀਆਂ ਵਿੱਚ ਮਹਿਲਾ ਸਿਪਾਹੀ ਵੀ ਸ਼ਾਮਲ ਸਨ। "ਉਨ੍ਹਾਂ ਨੇ ਸਾਨੂੰ ਖਾਣਾ ਦਿੱਤਾ ਅਤੇ ਇੱਕ ਰਸੋਈ ਚਲਾਈ ਜਿੱਥੇ ਸੂਪ ਤਿਆਰ ਕੀਤਾ ਜਾਂਦਾ ਸੀ।''
"ਉਹ ਅੱਗੇ-ਪਿੱਛੇ ਸਾਡੇ ਲਈ ਗਰਮ ਪਾਣੀ ਲਿਆ ਰਹੇ ਸਨ ਤਾਂ ਜੋ ਅਸੀਂ ਨਹਾ ਸਕੀਏ। ਮੈਂ ਉਨ੍ਹਾਂ ਵੱਲ ਦੇਖਿਆ ਅਤੇ ਸੋਚਿਆ, 'ਕਿੰਨਾ ਵਧੀਆ ਕੰਮ ਹੈ।' ਮੈਂ ਸੋਚਿਆ ਕਿ ਮੈਂ ਵੀ ਸਮਾਜ ਲਈ - ਲੋਕਾਂ ਲਈ ਕੰਮ ਕਰਨਾ ਚਾਹਾਂਗੀ।"
ਚੇਤਾਵਨੀ: ਇਸ ਲੇਖ ਵਿੱਚ ਜਿਣਸੀ ਹਮਲਿਆਂ ਦੇ ਵੇਰਵੇ ਸ਼ਾਮਲ ਹਨ
ਫੌਜੀ ਕੈਂਪ ਵਿੱਚ ਸ਼ੋਸ਼ਣ

ਤਸਵੀਰ ਸਰੋਤ, RINA GONOI
ਜਦੋਂ ਉਹ ਜਾਪਾਨ ਦੀ ਫੌਜ, ਗਰਾਊਂਡ ਸੈਲਫ-ਡਿਫੈਂਸ ਫੋਰਸ (ਜੀਐਸਡੀਐਫ) ਵਿੱਚ ਸ਼ਾਮਲ ਹੋਏ ਤਾਂ ਉਨ੍ਹਾਂ ਦੇ ਦੋਵੇਂ ਸੁਪਨੇ ਜਿਵੇਂ ਸਾਕਾਰ ਹੋ ਗਏ ਸਨ।
ਪਰ ਜਦੋਂ ਟ੍ਰੇਨਿੰਗ ਤੋਂ ਬਾਅਦ ਉਹ ਆਪਣੀ ਯੂਨਿਟ 'ਚ ਸ਼ਾਮਲ ਹੋਏ ਤਾਂ ਉਨ੍ਹਾਂ ਦੇ ਇਹ ਦੋਵੇਂ ਸੁਪਨੇ ਬੁਰੀ ਤਰ੍ਹਾਂ ਟੁੱਟ ਗਏ, ਜਿਸ ਦਾ ਕਾਰਨ ਸੀ "ਰੋਜ਼ਾਨਾ ਹੋਣ ਵਾਲਾ" ਉਨ੍ਹਾਂ ਦਾ ਜਿਣਸੀ ਸ਼ੋਸ਼ਣ।
ਉਨ੍ਹਾਂ ਦੱਸਿਆ, "ਮੈਨੂੰ ਛਾਤੀ ਉੱਤੇ ਛੂਹਿਆ ਜਾਂਦਾ, ਮੈਨੂੰ ਗਲ਼ 'ਤੇ ਚੁੰਮਿਆ ਜਾਂਦਾ, ਫਰੋਲਿਆ ਜਾਂਦਾ ਜਾਂ ਹਾਲਵੇਅ ਵਿੱਚ ਹੀ ਪਿੱਛੇ ਤੋਂ ਫੜ੍ਹ ਲਿਆ ਜਾਂਦਾ, ਮੇਰੇ ਸਹਿਯੋਗੀ ਜਾਂ ਉੱਚ ਅਧਿਕਾਰੀ ਆਪਣੇ ਆਪ ਨੂੰ ਮੇਰੇ ਨਾਲ ਰਗੜਦੇ ਤੇ ਬਾਕੀ ਲੋਕ ਇਹ ਸਭ ਕੁਝ ਦੇਖ ਰਹੇ ਹੁੰਦੇ ਸੀ।"
"ਅਕਸਰ, ਮੈਨੂੰ ਅਸ਼ਲੀਲ ਗੱਲਾਂ ਕਹੀਆਂ ਜਾਂਦੀਆਂ ਸਨ।’’
ਸਾਥੀ ਉਨ੍ਹਾਂ ਦੇ ਸਰੀਰ ਬਾਰੇ ਟਿੱਪਣੀਆਂ ਕਰਦੇ। ਉਹ ਦੱਸਦੇ ਹਨ ਕਿ ਉਹ ਉਸ ਦੀ ਬ੍ਰੈਸਟ ਦੇ ਆਕਾਰ ਬਾਰੇ ਗੱਲ ਕਰਦੇ ਜਾਂ ਗੱਲ ਕਰਦੇ ਕਿ ਉਸ ਦਾ ਸਰੀਰ ਚੌੜਾ ਹੈ।
ਸਹਿਕਰਮੀਆਂ ਨੇ ਸਭ ਦੇ ਸਾਹਮਣੇ ਕੀਤੀਆਂ ਅਸ਼ਲੀਲ ਹਰਕਤਾਂ

ਤਸਵੀਰ ਸਰੋਤ, Getty Images
ਅਗਸਤ, 2021 ਉਨ੍ਹਾਂ ਲਈ ਇੱਕ ਭਿਆਨਕ ਮੋੜ ਲੈ ਕੇ ਆਇਆ।
ਪਹਾੜਾਂ ਵਿੱਚ ਇੱਕ ਸਿਖਲਾਈ ਅਭਿਆਸ ਦੌਰਾਨ, ਰੀਨਾ ਗੋਨੋਈ ਦੇ ਤਿੰਨ ਪੁਰਸ਼ ਸਾਥੀਆਂ ਨੇ ਉਨ੍ਹਾਂ ਨੂੰ ਇੱਕ ਤੰਬੂ ਵਿੱਚ ਬੁਲਾਇਆ, ਜਿੱਥੇ ਉਹ ਸ਼ਰਾਬ ਪੀ ਰਹੇ ਸਨ।
"ਉਹ ਇੱਕ ਮਾਰਸ਼ਲ ਆਰਟ ਤਕਨੀਕ ਬਾਰੇ ਗੱਲ ਕਰ ਰਹੇ ਸਨ ਜਿਸ ਵਿੱਚ ਕਿਸੇ ਦਾ ਗਲਾ ਘੁੱਟਣਾ ਅਤੇ ਉਸ ਨੂੰ ਜ਼ਮੀਨ 'ਤੇ ਪਟਕਣਾ ਸ਼ਾਮਲ ਸੀ। ਉਨ੍ਹਾਂ ਨੇ ਕਿਹਾ, 'ਗੋਨੋਈ ਕੋਸ਼ਿਸ਼ ਕਰੋ' - ਉਨ੍ਹਾਂ ਨੇ ਮੈਨੂੰ ਜ਼ਬਰਦਸਤੀ ਬੈੱਡ 'ਤੇ ਬਿਠਾਇਆ ਅਤੇ ਮੇਰਾ ਗਲ਼ ਘੁੱਟ ਦਿੱਤਾ।"
ਗੋਨੋਈ ਨੇ ਦੱਸਿਆ ਕਿ ਤਿੰਨ ਆਦਮੀਆਂ ਨੇ ਜ਼ਬਰਦਸਤੀ ਉਨ੍ਹਾਂ ਦੀਆਂ ਲੱਤਾਂ ਖੋਲ੍ਹੀਆਂ ਅਤੇ ਵਾਰੀ-ਵਾਰੀ ਤੇ ਵਾਰ-ਵਾਰ ਆਪਣੇ ਆਪ ਨੂੰ ਉਨ੍ਹਾਂ ਨਾਲ ਰਗੜਿਆ।
ਰੀਨਾ ਨੇ ਦੱਸਿਆ ਕਿ ਉਸ ਦੌਰਾਨ ਲਗਭਗ ਇੱਕ ਦਰਜਨ ਸਾਥੀ ਆਲੇ-ਦੁਆਲੇ ਮੌਜੂਦ ਸਨ ਪਰ ਕਿਸੇ ਨੇ ਵੀ ਉਨ੍ਹਾਂ ਤਿੰਨ ਬੰਦਿਆਂ ਨੂੰ ਨਹੀਂ ਰੋਕਿਆ, "ਬਹੁਤ ਸਾਰੇ ਤਾਂ ਹੱਸ ਰਹੇ ਸਨ''।
"ਮੈਂ ਬੁਰੀ ਤਰ੍ਹਾਂ ਨਿਰਾਸ਼ ਹੋ ਗਈ ਸੀ। ਮੈਂ ਸੋਚਿਆ, ''ਮੇਰੇ ਸਰੀਰ ਅਤੇ ਆਤਮਾ ਦੇ ਅਸ਼ੁੱਧ ਹੋਣ ਤੋਂ ਬਾਅਦ ਮੈਂ ਕਿਵੇਂ ਜ਼ਿੰਦਾ ਰਹਿ ਸਕਦੀ ਹਾਂ?''
ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ

ਉਨ੍ਹਾਂ ਨੇ ਇਸ ਪੂਰੀ ਘਟਨਾ ਬਾਰੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਪਰ ਕੋਈ ਵੀ ਗਵਾਹ ਅਤੇ ਗਵਾਹੀ ਨਾ ਮਿਲਣ ਕਾਰਨ ਉਨ੍ਹਾਂ ਦੀ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ ਗਿਆ।
ਬਾਅਦ ਵਿੱਚ, ਉਨ੍ਹਾਂ ਤਿੰਨ ਵਿਅਕਤੀਆਂ ਨੂੰ ਜੀਐਸਡੀਐਫ ਪੁਲਿਸ ਯੂਨਿਟ ਦੁਆਰਾ ਅਸ਼ਲੀਲ ਹਮਲੇ ਦੇ ਸ਼ੱਕ ਵਿੱਚ ਇਸਤਗਾਸਾ ਪੱਖ ਦੇ ਕੋਲ ਭੇਜਿਆ ਗਿਆ, ਪਰ ਸਬੂਤ ਦੀ ਘਾਟ ਕਾਰਨ ਕੇਸ ਨੂੰ ਰੱਦ ਕਰ ਦਿੱਤਾ ਗਿਆ।
ਅੰਤ ਵਿੱਚ ਰੀਨਾ ਗੋਨੋਈ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਕੋਲ ਇਹ ਨੌਕਰੀ ਛੱਡਣ ਅਤੇ ਘਰ ਵਾਪਸ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।
ਉਨ੍ਹਾਂ ਦੱਸਿਆ, "ਮੈਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਥੱਕ ਚੁੱਕੀ ਸੀ ਅਤੇ ਆਪਣੇ ਘਰ ਵਿੱਚ ਵੀ ਆਪਣੇ ਆਪ ਨੂੰ ਅਲੱਗ ਕਰ ਲਿਆ ਸੀ।''

ਆਪਣਿਆਂ ਨੇ ਹੀ ਕੀਤਾ ਵਿਰੋਧ

ਤਸਵੀਰ ਸਰੋਤ, Getty Images
ਫਿਰ ਜਦੋਂ ਉਨ੍ਹਾਂ ਨੇ ਆਪਣੀ ਕਹਾਣੀ ਨੂੰ ਲੋਕਾਂ ਸਾਹਮਣੇ ਲੈ ਕੇ ਆਉਣ ਦਾ ਫੈਸਲਾ ਕੀਤਾ ਤਾਂ ਗੋਨੋਈ ਦੇ ਪਰਿਵਾਰ ਅਤੇ ਉਨ੍ਹਾਂ ਦੇ ਜਾਣਕਾਰਾਂ ਨੇ ਇਸ ਦਾ ਵਿਰੋਧ ਕੀਤਾ।
ਜਾਪਾਨ ਦੇ ਮਰਦ-ਪ੍ਰਧਾਨ ਸਮਾਜ ਵਿੱਚ ਜ਼ਿਆਦਾਤਰ ਜਿਣਸੀ ਹਿੰਸਾ ਦੇ ਪੀੜਤਾਂ ਨੂੰ ਸ਼ਰਮਿੰਦਾ ਮਹਿਸੂਸ ਕਰਵਾਇਆ ਜਾਂਦਾ ਹੈ ਅਤੇ ਜੋ ਆਵਾਜ਼ ਚੁੱਕਦੇ ਹਨ, ਉਨ੍ਹਾਂ ਨੂੰ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ।
ਇੱਕ ਤਾਜ਼ਾ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਜਾਪਾਨ ਵਿੱਚ 70 ਫੀਸਦੀ ਤੋਂ ਵੱਧ ਜਿਣਸੀ ਹਮਲਿਆਂ ਦੀ ਰਿਪੋਰਟ ਹੀ ਨਹੀਂ ਕੀਤੀ ਜਾਂਦੀ।
ਜਦੋਂ ਗੋਨੋਈ ਨੇ ਇਸ ਬਾਰੇ ਬੋਲਣ ਦਾ ਫੈਸਲਾ ਕੀਤਾ, ਤਾਂ ਉਹ ਜਾਣਦੇ ਸਨ ਕਿ ਇਹ ਸੌਖਾ ਨਹੀਂ ਹੋਵੇਗਾ। ਉਹ ਇੱਕ ਜਾਪਾਨ ਦੀ ਫੌਜੀ ਸੰਸਥਾ ਖ਼ਿਲਾਫ਼ ਬੋਲਣ ਜਾ ਰਹੇ ਸਨ।
ਉਨ੍ਹਾਂ ਨੇ ਉਹ ਸਭ ਕੁਝ ਵੀ ਸਾਂਝਾ ਕੀਤਾ ਜੋ ਉਨ੍ਹਾਂ ਨਾਲ ਯੂਟਿਊਬ 'ਤੇ ਵਾਪਰਿਆ। ਉਨ੍ਹਾਂ ਦੀ ਕਹਾਣੀ ਇੱਕ ਉਹ ਮਾਮਲਾ ਸੀ ਜਿਸ ਨੇ ਦੇਸ਼ ਅਤੇ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ।
ਗੋਨੋਈ ਦਾ ਕਹਿਣਾ ਹੈ ਕਿ ਹੋਰ ਔਰਤਾਂ ਅਤੇ ਮਰਦਾਂ ਨੇ ਉਨ੍ਹਾਂ ਨਾਲ ਫੌਜੀ ਅਤੇ ਹੋਰ ਥਾਵਾਂ 'ਤੇ ਜਿਣਸੀ ਹਿੰਸਾ ਦੀਆਂ ਆਪਣੀਆਂ ਕਹਾਣੀਆਂ ਸਾਂਝੀਆਂ ਕੀਤੀਆਂ।

- 2019 ਤੋਂ ਹਰ ਮਹੀਨੇ ਦੇ 11ਵੇਂ ਦਿਨ, ਜਿਣਸੀ ਹਿੰਸਾ ਪੀੜਤਾਂ ਅਤੇ ਉਨ੍ਹਾਂ ਦੇ ਸਮਰਥਕ ਪੂਰੇ ਜਾਪਾਨ ਵਿੱਚ ਜਨਤਕ ਥਾਵਾਂ 'ਤੇ ਪ੍ਰਦਰਸ਼ਨ ਕਰਦੇ ਹਨ
- ਉਹ, ਜਿਣਸੀ ਅਪਰਾਧਾਂ ਦੇ ਮਾਮਲਿਆਂ 'ਚ ਬੇਇਨਸਾਫ਼ੀ ਅਤੇ ਬਰੀ ਕੀਤੇ ਜਾਂਦੇ ਮੁਲਜ਼ਮਾਂ ਦਾ ਵਿਰੋਧ ਕਰਦੇ ਹਨ
- ਇਸ ਦੇ ਨਾਲ ਹੀ ਉਨ੍ਹਾਂ ਨੇ ਜਿਣਸੀ ਹਿੰਸਾ ਕਾਨੂੰਨ ਵਿੱਚ ਤਬਦੀਲੀਆਂ ਦੀ ਮੰਗ ਵੀ ਕੀਤੀ ਹੈ
- ਇੱਕ ਤਾਜ਼ਾ ਸਰਵੇਖਣ ਅਨੁਸਾਰ ਜਾਪਾਨ ਵਿੱਚ 70 ਫੀਸਦੀ ਤੋਂ ਵੱਧ ਜਿਣਸੀ ਹਮਲਿਆਂ ਦੀ ਰਿਪੋਰਟ ਹੀ ਨਹੀਂ ਕੀਤੀ ਜਾਂਦੀ
- ਹਾਲਾਂਕਿ ਇਸੇ ਸਾਲ ਫਰਵਰੀ ਵਿੱਚ, ਜਾਪਾਨ ਦੀ ਸਰਕਾਰ ਨੇ ਦੇਸ਼ ਦੇ ਜਿਣਸੀ ਹਿੰਸਾ ਦੰਡ ਕੋਡ ਵਿੱਚ ਸੁਧਾਰਾਂ ਦੀ ਗੱਲ ਕਹੀ ਹੈ
- ਇਸ ਦੇ ਤਹਿਤ, ਜਿਣਸੀ ਸਹਿਮਤੀ ਦੀ ਉਮਰ 13 ਸਾਲ ਤੋਂ ਵਧਾ ਕੇ 16 ਸਾਲ ਕਰਨ ਵਾਲੇ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ

ਅਵਾਜ਼ ਚੁਕੱਣ ਉੱਤੇ ਜਾਨੋਂ ਮਾਰਨ ਦੀ ਧਮਕੀ

ਉਨ੍ਹਾਂ ਨੇ ਰੱਖਿਆ ਮੰਤਰਾਲੇ ਅੱਗੇ ਆਪਣੇ ਕੇਸ ਦੀ ਜਾਂਚ ਕਰਵਾਉਣ ਲਈ ਇੱਕ ਪਟੀਸ਼ਨ ਪਾਈ, ਜਿਸ 'ਤੇ ਉਨ੍ਹਾਂ ਨੇ 100,000 ਤੋਂ ਵੱਧ ਲੋਕਾਂ ਦੇ ਦਸਤਖਤ ਲਏ ਸਨ।
ਪਰ ਇਸ ਸਭ ਦੇ ਨਾਲ-ਨਾਲ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ।
ਉਨ੍ਹਾਂ ਦੱਸਿਆ, "ਕੁਝ ਨੇ ਕਿਹਾ 'ਤੂੰ ਬਦਸੂਰਤ ਹੈਂ' - ਕੁਝ ਨੇ ਮੇਰੇ ਵੱਡੇ ਕੰਨਾਂ 'ਤੇ ਟਿੱਪਣੀਆਂ ਕੀਤੀਆਂ ਕਿਉਂਕਿ ਮੈਂ ਜੂਡੋ ਕਰਦੀ ਸੀ। ਕੁਝ ਕਹਿੰਦੇ ਸਨ 'ਕੀ ਤੂੰ ਅਸਲ ਵਿੱਚ ਇੱਕ ਆਦਮੀ ਹੈਂ?''
"ਜਦੋਂ ਮੈਂ ਪਟੀਸ਼ਨ ਲਈ ਦਸਤਖਤ ਇਕੱਠੇ ਕਰ ਰਹੀ ਸੀ, ਤਾਂ ਮੈਨੂੰ ਧਮਕੀ ਭਰੀ ਈਮੇਲ ਮਿਲੀ, 'ਜੇ ਤੂੰ ਹੋਰ ਅੱਗੇ ਵਧੀ ਤਾਂ ਮੈਂ ਤੈਨੂੰ ਮਾਰ ਦਿਆਂਗਾ'।''
ਇਸ ਤੋਂ ਪਹਿਲਾਂ, ਅਜਿਹਾ ਮਾਮਲਾ ਜਿਸ ਨੇ ਇਸ ਸਭ ਦਾ ਧਿਆਨ ਖਿੱਚਿਆ ਉਹ 2019 ਵਿੱਚ ਸਾਹਮਣੇ ਆਇਆ ਸੀ, ਜਦੋਂ ਇੱਕ ਜਾਪਾਨੀ ਪੱਤਰਕਾਰ ਸ਼ਿਓਰੀ ਇਟੋ ਨੇ ਇੱਕ ਪ੍ਰਮੁੱਖ ਰਿਪੋਰਟਰ ਤੋਂ ਹਰਜਾਨੇ ਦੀ ਮੰਗ ਕਰਦਿਆਂ ਇੱਕ ਸਿਵਲ ਮੁਕੱਦਮਾ ਦਾਇਰ ਕੀਤਾ ਅਤੇ ਜਿੱਤਿਆ ਸੀ।
ਮਹਿਲਾ ਪੱਤਰਕਾਰ ਦਾ ਇਲਜ਼ਾਮ ਸੀ ਕਿ ਰਿਪੋਰਟਰ ਨੇ ਉਸ ਨਾਲ ਬਲਾਤਕਾਰ ਕੀਤਾ ਸੀ।
ਵਿਰੋਧ ਦਾ ਪ੍ਰਤੀਕ- ਫਲਾਵਰ ਡੈਮੋ ਅੰਦੋਲਨ

ਇਹ ਉਹੀ ਸਾਲ ਸੀ ਜਦੋਂ ਫਲਾਵਰ ਡੈਮੋ ਅੰਦੋਲਨ ਸ਼ੁਰੂ ਹੋਇਆ ਸੀ।
ਅਪ੍ਰੈਲ 2019 ਤੋਂ ਹਰ ਮਹੀਨੇ ਦੇ 11ਵੇਂ ਦਿਨ, ਜਿਣਸੀ ਹਿੰਸਾ ਪੀੜਤਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਸਮੂਹ ਪੂਰੇ ਜਾਪਾਨ ਵਿੱਚ ਜਨਤਕ ਥਾਵਾਂ 'ਤੇ ਜਿਣਸੀ ਅਪਰਾਧਾਂ ਦੇ ਮਾਮਲਿਆਂ 'ਚ ਬੇਇਨਸਾਫ਼ੀ ਅਤੇ ਬਰੀ ਕੀਤੇ ਜਾਂਦੇ ਮੁਲਜ਼ਮਾਂ ਦਾ ਵਿਰੋਧ ਕਰਦੇ ਹਨ।
ਇਸ ਦੇ ਨਾਲ ਹੀ ਇਹ ਲੋਕ ਦੇਸ਼ ਦੇ ਜਿਣਸੀ ਹਿੰਸਾ ਕਾਨੂੰਨ ਵਿੱਚ ਤਬਦੀਲੀਆਂ ਦੀ ਮੰਗ ਵੀ ਕਰਦੇ ਹਨ।
ਸਾਲ 2019 ਵਿੱਚ, ਚਾਰ ਅਜਿਹੇ ਮਾਮਲੇ ਹੋਏ ਜਿਨ੍ਹਾਂ ਵਿੱਚ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ ਅਤੇ ਇਨ੍ਹਾਂ ਮਾਮਲਿਆਂ ਨੇ ਹੀ ਮੌਜੂਦਾ ਕਾਨੂੰਨ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਸੀ।
ਇਨ੍ਹਾਂ ਵਿੱਚੋਂ ਇੱਕ ਮਾਮਲੇ ਵਿੱਚ, ਇੱਕ ਪਿਤਾ ਨੂੰ ਬਰੀ ਕਰ ਦਿੱਤਾ ਗਿਆ ਸੀ, ਜਿਸ 'ਤੇ ਉਸ ਦੀ ਆਪਣੀ ਹੀ 19 ਸਾਲ ਦੀ ਧੀ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਸੀ।
ਹਾਲਾਂਕਿ, ਅਦਾਲਤ ਨੇ ਸਵੀਕਾਰ ਵੀ ਕੀਤਾ ਸੀ ਕਿ ਪਿਤਾ ਨੇ ਧੀ ਦੀ ਮਰਜ਼ੀ ਦੇ ਵਿਰੁੱਧ ਸਰੀਰਕ ਸਬੰਧ ਬਣਾਏ ਸਨ। ਕੁੜੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਸ ਆਦਮੀ ਨੇ ਧੀ ਦੀ ਜਿਣਸੀ ਹਮਲੇ ਦਾ ਵਿਰੋਧ ਕਰਨ ਦੀ ਅਸਮਰੱਥਾ ਦਾ ਫਾਇਦਾ ਉਠਾਇਆ, ਪਰ ਅਦਾਲਤ ਨੇ ਉਸ ਨੂੰ ਰੱਦ ਕਰ ਦਿੱਤਾ।
ਮਿਨੋਰੀ ਕਿਤਾਹਾਰਾ ਨੇ ਟੋਕੀਓ ਵਿੱਚ ਇੱਕ ਇਕੱਠ ਤੋਂ ਬਾਅਦ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ, "ਮੈਂ ਫਲਾਵਰ ਡੈਮੋ ਸ਼ੁਰੂ ਕੀਤਾ ਕਿਉਂਕਿ ਮੈਂ ਗੁੱਸੇ ਵਿੱਚ ਸੀ। ਮੈਂ ਕਈ ਹੋਰ ਔਰਤਾਂ ਦੇ ਗੁੱਸੇ ਨੂੰ ਵੀ ਮਹਿਸੂਸ ਕੀਤਾ। ਪਰ ਬੋਲਣ ਲਈ ਕੋਈ ਥਾਂ ਨਹੀਂ ਹੈ।"
ਕੇਂਦਰੀ ਟੋਕੀਓ ਵਿੱਚ ਕੀਤਾ ਗਿਆ ਇਹ ਇਕੱਠ ਛੋਟਾ ਜ਼ਰੂਰ ਸੀ, ਪਰ ਮਹੱਤਵਪੂਰਨ ਅਤੇ ਕਾਫ਼ੀ ਪ੍ਰਭਾਵ ਵਾਲਾ ਸੀ।
ਕੁਝ ਲੋਕਾਂ ਨੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ਵਿੱਚੋਂ ਇੱਕ 'ਤੇ ਜਾਪਾਨੀ ਵਿੱਚ ਲਿਖਿਆ ਸੀ- "ਜਿਣਸੀ ਸ਼ੋਸ਼ਣ ਮੁਆਫ਼ੀਯੋਗ ਨਹੀਂ ਹੈ", ਜਦਕਿ ਦੂਜੇ ਨੇ ਅੰਗਰੇਜ਼ੀ ਵਿੱਚ ਲਿਖਿਆ ਸੀ- "ਸਹਿਮਤੀ ਜ਼ਰੂਰੀ ਹੈ"।
ਫਲਾਵਰ ਡੈਮੋ ਹੁਣ ਚੁੱਪ ਦੇ ਵਿਰੁੱਧ ਵਿਰੋਧ ਦਾ ਪ੍ਰਤੀਕ ਬਣ ਗਏ ਹਨ।
ਇੱਕ ਔਰਤ ਨੇ ਇੱਕ ਮਾਈਕ੍ਰੋਫ਼ੋਨ ਫੜ੍ਹਿਆ ਹੋਇਆ ਸੀ ਅਤੇ ਉਸ ਦਾ ਚਿਹਰਾ ਸਕਾਰਫ਼ ਅਤੇ ਮਾਸਕ ਨਾਲ ਢਕਿਆ ਹੋਇਆ ਸੀ, ਪਰ ਤੁਸੀਂ ਫਿਰ ਵੀ ਦੇਖ ਸਕਦੇ ਸੀ ਕਿ ਆਪਣੀ ਕਹਾਣੀ ਦੱਸਦਿਆਂ ਉਹ ਕਿੰਨੀ ਭਾਵੁਕ ਸੀ।
ਉਸ ਨੇ ਭੀੜ ਨੂੰ ਦੱਸਿਆ ਕਿ ਕਿਵੇਂ ਉਸਦੇ ਪਿਤਾ ਨੇ ਕਿਸ਼ੋਰ ਉਮਰ ਵਿਚ ਉਸ ਦਾ ਜਿਣਸੀ ਸ਼ੋਸ਼ਣ ਕੀਤਾ ਸੀ। ਉਨ੍ਹਾਂ ਦੀ ਕਹਾਣੀ ਸੁਣ ਕੇ ਕਿਤਾਹਾਰਾ ਸਮੇਤ ਹੋਰ ਮਰਦ ਅਤੇ ਔਰਤਾਂ ਦੇ ਹੰਝੂ ਨਿਕਲ ਆਏ ਸਨ।
ਜਾਪਾਨ ਦੇ ਕਾਨੂੰਨ ਵਿੱਚ ਕੀ ਬਦਲਾਅ ਆਇਆ

ਤਸਵੀਰ ਸਰੋਤ, Nikita Deshpande/BBC
ਫਰਵਰੀ ਵਿੱਚ, ਜਾਪਾਨ ਦੀ ਸਰਕਾਰ ਨੇ ਦੇਸ਼ ਦੇ ਜਿਣਸੀ ਹਿੰਸਾ ਦੰਡ ਕੋਡ ਵਿੱਚ ਸੁਧਾਰਾਂ ਦੇ ਹਿੱਸੇ ਵਜੋਂ, ਜਿਣਸੀ ਸਹਿਮਤੀ ਦੀ ਉਮਰ 13 ਸਾਲ ਤੋਂ ਵਧਾ ਕੇ 16 ਸਾਲ ਕਰਨ ਵਾਲੇ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ।
ਮੌਜੂਦਾ ਕਾਨੂੰਨ ਦੇ ਤਹਿਤ, ਪੀੜਤ 'ਤੇ ਨਾ ਸਿਰਫ਼ ਇਹ ਸਾਬਤ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਕੋਈ ਸਹਿਮਤੀ ਨਹੀਂ ਸੀ, ਸਗੋਂ ਇਹ ਵੀ ਸਾਬਤ ਕਰਨਾ ਪੈਂਦਾ ਹੈ ਕਿ ਇਸ ਦੌਰਾਨ "ਹਮਲਾ ਜਾਂ ਧਮਕਾਉਣਾ" ਜਾਂ ਹੋਰ ਕਾਰਨ ਸਨ ਜਿਨ੍ਹਾਂ ਕਾਰਨ ਉਨ੍ਹਾਂ ਲਈ ਵਿਰੋਧ ਕਰਨਾ ਔਖਾ ਸੀ।
ਕਿਤਾਹਾਰਾ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਦੂਜੇ ਦੇਸ਼ਾਂ ਦੇ ਮੁਕਾਬਲੇ ਇਹ ਕਾਨੂੰਨ ਬਹੁਤ ਪੱਖਪਾਤੀ ਹੈ, ਇਹ ਅਜੇ ਵੀ ਪੀੜਤ ਔਰਤਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।''
''ਜਦੋਂ ਮੈਂ ਉਨ੍ਹਾਂ ਸਾਰੇ ਪੀੜਤਾਂ ਬਾਰੇ ਸੋਚਦੀ ਹਾਂ ਜੋ ਬੋਲ ਨਹੀਂ ਸਕਦੇ ਸਨ, ਤਾਂ ਮੈਂ ਮਦਦ ਨਹੀਂ ਕਰ ਸਕਦੀ ਪਰ ਸੋਚਦੀ ਹਾਂ ਕਿ ਕਾਨੂੰਨ ਆਪਣੇ ਆਪ ਵਿੱਚ ਪੀੜਤਾਂ ਦੇ ਵਿਰੁੱਧ ਇੱਕ ਅਪਰਾਧ ਸੀ।''
"ਮੈਂ ਜਾਣਦੀ ਹਾਂ ਕਿ [ਸਹਿਮਤੀ ਦੀ ਉਮਰ] 16 ਸਾਲ ਹੋਣ ਵਾਲੀ ਹੈ ਪਰ... ਇਹ ਤੱਥ ਕਿ ਇਹ ਇੰਨੇ ਲੰਬੇ ਸਮੇਂ ਤੱਕ 13 ਸਾਲ ਰਿਹਾ, ਇਹੀ ਇੱਕ ਵੱਡੀ ਸਮੱਸਿਆ ਹੈ।"
ਕਿਤਾਹਾਰਾ ਦਾ ਮੰਨਣਾ ਕਿ ਕਿਉਂਕਿ ਜਾਪਾਨੀ ਸਰਕਾਰ ਜ਼ਿਆਦਾਤਰ "ਬਜ਼ੁਰਗਾਂ" ਦੀ ਬਣੀ ਹੋਈ ਹੈ, ਇਸ ਲਈ ਉਨ੍ਹਾਂ ਲਈ ਇਹ ਸਮਝਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਕਿ ਔਰਤਾਂ ਕਿਨ੍ਹਾਂ ਹਾਲਾਤਾਂ ਵਿੱਚੋਂ ਲੰਘਦੀਆਂ ਹਨ।
ਆਖਿਰਕਾਰ ਰੀਨਾ ਗੋਨੋਈ ਨੂੰ ਇਨਸਾਫ਼ ਮਿਲਿਆ

ਤਸਵੀਰ ਸਰੋਤ, RINA GONOI
ਰੀਨਾ ਗੋਨੋਈ ਦੇ ਕੇਸ ਨੇ ਜੋ ਲੋਕਾਂ ਦਾ ਧਿਆਨ ਖਿੱਚਿਆ, ਉਸ ਨੇ ਫੌਜ ਨੂੰ ਅੰਦਰੂਨੀ ਜਾਂਚ ਕਰਨ ਲਈ ਮਜਬੂਰ ਕੀਤਾ ਹੈ।
ਪਿਛਲੇ ਸਾਲ ਦਸੰਬਰ ਵਿੱਚ, ਪੰਜ ਸੈਨਿਕਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਯੂਨਿਟ ਕਮਾਂਡਰ ਨੂੰ ਛੇ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ।
ਅਧਿਕਾਰੀਆਂ ਅਨੁਸਾਰ, ਰੱਖਿਆ ਮੰਤਰਾਲੇ ਵਿੱਚ ਜਾਂਚ ਵਿੱਚ ਛੇੜਛਾੜ ਦੀਆਂ 100 ਤੋਂ ਵੱਧ ਹੋਰ ਸ਼ਿਕਾਇਤਾਂ ਮਿਲੀਆਂ।
ਮੰਤਰਾਲੇ ਨੇ ਰੀਨਾ ਗੋਨੋਈ ਤੋਂ ਮੁਆਫੀ ਵੀ ਮੰਗੀ ਹੈ।
ਰੀਨਾ ਦਾ ਕਹਿਣਾ ਹੈ ਕਿ ਉਹ ਇਸ ਨੂੰ ਕਿਸੇ ਨਾਲ ਦੁਬਾਰਾ ਵਾਪਰਨ ਤੋਂ ਰੋਕਣਾ ਚਾਹੁੰਦੇ ਹਨ ਅਤੇ ਉਹ ਮੰਨਦੇ ਹਨ ਕਿ "ਕੇਸ ਨੂੰ ਨਜ਼ਰਅੰਦਾਜ਼ ਕਰਨ ਲਈ ਸਰਕਾਰ ਵੀ ਜ਼ਿੰਮੇਵਾਰ ਹੈ''।
ਉਨ੍ਹਾਂ ਕਿਹਾ, "ਮੈਂ ਚਾਹੁੰਦੀ ਹਾਂ ਕਿ ਹਰੇਕ [ਐਸਡੀਐਫ] ਮੈਂਬਰ ਦੀ ਰੱਖਿਆ ਕੀਤੀ ਜਾਵੇ।''
ਇਸ ਸਾਲ ਦੇ ਸ਼ੁਰੂ ਵਿੱਚ, ਗੋਨੋਈ ਨੇ ਪੰਜ ਦੋਸ਼ੀਆਂ ਅਤੇ ਜਾਪਾਨੀ ਸਰਕਾਰ ਦੇ ਖ਼ਿਲਾਫ਼ ਇੱਕ ਸਿਵਲ ਮੁਕੱਦਮਾ ਦਾਇਰ ਕੀਤਾ, ਜਿਸ ਵਿੱਚ ਉਨ੍ਹਾਂ ਦੀ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣਨ ਲਈ ਪੁਰਸ਼ਾਂ ਤੋਂ 5.5 ਮਿਲੀਅਨ ਯੇਨ ਹਰਜਾਨੇ ਦੀ ਮੰਗ ਕੀਤੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਤੋਂ ਵੀ 2 ਮਿਲੀਅਨ ਯੇਨ ਦੇ ਹਰਜਾਨੇ ਦੀ ਮੰਗ ਕੀਤੀ ਹੈ ਕਿਉਂਕਿ ਉਹ ਇਸ ਦੁਰਵਿਵਹਾਰ ਨੂੰ ਰੋਕਣ ਵਿੱਚ ਅਸਫਲ ਰਹੀ।
ਮੈਂ ਉਨ੍ਹਾਂ ਨੂੰ ਪੁੱਛਿਆ ਕਿ, ਆਪਣੀ ਕਹਾਣੀ ਨੂੰ ਜਨਤਕ ਕਰਨ ਤੋਂ ਬਾਅਦ ਵੀ ਇੰਨੇ ਸਾਰੇ ਹਮਲੇ ਹੋਣ ਤੋਂ ਬਾਅਦ ਉਹ ਇਹ ਮੁਕੱਦਮਾ ਕਿਉਂ ਲੜੇ?
ਇਸ ਗੱਲ 'ਤੇ ਉਹ ਝਿਜਕਦੇ ਹੋਏ ਬੋਲੇ, ਕੁਝ ਵੀ ਸੌਖਾ ਨਹੀਂ।
ਉਨ੍ਹਾਂ ਕਿਹਾ, "ਮੈਂ ਐਸਡੀਐਫ ਨੂੰ ਬਹੁਤ ਪਿਆਰ ਕਰਦੀ ਹਾਂ। ਉਨ੍ਹਾਂ ਨੇ [2011] ਆਪਦਾ ਦੌਰਾਨ ਸਾਡੀ ਮਦਦ ਕੀਤੀ। ਇਹ ਆਖਰੀ ਚੀਜ਼ ਸੀ ਜੋ ਮੈਂ ਕਰਨਾ ਚਾਹੁੰਦੀ ਸੀ।''
"ਮੈਨੂੰ ਲਗਦਾ ਹੈ ਕਿ ਇਹ ਸਹੀ ਨਹੀਂ ਹੈ। ਮੈਨੂੰ ਅਜੇ ਵੀ ਉਹ ਸਭ ਯਾਦ ਆਉਂਦਾ ਹੈ। ਮੈਨੂੰ ਪਤਾ ਹੈ ਮੈਂ ਕੀ ਖੋਇਆ ਹੈ।''
ਮਾਰਚ ਵਿੱਚ, ਗੋਨੋਈ ਦੇ ਕੇਸ ਦੇ ਸਬੰਧ ਵਿੱਚ ਅਸ਼ਲੀਲ ਹਮਲੇ ਦੇ ਸ਼ੱਕ ਵਿੱਚ ਜਾਪਾਨ ਜੀਐਸਡੀਐਫ ਦੇ ਤਿੰਨ ਸਾਬਕਾ ਮੈਂਬਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ।
ਇਸ ਫੈਸਲੇ ਤੋਂ ਬਾਅਦ ਗੋਨੋਈ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦਾ "ਕੰਮ ਵਿਅਰਥ ਨਹੀਂ ਗਿਆ" ਅਤੇ ਉਹ ਉਮੀਦ ਕਰਦੇ ਹਨ ਉਹ ਤਿੰਨੇ "ਆਪਣੇ ਅਪਰਾਧਾਂ ਲਈ ਪ੍ਰਾਸਚਿਤ" ਕਰਨਗੇ।
ਉਨ੍ਹਾਂ ਲਿਖਿਆ, "ਮੈਂ ਇੱਕ ਲੰਮਾ ਸਮਾਂ ਇਹ ਮੰਨਣ ਵਿੱਚ ਬਿਤਾਇਆ ਹੈ ਕਿ ਉਨ੍ਹਾਂ ਵਿੱਚੋਂ ਕਿਸੇ 'ਤੇ ਵੀ ਮੁਕੱਦਮਾ ਕਿਉਂ ਨਹੀਂ ਚਲਾਇਆ ਗਿਆ। ਹਰ ਦਿਨ ਇੱਕ ਸੰਘਰਸ਼ ਭਰਿਆ ਰਿਹਾ ਹੈ।''
ਗੋਨੋਈ ਕਹਿੰਦੇ ਹਨ ਕਿ ਹੁਣ ਉਹ ਯਾਤਰਾ ਕਰਨਾ ਚਾਹੁੰਦੇ ਹਨ ਅਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੇ ਹਨ।
"ਮੈਨੂੰ ਮੌਜ-ਮਸਤੀ ਪਸੰਦ ਹੈ। ਮੈਨੂੰ ਲੋਕਾਂ ਨੂੰ ਹਸਾਉਣਾ ਪਸੰਦ ਹੈ ਅਤੇ ਖੁਦ ਵੀ ਮੁਸਕਰਾਉਣਾ ਪਸੰਦ ਹੈ। ਮੈਂ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੀ ਹਾਂ ਕਿ ਮੈਂ ਅਜੇ ਵੀ ਸਕਾਰਾਤਮਕ ਢੰਗ ਨਾਲ ਜੀ ਸਕਦੀ ਹਾਂ ਅਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਦੀ ਹਾਂ। ਮੈਂ ਉਸੇ ਤਰ੍ਹਾਂ ਜਿਉਣਾ ਚਾਹੁੰਦੀ ਹਾਂ ਜਿਵੇਂ ਮੈਂ ਹਾਂ - ਮੈਂ ਖੁਦ ਵਾਂਗ ਹੀ ਬਣਨਾ ਚਾਹੁੰਦੀ ਹਾਂ।''













